Skip to content

ਨੂਹ ਅਤੇ ਜਲ-ਪਰਲੋ ਦੀ ਕਹਾਣੀ​—ਕੀ ਇਹ ਸਿਰਫ਼ ਮਿਥਿਹਾਸ ਹੈ?

ਨੂਹ ਅਤੇ ਜਲ-ਪਰਲੋ ਦੀ ਕਹਾਣੀ​—ਕੀ ਇਹ ਸਿਰਫ਼ ਮਿਥਿਹਾਸ ਹੈ?

ਬਾਈਬਲ ਕਹਿੰਦੀ ਹੈ

 ਜਲ-ਪਰਲੋ ਇਕ ਸੱਚੀ ਘਟਨਾ ਹੈ। ਪਰਮੇਸ਼ੁਰ ਨੇ ਦੁਸ਼ਟ ਲੋਕਾਂ ਨੂੰ ਖ਼ਤਮ ਕਰਨ ਲਈ ਜਲ-ਪਰਲੋ ਲਿਆਂਦੀ ਸੀ। ਪਰ ਉਸ ਨੇ ਨੂਹ ਨੂੰ ਇਕ ਕਿਸ਼ਤੀ ਬਣਾਉਣ ਲਈ ਕਿਹਾ ਤਾਂਕਿ ਨੇਕਦਿਲ ਲੋਕ ਅਤੇ ਜਾਨਵਰ ਬਚ ਸਕਣ। (ਉਤਪਤ 6:11-20) ਅਸੀਂ ਪੂਰੇ ਯਕੀਨ ਨਾਲ ਕਹਿ ਸਕਦੇ ਹਾਂ ਕਿ ਜਲ-ਪਰਲੋ ਸੱਚ-ਮੁੱਚ ਆਈ ਸੀ ਕਿਉਂਕਿ ਇਹ ਘਟਨਾ ਧਰਮ-ਗ੍ਰੰਥ ਵਿਚ ਦਰਜ ਹੈ ਜੋ “ਪਰਮੇਸ਼ੁਰ ਦੀ ਸ਼ਕਤੀ ਦੀ ਪ੍ਰੇਰਣਾ ਨਾਲ ਲਿਖਿਆ ਗਿਆ ਹੈ।”​—2 ਤਿਮੋਥਿਉਸ 3:16.

 ਸੱਚੀ ਘਟਨਾ ਜਾਂ ਕਥਾ-ਕਹਾਣੀ?

 ਬਾਈਬਲ ਦੱਸਦੀ ਹੈ ਕਿ ਨੂਹ ਇਕ ਅਸਲੀ ਵਿਅਕਤੀ ਸੀ ਅਤੇ ਜਲ-ਪਰਲੋ ਸੱਚ-ਮੁੱਚ ਆਈ ਸੀ। ਇਹ ਕੋਈ ਕਥਾ-ਕਹਾਣੀ ਨਹੀਂ ਹੈ।

  •   ਬਾਈਬਲ ਦੇ ਲਿਖਾਰੀ ਮੰਨਦੇ ਸਨ ਕਿ ਨੂਹ ਇਕ ਅਸਲੀ ਵਿਅਕਤੀ ਸੀ। ਮਿਸਾਲ ਲਈ, ਬਾਈਬਲ ਦੇ ਲਿਖਾਰੀ ਅਜ਼ਰਾ ਅਤੇ ਲੂਕਾ ਮਾਹਰ ਇਤਿਹਾਸਕਾਰ ਸਨ ਜਿਨ੍ਹਾਂ ਨੇ ਇਜ਼ਰਾਈਲ ਕੌਮ ਦੀ ਵੰਸ਼ਾਵਲੀ ਵਿਚ ਨੂਹ ਦਾ ਜ਼ਿਕਰ ਕੀਤਾ ਸੀ। (1 ਇਤਿਹਾਸ 1:4; ਲੂਕਾ 3:36) ਇੰਜੀਲਾਂ ਦੇ ਲਿਖਾਰੀਆਂ ਮੱਤੀ ਅਤੇ ਲੂਕਾ ਨੇ ਵੀ ਯਿਸੂ ਦੇ ਸ਼ਬਦਾਂ ਨੂੰ ਦਰਜ ਕੀਤਾ ਜੋ ਉਸ ਨੇ ਨੂਹ ਅਤੇ ਜਲ-ਪਰਲੋ ਬਾਰੇ ਕਹੇ ਸਨ।​—ਮੱਤੀ 24:37-39; ਲੂਕਾ 17:26, 27.

