Skip to content

Skip to table of contents

ਰੱਬ ਕਿਹੋ ਜਿਹਾ ਹੈ?

ਰੱਬ ਕਿਹੋ ਜਿਹਾ ਹੈ?

ਜਿੰਨਾ ਜ਼ਿਆਦਾ ਸਾਨੂੰ ਕਿਸੇ ਵਿਅਕਤੀ ਦੇ ਗੁਣਾਂ ਬਾਰੇ ਪਤਾ ਲੱਗਦਾ ਹੈ, ਉੱਨਾ ਜ਼ਿਆਦਾ ਅਸੀਂ ਉਸ ਨੂੰ ਜਾਣ ਪਾਉਂਦੇ ਹਾਂ ਅਤੇ ਉਸ ਨਾਲ ਸਾਡੀ ਦੋਸਤੀ ਗੂੜ੍ਹੀ ਹੁੰਦੀ ਹੈ। ਇਸੇ ਤਰ੍ਹਾਂ ਜਿੰਨਾ ਜ਼ਿਆਦਾ ਸਾਨੂੰ ਯਹੋਵਾਹ ਦੇ ਗੁਣਾਂ ਬਾਰੇ ਪਤਾ ਲੱਗੇਗਾ, ਉੱਨਾ ਜ਼ਿਆਦਾ ਅਸੀਂ ਜਾਣ ਪਾਵਾਂਗੇ ਕਿ ਉਹ ਕਿਹੋ ਜਿਹਾ ਹੈ ਅਤੇ ਉਸ ਨਾਲ ਸਾਡੀ ਦੋਸਤੀ ਗੂੜ੍ਹੀ ਹੋਵੇਗੀ। ਰੱਬ ਦੇ ਸਾਰੇ ਗੁਣਾਂ ਵਿੱਚੋਂ ਚਾਰ ਗੁਣ ਸਭ ਤੋਂ ਸ਼ਾਨਦਾਰ ਹਨ: ਸ਼ਕਤੀ, ਬੁੱਧ, ਨਿਆਂ ਅਤੇ ਪਿਆਰ।

ਰੱਬ ਸ਼ਕਤੀਸ਼ਾਲੀ ਹੈ

‘ਹੇ ਪ੍ਰਭੁ ਯਹੋਵਾਹ, ਵੇਖ! ਤੈਂ ਅਕਾਸ਼ ਅਤੇ ਧਰਤੀ ਨੂੰ ਵੱਡੀ ਸ਼ਕਤੀ ਨਾਲ ਬਣਾਇਆ ਹੈ।’​ਯਿਰਮਿਯਾਹ 32:17.

ਸ੍ਰਿਸ਼ਟੀ ਤੋਂ ਰੱਬ ਦੀ ਸ਼ਕਤੀ ਦਾ ਸਬੂਤ ਮਿਲਦਾ ਹੈ। ਮਿਸਾਲ ਲਈ, ਜਦੋਂ ਤੁਸੀਂ ਧੁੱਪ ਵਿਚ ਬਾਹਰ ਖੜ੍ਹੇ ਹੁੰਦੇ ਹੋ, ਤਾਂ ਤੁਹਾਨੂੰ ਆਪਣੀ ਚਮੜੀ ’ਤੇ ਕੀ ਮਹਿਸੂਸ ਹੁੰਦਾ ਹੈ? ਸੂਰਜ ਦੀ ਗਰਮੈਸ਼। ਅਸਲ ਵਿਚ ਇਸ ਤੋਂ ਯਹੋਵਾਹ ਦੀ ਤਾਕਤ ਬਾਰੇ ਪਤਾ ਲੱਗਦਾ ਹੈ। ਸੂਰਜ ਵਿਚ ਕਿੰਨੀ ਕੁ ਊਰਜਾ ਹੈ? ਇਸ ਦੇ ਧੁਰ ਅੰਦਰ ਤਾਪਮਾਨ ਲਗਭਗ 1,50,00,000 ਸੈਲਸੀਅਸ (2,70,00,000 ਫਾਰਨਹੀਟ) ਹੁੰਦਾ ਹੈ। ਹਰ ਸਕਿੰਟ ਇਸ ਵਿਚ ਲੱਖਾਂ-ਕਰੋੜਾਂ ਨਿਊਕਲੀ ਬੰਬਾਂ ਜਿੰਨੀ ਊਰਜਾ ਪੈਦਾ ਹੁੰਦੀ ਹੈ।

