Skip to content

Skip to table of contents

ਪੱਖਪਾਤ ਤੋਂ ਬਗੈਰ ਦੁਨੀਆਂ—ਕਦੋਂ?

ਪੱਖਪਾਤ ਤੋਂ ਬਗੈਰ ਦੁਨੀਆਂ—ਕਦੋਂ?

ਪੰਜਾਹ ਸਾਲ ਪਹਿਲਾਂ 28 ਅਗਸਤ 1963 ਨੂੰ ਅਮਰੀਕਾ ਵਿਚ ਨਾਗਰਿਕ ਅਧਿਕਾਰਾਂ ਦੇ ਇਕ ਲੀਡਰ ਮਾਰਟਿਨ ਲੂਥਰ ਕਿੰਗ ਜੂਨੀਅਰ ਨੇ ਆਪਣੇ ਮਸ਼ਹੂਰ ਭਾਸ਼ਣ ਵਿਚ ਇਹ ਸ਼ਬਦ ਕਹੇ: “ਮੇਰਾ ਇਕ ਸੁਪਨਾ ਹੈ।” ਇਹ ਕਹਿ ਕੇ ਉਸ ਨੇ ਦੱਸਿਆ ਕਿ ਉਸ ਦਾ ਸੁਪਨਾ ਹੈ ਕਿ ਇਕ ਦਿਨ ਦੁਨੀਆਂ ਵਿੱਚੋਂ ਪੱਖਪਾਤ ਖ਼ਤਮ ਹੋ ਜਾਵੇ। ਭਾਵੇਂ ਕਿ ਉਸ ਨੇ ਆਪਣੇ ਇਸ ਸੁਪਨੇ ਬਾਰੇ ਅਮਰੀਕਾ ਦੇ ਲੋਕਾਂ ਨੂੰ ਦੱਸਿਆ ਸੀ, ਪਰ ਬਹੁਤ ਸਾਰੇ ਦੇਸ਼ਾਂ ਦੇ ਲੋਕ ਵੀ ਇਹੀ ਸੁਪਨਾ ਦੇਖਣ ਲੱਗ ਪਏ।

ਮਾਰਟਿਨ ਲੂਥਰ ਕਿੰਗ ਜੂਨੀਅਰ ਨਾਗਰਿਕ ਅਧਿਕਾਰਾਂ ਸੰਬੰਧੀ ਭਾਸ਼ਣ ਦਿੰਦਾ ਹੋਇਆ

ਮਾਰਟਿਨ ਲੂਥਰ ਕਿੰਗ ਦੇ ਭਾਸ਼ਣ ਤੋਂ ਤਿੰਨ ਮਹੀਨਿਆਂ ਬਾਅਦ ਯਾਨੀ 20 ਨਵੰਬਰ 1963 ਵਿਚ 100 ਤੋਂ ਜ਼ਿਆਦਾ ਦੇਸ਼ਾਂ ਨੇ ਸੰਯੁਕਤ ਰਾਸ਼ਟਰ ਸੰਘ ਦੀ ਨਸਲੀ ਭੇਦ-ਭਾਵ ਨੂੰ ਪੂਰੀ ਤਰ੍ਹਾਂ ਖ਼ਤਮ ਕਰਨ ਵਾਲੇ ਘੋਸ਼ਣਾ-ਪੱਤਰ ਦੀ ਹਿਮਾਇਤ ਕੀਤੀ। ਆਉਣ ਵਾਲੇ ਦਹਾਕਿਆਂ ਵਿਚ ਵੀ ਬਹੁਤ ਸਾਰੇ ਦੇਸ਼ਾਂ ਨੇ ਅਜਿਹੇ ਕਈ ਹੋਰ ਇਕਰਾਰਨਾਮਿਆਂ ਦੀ ਹਿਮਾਇਤ ਕੀਤੀ। ਫਿਰ ਇਹ ਸਵਾਲ ਖੜ੍ਹਾ ਹੁੰਦਾ ਹੈ ਕਿ ਇਸ ਦਾ ਨਤੀਜਾ ਕੀ ਨਿਕਲਿਆ?

