Skip to content

ਰੱਬ ਦਾ ਰਾਜ ਕੀ ਹੈ?

ਰੱਬ ਦਾ ਰਾਜ ਕੀ ਹੈ?

ਬਾਈਬਲ ਕਹਿੰਦੀ ਹੈ

 ਰੱਬ ਦਾ ਰਾਜ ਇਕ ਅਸਲੀ ਸਰਕਾਰ ਹੈ ਜਿਸ ਨੂੰ ਯਹੋਵਾਹ ਪਰਮੇਸ਼ੁਰ ਨੇ ਸਥਾਪਿਤ ਕੀਤਾ ਹੈ। ਬਾਈਬਲ ਵਿਚ ‘ਪਰਮੇਸ਼ੁਰ ਦੇ ਰਾਜ’ ਨੂੰ “ਸਵਰਗ ਦਾ ਰਾਜ” ਵੀ ਕਿਹਾ ਗਿਆ ਹੈ ਕਿਉਂਕਿ ਇਹ ਰਾਜ ਸਵਰਗ ਤੋਂ ਹਕੂਮਤ ਕਰਦਾ ਹੈ। (ਮਰਕੁਸ 1:14, 15; ਮੱਤੀ 4:17) ਭਾਵੇਂ ਕਿ ਰੱਬ ਦੀ ਸਰਕਾਰ ਦੇ ਕਈ ਕੰਮ ਇਨਸਾਨੀ ਸਰਕਾਰਾਂ ਨਾਲ ਮੇਲ ਖਾਂਦੇ ਹਨ, ਫਿਰ ਵੀ ਇਹ ਸਰਕਾਰ ਉਨ੍ਹਾਂ ਨਾਲੋਂ ਹਰ ਮਾਮਲੇ ਵਿਚ ਬਿਹਤਰ ਹੈ।

  •   ਰਾਜੇ। ਰੱਬ ਨੇ ਯਿਸੂ ਮਸੀਹ ਨੂੰ ਆਪਣੇ ਰਾਜ ਦਾ ਰਾਜਾ ਚੁਣਿਆ ਹੈ ਅਤੇ ਉਸ ਨੂੰ ਸਾਰੇ ਇਨਸਾਨੀ ਰਾਜਿਆਂ ਨਾਲੋਂ ਜ਼ਿਆਦਾ ਅਧਿਕਾਰ ਦਿੱਤਾ ਹੈ। (ਮੱਤੀ 28:18) ਯਿਸੂ ਆਪਣੀ ਤਾਕਤ ਸਿਰਫ਼ ਚੰਗੇ ਕੰਮਾਂ ਲਈ ਵਰਤਦਾ ਹੈ, ਨਾਲੇ ਧਰਤੀ ʼਤੇ ਹੁੰਦਿਆਂ ਉਸ ਨੇ ਦਿਖਾਇਆ ਕਿ ਉਹ ਭਰੋਸੇਯੋਗ ਤੇ ਹਮਦਰਦ ਆਗੂ ਹੈ। (ਮੱਤੀ 4:23; ਮਰਕੁਸ 1:40, 41; 6:31-34; ਲੂਕਾ 7:11-17) ਯਿਸੂ ਨੇ ਰੱਬ ਦੀ ਸੇਧ ਨਾਲ ਹਰ ਕੌਮ ਵਿੱਚੋਂ ਇਨਸਾਨਾਂ ਨੂੰ ਆਪਣੇ ਨਾਲ “ਧਰਤੀ ਉੱਤੇ ਰਾਜਿਆਂ ਵਜੋਂ ਰਾਜ ਕਰਨ” ਲਈ ਚੁਣਿਆ ਹੈ।—ਪ੍ਰਕਾਸ਼ ਦੀ ਕਿਤਾਬ 5:9, 10.

  •   ਸਮਾਂ। ਇਹ ਰਾਜ ਇਨਸਾਨੀ ਸਰਕਾਰਾਂ ਵਾਂਗ ਨਹੀਂ ਹੈ ਜੋ ਬਦਲਦੀਆਂ ਰਹਿੰਦੀਆਂ ਹਨ। ਰੱਬ ਦਾ ਰਾਜ “ਸਦਾ ਤੀਕ ਨੇਸਤ [ਨਾਸ਼] ਨਾ ਹੋਵੇਗਾ।”—ਦਾਨੀਏਲ 2:44.