     ਨਾਲੇ ਹਿਜ਼ਕੀਏਲ ਨਬੀ ਅਤੇ ਪੌਲੁਸ ਰਸੂਲ ਨੇ ਨੂਹ ਨੂੰ ਨਿਹਚਾ ਅਤੇ ਧਾਰਮਿਕਤਾ ਦੀ ਮਿਸਾਲ ਕਿਹਾ। (ਹਿਜ਼ਕੀਏਲ 14:14, 20; ਇਬਰਾਨੀਆਂ 11:7) ਜ਼ਰਾ ਸੋਚੋ, ਜੇ ਨੂਹ ਇਕ ਕਾਲਪਨਿਕ ਵਿਅਕਤੀ ਹੁੰਦਾ, ਤਾਂ ਕੀ ਬਾਈਬਲ ਦੇ ਲਿਖਾਰੀਆਂ ਨੇ ਸਾਨੂੰ ਉਸ ਦੀ ਰੀਸ ਕਰਨ ਲਈ ਕਹਿਣਾ ਸੀ? ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਨੂਹ ਤੇ ਹੋਰ ਆਦਮੀ ਅਤੇ ਔਰਤਾਂ ਨਿਹਚਾ ਦੀਆਂ ਚੰਗੀਆਂ ਮਿਸਾਲਾਂ ਹਨ ਕਿਉਂਕਿ ਉਹ ਅਸਲੀ ਲੋਕ ਸਨ।​—ਇਬਰਾਨੀਆਂ 12:1; ਯਾਕੂਬ 5:17.

  •   ਬਾਈਬਲ ਜਲ-ਪਰਲੋ ਬਾਰੇ ਬਾਰੀਕੀ ਨਾਲ ਦੱਸਦੀ ਹੈ। ਜਦੋਂ ਬਾਈਬਲ ਜਲ-ਪਰਲੋ ਬਾਰੇ ਦੱਸਣਾ ਸ਼ੁਰੂ ਕਰਦੀ ਹੈ, ਤਾਂ ਇਹ ਕਿਸੇ ਕਾਲਪਨਿਕ ਕਹਾਣੀ ਵਾਂਗ ਦੱਸਣਾ ਸ਼ੁਰੂ ਨਹੀਂ ਕਰਦੀ, ਜਿਵੇਂ “ਇਕ ਵਾਰ ਦੀ ਗੱਲ ਹੈ ਕਿ . . .।” ਇਸ ਦੀ ਬਜਾਇ, ਬਾਈਬਲ ਦੱਸਦੀ ਹੈ ਕਿ ਜਲ-ਪਰਲੋ ਨਾਲ ਜੁੜੀਆਂ ਘਟਨਾਵਾਂ ਕਿਹੜੇ ਸਾਲ, ਮਹੀਨੇ ਅਤੇ ਦਿਨ ਹੋਈਆਂ ਸਨ। (ਉਤਪਤ 7:11; 8:4, 13, 14) ਨਾਲੇ ਇਹ ਉਸ ਕਿਸ਼ਤੀ ਦੀ ਲੰਬਾਈ, ਚੁੜਾਈ ਅਤੇ ਉਚਾਈ ਬਾਰੇ ਸਾਫ਼-ਸਾਫ਼ ਦੱਸਦੀ ਹੈ ਜੋ ਨੂਹ ਨੇ ਬਣਾਈ ਸੀ। (ਉਤਪਤ 6:15) ਇਨ੍ਹਾਂ ਗੱਲਾਂ ਤੋਂ ਪਤਾ ਲੱਗਦਾ ਹੈ ਕਿ ਬਾਈਬਲ ਵਿਚ ਦੱਸੀ ਜਲ-ਪਰਲੋ ਦੀ ਘਟਨਾ ਸੱਚੀ ਹੈ, ਨਾ ਕਿ ਕੋਈ ਕਥਾ-ਕਹਾਣੀ।

 ਜਲ-ਪਰਲੋ ਕਿਉਂ ਆਈ ਸੀ?

