Skip to content

Skip to table of contents

ਇਹ ਕਿਸ ਦਾ ਕਮਾਲ ਹੈ?

ਵੱਡੇ-ਵੱਡੇ ਪੰਛੀਆਂ ਦੇ ਖੰਭਾਂ ਦੇ ਮੁੜੇ ਹੋਏ ਕੋਨੇ

ਵੱਡੇ-ਵੱਡੇ ਪੰਛੀਆਂ ਦੇ ਖੰਭਾਂ ਦੇ ਮੁੜੇ ਹੋਏ ਕੋਨੇ

ਹਵਾਈ ਜਹਾਜ਼ ਦੇ ਪਰਾਂ ਦੇ ਕੋਨੇ ਉੱਡਦੇ ਵੇਲੇ ਹਵਾ ਵਿਚ ਤੇਜ਼ੀ ਨਾਲ ਘੁੰਮਣਘੇਰੀਆਂ ਬਣਾ ਦਿੰਦੇ ਹਨ। ਇਹ ਘੁੰਮਣਘੇਰੀਆਂ ਜਹਾਜ਼ ਦੇ ਉੱਡਣ ਵਿਚ ਰੁਕਾਵਟ ਪਾਉਂਦੀਆਂ ਹਨ ਅਤੇ ਇਨ੍ਹਾਂ ਨਾਲ ਤੇਲ ਦੀ ਖਪਤ ਵੀ ਜ਼ਿਆਦਾ ਹੁੰਦੀ ਹੈ। ਇਹ ਘੁੰਮਣਘੇਰੀਆਂ ਲਾਗੇ-ਛਾਗੇ ਉੱਡ ਰਹੇ ਜਹਾਜ਼ਾਂ ਨੂੰ ਆਪਣੇ ਘੇਰੇ ਵਿਚ ਲੈ ਸਕਦੀਆਂ ਹਨ। ਇਸ ਲਈ ਇੱਕੋ ਜਗ੍ਹਾ ਤੋਂ ਉਡਾਣ ਭਰਣ ਵਾਲੇ ਜਹਾਜ਼ਾਂ ਦੀ ਉਡਾਣ ਦੇ ਸਮੇਂ ਵਿਚ ਕਾਫ਼ੀ ਫ਼ਰਕ ਪਾਉਣਾ ਪੈਂਦਾ ਹੈ ਤਾਂਕਿ ਪਹਿਲੇ ਜਹਾਜ਼ ਦੁਆਰਾ ਪੈਦਾ ਹੋਈਆਂ ਹਵਾ ਦੀ ਇਹ ਘੁੰਮਣਘੇਰੀਆਂ ਸ਼ਾਂਤ ਹੋ ਜਾਣ।

ਜਹਾਜ਼ ਬਣਾਉਣ ਵਾਲੇ ਇੰਜੀਨੀਅਰਾਂ ਨੇ ਇਨ੍ਹਾਂ ਸਮੱਸਿਆਵਾਂ ਨੂੰ ਘਟਾਉਣ ਲਈ ਇਕ ਰਾਹ ਕੱਢਿਆ ਹੈ। ਉਨ੍ਹਾਂ ਨੇ ਗਿੱਧ ਅਤੇ ਬਾਜ਼ ਵਰਗੇ ਪੰਛੀਆਂ ਦੇ ਖੰਭਾਂ ਦੀ ਨਕਲ ਕਰ ਕੇ ਹਵਾਈ ਜਹਾਜ਼ਾਂ ਦੇ ਪਰ ਬਣਾਏ ਹਨ ਜੋ ਕੋਨਿਆਂ ਤੋਂ ਮੁੜੇ ਹੁੰਦੇ ਹਨ।