21 ਮਾਰਚ 2012 ਵਿਚ ਯੂ.ਐੱਨ. ਦੇ ਸੈਕਟਰੀ-ਜਨਰਲ ਬੈਨ ਕੀ-ਮੂਨ ਨੇ ਕਿਹਾ: “ਪੱਖਪਾਤ, ਨਸਲੀ ਭੇਦ-ਭਾਵ ਅਤੇ ਪ੍ਰਦੇਸੀਆਂ ਨਾਲ ਨਫ਼ਰਤ ਰੋਕਣ ਅਤੇ ਖ਼ਤਮ ਕਰਨ ਲਈ ਬਹੁਤ ਸਾਰੀਆਂ ਸੰਧੀਆਂ ਅਤੇ ਇਕਰਾਰਨਾਮੇ ਹੋਣ ਦੇ ਨਾਲ-ਨਾਲ ਦੁਨੀਆਂ ਭਰ ਵਿਚ ਕਈ ਤਰ੍ਹਾਂ ਦੇ ਪ੍ਰੋਗ੍ਰਾਮ ਚਲਾਏ ਗਏ ਹਨ। ਫਿਰ ਵੀ ਦੁਨੀਆਂ ਭਰ ਵਿਚ ਲੱਖਾਂ ਹੀ ਲੋਕ ਪੱਖਪਾਤ ਦਾ ਸ਼ਿਕਾਰ ਹੁੰਦੇ ਹਨ।”

ਭਾਵੇਂ ਕਿ ਕਈ ਦੇਸ਼ਾਂ ਵਿਚ ਨਸਲੀ ਭੇਦ-ਭਾਵ ਤੇ ਹੋਰ ਤਰ੍ਹਾਂ ਦੇ ਪੱਖਪਾਤ ਨੂੰ ਘਟਾਉਣ ਵਿਚ ਥੋੜ੍ਹੀ-ਬਹੁਤੀ ਕਾਮਯਾਬੀ ਹਾਸਲ ਹੋਈ ਹੈ, ਪਰ ਸਵਾਲ ਤਾਂ ਉਹੀ ਹੈ: ਕੀ ਇਹ ਕਦਮ ਚੁੱਕਣ ਨਾਲ ਲੋਕਾਂ ਦੇ ਦਿਲਾਂ ਵਿੱਚੋਂ ਪੱਖਪਾਤ ਦੀਆਂ ਜੜ੍ਹਾਂ ਪੁੱਟੀਆਂ ਗਈਆਂ ਹਨ ਜਾਂ ਕੀ ਲੋਕ ਆਪਣੀਆਂ ਭਾਵਨਾਵਾਂ ਨੂੰ ਜ਼ਾਹਰ ਕਰਨ ਦੀ ਬਜਾਇ ਆਪਣੇ ਦਿਲ ਵਿਚ ਛੁਪਾ ਕੇ ਰੱਖਦੇ ਹਨ? ਕੁਝ ਮੰਨਦੇ ਹਨ ਕਿ ਇਨ੍ਹਾਂ ਕੋਸ਼ਿਸ਼ਾਂ ਨਾਲ ਸਿਰਫ਼ ਪੱਖਪਾਤ ਨੂੰ ਰੋਕਿਆ ਜਾ ਸਕਦਾ ਹੈ, ਪਰ ਇਸ ਨੂੰ ਜੜ੍ਹੋਂ ਖ਼ਤਮ ਨਹੀਂ ਕੀਤਾ ਜਾ ਸਕਦਾ। ਇੱਦਾਂ ਕਿਉਂ? ਲੋਕਾਂ ਨੂੰ ਪੱਖਪਾਤ ਤੋਂ ਰੋਕਣ ਲਈ ਕਾਨੂੰਨ ਬਣਾਏ ਗਏ ਹਨ, ਪਰ ਲੋਕਾਂ ਦੇ ਮਨਾਂ ਵਿੱਚੋਂ ਪੱਖਪਾਤ ਖ਼ਤਮ ਕਰਨ ਲਈ ਕੋਈ ਕਾਨੂੰਨ ਨਹੀਂ ਬਣਾਇਆ ਜਾ ਸਕਦਾ।