ਬ੍ਰਹਿਮੰਡ ਵਿਚ ਅਰਬਾਂ-ਖਰਬਾਂ ਤਾਰੇ ਹਨ ਤੇ ਇਨ੍ਹਾਂ ਵਿੱਚੋਂ ਬਹੁਤ ਸਾਰੇ ਤਾਰੇ ਸੂਰਜ ਨਾਲੋਂ ਵੀ ਵੱਡੇ ਹਨ। ਵਿਗਿਆਨੀ ਅੰਦਾਜ਼ਾ ਲਾਉਂਦੇ ਹਨ ਕਿ ਸਭ ਤੋਂ ਵੱਡੇ ਤਾਰਿਆਂ ਵਿੱਚੋਂ ਯੂਵਾਈ ਸਕੁਟੀ ਨਾਂ ਦੇ ਤਾਰੇ ਦਾ ਘੇਰਾ ਸੂਰਜ ਦੇ ਘੇਰੇ ਨਾਲੋਂ 1,700 ਗੁਣਾ ਜ਼ਿਆਦਾ ਹੈ। ਯੂਵਾਈ ਸਕੁਟੀ ਇੰਨਾ ਵੱਡਾ ਹੈ ਕਿ ਜੇ ਇਸ ਨੂੰ ਸੂਰਜ ਦੀ ਜਗ੍ਹਾ ਰੱਖਿਆ ਜਾਵੇਂ, ਤਾਂ ਇਹ ਧਰਤੀ ਅਤੇ ਜੁਪੀਟਰ ਗ੍ਰਹਿ ਨੂੰ ਢੱਕ ਲਵੇਗਾ। ਇਸ ਤੋਂ ਯਿਰਮਿਯਾਹ ਨਬੀ ਦੀ ਕਹੀ ਗੱਲ ਚੰਗੀ ਤਰ੍ਹਾਂ ਸਮਝ ਆਉਂਦੀ ਹੈ ਕਿ ਯਹੋਵਾਹ ਪਰਮੇਸ਼ੁਰ ਨੇ ਬ੍ਰਹਿਮੰਡ ਨੂੰ ਆਪਣੀ ਤਾਕਤ ਨਾਲ ਬਣਾਇਆ ਹੈ।

ਸਾਨੂੰ ਰੱਬ ਦੀ ਸ਼ਕਤੀ ਤੋਂ ਕਿਵੇਂ ਫ਼ਾਇਦਾ ਹੁੰਦਾ ਹੈ? ਸਾਡੀ ਜ਼ਿੰਦਗੀ ਰੱਬ ਦੀ ਸ੍ਰਿਸ਼ਟੀ ’ਤੇ ਨਿਰਭਰ ਕਰਦੀ ਹੈ, ਜਿਵੇਂ ਸੂਰਜ ਅਤੇ ਧਰਤੀ ਦੀਆਂ ਸਾਰੀਆਂ ਸ਼ਾਨਦਾਰ ਚੀਜ਼ਾਂ। ਨਾਲੇ ਰੱਬ ਹਰ ਕਿਸੇ ਇਨਸਾਨ ਦੇ ਫ਼ਾਇਦੇ ਲਈ ਆਪਣੀ ਸ਼ਕਤੀ ਵਰਤਦਾ ਹੈ। ਉਹ ਕਿੱਦਾਂ? ਪਹਿਲੀ ਸਦੀ ਵਿਚ ਰੱਬ ਨੇ ਯਿਸੂ ਨੂੰ ਚਮਤਕਾਰ ਕਰਨ ਦੀ ਸ਼ਕਤੀ ਦਿੱਤੀ ਸੀ। ਅਸੀਂ ਪੜ੍ਹਦੇ ਹਾਂ: “ਅੰਨ੍ਹੇ ਦੇਖ ਰਹੇ ਹਨ, ਲੰਗੜੇ ਤੁਰ ਰਹੇ ਹਨ, ਕੋੜ੍ਹੀ ਸ਼ੁੱਧ ਹੋ ਰਹੇ ਹਨ, ਬੋਲ਼ੇ ਸੁਣ ਰਹੇ ਹਨ, ਮਰ ਚੁੱਕੇ ਲੋਕ ਦੁਬਾਰਾ ਜੀਉਂਦੇ ਕੀਤੇ ਜਾ ਰਹੇ ਹਨ ਅਤੇ ਗ਼ਰੀਬ ਖ਼ੁਸ਼ ਖ਼ਬਰੀ ਸੁਣ ਰਹੇ ਹਨ।” (ਮੱਤੀ 11:5) ਅੱਜ ਬਾਰੇ ਕੀ? ਬਾਈਬਲ ਕਹਿੰਦੀ ਹੈ: ‘ਉਹ ਹੁੱਸੇ ਹੋਏ ਨੂੰ ਬਲ ਦਿੰਦਾ ਹੈ। ਯਹੋਵਾਹ ਦੇ ਉਡੀਕਣ ਵਾਲੇ ਨਵੇਂ ਸਿਰਿਓਂ ਬਲ ਪਾਉਣਗੇ।’ (ਯਸਾਯਾਹ 40:29, 31) ਰੱਬ ਸਾਨੂੰ ਉਹ ਤਾਕਤ ਦੇ ਸਕਦਾ ਹੈ ਜਿਹੜੀ “ਇਨਸਾਨੀ ਤਾਕਤ ਨਾਲੋਂ ਕਿਤੇ ਵਧ ਕੇ ਹੈ।” ਇਸ ਤਾਕਤ ਦੀ ਮਦਦ ਨਾਲ ਅਸੀਂ ਜ਼ਿੰਦਗੀ ਦੀਆਂ ਔਖੀਆਂ ਘੜੀਆਂ ਵਿੱਚੋਂ ਲੰਘ ਸਕਦੇ ਹਾਂ। (2 ਕੁਰਿੰਥੀਆਂ 4:7) ਕੀ ਤੁਸੀਂ ਆਪਣੇ ਆਪ ਨੂੰ ਅਜਿਹੇ ਰੱਬ ਦੇ ਨੇੜੇ ਨਹੀਂ ਮਹਿਸੂਸ ਕਰਦੇ ਜੋ ਪਿਆਰ ਹੋਣ ਕਰਕੇ ਸਾਨੂੰ ਅਸੀਮ ਸ਼ਕਤੀ ਦਿੰਦਾ ਹੈ?

