Skip to content

Skip to table of contents

ਉਨ੍ਹਾਂ ਦੀ ਨਿਹਚਾ ਦੀ ਰੀਸ ਕਰੋ | ਹਨੋਕ

“ਉਸ ਨੇ ਪਰਮੇਸ਼ੁਰ ਨੂੰ ਖ਼ੁਸ਼ ਕੀਤਾ”

“ਉਸ ਨੇ ਪਰਮੇਸ਼ੁਰ ਨੂੰ ਖ਼ੁਸ਼ ਕੀਤਾ”

ਹਨੋਕ ਨੇ ਲੰਬੀ ਉਮਰ ਭੋਗੀ। ਸਾਡੇ ਲਈ ਸ਼ਾਇਦ ਕਲਪਨਾ ਕਰਨੀ ਮੁਸ਼ਕਲ ਹੋਵੇ, ਪਰ ਉਹ ਆਦਮੀ 365 ਸਾਲਾਂ ਤਕ ਜੀਉਂਦਾ ਰਿਹਾ ਯਾਨੀ ਉਸ ਦੀ ਉਮਰ ਅੱਜ ਦੇ ਲੋਕਾਂ ਦੀ ਉਮਰ ਨਾਲੋਂ ਚਾਰ ਗੁਣਾ ਜ਼ਿਆਦਾ ਸੀ! ਪਰ ਇਸ ਦਾ ਇਹ ਮਤਲਬ ਨਹੀਂ ਕਿ ਉਹ ਬਹੁਤ ਬੁੱਢਾ ਹੋ ਗਿਆ ਸੀ। ਉਹ ਆਪਣੇ ਜ਼ਮਾਨੇ ਵਿਚ ਹਾਲੇ ਵੀ ਜਵਾਨ ਸੀ। ਉਸ ਜ਼ਮਾਨੇ ਵਿਚ ਯਾਨੀ 50 ਸਦੀਆਂ ਪਹਿਲਾਂ ਲੋਕਾਂ ਦੀ ਉਮਰ ਬਹੁਤ ਲੰਬੀ ਹੁੰਦੀ ਸੀ। ਮਿਸਾਲ ਲਈ, ਪਹਿਲੇ ਇਨਸਾਨ ਆਦਮ ਦੀ ਉਮਰ 600 ਤੋਂ ਜ਼ਿਆਦਾ ਸਾਲਾਂ ਦੀ ਸੀ ਜਦੋਂ ਹਨੋਕ ਦਾ ਜਨਮ ਹੋਇਆ। ਉਸ ਸਮੇਂ ਤੋਂ ਬਾਅਦ ਆਦਮ ਤਿੰਨ ਸਦੀਆਂ ਹੋਰ ਜੀਉਂਦਾ ਰਿਹਾ! ਆਦਮ ਦੀ ਪੀੜ੍ਹੀ ਵਿੱਚੋਂ ਕੁਝ ਉਸ ਤੋਂ ਵੀ ਜ਼ਿਆਦਾ ਲੰਬੀ ਉਮਰ ਭੋਗ ਕੇ ਮਰੇ। 365 ਸਾਲਾਂ ਦੀ ਉਮਰ ਵਿਚ ਵੀ ਹਨੋਕ ਕਾਫ਼ੀ ਤਾਕਤਵਰ ਲੱਗਦਾ ਹੋਣਾ ਜਿਸ ਨੇ ਅਜੇ ਬਹੁਤ ਸਾਰੇ ਸਾਲ ਜੀਉਂਦੇ ਰਹਿਣਾ ਸੀ। ਪਰ ਇੱਦਾਂ ਹੋਇਆ ਨਹੀਂ।

ਹਨੋਕ ਦੀ ਜਾਨ ਖ਼ਤਰੇ ਵਿਚ ਸੀ। ਕਲਪਨਾ ਕਰੋ ਕਿ ਉਹ ਜਾਨ ਬਚਾਉਣ ਲਈ ਭੱਜ ਰਿਹਾ ਹੈ ਅਤੇ ਉਸ ਦੇ ਦਿਮਾਗ਼ ਵਿਚ ਵਾਰ-ਵਾਰ ਇਹੀ ਖ਼ਿਆਲ ਆ ਰਿਹਾ ਹੈ ਕਿ ਰੱਬ ਬਾਰੇ ਦਿੱਤੇ ਉਸ ਦੇ ਸੰਦੇਸ਼ ਬਾਰੇ ਲੋਕਾਂ ਦਾ ਕੀ ਰਵੱਈਆ ਸੀ। ਉਨ੍ਹਾਂ ਦੇ ਚਿਹਰੇ ਗੁੱਸੇ ਨਾਲ ਲਾਲ-ਪੀਲੇ ਹੋ ਗਏ ਸਨ। ਲੋਕ ਉਸ ਨੂੰ ਨਫ਼ਰਤ ਕਰਦੇ ਸਨ। ਉਨ੍ਹਾਂ ਨੂੰ ਉਸ ਦਾ ਸੰਦੇਸ਼ ਚੰਗਾ ਨਹੀਂ ਲੱਗਾ ਤੇ ਉਹ ਉਸ ਰੱਬ ਨੂੰ ਘਿਰਣਾ ਕਰਦੇ ਸੀ ਜਿਸ ਨੇ ਉਸ ਨੂੰ ਭੇਜਿਆ ਸੀ। ਉਹ ਹਨੋਕ ਦੇ ਪਰਮੇਸ਼ੁਰ ਦਾ ਵਾਲ਼ ਵੀ ਵਿੰਗਾ ਨਹੀਂ ਕਰ ਸਕਦੇ ਸਨ, ਪਰ ਉਹ ਹਨੋਕ ’ਤੇ ਜ਼ਰੂਰ ਹਮਲਾ ਕਰ ਸਕਦੇ ਸਨ! ਸ਼ਾਇਦ ਹਨੋਕ ਵੀ ਸੋਚਦਾ ਹੋਣਾ ਕਿ ਉਹ ਆਪਣੇ ਪਰਿਵਾਰ ਨੂੰ ਦੁਬਾਰਾ ਮਿਲ ਪਾਵੇਗਾ ਕਿ ਨਹੀਂ। ਕੀ ਉਸ ਨੇ ਆਪਣੀ ਪਤਨੀ, ਆਪਣੀਆਂ ਧੀਆਂ ਜਾਂ ਆਪਣੇ ਪੁੱਤਰ ਮਥੂਸਲਹ ਜਾਂ ਆਪਣੇ ਪੋਤੇ ਲਾਮਕ ਬਾਰੇ ਸੋਚਿਆ? (ਉਤਪਤ 5:21-23, 25) ਕੀ ਕਹਾਣੀ ਇੱਥੇ ਹੀ ਖ਼ਤਮ ਹੋ ਗਈ?

