Skip to content

ਬਾਈਬਲ ਬਦਲਦੀ ਹੈ ਜ਼ਿੰਦਗੀਆਂ

“ਮੈਂ ਹੁਣ ਜ਼ਾਲਮ ਨਹੀਂ ਰਿਹਾ”

“ਮੈਂ ਹੁਣ ਜ਼ਾਲਮ ਨਹੀਂ ਰਿਹਾ”
  • ਜਨਮ: 1973

  • ਦੇਸ਼: ਯੂਗਾਂਡਾ

  • ਅਤੀਤ: ਹਿੰਸਕ, ਸ਼ਰਾਬੀ ਤੇ ਬਦਚਲਣ

ਮੇਰੇ ਅਤੀਤ ਬਾਰੇ ਕੁਝ ਗੱਲਾਂ

 ਮੇਰਾ ਜਨਮ ਯੂਗਾਂਡਾ ਦੇ ਗੋਂਬਾ ਜ਼ਿਲ੍ਹੇ ਵਿਚ ਹੋਇਆ ਸੀ। ਉੱਥੇ ਜ਼ਿਆਦਾਤਰ ਲੋਕ ਬਹੁਤ ਗ਼ਰੀਬ ਸਨ। ਸਾਡੇ ਸ਼ਹਿਰ ਵਿਚ ਬਿਜਲੀ ਨਹੀਂ ਸੀ, ਇਸ ਲਈ ਅਸੀਂ ਰਾਤ ਨੂੰ ਲਾਲਟੈਣ ਬਾਲ਼ਦੇ ਸੀ।

 ਮੇਰੇ ਮਾਪੇ ਰਵਾਂਡਾ ਤੋਂ ਯੂਗਾਂਡਾ ਆ ਕੇ ਵੱਸ ਗਏ ਸਨ। ਉਹ ਕਿਸਾਨ ਸਨ। ਉਹ ਕੌਫ਼ੀ ਅਤੇ ਕੇਲਿਆਂ ਦੀ ਖੇਤੀ ਕਰਦੇ ਸਨ ਅਤੇ ਉਹ ਕੇਲਿਆਂ ਤੋਂ ਵੈਰਾਗੀ ਨਾਂ ਦੀ ਮਸ਼ਹੂਰ ਸ਼ਰਾਬ ਬਣਾਉਂਦੇ ਸਨ। ਨਾਲੇ ਉਹ ਮੁਰਗੀਆਂ, ਬੱਕਰੀਆਂ, ਸੂਰ ਅਤੇ ਗਾਂਵਾਂ ਪਾਲਦੇ ਸਨ। ਸਾਡੇ ਸਮਾਜ ਵਿਚ ਮੰਨਿਆ ਜਾਂਦਾ ਸੀ ਕਿ ਪਤਨੀਆਂ ਨੂੰ ਆਪਣੇ ਪਤੀਆਂ ਦੇ ਕਹਿਣੇ ਵਿਚ ਰਹਿਣਾ ਚਾਹੀਦਾ ਅਤੇ ਉਨ੍ਹਾਂ ਨੂੰ ਕਦੇ ਵੀ ਆਪਣੀ ਰਾਇ ਦੇਣ ਦਾ ਹੱਕ ਨਹੀਂ ਹੈ। ਮੈਂ ਵੀ ਇਸ ਗੱਲ ਨਾਲ ਸਹਿਮਤ ਸੀ।