ਇਸ ਲਈ ਜੇ ਪੱਖਪਾਤ ਨੂੰ ਖ਼ਤਮ ਕਰਨਾ ਹੈ, ਤਾਂ ਸਿਰਫ਼ ਲੋਕਾਂ ਦੇ ਵਰਤਾਅ ਨੂੰ ਬਦਲਣਾ ਹੀ ਕਾਫ਼ੀ ਨਹੀਂ, ਸਗੋਂ ਇਕ ਇਨਸਾਨ ਦੀਆਂ ਭਾਵਨਾਵਾਂ ਤੇ ਸੋਚਾਂ ਨੂੰ ਵੀ ਬਦਲਣਾ ਚਾਹੀਦਾ ਹੈ। ਕੀ ਇਸ ਤਰ੍ਹਾਂ ਕੀਤਾ ਜਾ ਸਕਦਾ ਹੈ? ਜੇ ਹਾਂ, ਤਾਂ ਕਿਵੇਂ? ਆਓ ਅਸੀਂ ਕੁਝ ਤਜਰਬਿਆਂ ’ਤੇ ਗੌਰ ਕਰੀਏ ਜਿਸ ਤੋਂ ਸਾਨੂੰ ਪਤਾ ਲੱਗੇਗਾ ਕਿ ਕਿਸੇ ਇਨਸਾਨ ਲਈ ਬਦਲਣਾ ਮੁਮਕਿਨ ਹੀ ਨਹੀਂ, ਸਗੋਂ ਇਸ ਤਰ੍ਹਾਂ ਕਰਨ ਵਿਚ ਕਿਹੜੀ ਚੀਜ਼ ਉਸ ਦੀ ਮਦਦ ਕਰ ਸਕਦੀ ਹੈ।

ਬਾਈਬਲ ਨੇ ਪੱਖਪਾਤ ਤੋਂ ਛੁਟਕਾਰਾ ਪਾਉਣ ਵਿਚ ਮਦਦ ਕੀਤੀ

“ਮੈਂ ਪੱਖਪਾਤ ਦੀਆਂ ਜ਼ੰਜੀਰਾਂ ਤੋਂ ਆਜ਼ਾਦ ਹੋ ਗਈ ਹਾਂ।”​—ਲਿਨ

ਲਿਨ: ਮੇਰਾ ਜਨਮ ਦੱਖਣੀ ਅਫ਼ਰੀਕਾ ਵਿਚ ਹੋਇਆ ਸੀ। ਦੱਖਣੀ ਅਫ਼ਰੀਕਾ ਦੇ ਜਿਹੜੇ ਲੋਕ ਗੋਰੇ ਨਹੀਂ ਸਨ ਮੈਂ ਉਨ੍ਹਾਂ ਨੂੰ ਨੀਵੇਂ, ਅਨਪੜ੍ਹ ਤੇ ਭਰੋਸੇ ਦੇ ਲਾਇਕ ਨਹੀਂ ਸਮਝਦੀ ਸੀ। ਮੈਂ ਉਨ੍ਹਾਂ ਨੂੰ ਬਸ ਗੋਰਿਆਂ ਦੇ ਨੌਕਰ ਸਮਝਦੀ ਸੀ। ਮੈਨੂੰ ਪਤਾ ਹੀ ਨਹੀਂ ਲੱਗਾ ਕਿ ਕਦੋਂ ਮੇਰੇ ਦਿਲ ਵਿਚ ਪੱਖਪਾਤ ਨੇ ਜੜ੍ਹ ਫੜ ਲਈ ਸੀ। ਪਰ ਮੇਰਾ ਇਹ ਰਵੱਈਆ ਉਦੋਂ ਬਦਲਣਾ ਸ਼ੁਰੂ ਹੋਇਆ ਜਦੋਂ ਮੈਂ ਬਾਈਬਲ ਦੀ ਸਟੱਡੀ ਕਰਨੀ ਸ਼ੁਰੂ ਕੀਤੀ। ਮੈਂ ਸਿੱਖਿਆ ਕਿ “ਪਰਮੇਸ਼ੁਰ ਕਿਸੇ ਨਾਲ ਪੱਖਪਾਤ ਨਹੀਂ ਕਰਦਾ।” ਨਾਲੇ ਕਿਸੇ ਦੇ ਰੰਗ-ਰੂਪ ਤੇ ਬੋਲੀ ਨਾਲੋਂ ਜ਼ਿਆਦਾ ਜ਼ਰੂਰੀ ਉਸ ਦਾ ਦਿਲ ਹੈ। (ਰਸੂਲਾਂ ਦੇ ਕੰਮ 10:34, 35; ਕਹਾਉਤਾਂ 17:3) ਫ਼ਿਲਿੱਪੀਆਂ 2:3 ਦੇ ਹਵਾਲੇ ਤੋਂ ਮੈਂ ਸਿੱਖਿਆ ਕਿ ਜੇ ਮੈਂ ਦੂਜਿਆਂ ਨੂੰ ਆਪਣੇ ਨਾਲੋਂ ਚੰਗਾ ਸਮਝਾਂਗੀ, ਤਾਂ ਮੈਂ ਪੱਖਪਾਤ ਕਰਨ ਤੋਂ ਹਟ ਸਕਦੀ ਹਾਂ। ਇਸ ਤਰ੍ਹਾਂ ਦੇ ਬਾਈਬਲ ਅਸੂਲਾਂ ’ਤੇ ਚੱਲਣ ਕਰਕੇ ਮੈਂ ਦੂਜਿਆਂ ਵਿਚ ਦਿਲਚਸਪੀ ਲੈ ਸਕੀ ਹਾਂ ਭਾਵੇਂ ਉਹ ਕਿਸੇ ਵੀ ਰੰਗ ਦੇ ਹੋਣ। ਹੁਣ ਮੈਂ ਪੱਖਪਾਤ ਦੀਆਂ ਜ਼ੰਜੀਰਾਂ ਤੋਂ ਆਜ਼ਾਦ ਹੋ ਗਈ ਹਾਂ।