ਰੱਬ ਬੁੱਧੀਮਾਨ ਹੈ

“ਹੇ ਯਹੋਵਾਹ, ਤੇਰੇ ਕੰਮ ਕੇਡੇ ਢੇਰ ਸਾਰੇ ਹਨ! ਤੈਂ ਇਨ੍ਹਾਂ ਸਾਰਿਆਂ ਨੂੰ ਬੁੱਧੀ ਨਾਲ ਸਾਜਿਆ ਹੈ।”​ਜ਼ਬੂਰਾਂ ਦੀ ਪੋਥੀ 104:24.

ਜਿੰਨਾ ਜ਼ਿਆਦਾ ਅਸੀਂ ਰੱਬ ਦੀਆਂ ਬਣਾਈਆਂ ਚੀਜ਼ਾਂ ਬਾਰੇ ਸਿੱਖਦੇ ਹਾਂ, ਉੱਨਾ ਜ਼ਿਆਦਾ ਅਸੀਂ ਉਸ ਦੀ ਬੁੱਧ ਬਾਰੇ ਜਾਣ ਕੇ ਦੰਗ ਰਹਿ ਜਾਂਦੇ ਹਾਂ। ਬਾਇਓਮਿਮੈਟਿਕਸ ਜਾਂ ਬਾਇਓਮਿਮੀਕਰੀ ਇਕ ਅਜਿਹਾ ਖੇਤਰ ਹੈ ਜਿਸ ਵਿਚ ਵਿਗਿਆਨੀ ਯਹੋਵਾਹ ਦੀ ਸ੍ਰਿਸ਼ਟੀ ਦਾ ਅਧਿਐਨ ਕਰਦੇ ਹਨ ਅਤੇ ਆਪਣੀਆਂ ਬਣਾਈਆਂ ਚੀਜ਼ਾਂ ਵਿਚ ਸੁਧਾਰ ਕਰਨ ਲਈ ਸ੍ਰਿਸ਼ਟੀ ਦੀ ਨਕਲ ਕਰਦੇ ਹਨ। ਇਨ੍ਹਾਂ ਚੀਜ਼ਾਂ ਵਿਚ ਕੈਮਰੇ ਦੇ ਲੈਂਜ਼ ਤੋਂ ਲੈ ਕੇ ਜਹਾਜ਼ ਵਰਗੀਆਂ ਚੀਜ਼ਾਂ ਸ਼ਾਮਲ ਹਨ।

ਇਨਸਾਨੀ ਅੱਖ ਕਮਾਲ ਦੀ ਸ੍ਰਿਸ਼ਟੀ ਹੈ

ਰੱਬ ਦੀ ਬੁੱਧੀ ਦੀ ਸਭ ਤੋਂ ਸ਼ਾਨਦਾਰ ਮਿਸਾਲ ਹੈ, ਇਨਸਾਨੀ ਸਰੀਰ। ਮਿਸਾਲ ਲਈ ਜ਼ਰਾ ਗੌਰ ਕਰੋ ਕਿ ਇਕ ਬੱਚਾ ਕਿਵੇਂ ਬਣਦਾ ਹੈ। ਇਸ ਦੀ ਸ਼ੁਰੂਆਤ ਇਕ ਛੋਟੇ ਜਿਹੇ ਸੈੱਲ ਨਾਲ ਹੁੰਦੀ ਹੈ ਅਤੇ ਇਸ ਸੈੱਲ ਵਿਚ ਸਰੀਰ ਦੀ ਬਣਤਰ ਬਾਰੇ ਸਾਰੀ ਲੋੜੀਂਦੀ ਜਾਣਕਾਰੀ ਹੁੰਦੀ ਹੈ। ਇਸ ਸੈੱਲ ਤੋਂ ਬਹੁਤ ਸਾਰੇ ਸੈੱਲ ਬਣ ਜਾਂਦੇ ਹਨ ਜੋ ਦੇਖਣ ਨੂੰ ਇੱਕੋ ਜਿਹੇ ਲੱਗਦੇ ਹਨ। ਪਰ ਇਕ ਸਮੇਂ ’ਤੇ ਆ ਕੇ ਇਨ੍ਹਾਂ ਸੈੱਲਾਂ ਤੋਂ ਸੈਂਕੜੇ ਹੀ ਅਲੱਗ-ਅਲੱਗ ਕਿਸਮ ਦੇ ਸੈੱਲ ਬਣਨ ਲੱਗਦੇ ਹਨ, ਜਿਵੇਂ ਖ਼ੂਨ ਦੇ ਸੈੱਲ, ਨਾੜੀਆਂ ਦੇ ਸੈੱਲ ਅਤੇ ਹੱਡੀਆਂ ਦੇ ਸੈੱਲ। ਜਲਦੀ ਹੀ ਅੰਗ ਬਣਨ ਲੱਗਦੇ ਹਨ ਅਤੇ ਕੰਮ ਕਰਨਾ ਸ਼ੁਰੂ ਕਰ ਦਿੰਦੇ ਹਨ। ਸਿਰਫ਼ ਨੌਂ ਮਹੀਨਿਆਂ ਦੇ ਅੰਦਰ-ਅੰਦਰ ਇਕ ਛੋਟਾ ਜਿਹਾ ਸੈੱਲ ਇਕ ਬੱਚੇ ਵਿਚ ਬਦਲ ਜਾਂਦਾ ਹੈ ਜਿਸ ਵਿਚ ਅਰਬਾਂ ਹੀ ਸੈੱਲ ਹੁੰਦੇ ਹਨ। ਇਹੋ ਜਿਹੇ ਡੀਜ਼ਾਈਨਾਂ ਨੂੰ ਦੇਖ ਕੇ ਬਹੁਤ ਸਾਰੇ ਲੋਕ ਬਾਈਬਲ ਲਿਖਾਰੀ ਦੀ ਇਸ ਗੱਲ ਨਾਲ ਸਹਿਮਤ ਹੁੰਦੇ ਹਨ: “ਮੈਂ ਤੇਰਾ ਧੰਨਵਾਦ ਕਰਾਂਗਾ, ਕਿਉਂ ਜੋ ਮੈਂ ਭਿਆਣਕ ਰੀਤੀ ਤੇ ਅਚਰਜ ਹਾਂ।”​—ਜ਼ਬੂਰਾਂ ਦੀ ਪੋਥੀ 139:14.