 ਬਾਈਬਲ ਮੁਤਾਬਕ ਜਲ-ਪਰਲੋ ਤੋਂ ਪਹਿਲਾਂ “ਇਨਸਾਨ ਦੀ ਬੁਰਾਈ ਹੱਦੋਂ ਵੱਧ ਹੋ ਗਈ ਸੀ।” (ਉਤਪਤ 6:5) ਇਸ ਤੋਂ ਇਲਾਵਾ, “ਦੁਨੀਆਂ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਵਿਗੜੀ ਹੋਈ ਸੀ” ਕਿਉਂਕਿ ਹਰ ਪਾਸੇ ਖ਼ੂਨ-ਖ਼ਰਾਬਾ ਅਤੇ ਹਰਾਮਕਾਰੀ ਹੋ ਰਹੀ ਸੀ।​—ਉਤਪਤ 6:11; ਯਹੂਦਾਹ 6, 7.

 ਬਾਈਬਲ ਦੱਸਦੀ ਹੈ ਕਿ ਇਸ ਦਾ ਵੱਡਾ ਕਾਰਨ ਉਹ ਦੁਸ਼ਟ ਦੂਤ ਸਨ ਜੋ ਸਵਰਗ ਤੋਂ ਧਰਤੀ ʼਤੇ ਆ ਗਏ ਸਨ ਤਾਂਕਿ ਔਰਤਾਂ ਨਾਲ ਸਰੀਰਕ ਸੰਬੰਧ ਬਣਾ ਸਕਣ। ਇਨ੍ਹਾਂ ਦੁਸ਼ਟ ਦੂਤਾਂ ਦੀ ਔਲਾਦ ਨੂੰ ਦੈਂਤ ਕਿਹਾ ਜਾਂਦਾ ਸੀ ਜਿਨ੍ਹਾਂ ਨੇ ਲੋਕਾਂ ਦਾ ਜੀਉਣਾ ਔਖਾ ਕਰ ਦਿੱਤਾ ਸੀ। (ਉਤਪਤ 6:1, 2, 4) ਪਰਮੇਸ਼ੁਰ ਨੇ ਫ਼ੈਸਲਾ ਕੀਤਾ ਕਿ ਉਹ ਧਰਤੀ ਤੋਂ ਬੁਰਾਈ ਖ਼ਤਮ ਕਰ ਦੇਵੇਗਾ ਤਾਂਕਿ ਚੰਗੇ ਲੋਕ ਨਵੇਂ ਸਿਰਿਓਂ ਆਪਣੀ ਜ਼ਿੰਦਗੀ ਸ਼ੁਰੂ ਕਰ ਸਕਣ।​—ਉਤਪਤ 6:6, 7, 17.

 ਕੀ ਲੋਕ ਜਾਣਦੇ ਸਨ ਕਿ ਜਲ-ਪਰਲੋ ਆਉਣ ਵਾਲੀ ਹੈ?