ਬਾਈਬਲ ਵਿਚ ਹਨੋਕ ਬਾਰੇ ਘੱਟ ਹੀ ਦੱਸਿਆ ਗਿਆ ਹੈ। ਬਾਈਬਲ ਵਿਚ ਸਿਰਫ਼ ਤਿੰਨ ਵਾਰ ਉਸ ਬਾਰੇ ਥੋੜ੍ਹਾ ਜਿਹਾ ਦੱਸਿਆ ਗਿਆ ਹੈ। (ਉਤਪਤ 5:21-24; ਇਬਰਾਨੀਆਂ 11:5; ਯਹੂਦਾਹ 14, 15) ਪਰ ਇਨ੍ਹਾਂ ਆਇਤਾਂ ਤੋਂ ਇਸ ਪੱਕੀ ਨਿਹਚਾ ਵਾਲੇ ਆਦਮੀ ਬਾਰੇ ਬਹੁਤ ਕੁਝ ਪਤਾ ਲੱਗਦਾ ਹੈ। ਕੀ ਤੁਸੀਂ ਆਪਣੇ ਪਰਿਵਾਰ ਦਾ ਗੁਜ਼ਾਰਾ ਤੋਰਦੇ ਹੋ? ਕੀ ਤੁਹਾਨੂੰ ਕਦੇ ਉਹ ਕੰਮ ਕਰਨ ਲਈ ਜੱਦੋ-ਜਹਿਦ ਕਰਨੀ ਪਈ ਜੋ ਤੁਹਾਨੂੰ ਪਤਾ ਕਿ ਸਹੀ ਹੈ? ਜੇ ਹਾਂ, ਤਾਂ ਤੁਸੀਂ ਹਨੋਕ ਦੀ ਨਿਹਚਾ ਤੋਂ ਬਹੁਤ ਕੁਝ ਸਿੱਖ ਸਕਦੇ ਹੋ।

‘ਹਨੋਕ ਪਰਮੇਸ਼ੁਰ ਦੇ ਸੰਗ ਚੱਲਦਾ ਰਿਹਾ’

ਦੁਨੀਆਂ ਬਹੁਤ ਬੁਰੀ ਹੋ ਚੁੱਕੀ ਸੀ ਜਦੋਂ ਹਨੋਕ ਪੈਦਾ ਹੋਇਆ। ਉਹ ਆਦਮ ਦੀ ਪੀੜ੍ਹੀ ਵਿੱਚੋਂ ਸੱਤਵੀਂ ਪੀੜ੍ਹੀ ਸੀ। ਉਸ ਵੇਲੇ ਇਨਸਾਨ ਕਾਫ਼ੀ ਹੱਦ ਤਕ ਤੰਦਰੁਸਤ ਰਹਿੰਦੇ ਸਨ ਕਿਉਂਕਿ ਉਨ੍ਹਾਂ ਉੱਤੇ ਹਾਲੇ ਆਦਮ ਤੇ ਹੱਵਾਹ ਦੇ ਪਾਪ ਦਾ ਇੰਨਾ ਅਸਰ ਨਹੀਂ ਪਿਆ ਸੀ ਜਿਨ੍ਹਾਂ ਨੇ ਹਮੇਸ਼ਾ ਲਈ ਜੀਉਣ ਦਾ ਮੌਕਾ ਹੱਥੋਂ ਗੁਆ ਲਿਆ ਸੀ। ਜ਼ਿਆਦਾ ਅਸਰ ਨਾ ਪੈਣ ਕਰਕੇ ਲੋਕ ਬਹੁਤ ਲੰਬੀ ਉਮਰ ਜੀਉਂਦੇ ਸਨ। ਪਰ ਉਨ੍ਹਾਂ ਦਾ ਚਾਲ-ਚਲਣ ਬਹੁਤ ਵਿਗੜ ਗਿਆ ਸੀ ਤੇ ਪਰਮੇਸ਼ੁਰ ਨਾਲੋਂ ਰਿਸ਼ਤਾ ਟੁੱਟ ਚੁੱਕਾ ਸੀ। ਹਰ ਪਾਸੇ ਹਿੰਸਾ ਹੋ ਰਹੀ ਸੀ। ਇਹ ਹਿੰਸਾ ਦੂਜੀ ਪੀੜ੍ਹੀ ਤੋਂ ਹੀ ਹੋਣੀ ਸ਼ੁਰੂ ਹੋ ਗਈ ਸੀ ਜਦੋਂ ਕਾਇਨ ਨੇ ਆਪਣੇ ਭਰਾ ਦਾ ਕਤਲ ਕੀਤਾ ਸੀ। ਕਾਇਨ ਦੀ ਪੀੜ੍ਹੀ ਵਿੱਚੋਂ ਇਕ ਜਣੇ ਨੂੰ ਬਹੁਤ ਘਮੰਡ ਸੀ ਕਿ ਉਹ ਕਾਇਨ ਨਾਲੋਂ ਵੀ ਜ਼ਿਆਦਾ ਹਿੰਸਕ ਅਤੇ ਬਦਲੇਖ਼ੋਰ ਸੀ! ਤੀਜੀ ਪੀੜ੍ਹੀ ਵਿਚ ਇਕ ਹੋਰ ਬੁਰਾਈ ਨੇ ਜਨਮ ਲਿਆ। ਲੋਕਾਂ ਨੇ ਯਹੋਵਾਹ ਦਾ ਨਾਂ ਲੈਣਾ ਸ਼ੁਰੂ ਕੀਤਾ, ਪਰ ਸ਼ਰਧਾ ਨਾਲ ਭਗਤੀ ਕਰਨ ਵਾਸਤੇ ਨਹੀਂ। ਜ਼ਾਹਰ ਹੈ ਕਿ ਉਹ ਯਹੋਵਾਹ ਦੇ ਪਵਿੱਤਰ ਨਾਂ ਨੂੰ ਨਿਰਾਦਰ ਭਰੇ ਢੰਗ ਨਾਲ ਲੈ ਕੇ ਇਸ ਦੀ ਬਦਨਾਮੀ ਕਰ ਰਹੇ ਸਨ।ਉਤਪਤ 4:8, 23-26.

ਹਨੋਕ ਦੇ ਜ਼ਮਾਨੇ ਵਿਚ ਇਸ ਤਰ੍ਹਾਂ ਦੇ ਭ੍ਰਿਸ਼ਟ ਧਰਮ ਨੂੰ ਆਮ ਹੀ ਮੰਨਿਆ ਜਾਂਦਾ ਸੀ। ਜਦੋਂ ਹਨੋਕ ਵੱਡਾ ਹੋਇਆ, ਤਾਂ ਉਸ ਨੂੰ ਫ਼ੈਸਲਾ ਕਰਨਾ ਪੈਣਾ ਸੀ। ਕੀ ਉਸ ਨੇ ਆਪਣੇ ਜ਼ਮਾਨੇ ਦੇ ਲੋਕਾਂ ਵਰਗਾ ਹੋ ਜਾਣਾ ਸੀ? ਜਾਂ ਕੀ ਉਸ ਨੇ ਸੱਚੇ ਪਰਮੇਸ਼ੁਰ ਯਹੋਵਾਹ ਦੀ ਭਾਲ ਕਰਨੀ ਸੀ ਜਿਸ ਨੇ ਜ਼ਮੀਨ-ਆਸਮਾਨ ਬਣਾਇਆ ਸੀ? ਉਹ ਦਿਲ ਦੀਆਂ ਗਹਿਰਾਈਆਂ ਤੋਂ ਹਾਬਲ ਬਾਰੇ ਜਾਣਨ ਲਈ ਪ੍ਰੇਰਿਤ ਹੋਇਆ ਹੋਣਾ ਜੋ ਇਕ ਸ਼ਹੀਦ ਦੀ ਮੌਤ ਮਾਰਿਆ ਗਿਆ ਕਿਉਂਕਿ ਉਹ ਯਹੋਵਾਹ ਦੇ ਮਨਭਾਉਂਦੇ ਤਰੀਕੇ ਅਨੁਸਾਰ ਭਗਤੀ ਕਰਦਾ ਸੀ। ਹਨੋਕ ਨੇ ਵੀ ਇਸੇ ਤਰ੍ਹਾਂ ਕਰਨ ਦਾ ਫ਼ੈਸਲਾ ਕੀਤਾ। ਉਤਪਤ 5:22 ਕਹਿੰਦਾ: ‘ਹਨੋਕ ਪਰਮੇਸ਼ੁਰ ਦੇ ਸੰਗ ਚੱਲਦਾ ਰਿਹਾ।’ ਇਸ ਗੱਲ ਤੋਂ ਪਤਾ ਲੱਗਦਾ ਕਿ ਹਨੋਕ ਰੱਬ ਨੂੰ ਨਾ ਮੰਨਣ ਵਾਲੀ ਦੁਨੀਆਂ ਵਿਚ ਧਰਮੀ ਬੰਦਾ ਸੀ। ਉਹ ਪਹਿਲਾ ਇਨਸਾਨ ਸੀ ਜਿਸ ਬਾਰੇ ਬਾਈਬਲ ਇਸ ਤਰ੍ਹਾਂ ਕਹਿੰਦੀ ਹੈ।

