Skip to content

Skip to table of contents

ਇਹ ਕਿਸ ਦਾ ਕਮਾਲ ਹੈ?

ਮਧੂ-ਮੱਖੀਆਂ ਦਾ ਛੱਤਾ

ਮਧੂ-ਮੱਖੀਆਂ ਦਾ ਛੱਤਾ

ਮਧੂ-ਮੱਖੀਆਂ ਆਪਣਾ ਛੱਤਾ ਬਣਾਉਣ ਲਈ ਆਪਣੇ ਸਰੀਰ ਦੀਆਂ ਗ੍ਰੰਥੀਆਂ ਵਿੱਚੋਂ ਨਿਕਲਦੇ ਮੋਮ ਦੀ ਵਰਤੋਂ ਕਰਦੀਆਂ ਹਨ। ਇਹ ਗ੍ਰੰਥੀਆਂ ਮਧੂ-ਮੱਖੀ ਦੇ ਪੇਟ ਦੇ ਹੇਠਲੇ ਪਾਸੇ ਹੁੰਦੀਆਂ ਹਨ। ਮਧੂ-ਮੱਖੀ ਦੇ ਛੱਤੇ ਨੂੰ ਇੰਜੀਨੀਅਰੀ ਦਾ ਬੇਮਿਸਾਲ ਨਮੂਨਾ ਮੰਨਿਆ ਜਾਂਦਾ ਹੈ। ਕਿਉਂ?

ਜ਼ਰਾ ਸੋਚੋ: ਸਦੀਆਂ ਤੋਂ ਗਣਿਤ-ਸ਼ਾਸਤਰੀ ਸੋਚਦੇ ਆਏ ਹਨ ਕਿ ਕਿਸੇ ਚੀਜ਼ ਨੂੰ ਭਾਗਾਂ ਵਿਚ ਵੰਡਣ ਲਈ ਛੇਕੋਣਾ ਆਕਾਰ ਇੱਕੋ ਜਿਹੀ ਲੰਬਾਈ-ਚੁੜਾਈ ਵਾਲੇ ਤਿਕੋਣੇ ਜਾਂ ਚਕੋਣੇ ਜਾਂ ਕਿਸੇ ਹੋਰ ਆਕਾਰ ਨਾਲੋਂ ਜ਼ਿਆਦਾ ਬਿਹਤਰ ਹੁੰਦਾ ਹੈ। ਛੇਕੋਣਾ ਆਕਾਰ ਵਰਤ ਕੇ ਕਿਸੇ ਜਗ੍ਹਾ ਦਾ ਜ਼ਿਆਦਾ ਤੋਂ ਜ਼ਿਆਦਾ ਇਸਤੇਮਾਲ ਕੀਤਾ ਜਾ ਸਕਦਾ ਹੈ ਅਤੇ ਇਸ ਨੂੰ ਬਣਾਉਣ ਲਈ ਘੱਟ ਸਾਮੱਗਰੀ ਦੀ ਲੋੜ ਪੈਂਦੀ ਹੈ। ਪਰ ਉਹ ਪੂਰੀ ਤਰ੍ਹਾਂ ਨਹੀਂ ਦੱਸ ਸਕੇ ਕਿ ਇਹ ਆਕਾਰ ਕਿਉਂ ਵਧੀਆ ਹੈ। ਸਾਲ 1999 ਵਿਚ ਪ੍ਰੋਫ਼ੈਸਰ ਟੌਮਸ ਹੇਲਸ ਨੇ ਗਣਿਤ ਦੇ ਆਧਾਰ ’ਤੇ ਇਹ ਸਬੂਤ ਦਿੱਤਾ ਕਿ ਛੇਕੋਣਾ ਆਕਾਰ ਕਿਸੇ ਹੋਰ ਆਕਾਰ ਨਾਲੋਂ ਜ਼ਿਆਦਾ ਫ਼ਾਇਦੇਮੰਦ ਕਿਉਂ ਹੁੰਦਾ ਹੈ। ਉਸ ਨੇ ਦਿਖਾਇਆ ਕਿ ਛੇਕੋਣੇ ਆਕਾਰ ਵਾਲੇ ਖਾਨੇ ਇਕ-ਦੂਜੇ ਨਾਲ ਇੰਨੀ ਮਜ਼ਬੂਤੀ ਨਾਲ ਜੁੜੇ ਹੁੰਦੇ ਹਨ ਕਿ ਉਨ੍ਹਾਂ ਨੂੰ ਬਹੁਤ ਘੱਟ ਸਹਾਰੇ ਦੀ ਲੋੜ ਪੈਂਦੀ ਹੈ ਅਤੇ ਇਹ ਆਕਾਰ ਕਿਸੇ ਜਗ੍ਹਾ ਨੂੰ ਇਕ ਸਮਾਨ ਭਾਗਾਂ ਵਿਚ ਵੰਡਣ ਦਾ ਸਭ ਤੋਂ ਵਧੀਆ ਤਰੀਕਾ ਹੈ।

