Skip to content

Skip to table of contents

ਮੁੱਖ ਪੰਨੇ ਤੋਂ

ਤੁਸੀਂ ਪ੍ਰਾਰਥਨਾ ਕਿਉਂ ਕਰਦੇ ਹੋ?

ਤੁਸੀਂ ਪ੍ਰਾਰਥਨਾ ਕਿਉਂ ਕਰਦੇ ਹੋ?

ਸ਼ਾਇਦ ਤੁਸੀਂ ਕਹੋ: ‘ਜੇ ਰੱਬ ਮੇਰੇ ਬਾਰੇ ਸਭ ਕੁਝ ਜਾਣਦਾ ਹੈ, ਤਾਂ ਫਿਰ ਮੈਂ ਉਸ ਨੂੰ ਪ੍ਰਾਰਥਨਾ ਕਿਉਂ ਕਰਾਂ?’ ਕੀ ਇੱਦਾਂ ਕਹਿਣਾ ਸਹੀ ਹੈ? ਯਿਸੂ ਨੇ ਖ਼ੁਦ ਕਿਹਾ ਸੀ ਕਿ ਪਰਮੇਸ਼ੁਰ “ਤੁਹਾਡੇ ਮੰਗਣ ਤੋਂ ਪਹਿਲਾਂ ਹੀ ਜਾਣਦਾ ਹੈ ਕਿ ਤੁਹਾਨੂੰ ਕਿਨ੍ਹਾਂ ਚੀਜ਼ਾਂ ਦੀ ਲੋੜ ਹੈ।” (ਮੱਤੀ 6:8) ਪੁਰਾਣੇ ਇਜ਼ਰਾਈਲ ਵਿਚ ਰਾਜਾ ਦਾਊਦ ਨੂੰ ਇਸ ਗੱਲ ਦਾ ਪਤਾ ਸੀ ਅਤੇ ਉਸ ਨੇ ਲਿਖਿਆ: “ਮੇਰੀ ਜੀਭ ਉੱਤੇ ਤਾਂ ਇੱਕ ਗੱਲ ਵੀ ਨਹੀਂ,—ਵੇਖ, ਹੇ ਯਹੋਵਾਹ, ਤੂੰ ਉਹ ਨੂੰ ਪੂਰੇ ਤੌਰ ਨਾਲ ਜਾਣਦਾ ਹੈਂ।” (ਜ਼ਬੂਰਾਂ ਦੀ ਪੋਥੀ 139:4) ਫਿਰ ਸਾਨੂੰ ਪ੍ਰਾਰਥਨਾ ਕਿਉਂ ਕਰਨੀ ਚਾਹੀਦੀ ਹੈ? ਇਸ ਦਾ ਜਵਾਬ ਪਾਉਣ ਲਈ ਆਓ ਆਪਾਂ ਜਾਣੀਏ ਕਿ ਬਾਈਬਲ ਪ੍ਰਾਰਥਨਾਵਾਂ ਬਾਰੇ ਕੀ ਕਹਿੰਦੀ ਹੈ। *

“ਪਰਮੇਸ਼ੁਰ ਦੇ ਨੇੜੇ ਆਓ ਅਤੇ ਉਹ ਤੁਹਾਡੇ ਨੇੜੇ ਆਵੇਗਾ।”​—ਯਾਕੂਬ 4:8

ਪ੍ਰਾਰਥਨਾ ਰਾਹੀਂ ਅਸੀਂ ਰੱਬ ਦੇ ਨੇੜੇ ਆਉਂਦੇ ਹਾਂ

ਹਾਲਾਂਕਿ ਬਾਈਬਲ ਦੱਸਦੀ ਹੈ ਕਿ ਰੱਬ * ਸਭ ਕੁਝ ਜਾਣਦਾ ਹੈ, ਪਰ ਉਹ ਆਪਣੇ ਭਗਤਾਂ ਬਾਰੇ ਸਿਰਫ਼ ਜਾਣਕਾਰੀ ਇਕੱਠੀ ਨਹੀਂ ਕਰਦਾ। (ਜ਼ਬੂਰਾਂ ਦੀ ਪੋਥੀ 139:6; ਰੋਮੀਆਂ 11:33) ਯਹੋਵਾਹ ਦੀ ਅਸੀਮ ਯਾਦਾਸ਼ਤ ਇਕ ਕੰਪਿਊਟਰ ਵਰਗੀ ਨਹੀਂ ਹੈ ਜੋ ਸਿਰਫ਼ ਲੋਕਾਂ ਬਾਰੇ ਜਾਣਕਾਰੀ ਇਕੱਠੀ ਕਰਦਾ ਹੈ। ਪਰ ਇਸ ਦੇ ਉਲਟ ਰੱਬ ਨੂੰ ਸਾਡਾ ਦਿਲੋਂ ਫ਼ਿਕਰ ਹੈ ਅਤੇ ਉਹ ਜਾਣਨਾ ਚਾਹੁੰਦਾ ਹੈ ਕਿ ਸਾਡੇ ਦਿਲ ਵਿਚ ਕੀ ਹੈ ਤਾਂਕਿ ਅਸੀਂ ਉਸ ਦੇ ਨੇੜੇ ਆ ਸਕੀਏ। (ਜ਼ਬੂਰਾਂ ਦੀ ਪੋਥੀ 139:23, 24; ਯਾਕੂਬ 4:8) ਭਾਵੇਂ ਕਿ ਸਾਡਾ ਸਵਰਗੀ ਪਿਤਾ ਸਾਡੀਆਂ ਰੋਜ਼ਮੱਰਾ ਦੀਆਂ ਲੋੜਾਂ ਚੰਗੀ ਤਰ੍ਹਾਂ ਜਾਣਦਾ ਹੈ, ਫਿਰ ਵੀ ਯਿਸੂ ਨੇ ਆਪਣੇ ਚੇਲਿਆਂ ਨੂੰ ਹੱਲਾਸ਼ੇਰੀ ਦਿੱਤੀ ਕਿ ਉਹ ਪ੍ਰਾਰਥਨਾ ਕਰਨ। (ਮੱਤੀ 6:6-8) ਜਿੰਨਾ ਜ਼ਿਆਦਾ ਅਸੀਂ ਆਪਣੇ ਕਰਤਾਰ ਨਾਲ ਦਿਲ ਖੋਲ੍ਹ ਕੇ ਗੱਲ ਕਰਦੇ ਹਾਂ ਉੱਨਾ ਜ਼ਿਆਦਾ ਅਸੀਂ ਉਸ ਦੇ ਨੇੜੇ ਆਉਂਦੇ ਹਾਂ।