ਇਹੀ ਆਇਤ ਦੱਸਦੀ ਹੈ ਕਿ ਮਥੂਸਲਹ ਦਾ ਪਿਤਾ ਬਣਨ ਤੋਂ ਬਾਅਦ ਵੀ ਹਨੋਕ ਪਰਮੇਸ਼ੁਰ ਦੇ ਨਾਲ-ਨਾਲ ਚੱਲਦਾ ਰਿਹਾ। ਜਦੋਂ ਹਨੋਕ 65 ਸਾਲਾਂ ਦਾ ਸੀ, ਤਾਂ ਉਹ ਬਾਲ-ਬੱਚੇਦਾਰ ਆਦਮੀ ਸੀ। ਉਸ ਦੀ ਇਕ ਪਤਨੀ ਸੀ ਜਿਸ ਦਾ ਨਾਂ ਬਾਈਬਲ ਵਿਚ ਨਹੀਂ ਦੱਸਿਆ ਗਿਆ ਅਤੇ ਇਹ ਵੀ ਨਹੀਂ ਦੱਸਿਆ ਗਿਆ ਕਿ ਉਸ ਦੇ ਕਿੰਨੇ “ਪੁੱਤ੍ਰ ਧੀਆਂ” ਸਨ। ਜੇ ਪਿਤਾ ਨੇ ਬੱਚਿਆਂ ਦੀ ਪਰਵਰਿਸ਼ ਕਰਨ ਤੇ ਪਰਿਵਾਰ ਦਾ ਗੁਜ਼ਾਰਾ ਤੋਰਨ ਦੇ ਨਾਲ-ਨਾਲ ਰੱਬ ਦੇ ਨਾਲ ਚੱਲਣਾ ਹੈ, ਤਾਂ ਉਸ ਨੂੰ ਰੱਬ ਦੇ ਤਰੀਕੇ ਅਨੁਸਾਰ ਆਪਣੇ ਪਰਿਵਾਰ ਦੀ ਦੇਖ-ਭਾਲ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਸੋ ਹਨੋਕ ਜਾਣਦਾ ਸੀ ਕਿ ਯਹੋਵਾਹ ਚਾਹੁੰਦਾ ਸੀ ਕਿ ਉਹ ਆਪਣੀ ਪਤਨੀ ਦਾ ਵਫ਼ਾਦਾਰ ਰਹੇ। (ਉਤਪਤ 2:24) ਉਸ ਨੇ ਆਪਣੇ ਬੱਚਿਆਂ ਨੂੰ ਯਹੋਵਾਹ ਬਾਰੇ ਸਿਖਾਉਣ ਵਿਚ ਕੋਈ ਕਸਰ ਨਹੀਂ ਛੱਡੀ ਹੋਣੀ। ਇਸ ਦਾ ਕੀ ਨਤੀਜਾ ਨਿਕਲਿਆ?

ਬਾਈਬਲ ਵਿਚ ਇਸ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਹੈ। ਬਾਈਬਲ ਵਿਚ ਹਨੋਕ ਦੇ ਮੁੰਡੇ ਮਥੂਸਲਹ ਦੀ ਨਿਹਚਾ ਬਾਰੇ ਕੁਝ ਨਹੀਂ ਦੱਸਿਆ ਗਿਆ ਜਿਸ ਦੀ ਉਮਰ ਬਾਈਬਲ ਵਿਚ ਸਭ ਤੋਂ ਲੰਬੀ ਦੱਸੀ ਗਈ ਹੈ। ਮਥੂਸਲਹ ਦੀ ਮੌਤ ਉਸੇ ਸਾਲ ਹੋਈ ਜਦੋਂ ਜਲ-ਪਰਲੋ ਆਈ ਸੀ। ਪਰ ਮਥੂਸਲਹ ਦਾ ਇਕ ਮੁੰਡਾ ਸੀ ਲਾਮਕ। ਲਾਮਕ ਦੇ ਜੀਵਨ ਦੌਰਾਨ ਉਸ ਦਾ ਦਾਦਾ ਹਨੋਕ ਇਕ ਸੌ ਤੋਂ ਜ਼ਿਆਦਾ ਸਾਲ ਜੀਉਂਦਾ ਰਿਹਾ। ਲਾਮਕ ਨੇ ਵੱਡਾ ਹੋ ਕੇ ਲਾਜਵਾਬ ਨਿਹਚਾ ਦਿਖਾਈ। ਯਹੋਵਾਹ ਨੇ ਲਾਮਕ ਨੂੰ ਪ੍ਰੇਰਿਤ ਕੀਤਾ ਕਿ ਉਹ ਆਪਣੇ ਮੁੰਡੇ ਨੂਹ ਬਾਰੇ ਭਵਿੱਖਬਾਣੀ ਕਰੇ ਅਤੇ ਇਹ ਭਵਿੱਖਬਾਣੀ ਜਲ-ਪਰਲੋ ਆਉਣ ਤੋਂ ਬਾਅਦ ਪੂਰੀ ਹੋਈ। ਨੂਹ ਬਾਰੇ ਕਿਹਾ ਗਿਆ ਕਿ ਉਹ ਆਪਣੇ ਪੜਦਾਦੇ ਹਨੋਕ ਵਾਂਗ ਰੱਬ ਦੇ ਨਾਲ-ਨਾਲ ਚੱਲਦਾ ਰਿਹਾ। ਨੂਹ ਕਦੇ ਹਨੋਕ ਨੂੰ ਨਹੀਂ ਮਿਲਿਆ। ਪਰ ਹਨੋਕ ਨੇ ਨਿਹਚਾ ਦੀ ਚੰਗੀ ਮਿਸਾਲ ਛੱਡੀ ਸੀ। ਨੂਹ ਨੇ ਇਸ ਨਿਹਚਾ ਬਾਰੇ ਆਪਣੇ ਪਿਤਾ ਲਾਮਕ ਜਾਂ ਆਪਣੇ ਦਾਦੇ ਮਥੂਸਲਹ ਜਾਂ ਹਨੋਕ ਦੇ ਪਿਤਾ ਯਰਦ ਤੋਂ ਸਿੱਖਿਆ ਸੀ ਜਿਸ ਦੀ ਮੌਤ ਉਦੋਂ ਹੋਈ ਜਦੋਂ ਨੂਹ 366 ਸਾਲਾਂ ਦਾ ਸੀ।ਉਤਪਤ 5:25-29; 6:9; 9:1.

ਜ਼ਰਾ ਸੋਚੋ ਕਿ ਹਨੋਕ ਅਤੇ ਆਦਮ ਵਿਚ ਕਿੰਨਾ ਫ਼ਰਕ ਸੀ! ਆਦਮ ਭਾਵੇਂ ਮੁਕੰਮਲ ਸੀ, ਫਿਰ ਵੀ ਉਸ ਨੇ ਯਹੋਵਾਹ ਖ਼ਿਲਾਫ਼ ਪਾਪ ਕੀਤਾ ਅਤੇ ਆਪਣੀ ਔਲਾਦ ਨੂੰ ਵਿਰਾਸਤ ਵਿਚ ਪਾਪ ਅਤੇ ਦੁੱਖ ਦਿੱਤੇ। ਹਨੋਕ ਭਾਵੇਂ ਨਾਮੁਕੰਮਲ ਸੀ, ਫਿਰ ਵੀ ਉਹ ਪਰਮੇਸ਼ੁਰ ਦੇ ਨਾਲ-ਨਾਲ ਚੱਲਿਆ ਅਤੇ ਆਪਣੀ ਔਲਾਦ ਲਈ ਨਿਹਚਾ ਦੀ ਚੰਗੀ ਮਿਸਾਲ ਰੱਖੀ। ਜਦੋਂ ਹਨੋਕ 308 ਸਾਲਾਂ ਦਾ ਸੀ, ਤਾਂ ਆਦਮ ਦੀ ਮੌਤ ਹੋ ਗਈ। ਕੀ ਇਸ ਪਰਿਵਾਰ ਨੇ ਆਪਣੇ ਸੁਆਰਥੀ ਪੜਦਾਦੇ ਆਦਮ ਦੀ ਮੌਤ ਹੋਣ ਤੇ ਸੋਗ ਮਨਾਇਆ ਸੀ? ਸਾਨੂੰ ਨਹੀਂ ਪਤਾ। ਭਾਵੇਂ ਜੋ ਮਰਜ਼ੀ ਸੀ ਹਨੋਕ ‘ਪਰਮੇਸ਼ੁਰ ਦੇ ਸੰਗ ਚੱਲਦਾ ਰਿਹਾ।’ਉਤਪਤ 5:24.

