Skip to content

Skip to table of contents

ਪਰਿਵਾਰ ਵਿਚ ਖ਼ੁਸ਼ੀਆਂ ਲਿਆਓ

ਦੁਬਾਰਾ ਭਰੋਸਾ ਜਿੱਤਣ ਦੀ ਕੋਸ਼ਿਸ਼ ਕਰੋ

ਦੁਬਾਰਾ ਭਰੋਸਾ ਜਿੱਤਣ ਦੀ ਕੋਸ਼ਿਸ਼ ਕਰੋ

ਸਟੀਵ *: “ਮੈਂ ਕਦੇ ਨਹੀਂ ਸੋਚਿਆ ਕਿ ਜੋਡੀ ਹਰਾਮਕਾਰੀ ਕਰੇਗੀ। ਮੇਰਾ ਉਸ ਉੱਤੋਂ ਬਿਲਕੁਲ ਭਰੋਸਾ ਉੱਠ ਗਿਆ। ਮੈਂ ਸ਼ਬਦਾਂ ਵਿਚ ਬਿਆਨ ਨਹੀਂ ਕਰ ਸਕਦਾ ਕਿ ਉਸ ਨੂੰ ਮਾਫ਼ ਕਰਨਾ ਮੇਰੇ ਲਈ ਕਿੰਨਾ ਔਖਾ ਸੀ।”

ਜੋਡੀ: “ਮੈਂ ਸਮਝ ਸਕਦੀ ਹਾਂ ਕਿ ਸਟੀਵ ਦਾ ਭਰੋਸਾ ਮੇਰੇ ਉੱਤੋਂ ਕਿਉਂ ਉੱਠ ਗਿਆ। ਮੈਨੂੰ ਇਹ ਸਾਬਤ ਕਰਨ ਲਈ ਕਈ ਸਾਲ ਲੱਗ ਗਏ ਕਿ ਮੈਨੂੰ ਆਪਣੀ ਗ਼ਲਤੀ ਦਾ ਕਿੰਨਾ ਪਛਤਾਵਾ ਸੀ।”

ਬਾਈਬਲ ਉਨ੍ਹਾਂ ਲੋਕਾਂ ਨੂੰ ਤਲਾਕ ਦੇਣ ਜਾਂ ਨਾ ਦੇਣ ਦਾ ਫ਼ੈਸਲਾ ਕਰਨ ਦਾ ਹੱਕ ਦਿੰਦੀ ਹੈ ਜਿਨ੍ਹਾਂ ਦੇ ਜੀਵਨ ਸਾਥੀ ਨੇ ਹਰਾਮਕਾਰੀ ਕੀਤੀ ਹੈ। (ਮੱਤੀ 19:9) ਉੱਪਰ ਜ਼ਿਕਰ ਕੀਤੇ ਸਟੀਵ ਨੇ ਆਪਣੀ ਪਤਨੀ ਨੂੰ ਤਲਾਕ ਨਾ ਦੇਣ ਦਾ ਫ਼ੈਸਲਾ ਕੀਤਾ। ਉਹ ਅਤੇ ਜੋਡੀ ਨੇ ਠਾਣ ਲਿਆ ਕਿ ਉਹ ਆਪਣੇ ਵਿਆਹੁਤਾ ਬੰਧਨ ਨੂੰ ਟੁੱਟਣ ਨਹੀਂ ਦੇਣਗੇ। ਉਨ੍ਹਾਂ ਨੂੰ ਜਲਦੀ ਪਤਾ ਲੱਗ ਗਿਆ ਕਿ ਸਿਰਫ਼ ਇਕੱਠੇ ਰਹਿਣਾ ਕਾਫ਼ੀ ਨਹੀਂ ਹੈ, ਸਗੋਂ ਹੋਰ ਵੀ ਕੁਝ ਕਰਨ ਦੀ ਲੋੜ ਹੈ। ਕਿਉਂ? ਜਿਸ ਤਰ੍ਹਾਂ ਉੱਪਰ ਦਿੱਤੀਆਂ ਉਨ੍ਹਾਂ ਦੀਆਂ ਟਿੱਪਣੀਆਂ ਤੋਂ ਪਤਾ ਲੱਗਦਾ ਹੈ ਕਿ ਜੋਡੀ ਦੀ ਬੇਵਫ਼ਾਈ ਕਾਰਨ ਉਨ੍ਹਾਂ ਵਿਚ ਭਰੋਸੇ ਨਾਂ ਦੀ ਕੋਈ ਚੀਜ਼ ਨਹੀਂ ਰਹੀ। ਸੁਖੀ ਵਿਆਹੁਤਾ ਜੀਵਨ ਵਿਚ ਇਕ-ਦੂਜੇ ’ਤੇ ਭਰੋਸਾ ਹੋਣਾ ਬਹੁਤ ਜ਼ਰੂਰੀ ਹੈ, ਇਸ ਲਈ ਉਨ੍ਹਾਂ ਦੋਹਾਂ ਨੂੰ ਇਹ ਭਰੋਸਾ ਪੈਦਾ ਕਰਨ ਲਈ ਸਖ਼ਤ ਮਿਹਨਤ ਕਰਨ ਦੀ ਲੋੜ ਸੀ।

