Skip to content

Skip to table of contents

ਉਨ੍ਹਾਂ ਦੀ ਨਿਹਚਾ ਦੀ ਰੀਸ ਕਰੋ | ਨੂਹ

ਉਸ ਨੂੰ “ਹੋਰ ਸੱਤ ਜਣਿਆਂ ਸਣੇ ਬਚਾਇਆ ਸੀ”

ਉਸ ਨੂੰ “ਹੋਰ ਸੱਤ ਜਣਿਆਂ ਸਣੇ ਬਚਾਇਆ ਸੀ”

ਨੂਹ ਅਤੇ ਉਸ ਦਾ ਪਰਿਵਾਰ ਸੁਣ ਸਕਦਾ ਸੀ ਕਿ ਬਾਹਰ ਕਿੰਨੀ ਜ਼ੋਰ ਨਾਲ ਮੀਂਹ ਪੈ ਰਿਹਾ ਸੀ। ਦੀਵੇ ਦੀ ਲੋਅ ਵਿਚ ਉਨ੍ਹਾਂ ਦੇ ਹਾਵ-ਭਾਵ ਦੇਖੇ ਜਾ ਸਕਦੇ ਸਨ, ਉਨ੍ਹਾਂ ਦੀਆਂ ਅੱਖਾਂ ਅੱਡੀਆਂ ਰਹਿ ਗਈਆਂ ਹੋਣੀਆਂ ਜਦੋਂ ਉਹ ਛੱਤ ਉੱਤੇ ਡਿੱਗ ਰਹੇ ਪਾਣੀ ਨੂੰ ਸੁਣ ਰਹੇ ਸਨ ਅਤੇ ਕਿਸ਼ਤੀ ਦੇ ਦੋਹਾਂ ਪਾਸਿਆਂ ਤੋਂ ਪਾਣੀ ਜ਼ੋਰ ਨਾਲ ਟਕਰਾ ਰਿਹਾ ਸੀ। ਪਾਣੀ ਦਾ ਸ਼ੋਰ ਕਿੰਨਾ ਜ਼ਬਰਦਸਤ ਸੀ।

ਨੂਹ ਨੇ ਆਪਣੇ ਪਰਿਵਾਰ ਵੱਲ ਦੇਖ ਕੇ ਜ਼ਰੂਰ ਯਹੋਵਾਹ ਦਾ ਦਿਲੋਂ ਸ਼ੁਕਰ ਕੀਤਾ ਕਿ ਉਸ ਦੀ ਵਫ਼ਾਦਾਰ ਪਤਨੀ, ਤਿੰਨ ਹੱਟੇ-ਕੱਟੇ ਪੁੱਤਰ ਅਤੇ ਉਨ੍ਹਾਂ ਦੀਆਂ ਪਤਨੀਆਂ ਨੇ ਕਿੰਨੀ ਵਫ਼ਾਦਾਰੀ ਦਿਖਾਈ। ਇਸ ਔਖੀ ਘੜੀ ਵਿਚ ਨੂਹ ਨੂੰ ਕਿੰਨੀ ਤਸੱਲੀ ਮਿਲੀ ਹੋਣੀ ਕਿ ਉਸ ਦਾ ਪਰਿਵਾਰ ਜਿਸ ਨੂੰ ਉਹ ਬਹੁਤ ਪਿਆਰ ਕਰਦਾ ਸੀ ਉਸ ਦੇ ਨਾਲ ਸੀ। ਉਹ ਸਾਰੇ ਸਹੀ-ਸਲਾਮਤ ਸਨ। ਇਸ ਸ਼ੋਰ-ਸ਼ਰਾਬੇ ਵਿਚ ਉਸ ਨੇ ਜ਼ਰੂਰ ਉੱਚੀ ਆਵਾਜ਼ ਵਿਚ ਆਪਣੇ ਪਰਿਵਾਰ ਨਾਲ ਪ੍ਰਾਰਥਨਾ ਰਾਹੀਂ ਯਹੋਵਾਹ ਦਾ ਧੰਨਵਾਦ ਕੀਤਾ ਹੋਣਾ।

ਨੂਹ ਦੀ ਨਿਹਚਾ ਪੱਕੀ ਸੀ। ਰੱਬ ਉੱਤੇ ਪੱਕੀ ਨਿਹਚਾ ਹੋਣ ਕਰਕੇ ਯਹੋਵਾਹ ਨੇ ਉਸ ਨੂੰ ਅਤੇ ਉਸ ਦੇ ਪਰਿਵਾਰ ਨੂੰ ਬਚਾਇਆ। (ਇਬਰਾਨੀਆਂ 11:7) ਜਦੋਂ ਮੀਂਹ ਪੈਣ ਲੱਗਾ, ਤਾਂ ਕੀ ਉਨ੍ਹਾਂ ਨੂੰ ਨਿਹਚਾ ਰੱਖਣ ਦੀ ਲੋੜ ਸੀ? ਹਾਂ ਬਿਲਕੁਲ ਕਿਉਂਕਿ ਉਨ੍ਹਾਂ ਨੇ ਅੱਗੇ ਜਾ ਕੇ ਔਖੀਆਂ ਘੜੀਆਂ ਦਾ ਸਾਮ੍ਹਣਾ ਕਰਨਾ ਸੀ। ਸਾਨੂੰ ਵੀ ਇਨ੍ਹਾਂ ਮੁਸ਼ਕਲ ਭਰੇ ਦਿਨਾਂ ਵਿਚ ਨਿਹਚਾ ਰੱਖਣ ਦੀ ਲੋੜ ਹੈ। ਆਓ ਆਪਾਂ ਦੇਖੀਏ ਕਿ ਅਸੀਂ ਨੂਹ ਦੀ ਨਿਹਚਾ ਤੋਂ ਕੀ ਸਿੱਖ ਸਕਦੇ ਹਾਂ।

‘ਚਾਲੀ ਦਿਨ ਅਰ ਚਾਲੀ ਰਾਤਾਂ’

ਬਾਹਰ ‘ਚਾਲੀ ਦਿਨ ਅਰ ਚਾਲੀ ਰਾਤਾਂ’ ਮੀਂਹ ਪੈਂਦਾ ਰਿਹਾ। (ਉਤਪਤ 7:4, 11, 12) ਪਾਣੀ ਜਿਉਂ-ਜਿਉਂ ਵਧਦਾ ਗਿਆ, ਉਸ ਤੋਂ ਨੂਹ ਦੇਖ ਸਕਦਾ ਸੀ ਕਿ ਉਸ ਦਾ ਰੱਬ ਯਹੋਵਾਹ ਧਰਮੀ ਇਨਸਾਨਾਂ ਨੂੰ ਬਚਾ ਰਿਹਾ ਸੀ ਤੇ ਦੁਸ਼ਟ ਲੋਕਾਂ ਨੂੰ ਸਜ਼ਾ ਦੇ ਰਿਹਾ ਸੀ।