ਪਰ ਕਦੇ-ਕਦੇ ਸਾਨੂੰ ਪਤਾ ਨਹੀਂ ਲੱਗਦਾ ਕਿ ਅਸੀਂ ਰੱਬ ਨੂੰ ਕਿਸ ਚੀਜ਼ ਲਈ ਪ੍ਰਾਰਥਨਾ ਕਰੀਏ। ਅਜਿਹੇ ਸਮਿਆਂ ਵਿਚ ਉਹ ਸਾਡੀਆਂ ਅਣਕਹੀਆਂ ਗੱਲਾਂ ਨੂੰ ਵੀ ਜਾਣ ਸਕਦਾ ਹੈ। ਸਾਡੇ ਬਾਰੇ ਇਕ-ਇਕ ਗੱਲ ਪਤਾ ਹੋਣ ਕਰਕੇ ਉਹ ਸਾਡੀਆਂ ਲੋੜਾਂ ਮੁਤਾਬਕ ਸਾਡੀ ਮਦਦ ਕਰ ਸਕਦਾ ਹੈ। (ਰੋਮੀਆਂ 8:26, 27; ਅਫ਼ਸੀਆਂ 3:20) ਜਦੋਂ ਅਸੀਂ ਇਸ ਗੱਲ ’ਤੇ ਸੋਚ-ਵਿਚਾਰ ਕਰਦੇ ਹਾਂ ਕਿ ਰੱਬ ਨੇ ਹਰ ਕਦਮ ਉੱਤੇ ਸਾਡੀ ਛੋਟੀ ਤੋਂ ਛੋਟੀ ਲੋੜ ਦਾ ਖ਼ਿਆਲ ਕਿਵੇਂ ਰੱਖਿਆ, ਤਾਂ ਅਸੀਂ ਰੱਬ ਵੱਲ ਹੋਰ ਵੀ ਖਿੱਚੇ ਚਲੇ ਆਉਂਦੇ ਹਨ।

ਕੀ ਰੱਬ ਸਾਰੀਆਂ ਪ੍ਰਾਰਥਨਾਵਾਂ ਸੁਣਦਾ ਹੈ?

ਬਾਈਬਲ ਯਕੀਨ ਦਿਵਾਉਂਦੀ ਹੈ ਕਿ ਸਰਬਸ਼ਕਤੀਮਾਨ ਰੱਬ ਆਪਣੇ ਵਫ਼ਾਦਾਰ ਸੇਵਕਾਂ ਦੀਆਂ ਪ੍ਰਾਰਥਨਾਵਾਂ ਦਾ ਜਵਾਬ ਦਿੰਦਾ ਹੈ। ਪਰ ਇਸ ਵਿਚ ਇਹ ਵੀ ਦੱਸਿਆ ਗਿਆ ਹੈ ਕਿ ਉਹ ਕੁਝ ਲੋਕਾਂ ਦੀਆਂ ਪ੍ਰਾਰਥਨਾਵਾਂ ਕਿਉਂ ਨਹੀਂ ਸੁਣਦਾ। ਮਿਸਾਲ ਲਈ, ਜਦ ਇਕ ਵਾਰ ਪੁਰਾਣੇ ਇਜ਼ਰਾਈਲ ਵਿਚ ਖ਼ੂਨ-ਖ਼ਰਾਬਾ ਫੈਲਿਆ ਹੋਇਆ ਸੀ, ਤਾਂ ਰੱਬ ਨੇ ਆਪਣੇ ਨਬੀ ਯਸਾਯਾਹ ਨੂੰ ਕਿਹਾ ਕਿ ਉਹ ਲੋਕਾਂ ਨੂੰ ਇਹ ਕਹੇ: “ਭਾਵੇਂ ਤੁਸੀਂ ਕਿੰਨੀ ਪ੍ਰਾਰਥਨਾ ਕਰੋ, ਮੈਂ ਨਹੀਂ ਸੁਣਾਂਗਾ, ਤੁਹਾਡੇ ਹੱਥ ਲਹੂ ਨਾਲ ਭਰੇ ਹੋਏ ਹਨ।” (ਯਸਾਯਾਹ 1:15) ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਜੋ ਲੋਕ ਰੱਬ ਦੇ ਅਸੂਲਾਂ ਖ਼ਿਲਾਫ਼ ਕੰਮ ਕਰਦੇ ਹਨ ਜਾਂ ਮਾੜੀ ਨੀਅਤ ਨਾਲ ਪ੍ਰਾਰਥਨਾ ਕਰਦੇ ਹਨ, ਤਾਂ ਉਹ ਇਹ ਉਮੀਦ ਨਹੀਂ ਰੱਖ ਸਕਦੇ ਕਿ ਰੱਬ ਉਨ੍ਹਾਂ ਦੀ ਸੁਣੇਗਾ।​—ਕਹਾਉਤਾਂ 28:9; ਯਾਕੂਬ 4:3.