ਜੇ ਤੁਸੀਂ ਆਪਣੇ ਪਰਿਵਾਰ ਦਾ ਗੁਜ਼ਾਰਾ ਤੋਰ ਰਹੇ ਹੋ, ਤਾਂ ਸੋਚੋ ਕਿ ਤੁਸੀਂ ਹਨੋਕ ਦੀ ਨਿਹਚਾ ਤੋਂ ਕੀ ਸਿੱਖ ਸਕਦੇ ਹੋ। ਭਾਵੇਂ ਕਿ ਪਰਿਵਾਰ ਦੀਆਂ ਭੌਤਿਕ ਲੋੜਾਂ ਪੂਰੀਆਂ ਕਰਨੀਆਂ ਬਹੁਤ ਜ਼ਰੂਰੀ ਹਨ, ਪਰ ਉਨ੍ਹਾਂ ਨੂੰ ਰੱਬ ਬਾਰੇ ਸਿਖਾਉਣਾ ਸਭ ਤੋਂ ਜ਼ਰੂਰੀ ਹੈ। (1 ਤਿਮੋਥਿਉਸ 5:8) ਤੁਸੀਂ ਇਹ ਸਿੱਖਿਆ ਆਪਣੀਆਂ ਗੱਲਾਂ ਰਾਹੀਂ ਹੀ ਨਹੀਂ, ਸਗੋਂ ਕੰਮਾਂ ਜ਼ਰੀਏ ਵੀ ਦਿੰਦੇ ਹੋ। ਜੇ ਤੁਸੀਂ ਹਨੋਕ ਵਾਂਗ ਪਰਮੇਸ਼ੁਰ ਦੇ ਨਾਲ-ਨਾਲ ਚੱਲਣ ਦਾ ਫ਼ੈਸਲਾ ਕਰਦੇ ਹੋ ਅਤੇ ਪਰਮੇਸ਼ੁਰ ਦੇ ਮਿਆਰਾਂ ਮੁਤਾਬਕ ਜ਼ਿੰਦਗੀ ਜੀਉਂਦੇ ਹੋ, ਤਾਂ ਤੁਸੀਂ ਵਧੀਆ ਵਿਰਾਸਤ ਯਾਨੀ ਚੰਗੀ ਮਿਸਾਲ ਛੱਡੋਗੇ ਜਿਸ ’ਤੇ ਤੁਹਾਡੇ ਪਰਿਵਾਰ ਦੇ ਮੈਂਬਰ ਚੱਲਣਗੇ।

ਹਨੋਕ ਨੇ “ਇਨ੍ਹਾਂ ਬਾਰੇ ਭਵਿੱਖਬਾਣੀ” ਕੀਤੀ

ਰੱਬ ਨੂੰ ਨਾ ਮੰਨਣ ਵਾਲੀ ਦੁਨੀਆਂ ਵਿਚ ਧਰਮੀ ਹਨੋਕ ਸ਼ਾਇਦ ਇਕੱਲਾ ਮਹਿਸੂਸ ਕਰਦਾ ਹੋਣਾ। ਪਰ ਕੀ ਉਸ ਦੇ ਰੱਬ ਯਹੋਵਾਹ ਨੇ ਉਸ ਵੱਲ ਧਿਆਨ ਦਿੱਤਾ? ਬਿਲਕੁਲ। ਉਹ ਦਿਨ ਆਇਆ ਜਦੋਂ ਯਹੋਵਾਹ ਨੇ ਆਪਣੇ ਇਸ ਵਫ਼ਾਦਾਰ ਭਗਤ ਨਾਲ ਗੱਲ ਕੀਤੀ। ਰੱਬ ਨੇ ਹਨੋਕ ਨੂੰ ਕਿਹਾ ਕਿ ਉਹ ਉਸ ਦਾ ਸੰਦੇਸ਼ ਆਪਣੇ ਜ਼ਮਾਨੇ ਦੇ ਲੋਕਾਂ ਨੂੰ ਦੇਵੇ। ਇਸ ਤਰ੍ਹਾਂ ਰੱਬ ਨੇ ਹਨੋਕ ਨੂੰ ਪਹਿਲਾ ਨਬੀ ਬਣਾਇਆ ਜਿਸ ਦੇ ਸੰਦੇਸ਼ ਨੂੰ ਬਾਈਬਲ ਵਿਚ ਦਰਜ ਕੀਤਾ ਗਿਆ ਹੈ। ਇਹ ਗੱਲ ਅਸੀਂ ਇਸ ਲਈ ਜਾਣਦੇ ਹਾਂ ਕਿਉਂਕਿ ਕਈ ਸਦੀਆਂ ਬਾਅਦ ਰੱਬ ਨੇ ਯਿਸੂ ਦੇ ਭਰਾ ਯਹੂਦਾਹ ਨੂੰ ਹਨੋਕ ਦੇ ਇਸ ਸੰਦੇਸ਼ ਨੂੰ ਲਿਖਣ ਲਈ ਪ੍ਰੇਰਿਤ ਕੀਤਾ। *

ਹਨੋਕ ਨੇ ਕਿਹੜੀ ਭਵਿੱਖਬਾਣੀ ਕੀਤੀ ਸੀ? ਇਹ ਕੀਤੀ ਸੀ: “ਦੇਖੋ! ਯਹੋਵਾਹ ਆਪਣੇ ਲੱਖਾਂ ਦੂਤਾਂ ਨਾਲ ਆਇਆ ਤਾਂਕਿ ਸਾਰਿਆਂ ਨੂੰ ਸਜ਼ਾ ਦੇਵੇ, ਅਤੇ ਸਾਰੇ ਦੁਸ਼ਟ ਲੋਕਾਂ ਨੂੰ ਦੋਸ਼ੀ ਠਹਿਰਾਵੇ ਜਿਨ੍ਹਾਂ ਨੇ ਦੁਸ਼ਟ ਤਰੀਕੇ ਨਾਲ ਦੁਸ਼ਟ ਕੰਮ ਕੀਤੇ ਹਨ ਅਤੇ ਉਨ੍ਹਾਂ ਦੁਸ਼ਟ ਪਾਪੀਆਂ ਨੂੰ ਵੀ ਜਿਨ੍ਹਾਂ ਨੇ ਪਰਮੇਸ਼ੁਰ ਦੇ ਖ਼ਿਲਾਫ਼ ਘਟੀਆ ਗੱਲਾਂ ਕਹੀਆਂ ਹਨ।” (ਯਹੂਦਾਹ 14, 15) ਹਨੋਕ ਨੂੰ ਪੂਰਾ ਯਕੀਨ ਸੀ ਕਿ ਇਹ ਭਵਿੱਖਬਾਣੀ ਜ਼ਰੂਰ ਪੂਰੀ ਹੋਵੇਗੀ। ਇਸ ਲਈ ਉਸ ਨੇ ਇੱਦਾਂ ਗੱਲਾਂ ਦੱਸੀਆਂ ਜਿੱਦਾਂ ਕਿ ਰੱਬ ਨੇ ਪਹਿਲਾਂ ਹੀ ਇਹ ਪੂਰੀਆਂ ਕਰ ਦਿੱਤੀਆਂ ਹੋਣ। ਮੁੱਖ ਗੱਲ ਇਹ ਹੈ: ਹਨੋਕ ਪੂਰੇ ਭਰੋਸੇ ਨਾਲ ਜੋ ਕੁਝ ਦੱਸ ਰਿਹਾ ਸੀ, ਉਸ ਬਾਰੇ ਕਿਹਾ ਜਾ ਸਕਦਾ ਹੈ ਕਿ ਉਹ ਪਹਿਲਾਂ ਹੀ ਹੋ ਚੁੱਕਾ ਸੀ।ਯਸਾਯਾਹ 46:10.

