Skip to content

Skip to table of contents

ਪਰਿਵਾਰ ਦੀ ਮਦਦ ਲਈ | ਨੌਜਵਾਨ

ਗੁੱਸਾ ਕਿਵੇਂ ਕੰਟ੍ਰੋਲ ਕਰੀਏ?

ਗੁੱਸਾ ਕਿਵੇਂ ਕੰਟ੍ਰੋਲ ਕਰੀਏ?

ਚੁਣੌਤ

“ਮੈਂ ਗੁੱਸੇ ਵਿਚ ਆਪਣੀ ਭੈਣ ਨੂੰ ਟੁੱਟ ਕੇ ਪਈ ਤੇ ਦਰਵਾਜ਼ਾ ਇੰਨੀ ਜ਼ੋਰ ਦੀ ਭੰਨਿਆ ਕਿ ਉਸ ਦੀ ਕੁੰਡੀ ਕੰਧ ਵਿਚ ਖੁੱਭ ਗਈ ਤੇ ਉੱਥੇ ਸੁਰਾਖ਼ ਹੋ ਗਿਆ। ਜਦ ਵੀ ਮੈਂ ਉਹ ਸੁਰਾਖ਼ ਦੇਖਦੀ ਹਾਂ, ਤਾਂ ਮੈਨੂੰ ਯਾਦ ਆਉਂਦਾ ਹੈ ਕਿ ਮੈਂ ਕਿੰਨੀ ਬਚਕਾਨਾ ਹਰਕਤ ਕੀਤੀ ਸੀ।”—ਡਾਇਐਨ। *

“ਮੈਂ ਚੀਕ ਕੇ ਆਪਣੇ ਡੈਡੀ ਜੀ ਨੂੰ ਕਿਹਾ, ‘ਤੁਸੀਂ ਬਹੁਤ ਬੁਰੇ ਹੋ!’ ਫਿਰ ਮੈਂ ਦਰਵਾਜ਼ਾ ਜ਼ੋਰ ਦੀ ਬੰਦ ਕਰ ਦਿੱਤਾ। ਪਰ ਦਰਵਾਜ਼ਾ ਬੰਦ ਹੋਣ ਤੋਂ ਪਹਿਲਾਂ ਮੈਂ ਉਨ੍ਹਾਂ ਦੇ ਚਿਹਰੇ ’ਤੇ ਦੇਖਿਆ ਕਿ ਮੇਰੀ ਗੱਲ ਨੇ ਉਨ੍ਹਾਂ ਨੂੰ ਕਿੰਨੀ ਠੇਸ ਪਹੁੰਚਾਈ ਸੀ। ਮੈਂ ਸੋਚਿਆ ਕਿ ਕਾਸ਼ ਮੈਂ ਆਪਣੇ ਸ਼ਬਦ ਵਾਪਸ ਲੈ ਸਕਦੀ!”—ਲੌਰੇਨ।

ਕੀ ਤੁਹਾਨੂੰ ਵੀ ਲੌਰੇਨ ਤੇ ਡਾਇਐਨ ਵਾਂਗ ਗੁੱਸਾ ਆਉਂਦਾ ਹੈ? ਜੇ ਹਾਂ, ਤਾਂ ਇਹ ਲੇਖ ਤੁਹਾਡੀ ਮਦਦ ਕਰ ਸਕਦਾ ਹੈ।