 23 ਸਾਲ ਦੀ ਉਮਰ ਵਿਚ ਮੈਂ ਰਵਾਂਡਾ ਚਲਾ ਗਿਆ ਅਤੇ ਉੱਥੇ ਮੈਂ ਆਪਣੇ ਹਾਣ ਦੇ ਮੁੰਡਿਆਂ ਨਾਲ ਡਾਂਸ ਕਲੱਬਾਂ ਵਿਚ ਜਾਣ ਲੱਗ ਪਿਆ। ਮੈਂ ਇਕ ਕਲੱਬ ਵਿਚ ਵਾਰ-ਵਾਰ ਜਾਂਦਾ ਸੀ, ਇਸ ਕਰਕੇ ਕਲੱਬ ਵਾਲਿਆਂ ਨੇ ਮੈਨੂੰ ਇਕ ਕਾਰਡ ਦਿੱਤਾ ਜਿਸ ਨਾਲ ਮੈਂ ਕਲੱਬ ਅੰਦਰ ਬਿਨਾਂ ਪੈਸੇ ਦਿੱਤੇ ਜਾ ਸਕਦਾ ਸੀ। ਨਾਲੇ ਮੈਨੂੰ ਹਿੰਸਕ ਅਤੇ ਖ਼ੂਨ-ਖ਼ਰਾਬੇ ਵਾਲੀਆਂ ਫ਼ਿਲਮਾਂ ਦੇਖਣੀਆਂ ਬਹੁਤ ਪਸੰਦ ਸਨ। ਮੇਰੇ ਰਹਿਣ-ਸਹਿਣ ਅਤੇ ਮਨੋਰੰਜਨ ਦਾ ਮੇਰੇ ʼਤੇ ਇੰਨਾ ਅਸਰ ਪਿਆ ਕਿ ਮੈਂ ਹਿੰਸਕ, ਸ਼ਰਾਬੀ ਤੇ ਬਦਚਲਣ ਬਣ ਗਿਆ।

 ਸਾਲ 2000 ਵਿਚ ਮੈਂ ਕੌਲਾਸਟਿਕ ਕਾਬਾਗਵਿਰਾ ਨਾਂ ਦੀ ਕੁੜੀ ਨਾਲ ਰਹਿਣ ਲੱਗ ਪਿਆ ਅਤੇ ਸਾਡੇ ਤਿੰਨ ਬੱਚੇ ਹੋਏ। ਮੈਂ ਛੋਟੇ ਹੁੰਦਿਆਂ ਸਿੱਖਿਆ ਸੀ ਕਿ ਆਪਣੇ ਪਤੀਆਂ ਨੂੰ ਨਮਸਕਾਰ ਕਰਦੇ ਵੇਲੇ ਜਾਂ ਕੋਈ ਬੇਨਤੀ ਕਰਦੇ ਵੇਲੇ ਪਤਨੀਆਂ ਨੂੰ ਉਨ੍ਹਾਂ ਅੱਗੇ ਗੋਡਿਆਂ ਭਾਰ ਝੁਕਣਾ ਚਾਹੀਦਾ ਹੈ। ਇਸ ਲਈ ਮੈਂ ਕੌਲਾਸਟਿਕ ਤੋਂ ਵੀ ਇਹੀ ਉਮੀਦ ਕਰਦਾ ਸੀ। ਨਾਲੇ ਮੈਂ ਦਾਅਵਾ ਕਰਦਾ ਸੀ ਕਿ ਘਰ ਦੀਆਂ ਸਾਰੀਆਂ ਚੀਜ਼ਾਂ ʼਤੇ ਸਿਰਫ਼ ਮੇਰਾ ਹੱਕ ਸੀ ਅਤੇ ਮੈਂ ਜਿੱਦਾਂ ਚਾਹਾਂ, ਉੱਦਾਂ ਇਨ੍ਹਾਂ ਨੂੰ ਵਰਤਾਂ। ਮੈਂ ਅਕਸਰ ਰਾਤ ਨੂੰ ਘਰੋਂ ਬਾਹਰ ਚਲਾ ਜਾਂਦਾ ਸੀ ਅਤੇ ਸ਼ਰਾਬੀ ਹੋ ਕੇ ਸਵੇਰ ਦੇ ਤਿੰਨ ਕੁ ਵਜੇ ਘਰ ਵਾਪਸ ਆਉਂਦਾ ਸੀ। ਮੇਰੇ ਦਰਵਾਜ਼ਾ ਖੜਕਾਉਣ ਤੇ ਜੇ ਕੌਲਾਸਟਿਕ ਦਰਵਾਜ਼ਾ ਖੋਲ੍ਹਣ ਵਿਚ ਸਮਾਂ ਲਾਉਂਦੀ ਸੀ, ਤਾਂ ਮੈਂ ਉਸ ਨੂੰ ਮਾਰਦਾ-ਕੁੱਟਦਾ ਸੀ।