ਜ਼ਰਾ ਸੋਚੋ: ਉੱਡਦੇ ਵੇਲੇ ਇਹ ਪੰਛੀ ਆਪਣੇ ਖੰਭਾਂ ਦੇ ਕੋਨਿਆਂ ਨੂੰ ਲਗਭਗ ਉੱਪਰ ਵੱਲ ਨੂੰ ਸਿੱਧੇ ਖੜ੍ਹੇ ਕਰ ਲੈਂਦੇ ਹਨ। ਇਸ ਤਰ੍ਹਾਂ ਕਰਨ ਨਾਲ ਉਨ੍ਹਾਂ ਦੇ ਖੰਭਾਂ ਦਾ ਆਕਾਰ ਛੋਟਾ ਹੋ ਜਾਂਦਾ ਹੈ ਅਤੇ ਉਹ ਹੋਰ ਉੱਚਾ ਉੱਡ ਪਾਉਂਦੇ ਹਨ। ਇਸ ਨਾਲ ਉਨ੍ਹਾਂ ਦਾ ਜ਼ੋਰ ਵੀ ਘੱਟ ਲੱਗਦਾ ਹੈ ਅਤੇ ਉਹ ਆਰਾਮ ਨਾਲ ਉੱਡ ਪਾਉਂਦੇ ਹਨ। ਇੰਜੀਨੀਅਰਾਂ ਨੇ ਇਨ੍ਹਾਂ ਖੰਭਾਂ ਦੇ ਡੀਜ਼ਾਈਨ ਦੀ ਨਕਲ ਕਰ ਕੇ ਹਵਾਈ ਜਹਾਜ਼ਾਂ ਦੇ ਪਰ ਬਣਾਏ ਹਨ। ਉਨ੍ਹਾਂ ਨੇ ਜਹਾਜ਼ ਦੀ ਉਡਾਣ ਦੀ ਜਾਂਚ ਕਰਨ ਵਾਲੀ ਖ਼ਾਸ ਪ੍ਰਯੋਗਸ਼ਾਲਾ ਵਿਚ ਜਾਣਿਆ ਹੈ ਕਿ ਜੇ ਜਹਾਜ਼ ਦੇ ਪਰਾਂ ਦੇ ਕੋਨਿਆਂ ਨੂੰ ਸਹੀ ਆਕਾਰ ਵਿਚ ਮੋੜਿਆ ਜਾਵੇ ਅਤੇ ਇਹ ਹਵਾ ਦੇ ਵਹਾਅ ਦੇ ਹਿਸਾਬ ਨਾਲ ਤਿਆਰ ਕੀਤੇ ਜਾਣ, ਤਾਂ ਇਸ ਨਾਲ ਜਹਾਜ਼ ਸੌਖੇ ਤਰੀਕੇ ਨਾਲ ਉੱਡ ਸਕਦਾ ਹੈ ਅਤੇ ਤੇਲ ਦੀ ਖਪਤ ਵੀ ਘੱਟ ਹੁੰਦੀ ਹੈ। ਅੱਜ-ਕੱਲ੍ਹ ਇਸ ਡੀਜ਼ਾਈਨ ਦੀ ਮਦਦ ਨਾਲ 10 ਪ੍ਰਤਿਸ਼ਤ ਤੋਂ ਵੀ ਜ਼ਿਆਦਾ ਸੁਧਾਰ ਹੋਇਆ ਹੈ। ਇਸ ਦਾ ਕਾਰਨ ਕੀ ਹੈ? ਜਹਾਜ਼ ਦੇ ਮੁੜੇ ਹੋਏ ਕੋਨਿਆਂ ਕਾਰਨ ਘੁੰਮਣਘੇਰੀਆਂ ਘੱਟ ਪੈਦਾ ਹੁੰਦੀਆਂ ਹਨ ਜਿਸ ਕਾਰਨ ਜਹਾਜ਼ ਦੇ ਉੱਡਣ ਵਿਚ ਘੱਟ ਰੁਕਾਵਟ ਪੈਦਾ ਹੁੰਦੀ ਹੈ। ਇਸ ਤੋਂ ਇਲਾਵਾ, ਐਨਸਾਈਕਲੋਪੀਡੀਆ ਆਫ਼ ਫਲਾਈਟ ਦਾ ਕਹਿਣਾ ਹੈ ਕਿ ਇਸ ਤੋਂ ਵੀ ਵੱਧ ਇਨ੍ਹਾਂ ਮੁੜੇ ਹੋਏ ਕੋਨਿਆਂ ਕਾਰਨ ਜਹਾਜ਼ ਅੱਗੇ ਵੱਲ ਨੂੰ ਧੱਕਿਆ ਜਾਂਦਾ ਹੈ “ਜਿਸ ਨਾਲ ਉਹ ਆਮ ਤੌਰ ’ਤੇ ਪੈਦਾ ਹੋਣ ਵਾਲੀਆਂ ਘੁੰਮਣਘੇਰੀਆਂ ਦਾ ਮੁਕਾਬਲਾ ਕਰ ਪਾਉਂਦਾ ਹੈ।”

ਪਰਾਂ ਦੇ ਇਨ੍ਹਾਂ ਮੁੜੇ ਹੋਏ ਕੋਨਿਆਂ ਕਾਰਨ ਜਹਾਜ਼ ਉੱਚਾ ਉੱਡ ਪਾਉਂਦਾ ਹੈ, ਉਸ ਵਿਚ ਜ਼ਿਆਦਾ ਭਾਰ ਲੱਦਿਆ ਜਾ ਸਕਦਾ ਹੈ ਅਤੇ ਤੇਲ ਦੀ ਖਪਤ ਵੀ ਘੱਟ ਹੁੰਦੀ ਹੈ। ਨਾਲੇ ਛੋਟੇ ਪਰ ਹੋਣ ਕਾਰਨ ਇਕ ਹੀ ਪਾਰਕਿੰਗ ਵਾਲੀ ਜਗ੍ਹਾ ’ਤੇ ਜ਼ਿਆਦਾ ਜਹਾਜ਼ ਖੜ੍ਹੇ ਕੀਤੇ ਜਾ ਸਕਦੇ ਹਨ। ਮਿਸਾਲ ਲਈ, ਨਾਸਾ ਦੀ ਇਕ ਖ਼ਬਰ ਮੁਤਾਬਕ 2010 ਵਿਚ “ਪੂਰੀ ਦੁਨੀਆਂ ਵਿਚ 7 ਅਰਬ 60 ਕਰੋੜ ਲੀਟਰ ਤੇਲ ਦੀ ਬਚਤ ਹੋਈ ਹੈ ਜੋ ਜਹਾਜ਼ਾਂ ਵਿਚ ਵਰਤਿਆ ਜਾਣਾ ਸੀ” ਅਤੇ ਜਹਾਜ਼ਾਂ ਨਾਲ ਪੈਦਾ ਹੋਣ ਵਾਲੇ ਪ੍ਰਦੂਸ਼ਣ ਵਿਚ ਵੀ ਕਮੀ ਆਈ ਹੈ।

ਤੁਹਾਡਾ ਕੀ ਖ਼ਿਆਲ ਹੈ? ਕੀ ਵੱਡੇ-ਵੱਡੇ ਪੰਛੀਆਂ ਦੇ ਖੰਭਾਂ ਦੇ ਮੁੜੇ ਹੋਏ ਕੋਨੇ ਵਿਕਾਸਵਾਦ ਦਾ ਨਤੀਜਾ ਹਨ? ਜਾਂ ਕੀ ਇਹ ਕਿਸੇ ਬੁੱਧੀਮਾਨ ਡੀਜ਼ਾਈਨਰ ਦੇ ਹੱਥਾਂ ਦਾ ਕਮਾਲ ਹੈ? (g15-E 02)