ਜੇ ਤੁਸੀਂ ਅਤੇ ਤੁਹਾਡਾ ਜੀਵਨ ਸਾਥੀ ਹਰਾਮਕਾਰੀ ਕਰਨ ਤੋਂ ਬਾਅਦ ਆਪਣੇ ਵਿਆਹੁਤਾ ਰਿਸ਼ਤੇ ਦੀ ਡੋਰ ਨੂੰ ਟੁੱਟਣ ਤੋਂ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹੋ, ਤਾਂ ਯਕੀਨਨ ਇਹ ਤੁਹਾਡੇ ਲਈ ਬਹੁਤ ਔਖਾ ਹੋਵੇਗਾ। ਇਸ ਬੇਵਫ਼ਾਈ ਦਾ ਪਤਾ ਲੱਗਣ ਤੋਂ ਬਾਅਦ ਦੇ ਪਹਿਲੇ ਕੁਝ ਮਹੀਨੇ ਸ਼ਾਇਦ ਬਹੁਤ ਔਖੇ ਲੰਘਣ। ਪਰ ਤੁਸੀਂ ਸਫ਼ਲ ਹੋ ਸਕਦੇ ਹੋ! ਤੁਸੀਂ ਦੁਬਾਰਾ ਭਰੋਸੇ ਦੇ ਲਾਇਕ ਕਿਵੇਂ ਬਣ ਸਕਦੇ ਹੋ? ਬਾਈਬਲ ਵਿਚ ਪਾਈ ਜਾਂਦੀ ਬੁੱਧ ਤੁਹਾਡੀ ਮਦਦ ਕਰ ਸਕਦੀ ਹੈ। ਆਓ ਆਪਾਂ ਚਾਰ ਸੁਝਾਵਾਂ ਉੱਤੇ ਗੌਰ ਕਰੀਏ।

1 ਇਕ-ਦੂਜੇ ਤੋਂ ਕੁਝ ਨਾ ਲੁਕਾਓ।

ਪੌਲੁਸ ਰਸੂਲ ਨੇ ਲਿਖਿਆ: “ਇਸ ਲਈ ਹੁਣ ਜਦ ਤੁਸੀਂ ਝੂਠ ਬੋਲਣਾ ਛੱਡ ਦਿੱਤਾ ਹੈ, ਤਾਂ ਤੁਸੀਂ ਸਾਰੇ ਇਕ-ਦੂਜੇ ਨਾਲ ਸੱਚ ਬੋਲੋ।” (ਅਫ਼ਸੀਆਂ 4:25) ਝੂਠ ਬੋਲਣ, ਅੱਧਾ ਸੱਚ ਦੱਸਣ ਅਤੇ ਚੁੱਪ ਰਹਿਣ ਨਾਲ ਇਕ-ਦੂਜੇ ਤੋਂ ਭਰੋਸਾ ਉੱਠ ਸਕਦਾ ਹੈ। ਇਸ ਲਈ ਇਕ-ਦੂਜੇ ਨਾਲ ਖੁੱਲ੍ਹ ਕੇ ਗੱਲ ਕਰਨ ਅਤੇ ਈਮਾਨਦਾਰੀ ਨਾਲ ਪੇਸ਼ ਆਉਣ ਦੀ ਲੋੜ ਹੈ।