ਤੁਹਾਨੂੰ ਕੀ ਪਤਾ ਹੋਣਾ ਚਾਹੀਦਾ

ਬੇਕਾਬੂ ਗੁੱਸਾ ਤੁਹਾਡੀ ਨੇਕਨਾਮੀ ਖ਼ਰਾਬ ਕਰ ਸਕਦਾ ਹੈ। 21 ਸਾਲਾਂ ਦੀ ਬ੍ਰੀਆਨਾ ਕਹਿੰਦੀ ਹੈ: “ਮੈਂ ਸੋਚਦੀ ਹੁੰਦੀ ਸੀ ਕਿ ਮੇਰਾ ਤਾਂ ਸੁਭਾਅ ਹੀ ਗੁੱਸੇਖ਼ੋਰ ਹੈ ਤੇ ਦੂਜਿਆਂ ਨੂੰ ਸਹਿਣਾ ਹੀ ਪੈਣਾ। ਪਰ ਫਿਰ ਮੈਂ ਦੇਖਿਆ ਕਿ ਜਿਹੜੇ ਲੋਕ ਆਪਣੇ ਗੁੱਸੇ ’ਤੇ ਕਾਬੂ ਨਹੀਂ ਰੱਖਦੇ, ਉਹ ਮੂਰਖ ਲੱਗਦੇ ਹਨ। ਫਿਰ ਮੈਨੂੰ ਅਹਿਸਾਸ ਹੋਇਆ ਕਿ ਜਦ ਦੂਜੇ ਮੈਨੂੰ ਗੁੱਸੇ ਵਿਚ ਦੇਖਦੇ ਹੋਣਗੇ, ਤਾਂ ਮੈਂ ਵੀ ਉਨ੍ਹਾਂ ਨੂੰ ਮੂਰਖ ਹੀ ਲੱਗਦੀ ਹੋਵਾਂਗੀ!”

ਬਾਈਬਲ ਕਹਿੰਦੀ ਹੈ: “ਜਿਹੜਾ ਛੇਤੀ ਗੁੱਸੇ ਹੋ ਜਾਂਦਾ ਉਹ ਮੂਰਖਤਾਈ ਕਰਦਾ ਹੈ।”—ਕਹਾਉਤਾਂ 14:17.

ਜਿੱਦਾਂ ਜਵਾਲਾਮੁਖੀ ਫਟਣ ਤੇ ਲੋਕ ਉਸ ਤੋਂ ਦੂਰ ਭੱਜਦੇ ਹਨ, ਉੱਦਾਂ ਹੀ ਗੁੱਸੇ ਵਿਚ ਭੜਕੇ ਇਨਸਾਨ ਤੋਂ ਵੀ ਲੋਕ ਦੂਰ ਭੱਜਦੇ ਹਨ

ਤੁਹਾਡੇ ਗੁੱਸੇ ਕਾਰਨ ਲੋਕ ਤੁਹਾਡੇ ਤੋਂ ਦੂਰ ਰਹਿਣਗੇ। 18 ਸਾਲਾਂ ਦਾ ਡਾਨੀਏਲ ਕਹਿੰਦਾ ਹੈ: “ਜਦ ਤੁਸੀਂ ਆਪਾ ਖੋਹ ਦਿੰਦੇ ਹੋ, ਤਾਂ ਤੁਸੀਂ ਦੂਜਿਆਂ ਤੋਂ ਇੱਜ਼ਤ-ਮਾਣ ਵੀ ਖੋਹ ਦਿੰਦੇ ਹੋ।” 18 ਸਾਲਾਂ ਦੀ ਈਲੇਨ ਵੀ ਇਸ ਗੱਲ ਨਾਲ ਸਹਿਮਤ ਹੈ। ਉਹ ਕਹਿੰਦੀ ਹੈ: “ਕੋਈ ਵੀ ਗੁੱਸੇਖ਼ੋਰ ਇਨਸਾਨ ਦੇ ਲਾਗੇ ਨਹੀਂ ਲੱਗਦਾ। ਲੋਕ ਉਸ ਦਾ ਗੁੱਸਾ ਦੇਖ ਕੇ ਡਰ ਜਾਂਦੇ ਹਨ।”

ਬਾਈਬਲ ਕਹਿੰਦੀ ਹੈ: “ਕ੍ਰੋਧੀ ਦਾ ਮੇਲੀ ਨਾ ਬਣੀਂ ਅਤੇ ਗੁੱਸਾ ਕਰਨ ਵਾਲੇ ਦੇ ਨਾਲ ਨਾ ਤੁਰੀਂ।”—ਕਹਾਉਤਾਂ 22:24.