ਜਲ-ਪਰਲੋ ਕਰਕੇ ਉਸ ਵੇਲੇ ਹੋ ਰਹੀ ਦੂਤਾਂ ਦੀ ਬਗਾਵਤ ਖ਼ਤਮ ਹੋ ਗਈ। ਸ਼ੈਤਾਨ ਦੇ ਬਹਿਕਾਵੇ ਵਿਚ ਆ ਕੇ ਬਹੁਤ ਸਾਰੇ ਦੂਤਾਂ ਨੇ ਸਵਰਗ ਵਿਚ “ਆਪਣੇ ਰਹਿਣ ਦੀ ਸਹੀ ਜਗ੍ਹਾ” ਛੱਡ ਦਿੱਤੀ। ਉਨ੍ਹਾਂ ਨੇ ਧਰਤੀ ’ਤੇ ਔਰਤਾਂ ਨਾਲ ਵਿਆਹ ਕਰਾਏ ਤੇ ਉਨ੍ਹਾਂ ਦੀ ਔਲਾਦ ਪੈਦਾ ਹੋਈ ਜਿਨ੍ਹਾਂ ਨੂੰ ਨੈਫ਼ਲਿਮ ਕਿਹਾ ਜਾਂਦਾ ਸੀ। (ਯਹੂਦਾਹ 6; ਉਤਪਤ 6:4) ਦੂਤਾਂ ਦੀ ਇਸ ਬਗਾਵਤ ਕਰਕੇ ਸ਼ੈਤਾਨ ਨੂੰ ਜ਼ਰੂਰ ਖ਼ੁਸ਼ੀ ਹੋਈ ਹੋਣੀ ਕਿਉਂਕਿ ਇਨਸਾਨਾਂ ਨੇ ਅੱਗੇ ਨਾਲੋਂ ਵੀ ਘਟੀਆ ਕੰਮ ਕੀਤੇ।

ਪਾਣੀ ਵਧਣ ਕਰਕੇ ਬਾਗ਼ੀ ਦੂਤ ਆਪਣੇ ਮਨੁੱਖੀ ਸਰੀਰ ਛੱਡ ਕੇ ਸਵਰਗ ਚਲੇ ਗਏ। ਉਹ ਹੁਣ ਕਦੀ ਵੀ ਮਨੁੱਖੀ ਸਰੀਰ ਨਹੀਂ ਧਾਰ ਸਕਦੇ ਸਨ। ਉਹ ਆਪਣੀਆਂ ਤੀਵੀਆਂ ਤੇ ਬੱਚਿਆਂ ਨੂੰ ਬਾਕੀ ਲੋਕਾਂ ਨਾਲ ਜਲ-ਪਰਲੋ ਵਿਚ ਮਰਨ ਲਈ ਛੱਡ ਗਏ।

ਤਕਰੀਬਨ ਸੱਤ ਸਦੀਆਂ ਪਹਿਲਾਂ ਹਨੋਕ ਦੇ ਦਿਨਾਂ ਤੋਂ ਯਹੋਵਾਹ ਨੇ ਲੋਕਾਂ ਨੂੰ ਚੇਤਾਵਨੀ ਦਿੱਤੀ ਸੀ ਕਿ ਉਹ ਦੁਸ਼ਟ ਲੋਕਾਂ ਨੂੰ ਨਾਸ਼ ਕਰੇਗਾ। (ਉਤਪਤ 5:24; ਯਹੂਦਾਹ 14, 15) ਉਸ ਸਮੇਂ ਤੋਂ ਲੋਕ ਬੁਰੇ ਤੋਂ ਬੁਰੇ ਹੁੰਦੇ ਗਏ, ਧਰਤੀ ਨੂੰ ਖ਼ਰਾਬ ਕਰਦੇ ਗਏ ਤੇ ਉਨ੍ਹਾਂ ਨੇ ਸਾਰੀ ਧਰਤੀ ਨੂੰ ਹਿੰਸਾ ਨਾਲ ਭਰ ਦਿੱਤਾ। ਹੁਣ ਉਨ੍ਹਾਂ ਦਾ ਨਾਸ਼ ਹੋ ਰਿਹਾ ਸੀ। ਕੀ ਨੂਹ ਤੇ ਉਸ ਦਾ ਪਰਿਵਾਰ ਇਸ ਗੱਲ ਤੋਂ ਖ਼ੁਸ਼ ਸਨ?

ਨਹੀਂ ਤੇ ਨਾ ਹੀ ਉਨ੍ਹਾਂ ਦਾ ਦਇਆਵਾਨ ਰੱਬ ਇਸ ਤੋਂ ਖ਼ੁਸ਼ ਸੀ। (ਹਿਜ਼ਕੀਏਲ 33:11) ਯਹੋਵਾਹ ਨੇ ਹਰ ਤਰੀਕੇ ਨਾਲ ਲੋਕਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਉਸ ਨੇ ਹਨੋਕ ਨੂੰ ਚੇਤਾਵਨੀ ਦੇਣ ਦਾ ਕੰਮ ਸੌਂਪਿਆ ਸੀ ਤੇ ਉਸ ਨੇ ਨੂਹ ਨੂੰ ਕਿਸ਼ਤੀ ਬਣਾਉਣ ਦਾ ਵੱਡਾ ਕੰਮ ਦਿੱਤਾ। ਨੂਹ ਅਤੇ ਉਸ ਦਾ ਪਰਿਵਾਰ ਕਈ ਦਹਾਕੇ ਲੋਕਾਂ ਦੀਆਂ ਨਜ਼ਰਾਂ ਸਾਮ੍ਹਣੇ ਇਹ ਕੰਮ ਕਰਦਾ ਰਿਹਾ। ਇਸ ਤੋਂ ਇਲਾਵਾ, ਯਹੋਵਾਹ ਨੇ ਨੂਹ ਨੂੰ ‘ਧਾਰਮਿਕਤਾ ਦਾ ਪ੍ਰਚਾਰ’ ਕਰਨ ਦੀ ਜ਼ਿੰਮੇਵਾਰੀ ਵੀ ਦਿੱਤੀ। (2 ਪਤਰਸ 2:5) ਹਨੋਕ ਦੀ ਤਰ੍ਹਾਂ ਉਸ ਨੇ ਵੀ ਲੋਕਾਂ ਨੂੰ ਮਿਲਣ ਵਾਲੀ ਸਜ਼ਾ ਬਾਰੇ ਚੇਤਾਵਨੀ ਦਿੱਤੀ। ਕੀ ਲੋਕਾਂ ਨੇ ਇਸ ਚੇਤਾਵਨੀ ਵੱਲ ਧਿਆਨ ਦਿੱਤਾ? ਯਿਸੂ ਨੇ ਸਵਰਗ ਤੋਂ ਨੂਹ ਦੇ ਦਿਨਾਂ ਨੂੰ ਦੇਖਿਆ ਸੀ। ਇਸ ਲਈ ਉਸ ਨੇ ਕਿਹਾ: “ਲੋਕਾਂ ਨੇ ਉਦੋਂ ਤਕ ਕੋਈ ਧਿਆਨ ਨਾ ਦਿੱਤਾ ਜਦ ਤਕ ਜਲ-ਪਰਲੋ ਆ ਕੇ ਉਨ੍ਹਾਂ ਸਾਰਿਆਂ ਨੂੰ ਰੋੜ੍ਹ ਕੇ ਨਾ ਲੈ ਗਈ।”​—ਮੱਤੀ 24:39.