ਪਰ ਬਾਈਬਲ ਦੱਸਦੀ ਹੈ: “ਸਾਨੂੰ ਭਰੋਸਾ ਹੈ ਕਿ ਅਸੀਂ ਪਰਮੇਸ਼ੁਰ ਦੀ ਇੱਛਾ ਅਨੁਸਾਰ ਪ੍ਰਾਰਥਨਾ ਵਿਚ ਜੋ ਵੀ ਮੰਗਦੇ ਹਾਂ, ਉਹ ਸਾਡੀ ਸੁਣਦਾ ਹੈ।” (1 ਯੂਹੰਨਾ 5:14) ਕੀ ਇਸ ਦਾ ਮਤਲਬ ਇਹ ਹੈ ਕਿ ਰੱਬ ਆਪਣੇ ਭਗਤਾਂ ਦੀ ਹਰ ਖ਼ਾਹਸ਼ ਪੂਰੀ ਕਰਦਾ ਹੈ? ਜ਼ਰੂਰੀ ਨਹੀਂ। ਜ਼ਰਾ ਪੌਲੁਸ ਰਸੂਲ ਦੀ ਮਿਸਾਲ ’ਤੇ ਗੌਰ ਕਰੋ ਜਿਸ ਨੇ ਰੱਬ ਅੱਗੇ ਤਿੰਨ ਵਾਰ ਬੇਨਤੀ ਕੀਤੀ ਕਿ ਉਹ ਉਸ ਦੇ ‘ਸਰੀਰ ਵਿੱਚੋਂ ਇਕ ਕੰਡੇ’ ਨੂੰ ਕੱਢ ਦੇਵੇ। (2 ਕੁਰਿੰਥੀਆਂ 12:7, 8) ਇੱਦਾਂ ਲੱਗਦਾ ਹੈ ਕਿ ਸ਼ਾਇਦ ਪੌਲੁਸ ਨੂੰ ਅੱਖ ਦੀ ਕੋਈ ਗੰਭੀਰ ਬੀਮਾਰੀ ਸੀ। ਸੋਚੋ ਕਿ ਉਹ ਆਪਣੀ ਇਸ ਬੀਮਾਰੀ ਕਾਰਨ ਕਿੰਨਾ ਦੁਖੀ ਸੀ! ਭਾਵੇਂ ਕਿ ਪੌਲੁਸ ਨੂੰ ਲੋਕਾਂ ਦੀਆਂ ਬੀਮਾਰੀਆਂ ਠੀਕ ਕਰਨ ਦੀ ਦਾਤ ਬਖ਼ਸ਼ੀ ਗਈ ਸੀ ਅਤੇ ਉਸ ਨੇ ਇਕ ਮਰ ਚੁੱਕੇ ਮੁੰਡੇ ਨੂੰ ਵੀ ਜੀਉਂਦਾ ਕੀਤਾ ਸੀ, ਫਿਰ ਵੀ ਉਸ ਨੂੰ ਆਪਣੀ ਬੀਮਾਰੀ ਸਹਿਣੀ ਪਈ। (ਰਸੂਲਾਂ ਦੇ ਕੰਮ 19:11, 12; 20:9, 10) ਹਾਲਾਂਕਿ ਜਿੱਦਾਂ ਪੌਲੁਸ ਚਾਹੁੰਦਾ ਸੀ ਉਸ ਨੂੰ ਉੱਦਾਂ ਆਪਣੀਆਂ ਪ੍ਰਾਰਥਨਾਵਾਂ ਦਾ ਜਵਾਬ ਨਹੀਂ ਮਿਲਿਆ। ਪਰ ਰੱਬ ਨੇ ਜਿਸ ਤਰੀਕੇ ਨਾਲ ਵੀ ਉਸ ਦੀ ਪ੍ਰਾਰਥਨਾ ਦਾ ਜਵਾਬ ਦਿੱਤਾ, ਪੌਲੁਸ ਨੇ ਉਸ ਨੂੰ ਖ਼ੁਸ਼ੀ-ਖ਼ੁਸ਼ੀ ਕਬੂਲ ਕੀਤਾ।​—2 ਕੁਰਿੰਥੀਆਂ 12:9, 10.

