Skip to content

Skip to table of contents

ਰੱਬ ਦਾ ਨਾਮ ਕੀ ਹੈ?

ਰੱਬ ਦਾ ਨਾਮ ਕੀ ਹੈ?

ਜਦੋਂ ਤੁਸੀਂ ਕਿਸੇ ਨੂੰ ਜਾਣਨ ਲੱਗਦੇ ਹੋ, ਤਾਂ ਸਭ ਤੋਂ ਪਹਿਲਾਂ ਤੁਸੀਂ ਉਸ ਨੂੰ ਪੁੱਛਦੇ ਹੋ, “ਤੁਹਾਡਾ ਨਾਂ ਕੀ ਹੈ?” ਜੇ ਤੁਸੀਂ ਰੱਬ ਨੂੰ ਇਹ ਸਵਾਲ ਪੁੱਛਦੇ, ਤਾਂ ਉਹ ਕੀ ਕਹਿੰਦਾ?

“ਮੈਂ ਯਹੋਵਾਹ ਹਾਂ, ਏਹੋ ਈ ਮੇਰਾ ਨਾਮ ਹੈ।”​ਯਸਾਯਾਹ 42:8.

ਕੀ ਤੁਸੀਂ ਇਹ ਨਾਮ ਪਹਿਲੀ ਵਾਰ ਸੁਣਿਆ? ਸ਼ਾਇਦ ਹਾਂ। ਇਸ ਦਾ ਇਕ ਕਾਰਨ ਹੈ ਕਿ ਬਾਈਬਲ ਦੇ ਬਹੁਤ ਸਾਰੇ ਅਨੁਵਾਦਕ ਰੱਬ ਦਾ ਨਾਮ ਜਾਂ ਤਾਂ ਬਹੁਤ ਘੱਟ ਇਸਤੇਮਾਲ ਕਰਦੇ ਹਨ ਜਾਂ ਬਿਲਕੁਲ ਵੀ ਨਹੀਂ ਕਰਦੇ। ਉਹ ਰੱਬ ਦੇ ਨਾਮ ਦੀ ਜਗ੍ਹਾ ਅਕਸਰ “ਪ੍ਰਭੂ” ਪਾ ਦਿੰਦੇ ਹਨ। ਪਰ ਮੂਲ ਲਿਖਤਾਂ ਵਿਚ ਪਰਮੇਸ਼ੁਰ ਦਾ ਨਾਮ ਲਗਭਗ 7,000 ਵਾਰ ਪਾਇਆ ਗਿਆ ਸੀ। ਇਸ ਨਾਮ ਨੂੰ ਚਾਰ ਇਬਰਾਨੀ ਅੱਖਰ ਲੱਗਦੇ ਹਨ ਜਿਸ ਦਾ ਅੰਗ੍ਰੇਜ਼ੀ ਵਿਚ ਅਨੁਵਾਦ YHWH ਜਾਂ JHVH ਕੀਤਾ ਗਿਆ ਹੈ ਅਤੇ ਪੰਜਾਬੀ ਵਿਚ “ਯਹੋਵਾਹ” ਕੀਤਾ ਗਿਆ ਹੈ।

ਰੱਬ ਦਾ ਨਾਮ ਇਬਰਾਨੀ ਲਿਖਤਾਂ ਅਤੇ ਹੋਰ ਕਈ ਅਨੁਵਾਦਾਂ ਵਿਚ ਪਾਇਆ ਜਾਂਦਾ ਹੈ

ਮ੍ਰਿਤ ਸਾਗਰ ਦੀ ਜ਼ਬੂਰਾਂ ਦੀ ਪੋਥੀ ਪਹਿਲੀ ਸਦੀ ਈਸਵੀ, ਇਬਰਾਨੀ

ਟਿੰਡੇਲ ਦਾ ਅਨੁਵਾਦ 1530, ਅੰਗ੍ਰੇਜ਼ੀ

ਰਾਨਾ-ਵਾਲੈਰਾ ਅਨੁਵਾਦ 1602, ਸਪੇਨੀ

ਯੂਨੀਅਨ ਵਰਯਨ 1919, ਚੀਨੀ

ਰੱਬ ਦਾ ਨਾਮ ਜਾਣਨਾ ਜ਼ਰੂਰੀ ਕਿਉਂ ਹੈ?