ਕਲਪਨਾ ਕਰੋ ਕਿ ਜਦੋਂ ਯਹੋਵਾਹ ਨੇ ਕਿਸ਼ਤੀ ਦਾ ਦਰਵਾਜ਼ਾ ਬੰਦ ਕਰ ਦਿੱਤਾ, ਤਾਂ 40 ਦਿਨਾਂ ਦੌਰਾਨ ਨੂਹ ਤੇ ਉਸ ਦੇ ਪਰਿਵਾਰ ’ਤੇ ਕੀ ਬੀਤੀ ਹੋਣੀ। ਦਿਨ-ਬਦਿਨ ਮੀਂਹ ਵਰ੍ਹਦਾ ਗਿਆ। ਉਹ ਅੱਠੇ ਜਣੇ ਜ਼ਰੂਰ ਆਪਣੇ ਕੰਮਾਂ ਵਿਚ ਰੁੱਝ ਗਏ ਹੋਣੇ, ਜਿਵੇਂ ਇਕ-ਦੂਜੇ ਦੀ ਦੇਖ-ਭਾਲ ਕਰਨੀ, ਆਪਣੇ ਕਮਰਿਆਂ ਦੀ ਸਾਫ਼-ਸਫ਼ਾਈ ਕਰਨੀ ਅਤੇ ਜਾਨਵਰਾਂ ਦੇ ਵਾੜਿਆਂ ਵਿਚ ਜਾ ਕੇ ਉਨ੍ਹਾਂ ਦੀ ਦੇਖ-ਰੇਖ ਕਰਨੀ। ਫਿਰ ਅਚਾਨਕ ਕਿਸ਼ਤੀ ਡੋਲ੍ਹਣ ਲੱਗ ਪਈ ਅਤੇ ਪਾਣੀ ਵਿਚ ਚੱਲਣ ਲੱਗ ਪਈ! ਪਾਣੀ ਨੇ ਕਿਸ਼ਤੀ ਨੂੰ ਉੱਪਰ ਚੁੱਕ ਲਿਆ ਜਦ ਤਕ ‘ਉਹ ਧਰਤੀ ਉੱਤੋਂ ਉਤਾਂਹਾਂ ਨਾ ਹੋ ਗਈ।’ (ਉਤਪਤ 7:17) ਸਰਬਸ਼ਕਤੀਮਾਨ ਯਹੋਵਾਹ ਪਰਮੇਸ਼ੁਰ ਦੀ ਤਾਕਤ ਦਾ ਕਿੰਨਾ ਹੀ ਵੱਡਾ ਸਬੂਤ!

ਨੂਹ ਨੇ ਯਹੋਵਾਹ ਦਾ ਕਿੰਨਾ ਸ਼ੁਕਰ ਕੀਤਾ ਹੋਣਾ! ਯਹੋਵਾਹ ਨੇ ਨਾ ਸਿਰਫ਼ ਨੂਹ ਤੇ ਉਸ ਦੇ ਪਰਿਵਾਰ ਨੂੰ ਬਚਾਇਆ, ਸਗੋਂ ਲੋਕਾਂ ਨੂੰ ਵੀ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ। ਯਹੋਵਾਹ ਦੀ ਦਇਆ ਕਰਕੇ ਨੂਹ ਅਤੇ ਉਸ ਦਾ ਪਰਿਵਾਰ ਮਰ ਚੁੱਕੇ ਲੋਕਾਂ ਨੂੰ ਚੇਤਾਵਨੀ ਦੇ ਸਕਿਆ। ਪਰ ਲੋਕਾਂ ਨੇ ਉਨ੍ਹਾਂ ਦੀ ਗੱਲ ਵੱਲ ਕੋਈ ਧਿਆਨ ਨਹੀਂ ਦਿੱਤਾ। ਸਖ਼ਤ ਮਿਹਨਤ ਕਰਨ ਦੇ ਬਾਵਜੂਦ ਨੂਹ ਨੂੰ ਲੱਗਾ ਹੋਣਾ ਕਿ ਉਸ ਨੂੰ ਆਪਣੀ ਮਿਹਨਤ ਦਾ ਕੋਈ ਫਲ ਨਹੀਂ ਮਿਲ ਰਿਹਾ। ਜ਼ਰਾ ਸੋਚੋ: ਜਲ-ਪਰਲੋ ਆਉਣ ਤੋਂ ਪਹਿਲਾਂ ਨੂਹ ਦੇ ਭੈਣ-ਭਰਾ, ਭਤੀਜੇ-ਭਤੀਜੀਆਂ ਤੇ ਭਾਣਜੇ-ਭਾਣਜੀਆਂ ਹੋਣੇ, ਪਰ ਉਸ ਦੀ ਪਤਨੀ ਤੇ ਬੱਚਿਆਂ ਤੋਂ ਇਲਾਵਾ ਕਿਸੇ ਨੇ ਵੀ ਉਸ ਦੀ ਗੱਲ ਨਹੀਂ ਸੁਣੀ। (ਉਤਪਤ 5:30) ਹੁਣ ਉਹ ਅੱਠੇ ਜਣੇ ਕਿਸ਼ਤੀ ਵਿਚ ਸੁਰੱਖਿਅਤ ਸਨ। ਉਨ੍ਹਾਂ ਨੂੰ ਇਹ ਸੋਚ ਕੇ ਜ਼ਰੂਰ ਦਿਲਾਸਾ ਮਿਲਿਆ ਹੋਣਾ ਕਿ ਉਹ ਲੋਕਾਂ ਨੂੰ ਚੇਤਾਵਨੀ ਦੇਣ ਤੋਂ ਪਿੱਛੇ ਨਹੀਂ ਹਟੇ।

ਨੂਹ ਦੇ ਦਿਨਾਂ ਤੋਂ ਯਹੋਵਾਹ ਬਦਲਿਆ ਨਹੀਂ ਹੈ। (ਮਲਾਕੀ 3:6) ਯਿਸੂ ਨੇ ਦੱਸਿਆ ਕਿ ਅੱਜ ਸਾਡੇ ਦਿਨ “ਨੂਹ ਦੇ ਦਿਨਾਂ” ਵਰਗੇ ਹਨ। (ਮੱਤੀ 24:37) ਸਾਡਾ ਸਮਾਂ ਮੁਸੀਬਤਾਂ ਨਾਲ ਭਰਿਆ ਹੋਇਆ ਹੈ। ਇਸ ਮੁਸੀਬਤ ਭਰੇ ਸਮੇਂ ਦਾ ਅੰਤ ਉਦੋਂ ਹੋਵੇਗਾ ਜਦੋਂ ਇਹ ਦੁਸ਼ਟ ਦੁਨੀਆਂ ਖ਼ਤਮ ਕੀਤੀ ਜਾਵੇਗੀ। ਅੱਜ ਰੱਬ ਦੇ ਲੋਕ ਵੀ ਸਾਰਿਆਂ ਨੂੰ ਚੇਤਾਵਨੀ ਦਿੰਦੇ ਹਨ। ਕੀ ਤੁਸੀਂ ਇਸ ਚੇਤਾਵਨੀ ਵੱਲ ਧਿਆਨ ਦਿਓਗੇ? ਜੇ ਤੁਸੀਂ ਜ਼ਿੰਦਗੀ ਬਚਾਉਣ ਵਾਲੇ ਬਾਈਬਲ ਦੇ ਸੰਦੇਸ਼ ਨੂੰ ਕਬੂਲ ਕਰ ਲਿਆ ਹੈ, ਤਾਂ ਕੀ ਤੁਸੀਂ ਹੋਰਾਂ ਨੂੰ ਇਸ ਬਾਰੇ ਨਹੀਂ ਦੱਸੋਗੇ? ਨੂਹ ਤੇ ਉਸ ਦੇ ਪਰਿਵਾਰ ਨੇ ਸਾਡੇ ਸਾਰਿਆਂ ਲਈ ਵਧੀਆ ਮਿਸਾਲ ਕਾਇਮ ਕੀਤੀ।