“ਸਾਨੂੰ ਭਰੋਸਾ ਹੈ ਕਿ ਅਸੀਂ ਪਰਮੇਸ਼ੁਰ ਦੀ ਇੱਛਾ ਅਨੁਸਾਰ ਪ੍ਰਾਰਥਨਾ ਵਿਚ ਜੋ ਵੀ ਮੰਗਦੇ ਹਾਂ, ਉਹ ਸਾਡੀ ਸੁਣਦਾ ਹੈ।”​—1 ਯੂਹੰਨਾ 5:14

ਬਾਈਬਲ ਵਿਚ ਰੱਬ ਨੇ ਕੁਝ ਲੋਕਾਂ ਦੀਆਂ ਦੁਆਵਾਂ ਦਾ ਜਵਾਬ ਚਮਤਕਾਰੀ ਢੰਗ ਨਾਲ ਦਿੱਤਾ ਸੀ। (2 ਰਾਜਿਆਂ 20:1-7) ਪਰ ਇੱਦਾਂ ਆਮ ਨਹੀਂ ਸੀ ਹੁੰਦਾ। ਰੱਬ ਦੇ ਕੁਝ ਸੇਵਕ ਉਦੋਂ ਪਰੇਸ਼ਾਨ ਹੋਏ ਜਦ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਪਰਮੇਸ਼ੁਰ ਨੇ ਉਨ੍ਹਾਂ ਦੀਆਂ ਪ੍ਰਾਰਥਨਾਵਾਂ ਨਹੀਂ ਸੁਣੀਆਂ। ਰਾਜਾ ਦਾਊਦ ਨੇ ਕਿਹਾ: “ਹੇ ਯਹੋਵਾਹ, ਤੂੰ ਕਦ ਤੀਕ ਮੈਨੂੰ ਭੁਲਾ ਛੱਡੇਂਗਾ? ਕੀ ਸਦਾ ਤੀਕ?” (ਜ਼ਬੂਰਾਂ ਦੀ ਪੋਥੀ 13:1) ਪਰ ਜਦ ਦਾਊਦ ਨੇ ਸੋਚਿਆ ਕਿ ਯਹੋਵਾਹ ਨੇ ਕਿੰਨੀ ਵਾਰੀ ਉਸ ਦੀ ਜਾਨ ਬਚਾਈ, ਤਾਂ ਉਸ ਦਾ ਰੱਬ ’ਤੇ ਭਰੋਸਾ ਹੋਰ ਵੀ ਮਜ਼ਬੂਤ ਹੋ ਗਿਆ। ਇਸੇ ਪ੍ਰਾਰਥਨਾ ਵਿਚ ਦਾਊਦ ਨੇ ਕਿਹਾ: “ਮੈਂ ਤੇਰੀ ਦਯਾ ਉੱਤੇ ਭਰੋਸਾ ਰੱਖਿਆ ਹੈ।” (ਜ਼ਬੂਰਾਂ ਦੀ ਪੋਥੀ 13:5) ਦਾਊਦ ਵਾਂਗ ਅੱਜ ਵੀ ਸ਼ਾਇਦ ਰੱਬ ਦੇ ਭਗਤ ਤਦ ਤਕ ਫ਼ਰਿਆਦਾਂ ਕਰਦੇ ਹਨ ਜਦ ਤਕ ਉਨ੍ਹਾਂ ਨੂੰ ਜਵਾਬ ਨਹੀਂ ਮਿਲ ਜਾਂਦਾ।​—ਰੋਮੀਆਂ 12:12.

ਰੱਬ ਕਿਵੇਂ ਪ੍ਰਾਰਥਨਾਵਾਂ ਦਾ ਜਵਾਬ ਦਿੰਦਾ ਹੈ

ਰੱਬ ਸਾਡੀਆਂ ਲੋੜਾਂ ਪੂਰੀਆਂ ਕਰਦਾ ਹੈ।

ਜਿੱਦਾਂ ਪਿਆਰ ਕਰਨ ਵਾਲੇ ਮਾਪੇ ਆਪਣੇ ਬੱਚਿਆਂ ਦੀ ਹਰ ਫ਼ਰਮਾਇਸ਼ ਉਨ੍ਹਾਂ ਦੇ ਕਹਿਣ ’ਤੇ ਪੂਰੀ ਨਹੀਂ ਕਰਦੇ। ਇਸੇ ਤਰ੍ਹਾਂ ਰੱਬ ਸ਼ਾਇਦ ਸਾਡੀ ਹਰ ਮੰਗ ਸਾਡੇ ਹਿਸਾਬ ਨਾਲ ਪੂਰੀ ਨਾ ਕਰੇ। ਪਰ ਅਸੀਂ ਯਕੀਨ ਰੱਖ ਸਕਦੇ ਹਾਂ ਕਿ ਸਾਡਾ ਕਰਤਾਰ ਇਕ ਪਿਆਰੇ ਪਿਤਾ ਵਾਂਗ ਸਾਡੀਆਂ ਲੋੜਾਂ ਸਹੀ ਸਮੇਂ ’ਤੇ ਅਤੇ ਸਹੀ ਤਰੀਕੇ ਨਾਲ ਪੂਰੀਆਂ ਕਰੇਗਾ।​—ਲੂਕਾ 11:11-13.