“ਮੈਨੂੰ ਪਤਾ ਲੱਗਾ ਕਿ ਰੱਬ ਕਿਹੋ ਜਿਹਾ ਨਜ਼ਰੀਆ ਰੱਖਦਾ ਹੈ।”​—ਮਾਈਕਲ

ਮਾਈਕਲ: ਮੈਂ ਆਸਟ੍ਰੇਲੀਆ ਦੇ ਉਸ ਇਲਾਕੇ ਵਿਚ ਵੱਡਾ ਹੋਇਆ ਜਿੱਥੇ ਜ਼ਿਆਦਾਤਰ ਗੋਰੇ ਰਹਿੰਦੇ ਸਨ ਤੇ ਮੈਂ ਏਸ਼ੀਆ ਖ਼ਾਸ ਕਰਕੇ ਚੀਨ ਦੇ ਲੋਕਾਂ ਨਾਲ ਬਹੁਤ ਭੇਦ-ਭਾਵ ਕਰਨ ਲੱਗ ਪਿਆ। ਕਾਰ ਚਲਾਉਂਦੇ ਜੇ ਮੈਂ ਦੇਖਦਾ ਸੀ ਕਿ ਕੋਈ ਇਨਸਾਨ ਏਸ਼ੀਆ ਤੋਂ ਆਇਆ ਲੱਗਦਾ ਸੀ, ਤਾਂ ਮੈਂ ਆਪਣੀ ਕਾਰ ਦਾ ਸ਼ੀਸ਼ਾ ਥੱਲੇ ਕਰ ਕੇ ਉਨ੍ਹਾਂ ਨੂੰ ਬੁਰਾ-ਭਲਾ ਕਹਿੰਦਾ ਸੀ, ਜਿਵੇਂ “ਆਪਣੇ ਦੇਸ਼ ਦੌੜ ਜਾਹ!” ਬਾਅਦ ਵਿਚ ਜਦ ਮੈਂ ਬਾਈਬਲ ਸਟੱਡੀ ਕਰਨੀ ਸ਼ੁਰੂ ਕੀਤੀ, ਤਾਂ ਮੈਨੂੰ ਪਤਾ ਲੱਗਾ ਕਿ ਰੱਬ ਕਿਹੋ ਜਿਹਾ ਨਜ਼ਰੀਆ ਰੱਖਦਾ ਹੈ। ਉਹ ਸਾਰਿਆਂ ਨੂੰ ਪਿਆਰ ਕਰਦਾ ਹੈ ਭਾਵੇਂ ਉਹ ਜਿੱਥੋਂ ਦੇ ਮਰਜ਼ੀ ਰਹਿਣ ਵਾਲੇ ਹੋਣ ਤੇ ਉਨ੍ਹਾਂ ਦਾ ਰੰਗ-ਰੂਪ ਜੋ ਮਰਜ਼ੀ ਹੋਵੇ। ਇਸ ਪਿਆਰ ਦਾ ਮੇਰੇ ’ਤੇ ਬਹੁਤ ਅਸਰ ਪਿਆ ਤੇ ਮੇਰੀ ਨਫ਼ਰਤ ਪਿਆਰ ਵਿਚ ਬਦਲ ਗਈ। ਆਪਣੀ ਜ਼ਿੰਦਗੀ ਵਿਚ ਇਸ ਤਰ੍ਹਾਂ ਦਾ ਬਦਲਾਅ ਦੇਖਣਾ ਵਧੀਆ ਸੀ। ਹੁਣ ਮੈਨੂੰ ਅਲੱਗ-ਅਲੱਗ ਦੇਸ਼ਾਂ ਤੇ ਪਿਛੋਕੜਾਂ ਦੇ ਲੋਕਾਂ ਨਾਲ ਮਿਲਣਾ-ਗਿਲ਼ਣਾ ਬਹੁਤ ਚੰਗਾ ਲੱਗਦਾ ਹੈ। ਇਸ ਤਰ੍ਹਾਂ ਕਈ ਗੱਲਾਂ ਬਾਰੇ ਮੇਰਾ ਰਵੱਈਆ ਬਦਲ ਗਿਆ ਹੈ ਤੇ ਮੇਰੀ ਜ਼ਿੰਦਗੀ ਵਿਚ ਹੋਰ ਖ਼ੁਸ਼ੀਆਂ ਆਈਆਂ ਹਨ।