ਪਹਿਲਾਂ-ਪਹਿਲਾਂ ਸ਼ਾਇਦ ਤੁਹਾਨੂੰ ਅਤੇ ਤੁਹਾਡੇ ਜੀਵਨ ਸਾਥੀ ਨੂੰ ਬੇਵਫ਼ਾਈ ਬਾਰੇ ਗੱਲ ਕਰਨ ਵਿਚ ਬਹੁਤ ਪਰੇਸ਼ਾਨੀ ਹੋਵੇ। ਪਰ ਕਦੇ-ਨਾ-ਕਦੇ ਤੁਹਾਨੂੰ ਇਸ ਬਾਰੇ ਬੇਝਿਜਕ ਹੋ ਕੇ ਗੱਲ ਕਰਨੀ ਹੀ ਪਵੇਗੀ। ਤੁਸੀਂ ਸ਼ਾਇਦ ਹਰ ਛੋਟੀ-ਛੋਟੀ ਗੱਲ ਬਾਰੇ ਨਾ ਦੱਸਣਾ ਚਾਹੋ, ਪਰ ਗ਼ਲਤੀ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕਰਨਾ ਅਕਲਮੰਦੀ ਦੀ ਗੱਲ ਨਹੀਂ ਹੈ। ਪਹਿਲਾਂ ਜ਼ਿਕਰ ਕੀਤੀ ਗਈ ਜੋਡੀ ਕਹਿੰਦੀ ਹੈ: “ਪਹਿਲਾਂ-ਪਹਿਲਾਂ ਆਪਣੀ ਬੇਵਫ਼ਾਈ ਬਾਰੇ ਗੱਲ ਕਰਨੀ ਮੈਨੂੰ ਬਹੁਤ ਔਖੀ ਤੇ ਘਿਣਾਉਣੀ ਲੱਗਦੀ ਸੀ। ਮੈਂ ਆਪਣੀ ਕੀਤੀ ’ਤੇ ਬਹੁਤ ਪਛਤਾਉਂਦੀ ਸੀ ਤੇ ਇਹ ਗੱਲ ਜ਼ਬਾਨ ’ਤੇ ਨਹੀਂ ਲਿਆਉਣਾ ਚਾਹੁੰਦੀ ਸੀ ਅਤੇ ਭੁੱਲ ਜਾਣਾ ਚਾਹੁੰਦੀ ਸੀ।” ਪਰ ਗੱਲ ਨਾ ਕਰਨ ਨਾਲ ਸਮੱਸਿਆਵਾਂ ਖੜ੍ਹੀਆਂ ਹੋ ਗਈਆਂ। ਕਿਉਂ? ਸਟੀਵ ਕਹਿੰਦਾ ਹੈ: “ਜੋਡੀ ਬੇਵਫ਼ਾਈ ਬਾਰੇ ਗੱਲ ਨਹੀਂ ਸੀ ਕਰਨਾ ਚਾਹੁੰਦੀ, ਇਸ ਲਈ ਮੈਂ ਉਸ ’ਤੇ ਸ਼ੱਕ ਕਰਦਾ ਰਿਹਾ।” ਜੋਡੀ ਬੀਤੇ ਕੱਲ੍ਹ ਨੂੰ ਯਾਦ ਕਰਦੀ ਹੋਈ ਮੰਨਦੀ ਹੈ: “ਬੇਵਫ਼ਾਈ ਬਾਰੇ ਆਪਣੇ ਪਤੀ ਨਾਲ ਗੱਲ ਨਾ ਕਰ ਕੇ ਹਾਲਾਤ ਸੁਧਰੇ ਨਹੀਂ।”