ਬਾਈਬਲ ਪੜ੍ਹ ਕੇ ਤੁਹਾਨੂੰ ਆਪਣੀ ਦੁਆ ਦਾ ਜਵਾਬ ਮਿਲ ਸਕਦਾ ਹੈ

ਰੱਬ ਕਈ ਤਰੀਕਿਆਂ ਨਾਲ ਜਵਾਬ ਦਿੰਦਾ ਹੈ।

ਉਦੋਂ ਕੀ ਜੇ ਸਾਨੂੰ ਪ੍ਰਾਰਥਨਾ ਕਰਨ ਦੇ ਬਾਵਜੂਦ ਆਪਣੀ ਕਿਸੇ ਸਮੱਸਿਆ ਤੋਂ ਛੁਟਕਾਰਾ ਨਹੀਂ ਮਿਲਦਾ? ਤਾਂ ਕੀ ਸਾਨੂੰ ਇਹ ਸੋਚ ਲੈਣਾ ਚਾਹੀਦਾ ਹੈ ਕਿ ਜੇ ਯਹੋਵਾਹ ਨੇ ਸਾਡੀ ਪ੍ਰਾਰਥਨਾ ਦਾ ਜਵਾਬ ਚਮਤਕਾਰੀ ਢੰਗ ਨਾਲ ਨਹੀਂ ਦਿੱਤਾ, ਤਾਂ ਇਸ ਦਾ ਇਹ ਮਤਲਬ ਹੈ ਕਿ ਉਹ ਸਾਡੀ ਬਿਲਕੁਲ ਨਹੀਂ ਸੁਣਦਾ? ਚੰਗਾ ਹੋਵੇਗਾ ਜੇ ਅਸੀਂ ਯਾਦ ਕਰੀਏ ਕਿ ਯਹੋਵਾਹ ਨੇ ਕਿੰਨੀ ਵਾਰੀ ਸਾਡੀ ਛੋਟੀਆਂ-ਛੋਟੀਆਂ ਗੱਲਾਂ ਵਿਚ ਮਦਦ ਕੀਤੀ ਹੈ। ਮਿਸਾਲ ਲਈ, ਸ਼ਾਇਦ ਸਾਡੇ ਜਿਗਰੀ ਦੋਸਤ ਨੇ ਸਾਡੀ ਸਹੀ ਵਕਤ ’ਤੇ ਮਦਦ ਕੀਤੀ ਹੋਵੇ। (ਕਹਾਉਤਾਂ 17:17) ਹੋ ਸਕਦਾ ਹੈ ਕਿ ਯਹੋਵਾਹ ਨੇ ਤੁਹਾਡੇ ਉਸ ਦੋਸਤ ਨੂੰ ਸਹਾਇਤਾ ਕਰਨ ਲਈ ਭੇਜਿਆ ਸੀ। ਨਾਲੇ ਹੋ ਸਕਦਾ ਹੈ ਕਿ ਬਾਈਬਲ ਪੜ੍ਹਨ ਨਾਲ ਤੁਹਾਨੂੰ ਆਪਣੀ ਦੁਆ ਦਾ ਜਵਾਬ ਮਿਲੇ ਜਿਸ ਵਿਚ ਦਿੱਤੀ ਸਲਾਹ ਤੁਹਾਨੂੰ ਆਪਣੀ ਸਮੱਸਿਆ ਨਾਲ ਨਜਿੱਠਣ ਵਿਚ ਮਦਦ ਦੇ ਸਕਦੀ ਹੈ।​—2 ਤਿਮੋਥਿਉਸ 3:16, 17.