  •   ਨਾਗਰਿਕ। ਰੱਬ ਦੀਆਂ ਮੰਗਾਂ ਪੂਰੀਆਂ ਕਰਨ ਵਾਲਾ ਇਨਸਾਨ ਹੀ ਉਸ ਦੇ ਰਾਜ ਦਾ ਨਾਗਰਿਕ ਬਣੇਗਾ। ਫਿਰ ਭਾਵੇਂ ਉਹ ਜਿਹੜੇ ਮਰਜ਼ੀ ਪਿਛੋਕੜ ਜਾਂ ਇਲਾਕੇ ਦਾ ਹੋਵੇ।—ਰਸੂਲਾਂ ਦੇ ਕੰਮ 10:34, 35.

  •   ਕਾਨੂੰਨ। ਰੱਬ ਦੇ ਰਾਜ ਦੇ ਕਾਨੂੰਨਾਂ (ਜਾਂ ਹੁਕਮਾਂ) ʼਤੇ ਚੱਲ ਕੇ ਲੋਕ ਨਾ ਸਿਰਫ਼ ਬੁਰੇ ਕੰਮ ਕਰਨੇ ਛੱਡ ਦਿੰਦੇ ਹਨ, ਸਗੋਂ ਆਪਣਾ ਚਾਲ-ਚਲਣ ਵੀ ਨੇਕ ਰੱਖਦੇ ਹਨ। ਮਿਸਾਲ ਲਈ, ਬਾਈਬਲ ਕਹਿੰਦੀ ਹੈ: “‘ਤੂੰ ਯਹੋਵਾਹ ਆਪਣੇ ਪਰਮੇਸ਼ੁਰ ਨੂੰ ਆਪਣੇ ਪੂਰੇ ਦਿਲ ਨਾਲ, ਆਪਣੀ ਪੂਰੀ ਜਾਨ ਨਾਲ ਅਤੇ ਆਪਣੀ ਪੂਰੀ ਸਮਝ ਨਾਲ ਪਿਆਰ ਕਰ।’ ਇਹੀ ਪਹਿਲਾ ਅਤੇ ਸਭ ਤੋਂ ਵੱਡਾ ਹੁਕਮ ਹੈ। ਅਤੇ ਦੂਸਰਾ ਹੁਕਮ ਇਹ ਹੈ: ‘ਤੂੰ ਆਪਣੇ ਗੁਆਂਢੀ ਨੂੰ ਉਵੇਂ ਪਿਆਰ ਕਰ ਜਿਵੇਂ ਤੂੰ ਆਪਣੇ ਆਪ ਨੂੰ ਕਰਦਾ ਹੈਂ।’” (ਮੱਤੀ 22:37-39) ਰੱਬ ਅਤੇ ਗੁਆਂਢੀ ਲਈ ਪਿਆਰ ਹੋਣ ਕਰਕੇ ਰਾਜ ਦੇ ਨਾਗਰਿਕ ਇਕ-ਦੂਸਰੇ ਦੇ ਭਲੇ ਲਈ ਕੰਮ ਕਰਨਗੇ।

  •   ਸਿਖਲਾਈ। ਰੱਬ ਦਾ ਰਾਜ ਨਾਗਰਿਕਾਂ ਲਈ ਉੱਚੇ ਮਿਆਰ ਤੈਅ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਇਨ੍ਹਾਂ ʼਤੇ ਚੱਲਣਾ ਵੀ ਸਿਖਾਵੇਗਾ।—ਯਸਾਯਾਹ 48:17, 18.

  •   ਮਕਸਦ। ਰੱਬ ਦਾ ਰਾਜ ਨਾਗਰਿਕਾਂ ਨੂੰ ਨਜ਼ਰਅੰਦਾਜ਼ ਨਹੀਂ ਕਰੇਗਾ ਤੇ ਨਾਂ ਹੀ ਰਾਜਿਆਂ ਨੂੰ ਮਾਲੋ-ਮਾਲ ਕਰੇਗਾ, ਸਗੋਂ ਇਹ ਰੱਬ ਦੀ ਇੱਛਾ ਪੂਰੀ ਕਰੇਗਾ। ਨਾਲੇ ਜੋ ਉਸ ਨੂੰ ਪਿਆਰ ਕਰਦੇ ਹਨ ਉਨ੍ਹਾਂ ਸਾਰਿਆਂ ਨੂੰ ਉਹ ਬਾਗ਼ ਵਰਗੀ ਸੋਹਣੀ ਧਰਤੀ ʼਤੇ ਹਮੇਸ਼ਾ ਦੀ ਜ਼ਿੰਦਗੀ ਦੇਵੇਗਾ।—ਯਸਾਯਾਹ 35:1, 5, 6; ਮੱਤੀ 6:10; ਪ੍ਰਕਾਸ਼ ਦੀ ਕਿਤਾਬ 21:1-4.