ਰੱਬ ਲਈ ਉਸ ਦਾ ਨਾਮ ਮਾਅਨੇ ਰੱਖਦਾ ਹੈ। ਕਿਸੇ ਨੇ ਰੱਬ ਦਾ ਨਾਮ ਨਹੀਂ ਰੱਖਿਆ, ਉਸ ਨੇ ਆਪ ਆਪਣੇ ਲਈ ਇਹ ਨਾਮ ਚੁਣਿਆ ਹੈ। ਯਹੋਵਾਹ ਨੇ ਐਲਾਨ ਕੀਤਾ: “ਸਦੀਪ ਕਾਲ ਤੋਂ ਮੇਰਾ ਏਹੋ ਹੀ ਨਾਮ ਹੈ ਅਤੇ ਪੀੜ੍ਹੀਓਂ ਪੀੜ੍ਹੀ ਮੇਰੀ ਏਹੋ ਹੀ ਯਾਦਗਾਰੀ ਹੈ।” (ਕੂਚ 3:15) ਬਾਈਬਲ ਵਿਚ ਰੱਬ ਦਾ ਨਾਮ ਉਸ ਦੇ ਕਿਸੇ ਵੀ ਖ਼ਿਤਾਬ, ਜਿਵੇਂ ਸਰਬਸ਼ਕਤੀਮਾਨ, ਪਿਤਾ, ਪ੍ਰਭੂ ਜਾਂ ਪਰਮੇਸ਼ੁਰ ਨਾਲੋਂ ਜ਼ਿਆਦਾ ਵਾਰ ਆਉਂਦਾ ਹੈ। ਨਾਲੇ ਇਹ ਨਾਮ ਕਿਸੇ ਵਿਅਕਤੀ ਦੇ ਨਾਮ, ਜਿਵੇਂ ਅਬਰਾਹਾਮ, ਮੂਸਾ, ਦਾਊਦ ਜਾਂ ਯਿਸੂ ਨਾਲੋਂ ਜ਼ਿਆਦਾ ਵਾਰ ਆਉਂਦਾ ਹੈ। ਯਹੋਵਾਹ ਦੀ ਵੀ ਇਹੀ ਇੱਛਾ ਹੈ ਕਿ ਲੋਕ ਉਸ ਦਾ ਨਾਮ ਜਾਣਨ। ਬਾਈਬਲ ਕਹਿੰਦੀ ਹੈ: “ਭਈ ਓਹ ਜਾਣਨ ਕਿ ਇਕੱਲਾ ਤੂੰ ਹੀ ਜਿਹ ਦਾ ਨਾਮ ਯਹੋਵਾਹ ਹੈ ਸਾਰੀ ਧਰਤੀ ਉੱਤੇ ਅੱਤ ਮਹਾਨ ਹੈਂ!”​—ਜ਼ਬੂਰਾਂ ਦੀ ਪੋਥੀ 83:18.

ਯਿਸੂ ਲਈ ਰੱਬ ਦਾ ਨਾਮ ਮਾਅਨੇ ਰੱਖਦਾ ਹੈ। ਯਿਸੂ ਨੇ ਆਪਣੇ ਚੇਲਿਆਂ ਨੂੰ ਰੱਬ ਨੂੰ ਪ੍ਰਾਰਥਨਾ ਕਰਦੇ ਵੇਲੇ ਇਹ ਸ਼ਬਦ ਕਹਿਣ ਲਈ ਕਿਹਾ: “ਤੇਰਾ ਨਾਂ ਪਵਿੱਤਰ ਕੀਤਾ ਜਾਵੇ।” (ਮੱਤੀ 6:9) ਯਿਸੂ ਨੇ ਖ਼ੁਦ ਰੱਬ ਨੂੰ ਪ੍ਰਾਰਥਨਾ ਵਿਚ ਕਿਹਾ: “ਹੇ ਪਿਤਾ, ਆਪਣੇ ਨਾਂ ਦੀ ਮਹਿਮਾ ਕਰ।” (ਯੂਹੰਨਾ 12:28) ਰੱਬ ਦੇ ਨਾਮ ਦੀ ਮਹਿਮਾ ਕਰਨੀ ਯਿਸੂ ਦੀ ਜ਼ਿੰਦਗੀ ਵਿਚ ਸਭ ਤੋਂ ਜ਼ਰੂਰੀ ਗੱਲ ਸੀ। ਇਸੇ ਕਰਕੇ ਉਹ ਪ੍ਰਾਰਥਨਾ ਵਿਚ ਕਹਿ ਸਕਿਆ: “ਮੈਂ ਉਨ੍ਹਾਂ ਨੂੰ ਤੇਰੇ ਨਾਂ ਬਾਰੇ ਦੱਸਿਆ ਹੈ ਅਤੇ ਦੱਸਦਾ ਰਹਾਂਗਾ।”​—ਯੂਹੰਨਾ 17:26.