ਹਨੋਕ ਨੇ ਨਿਡਰਤਾ ਨਾਲ ਦੁਸ਼ਟ ਦੁਨੀਆਂ ਨੂੰ ਰੱਬ ਦਾ ਸੰਦੇਸ਼ ਸੁਣਾਇਆ

ਹਨੋਕ ਨੂੰ ਕਿਵੇਂ ਲੱਗਦਾ ਹੋਣਾ ਜਦੋਂ ਉਸ ਨੇ ਲੋਕਾਂ ਨੂੰ ਇਹ ਭਵਿੱਖਬਾਣੀ ਸੁਣਾਈ ਜਾਂ ਇਸ ਦਾ ਪ੍ਰਚਾਰ ਕੀਤਾ? ਧਿਆਨ ਦਿਓ ਕਿ ਇਹ ਚੇਤਾਵਨੀ ਕਿੰਨੀ ਜ਼ਬਰਦਸਤ ਸੀ। ਲੋਕਾਂ, ਉਨ੍ਹਾਂ ਦੇ ਬੁਰੇ ਕੰਮਾਂ ਅਤੇ ਜਿਸ ਤਰੀਕੇ ਨਾਲ ਉਹ ਬੁਰੇ ਕੰਮ ਕਰ ਰਹੇ ਸਨ, ਉਸ ਦੀ ਨਿੰਦਿਆ ਕਰਨ ਲਈ ਇਸ ਚੇਤਾਵਨੀ ਵਿਚ ਚਾਰ ਵਾਰ “ਦੁਸ਼ਟ” ਸ਼ਬਦ ਵਰਤਿਆ ਗਿਆ। ਇਸ ਲਈ ਇਹ ਭਵਿੱਖਬਾਣੀ ਉਦੋਂ ਦੇ ਸਾਰੇ ਇਨਸਾਨਾਂ ਲਈ ਚੇਤਾਵਨੀ ਸੀ ਕਿਉਂਕਿ ਅਦਨ ਦੇ ਬਾਗ਼ ਵਿੱਚੋਂ ਆਦਮ-ਹੱਵਾਹ ਨੂੰ ਕੱਢੇ ਜਾਣ ਤੋਂ ਬਾਅਦ ਦੁਨੀਆਂ ਬਹੁਤ ਵਿਗੜ ਚੁੱਕੀ ਸੀ। ਉਸ ਦੁਨੀਆਂ ਦਾ ਅੰਤ ਬਹੁਤ ਮਾੜਾ ਹੋਣਾ ਸੀ ਜਦੋਂ ਯਹੋਵਾਹ ਨੇ ਆਪਣੇ “ਲੱਖਾਂ ਦੂਤਾਂ” ਸਣੇ ਆ ਕੇ ਉਨ੍ਹਾਂ ਦਾ ਨਾਸ਼ ਕਰਨਾ ਸੀ। ਹਨੋਕ ਨੇ ਨਿਡਰਤਾ ਨਾਲ ਪਰਮੇਸ਼ੁਰ ਤੋਂ ਮਿਲੀ ਚੇਤਾਵਨੀ ਲੋਕਾਂ ਨੂੰ ਸੁਣਾਈ ਤੇ ਇਹ ਕੰਮ ਉਸ ਨੇ ਇਕੱਲੇ ਨੇ ਕੀਤਾ! ਸ਼ਾਇਦ ਲਾਮਕ ਨੇ ਛੋਟੇ ਹੁੰਦਿਆਂ ਆਪਣੇ ਦਾਦੇ ਦੀ ਇਸ ਦਲੇਰੀ ਨੂੰ ਦੇਖਿਆ ਹੋਣਾ। ਜੇ ਇਸ ਤਰ੍ਹਾਂ ਸੀ, ਤਾਂ ਅਸੀਂ ਸਮਝ ਸਕਦੇ ਹਾਂ ਕਿਉਂ।

ਹਨੋਕ ਦੀ ਨਿਹਚਾ ਤੋਂ ਸਾਨੂੰ ਸ਼ਾਇਦ ਇਹ ਦੇਖਣ ਦੀ ਹੱਲਾਸ਼ੇਰੀ ਮਿਲੇ ਕਿ ਇਸ ਦੁਨੀਆਂ ਨੂੰ ਅਸੀਂ ਰੱਬ ਦੀ ਨਜ਼ਰ ਤੋਂ ਦੇਖਦੇ ਹਾਂ ਜਾਂ ਨਹੀਂ। ਹਨੋਕ ਨੇ ਦਲੇਰੀ ਨਾਲ ਜੋ ਸਜ਼ਾ ਸੁਣਾਈ ਸੀ, ਉਹ ਇਸ ਦੁਨੀਆਂ ਨੂੰ ਵੀ ਮਿਲੇਗੀ ਜਿਵੇਂ ਉਸ ਜ਼ਮਾਨੇ ਦੀ ਦੁਨੀਆਂ ਨੂੰ ਮਿਲੀ ਸੀ। ਹਨੋਕ ਵੱਲੋਂ ਦਿੱਤੀ ਚੇਤਾਵਨੀ ਅਨੁਸਾਰ ਯਹੋਵਾਹ ਨੇ ਨੂਹ ਦੇ ਜ਼ਮਾਨੇ ਵਿਚ ਦੁਸ਼ਟ ਲੋਕਾਂ ’ਤੇ ਜਲ-ਪਰਲੋ ਲਿਆਂਦੀ। ਪਰ ਇਹ ਤਬਾਹੀ ਆਉਣ ਵਾਲੀ ਵੱਡੀ ਤਬਾਹੀ ਦਾ ਨਮੂਨਾ ਸੀ। (ਮੱਤੀ 24:38, 39; 2 ਪਤਰਸ 2:4-6) ਅੱਜ ਯਹੋਵਾਹ ਆਪਣੇ ਲੱਖਾਂ ਦੂਤਾਂ ਨਾਲ ਦੁਸ਼ਟ ਲੋਕਾਂ ਉੱਤੇ ਤਬਾਹੀ ਲਿਆਉਣ ਲਈ ਮੋਰਚਾ ਬੰਨ੍ਹੀ ਖੜ੍ਹਾ ਹੈ। ਸਾਡੇ ਵਿੱਚੋਂ ਹਰ ਇਕ ਨੂੰ ਹਨੋਕ ਦੀ ਚੇਤਾਵਨੀ ਵੱਲ ਧਿਆਨ ਦੇਣਾ ਚਾਹੀਦਾ ਤੇ ਇਸ ਬਾਰੇ ਦੂਸਰਿਆਂ ਨੂੰ ਵੀ ਦੱਸਣਾ ਚਾਹੀਦਾ ਹੈ। ਸ਼ਾਇਦ ਸਾਡਾ ਪਰਿਵਾਰ ਅਤੇ ਦੋਸਤ ਸਾਡੇ ਨਾਲੋਂ ਨਾਤਾ ਤੋੜ ਲੈਣ। ਇਸ ਲਈ ਸ਼ਾਇਦ ਅਸੀਂ ਕਦੇ-ਕਦੇ ਇਕੱਲੇ ਮਹਿਸੂਸ ਕਰੀਏ। ਪਰ ਯਹੋਵਾਹ ਨੇ ਹਨੋਕ ਨੂੰ ਕਦੇ ਵੀ ਨਹੀਂ ਛੱਡਿਆ ਤੇ ਨਾ ਹੀ ਉਹ ਅੱਜ ਆਪਣੇ ਵਫ਼ਾਦਾਰ ਸੇਵਕਾਂ ਨੂੰ ਕਦੇ ਛੱਡੇਗਾ!