‘ਪਾਣੀ ਵਿੱਚੋਂ ਬਚਾਏ ਗਏ’

ਕਿਸ਼ਤੀ ਪਾਣੀ ਦੀਆਂ ਲਹਿਰਾਂ ਵਿਚ ਵਹਿ ਰਹੀ ਸੀ ਤੇ ਉਸ ਵਿਚ ਬੈਠੇ ਲੋਕਾਂ ਨੂੰ ਕਿਸ਼ਤੀ ਵਿੱਚੋਂ ਖੜ-ਖੜ ਦੀਆਂ ਆਵਾਜ਼ਾਂ ਸੁਣਾਈ ਦੇ ਰਹੀਆਂ ਸਨ। ਕੀ ਨੂਹ ਵੱਡੀਆਂ ਲਹਿਰਾਂ ਕਰਕੇ ਪਰੇਸ਼ਾਨ ਸੀ ਜਾਂ ਕੀ ਉਸ ਨੂੰ ਡਰ ਸੀ ਕਿ ਕਿਸ਼ਤੀ ਟੁੱਟ ਜਾਵੇਗੀ? ਨਹੀਂ। ਸ਼ਾਇਦ ਅੱਜ ਕਈ ਲੋਕ ਸ਼ੱਕ ਕਰਨ ਕਿ ਇਹ ਕਿਸ਼ਤੀ ਟੁੱਟ ਸਕਦੀ ਸੀ, ਪਰ ਨੂਹ ਨੂੰ ਇੱਦਾਂ ਦਾ ਕੋਈ ਡਰ ਨਹੀਂ ਸੀ। ਬਾਈਬਲ ਕਹਿੰਦੀ ਹੈ: “ਨਿਹਚਾ ਨਾਲ ਨੂਹ ਨੇ . . . ਕਿਸ਼ਤੀ ਬਣਾਈ।” (ਇਬਰਾਨੀਆਂ 11:7) ਨੂਹ ਨੂੰ ਕਿਸ ਗੱਲ ’ਤੇ ਨਿਹਚਾ ਸੀ? ਯਹੋਵਾਹ ਨੇ ਇਕ ਨੇਮ ਬੰਨ੍ਹਿਆ ਸੀ ਕਿ ਉਹ ਨੂਹ ਤੇ ਉਸ ਨਾਲ ਜਿੰਨੇ ਵੀ ਕਿਸ਼ਤੀ ਵਿਚ ਹੋਣਗੇ ਉਨ੍ਹਾਂ ਸਾਰਿਆਂ ਦੀਆਂ ਜਾਨਾਂ ਬਚਾਵੇਗਾ। (ਉਤਪਤ 6:18, 19) ਕੀ ਬ੍ਰਹਿਮੰਡ, ਧਰਤੀ ਤੇ ਸਾਰੀਆਂ ਜੀਉਂਦੀਆਂ ਚੀਜ਼ਾਂ ਦਾ ਬਣਾਉਣ ਵਾਲਾ ਕਿਸ਼ਤੀ ਨੂੰ ਨਹੀਂ ਸੰਭਾਲ ਸਕਦਾ ਸੀ? ਬਿਲਕੁਲ ਸੰਭਾਲ ਸਕਦਾ ਸੀ! ਨੂਹ ਨੇ ਯਹੋਵਾਹ ਦੇ ਵਾਅਦਿਆਂ ’ਤੇ ਭਰੋਸਾ ਰੱਖਿਆ ਕਿ ਉਹ ਉਨ੍ਹਾਂ ਨੂੰ ਪੂਰਾ ਕਰੇਗਾ। ਵਾਕਈ, ਉਹ ਤੇ ਉਸ ਦਾ ਪਰਿਵਾਰ ‘ਪਾਣੀ ਵਿੱਚੋਂ ਬਚਾਏ ਗਏ।’​—1 ਪਤਰਸ 3:20.

ਚਾਲੀ ਦਿਨਾਂ ਤੇ ਚਾਲੀ ਰਾਤਾਂ ਬਾਅਦ ਮੀਂਹ ਹਟ ਗਿਆ। ਸਾਡੇ ਕਲੰਡਰ ਅਨੁਸਾਰ ਇਹ 2370 ਈਸਵੀ ਪੂਰਵ ਦੇ ਦਸੰਬਰ ਦਾ ਮਹੀਨਾ ਸੀ। ਪਰ ਨੂਹ ਤੇ ਉਸ ਦੇ ਪਰਿਵਾਰ ਨੂੰ ਅਜੇ ਕਿਸ਼ਤੀ ਵਿਚ ਰਹਿਣਾ ਪੈਣਾ ਸੀ। ਇਨਸਾਨ ਤੇ ਜਾਨਵਰ ਕਿਸ਼ਤੀ ਵਿਚ ਸਨ ਤੇ ਇਹ ਕਿਸ਼ਤੀ ਪਹਾੜਾਂ ਦੀਆਂ ਟੀਸੀਆਂ ਤੋਂ ਵੀ ਉੱਚੀ ਚੁੱਕੀ ਗਈ ਸੀ। (ਉਤਪਤ 7:19, 20) ਅਸੀਂ ਸ਼ਾਇਦ ਕਲਪਨਾ ਕਰ ਸਕਦੇ ਹਾਂ ਕਿ ਨੂਹ ਨੇ ਆਪਣੇ ਪੁੱਤਰਾਂ, ਸ਼ੇਮ, ਹਾਮ ਤੇ ਯਾਫਥ, ਤੋਂ ਭਾਰਾ-ਭਾਰਾ ਕੰਮ ਕਰਵਾਇਆ ਹੋਣਾ ਤਾਂਕਿ ਉਹ ਸਾਰੇ ਜਾਨਵਰਾਂ ਨੂੰ ਖਾਣਾ ਖਿਲਾ ਸਕਣ, ਉਨ੍ਹਾਂ ਨੂੰ ਸਾਫ਼ ਰੱਖ ਸਕਣ ਤੇ ਉਨ੍ਹਾਂ ਨੂੰ ਸਿਹਤਮੰਦ ਰੱਖ ਸਕਣ। ਜਦੋਂ ਜਾਨਵਰਾਂ ਨੂੰ ਕਿਸ਼ਤੀ ਵਿਚ ਲਿਆਂਦਾ ਗਿਆ ਸੀ, ਤਾਂ ਯਹੋਵਾਹ ਨੇ ਜਾਨਵਰਾਂ ਨੂੰ ਸ਼ਾਂਤ ਕੀਤਾ ਸੀ। ਤਾਂ ਫਿਰ ਕੀ ਉਹ ਜਲ-ਪਰਲੋ ਦੌਰਾਨ ਇਨ੍ਹਾਂ ਜਾਨਵਰਾਂ ਨੂੰ ਸ਼ਾਂਤ ਨਹੀਂ ਰੱਖ ਸਕਦਾ ਸੀ ਤਾਂਕਿ ਉਹ ਕਿਸ਼ਤੀ ਵਿਚ ਜ਼ਿਆਦਾ ਹਲਚਲ ਨਾ ਮਚਾਉਣ? *