ਸਾਨੂੰ ਰੱਬ ਦੀ ਬੁੱਧੀ ਤੋਂ ਕਿਵੇਂ ਫ਼ਾਇਦਾ ਹੁੰਦਾ ਹੈ? ਸਾਡੇ ਸਿਰਜਣਹਾਰ ਨੂੰ ਪਤਾ ਹੈ ਕਿ ਸਾਨੂੰ ਖ਼ੁਸ਼ ਰਹਿਣ ਲਈ ਕਿਹੜੀ ਚੀਜ਼ ਦੀ ਲੋੜ ਹੈ। ਰੱਬ ਕੋਲ ਅਸੀਮ ਗਿਆਨ ਹੈ ਅਤੇ ਉਹ ਸਾਨੂੰ ਬਹੁਤ ਚੰਗੀ ਤਰ੍ਹਾਂ ਸਮਝਦਾ ਹੈ। ਉਸ ਨੇ ਆਪਣੇ ਬਚਨ ਬਾਈਬਲ ਵਿਚ ਵਧੀਆ ਸਲਾਹਾਂ ਦਿੱਤੀਆਂ ਹਨ। ਮਿਸਾਲ ਲਈ, ਇਸ ਵਿਚ ਦੱਸਿਆ ਗਿਆ ਹੈ: “ਇਕ-ਦੂਜੇ ਨੂੰ ਦਿਲੋਂ ਮਾਫ਼ ਕਰਦੇ ਰਹੋ।” (ਕੁਲੁੱਸੀਆਂ 3:13) ਕੀ ਇਹ ਸਲਾਹ ਵਧੀਆ ਹੈ? ਬਿਲਕੁਲ। ਡਾਕਟਰਾਂ ਨੇ ਦੇਖਿਆ ਹੈ ਕਿ ਮਾਫ਼ ਕਰਨ ਨਾਲ ਨੀਂਦ ਚੰਗੀ ਤਰ੍ਹਾਂ ਆਉਂਦੀ ਹੈ ਅਤੇ ਬਲੱਡ-ਪ੍ਰੈਸ਼ਰ ਵੀ ਠੀਕ ਰਹਿੰਦਾ ਹੈ। ਮਾਫ਼ ਕਰਨ ਨਾਲ ਡਿਪਰੈਸ਼ਨ ਅਤੇ ਹੋਰ ਬੀਮਾਰੀਆਂ ਲੱਗਣ ਦਾ ਖ਼ਤਰਾ ਘੱਟ ਹੋ ਜਾਂਦਾ ਹੈ। ਰੱਬ ਇਕ ਬੁੱਧੀਮਾਨ ਪਰਵਾਹ ਕਰਨ ਵਾਲੇ ਦੋਸਤ ਵਾਂਗ ਹੈ ਜੋ ਕਦੇ ਵੀ ਚੰਗੀ ਅਤੇ ਫ਼ਾਇਦੇਮੰਦ ਸਲਾਹ ਦੇਣ ਤੋਂ ਪਿੱਛੇ ਨਹੀਂ ਹਟਦਾ। (2 ਤਿਮੋਥਿਉਸ 3:16, 17) ਕੀ ਤੁਸੀਂ ਅਜਿਹਾ ਦੋਸਤ ਨਹੀਂ ਬਣਾਉਣਾ ਚਾਹੁੰਦੇ?

ਰੱਬ ਹਮੇਸ਼ਾ ਨਿਆਂ ਕਰਦਾ ਹੈ

“ਯਹੋਵਾਹ ਤਾਂ ਨਿਆਉਂ ਨਾਲ ਪ੍ਰੇਮ ਰੱਖਦਾ ਹੈ।”​ਜ਼ਬੂਰਾਂ ਦੀ ਪੋਥੀ 37:28.