‘ਉਸ ਨੂੰ ਦੂਸਰੀ ਜਗ੍ਹਾ ਲਿਜਾਇਆ ਗਿਆ ਤਾਂਕਿ ਉਹ ਮਰਨ ਵੇਲੇ ਤੜਫੇ ਨਾ’

ਹਨੋਕ ਦੀ ਮੌਤ ਕਿਵੇਂ ਹੋਈ? ਇਕ ਤਰੀਕੇ ਨਾਲ ਉਸ ਦੀ ਮੌਤ ਉਸ ਦੀ ਜ਼ਿੰਦਗੀ ਨਾਲੋਂ ਵੀ ਰਹੱਸਮਈ ਸੀ। ਉਤਪਤ ਦੀ ਕਿਤਾਬ ਬਸ ਇੰਨਾ ਹੀ ਕਹਿੰਦੀ ਹੈ: “ਹਨੋਕ ਪਰਮੇਸ਼ੁਰ ਦੇ ਸੰਗ ਚਲਦਾ ਚਲਦਾ ਅਲੋਪ ਹੋ ਗਿਆ ਕਿਉਂਜੋ ਪਰਮੇਸ਼ੁਰ ਨੇ ਉਸ ਨੂੰ ਲੈ ਲਿਆ।” (ਉਤਪਤ 5:24) ਪਰਮੇਸ਼ੁਰ ਕਿਸ ਅਰਥ ਵਿਚ ਉਸ ਨੂੰ ਲੈ ਗਿਆ? ਬਾਅਦ ਵਿਚ ਪੌਲੁਸ ਰਸੂਲ ਨੇ ਸਮਝਾਇਆ: “ਨਿਹਚਾ ਕਰਕੇ ਹਨੋਕ ਨੂੰ ਦੂਸਰੀ ਜਗ੍ਹਾ ਲਿਜਾਇਆ ਗਿਆ ਤਾਂਕਿ ਮਰਨ ਵੇਲੇ ਉਹ ਤੜਫੇ ਨਾ ਅਤੇ ਉਹ ਕਿਤੇ ਨਾ ਲੱਭਾ ਕਿਉਂਕਿ ਪਰਮੇਸ਼ੁਰ ਉਸ ਨੂੰ ਦੂਸਰੀ ਜਗ੍ਹਾ ਲੈ ਗਿਆ ਸੀ; ਪਰ ਦੂਸਰੀ ਜਗ੍ਹਾ ਲਿਜਾਏ ਜਾਣ ਤੋਂ ਪਹਿਲਾਂ ਉਸ ਨੂੰ ਦਿਖਾਇਆ ਗਿਆ ਸੀ ਕਿ ਉਸ ਨੇ ਪਰਮੇਸ਼ੁਰ ਨੂੰ ਖ਼ੁਸ਼ ਕੀਤਾ ਸੀ।” (ਇਬਰਾਨੀਆਂ 11:5) ਪੌਲੁਸ ਦੇ ਇਹ ਕਹਿਣ ਦਾ ਕੀ ਮਤਲਬ ਸੀ ਕਿ ‘ਉਸ ਨੂੰ ਦੂਸਰੀ ਜਗ੍ਹਾ ਲਿਜਾਇਆ ਗਿਆ ਤਾਂਕਿ ਉਹ ਮਰਨ ਵੇਲੇ ਤੜਫੇ ਨਾ’? ਬਾਈਬਲ ਦੇ ਕੁਝ ਅਨੁਵਾਦ ਕਹਿੰਦੇ ਹਨ ਕਿ ਰੱਬ ਹਨੋਕ ਨੂੰ ਸਵਰਗ ਲੈ ਗਿਆ। ਪਰ ਇਹ ਸਹੀ ਨਹੀਂ ਹੋ ਸਕਦਾ। ਬਾਈਬਲ ਦੱਸਦੀ ਹੈ ਕਿ ਯਿਸੂ ਮਸੀਹ ਪਹਿਲਾ ਵਿਅਕਤੀ ਸੀ ਜਿਸ ਨੂੰ ਦੁਬਾਰਾ ਜੀਉਂਦਾ ਕਰ ਕੇ ਸਵਰਗ ਲਿਜਾਇਆ ਗਿਆ ਸੀ।ਯੂਹੰਨਾ 3:13.

ਫਿਰ ਕਿਸ ਅਰਥ ਵਿਚ ‘ਉਸ ਨੂੰ ਦੂਸਰੀ ਜਗ੍ਹਾ ਲਿਜਾਇਆ ਗਿਆ’ ਤਾਂਕਿ ਉਹ “ਮਰਨ ਵੇਲੇ ਤੜਫੇ ਨਾ”? ਯਹੋਵਾਹ ਨੇ ਕੋਮਲਤਾ ਨਾਲ ਹਨੋਕ ਦੀ ਜ਼ਿੰਦਗੀ ਨੂੰ ਮੌਤ ਵਿਚ ਬਦਲ ਦਿੱਤਾ ਤਾਂਕਿ ਉਸ ਨੂੰ ਆਪਣੇ ਵਿਰੋਧੀਆਂ ਦੇ ਹੱਥੋਂ ਤੜਫ-ਤੜਫ ਕੇ ਨਾ ਮਰਨਾ ਪਵੇ। ਪਰ “ਉਸ ਨੂੰ ਦਿਖਾਇਆ ਗਿਆ ਸੀ ਕਿ ਉਸ ਨੇ ਪਰਮੇਸ਼ੁਰ ਨੂੰ ਖ਼ੁਸ਼ ਕੀਤਾ ਸੀ।” ਉਹ ਕਿਵੇਂ? ਹਨੋਕ ਦੀ ਮੌਤ ਤੋਂ ਬਸ ਥੋੜ੍ਹੀ ਦੇਰ ਪਹਿਲਾਂ ਹੋ ਸਕਦਾ ਹੈ ਕਿ ਰੱਬ ਨੇ ਹਨੋਕ ਨੂੰ ਉਸ ਦੇ ਜਾਗਦੇ-ਜਾਗਦੇ ਕੋਈ ਸੁਪਨਾ ਦਿਖਾਇਆ ਹੋਵੇ, ਸ਼ਾਇਦ ਨਵੀਂ ਦੁਨੀਆਂ ਦਾ ਜਿਸ ਵਿਚ ਧਰਤੀ ਸੋਹਣੇ ਬਾਗ਼ ਵਰਗੀ ਸੀ। ਯਹੋਵਾਹ ਦੀ ਮਨਜ਼ੂਰੀ ਦਾ ਇਹ ਸ਼ਾਨਦਾਰ ਸਬੂਤ ਦੇਖਣ ਤੋਂ ਬਾਅਦ ਹਨੋਕ ਮੌਤ ਦੀ ਨੀਂਦ ਸੌਂ ਗਿਆ। ਹਨੋਕ ਅਤੇ ਬਾਕੀ ਵਫ਼ਾਦਾਰ ਆਦਮੀਆਂ ਅਤੇ ਔਰਤਾਂ ਬਾਰੇ ਲਿਖਦੇ ਹੋਏ ਪੌਲੁਸ ਰਸੂਲ ਨੇ ਕਿਹਾ: “ਇਨ੍ਹਾਂ ਸਾਰਿਆਂ ਨੇ ਮਰਦੇ ਦਮ ਤਕ ਨਿਹਚਾ ਕਰਨੀ ਨਹੀਂ ਛੱਡੀ।” (ਇਬਰਾਨੀਆਂ 11:13) ਇਸ ਤੋਂ ਬਾਅਦ ਉਸ ਦੇ ਦੁਸ਼ਮਣਾਂ ਨੇ ਉਸ ਦੀ ਲਾਸ਼ ਲੱਭਣ ਦੀ ਕੋਸ਼ਿਸ਼ ਕੀਤੀ ਹੋਣੀ, ਪਰ ਇਹ ‘ਕਿਤੇ ਨਾ ਲੱਭੀ,’ ਸ਼ਾਇਦ ਇਸ ਲਈ ਕਿਉਂਕਿ ਯਹੋਵਾਹ ਨੇ ਉਸ ਨੂੰ ਅਲੋਪ ਕਰ ਦਿੱਤਾ ਸੀ ਤਾਂਕਿ ਦੁਸ਼ਮਣ ਇਸ ਦਾ ਨਿਰਾਦਰ ਨਾ ਕਰਨ ਜਾਂ ਇਸ ਨੂੰ ਝੂਠੀ ਭਗਤੀ ਸ਼ੁਰੂ ਕਰਨ ਲਈ ਨਾ ਵਰਤਣ। *