ਰੱਬ ਦਾ ਨਾਮ ਉਸ ਨੂੰ ਜਾਣਨ ਵਾਲਿਆਂ ਲਈ ਮਾਅਨੇ ਰੱਖਦਾ। ਪੁਰਾਣੇ ਜ਼ਮਾਨੇ ਵਿਚ ਰੱਬ ਦੇ ਸੇਵਕ ਇਹ ਗੱਲ ਸਮਝ ਗਏ ਸਨ ਕਿ ਉਨ੍ਹਾਂ ਦਾ ਬਚਾਅ ਰੱਬ ਦੇ ਨਾਮ ’ਤੇ ਨਿਰਭਰ ਕਰਦਾ ਹੈ। “ਯਹੋਵਾਹ ਦਾ ਨਾਮ ਇੱਕ ਪੱਕਾ ਬੁਰਜ ਹੈ, ਧਰਮੀ ਭੱਜ ਕੇ ਉਹ ਦੇ ਵਿੱਚ ਜਾਂਦਾ ਤੇ ਬਚਿਆ ਰਹਿੰਦਾ ਹੈ।” (ਕਹਾਉਤਾਂ 18:10) “ਜੋ ਕੋਈ ਯਹੋਵਾਹ ਦਾ ਨਾਮ ਲੈ ਕੇ ਪੁਕਾਰੇਗਾ, ਬਚਾਇਆ ਜਾਵੇਗਾ।” (ਯੋਏਲ 2:32) ਬਾਈਬਲ ਤੋਂ ਪਤਾ ਲੱਗਦਾ ਹੈ ਕਿ ਰੱਬ ਦੇ ਸੇਵਕ ਉਸ ਦੇ ਨਾਮ ਤੋਂ ਪਛਾਣੇ ਜਾਣਗੇ। “ਸਾਰੀਆਂ ਉੱਮਤਾਂ ਆਪੋ ਆਪਣੇ ਦਿਓਤਿਆਂ ਦੇ ਨਾਉਂ ਲੈ ਕੇ ਚੱਲਦੀਆਂ ਹਨ, ਪਰ ਅਸੀਂ ਆਪਣੇ ਪਰਮੇਸ਼ੁਰ ਯਹੋਵਾਹ ਦਾ ਨਾਮ ਲੈ ਕੇ ਸਦੀਪ ਕਾਲ ਤੀਕੁਰ ਚੱਲਾਂਗੇ।”​—ਮੀਕਾਹ 4:5; ਰਸੂਲਾਂ ਦੇ ਕੰਮ 15:14.

ਰੱਬ ਦੇ ਨਾਮ ਤੋਂ ਕੀ ਪਤਾ ਲੱਗਦਾ ਹੈ?