ਰੱਬ ਦੇ ਕੰਮ ਹਮੇਸ਼ਾ ਸਹੀ ਹੁੰਦੇ ਹਨ। ਅਸਲ ਵਿਚ ‘ਇਹ ਪਰਮੇਸ਼ੁਰ ਤੋਂ ਦੂਰ ਹੈ ਕਿ ਉਹ ਦੁਸ਼ਟਪੁਣਾ ਕਰੇ, ਨਾਲੇ ਸਰਬ ਸ਼ਕਤੀਮਾਨ ਤੋਂ ਕਿ ਉਹ ਬੁਰਿਆਈ ਕਰੇ!’ (ਅੱਯੂਬ 34:10) ਰੱਬ ਹਮੇਸ਼ਾ ਸਹੀ ਫ਼ੈਸਲੇ ਕਰਦਾ ਹੈ। ਜ਼ਬੂਰਾਂ ਦੇ ਲਿਖਾਰੀ ਨੇ ਯਹੋਵਾਹ ਬਾਰੇ ਕਿਹਾ: “ਤੂੰ ਲੋਕਾਂ ਦਾ ਧਰਮ ਨਾਲ ਨਿਆਉਂ ਕਰੇਂਗਾ।” (ਜ਼ਬੂਰਾਂ ਦੀ ਪੋਥੀ 67:4) “ਯਹੋਵਾਹ ਰਿਦੇ ਨੂੰ ਵੇਖਦਾ ਹੈ।” ਇਸ ਲਈ ਕੋਈ ਵੀ ਉਸ ਨੂੰ ਮੂਰਖ ਨਹੀਂ ਬਣਾ ਸਕਦਾ। ਉਹ ਸੱਚ ਨੂੰ ਪਛਾਣ ਸਕਦਾ ਹੈ ਅਤੇ ਹਮੇਸ਼ਾ ਨਿਆਂ ਕਰਦਾ ਹੈ। (1 ਸਮੂਏਲ 16:7) ਇਸ ਤੋਂ ਇਲਾਵਾ, ਰੱਬ ਨੂੰ ਧਰਤੀ ’ਤੇ ਹੋ ਰਹੇ ਅਪਰਾਧ ਅਤੇ ਅਨਿਆਂ ਬਾਰੇ ਚੰਗੀ ਤਰ੍ਹਾਂ ਪਤਾ ਹੈ ਅਤੇ ਉਸ ਨੇ ਵਾਅਦਾ ਕੀਤਾ ਹੈ ਕਿ ਜਲਦੀ ਹੀ “ਦੁਸ਼ਟ ਧਰਤੀ ਉੱਤੋਂ ਕੱਟੇ ਜਾਣਗੇ।”​—ਕਹਾਉਤਾਂ 2:22.

ਪਰ ਰੱਬ ਸਖ਼ਤ ਨਿਆਂਕਾਰ ਨਹੀਂ ਹੈ ਜੋ ਸਜ਼ਾ ਦੇਣ ਲਈ ਤਿਆਰ ਰਹਿੰਦਾ ਹੈ। ਜਦੋਂ ਕੋਈ ਤੋਬਾ ਕਰਦਾ ਹੈ, ਤਾਂ ਉਹ ਦਇਆ ਵੀ ਕਰਦਾ ਹੈ। ਬਾਈਬਲ ਕਹਿੰਦੀ ਹੈ: “ਯਹੋਵਾਹ ਦਯਾਲੂ ਤੇ ਕਿਰਪਾਲੂ ਹੈ।” ਜੇ ਦੁਸ਼ਟ ਇਨਸਾਨ ਸੱਚੇ ਦਿਲੋਂ ਤੋਬਾ ਕਰਦਾ ਹੈ, ਤਾਂ ਰੱਬ ਉਸ ’ਤੇ ਵੀ ਦਇਆ ਕਰਦਾ ਹੈ। ਕੀ ਇਹ ਸੱਚਾ ਨਿਆਂ ਨਹੀਂ ਹੈ?​—ਜ਼ਬੂਰਾਂ ਦੀ ਪੋਥੀ 103:8; 2 ਪਤਰਸ 3:9.