 ਉਸ ਸਮੇਂ ਮੈਂ ਇਕ ਕੰਪਨੀ ਵਿਚ ਸੁਪਰਵਾਈਜ਼ਰ ਵਜੋਂ ਕੰਮ ਕਰਦਾ ਸੀ ਤੇ ਮੈਨੂੰ ਕਾਫ਼ੀ ਚੰਗੀ ਤਨਖ਼ਾਹ ਮਿਲਦੀ ਸੀ। ਜਦੋਂ ਮੈਂ ਘਰ ਹੁੰਦਾਂ ਸੀ, ਤਾਂ ਕੌਲਾਸਟਿਕ ਮੈਨੂੰ ਆਪਣੀ ਪੈਂਟਕਾਸਟਲ ਚਰਚ ਨਾਲ ਜੁੜਨ ਲਈ ਮਨਾਉਣ ਦੀ ਪੂਰੀ ਕੋਸ਼ਿਸ਼ ਕਰਦੀ ਸੀ। ਉਸ ਨੂੰ ਲੱਗਦਾ ਸੀ ਕਿ ਚਰਚ ਜਾਣ ਕਰਕੇ ਮੈਂ ਸੁਧਰ ਜਾਵਾਂਗਾ। ਪਰ ਮੈਂ ਚਰਚ ਜਾਣ ਦੀ ਬਜਾਇ ਕਿਸੇ ਹੋਰ ਔਰਤ ਨਾਲ ਰੁਮਾਂਟਿਕ ਰਿਸ਼ਤਾ ਰੱਖਣਾ ਸ਼ੁਰੂ ਕਰ ਦਿੱਤਾ। ਮੇਰੇ ਜ਼ਾਲਮ ਰਵੱਈਏ ਅਤੇ ਗ਼ਲਤ ਚਾਲ-ਚਲਣ ਕਰਕੇ ਕੌਲਾਸਟਿਕ ਤਿੰਨਾਂ ਬੱਚਿਆਂ ਨੂੰ ਲੈ ਕੇ ਆਪਣੇ ਮਾਪਿਆਂ ਦੇ ਘਰ ਚਲੀ ਗਈ।

 ਸਾਡੇ ਇਕ ਸਿਆਣੀ ਉਮਰ ਦੇ ਦੋਸਤ ਨੇ ਮੇਰੇ ਨਾਲ ਗੱਲ ਕੀਤੀ ਕਿ ਮੈਂ ਆਪਣੀ ਜ਼ਿੰਦਗੀ ਵਿਚ ਕੀ ਕਰ ਰਿਹਾ ਸੀ। ਉਸ ਨੇ ਮੈਨੂੰ ਕੌਲਾਸਟਿਕ ਕੋਲ ਵਾਪਸ ਚਲੇ ਜਾਣ ਲਈ ਕਿਹਾ। ਉਸ ਨੇ ਮੈਨੂੰ ਇਹ ਵੀ ਸਮਝਾਇਆ ਕਿ ਮੇਰੇ ਪਿਆਰੇ ਬੱਚਿਆਂ ਨੂੰ ਮੇਰੀ ਲੋੜ ਹੈ। ਇਸ ਲਈ ਸਾਲ 2005 ਵਿਚ ਮੈਂ ਸ਼ਰਾਬ ਤੇ ਦੂਜੀ ਔਰਤ ਨੂੰ ਛੱਡ ਦਿੱਤਾ ਅਤੇ ਕੌਲਾਸਟਿਕ ਕੋਲ ਵਾਪਸ ਚਲਾ ਗਿਆ। ਫਿਰ ਸਾਲ 2006 ਵਿਚ ਮੈਂ ਕੌਲਾਸਟਿਕ ਨਾਲ ਵਿਆਹ ਕਰਾ ਲਿਆ। ਪਰ ਹਾਲੇ ਵੀ ਮੈਂ ਉਸ ਨੂੰ ਗਾਲ਼ਾਂ ਕੱਢਦਾ ਅਤੇ ਮਾਰਦਾ-ਕੁੱਟਦਾ ਸੀ।