ਨੂਹ ਨੇ ਵਾਪਰੀਆਂ ਗੱਲਾਂ ਦਾ ਸਹੀ ਰਿਕਾਰਡ ਰੱਖਿਆ ਸੀ। ਇਸ ਰਿਕਾਰਡ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਮੀਂਹ ਕਦੋਂ ਸ਼ੁਰੂ ਹੋਇਆ ਅਤੇ ਕਦੋਂ ਖ਼ਤਮ। ਇਸ ਵਿਚ ਇਹ ਵੀ ਦੱਸਿਆ ਗਿਆ ਕਿ 150 ਦਿਨਾਂ ਤਕ ਧਰਤੀ ਉੱਤੇ ਪਾਣੀ ਹੀ ਪਾਣੀ ਰਿਹਾ। ਅਖ਼ੀਰ ਧਰਤੀ ਤੋਂ ਪਾਣੀ ਘਟਣ ਲੱਗ ਪਿਆ। ਫਿਰ ਇਕ ਦਿਨ ਕਿਸ਼ਤੀ “ਅਰਾਰਾਤ ਪਹਾੜ” ਉੱਤੇ ਟਿਕ ਗਈ ਜੋ ਕਿ ਅੱਜ ਤੁਰਕੀ ਵਿਚ ਹੈ। ਸਾਡੇ ਕਲੰਡਰ ਦੇ ਮੁਤਾਬਕ ਇਹ 2369 ਈਸਵੀ ਪੂਰਵ ਦੇ ਅਪ੍ਰੈਲ ਦਾ ਮਹੀਨਾ ਸੀ। ਕੁਝ 73 ਦਿਨਾਂ ਬਾਅਦ ਜੂਨ ਵਿਚ ਪਹਾੜਾਂ ਦੀਆਂ ਟੀਸੀਆਂ ਨਜ਼ਰ ਆਈਆਂ। ਤਿੰਨ ਮਹੀਨਿਆਂ ਬਾਅਦ ਸਤੰਬਰ ਵਿਚ ਨੂਹ ਨੇ ਕਿਸ਼ਤੀ ਦੀ ਛੱਤ ਦਾ ਕੁਝ ਹਿੱਸਾ ਲਾਹੁਣ ਦਾ ਫ਼ੈਸਲਾ ਕੀਤਾ। ਭਾਵੇਂ ਉਨ੍ਹਾਂ ਨੂੰ ਇਹ ਭਾਰਾ ਕੰਮ ਕਰਨ ਲਈ ਸਖ਼ਤ ਮਿਹਨਤ ਕਰਨੀ ਪਈ, ਪਰ ਉਨ੍ਹਾਂ ਨੂੰ ਕਿੰਨਾ ਚੰਗਾ ਲੱਗਾ ਹੋਵੇਗਾ ਜਦੋਂ ਕਿਸ਼ਤੀ ਵਿਚ ਚਾਨਣ ਹੋਇਆ ਅਤੇ ਉਨ੍ਹਾਂ ਨੂੰ ਤਾਜ਼ੀ ਹਵਾ ਮਿਲੀ। ਇਸ ਤੋਂ ਪਹਿਲਾਂ ਨੂਹ ਨੇ ਇਹ ਦੇਖਣ ਲਈ ਕਿ ਉਹ ਹੁਣ ਧਰਤੀ ਉੱਤੇ ਰਹਿ ਸਕਦੇ ਹਨ ਕਿ ਨਹੀਂ ਇਕ ਪਹਾੜੀ ਕਾਂ ਭੇਜਿਆ ਅਤੇ ਕੁਝ ਸਮੇਂ ਬਾਅਦ ਘੁੱਗੀ ਨੂੰ ਘੱਲਿਆ। ਕਾਂ ਆਉਂਦਾ-ਜਾਂਦਾ ਰਿਹਾ। ਸ਼ਾਇਦ ਕਈ ਵਾਰ ਉਹ ਵਾਪਸ ਆ ਕੇ ਕਿਸ਼ਤੀ ਉੱਤੇ ਬੈਠਦਾ ਸੀ। ਘੁੱਗੀ ਵੀ ਆਉਂਦੀ-ਜਾਂਦੀ ਰਹੀ ਜਦ ਤਕ ਉਸ ਨੂੰ ਆਲ੍ਹਣਾ ਬਣਾਉਣ ਲਈ ਜਗ੍ਹਾ ਨਹੀਂ ਮਿਲ ਗਈ।​—ਉਤਪਤ 7:24–8:13.

ਬਿਨਾਂ ਸ਼ੱਕ ਨੂਹ ਨੇ ਔਖੀਆਂ ਘੜੀਆਂ ਵਿਚ ਆਪਣੇ ਪਰਿਵਾਰ ਨਾਲ ਮਿਲ ਕੇ ਰੱਬ ਦੀ ਭਗਤੀ ਕੀਤੀ

ਬਿਨਾਂ ਸ਼ੱਕ ਕਿਸ਼ਤੀ ਵਿਚ ਰਹਿੰਦਿਆਂ ਹੋਇਆਂ ਵੀ ਨੂਹ ਲਈ ਸਭ ਤੋਂ ਜ਼ਰੂਰੀ ਗੱਲ ਪਰਮੇਸ਼ੁਰ ਨਾਲ ਉਸ ਦਾ ਰਿਸ਼ਤਾ ਸੀ। ਅਸੀਂ ਸ਼ਾਇਦ ਕਲਪਨਾ ਕਰ ਸਕਦੇ ਹਾਂ ਕਿ ਪਰਿਵਾਰ ਬਾਕਾਇਦਾ ਇਕੱਠਾ ਹੋ ਕੇ ਪ੍ਰਾਰਥਨਾ ਕਰਦਾ ਸੀ ਤੇ ਆਪਣੇ ਬਚਾਉਣ ਵਾਲੇ ਸਵਰਗੀ ਪਿਤਾ ਯਹੋਵਾਹ ਬਾਰੇ ਗੱਲਾਂ ਕਰਦਾ ਸੀ। ਨੂਹ ਨੇ ਹਰ ਅਹਿਮ ਫ਼ੈਸਲਾ ਯਹੋਵਾਹ ਦੀ ਸੇਧ ਅਨੁਸਾਰ ਕੀਤਾ। ਇੱਥੋਂ ਤਕ ਕਿ ਜਦ ਨੂਹ ਨੇ ਦੇਖਿਆ ਕਿ ਧਰਤੀ ‘ਸੁੱਕ ਗਈ ਸੀ,’ ਉਦੋਂ ਵੀ ਉਸ ਨੇ ਸਾਲ ਤੋਂ ਜ਼ਿਆਦਾ ਕਿਸ਼ਤੀ ਵਿਚ ਇੰਤਜ਼ਾਰ ਕੀਤਾ। ਉਹ ਆਪਣੇ ਆਪ ਕਿਸ਼ਤੀ ਦਾ ਦਰਵਾਜ਼ਾ ਖੋਲ੍ਹ ਕੇ ਸਾਰਿਆਂ ਨੂੰ ਬਾਹਰ ਨਹੀਂ ਲੈ ਕੇ ਗਿਆ। (ਉਤਪਤ 8:14) ਉਸ ਨੇ ਯਹੋਵਾਹ ਦੇ ਹੁਕਮ ਦਾ ਇੰਤਜ਼ਾਰ ਕੀਤਾ!