ਛੇ ਕੋਨੇ ਵਾਲੇ ਖਾਨੇ ਵਰਤ ਕੇ ਮਧੂ-ਮੱਖੀਆਂ ਪੂਰੀ ਜਗ੍ਹਾ ਦਾ ਬਹੁਤ ਵਧੀਆ ਇਸਤੇਮਾਲ ਕਰ ਸਕਦੀਆਂ ਹਨ। ਇਸ ਤਰੀਕੇ ਨਾਲ ਬਣਾਇਆ ਛੱਤਾ ਭਾਰ ਵਿਚ ਹਲਕਾ, ਪਰ ਮਜ਼ਬੂਤ ਹੁੰਦਾ ਹੈ। ਹਰ ਖਾਨਾ ਬਣਾਉਣ ਲਈ ਮਧੂ-ਮੱਖੀਆਂ ਘੱਟ ਮੋਮ ਵਰਤਦੀਆਂ ਹਨ ਅਤੇ ਜ਼ਿਆਦਾ ਤੋਂ ਜ਼ਿਆਦਾ ਸ਼ਹਿਦ ਜਮਾ ਕਰ ਪਾਉਂਦੀਆਂ ਹਨ। ਇਸ ਲਈ ਕੋਈ ਹੈਰਾਨੀ ਦੀ ਗੱਲ ਨਹੀਂ ਕਿ ਮਧੂ-ਮੱਖੀਆਂ ਦੇ ਛੱਤੇ ਨੂੰ “ਬਿਲਡਿੰਗ ਬਣਾਉਣ ਦਾ ਬਿਹਤਰੀਨ ਨਮੂਨਾ” ਕਿਹਾ ਜਾਂਦਾ ਹੈ।

ਅੱਜ ਸਾਇੰਸਦਾਨ ਮਧੂ-ਮੱਖੀ ਦੇ ਛੱਤੇ ਦੀ ਨਕਲ ਕਰ ਕੇ ਚੀਜ਼ਾਂ ਦੇ ਡੀਜ਼ਾਈਨ ਤਿਆਰ ਕਰਦੇ ਹਨ ਜੋ ਮਜ਼ਬੂਤ ਵੀ ਹੁੰਦੇ ਹਨ ਅਤੇ ਘੱਟ ਜਗ੍ਹਾ ਘੇਰਦੇ ਹਨ। ਮਿਸਾਲ ਲਈ, ਹਵਾਈ ਜਹਾਜ਼ ਬਣਾਉਣ ਵਾਲੇ ਇੰਜੀਨੀਅਰ ਜਹਾਜ਼ ਵਿਚ ਲੱਗਣ ਵਾਲੀਆਂ ਧਾਤ ਦੀਆਂ ਚਾਦਰਾਂ ਮਧੂ-ਮੱਖੀ ਦੇ ਛੱਤੇ ਦੇ ਖਾਨਿਆਂ ਦੇ ਡੀਜ਼ਾਈਨ ਵਰਗੀਆਂ ਬਣਾਉਂਦੇ ਹਨ। ਇਸ ਕਰਕੇ ਜਹਾਜ਼ ਮਜ਼ਬੂਤ ਹੋਣ ਦੇ ਨਾਲ-ਨਾਲ ਭਾਰ ਵਿਚ ਹਲਕੇ ਵੀ ਹੁੰਦੇ ਹਨ। ਇਹ ਜਹਾਜ਼ ਘੱਟ ਤੇਲ ਫੂਕਦੇ ਹਨ।

ਤੁਹਾਡਾ ਕੀ ਖ਼ਿਆਲ ਹੈ? ਕੀ ਮਧੂ-ਮੱਖੀ ਦੇ ਛੱਤੇ ਦੀ ਬਿਹਤਰੀਨ ਬਣਤਰ ਵਿਕਾਸਵਾਦ ਦਾ ਨਤੀਜਾ ਹੈ? ਜਾਂ ਇਹ ਕਿਸੇ ਬੁੱਧੀਮਾਨ ਡੀਜ਼ਾਈਨਰ ਦੇ ਹੱਥਾਂ ਦਾ ਕਮਾਲ ਹੈ? (g15-E 01)