ਮੇਰੀ ਜ਼ਿੰਦਗੀ ʼਤੇ ਬਾਈਬਲ ਦਾ ਅਸਰ

 ਸਾਲ 2008 ਵਿਚ ਸਾਡੇ ਘਰ ਇਕ ਯਹੋਵਾਹ ਦਾ ਗਵਾਹ ਆਇਆ ਜਿਸ ਦਾ ਨਾਂ ਜੋਅਲ ਸੀ ਅਤੇ ਮੈਂ ਉਸ ਦੀ ਗੱਲ ਸੁਣੀ। ਕਈ ਮਹੀਨਿਆਂ ਤਕ ਉਹ ਅਤੇ ਇਕ ਹੋਰ ਗਵਾਹ ਬੌਨਾਵੈਨਚਰ ਮੈਨੂੰ ਬਾਕਾਇਦਾ ਮਿਲਣ ਆਉਂਦੇ ਰਹੇ ਅਤੇ ਅਸੀਂ ਬਾਈਬਲ ਵਿੱਚੋਂ ਕਾਫ਼ੀ ਗੱਲਬਾਤ ਕਰਦੇ ਸੀ। ਸ਼ੁਰੂ-ਸ਼ੁਰੂ ਵਿਚ ਮੈਂ ਬਹੁਤ ਜ਼ਿਆਦਾ ਤੈਸ਼ ਵਿਚ ਆ ਜਾਂਦਾ ਸੀ ਅਤੇ ਬਹਿਸ ਕਰਦਾ ਹੁੰਦਾ ਸੀ। ਮੈਂ ਉਨ੍ਹਾਂ ਨੂੰ ਬਹੁਤ ਸਾਰੇ ਸਵਾਲ ਪੁੱਛਦਾ ਸੀ, ਖ਼ਾਸ ਕਰਕੇ ਪ੍ਰਕਾਸ਼ ਦੀ ਕਿਤਾਬ ਬਾਰੇ। ਅਸਲ ਵਿਚ, ਮੈਂ ਗਵਾਹਾਂ ਨੂੰ ਗ਼ਲਤ ਸਾਬਤ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਉਦਾਹਰਣ ਲਈ, ਮੈਂ ਉਨ੍ਹਾਂ ਨੂੰ ਪੁੱਛਿਆ ਕਿ ਉਹ ਇਹ ਗੱਲ ਇੰਨੇ ਦਾਅਵੇ ਨਾਲ ਕਿਵੇਂ ਕਹਿ ਸਕਦੇ ਹਨ ਕਿ ਪ੍ਰਕਾਸ਼ ਦੀ ਕਿਤਾਬ 7:9 ਵਿਚ ਜ਼ਿਕਰ ਕੀਤੀ “ਵੱਡੀ ਭੀੜ” ਧਰਤੀ ʼਤੇ ਜੀਉਂਦੀ ਰਹੇਗੀ ਜਦਕਿ ਆਇਤ ਵਿਚ ਦੱਸਿਆ ਹੈ ਕਿ “ਉਹ ਸਿੰਘਾਸਣ ਦੇ ਸਾਮ੍ਹਣੇ [ਪਰਮੇਸ਼ੁਰ] ਅਤੇ ਲੇਲੇ ਦੇ ਸਾਮ੍ਹਣੇ ਖੜ੍ਹੇ ਸਨ” ਯਾਨੀ ਯਿਸੂ ਮਸੀਹ ਦੇ ਸਾਮ੍ਹਣੇ। ਜੋਅਲ ਨੇ ਬੜੇ ਪਿਆਰ ਨਾਲ ਇਕ-ਇਕ ਕਰ ਕੇ ਮੇਰੇ ਸਵਾਲਾਂ ਦੇ ਜਵਾਬ ਦਿੱਤੇ। ਉਦਾਹਰਣ ਲਈ, ਉਸ ਨੇ ਮੈਨੂੰ ਯਸਾਯਾਹ 66:1 ਦਿਖਾਇਆ ਜਿੱਥੇ ਪਰਮੇਸ਼ੁਰ ਨੇ ਧਰਤੀ ਨੂੰ ਆਪਣੇ “ਪੈਰ ਰੱਖਣ ਦੀ ਚੌਂਕੀ” ਕਿਹਾ ਹੈ। ਇਸ ਲਈ ਵੱਡੀ ਭੀੜ ਅਸਲ ਵਿਚ ਧਰਤੀ ʼਤੇ ਪਰਮੇਸ਼ੁਰ ਦੇ ਸਿੰਘਾਸਣ ਸਾਮ੍ਹਣੇ ਖੜੀ ਹੈ। ਨਾਲੇ ਮੈਂ ਜ਼ਬੂਰ 37:29 ਵੀ ਪੜ੍ਹਿਆ ਜਿੱਥੇ ਦੱਸਿਆ ਹੈ ਕਿ ਧਰਮੀ ਧਰਤੀ ਉੱਤੇ ਹਮੇਸ਼ਾ ਲਈ ਜੀਉਂਦੇ ਰਹਿਣਗੇ।