ਬਿਨਾਂ ਸ਼ੱਕ ਬੇਵਫ਼ਾਈ ਬਾਰੇ ਕੋਈ ਵੀ ਗੱਲ ਕਰਨੀ ਔਖੀ ਲੱਗੇਗੀ। ਡੇਬੀ, ਜਿਸ ਦੇ ਪਤੀ ਪੌਲ ਨੇ ਆਪਣੀ ਸੈਕਟਰੀ ਨਾਲ ਹਰਾਮਕਾਰੀ ਕੀਤੀ, ਕਹਿੰਦੀ ਹੈ: “ਮੇਰੇ ਮਨ ਵਿਚ ਬਹੁਤ ਸਾਰੇ ਸਵਾਲ ਸਨ। ਕਿਵੇਂ? ਕਿਉਂ? ਉਨ੍ਹਾਂ ਨੇ ਕਿਹੜੀਆਂ ਗੱਲਾਂ ਕੀਤੀਆਂ? ਇਹ ਸੋਚ-ਸੋਚ ਕੇ ਮੈਂ ਬੜੀ ਪਰੇਸ਼ਾਨ ਹੋ ਗਈ ਅਤੇ ਜਿੱਦਾਂ-ਜਿੱਦਾਂ ਹਫ਼ਤੇ ਲੰਘਦੇ ਗਏ ਮੇਰੇ ਮਨ ਵਿਚ ਹੋਰ ਜ਼ਿਆਦਾ ਸਵਾਲ ਆਉਣ ਲੱਗੇ।” ਪੌਲ ਕਹਿੰਦਾ ਹੈ: “ਕਦੇ-ਕਦੇ ਗੱਲ ਕਰਦੇ-ਕਰਦੇ ਅਸੀਂ ਬਹਿਸ ਕਰਨ ਲੱਗ ਜਾਂਦੇ ਸੀ। ਪਰ ਬਾਅਦ ਵਿਚ ਅਸੀਂ ਹਮੇਸ਼ਾ ਇਕ-ਦੂਜੇ ਤੋਂ ਮਾਫ਼ੀ ਮੰਗਦੇ ਸੀ। ਖੁੱਲ੍ਹ ਕੇ ਇਕ-ਦੂਜੇ ਨਾਲ ਗੱਲ ਕਰ ਕੇ ਸਾਡੇ ਰਿਸ਼ਤੇ ਵਿਚ ਸੁਧਾਰ ਹੋਇਆ।”

ਤੁਸੀਂ ਅਜਿਹੀ ਗੱਲਬਾਤ ਕਰਦੇ ਸਮੇਂ ਆਪਣਾ ਕੁਝ ਤਣਾਅ ਕਿਵੇਂ ਘਟਾ ਸਕਦੇ ਹੋ? ਯਾਦ ਰੱਖੋ ਕਿ ਤੁਹਾਡਾ ਮੁੱਖ ਮਕਸਦ ਗ਼ਲਤੀ ਤੋਂ ਸਿੱਖਣਾ ਅਤੇ ਆਪਣੇ ਵਿਆਹੁਤਾ ਬੰਧਨ ਨੂੰ ਮਜ਼ਬੂਤ ਕਰਨਾ ਹੈ, ਨਾ ਕਿ ਆਪਣੇ ਜੀਵਨ ਸਾਥੀ ਨੂੰ ਸਜ਼ਾ ਦੇਣੀ। ਮਿਸਾਲ ਲਈ, ਚਲ ਸੂ ਅਤੇ ਉਸ ਦੀ ਪਤਨੀ ਮੀ ਯੰਗ ਨੇ ਆਪਣੇ ਰਿਸ਼ਤੇ ਬਾਰੇ ਸੋਚ-ਵਿਚਾਰ ਕਰ ਕੇ ਦੇਖਿਆ ਕਿ ਚਲ ਸੂ ਦੀ ਬੇਵਫ਼ਾਈ ਦਾ ਕੀ ਕਾਰਨ ਹੋ ਸਕਦਾ ਸੀ। ਚਲ ਸੂ ਕਹਿੰਦਾ ਹੈ: “ਮੈਂ ਦੇਖਿਆ ਕਿ ਮੈਂ ਆਪਣੇ ਕੰਮਾਂ-ਕਾਰਾਂ ਵਿਚ ਜ਼ਿਆਦਾ ਬਿਜ਼ੀ ਰਹਿੰਦਾ ਸੀ। ਮੈਨੂੰ ਜ਼ਿਆਦਾ ਫ਼ਿਕਰ ਇਸ ਗੱਲ ਦਾ ਰਹਿੰਦਾ ਸੀ ਕਿ ਦੂਜਿਆਂ ਨੂੰ ਕਿਵੇਂ ਖ਼ੁਸ਼ ਕਰਾਂ ਤੇ ਉਨ੍ਹਾਂ ਦੀਆਂ ਉਮੀਦਾਂ ’ਤੇ ਕਿੱਦਾਂ ਖਰਾ ਉੱਤਰਾਂ। ਜ਼ਿਆਦਾਤਰ ਆਪਣਾ ਸਮਾਂ ਅਤੇ ਧਿਆਨ ਮੈਂ ਉਨ੍ਹਾਂ ਨੂੰ ਦਿੰਦਾ ਸੀ। ਨਤੀਜੇ ਵਜੋਂ, ਮੈਂ ਆਪਣੀ ਪਤਨੀ ਨਾਲ ਬਹੁਤ ਘੱਟ ਸਮਾਂ ਗੁਜ਼ਾਰਦਾ ਸੀ।” ਇਹ ਜਾਣ ਕੇ ਚਲ ਸੂ ਅਤੇ ਮੀ ਯੰਗ ਨੇ ਆਪਣੇ ਵਿਚ ਤਬਦੀਲੀਆਂ ਕੀਤੀਆਂ ਅਤੇ ਸਮੇਂ ਦੇ ਬੀਤਣ ਨਾਲ ਉਨ੍ਹਾਂ ਦੇ ਵਿਆਹੁਤਾ ਰਿਸ਼ਤੇ ਦੀ ਡੋਰ ਮਜ਼ਬੂਤ ਹੋ ਗਈ।