ਅੱਜ ਪਰਿਵਾਰ ਦੇ ਮੁਖੀ ਇਸ ਵਫ਼ਾਦਾਰ ਆਦਮੀ ਤੋਂ ਬਹੁਤ ਕੁਝ ਸਿੱਖ ਸਕਦੇ ਹਨ। ਉਹ ਸਾਰੇ ਕੰਮ ਸਹੀ ਢੰਗ ਨਾਲ ਕਰਦਾ ਸੀ, ਉਹ ਮਿਹਨਤੀ ਸੀ ਤੇ ਧੀਰਜ ਰੱਖਦਾ ਸੀ। ਨਾਲੇ ਉਹ ਆਪਣੇ ਅਧੀਨ ਰਹਿਣ ਵਾਲਿਆਂ ਦਾ ਖ਼ਿਆਲ ਰੱਖਦਾ ਸੀ। ਪਰ ਇਨ੍ਹਾਂ ਸਾਰੀਆਂ ਗੱਲਾਂ ਨਾਲੋਂ ਉਹ ਯਹੋਵਾਹ ਦੀ ਇੱਛਾ ਪੂਰੀ ਕਰਨ ਨੂੰ ਪਹਿਲੀ ਥਾਂ ਦਿੰਦਾ ਸੀ। ਜੇ ਅਸੀਂ ਇਨ੍ਹਾਂ ਮਾਮਲਿਆਂ ਵਿਚ ਨੂਹ ਦੀ ਨਕਲ ਕਰਦੇ ਹਾਂ, ਤਾਂ ਅਸੀਂ ਆਪਣੇ ਪਰਿਵਾਰ ਲਈ ਬਰਕਤਾਂ ਲਿਆ ਸਕਦੇ ਹਾਂ।

“ਕਿਸ਼ਤੀ ਵਿੱਚੋਂ ਨਿੱਕਲ ਜਾਹ”

ਅਖ਼ੀਰ ਯਹੋਵਾਹ ਨੇ ਨੂਹ ਨੂੰ ਹੁਕਮ ਦਿੱਤਾ: “ਕਿਸ਼ਤੀ ਵਿੱਚੋਂ ਨਿੱਕਲ ਜਾਹ ਤੂੰ ਅਰ ਤੇਰੀ ਤੀਵੀਂ ਅਤੇ ਤੇਰੇ ਪੁੱਤ੍ਰ ਅਰ ਤੇਰੀਆਂ ਨੂਹਾਂ ਵੀ।” ਜਿੱਦਾਂ-ਜਿੱਦਾਂ ਯਹੋਵਾਹ ਨੇ ਕਿਹਾ, ਉੱਦਾਂ-ਉੱਦਾਂ ਉਨ੍ਹਾਂ ਨੇ ਕੀਤਾ। ਪਹਿਲਾਂ ਪਰਿਵਾਰ ਕਿਸ਼ਤੀ ਵਿੱਚੋਂ ਬਾਹਰ ਨਿਕਲਿਆ ਤੇ ਬਾਅਦ ਵਿਚ ਜਾਨਵਰ। ਕਿਵੇਂ? ਕੀ ਸਾਰੇ ਜਾਨਵਰਾਂ ਵਿਚ ਭਗਦੜ ਮੱਚ ਗਈ ਸੀ? ਬਿਲਕੁਲ ਨਹੀਂ! ਬਾਈਬਲ ਦੱਸਦੀ ਹੈ ਕਿ ਸਾਰੇ ‘ਆਪੋ ਆਪਣੀ ਜਾਤੀ ਦੇ ਅਨੁਸਾਰ ਕਿਸ਼ਤੀ ਵਿੱਚੋਂ ਬਾਹਰ ਨਿੱਕਲ ਗਏ।’ (ਉਤਪਤ 8:15-19) ਹੁਣ ਬਾਹਰ ਆ ਕੇ ਪਹਾੜਾਂ ਦੀ ਤਾਜ਼ੀ ਹਵਾ ਲੈਂਦੇ ਹੋਏ ਅਤੇ ਅਰਾਰਾਤ ਦਾ ਪਹਾੜੀ ਇਲਾਕਾ ਦੇਖਦੇ ਹੋਏ ਨੂਹ ਅਤੇ ਉਸ ਦੇ ਪਰਿਵਾਰ ਨੇ ਇਕ ਸਾਫ਼-ਸੁਥਰੀ ਧਰਤੀ ਦੇਖੀ। ਨੈਫ਼ਲਿਮਾਂ, ਹਿੰਸਾ, ਬਾਗ਼ੀ ਦੂਤ ਤੇ ਸਾਰੇ ਦੁਸ਼ਟ ਲੋਕਾਂ ਦਾ ਨਾਮੋ-ਨਿਸ਼ਾਨ ਮਿਟ ਗਿਆ ਸੀ! * ਮਨੁੱਖਜਾਤੀ ਆਪਣੀ ਜ਼ਿੰਦਗੀ ਨਵੇਂ ਸਿਰਿਓਂ ਸ਼ੁਰੂ ਕਰ ਸਕਦੀ ਸੀ।

ਨੂਹ ਜਾਣਦਾ ਸੀ ਕਿ ਉਸ ਨੂੰ ਹੁਣ ਕੀ ਕਰਨਾ ਚਾਹੀਦਾ ਹੈ। ਯਹੋਵਾਹ ਦੀ ਭਗਤੀ ਕਰਨ ਲਈ ਉਸ ਨੇ ਜਗਵੇਦੀ ਬਣਾਈ। ਉਸ ਨੇ ਉਨ੍ਹਾਂ ਵਿੱਚੋਂ ਕੁਝ ਸ਼ੁੱਧ ਜਾਨਵਰਾਂ ਦੀ ਯਹੋਵਾਹ ਅੱਗੇ ਬਲ਼ੀ ਚੜ੍ਹਾਈ ਜਿਨ੍ਹਾਂ ਬਾਰੇ ਰੱਬ ਨੇ ਕਿਹਾ ਸੀ ਕਿ ਉਹ ਕਿਸ਼ਤੀ ਵਿਚ “ਸੱਤ ਸੱਤ” ਲੈ ਕੇ ਜਾਣ। (ਉਤਪਤ 7:2; 8:20) ਨੂਹ ਨੇ ਜੋ ਕੀਤਾ, ਕੀ ਉਹ ਯਹੋਵਾਹ ਨੂੰ ਮਨਜ਼ੂਰ ਸੀ?