“ਮੈਂ ਆਪਣੀ ਸੋਚਣੀ ਵਿਚ ਸੁਧਾਰ ਕੀਤਾ ਤੇ ਆਪਣੇ . . . ਪਰਿਵਾਰ ਨਾਲ ਸੁਲ੍ਹਾ ਕਰ ਲਈ।”​—ਸਾਂਡਰਾ

ਸਾਂਡਰਾ: ਮੇਰੇ ਮੰਮੀ ਜੀ ਡੈਲਟਾ ਸਟੇਟ, ਨਾਈਜੀਰੀਆ ਤੋਂ ਸਨ। ਮੇਰੇ ਡੈਡੀ ਜੀ ਦਾ ਪਰਿਵਾਰ ਐਡੋ ਸਟੇਟ ਤੋਂ ਹੈ ਤੇ ਉਹ ਇਸਾਨ ਭਾਸ਼ਾ ਬੋਲਦੇ ਹਨ। ਇਨ੍ਹਾਂ ਗੱਲਾਂ ਕਰਕੇ ਮੇਰੇ ਡੈਡੀ ਜੀ ਦਾ ਪਰਿਵਾਰ ਮੇਰੇ ਮੰਮੀ ਜੀ ਦੀ ਮੌਤ ਤਕ ਉਨ੍ਹਾਂ ਨਾਲ ਭੇਦ-ਭਾਵ ਕਰਦਾ ਰਿਹਾ। ਇਸ ਕਰਕੇ ਮੈਂ ਕਸਮ ਖਾਧੀ ਕਿ ਨਾ ਤਾਂ ਮੈਂ ਇਸਾਨ ਭਾਸ਼ਾ ਬੋਲਣ ਵਾਲੇ ਨਾਲ ਕਦੇ ਕੋਈ ਵਾਸਤਾ ਰੱਖਾਂਗੀ ਤੇ ਨਾ ਹੀ ਐਡੋ ਸਟੇਟ ਦੇ ਕਿਸੇ ਆਦਮੀ ਨਾਲ ਕਦੇ ਵਿਆਹ ਕਰਾਂਗੀ। ਪਰ ਜਦੋਂ ਮੈਂ ਬਾਈਬਲ ਸਟੱਡੀ ਕਰਨ ਲੱਗ ਪਈ, ਤਾਂ ਮੇਰਾ ਨਜ਼ਰੀਆ ਬਦਲ ਗਿਆ। ਬਾਈਬਲ ਕਹਿੰਦੀ ਹੈ ਕਿ ਰੱਬ ਕਿਸੇ ਨਾਲ ਪੱਖਪਾਤ ਨਹੀਂ ਕਰਦਾ ਤੇ ਜਿਹੜਾ ਵੀ ਇਨਸਾਨ ਉਸ ਤੋਂ ਡਰਦਾ ਹੈ ਉਹ ਉਸ ਨੂੰ ਕਬੂਲ ਕਰਦਾ ਹੈ। ਫਿਰ ਮੈਂ ਕੌਣ ਹੁੰਦੀ ਹਾਂ ਕਿਸੇ ਦੀ ਨਸਲ ਜਾਂ ਭਾਸ਼ਾ ਕਰਕੇ ਉਸ ਨਾਲ ਨਫ਼ਰਤ ਕਰਨ ਵਾਲੀ? ਮੈਂ ਆਪਣੀ ਸੋਚਣੀ ਵਿਚ ਸੁਧਾਰ ਕੀਤਾ ਤੇ ਆਪਣੇ ਡੈਡੀ ਜੀ ਦੇ ਪਰਿਵਾਰ ਨਾਲ ਸੁਲ੍ਹਾ ਕਰ ਲਈ। ਬਾਈਬਲ ਦੇ ਅਸੂਲਾਂ ਨੂੰ ਲਾਗੂ ਕਰ ਕੇ ਮੈਨੂੰ ਖ਼ੁਸ਼ੀ ਅਤੇ ਮਨ ਦੀ ਸ਼ਾਂਤੀ ਮਿਲੀ। ਨਾਲੇ ਮੈਂ ਸਾਰੇ ਲੋਕਾਂ ਨਾਲ ਵਧੀਆ ਰਿਸ਼ਤਾ ਬਣਾ ਸਕੀ ਹਾਂ ਭਾਵੇਂ ਉਹ ਕਿਸੇ ਵੀ ਪਿਛੋਕੜ, ਨਸਲ, ਭਾਸ਼ਾ ਜਾਂ ਕੌਮ ਦੇ ਲੋਕ ਹੋਣ। ਤੁਸੀਂ ਇਹ ਵੀ ਸੁਣ ਹੈਰਾਨ ਹੋਵੋਗੇ ਕਿ ਮੇਰੇ ਪਤੀ ਐਡੋ ਸਟੇਟ ਦੇ ਹਨ ਤੇ ਉਹ ਇਸਾਨ ਭਾਸ਼ਾ ਬੋਲਦੇ ਹਨ!