 ਅਖ਼ੀਰ ਮੈਂ ਬਾਈਬਲ ਤੋਂ ਸਿੱਖਣ ਲਈ ਮੰਨ ਗਿਆ। ਬੌਨਾਵੈਨਚਰ ਨੇ ਮੇਰੀ ਅਤੇ ਮੇਰੀ ਪਤਨੀ ਦੀ ਬਾਈਬਲ ਤੋਂ ਸਿੱਖਣ ਵਿਚ ਮਦਦ ਕੀਤੀ। ਜਿੱਦਾਂ-ਜਿੱਦਾਂ ਅਸੀਂ ਸਿੱਖਦੇ ਗਏ, ਉੱਦਾਂ-ਉੱਦਾਂ ਮੈਂ ਆਪਣੇ ਆਪ ਵਿਚ ਬਦਲਾਅ ਕਰਨੇ ਸ਼ੁਰੂ ਕਰ ਦਿੱਤੇ। ਮੈਂ ਆਪਣੀ ਪਤਨੀ ਨਾਲ ਆਦਰ ਨਾਲ ਪੇਸ਼ ਆਉਣਾ ਸਿੱਖਿਆ। ਹੁਣ ਮੈਂ ਨਹੀਂ ਚਾਹੁੰਦਾ ਕਿ ਮੇਰੀ ਪਤਨੀ ਮੈਨੂੰ ਨਮਸਕਾਰ ਕਰਦੇ ਵੇਲੇ ਜਾਂ ਕੋਈ ਬੇਨਤੀ ਕਰਦੇ ਵੇਲੇ ਮੇਰੇ ਅੱਗੇ ਗੋਡਿਆਂ ਭਾਰ ਝੁਕੇ ਅਤੇ ਮੈਂ ਹੁਣ ਇਹ ਵੀ ਦਾਅਵਾ ਨਹੀਂ ਕਰਦਾ ਕਿ ਘਰ ਦੀਆਂ ਸਾਰੀਆਂ ਚੀਜ਼ਾਂ ʼਤੇ ਸਿਰਫ਼ ਮੇਰਾ ਹੱਕ ਹੈ। ਨਾਲੇ ਮੈਂ ਹਿੰਸਕ ਫ਼ਿਲਮਾਂ ਵੀ ਦੇਖਣੀਆਂ ਬੰਦ ਕਰ ਦਿੱਤੀਆਂ। ਮੇਰੇ ਲਈ ਇਹ ਸਾਰੇ ਬਦਲਾਅ ਕਰਨੇ ਸੌਖੇ ਨਹੀਂ ਸਨ, ਇਸ ਲਈ ਮੈਨੂੰ ਆਪਣੀ ਗ਼ਲਤ ਸੋਚਾਂ ਤੇ ਇੱਛਾਵਾਂ ʼਤੇ ਕਾਬੂ ਪਾਉਣ ਅਤੇ ਨਿਮਰ ਬਣਨ ਦੀ ਲੋੜ ਸੀ।