ਸਾਨੂੰ ਰੱਬ ਦੇ ਨਿਆਂ ਤੋਂ ਕਿਵੇਂ ਫ਼ਾਇਦਾ ਹੁੰਦਾ ਹੈ? ਪਤਰਸ ਰਸੂਲ ਨੇ ਕਿਹਾ: “ਪਰਮੇਸ਼ੁਰ ਕਿਸੇ ਨਾਲ ਪੱਖਪਾਤ ਨਹੀਂ ਕਰਦਾ, ਪਰ ਹਰ ਕੌਮ ਵਿਚ ਜਿਹੜਾ ਵੀ ਇਨਸਾਨ ਉਸ ਤੋਂ ਡਰਦਾ ਹੈ ਅਤੇ ਸਹੀ ਕੰਮ ਕਰਦਾ ਹੈ, ਪਰਮੇਸ਼ੁਰ ਉਸ ਨੂੰ ਕਬੂਲ ਕਰਦਾ ਹੈ।” (ਰਸੂਲਾਂ ਦੇ ਕੰਮ 10:34, 35) ਸਾਨੂੰ ਰੱਬ ਦੇ ਨਿਆਂ ਤੋਂ ਫ਼ਾਇਦਾ ਹੁੰਦਾ ਹੈ ਕਿਉਂਕਿ ਉਹ ਕਦੇ ਵੀ ਪੱਖਪਾਤ ਜਾਂ ਤਰਫ਼ਦਾਰੀ ਨਹੀਂ ਕਰਦਾ। ਭਾਵੇਂ ਅਸੀਂ ਕਿਸੇ ਵੀ ਕੌਮ ਜਾਂ ਦੇਸ਼ ਦੇ ਹੋਈਏ, ਸਾਡੀ ਪੜ੍ਹਾਈ-ਲਿਖਾਈ ਜਾਂ ਸਮਾਜ ਵਿਚ ਸਾਡਾ ਜੋ ਮਰਜ਼ੀ ਰੁਤਬਾ ਹੋਵੇ, ਫਿਰ ਵੀ ਅਸੀਂ ਰੱਬ ਦੀ ਮਿਹਰ ਹਾਸਲ ਕਰ ਸਕਦੇ ਹਾਂ ਤੇ ਉਸ ਦੀ ਭਗਤੀ ਕਰ ਸਕਦੇ ਹਾਂ।

ਰੱਬ ਪੱਖਪਾਤ ਨਹੀਂ ਕਰਦਾ। ਇਸ ਲਈ ਅਸੀਂ ਚਾਹੇ ਜਿਸ ਮਰਜ਼ੀ ਕੌਮ ਦੇ ਹੋਈਏ ਜਾਂ ਸਾਡਾ ਸਮਾਜ ਵਿਚ ਰੁਤਬਾ ਜੋ ਮਰਜ਼ੀ ਹੋਵੇ, ਅਸੀਂ ਉਸ ਦੇ ਕੰਮਾਂ ਤੋਂ ਫ਼ਾਇਦਾ ਲੈ ਸਕਦੇ ਹਾਂ

ਰੱਬ ਚਾਹੁੰਦਾ ਹੈ ਕਿ ਅਸੀਂ ਉਸ ਦਾ ਨਿਆਂ ਕਰਨ ਦਾ ਤਰੀਕਾ ਸਮਝੀਏ ਅਤੇ ਉਸ ਦੇ ਨਿਆਂ ਤੋਂ ਫ਼ਾਇਦਾ ਲਈਏ। ਇਸ ਲਈ ਉਸ ਨੇ ਸਾਨੂੰ ਜ਼ਮੀਰ ਦਿੱਤੀ ਹੈ। ਬਾਈਬਲ ਵਿਚ ਜ਼ਮੀਰ ਬਾਰੇ ਕਿਹਾ ਗਿਆ ਹੈ ਕਿ ਇਹ ਇਕ ਅਜਿਹਾ ਕਾਨੂੰਨ ਹੈ ਜੋ ‘ਸਾਡੇ ਦਿਲਾਂ ਉੱਤੇ ਲਿਖਿਆ’ ਹੋਇਆ ਹੈ। ਇਹ ਕਾਨੂੰਨ “ਗਵਾਹੀ” ਦਿੰਦਾ ਹੈ ਕਿ ਅਸੀਂ ਸਹੀ ਕੰਮ ਰਹੇ ਹਾਂ ਜਾਂ ਗ਼ਲਤ। (ਰੋਮੀਆਂ 2:15) ਸਾਨੂੰ ਜ਼ਮੀਰ ਤੋਂ ਕਿਵੇਂ ਫ਼ਾਇਦਾ ਹੁੰਦਾ ਹੈ? ਜੇ ਜ਼ਮੀਰ ਨੂੰ ਚੰਗੀ ਸਿਖਲਾਈ ਦਿੱਤੀ ਜਾਵੇਂ, ਤਾਂ ਇਹ ਸਾਨੂੰ ਬੁਰੇ ਕੰਮਾਂ ਤੋਂ ਦੂਰ ਰਹਿਣ ਦੀ ਹੱਲਾਸ਼ੇਰੀ ਦਿੰਦੀ ਹੈ ਅਤੇ ਜੇ ਸਾਡੇ ਕੋਲੋਂ ਗ਼ਲਤੀ ਹੋ ਵੀ ਜਾਂਦੀ ਹੈ, ਤਾਂ ਇਹ ਸਾਨੂੰ ਤੋਬਾ ਕਰਨ ਅਤੇ ਬੁਰੇ ਰਾਹਾਂ ਤੋਂ ਮੁੜਨ ਲਈ ਪ੍ਰੇਰਦੀ ਹੈ। ਜਦੋਂ ਅਸੀਂ ਸਮਝਦੇ ਹਾਂ ਕਿ ਰੱਬ ਕਿਵੇਂ ਨਿਆਂ ਕਰਦਾ ਹੈ, ਤਾਂ ਅਸੀਂ ਉਸ ਦੇ ਨੇੜੇ ਜਾਂਦੇ ਹਾਂ!

ਪਰਮੇਸ਼ੁਰ ਪਿਆਰ ਹੈ

“ਪਰਮੇਸ਼ੁਰ ਪਿਆਰ ਹੈ।”​1 ਯੂਹੰਨਾ 4:8.