 ਜੀ ਹਾਂ, ਪਰਮੇਸ਼ੁਰ ਨੇ ਨੂਹ ਨੂੰ ਦੱਸਿਆ ਕਿ ਉਹ ਕੀ ਕਰਨ ਵਾਲਾ ਸੀ ਅਤੇ ਨੂਹ ਨੂੰ ਇਕ ਕਿਸ਼ਤੀ ਬਣਾਉਣ ਲਈ ਕਿਹਾ ਤਾਂਕਿ ਉਸ ਦਾ ਪਰਿਵਾਰ ਅਤੇ ਜਾਨਵਰ ਬਚ ਸਕਣ। (ਉਤਪਤ 6:13, 14; 7:1-4) ਨੂਹ ਨੇ ਲੋਕਾਂ ਨੂੰ ਆਉਣ ਵਾਲੇ ਨਾਸ਼ ਬਾਰੇ ਖ਼ਬਰਦਾਰ ਕੀਤਾ ਸੀ। ਪਰ ਕਿਸੇ ਨੇ ਵੀ ਉਸ ਦੀਆਂ ਚੇਤਾਵਨੀਆਂ ਵੱਲ ਕੋਈ ਧਿਆਨ ਨਹੀਂ ਦਿੱਤਾ। (2 ਪਤਰਸ 2:5) ਬਾਈਬਲ ਕਹਿੰਦੀ ਹੈ: “ਲੋਕਾਂ ਨੇ ਉਦੋਂ ਤਕ ਕੋਈ ਧਿਆਨ ਨਾ ਦਿੱਤਾ ਜਦ ਤਕ ਜਲ-ਪਰਲੋ ਆ ਕੇ ਉਨ੍ਹਾਂ ਸਾਰਿਆਂ ਨੂੰ ਰੋੜ੍ਹ ਕੇ ਨਾ ਲੈ ਗਈ।”​—ਮੱਤੀ 24:37-39.

 ਨੂਹ ਦੀ ਕਿਸ਼ਤੀ ਦੇਖਣ ਨੂੰ ਕਿੱਦਾਂ ਦੀ ਲੱਗਦੀ ਸੀ?

ਇਹ ਕਿਸ਼ਤੀ ਇਕ ਬਹੁਤ ਵੱਡੇ ਬਕਸੇ ਵਰਗੀ ਸੀ ਜਿਸ ਦੀ ਲੰਬਾਈ 438 ਫੁੱਟ (133 ਮੀਟਰ), ਚੁੜਾਈ 73 ਫੁੱਟ (22 ਮੀਟਰ) ਅਤੇ ਉਚਾਈ 44 ਫੁੱਟ (13 ਮੀਟਰ) ਸੀ। a ਕਿਸ਼ਤੀ ਰਾਲ਼ ਵਾਲੀ ਲੱਕੜ ਦੀ ਬਣੀ ਹੋਈ ਸੀ ਅਤੇ ਇਸ ਨੂੰ ਅੰਦਰੋਂ-ਬਾਹਰੋਂ ਤਾਰਕੋਲ ਨਾਲ ਲਿੱਪਿਆ ਹੋਇਆ ਸੀ। ਇਸ ਵਿਚ ਤਿੰਨ ਮੰਜ਼ਲਾਂ ਸਨ ਅਤੇ ਕਈ ਕਮਰੇ ਸਨ। ਕਿਸ਼ਤੀ ਦੇ ਇਕ ਪਾਸੇ ਦਰਵਾਜ਼ਾ ਸੀ ਅਤੇ ਛੱਤ ਤੋਂ ਥੋੜ੍ਹਾ ਜਿਹਾ ਥੱਲੇ ਇਕ ਖਿੜਕੀ ਸੀ। ਇੱਦਾਂ ਲੱਗਦਾ ਹੈ ਕਿ ਕਿਸ਼ਤੀ ਦੀ ਛੱਤ ਵਿਚਕਾਰੋਂ ਥੋੜ੍ਹੀ ਜਿਹੀ ਉੱਚੀ ਸੀ ਤਾਂਕਿ ਕਿਸ਼ਤੀ ਦੀ ਛੱਤ ʼਤੇ ਪਾਣੀ ਇਕੱਠਾ ਨਾ ਹੋਵੇ।​—ਉਤਪਤ 6:14-16.

 ਕਿਸ਼ਤੀ ਬਣਾਉਣ ਲਈ ਨੂਹ ਨੂੰ ਕਿੰਨਾ ਸਮਾਂ ਲੱਗਾ?