ਬਾਈਬਲ ਦੀ ਮਦਦ ਨਾਲ ਮੈਂ ਚੰਗਾ ਪਤੀ ਬਣ ਸਕਿਆ

 ਕੁਝ ਸਾਲ ਪਹਿਲਾਂ ਮੈਂ ਆਪਣੇ 18 ਸਾਲਾਂ ਦੇ ਮੁੰਡੇ ਕ੍ਰਿਸਟਿਨ ਨੂੰ ਯੂਗਾਂਡਾ ਵਿਚ ਆਪਣੇ ਰਿਸ਼ਤੇਦਾਰਾਂ ਕੋਲ ਛੱਡ ਆਇਆ ਸੀ। ਪਰ ਬਿਵਸਥਾ ਸਾਰ 6:4-7 ਪੜ੍ਹਨ ਤੋਂ ਬਾਅਦ ਮੈਨੂੰ ਅਹਿਸਾਸ ਹੋਇਆ ਕਿ ਯਹੋਵਾਹ ਨੇ ਮੈਨੂੰ ਤੇ ਮੇਰੀ ਪਤਨੀ ਨੂੰ ਇਹ ਜ਼ਿੰਮੇਵਾਰੀ ਦਿੱਤੀ ਹੈ ਕਿ ਅਸੀਂ ਆਪਣੇ ਬੱਚਿਆਂ ਦੀ ਪਰਵਰਿਸ਼ ਕਰੀਏ ਅਤੇ ਉਨ੍ਹਾਂ ਨੂੰ ਉਸ ਦੇ ਅਸੂਲਾਂ ਬਾਰੇ ਸਿਖਾਈਏ। ਆਪਣੇ ਮੁੰਡੇ ਨੂੰ ਘਰ ਵਾਪਸ ਲਿਆ ਕੇ ਅਸੀਂ ਤੇ ਸਾਡਾ ਮੁੰਡਾ ਬਹੁਤ ਹੀ ਖ਼ੁਸ਼ ਸੀ!

ਅੱਜ ਮੇਰੀ ਜ਼ਿੰਦਗੀ

 ਮੈਂ ਸਿੱਖਿਆ ਕਿ ਯਹੋਵਾਹ ਦਇਆਵਾਨ ਪਰਮੇਸ਼ੁਰ ਹੈ ਅਤੇ ਮੈਨੂੰ ਪੂਰਾ ਭਰੋਸਾ ਹੈ ਕਿ ਉਸ ਨੇ ਮੇਰੀਆਂ ਪਿਛਲੀਆਂ ਗ਼ਲਤੀਆਂ ਅਤੇ ਬੁਰੇ ਸੁਭਾਅ ਲਈ ਮੈਨੂੰ ਮਾਫ਼ ਕਰ ਦਿੱਤਾ ਹੈ। ਮੈਂ ਬਹੁਤ ਖ਼ੁਸ਼ ਸੀ ਕਿ ਕੌਲਾਸਟਿਕ ਵੀ ਬਾਈਬਲ ਸਟੱਡੀ ਕਰਨ ਲੱਗ ਪਈ। ਅਸੀਂ ਆਪਣੀ ਜ਼ਿੰਦਗੀ ਯਹੋਵਾਹ ਨੂੰ ਸਮਰਪਿਤ ਕਰ ਦਿੱਤੀ ਅਤੇ 4 ਦਸੰਬਰ 2010 ਨੂੰ ਬਪਤਿਸਮਾ ਲੈ ਲਿਆ। ਹੁਣ ਅਸੀਂ ਇਕ-ਦੂਜੇ ʼਤੇ ਭਰੋਸਾ ਕਰਦੇ ਹਾਂ ਅਤੇ ਬਾਈਬਲ ਦੇ ਅਸੂਲਾਂ ਨੂੰ ਆਪਣੇ ਪਰਿਵਾਰ ਵਿਚ ਲਾਗੂ ਕਰ ਕੇ ਅਸੀਂ ਬਹੁਤ ਖ਼ੁਸ਼ ਹਾਂ। ਮੇਰੀ ਪਤਨੀ ਬਹੁਤ ਖ਼ੁਸ਼ ਹੈ ਕਿ ਮੈਂ ਕੰਮ ਤੋਂ ਸਿੱਧਾ ਘਰੇ ਵਾਪਸ ਆਉਂਦਾ ਹਾਂ। ਉਹ ਇਸ ਗੱਲੋਂ ਵੀ ਬਹੁਤ ਖ਼ੁਸ਼ ਹੈ ਕਿ ਮੈਂ ਉਸ ਨਾਲ ਪਿਆਰ ਤੇ ਆਦਰ ਨਾਲ ਪੇਸ਼ ਆਉਂਦਾ ਹਾਂ। ਨਾਲੇ ਮੈਂ ਆਪਣੀ ਮਰਜ਼ੀ ਨਾਲ ਸ਼ਰਾਬ ਪੀਣੀ ਛੱਡ ਦਿੱਤੀ ਹੈ ਅਤੇ ਮੈਂ ਜ਼ਾਲਮ ਇਨਸਾਨ ਨਹੀਂ ਰਿਹਾ। 2015 ਵਿਚ ਮੈਨੂੰ ਬਜ਼ੁਰਗ ਨਿਯੁਕਤ ਕੀਤਾ ਗਿਆ ਤਾਂਕਿ ਮੈਂ ਮੰਡਲੀ ਦੀ ਦੇਖ-ਭਾਲ ਕਰਨ ਵਿਚ ਮਦਦ ਕਰ ਸਕਾਂ। ਸਾਡੇ ਪੰਜ ਬੱਚਿਆਂ ਵਿੱਚੋਂ ਤਿੰਨ ਨੇ ਬਪਤਿਸਮਾ ਲਿਆ ਹੈ।