ਰੱਬ ਨੇ ਕਈ ਤਰੀਕਿਆਂ ਨਾਲ ਦਿਖਾਇਆ ਹੈ ਕਿ ਉਸ ਕੋਲ ਸ਼ਕਤੀ ਹੈ, ਉਹ ਬੁੱਧੀਮਾਨ ਹੈ ਅਤੇ ਉਹ ਨਿਆਂ ਕਰਦਾ ਹੈ। ਪਰ ਬਾਈਬਲ ਇਹ ਨਹੀਂ ਕਹਿੰਦੀ ਕਿ ਰੱਬ ਸ਼ਕਤੀ, ਬੁੱਧ ਜਾਂ ਨਿਆਂ ਹੈ, ਸਗੋਂ ਇਹ ਕਹਿੰਦੀ ਹੈ ਕਿ ਰੱਬ ਪਿਆਰ ਹੈ। ਕਿਉਂ? ਕਿਉਂਕਿ ਰੱਬ ਦੀ ਸ਼ਕਤੀ ਉਸ ਨੂੰ ਕੋਈ ਕੰਮ ਕਰਨ ਦੇ ਕਾਬਲ ਬਣਾਉਂਦੀ ਹੈ। ਨਿਆਂ ਤੇ ਬੁੱਧ ਵਰਗੇ ਗੁਣ ਹੋਣ ਕਰਕੇ ਉਸ ਨੂੰ ਕੋਈ ਕੰਮ ਕਰਨ ਦੀ ਸੇਧ ਮਿਲਦੀ ਹੈ। ਪਰ ਪਿਆਰ ਯਹੋਵਾਹ ਨੂੰ ਕੋਈ ਕੰਮ ਕਰਨ ਲਈ ਪ੍ਰੇਰਦਾ ਹੈ। ਪਿਆਰ ਹੋਣ ਕਰਕੇ ਹੀ ਰੱਬ ਸਾਰੇ ਕੰਮ ਕਰਦਾ ਹੈ।

ਯਹੋਵਾਹ ਕੋਲ ਕਿਸੇ ਵੀ ਚੀਜ਼ ਦੀ ਘਾਟ ਨਹੀਂ ਹੈ, ਪਰ ਪਿਆਰ ਹੋਣ ਕਰਕੇ ਉਸ ਨੇ ਸਵਰਗ ਵਿਚ ਦੂਤ ਅਤੇ ਧਰਤੀ ’ਤੇ ਇਨਸਾਨ ਬਣਾਏ। ਇਨਸਾਨਾਂ ਅਤੇ ਦੂਤਾਂ ਦੋਵਾਂ ਨੂੰ ਰੱਬ ਦੇ ਪਿਆਰ ਤੋਂ ਫ਼ਾਇਦਾ ਹੁੰਦਾ ਹੈ। ਰੱਬ ਨੇ ਬਿਨਾਂ ਕਿਸੇ ਸੁਆਰਥ ਦੇ ਧਰਤੀ ਨੂੰ ਇਨਸਾਨਾਂ ਦੇ ਰਹਿਣ ਲਈ ਬਣਾਇਆ ਸੀ ਤੇ ਅੱਜ ਵੀ ‘ਉਹ ਆਪਣਾ ਸੂਰਜ ਬੁਰਿਆਂ ਅਤੇ ਚੰਗਿਆਂ ਦੋਹਾਂ ’ਤੇ ਚਾੜ੍ਹ ਕੇ ਅਤੇ ਨੇਕ ਤੇ ਦੁਸ਼ਟ ਲੋਕਾਂ ’ਤੇ ਮੀਂਹ ਵਰ੍ਹਾ ਕੇ’ ਆਪਣੇ ਪਿਆਰ ਦਾ ਇਜ਼ਹਾਰ ਕਰਦਾ ਹੈ।​—ਮੱਤੀ 5:45.

ਇਸ ਤੋਂ ਇਲਾਵਾ, “ਯਹੋਵਾਹ ਬਹੁਤ ਹੀ ਹਮਦਰਦ ਅਤੇ ਦਇਆਵਾਨ ਹੈ।” (ਯਾਕੂਬ 5:11) ਜੋ ਲੋਕ ਉਸ ਨੂੰ ਜਾਣਨ ਅਤੇ ਉਸ ਦੇ ਨੇੜੇ ਜਾਣ ਲਈ ਕਦਮ ਚੁੱਕਦੇ ਹਨ, ਉਹ ਉਨ੍ਹਾਂ ਲਈ ਆਪਣਾ ਪਿਆਰ ਜ਼ਾਹਰ ਕਰਦਾ ਹੈ। ਰੱਬ ਇਨ੍ਹਾਂ ਲੋਕਾਂ ਵਿੱਚੋਂ ਹਰ ਕਿਸੇ ਵਿਚ ਗਹਿਰੀ ਦਿਲਚਸਪੀ ਲੈਂਦਾ ਹੈ। ਅਸਲ ਵਿਚ ਉਸ ਨੂੰ “ਤੁਹਾਡਾ ਫ਼ਿਕਰ ਹੈ।”​1 ਪਤਰਸ 5:7.