ਬਾਈਬਲ ਵਿਚ ਦਿੱਤੇ ਇਸ ਕਾਰਨ ਨੂੰ ਧਿਆਨ ਵਿਚ ਰੱਖਦੇ ਹੋਏ ਆਓ ਆਪਾਂ ਕਲਪਨਾ ਕਰਨ ਦੀ ਕੋਸ਼ਿਸ਼ ਕਰੀਏ ਕਿ ਹਨੋਕ ਦੀ ਜ਼ਿੰਦਗੀ ਦਾ ਅੰਤ ਕਿਵੇਂ ਹੋਇਆ ਹੋਵੇਗਾ। ਕਲਪਨਾ ਕਰਦੇ ਸਮੇਂ ਯਾਦ ਰੱਖੋ ਕਿ ਉਸ ਦੀ ਮੌਤ ਸਿਰਫ਼ ਇਕ ਤਰੀਕੇ ਨਾਲ ਹੋਈ ਹੋਣੀ। ਹਨੋਕ ਭੱਜਦਾ-ਭੱਜਦਾ ਥੱਕ ਕੇ ਚੂਰ ਹੋਣ ਵਾਲਾ ਸੀ। ਉਸ ਦੇ ਦੁਸ਼ਮਣ ਉਸ ਦਾ ਪਿੱਛਾ ਕਰ ਰਹੇ ਸਨ ਕਿਉਂਕਿ ਉਹ ਉਸ ਦਾ ਸੰਦੇਸ਼ ਸੁਣ ਕੇ ਗੁੱਸੇ ਦੀ ਅੱਗ ਨਾਲ ਭੜਕੇ ਹੋਏ ਸਨ। ਹਨੋਕ ਨੂੰ ਲੁਕਣ ਲਈ ਇਕ ਜਗ੍ਹਾ ਮਿਲ ਗਈ ਜਿੱਥੇ ਉਹ ਥੋੜ੍ਹੇ ਚਿਰ ਲਈ ਆਰਾਮ ਕਰ ਸਕਦਾ ਸੀ। ਪਰ ਉਸ ਨੂੰ ਪਤਾ ਸੀ ਕਿ ਉਹ ਜ਼ਿਆਦਾ ਦੇਰ ਤਕ ਬਚ ਨਹੀਂ ਸਕਦਾ। ਜਲਦੀ ਹੀ ਉਹ ਬਹੁਤ ਬੁਰੀ ਮੌਤ ਮਰਨ ਵਾਲਾ ਸੀ। ਆਰਾਮ ਕਰਦੇ-ਕਰਦੇ ਉਸ ਨੇ ਰੱਬ ਨੂੰ ਪ੍ਰਾਰਥਨਾ ਕੀਤੀ। ਫਿਰ ਉਸ ਉੱਤੇ ਗਹਿਰੀ ਸ਼ਾਂਤੀ ਛਾ ਗਈ। ਸੁਪਨਾ ਦੇਖਦੇ-ਦੇਖਦੇ ਹੀ ਉਸ ਨੂੰ ਕਿਤੇ ਦੂਰ ਲਿਜਾਇਆ ਗਿਆ।

ਹਨੋਕ ਬੁਰੀ ਮੌਤ ਮਰਨ ਵਾਲਾ ਸੀ ਜਦੋਂ ਯਹੋਵਾਹ ਉਸ ਨੂੰ ਲੈ ਗਿਆ

ਕਲਪਨਾ ਕਰੋ ਕਿ ਉਹ ਸੁਪਨੇ ਵਿਚ ਜਿਸ ਦੁਨੀਆਂ ਦਾ ਦ੍ਰਿਸ਼ ਦੇਖ ਰਿਹਾ ਸੀ, ਉਹ ਉਸ ਦੇ ਜ਼ਮਾਨੇ ਦੀ ਦੁਨੀਆਂ ਤੋਂ ਬਿਲਕੁਲ ਅਲੱਗ ਸੀ। ਉਸ ਨੂੰ ਉਸ ਦੁਨੀਆਂ ਵਿਚ ਧਰਤੀ ਅਦਨ ਦੇ ਬਾਗ਼ ਵਰਗੀ ਸੋਹਣੀ ਲੱਗੀ ਹੋਣੀ, ਪਰ ਇਨਸਾਨਾਂ ਤੋਂ ਇਸ ਦੀ ਰਾਖੀ ਕਰਨ ਲਈ ਕਰੂਬੀ ਯਾਨੀ ਫ਼ਰਿਸ਼ਤੇ ਨਹੀਂ ਖੜ੍ਹੇ ਸਨ। ਉੱਥੇ ਅਣਗਿਣਤ ਆਦਮੀ ਅਤੇ ਔਰਤਾਂ ਸਨ ਜੋ ਤੰਦਰੁਸਤ ਸਨ ਅਤੇ ਉਨ੍ਹਾਂ ਵਿਚ ਬਹੁਤ ਸਾਰੀ ਤਾਕਤ ਸੀ। ਉਨ੍ਹਾਂ ਵਿਚ ਸ਼ਾਂਤੀ ਸੀ। ਉੱਥੇ ਕੋਈ ਕਿਸੇ ਨੂੰ ਨਫ਼ਰਤ ਨਹੀਂ ਸੀ ਕਰਦਾ ਤੇ ਨਾ ਹੀ ਧਰਮ ਕਰਕੇ ਕਿਸੇ ਨੂੰ ਸਤਾਇਆ ਜਾਂਦਾ ਸੀ ਜਿਸ ਤਰ੍ਹਾਂ ਹਨੋਕ ਨਾਲ ਹੋਇਆ ਸੀ। ਹਨੋਕ ਨੂੰ ਅਹਿਸਾਸ ਹੋ ਗਿਆ ਸੀ ਕਿ ਯਹੋਵਾਹ ਉਸ ਦੇ ਨਾਲ ਸੀ, ਉਸ ਨੂੰ ਪਿਆਰ ਕਰਦਾ ਸੀ ਅਤੇ ਉਸ ਤੋਂ ਖ਼ੁਸ਼ ਸੀ। ਉਸ ਨੂੰ ਪੱਕਾ ਪਤਾ ਲੱਗ ਗਿਆ ਕਿ ਉਹ ਇਸ ਜਗ੍ਹਾ ਰਹੇਗਾ ਤੇ ਇੱਥੇ ਉਸ ਦਾ ਘਰ ਹੋਵੇਗਾ। ਉਸ ’ਤੇ ਜਿੱਦਾਂ-ਜਿੱਦਾਂ ਸ਼ਾਂਤੀ ਛਾਈ ਗਈ, ਉਸ ਦੀਆਂ ਅੱਖਾਂ ਬੰਦ ਹੋ ਗਈਆਂ ਤੇ ਉਹ ਗੂੜ੍ਹੀ ਨੀਂਦ ਸੌਂ ਗਿਆ ਤੇ ਹੁਣ ਉਹ ਕੋਈ ਸੁਪਨਾ ਨਹੀਂ ਦੇਖ ਰਿਹਾ ਸੀ।