ਬਾਈਬਲ ਇਨ੍ਹਾਂ ਤੇ ਹੋਰ ਲੋਕਾਂ ਦੀ ਕਿਉਂ ਮਦਦ ਕਰ ਸਕੀ ਜਿਨ੍ਹਾਂ ਦੇ ਦਿਲਾਂ ਵਿਚ ਨਫ਼ਰਤ ਤੇ ਪੱਖਪਾਤ ਦੀ ਭਾਵਨਾ ਕੁੱਟ-ਕੁੱਟ ਕੇ ਭਰੀ ਹੋਈ ਸੀ? ਕਿਉਂਕਿ ਬਾਈਬਲ ਪਰਮੇਸ਼ੁਰ ਦਾ ਬਚਨ ਹੈ। ਇਸ ਵਿਚ ਲੋਕਾਂ ਦੀ ਸੋਚਣੀ ਅਤੇ ਦਿਲ ਨੂੰ ਬਦਲਣ ਦੀ ਤਾਕਤ ਹੈ। ਇਸ ਤੋਂ ਇਲਾਵਾ, ਬਾਈਬਲ ਇਹ ਵੀ ਦੱਸਦੀ ਹੈ ਕਿ ਪੱਖਪਾਤ ਨੂੰ ਪੂਰੀ ਤਰ੍ਹਾਂ ਖ਼ਤਮ ਕਰਨ ਲਈ ਹੋਰ ਕੀ ਕਰਨ ਦੀ ਲੋੜ ਹੈ।

ਪਰਮੇਸ਼ੁਰ ਦਾ ਰਾਜ ਪੱਖਪਾਤ ਨੂੰ ਖ਼ਤਮ ਕਰੇਗਾ

ਬਾਈਬਲ ਪੱਖਪਾਤ ਕਰਨ ਦੀਆਂ ਸਾਡੀਆਂ ਭਾਵਨਾਵਾਂ ਨੂੰ ਕੰਟ੍ਰੋਲ ਕਰਨ ਤੇ ਉਨ੍ਹਾਂ ਨੂੰ ਜੜ੍ਹੋਂ ਪੁੱਟਣ ਵਿਚ ਸਾਡੀ ਮਦਦ ਕਰ ਸਕਦੀ ਹੈ। ਪਰ ਪੱਖਪਾਤ ਨੂੰ ਪੂਰੀ ਤਰ੍ਹਾਂ ਖ਼ਤਮ ਕਰਨ ਤੋਂ ਪਹਿਲਾਂ ਹੋਰ ਦੋ ਚੀਜ਼ਾਂ ਨੂੰ ਖ਼ਤਮ ਕਰਨਾ ਜ਼ਰੂਰੀ ਹੈ। ਪਹਿਲੀ ਚੀਜ਼ ਹੈ ਪਾਪ ਤੇ ਇਨਸਾਨ ਦੀਆਂ ਕਮੀਆਂ-ਕਮਜ਼ੋਰੀਆਂ। ਬਾਈਬਲ ਸਾਫ਼-ਸਾਫ਼ ਦੱਸਦੀ ਹੈ: “ਕੋਈ ਆਦਮੀ ਅਜੇਹਾ ਨਹੀਂ ਜੋ ਪਾਪ ਨਾ ਕਰੇ।” (1 ਰਾਜਿਆਂ 8:46) ਸੋ ਭਾਵੇਂ ਅਸੀਂ ਜਿੰਨੀ ਮਰਜ਼ੀ ਕੋਸ਼ਿਸ਼ ਕਰੀਏ, ਫਿਰ ਵੀ ਸਾਨੂੰ ਪੌਲੁਸ ਰਸੂਲ ਵਾਂਗ ਆਪਣੀਆਂ ਅੰਦਰਲੀਆਂ ਕਮੀਆਂ-ਕਮਜ਼ੋਰੀਆਂ ਨਾਲ ਲੜਨਾ ਪੈਂਦਾ ਹੈ। ਉਸ ਨੇ ਲਿਖਿਆ: “ਜਦੋਂ ਮੈਂ ਸਹੀ ਕੰਮ ਕਰਨਾ ਚਾਹੁੰਦਾ ਹਾਂ, ਤਾਂ ਮੇਰੇ ਅੰਦਰ ਬੁਰਾਈ ਮੌਜੂਦ ਹੁੰਦੀ ਹੈ।” (ਰੋਮੀਆਂ 7:21) ਇਸ ਲਈ ਸਮੇਂ-ਸਮੇਂ ਤੇ ਸਾਡਾ ਮਨ “ਭੈੜੀ ਸੋਚ” ਵੱਲ ਨੂੰ ਮੁੜਦਾ ਹੈ ਜਿਸ ਕਰਕੇ ਅਸੀਂ ਪੱਖਪਾਤ ਕਰ ਸਕਦੇ ਹਾਂ।​—ਮਰਕੁਸ 7:21.