ਸੁਝਾਅ: ਜੇ ਤੁਸੀਂ ਬੇਵਫ਼ਾਈ ਕੀਤੀ ਹੈ, ਤਾਂ ਇਸ ਬਾਰੇ ਬਹਾਨੇ ਨਾ ਬਣਾਓ ਜਾਂ ਆਪਣੇ ਜੀਵਨ ਸਾਥੀ ਨੂੰ ਕਸੂਰਵਾਰ ਨਾ ਠਹਿਰਾਓ। ਤੁਸੀਂ ਜੋ ਕਰ ਕੇ ਆਪਣੇ ਜੀਵਨ ਸਾਥੀ ਨੂੰ ਦੁੱਖ ਪਹੁੰਚਾਇਆ ਹੈ, ਉਸ ਦੇ ਜ਼ਿੰਮੇਵਾਰ ਤੁਸੀਂ ਖ਼ੁਦ ਨੂੰ ਸਮਝੋ। ਜੇ ਤੁਹਾਡੇ ਜੀਵਨ ਸਾਥੀ ਨੇ ਤੁਹਾਡੇ ਨਾਲ ਬੇਵਫ਼ਾਈ ਕੀਤੀ ਹੈ, ਤਾਂ ਉਸ ’ਤੇ ਚਿਲਾਓ ਨਾ ਅਤੇ ਨਾ ਹੀ ਉਸ ਨੂੰ ਗਾਲ਼ਾਂ ਕੱਢੋ। ਇਸ ਤਰ੍ਹਾਂ ਕਰਨ ਨਾਲ ਤੁਹਾਡੇ ਜੀਵਨ ਸਾਥੀ ਨੂੰ ਤੁਹਾਡੇ ਨਾਲ ਖੁੱਲ੍ਹ ਕੇ ਗੱਲ ਕਰਦੇ ਰਹਿਣ ਦੀ ਹੱਲਾਸ਼ੇਰੀ ਮਿਲੇਗੀ।—ਅਫ਼ਸੀਆਂ 4:32.