ਰੱਬ ਦੇ ਨਾਮ ਤੋਂ ਉਸ ਦੀ ਪਛਾਣ ਹੁੰਦੀ ਹੈ। ਕਈ ਵਿਦਵਾਨ ਮੰਨਦੇ ਹਨ ਕਿ ਯਹੋਵਾਹ ਦੇ ਨਾਮ ਦਾ ਮਤਲਬ ਹੈ, “ਉਹ ਕਰਨ ਤੇ ਕਰਾਉਣ ਵਾਲਾ ਬਣਦਾ ਹੈ।” ਯਹੋਵਾਹ ਨੇ ਆਪਣੇ ਨਾਮ ਦਾ ਮਤਲਬ ਹੋਰ ਸਾਫ਼ ਕੀਤਾ ਜਦੋਂ ਉਸ ਨੇ ਮੂਸਾ ਨੂੰ ਕਿਹਾ: “ਮੈਂ ਉਹ ਬਣਾਂਗਾ ਜੋ ਮੈਂ ਬਣਨਾ ਚਾਹੁੰਦਾ ਹਾਂ।” (ਕੂਚ 3:14, NW) ਸੋ ਰੱਬ ਦੇ ਨਾਮ ਤੋਂ ਸਿਰਫ਼ ਇਹ ਹੀ ਨਹੀਂ ਪਤਾ ਲੱਗਦਾ ਕਿ ਉਸ ਨੇ ਸਾਰੀਆਂ ਚੀਜ਼ਾਂ ਬਣਾਈਆਂ ਹਨ, ਸਗੋਂ ਇਹ ਵੀ ਪਤਾ ਲੱਗਦਾ ਹੈ ਕਿ ਉਹ ਜੋ ਚਾਹੇ ਬਣ ਸਕਦਾ ਹੈ ਅਤੇ ਆਪਣਾ ਮਕਸਦ ਪੂਰਾ ਕਰਨ ਲਈ ਆਪਣੀ ਸ੍ਰਿਸ਼ਟੀ ਤੋਂ ਵੀ ਕੁਝ ਵੀ ਕਰਵਾ ਸਕਦਾ ਹੈ। ਭਾਵੇਂ ਰੱਬ ਦੀਆਂ ਉਪਾਧੀਆਂ ਤੋਂ ਉਸ ਦੀ ਪਦਵੀ, ਅਧਿਕਾਰ ਜਾਂ ਤਾਕਤ ਦਾ ਪਤਾ ਲੱਗਦਾ ਹੈ, ਪਰ ਸਿਰਫ਼ ਉਸ ਦੇ ਨਾਮ, ਯਹੋਵਾਹ, ਤੋਂ ਹੀ ਇਹ ਜ਼ਾਹਰ ਹੁੰਦਾ ਹੈ ਕਿ ਉਹ ਕੌਣ ਹੈ ਅਤੇ ਕੀ ਬਣ ਸਕਦਾ ਹੈ।

ਰੱਬ ਦੇ ਨਾਮ ਤੋਂ ਪਤਾ ਲੱਗਦਾ ਹੈ ਕਿ ਉਹ ਸਾਡੇ ਵਿਚ ਦਿਲਚਸਪੀ ਰੱਖਦਾ ਹੈ। ਰੱਬ ਦੇ ਨਾਮ ਦੇ ਮਤਲਬ ਤੋਂ ਪਤਾ ਲੱਗਦਾ ਹੈ ਕਿ ਉਹ ਆਪਣੀ ਸ੍ਰਿਸ਼ਟੀ, ਜਿਸ ਵਿਚ ਅਸੀਂ ਵੀ ਸ਼ਾਮਲ ਹਾਂ, ਨੂੰ ਕਿੰਨਾ ਪਿਆਰ ਕਰਦਾ ਹੈ। ਇਸ ਤੋਂ ਇਲਾਵਾ, ਰੱਬ ਨੇ ਸਾਨੂੰ ਆਪਣਾ ਨਾਮ ਇਸ ਲਈ ਦੱਸਿਆ ਕਿਉਂਕਿ ਉਹ ਚਾਹੁੰਦਾ ਹੈ ਕਿ ਅਸੀਂ ਉਸ ਨੂੰ ਜਾਣੀਏ। ਹਾਂ, ਉਸ ਨੇ ਸਾਡੇ ਪੁੱਛਣ ਤੋਂ ਪਹਿਲਾਂ ਹੀ ਸਾਨੂੰ ਆਪਣਾ ਨਾਮ ਦੱਸਿਆ ਹੈ। ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਰੱਬ ਨਹੀਂ ਚਾਹੁੰਦਾ ਕਿ ਅਸੀਂ ਇਹ ਸੋਚੀਏ ਕਿ ਉਹ ਸਾਡੇ ਤੋਂ ਕੋਸੋ ਦੂਰ ਹੈ ਤੇ ਉਸ ਦੇ ਨੇੜੇ ਜਾਣਾ ਨਾਮੁਮਕਿਨ ਹੈ, ਸਗੋਂ ਉਹ ਚਾਹੁੰਦਾ ਹੈ ਕਿ ਅਸੀਂ ਉਸ ਦੇ ਨੇੜੇ ਜਾਈਏ।​—ਜ਼ਬੂਰਾਂ ਦੀ ਪੋਥੀ 73:28.