 ਜਦੋਂ ਮੈਂ ਯਹੋਵਾਹ ਦੇ ਗਵਾਹਾਂ ਕੋਲੋਂ ਬਾਈਬਲ ਸਟੱਡੀ ਕਰਨੀ ਸ਼ੁਰੂ ਕੀਤੀ, ਤਾਂ ਮੈਂ ਉਨ੍ਹਾਂ ਦੀਆਂ ਗੱਲਾਂ ʼਤੇ ਅੱਖਾਂ ਬੰਦ ਕਰ ਕੇ ਵਿਸ਼ਵਾਸ ਨਹੀਂ ਕੀਤਾ। ਮੈਂ ਦੇਖਿਆ ਕਿ ਉਹ ਮੇਰੇ ਸਾਰੇ ਸਵਾਲਾਂ ਦੇ ਜਵਾਬ ਬਾਈਬਲ ਵਿੱਚੋਂ ਦਿੰਦੇ ਸਨ। ਸਾਨੂੰ ਅਹਿਸਾਸ ਹੋਇਆ ਕਿ ਸੱਚੇ ਪਰਮੇਸ਼ੁਰ ਦੇ ਸੇਵਕਾਂ ਨੂੰ ਸਿਰਫ਼ ਉਨ੍ਹਾਂ ਅਸੂਲਾਂ ਨੂੰ ਆਪਣੀ ਜ਼ਿੰਦਗੀ ਵਿਚ ਲਾਗੂ ਨਹੀਂ ਕਰਨਾ ਚਾਹੀਦਾ ਜੋ ਉਨ੍ਹਾਂ ਨੂੰ ਚੰਗੇ ਲੱਗਦੇ ਹਨ, ਸਗੋਂ ਸਾਰੇ ਅਸੂਲਾਂ ਨੂੰ ਲਾਗੂ ਕਰਨਾ ਚਾਹੀਦਾ ਹੈ। ਮੈਂ ਯਹੋਵਾਹ ਦਾ ਦਿਲੋਂ ਸ਼ੁਕਰਗੁਜ਼ਾਰ ਹਾਂ ਕਿ ਉਸ ਨੇ ਮੈਨੂੰ ਆਪਣੇ ਵੱਲ ਖਿੱਚਿਆ ਅਤੇ ਆਪਣੇ ਪਰਿਵਾਰ ਦਾ ਹਿੱਸਾ ਬਣਾਇਆ। ਮੈਂ ਆਪਣੀ ਜ਼ਿੰਦਗੀ ਦੇ ਤਜਰਬੇ ਤੋਂ ਦੇਖਿਆ ਕਿ ਕੋਈ ਵੀ ਇਨਸਾਨ ਦਿਲੋਂ ਕੋਸ਼ਿਸ਼ ਕਰ ਕੇ ਪਰਮੇਸ਼ੁਰ ਦੀ ਮਦਦ ਨਾਲ ਆਪਣੇ ਵਿਚ ਬਦਲਾਅ ਕਰ ਸਕਦਾ ਹੈ ਅਤੇ ਉਸ ਨੂੰ ਖ਼ੁਸ਼ ਕਰ ਸਕਦਾ ਹੈ।