 ਬਾਈਬਲ ਇਸ ਬਾਰੇ ਕੁਝ ਨਹੀਂ ਦੱਸਦੀ ਕਿ ਕਿਸ਼ਤੀ ਬਣਾਉਣ ਲਈ ਉਸ ਨੂੰ ਕਿੰਨਾ ਸਮਾਂ ਲੱਗਾ। ਪਰ ਲੱਗਦਾ ਹੈ ਕਿ ਉਸ ਨੂੰ ਕਿਸ਼ਤੀ ਬਣਾਉਣ ਲਈ ਕਈ ਦਹਾਕੇ ਲੱਗ ਗਏ। ਜਦੋਂ ਨੂਹ ਦਾ ਪਹਿਲਾ ਪੁੱਤਰ ਪੈਦਾ ਹੋਇਆ, ਤਾਂ ਉਸ ਦੀ ਉਮਰ 500 ਤੋਂ ਵੀ ਜ਼ਿਆਦਾ ਸਾਲਾਂ ਦੀ ਸੀ ਅਤੇ ਜਦੋਂ ਜਲ-ਪਰਲੋ ਆਈ, ਤਾਂ ਉਸ ਦੀ ਉਮਰ 600 ਸਾਲ ਸੀ। b​—ਉਤਪਤ 5:32; 7:6.

 ਜਦੋਂ ਪਰਮੇਸ਼ੁਰ ਨੇ ਨੂਹ ਨੂੰ ਕਿਸ਼ਤੀ ਬਣਾਉਣ ਲਈ ਕਿਹਾ, ਉਦੋਂ ਨੂਹ ਦੇ ਤਿੰਨੇ ਪੁੱਤਰ ਵੱਡੇ ਹੋ ਗਏ ਸਨ ਅਤੇ ਉਨ੍ਹਾਂ ਦੇ ਵਿਆਹ ਹੋ ਚੁੱਕੇ ਸਨ ਜਿਸ ਵਿਚ ਲਗਭਗ 50 ਜਾਂ 60 ਸਾਲ ਲੱਗ ਗਏ ਹੋਣੇ। (ਉਤਪਤ 6:14, 18) ਜੇ ਇਹ ਸੱਚ ਹੈ, ਤਾਂ ਅਸੀਂ ਇਹ ਸਿੱਟਾ ਕੱਢ ਸਕਦੇ ਹਾਂ ਕਿ ਕਿਸ਼ਤੀ ਨੂੰ ਪੂਰੀ ਤਰ੍ਹਾਂ ਬਣ ਕੇ ਤਿਆਰ ਹੋਣ ਵਿਚ 40 ਜਾਂ 50 ਸਾਲ ਲੱਗ ਗਏ ਹੋਣੇ।

a ਬਾਈਬਲ ਕਿਸ਼ਤੀ ਦੀ ਮਿਣਤੀ ਹੱਥਾਂ ਵਿਚ ਦੱਸਦੀ ਹੈ। ਇਕ “ਇਬਰਾਨੀ ਹੱਥ 17.5 ਇੰਚ (44.45 ਸੈਂਟੀਮੀਟਰ) ਹੁੰਦਾ ਸੀ।”​—ਇਲਸਟ੍ਰੇਟਿਡ ਬਾਈਬਲ ਡਿਕਸ਼ਨਰੀ, ਰਿਵਾਈਜ਼ਡ ਐਡੀਸ਼ਨ, ਭਾਗ 3, ਸਫ਼ਾ 1635.

b ਨੂਹ ਅਤੇ ਹੋਰ ਲੋਕ ਕਿੰਨੇ ਸਾਲ ਜੀਉਂਦੇ ਰਹੇ, ਇਸ ਬਾਰੇ ਜਾਣਨ ਲਈ 1 ਦਸੰਬਰ 2010 ਦੇ ਪਹਿਰਾਬੁਰਜ ਵਿਚ “ਕੀ ਬਾਈਬਲ ਦੇ ਜ਼ਮਾਨੇ ਵਿਚ ਲੋਕ ਸੱਚੀ ਇੰਨੀ ਲੰਬੀ ਉਮਰ ਜੀਉਂਦੇ ਸਨ?” ਨਾਂ ਦਾ ਲੇਖ ਦੇਖੋ।