ਬਾਈਬਲ ਕਹਿੰਦੀ ਹੈ: ‘ਯਹੋਵਾਹ ਨੇ ਸੁਗੰਧ ਸੁੰਘੀ।’ ਮਨੁੱਖਜਾਤੀ ਦੀ ਬੁਰਾਈ ਕਰਕੇ ਜਿਹੜਾ ਦਰਦ ਯਹੋਵਾਹ ਦੇ ਦਿਲ ਵਿਚ ਸੀ, ਉਹ ਹੁਣ ਨਹੀਂ ਰਿਹਾ ਕਿਉਂਕਿ ਧਰਤੀ ’ਤੇ ਇਕ ਵਫ਼ਾਦਾਰ ਪਰਿਵਾਰ ਸੀ ਜੋ ਉਸ ਦੀ ਇੱਛਾ ਪੂਰੀ ਕਰਨ ਲਈ ਤਿਆਰ ਸੀ। ਪਰ ਯਹੋਵਾਹ ਨੂੰ ਪਤਾ ਸੀ ਕਿ ਉਹ ਫਿਰ ਵੀ ਗ਼ਲਤੀਆਂ ਕਰਨਗੇ। ਉਸੇ ਆਇਤ ਵਿਚ ਅੱਗੇ ਕਿਹਾ ਗਿਆ ਹੈ: “ਆਦਮੀ ਦੇ ਮਨ ਦੀ ਭਾਵਨਾ ਉਸ ਦੀ ਜਵਾਨੀ ਤੋਂ ਬੁਰੀ ਹੀ ਹੈ।” (ਉਤਪਤ 8:21) ਜ਼ਰਾ ਸੋਚੋ ਕਿ ਮਨੁੱਖਜਾਤੀ ’ਤੇ ਰਹਿਮ ਕਰਨ ਲਈ ਯਹੋਵਾਹ ਨੇ ਹੋਰ ਕੀ ਕੀਤਾ।

ਆਦਮ ਅਤੇ ਹੱਵਾਹ ਦੇ ਪਾਪ ਕਰਨ ਤੋਂ ਬਾਅਦ ਪਰਮੇਸ਼ੁਰ ਨੇ ਜ਼ਮੀਨ ਨੂੰ ਸਰਾਪ ਦਿੱਤਾ ਸੀ। ਇਸ ਨਾਲ ਖੇਤੀਬਾੜੀ ਦਾ ਕੰਮ ਬਹੁਤ ਮੁਸ਼ਕਲ ਹੋ ਗਿਆ ਸੀ। ਪਰ ਹੁਣ ਉਸ ਨੇ ਜ਼ਮੀਨ ਨੂੰ ਉਸ ਸਰਾਪ ਤੋਂ ਮੁਕਤ ਕਰ ਦਿੱਤਾ। ਨੂਹ ਦੇ ਪਿਤਾ ਲਾਮਕ ਨੇ ਉਸ ਦਾ ਨਾਂ ਨੂਹ ਰੱਖਿਆ ਜਿਸ ਦਾ ਮਤਲਬ ਸ਼ਾਇਦ ਹੋ ਸਕਦਾ ਹੈ “ਆਰਾਮ।” ਨੂਹ ਦੇ ਪਿਤਾ ਨੇ ਭਵਿੱਖਬਾਣੀ ਕੀਤੀ ਸੀ ਕਿ ਨੂਹ ਦੇ ਜ਼ਰੀਏ ਇਨਸਾਨਾਂ ਨੂੰ ਇਸ ਸਰਾਪ ਤੋਂ ਆਰਾਮ ਮਿਲੇਗਾ। ਨੂਹ ਕਿੰਨਾ ਖ਼ੁਸ਼ ਹੋਇਆ ਹੋਣਾ ਕਿ ਉਹ ਹੁਣ ਇਸ ਭਵਿੱਖਬਾਣੀ ਨੂੰ ਪੂਰਾ ਹੁੰਦਿਆਂ ਦੇਖੇਗਾ ਅਤੇ ਜ਼ਮੀਨ ਦੀ ਸੌਖਿਆਂ ਢੰਗ ਨਾਲ ਵਾਹੀ ਕਰ ਸਕੇਗਾ। ਕੋਈ ਹੈਰਾਨੀ ਦੀ ਗੱਲ ਨਹੀਂ ਕਿ ਨੂਹ ਨੇ ਖੇਤੀਬਾੜੀ ਕਰਨੀ ਸ਼ੁਰੂ ਕਰ ਦਿੱਤੀ!​—ਉਤਪਤ 3:17, 18; 5:28, 29; 9:20.

ਨੂਹ ਤੇ ਉਸ ਦਾ ਪਰਿਵਾਰ ਕਿਸ਼ਤੀ ਵਿੱਚੋਂ ਨਿਕਲ ਕੇ ਸਾਫ਼ ਧਰਤੀ ’ਤੇ ਆਇਆ

ਉਸੇ ਸਮੇਂ ਤੇ ਯਹੋਵਾਹ ਨੇ ਨੂਹ ਅਤੇ ਉਸ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਜ਼ਿੰਦਗੀ ਜੀਉਣ ਲਈ ਕੁਝ ਕਾਨੂੰਨ ਦਿੱਤੇ ਜਿਨ੍ਹਾਂ ਨੂੰ ਉਹ ਆਸਾਨੀ ਨਾਲ ਸਮਝ ਸਕਦੇ ਸਨ। ਇਸ ਵਿਚ ਸ਼ਾਮਲ ਸਨ ਕਿਸੇ ਦਾ ਖ਼ੂਨ ਨਹੀਂ ਕਰਨਾ ਤੇ ਖ਼ੂਨ ਦੀ ਕੁਵਰਤੋਂ ਨਹੀਂ ਕਰਨੀ। ਪਰਮੇਸ਼ੁਰ ਨੇ ਮਨੁੱਖਜਾਤੀ ਨਾਲ ਇਕਰਾਰਨਾਮਾ ਕੀਤਾ ਕਿ ਉਹ ਫਿਰ ਕਦੇ ਵੀ ਧਰਤੀ ’ਤੇ ਲੋਕਾਂ ਨੂੰ ਜਲ-ਪਰਲੋ ਨਾਲ ਤਬਾਹ ਨਹੀਂ ਕਰੇਗਾ। ਇਸ ਵਾਅਦੇ ’ਤੇ ਵਿਸ਼ਵਾਸ ਕਰਨ ਲਈ ਯਹੋਵਾਹ ਨੇ ਇਨਸਾਨਾਂ ਨੂੰ ਸਤਰੰਗੀ ਪੀਂਘ ਦਿਖਾਈ ਜੋ ਕੁਦਰਤ ਦਾ ਕਮਾਲ ਸੀ। ਸਤਰੰਗੀ ਪੀਂਘ ਦੇਖ ਕੇ ਸਾਨੂੰ ਯਹੋਵਾਹ ਦਾ ਵਾਅਦਾ ਯਾਦ ਆਉਂਦਾ ਹੈ ਅਤੇ ਸਾਨੂੰ ਦਿਲਾਸਾ ਮਿਲਦਾ ਹੈ ਕਿ ਉਹ ਫਿਰ ਕਦੇ ਵੀ ਦੁਨੀਆਂ ਨੂੰ ਪਾਣੀ ਨਾਲ ਤਬਾਹ ਨਹੀਂ ਕਰੇਗਾ।​—ਉਤਪਤ 9:1-17.