ਤੁਸੀਂ ਖ਼ੁਦ ਨੂੰ ਬਦਲ ਸਕਦੇ ਹੋ। 15 ਸਾਲਾਂ ਦੀ ਸਾਰਾ ਕਹਿੰਦੀ ਹੈ: “ਇਹ ਤੁਹਾਡੇ ਹੱਥ-ਵੱਸ ਨਹੀਂ ਹੁੰਦਾ ਕਿ ਤੁਸੀਂ ਕਿਸੇ ਹਾਲਾਤ ਵਿਚ ਕਿਵੇਂ ਮਹਿਸੂਸ ਕਰੋਗੇ। ਪਰ ਇਹ ਤੁਹਾਡੇ ਹੱਥ-ਵੱਸ ਹੈ ਕਿ ਤੁਸੀਂ ਉਸ ਵੇਲੇ ਆਪਣੇ ਜਜ਼ਬਾਤਾਂ ਨੂੰ ਕਿਵੇਂ ਜ਼ਾਹਰ ਕਰੋਗੇ। ਤੁਹਾਨੂੰ ਗੁੱਸੇ ਵਿਚ ਭੜਕਣ ਦੀ ਲੋੜ ਨਹੀਂ ਹੈ।”

ਬਾਈਬਲ ਕਹਿੰਦੀ ਹੈ: “ਜਿਹੜਾ ਕ੍ਰੋਧ ਵਿੱਚ ਧੀਮਾ ਹੈ ਉਹ ਸੂਰਬੀਰ ਨਾਲੋਂ, ਅਤੇ ਆਪਣੀ ਰੂਹ ਨੂੰ ਵੱਸ ਵਿੱਚ ਰੱਖਣ ਵਾਲਾ, ਸ਼ਹਿਰ ਦੇ ਜਿੱਤਣ ਵਾਲੇ ਨਾਲੋਂ ਚੰਗਾ ਹੈ।”—ਕਹਾਉਤਾਂ 16:32.

ਤੁਸੀਂ ਕੀ ਕਰ ਸਕਦੇ ਹੋ?

ਟੀਚਾ ਰੱਖੋ। “ਮੈਂ ਤਾਂ ਇੱਦਾਂ ਦਾ ਹੀ ਹਾਂ” ਕਹਿਣ ਦੀ ਬਜਾਇ ਕੁਝ ਸਮਾਂ ਤੈਅ ਕਰੋ ਯਾਨੀ ਛੇ ਮਹੀਨਿਆਂ ਦੌਰਾਨ ਦੇਖੋ ਕਿ ਤੁਸੀਂ ਆਪਣੇ ਗੁੱਸੇ ’ਤੇ ਕਾਬੂ ਪਾਉਣ ਵਿਚ ਕਿੰਨੇ ਕੁ ਕਾਮਯਾਬ ਹੋਏ ਹੋ। ਇਸ ਸਮੇਂ ਦੌਰਾਨ ਲਿਖੋ ਕਿ ਤੁਸੀਂ ਆਪਣੇ-ਆਪ ਨੂੰ ਕਿੰਨਾ ਕੁ ਬਦਲਿਆ ਹੈ। ਜਦ ਤੁਸੀਂ ਗੁੱਸੇ ਵਿਚ ਭੜਕਦੇ ਹੋ, ਤਾਂ ਲਿਖੋ (1) ਗੱਲ ਕੀ ਹੋਈ ਸੀ, (2) ਤੁਸੀਂ ਕਿਵੇਂ ਪੇਸ਼ ਆਏ ਸੀ ਅਤੇ (3) ਤੁਸੀਂ ਹੋਰ ਚੰਗੀ ਤਰ੍ਹਾਂ ਕਿਵੇਂ ਪੇਸ਼ ਆ ਸਕਦੇ ਸੀ ਤੇ ਕਿਉਂ। ਅਗਲੀ ਵਾਰ ਜਦ ਤੁਹਾਨੂੰ ਗੁੱਸਾ ਆਵੇ, ਤਾਂ ਟੀਚਾ ਰੱਖੋ ਕਿ ਤੁਸੀਂ ਉਸ ਵਕਤ ਵਧੀਆ ਤਰੀਕੇ ਨਾਲ ਪੇਸ਼ ਆਓਗੇ। ਸੁਝਾਅ: ਲਿਖੋ ਕਿ ਤੁਸੀਂ ਕਿਨ੍ਹਾਂ ਸਮਿਆਂ ਤੇ ਆਪਣਾ ਗੁੱਸਾ ਕੰਟ੍ਰੋਲ ਕੀਤਾ। ਨਾਲੇ ਲਿਖੋ ਕਿ ਖ਼ੁਦ ’ਤੇ ਕਾਬੂ ਰੱਖਣ ਨਾਲ ਤੁਹਾਨੂੰ ਕਿੰਨਾ ਚੰਗਾ ਲੱਗਾ ਸੀ!—ਬਾਈਬਲ ਦਾ ਅਸੂਲ: ਕੁਲੁੱਸੀਆਂ 3:8.