ਸਾਨੂੰ ਰੱਬ ਦੇ ਪਿਆਰ ਤੋਂ ਕਿਵੇਂ ਫ਼ਾਇਦਾ ਹੁੰਦਾ ਹੈ? ਅਸੀਂ ਛਿੱਪਦੇ ਸੂਰਜ ਦਾ ਮਜ਼ਾ ਲੈਂਦੇ ਹਾਂ। ਅਸੀਂ ਛੋਟੇ ਬੱਚੇ ਨੂੰ ਹੱਸਦਿਆਂ ਦੇਖ ਖ਼ੁਸ਼ ਹੁੰਦੇ ਹਾਂ। ਪਰਿਵਾਰ ਵਿਚ ਪਿਆਰ ਹੋਣ ਕਰਕੇ ਸਾਨੂੰ ਖ਼ੁਸ਼ੀ ਹੁੰਦੀ ਹੈ। ਇਹ ਗੱਲਾਂ ਜ਼ਰੂਰੀ ਨਹੀਂ ਹਨ, ਪਰ ਇਹ ਸਾਡੀ ਜ਼ਿੰਦਗੀ ਵਿਚ ਖ਼ੁਸ਼ੀਆਂ ਭਰ ਦਿੰਦੀਆਂ ਹਨ।

ਰੱਬ ਨੇ ਇਕ ਹੋਰ ਤਰੀਕੇ ਨਾਲ ਪਿਆਰ ਦਿਖਾਇਆ ਹੈ ਜਿਸ ਤੋਂ ਸਾਨੂੰ ਫ਼ਾਇਦਾ ਹੁੰਦਾ ਹੈ, ਉਹ ਹੈ: ਪ੍ਰਾਰਥਨਾ। ਬਾਈਬਲ ਕਹਿੰਦੀ ਹੈ: “ਕਿਸੇ ਗੱਲ ਦੀ ਚਿੰਤਾ ਨਾ ਕਰੋ, ਸਗੋਂ ਹਰ ਗੱਲ ਵਿਚ ਪਰਮੇਸ਼ੁਰ ਨੂੰ ਪ੍ਰਾਰਥਨਾ, ਫ਼ਰਿਆਦ, ਧੰਨਵਾਦ ਤੇ ਬੇਨਤੀ ਕਰੋ।” ਇਕ ਪਿਆਰੇ ਪਿਤਾ ਵਾਂਗ ਰੱਬ ਚਾਹੁੰਦਾ ਹੈ ਕਿ ਸਾਨੂੰ ਜਿਨ੍ਹਾਂ ਗੱਲਾਂ ਦਾ ਸਭ ਤੋਂ ਜ਼ਿਆਦਾ ਫ਼ਿਕਰ ਹੈ, ਅਸੀਂ ਉਨ੍ਹਾਂ ਲਈ ਉਸ ਕੋਲੋਂ ਮਦਦ ਮੰਗੀਏ। ਪਿਆਰ ਹੋਣ ਕਰਕੇ ਯਹੋਵਾਹ ਵਾਅਦਾ ਕਰਦਾ ਹੈ ਕਿ ਉਹ ਸਾਨੂੰ ਅਜਿਹੀ ‘ਸ਼ਾਂਤੀ ਦੇਵੇਗਾ ਜਿਹੜੀ ਸਾਰੀ ਇਨਸਾਨੀ ਸਮਝ ਤੋਂ ਬਾਹਰ ਹੈ।’​—ਫ਼ਿਲਿੱਪੀਆਂ 4:6, 7.

ਰੱਬ ਦੀ ਸ਼ਕਤੀ, ਬੁੱਧ, ਨਿਆਂ ਅਤੇ ਪਿਆਰ ਬਾਰੇ ਸਿੱਖ ਕੇ ਤੁਹਾਨੂੰ ਜ਼ਰੂਰ ਪਤਾ ਲੱਗਾ ਹੋਣਾ ਕਿ ਰੱਬ ਕਿਹੋ ਜਿਹਾ ਹੈ। ਰੱਬ ਲਈ ਆਪਣੀ ਕਦਰਦਾਨੀ ਹੋਰ ਵਧਾਉਣ ਲਈ ਅਸੀਂ ਤੁਹਾਨੂੰ ਸੱਦਾ ਦਿੰਦੇ ਹਾਂ ਕਿ ਤੁਸੀਂ ਸਿੱਖੋ ਕਿ ਰੱਬ ਨੇ ਹੁਣ ਤਕ ਕੀ ਕੀਤਾ ਹੈ ਅਤੇ ਉਹ ਆਉਣ ਵਾਲੇ ਸਮੇਂ ਵਿਚ ਜੋ ਕਰੇਗਾ ਉਸ ਤੋਂ ਤੁਹਾਨੂੰ ਕੀ ਫ਼ਾਇਦਾ ਹੋ ਸਕਦਾ ਹੈ।

ਰੱਬ ਕਿਹੋ ਜਿਹਾ ਹੈ? ਯਹੋਵਾਹ ਕਿਸੇ ਵੀ ਸ਼ਖ਼ਸ ਨਾਲੋਂ ਜ਼ਿਆਦਾ ਸ਼ਕਤੀਸ਼ਾਲੀ ਅਤੇ ਬੁੱਧੀਮਾਨ ਹੈ। ਉਹ ਸਭ ਤੋਂ ਵਧੀਆ ਨਿਆਂਕਾਰ ਹੈ।