ਰੱਬ ਸ਼ਾਇਦ ਸਾਡੇ ਜਿਗਰੀ ਦੋਸਤ ਰਾਹੀਂ ਸਾਡੀ ਸਹੀ ਵਕਤ ’ਤੇ ਮਦਦ ਕਰੇ

ਰੱਬ ਕਦੇ-ਕਦੇ ਕਿਸੇ ਸਮੱਸਿਆ ਨੂੰ ਖ਼ਤਮ ਕਰਨ ਦੀ ਬਜਾਇ ਆਪਣੇ ਲੋਕਾਂ ਨੂੰ ਸਹਿਣ ਦੀ ਤਾਕਤ ਬਖ਼ਸ਼ਦਾ ਹੈ। (2 ਕੁਰਿੰਥੀਆਂ 4:7) ਮਿਸਾਲ ਲਈ, ਜਦ ਯਿਸੂ ਨੇ ਆਪਣੇ ਸਵਰਗੀ ਪਿਤਾ ਨੂੰ ਬੇਨਤੀ ਕੀਤੀ ਕਿ ਉਹ ਉਸ ਨੂੰ ਮੁਸ਼ਕਲ ਹਾਲਾਤਾਂ ਵਿੱਚੋਂ ਕੱਢ ਲਵੇ ਕਿਉਂਕਿ ਇਸ ਨਾਲ ਉਸ ਦੇ ਪਿਤਾ ਦਾ ਨਾਂ ਬਦਨਾਮ ਹੋ ਸਕਦਾ ਸੀ, ਤਾਂ ਯਹੋਵਾਹ ਨੇ ਇਕ ਫ਼ਰਿਸ਼ਤੇ ਰਾਹੀਂ ਆਪਣੇ ਬੇਟੇ ਨੂੰ ਸਹਾਰਾ ਦਿੱਤਾ। (ਲੂਕਾ 22:42, 43) ਇਸੇ ਤਰ੍ਹਾਂ ਰੱਬ ਲੋੜ ਵੇਲੇ ਸਾਡੇ ਕਿਸੇ ਜਿਗਰੀ ਦੋਸਤ ਰਾਹੀਂ ਸਾਨੂੰ ਹੌਸਲਾ ਦੇ ਸਕਦਾ ਹੈ। (ਕਹਾਉਤਾਂ 12:25) ਪਰ ਕਦੀ-ਕਦੀ ਸਾਨੂੰ ਉਸ ਤਰੀਕੇ ਨਾਲ ਜਵਾਬ ਨਹੀਂ ਮਿਲਦਾ ਜਿੱਦਾਂ ਅਸੀਂ ਚਾਹੁੰਦੇ ਹਾਂ। ਸੋ ਸਾਨੂੰ ਧਿਆਨ ਦੇਣ ਦੀ ਲੋੜ ਹੈ ਕਿ ਪਰਮੇਸ਼ੁਰ ਸਾਡੀਆਂ ਪ੍ਰਾਰਥਨਾਵਾਂ ਦਾ ਜਵਾਬ ਕਿਵੇਂ ਦਿੰਦਾ ਹੈ।

ਰੱਬ ਸਹੀ ਸਮੇਂ ’ਤੇ ਪ੍ਰਾਰਥਨਾਵਾਂ ਦਾ ਜਵਾਬ ਦਿੰਦਾ ਹੈ।

ਬਾਈਬਲ ਕਹਿੰਦੀ ਹੈ ਕਿ ਸਰਬਸ਼ਕਤੀਮਾਨ ਪਰਮੇਸ਼ੁਰ ਨਿਮਰ ਲੋਕਾਂ ਉੱਤੇ ਸਹੀ ਸਮੇਂ ’ਤੇ ਮਿਹਰ ਕਰਦਾ ਹੈ। (1 ਪਤਰਸ 5:6) ਸੋ ਜੇ ਸਾਨੂੰ ਲੱਗੇ ਕਿ ਉਹ ਸਾਡੀਆਂ ਪ੍ਰਾਰਥਨਾਵਾਂ ਦਾ ਜਵਾਬ ਦੇਣ ਵਿਚ ਦੇਰ ਲਾ ਰਿਹਾ ਹੈ, ਤਾਂ ਕੀ ਇਸ ਦਾ ਇਹ ਮਤਲਬ ਹੈ ਕਿ ਉਸ ਨੂੰ ਸਾਡੀ ਪਰਵਾਹ ਨਹੀਂ? ਨਹੀਂ ਕਿਉਂਕਿ ਉਹ ਸਾਡੇ ਨਾਲੋਂ ਜ਼ਿਆਦਾ ਜਾਣਦਾ ਹੈ ਅਤੇ ਉਸ ਨੂੰ ਪਤਾ ਹੈ ਕਿ ਸਾਡੀ ਭਲਾਈ ਕਿਸ ਚੀਜ਼ ਵਿਚ ਹੈ।

“ਇਸ ਲਈ ਆਪਣੇ ਆਪ ਨੂੰ ਮਹਾਨ ਅਤੇ ਸ਼ਕਤੀਸ਼ਾਲੀ ਪਰਮੇਸ਼ੁਰ ਦੇ ਅਧੀਨ ਕਰੋ, ਤਾਂਕਿ ਉਹ ਤੁਹਾਨੂੰ ਸਮਾਂ ਆਉਣ ’ਤੇ ਉੱਚਾ ਕਰੇ।”​—1 ਪਤਰਸ 5:6

ਮੰਨ ਲਓ ਕਿ ਜੇ ਤੁਹਾਡਾ ਬੱਚਾ ਛੋਟਾ ਹੈ ਅਤੇ ਉਹ ਤੁਹਾਡੇ ਤੋਂ ਸਾਈਕਲ ਮੰਗਦਾ ਹੈ, ਤਾਂ ਕੀ ਤੁਸੀਂ ਉਸ ਨੂੰ ਲੈ ਦਿਓਗੇ? ਸ਼ਾਇਦ ਨਹੀਂ, ਪਰ ਜੇ ਕੁਝ ਸਮੇਂ ਬਾਅਦ ਤੁਹਾਨੂੰ ਲੱਗੇ ਕਿ ਉਹ ਇਸ ਦੇ ਲਾਇਕ ਹੋ ਗਿਆ ਹੈ, ਤਾਂ ਸ਼ਾਇਦ ਤੁਸੀਂ ਉਸ ਦੀ ਇਹ ਖ਼ਾਹਸ਼ ਪੂਰੀ ਕਰ ਦਿਓ। ਸੋ ਜੇ ਅਸੀਂ ਲਗਾਤਾਰ ਪ੍ਰਾਰਥਨਾ ਕਰਦੇ ਹਾਂ, ਤਾਂ ਰੱਬ ਸਾਡੇ “ਦਿਲ ਦੀ ਇਛਾ” ਸਹੀ ਸਮੇਂ ’ਤੇ ਜ਼ਰੂਰ ਪੂਰਾ ਕਰੇਗਾ।​—ਭਜਨ 37:4; CL.