2 ਮਿਲ ਕੇ ਕੰਮ ਕਰੋ।

ਬਾਈਬਲ ਦੱਸਦੀ ਹੈ: “ਇੱਕ ਨਾਲੋਂ ਦੋ ਚੰਗੇ ਹਨ।” ਕਿਉਂ? “ਕਿਉਂ ਜੋ ਉਨ੍ਹਾਂ ਦੀ ਮਿਹਨਤ ਦੀ ਚੰਗੀ ਖੱਟੀ ਹੁੰਦੀ ਹੈ। ਕਿਉਂਕਿ ਜੇ ਉਹ ਡਿੱਗ ਪੈਣ ਤਾਂ ਇੱਕ ਜਣਾ ਦੂਜੇ ਨੂੰ ਚੁੱਕੇਗਾ।” (ਉਪਦੇਸ਼ਕ ਦੀ ਪੋਥੀ 4:9, 10) ਇਹ ਗੱਲ ਖ਼ਾਸਕਰ ਉਸ ਵੇਲੇ ਸਹੀ ਢੁਕਦੀ ਹੈ ਜਦੋਂ ਤੁਸੀਂ ਆਪਣੇ ਜੀਵਨ ਸਾਥੀ ਦਾ ਦੁਬਾਰਾ ਭਰੋਸਾ ਜਿੱਤਣ ਦੀ ਕੋਸ਼ਿਸ਼ ਕਰ ਰਹੇ ਹੋ।

ਜੇ ਤੁਸੀਂ ਅਤੇ ਤੁਹਾਡਾ ਜੀਵਨ ਸਾਥੀ ਇਕੱਠੇ ਦੁਬਾਰਾ ਭਰੋਸੇ ਦੇ ਲਾਇਕ ਬਣਨ ਲਈ ਸਖ਼ਤ ਮਿਹਨਤ ਕਰੋ, ਤਾਂ ਤੁਸੀਂ ਸਫ਼ਲ ਹੋਵੋਗੇ। ਪਰ ਤੁਹਾਨੂੰ ਦੋਵਾਂ ਨੂੰ ਆਪਣੇ ਵਿਆਹੁਤਾ ਬੰਧਨ ਨੂੰ ਬਚਾਉਣ ਲਈ ਪੱਕਾ ਇਰਾਦਾ ਕਰਨ ਦੀ ਲੋੜ ਹੈ। ਜੇ ਤੁਸੀਂ ਇਕੱਲੇ ਇਸ ਤਰ੍ਹਾਂ ਕਰਨ ਦੀ ਕੋਸ਼ਿਸ਼ ਕਰੋਗੇ, ਤਾਂ ਸ਼ਾਇਦ ਹੋਰ ਵੀ ਸਮੱਸਿਆਵਾਂ ਖੜ੍ਹੀਆਂ ਹੋ ਜਾਣ। ਤੁਹਾਨੂੰ ਇਕ-ਦੂਜੇ ਨਾਲ ਮਿਲ ਕੇ ਕੰਮ ਕਰਨਾ ਚਾਹੀਦਾ ਹੈ।