ਰੱਬ ਦਾ ਨਾਮ ਵਰਤ ਕੇ ਅਸੀਂ ਦਿਖਾਉਂਦੇ ਹਾਂ ਕਿ ਸਾਨੂੰ ਉਸ ਵਿਚ ਦਿਲਚਸਪੀ ਹੈ। ਮੰਨ ਲਓ ਤੁਸੀਂ ਕਿਸੇ ਨਾਲ ਦੋਸਤੀ ਕਰਨੀ ਚਾਹੁੰਦੇ ਹੋ। ਤੁਸੀਂ ਉਸ ਨੂੰ ਕਹਿੰਦੇ ਹੋ ਕਿ ਉਹ ਤੁਹਾਡਾ ਨਾਮ ਲੈ ਕੇ ਤੁਹਾਨੂੰ ਬੁਲਾਵੇ। ਪਰ ਤੁਹਾਨੂੰ ਕਿੱਦਾਂ ਦਾ ਲੱਗੇਗਾ ਜੇ ਉਹ ਜਾਣ-ਬੁੱਝ ਕੇ ਤੁਹਾਨੂੰ ਤੁਹਾਡੇ ਨਾਮ ਤੋਂ ਨਹੀਂ ਬੁਲਾਉਂਦਾ? ਸਮੇਂ ਦੇ ਬੀਤਣ ਨਾਲ ਤੁਸੀਂ ਸ਼ਾਇਦ ਸੋਚੋ: ‘ਇਹ ਸੱਚੀਂ ਮੇਰਾ ਦੋਸਤ ਬਣਨਾ ਚਾਹੁੰਦਾ ਵੀ ਹੈ?’ ਰੱਬ ਬਾਰੇ ਵੀ ਇਹ ਗੱਲ ਸੱਚ ਹੈ। ਯਹੋਵਾਹ ਨੇ ਇਨਸਾਨਾਂ ਨੂੰ ਆਪਣਾ ਨਾਮ ਦੱਸਿਆ ਹੈ ਅਤੇ ਉਹ ਚਾਹੁੰਦਾ ਹੈ ਕਿ ਅਸੀਂ ਉਸ ਦਾ ਨਾਮ ਲਈਏ। ਜਦੋਂ ਅਸੀਂ ਉਸ ਦਾ ਨਾਮ ਲੈਂਦੇ ਹਾਂ, ਤਾਂ ਅਸੀਂ ਦਿਖਾਉਂਦੇ ਹਾਂ ਕਿ ਅਸੀਂ ਉਸ ਦੇ ਨੇੜੇ ਜਾਣਾ ਚਾਹੁੰਦੇ ਹਾਂ। ਰੱਬ ਉਨ੍ਹਾਂ ਵੱਲ ਵੀ ਧਿਆਨ ਦਿੰਦਾ ਹੈ ਜਿਹੜੇ ਉਸ ਦੇ ਨਾਮ ਬਾਰੇ ਸੋਚ-ਵਿਚਾਰ ਕਰਦੇ ਹਨ।​—ਮਲਾਕੀ 3:16.

ਰੱਬ ਨੂੰ ਜਾਣਨ ਲਈ ਪਹਿਲਾਂ ਜ਼ਰੂਰੀ ਕਦਮ ਹੈ, ਉਸ ਦਾ ਨਾਮ ਜਾਣਨਾ। ਪਰ ਸਾਨੂੰ ਇੱਥੇ ਹੀ ਨਹੀਂ ਰੁਕ ਜਾਣਾ ਚਾਹੀਦਾ। ਉਸ ਦੇ ਨਾਮ ਤੋਂ ਇਲਾਵਾ ਸਾਨੂੰ ਇਹ ਵੀ ਜਾਣਨ ਦੀ ਲੋੜ ਹੈ ਕਿ ਉਹ ਕਿੱਦਾਂ ਦਾ ਸ਼ਖ਼ਸ ਹੈ।

ਰੱਬ ਦਾ ਨਾਮ ਕੀ ਹੈ? ਰੱਬ ਦਾ ਨਾਮ ਯਹੋਵਾਹ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਰੱਬ ਇਕ ਸ਼ਖ਼ਸ ਹੈ ਜੋ ਆਪਣਾ ਮਕਸਦ ਪੂਰਾ ਕਰ ਸਕਦਾ ਹੈ