ਯਕੀਨ ਰੱਖੋ ਕਿ ਯਹੋਵਾਹ ਜ਼ਰੂਰ ਸੁਣਦਾ ਹੈ

ਬਾਈਬਲ ਤਾਕੀਦ ਕਰਦੀ ਹੈ ਕਿ ਸੱਚੇ ਮਸੀਹੀਆਂ ਨੂੰ ਲਗਾਤਾਰ ਪ੍ਰਾਰਥਨਾ ਕਰਦੇ ਰਹਿਣਾ ਚਾਹੀਦਾ ਹੈ। ਕੁਝ ਸ਼ਾਇਦ ਕਹਿਣ ‘ਇੱਦਾਂ ਕਰਨਾ ਬੜਾ ਔਖਾ ਹੈ।’ ਮੰਨ ਲਓ ਕਿ ਤੁਸੀਂ ਕਿਸੇ ਮੁਸ਼ਕਲ ਵਿਚ ਫਸੇ ਹੋ ਜਾਂ ਤੁਹਾਡੇ ਨਾਲ ਬੇਇਨਸਾਫ਼ੀ ਹੋਈ ਹੈ। ਸ਼ਾਇਦ ਤੁਸੀਂ ਵਾਰ-ਵਾਰ ਪ੍ਰਾਰਥਨਾ ਕਰਦੇ ਹੋ, ਪਰ ਤੁਹਾਨੂੰ ਕੋਈ ਜਵਾਬ ਨਹੀਂ ਮਿਲਦਾ। ਆਓ ਆਪਾਂ ਦੇਖੀਏ ਕਿ ਯਿਸੂ ਨੇ ਸਾਨੂੰ ਇਸ ਬਾਰੇ ਕਿਹੜੀ ਗੱਲ ਯਾਦ ਕਰਾਈ ਸੀ।

ਯਿਸੂ ਨੇ ਇਕ ਗ਼ਰੀਬ ਵਿਧਵਾ ਦੀ ਮਿਸਾਲ ਦਿੱਤੀ ਜੋ ਇਕ ਜੱਜ ਕੋਲ ਵਾਰ-ਵਾਰ ਜਾ ਕੇ ਇਨਸਾਫ਼ ਮੰਗਦੀ ਸੀ। (ਲੂਕਾ 18:1-3) ਭਾਵੇਂ ਕਿ ਪਹਿਲਾਂ ਤਾਂ ਜੱਜ ਨੇ ਉਸ ਦੀ ਮਦਦ ਕਰਨ ਤੋਂ ਸਾਫ਼ ਮਨ੍ਹਾ ਕਰ ਦਿੱਤਾ, ਪਰ ਆਖ਼ਰ ਵਿਚ ਉਸ ਨੇ ਖ਼ੁਦ ਨੂੰ ਕਿਹਾ: “ਮੈਂ ਇਸ ਨੂੰ ਇਨਸਾਫ਼ ਜ਼ਰੂਰ ਦੇਵਾਂਗਾ ਕਿਉਂਕਿ ਇਸ ਨੇ ਮੇਰੇ ਨੱਕ ਵਿਚ ਦਮ ਕੀਤਾ ਹੋਇਆ ਹੈ। ਨਹੀਂ ਤਾਂ ਇਹ ਮੁੜ-ਮੁੜ ਕੇ ਆਉਂਦੀ ਰਹੇਗੀ ਤੇ ਮੇਰਾ ਸਿਰ ਖਾਂਦੀ ਰਹੇਗੀ।” (ਲੂਕਾ 18:4, 5) ਜਿਸ ਯੂਨਾਨੀ ਭਾਸ਼ਾ ਵਿਚ ਬਾਈਬਲ ਲਿਖੀ ਗਈ ਸੀ, ਉਸ ਮੁਤਾਬਕ ਇਹ ਜੱਜ ਵਿਧਵਾ ’ਤੇ ਧਿਆਨ ਇਸ ਲਈ ਦਿੰਦਾ ਹੈ ਤਾਂਕਿ ਉਹ ਵਿਧਵਾ “ਉਸ ਦੀ ਅੱਖ ਹੇਠਾਂ ਮੁੱਕਾ” ਨਾ ਮਾਰੇ ਯਾਨੀ ਉਸ ਦੇ “ਨਾਂ ਦੀ ਬਦਨਾਮੀ ਨਾ ਕਰੇ।” * ਜੇ ਅਜਿਹਾ ਮਾੜਾ ਜੱਜ ਆਪਣੀ ਇੱਜ਼ਤ ਬਚਾਉਣ ਲਈ ਇਸ ਵਿਧਵਾ ਦੀ ਮਦਦ ਕਰਨ ਲਈ ਤਿਆਰ ਸੀ, ਤਾਂ ਫਿਰ ਕੀ ਸਾਡਾ ਪਿਆਰਾ ਪਿਤਾ “ਦਿਨ-ਰਾਤ ਉਸ ਅੱਗੇ ਦੁਹਾਈ” ਦੇਣ ਵਾਲਿਆਂ ਨੂੰ ਇਨਸਾਫ਼ ਨਹੀਂ ਦੇਵੇਗਾ! ਜਿੱਦਾਂ ਯਿਸੂ ਨੇ ਕਿਹਾ ਸੀ: ਪਰਮੇਸ਼ੁਰ “ਫਟਾਫਟ ਉਨ੍ਹਾਂ ਦਾ ਇਨਸਾਫ਼ ਕਰੇਗਾ।”​—ਲੂਕਾ 18:6-8.