ਦੂਜੀ ਚੀਜ਼ ਹੈ ਸ਼ੈਤਾਨ ਦਾ ਪ੍ਰਭਾਵ। ਬਾਈਬਲ ਉਸ ਨੂੰ “ਕਾਤਲ” ਕਹਿੰਦੀ ਹੈ ਅਤੇ ਦੱਸਦੀ ਹੈ ਕਿ ਉਹ “ਸਾਰੀ ਦੁਨੀਆਂ ਨੂੰ ਗੁਮਰਾਹ ਕਰਦਾ ਹੈ।” (ਯੂਹੰਨਾ 8:44; ਪ੍ਰਕਾਸ਼ ਦੀ ਕਿਤਾਬ 12:9) ਤਾਹੀਓਂ ਦੁਨੀਆਂ ਵਿਚ ਇੰਨਾ ਜ਼ਿਆਦਾ ਪੱਖਪਾਤ ਹੈ ਤੇ ਇਨਸਾਨਾਂ ਲਈ ਨਸਲੀ ਕਤਲੇਆਮ, ਧਰਮ ਦੇ ਨਾਂ ’ਤੇ ਭੇਦ-ਭਾਵ ਅਤੇ ਜਾਤ-ਪਾਤ ਵਗੈਰਾ ਨੂੰ ਖ਼ਤਮ ਕਰਨਾ ਨਾਮੁਮਕਿਨ ਲੱਗਦਾ ਹੈ।

ਇਸ ਲਈ ਪੱਖਪਾਤ ਨੂੰ ਪੂਰੀ ਤਰ੍ਹਾਂ ਖ਼ਤਮ ਕਰਨ ਤੋਂ ਪਹਿਲਾਂ ਪਾਪ, ਇਨਸਾਨੀ ਕਮੀਆਂ-ਕਮਜ਼ੋਰੀਆਂ ਅਤੇ ਸ਼ੈਤਾਨ ਦੇ ਪ੍ਰਭਾਵ ਨੂੰ ਖ਼ਤਮ ਕਰਨਾ ਜ਼ਰੂਰੀ ਹੈ। ਬਾਈਬਲ ਦੱਸਦੀ ਹੈ ਕਿ ਪਰਮੇਸ਼ੁਰ ਦਾ ਰਾਜ ਇਹ ਕਰੇਗਾ।