ਉਦੋਂ ਤੋਂ ਲੈ ਕੇ ਹੁਣ ਤਕ ਉਹ ਮੌਤ ਦੀ ਨੀਂਦ ਸੁੱਤਾ ਪਿਆ ਹੈ ਅਤੇ ਯਹੋਵਾਹ ਨੇ ਉਸ ਨੂੰ ਆਪਣੀ ਅਸੀਮ ਯਾਦਾਸ਼ਤ ਵਿਚ ਸੰਭਾਲ ਕੇ ਰੱਖਿਆ ਹੋਇਆ ਹੈ! ਬਾਅਦ ਵਿਚ ਯਿਸੂ ਨੇ ਵਾਅਦਾ ਕੀਤਾ ਕਿ ਇਕ ਦਿਨ ਆਵੇਗਾ ਜਦੋਂ ਯਹੋਵਾਹ ਦੀ ਯਾਦਾਸ਼ਤ ਵਿਚ ਸਮਾਏ ਸਾਰੇ ਲੋਕ ਮਸੀਹ ਦੀ ਆਵਾਜ਼ ਸੁਣਨਗੇ ਅਤੇ ਕਬਰਾਂ ਵਿੱਚੋਂ ਬਾਹਰ ਨਿਕਲ ਆਉਣਗੇ। ਉਹ ਆਪਣੀਆਂ ਅੱਖਾਂ ਖੂਬਸੂਰਤ ਨਵੀਂ ਦੁਨੀਆਂ ਵਿਚ ਖੋਲ੍ਹਣਗੇ ਜਿੱਥੇ ਸ਼ਾਂਤੀ ਹੋਵੇਗੀ।ਯੂਹੰਨਾ 5:28, 29.

ਕੀ ਤੁਸੀਂ ਉੱਥੇ ਰਹਿਣਾ ਚਾਹੋਗੇ? ਕਲਪਨਾ ਕਰੋ ਕਿ ਹਨੋਕ ਨੂੰ ਮਿਲ ਕੇ ਕਿੰਨੀ ਖ਼ੁਸ਼ੀ ਹੋਵੇਗੀ! ਜ਼ਰਾ ਸੋਚੋ ਕਿ ਅਸੀਂ ਉਸ ਤੋਂ ਕਿੰਨੀਆਂ ਦਿਲਚਸਪ ਗੱਲਾਂ ਜਾਣਾਂਗੇ! ਉਹ ਸਾਨੂੰ ਦੱਸੇਗਾ ਕਿ ਉਸ ਦੀ ਜ਼ਿੰਦਗੀ ਦੇ ਆਖ਼ਰੀ ਪਲਾਂ ਬਾਰੇ ਅਸੀਂ ਜੋ ਕਲਪਨਾ ਕੀਤੀ ਉਹ ਕਿੰਨੀ ਕੁ ਸੱਚ ਸੀ। ਪਰ ਹੁਣ ਇਕ ਗੱਲ ਉਸ ਤੋਂ ਸਿੱਖਣੀ ਸਾਡੇ ਲਈ ਬਹੁਤ ਜ਼ਰੂਰੀ ਹੈ। ਹਨੋਕ ਬਾਰੇ ਗੱਲ ਕਰਨ ਤੋਂ ਬਾਅਦ ਪੌਲੁਸ ਨੇ ਅੱਗੇ ਕਿਹਾ: “ਨਿਹਚਾ ਤੋਂ ਬਿਨਾਂ ਪਰਮੇਸ਼ੁਰ ਨੂੰ ਖ਼ੁਸ਼ ਕਰਨਾ ਨਾਮੁਮਕਿਨ ਹੈ।” (ਇਬਰਾਨੀਆਂ 11:6) ਸਾਡੇ ਕੋਲ ਇਹ ਕਿੰਨਾ ਜ਼ਬਰਦਸਤ ਕਾਰਨ ਹੈ ਕਿ ਅਸੀਂ ਹਨੋਕ ਦੀ ਨਿਹਚਾ ਦੀ ਰੀਸ ਕਰੀਏ!

^ ਪੈਰਾ 14 ਬਾਈਬਲ ਦੇ ਕੁਝ ਵਿਦਵਾਨ ਦਾਅਵਾ ਕਰਦੇ ਹਨ ਕਿ ਯਹੂਦਾਹ ਨੇ ਇਹ ਗੱਲ ਕਿਸੇ ਝੂਠੀ ਕਿਤਾਬ ਤੋਂ ਲਈ ਸੀ ਜਿਸ ਨੂੰ ਹਨੋਕ ਦੀ ਕਿਤਾਬ ਕਿਹਾ ਜਾਂਦਾ ਸੀ। ਪਰ ਇਹ ਕਿਤਾਬ ਕਿਸੇ ਦੇ ਮਨ ਦੀ ਕਲਪਨਾ ਸੀ ਜਿਸ ਨੂੰ ਐਵੇਂ ਹਨੋਕ ਦੀ ਕਿਤਾਬ ਕਹਿ ਦਿੱਤਾ ਗਿਆ। ਇਸ ਕਿਤਾਬ ਵਿਚ ਹਨੋਕ ਦੀ ਭਵਿੱਖਬਾਣੀ ਦਾ ਸਹੀ-ਸਹੀ ਜ਼ਿਕਰ ਕੀਤਾ ਗਿਆ ਹੈ, ਪਰ ਇਹ ਭਵਿੱਖਬਾਣੀ ਉਨ੍ਹਾਂ ਨੇ ਕਿਸੇ ਪੁਰਾਣੇ ਸ੍ਰੋਤ ਤੋਂ ਲਈ ਹੋਣੀ ਜੋ ਹੁਣ ਸਾਡੇ ਕੋਲ ਨਹੀਂ ਹੈ। ਇਹ ਸ੍ਰੋਤ ਕੋਈ ਲਿਖਤੀ ਦਸਤਾਵੇਜ਼ ਜਾਂ ਜ਼ਬਾਨੀ ਰੀਤੀ-ਰਿਵਾਜਾਂ ਦੀ ਲਿਖਤ ਹੋ ਸਕਦੀ ਹੈ। ਯਹੂਦਾਹ ਨੇ ਵੀ ਸ਼ਾਇਦ ਇਹੀ ਸ੍ਰੋਤ ਵਰਤਿਆ ਹੋਵੇ ਜਾਂ ਉਸ ਨੂੰ ਹਨੋਕ ਬਾਰੇ ਯਿਸੂ ਤੋਂ ਪਤਾ ਲੱਗਿਆ ਹੋਣਾ ਜਿਸ ਨੇ ਸਵਰਗ ਤੋਂ ਹਨੋਕ ਦੇ ਜੀਵਨ-ਢੰਗ ਨੂੰ ਦੇਖਿਆ ਸੀ।

^ ਪੈਰਾ 20 ਇਸੇ ਤਰ੍ਹਾਂ ਯਹੋਵਾਹ ਨੇ ਪੱਕਾ ਕੀਤਾ ਸੀ ਕਿ ਮੂਸਾ ਅਤੇ ਯਿਸੂ ਦੀਆਂ ਲਾਸ਼ਾਂ ਨਾਲ ਵੀ ਇੱਦਾਂ ਨਾ ਹੋਵੇ।ਬਿਵਸਥਾ ਸਾਰ 34:5, 6; ਲੂਕਾ 24:3-6; ਯਹੂਦਾਹ 9.