ਕੁਝ ਵੀ ਕਹਿਣ ਜਾਂ ਕਰਨ ਤੋਂ ਪਹਿਲਾਂ ਸੋਚੋ। ਜਦ ਤੁਹਾਨੂੰ ਦੂਜਿਆਂ ਕਰਕੇ ਜਾਂ ਕਿਸੇ ਗੱਲ ਕਰਕੇ ਗੁੱਸਾ ਆਉਂਦਾ ਹੈ, ਤਾਂ ਜੋ ਮੂੰਹ ਆਇਆ, ਉਹ ਨਾ ਕਹੋ। ਜੇ ਲੋੜ ਪਵੇ, ਤਾਂ ਲੰਮਾ ਸਾਹ ਲਓ। 15 ਸਾਲਾਂ ਦਾ ਏਰਿਕ ਕਹਿੰਦਾ ਹੈ: “ਜਦ ਮੈਨੂੰ ਗੁੱਸਾ ਆਉਂਦਾ ਹੈ, ਤਾਂ ਮੈਂ ਪਹਿਲਾਂ ਲੰਮਾ ਸਾਹ ਲੈਂਦਾ ਹਾਂ ਤਾਂਕਿ ਮੈਂ ਇੱਦਾਂ ਦਾ ਕੁਝ ਨਾ ਕਹਾਂ ਜਾਂ ਕਰਾਂ ਜਿਸ ਕਰਕੇ ਮੈਨੂੰ ਬਾਅਦ ਵਿਚ ਪਛਤਾਉਣਾ ਪਵੇ।”—ਬਾਈਬਲ ਦਾ ਅਸੂਲ: ਕਹਾਉਤਾਂ 21:23.

ਹਰ ਸਿੱਕੇ ਦੇ ਦੋ ਪਹਿਲੂ ਹੁੰਦੇ ਹਨ। ਕਦੇ-ਕਦੇ ਤੁਹਾਨੂੰ ਇਸ ਕਰਕੇ ਗੁੱਸਾ ਆ ਸਕਦਾ ਹੈ ਕਿਉਂਕਿ ਤੁਸੀਂ ਮਸਲੇ ਨੂੰ ਸਿਰਫ਼ ਆਪਣੇ ਨਜ਼ਰੀਏ ਤੋਂ ਦੇਖਦੇ ਹੋ। ਪਰ ਇਹ ਸਮਝਣ ਦੀ ਕੋਸ਼ਿਸ਼ ਕਰੋ ਕਿ ਦੂਜਾ ਕਿਵੇਂ ਮਹਿਸੂਸ ਕਰਦਾ ਹੈ। ਨੌਜਵਾਨ ਜੈਸਿਕਾ ਕਹਿੰਦੀ ਹੈ: “ਜਦੋਂ ਕੋਈ ਮੇਰੇ ਨਾਲ ਬਦਤਮੀਜ਼ੀ ਨਾਲ ਪੇਸ਼ ਆਉਂਦਾ ਹੈ, ਤਾਂ ਮੈਂ ਸੋਚਦੀ ਹਾਂ ਕਿ ਉਸ ਦੇ ਅਜਿਹੇ ਰਵੱਈਏ ਪਿੱਛੇ ਵਜ੍ਹਾ ਕੀ ਸੀ। ਇਸ ਤਰ੍ਹਾਂ ਮੈਂ ਆਪਣੇ ਗੁੱਸੇ ’ਤੇ ਕਾਬੂ ਰੱਖ ਪਾਉਂਦੀ ਹਾਂ।”—ਬਾਈਬਲ ਦਾ ਅਸੂਲ: ਕਹਾਉਤਾਂ 19:11.