“ਮੰਗਦੇ ਰਹੋ, ਤਾਂ ਤੁਹਾਨੂੰ ਦਿੱਤਾ ਜਾਵੇਗਾ।”​—ਲੂਕਾ 11:9

ਹਾਲਾਂਕਿ ਕਈ ਵਾਰ ਅਸੀਂ ਰੱਬ ਅੱਗੇ ਬੇਨਤੀਆਂ ਕਰ ਕੇ ਥੱਕ ਜਾਂਦੇ ਹਾਂ, ਤਾਂ ਵੀ ਸਾਨੂੰ ਪ੍ਰਾਰਥਨਾਵਾਂ ਕਰਨ ਤੋਂ ਪਿੱਛੇ ਨਹੀਂ ਹਟਣਾ ਚਾਹੀਦਾ। ਲਗਾਤਾਰ ਪ੍ਰਾਰਥਨਾ ਕਰ ਕੇ ਅਸੀਂ ਰੱਬ ਨੂੰ ਦਿਖਾਉਂਦੇ ਹਾਂ ਕਿ ਅਸੀਂ ਦਿਲੋਂ ਚਾਹੁੰਦੇ ਹਾਂ ਕਿ ਉਹ ਸਾਡੀ ਹਰ ਕਦਮ ’ਤੇ ਮਦਦ ਕਰੇ। ਫਿਰ ਅਸੀਂ ਇਹ ਵੀ ਸਿੱਖਦੇ ਹਾਂ ਕਿ ਰੱਬ ਸਾਡੀਆਂ ਫ਼ਰਿਆਦਾਂ ਦਾ ਜਵਾਬ ਕਿਵੇਂ ਦਿੰਦਾ ਹੈ ਜਿਸ ਕਰਕੇ ਅਸੀਂ ਉਸ ਦੇ ਹੋਰ ਨਜ਼ਦੀਕ ਆ ਜਾਂਦੇ ਹਾਂ। ਜੀ ਹਾਂ, ਅਸੀਂ ਪੱਕਾ ਯਕੀਨ ਰੱਖ ਸਕਦੇ ਹਾਂ ਕਿ ਜੇ ਅਸੀਂ ਨਿਹਚਾ ਨਾਲ ਯਹੋਵਾਹ ਨੂੰ ਸਹੀ ਚੀਜ਼ਾਂ ਲਈ ਪ੍ਰਾਰਥਨਾ ਕਰੀਏ, ਤਾਂ ਉਹ ਸਾਡੀ ਜ਼ਰੂਰ ਸੁਣੇਗਾ।​—ਲੂਕਾ 11:9. ▪ (w14-E 04/01)

^ ਪੈਰਾ 3 ਜੇ ਅਸੀਂ ਚਾਹੁੰਦੇ ਹਾਂ ਕਿ ਰੱਬ ਸਾਡੀਆਂ ਪ੍ਰਾਰਥਨਾਵਾਂ ਸੁਣੇ, ਤਾਂ ਸਾਨੂੰ ਉਸ ਦੇ ਅਸੂਲਾਂ ’ਤੇ ਚੱਲਣ ਦੀ ਲੋੜ ਹੈ। ਇੱਦਾਂ ਅਸੀਂ ਆਪਣੀ ਜ਼ਿੰਦਗੀ ਵਿਚ ਪ੍ਰਾਰਥਨਾ ਦਾ ਜ਼ਬਰਦਸਤ ਅਸਰ ਦੇਖ ਸਕਾਂਗੇ ਅਤੇ ਇਹ ਲੇਖ ਇਸ ਬਾਰੇ ਚਰਚਾ ਕਰੇਗਾ। ਹੋਰ ਜਾਣਕਾਰੀ ਲਈ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਗਈ ਕਿਤਾਬ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਦਾ 17ਵਾਂ ਅਧਿਆਇ ਦੇਖੋ।

^ ਪੈਰਾ 5 ਬਾਈਬਲ ਵਿਚ ਰੱਬ ਦਾ ਨਾਂ ਯਹੋਵਾਹ ਦੱਸਿਆ ਗਿਆ ਹੈ।

^ ਪੈਰਾ 22 ਬਾਈਬਲ ਸਮਿਆਂ ਵਿਚ ਪਰਮੇਸ਼ੁਰ ਇਜ਼ਰਾਈਲੀ ਜੱਜਾਂ ਤੋਂ ਉਮੀਦ ਕਰਦਾ ਸੀ ਕਿ ਉਹ ਵਿਧਵਾਵਾਂ ਅਤੇ ਅਨਾਥਾਂ ਦਾ ਖ਼ਾਸ ਧਿਆਨ ਰੱਖਣ।​—ਬਿਵਸਥਾ ਸਾਰ 1:16, 17; 24:17; ਜ਼ਬੂਰਾਂ ਦੀ ਪੋਥੀ 68:5.