ਜੇ ਨੂਹ ਦੀ ਕਹਾਣੀ ਸਿਰਫ਼ ਇਕ ਕਥਾ ਹੁੰਦੀ, ਤਾਂ ਸ਼ਾਇਦ ਇਹ ਕਹਾਣੀ ਇੱਥੇ ਹੀ ਖ਼ਤਮ ਹੋ ਜਾਂਦੀ। ਪਰ ਨੂਹ ਇਕ ਅਸਲੀ ਆਦਮੀ ਸੀ ਜੋ ਇਸ ਘਟਨਾ ਤੋਂ ਬਾਅਦ ਹੋਰ 350 ਸਾਲ ਤਕ ਜੀਉਂਦਾ ਰਿਹਾ। ਉਨ੍ਹਾਂ ਦਿਨਾਂ ਵਿਚ ਲੋਕ ਅੱਜ ਦੇ ਸਮੇਂ ਨਾਲੋਂ ਬਹੁਤ ਦੇਰ ਤਕ ਜੀਉਂਦੇ ਰਹਿੰਦੇ ਸਨ। ਇਨ੍ਹਾਂ 350 ਸਾਲਾਂ ਦੌਰਾਨ ਨੂਹ ਨੂੰ ਦੁੱਖ ਦੇਖਣੇ ਪਏ। ਨੂਹ ਨੇ ਇਕ ਵਾਰੀ ਬਹੁਤ ਵੱਡੀ ਗ਼ਲਤੀ ਕੀਤੀ ਜਦੋਂ ਉਸ ਨੇ ਜ਼ਿਆਦਾ ਸ਼ਰਾਬ ਪੀਤੀ। ਪਰ ਇਸ ਗ਼ਲਤੀ ਦਾ ਇਕ ਹੋਰ ਬੁਰਾ ਨਤੀਜਾ ਨਿਕਲਿਆ ਜਦੋਂ ਉਸ ਦੇ ਪੋਤੇ ਕਨਾਨ ਨੇ ਇਸ ਤੋਂ ਵੀ ਵੱਡਾ ਪਾਪ ਕੀਤਾ। ਇਸ ਪਾਪ ਕਰਕੇ ਕਨਾਨ ਦੇ ਪੂਰੇ ਪਰਿਵਾਰ ਨੂੰ ਬੁਰੇ ਨਤੀਜੇ ਭੁਗਤਣੇ ਪਏ। ਨੂਹ ਨੇ ਆਪਣੀ ਜ਼ਿੰਦਗੀ ਵਿਚ ਇਹ ਵੀ ਦੇਖਿਆ ਕਿ ਉਸ ਦੀ ਪੀੜ੍ਹੀ ਦੇ ਲੋਕਾਂ ਨੇ ਮੂਰਤੀ ਪੂਜਾ ਕੀਤੀ ਤੇ ਨਿਮਰੋਦ ਦੇ ਦਿਨਾਂ ਵਿਚ ਹਿੰਸਕ ਬਣੇ। ਪਰ ਖ਼ੁਸ਼ੀ ਦੀ ਗੱਲ ਹੈ ਕਿ ਉਸ ਨੇ ਇਹ ਵੀ ਦੇਖਿਆ ਕਿ ਉਸ ਦੇ ਪੁੱਤਰ ਸ਼ੇਮ ਨੇ ਆਪਣੇ ਪਰਿਵਾਰ ਲਈ ਯਹੋਵਾਹ ਦੀ ਭਗਤੀ ਕਰਨ ਵਿਚ ਵਧੀਆ ਮਿਸਾਲ ਕਾਇਮ ਕੀਤੀ।​—ਉਤਪਤ 9:21-28; 10:8-11; 11:1-11.

ਨੂਹ ਦੀ ਤਰ੍ਹਾਂ ਸਾਨੂੰ ਵੀ ਮੁਸ਼ਕਲਾਂ ਦੌਰਾਨ ਵਫ਼ਾਦਾਰ ਰਹਿਣ ਦੀ ਲੋੜ ਹੈ। ਜਦੋਂ ਦੂਜੇ ਲੋਕ ਰੱਬ ਨੂੰ ਨਹੀਂ ਮੰਨਦੇ ਜਾਂ ਉਸ ਦੀ ਸੇਵਾ ਕਰਨੀ ਛੱਡ ਦਿੰਦੇ ਹਨ, ਤਾਂ ਸਾਨੂੰ ਨੂਹ ਵਾਂਗ ਸਹੀ ਰਾਹ ’ਤੇ ਚੱਲਦੇ ਰਹਿਣਾ ਚਾਹੀਦਾ ਹੈ। ਯਹੋਵਾਹ ਸਾਡੇ ਧੀਰਜ ਦੀ ਬਹੁਤ ਕਦਰ ਕਰਦਾ ਹੈ। ਜਿਵੇਂ ਯਿਸੂ ਮਸੀਹ ਨੇ ਕਿਹਾ ਸੀ, “ਜਿਹੜਾ ਇਨਸਾਨ ਅੰਤ ਤਕ ਵਫ਼ਾਦਾਰ ਰਹੇਗਾ ਉਹੀ ਬਚਾਇਆ ਜਾਵੇਗਾ।”​—ਮੱਤੀ 24:13. (w13-E 08/01)

^ ਪੇਰਗ੍ਰੈਫ 17 ਕਈਆਂ ਨੇ ਦਾਅਵਾ ਕੀਤਾ ਹੈ ਕਿ ਰੱਬ ਨੇ ਜਾਨਵਰਾਂ ਨੂੰ ਅਜਿਹੀ ਸੁਸਤ ਹਾਲਤ ਵਿਚ ਰੱਖਿਆ ਜਿਵੇਂ ਸਰਦੀਆਂ ਦੇ ਠੰਢੇ-ਠਾਰ ਮੌਸਮ ਦੌਰਾਨ ਕਈ ਜਾਨਵਰ ਲੰਬੇ ਸਮੇਂ ਤਕ ਸੁੱਤੇ ਰਹਿੰਦੇ ਹਨ ਤੇ ਘੱਟ ਖਾਣਾ ਖਾਂਦੇ ਹਨ। ਭਾਵੇਂ ਰੱਬ ਨੇ ਇਸ ਤਰ੍ਹਾਂ ਕੀਤਾ ਹੋਵੇ ਜਾਂ ਨਾ, ਪਰ ਸਾਨੂੰ ਇੰਨਾ ਜ਼ਰੂਰ ਪਤਾ ਹੈ ਕਿ ਉਹ ਆਪਣੇ ਵਾਅਦੇ ’ਤੇ ਪੂਰਾ ਉਤਰਿਆ ਅਤੇ ਕਿਸ਼ਤੀ ਵਿਚ ਰਹਿੰਦੇ ਸਾਰੇ ਜਣੇ ਸੁਰੱਖਿਅਤ ਸਨ ਤੇ ਬਚਾਏ ਗਏ।

^ ਪੇਰਗ੍ਰੈਫ 22 ਧਰਤੀ ’ਤੇ ਅਦਨ ਦਾ ਬਾਗ਼ ਵੀ ਨਹੀਂ ਰਿਹਾ ਕਿਉਂਕਿ ਜਲ-ਪਰਲੋ ਦੌਰਾਨ ਇਹ ਤਬਾਹ ਹੋ ਗਿਆ ਹੋਣਾ। ਨਾਲੇ ਅਦਨ ਦੇ ਬਾਗ਼ ਦੇ ਬਾਹਰ ਖੜ੍ਹੇ ਰਾਖੀ ਕਰਨ ਵਾਲੇ ਕਰੂਬੀ ਵੀ ਸਵਰਗ ਵਾਪਸ ਚਲੇ ਗਏ ਹੋਣੇ। ਉਨ੍ਹਾਂ ਦੀ 1,600 ਸਾਲਾਂ ਬਾਅਦ ਇਹ ਜ਼ਿੰਮੇਵਾਰੀ ਖ਼ਤਮ ਹੋਈ।​—ਉਤਪਤ 3:22-24.