ਲੋੜ ਪੈਣ ਤੇ ਉੱਥੋਂ ਚਲੇ ਜਾਓ। ਬਾਈਬਲ ਕਹਿੰਦੀ ਹੈ: “ਝਗੜਾ ਛਿੜਨ ਤੋਂ ਪਹਿਲਾਂ ਉਹ ਨੂੰ ਛੱਡ ਦੇਹ।” (ਕਹਾਉਤਾਂ 17:14) ਇਸ ਆਇਤ ਮੁਤਾਬਕ ਹਾਲਾਤ ਵਿਗੜਦੇ ਦੇਖ ਉੱਥੋਂ ਚਲੇ ਜਾਣਾ ਹੀ ਵਧੀਆ ਹੁੰਦਾ ਹੈ। 24 ਘੰਟੇ ਉਸੇ ਗੱਲ ਬਾਰੇ ਨਾ ਸੋਚੀ ਜਾਓ ਅਤੇ ਕੁੜ੍ਹੀ ਜਾਣ ਦੀ ਬਜਾਇ ਕੋਈ ਕੰਮ ਕਰਨ ਲੱਗ ਪਓ। ਨੌਜਵਾਨ ਡੈਨੀਏਲ ਕਹਿੰਦੀ ਹੈ: “ਕਸਰਤ ਕਰਨ ਨਾਲ ਮੇਰੀ ਭੜਾਸ ਨਿਕਲ ਜਾਂਦੀ ਹੈ ਅਤੇ ਮੈਂ ਆਪਣੇ ਗੁੱਸੇ ’ਤੇ ਕੰਟ੍ਰੋਲ ਕਰ ਪਾਉਂਦੀ ਹਾਂ।”

ਗੱਲ ’ਤੇ ਮਿੱਟੀ ਪਾਉਣੀ ਸਿੱਖੋ। ਬਾਈਬਲ ਕਹਿੰਦੀ ਹੈ: ‘ਜਦੋਂ ਤੁਸੀਂ ਗੁੱਸੇ ਹੁੰਦੇ ਹੋ, ਪਾਪ ਨਾ ਕਰੋ। ਇਨ੍ਹਾਂ ਗੱਲਾਂ ਬਾਰੇ ਸੋਚ ਵਿਚਾਰ ਕਰੋ ਤੇ ਫ਼ੇਰ ਨਿਸ਼ਚਿੰਤ ਹੋ ਜਾਓ।’ (ਜ਼ਬੂਰ 4:4, ERV) ਧਿਆਨ ਦਿਓ ਕਿ ਗੁੱਸਾ ਚੜ੍ਹਨਾ ਕੋਈ ਗ਼ਲਤ ਗੱਲ ਨਹੀਂ ਹੈ। ਪਰ ਸਵਾਲ ਇਹ ਉੱਠਦਾ ਹੈ, ਗੁੱਸਾ ਚੜ੍ਹਨ ਤੋਂ ਬਾਅਦ ਤੁਸੀਂ ਕੀ ਕਰੋਗੇ? ਨੌਜਵਾਨ ਰਿਚਰਡ ਕਹਿੰਦਾ ਹੈ: “ਜੇ ਤੁਸੀਂ ਦੂਜਿਆਂ ਕਾਰਨ ਗੁੱਸੇ ਰਹਿੰਦੇ ਹੋ, ਤਾਂ ਤੁਸੀਂ ਉਨ੍ਹਾਂ ਦੇ ਕੰਟ੍ਰੋਲ ਵਿਚ ਆ ਜਾਂਦੇ ਹੋ।” ਇਸ ਲਈ ਸਿਆਣੇ ਬਣੋ ਅਤੇ ਗੱਲ ’ਤੇ ਮਿੱਟੀ ਪਾਉਣੀ ਸਿੱਖੋ। ਇੱਦਾਂ ਕਰਨ ਨਾਲ ਗੁੱਸਾ ਤੁਹਾਡੇ ਕੰਟ੍ਰੋਲ ਵਿਚ ਹੋਵੇਗਾ, ਨਾ ਕਿ ਤੁਸੀਂ ਗੁੱਸੇ ਦੇ ਕੰਟ੍ਰੋਲ ਵਿਚ। (g15-E 01)

^ ਪੈਰਾ 4 ਇਸ ਲੇਖ ਵਿਚ ਨਾਂ ਬਦਲੇ ਗਏ ਹਨ।