ਯਿਸੂ ਮਸੀਹ ਨੇ ਆਪਣੇ ਚੇਲਿਆਂ ਨੂੰ ਪਰਮੇਸ਼ੁਰ ਨੂੰ ਇਨ੍ਹਾਂ ਸ਼ਬਦਾਂ ਨਾਲ ਪ੍ਰਾਰਥਨਾ ਕਰਨੀ ਸਿਖਾਈ: “ਤੇਰਾ ਰਾਜ ਆਵੇ। ਤੇਰੀ ਇੱਛਾ ਜਿਵੇਂ ਸਵਰਗ ਵਿਚ ਪੂਰੀ ਹੁੰਦੀ ਹੈ, ਉਵੇਂ ਹੀ ਧਰਤੀ ਉੱਤੇ ਪੂਰੀ ਹੋਵੇ।” (ਮੱਤੀ 6:10) ਪਰਮੇਸ਼ੁਰ ਦਾ ਰਾਜ ਸਾਰੀਆਂ ਬੁਰਾਈਆਂ, ਜਿਸ ਵਿਚ ਹਰ ਤਰ੍ਹਾਂ ਦਾ ਪੱਖਪਾਤ ਵੀ ਸ਼ਾਮਲ ਹੈ, ਨੂੰ ਖ਼ਤਮ ਕਰ ਦੇਵੇਗਾ।

ਜਦੋਂ ਪਰਮੇਸ਼ੁਰ ਦਾ ਰਾਜ ਆ ਕੇ ਸਾਰੀ ਧਰਤੀ ’ਤੇ ਕੰਟ੍ਰੋਲ ਕਰ ਲਵੇਗਾ, ਉਦੋਂ ਸ਼ੈਤਾਨ ਨੂੰ “ਬੰਨ੍ਹ ਦਿੱਤਾ” ਜਾਵੇਗਾ ਤਾਂਕਿ ਉਹ “ਕੌਮਾਂ ਨੂੰ ਗੁਮਰਾਹ ਨਾ ਕਰੇ।” (ਪ੍ਰਕਾਸ਼ ਦੀ ਕਿਤਾਬ 20:2, 3) ਫਿਰ “ਨਵੀਂ ਧਰਤੀ” ਯਾਨੀ ਨਵਾਂ ਸਮਾਜ ਹੋਵੇਗਾ ਜਿਸ ਵਿਚ “ਧਾਰਮਿਕਤਾ ਰਹੇਗੀ।” *​—2 ਪਤਰਸ 3:13.

ਜਿਹੜੇ ਲੋਕ ਉਸ ਧਰਮੀ ਸਮਾਜ ਵਿਚ ਰਹਿਣਗੇ ਉਨ੍ਹਾਂ ਨੂੰ ਪਾਪ ਤੋਂ ਆਜ਼ਾਦ ਕਰ ਕੇ ਮੁਕੰਮਲ ਬਣਾਇਆ ਜਾਵੇਗਾ। (ਰੋਮੀਆਂ 8:21) ਪਰਮੇਸ਼ੁਰ ਦੇ ਰਾਜ ਦੇ ਨਾਗਰਿਕ ਹੋਣ ਕਰਕੇ “ਓਹ ਨਾ ਸੱਟ ਲਾਉਣਗੇ ਨਾ ਨਾਸ ਕਰਨਗੇ।” ਕਿਉਂ? “ਕਿਉਂ ਜੋ ਧਰਤੀ ਯਹੋਵਾਹ ਦੇ ਗਿਆਨ ਨਾਲ ਭਰੀ ਹੋਈ ਹੋਵੇਗੀ।” (ਯਸਾਯਾਹ 11:9) ਉਸ ਸਮੇਂ ਸਾਰੇ ਲੋਕ ਯਹੋਵਾਹ ਪਰਮੇਸ਼ੁਰ ਦੇ ਰਾਹਾਂ ਬਾਰੇ ਸਿੱਖਣਗੇ ਤੇ ਉਸ ਦੀ ਰੀਸ ਕਰਨਗੇ। ਵਾਕਈ, ਪੱਖਪਾਤ ਬਿਲਕੁਲ ਖ਼ਤਮ ਹੋ ਜਾਵੇਗਾ “ਕਿਉਂਕਿ ਪਰਮੇਸ਼ੁਰ ਕਿਸੇ ਨਾਲ ਪੱਖਪਾਤ ਨਹੀਂ ਕਰਦਾ।”​—ਰੋਮੀਆਂ 2:11. (w13-E 06/01)

^ ਪੈਰਾ 17 ਪਰਮੇਸ਼ੁਰ ਦੇ ਰਾਜ ਅਤੇ ਇਹ ਕੀ ਕੁਝ ਕਰੇਗਾ ਇਸ ਬਾਰੇ ਹੋਰ ਜਾਣਕਾਰੀ ਲਈ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਗਈ ਕਿਤਾਬ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਦਾ ਤੀਜਾ, ਅੱਠਵਾਂ ਤੇ ਨੌਵਾਂ ਅਧਿਆਇ ਦੇਖੋ।