ਸਟੀਵ ਤੇ ਜੋਡੀ ਨੇ ਇੱਦਾਂ ਹੀ ਕੀਤਾ। ਜੋਡੀ ਕਹਿੰਦੀ ਹੈ: “ਮੈਂ ਅਤੇ ਸਟੀਵ ਨੇ ਆਪਣੇ ਰਿਸ਼ਤੇ ਨੂੰ ਮਜ਼ਬੂਤ ਕਰਨ ਲਈ ਇਕੱਠਿਆਂ ਨੇ ਮਿਹਨਤ ਕੀਤੀ ਭਾਵੇਂ ਕਿ ਇਸ ਤਰ੍ਹਾਂ ਕਰਨ ਲਈ ਕਾਫ਼ੀ ਸਮਾਂ ਲੱਗਾ। ਮੈਂ ਪੱਕਾ ਇਰਾਦਾ ਕਰ ਲਿਆ ਸੀ ਕਿ ਮੈਂ ਹੁਣ ਕਦੇ ਵੀ ਇਹੋ ਜਿਹਾ ਕੰਮ ਕਰ ਕੇ ਸਟੀਵ ਨੂੰ ਦੁਖੀ ਨਹੀਂ ਕਰਾਂਗੀ। ਭਾਵੇਂ ਕਿ ਸਟੀਵ ਨੂੰ ਮੇਰੀ ਬੇਵਫ਼ਾਈ ਕਰਕੇ ਦੁੱਖ ਲੱਗਾ, ਫਿਰ ਵੀ ਉਸ ਨੇ ਆਪਣੇ ਵਿਆਹੁਤਾ ਰਿਸ਼ਤੇ ਨੂੰ ਨਾ ਤੋੜਨ ਦਾ ਫ਼ੈਸਲਾ ਕੀਤਾ। ਹਰ ਰੋਜ਼ ਮੈਂ ਉਸ ਪ੍ਰਤੀ ਆਪਣੀ ਵਫ਼ਾਦਾਰੀ ਸਾਬਤ ਕਰਨ ਦੇ ਮੌਕੇ ਭਾਲਦੀ ਰਹਿੰਦੀ ਸੀ ਅਤੇ ਉਹ ਵੀ ਮੇਰੇ ਲਈ ਆਪਣੇ ਪਿਆਰ ਦਾ ਇਜ਼ਹਾਰ ਕਰਦਾ ਰਿਹਾ। ਇਸ ਲਈ ਮੈਂ ਹਮੇਸ਼ਾ ਉਸ ਦੀ ਸ਼ੁਕਰਗੁਜ਼ਾਰ ਰਹਾਂਗੀ।”

ਸੁਝਾਅ: ਆਪਣੇ ਜੀਵਨ ਸਾਥੀ ਦੇ ਦੁਬਾਰਾ ਭਰੋਸੇ ਦੇ ਲਾਇਕ ਬਣਨ ਲਈ ਇਕੱਠੇ ਮਿਹਨਤ ਕਰੋ।

3 ਪੁਰਾਣੀਆਂ ਆਦਤਾਂ ਛੱਡ ਕੇ ਨਵੀਆਂ ਅਪਣਾਓ।

ਹਰਾਮਕਾਰੀ ਬਾਰੇ ਲੋਕਾਂ ਨੂੰ ਖ਼ਬਰਦਾਰ ਕਰਨ ਤੋਂ ਬਾਅਦ ਯਿਸੂ ਨੇ ਸਲਾਹ ਦਿੱਤੀ: “ਜੇ ਤੇਰੀ ਸੱਜੀ ਅੱਖ ਤੇਰੇ ਤੋਂ ਪਾਪ ਕਰਵਾ ਰਹੀ ਹੈ, ਤਾਂ ਉਸ ਨੂੰ ਕੱਢ ਕੇ ਆਪਣੇ ਤੋਂ ਦੂਰ ਸੁੱਟ ਦੇ।” (ਮੱਤੀ 5:27-29) ਜੇ ਤੁਸੀਂ ਆਪਣੇ ਜੀਵਨ ਸਾਥੀ ਨਾਲ ਬੇਵਫ਼ਾਈ ਕੀਤੀ ਹੈ, ਤਾਂ ਤੁਹਾਨੂੰ ਆਪਣੇ ਜੀਵਨ ਸਾਥੀ ਦੀ ਖ਼ਾਤਰ ਕਿਹੜੇ ਕੰਮਾਂ ਅਤੇ ਰਵੱਈਏ ਤੋਂ ਦੂਰ ਰਹਿਣਾ ਚਾਹੀਦਾ ਹੈ?

ਤੁਹਾਨੂੰ ਉਸ ਵਿਅਕਤੀ ਨਾਲੋਂ ਪੂਰੀ ਤਰ੍ਹਾਂ ਨਾਤਾ ਤੋੜਨ ਦੀ ਲੋੜ ਹੈ ਜਿਸ ਨਾਲ ਤੁਸੀਂ ਹਰਾਮਕਾਰੀ ਕੀਤੀ ਸੀ। * (ਕਹਾਉਤਾਂ 6:32; 1 ਕੁਰਿੰਥੀਆਂ 15:33) ਪੌਲ, ਜਿਸ ਦਾ ਪਹਿਲਾਂ ਜ਼ਿਕਰ ਕੀਤਾ ਗਿਆ ਸੀ, ਨੇ ਆਪਣੇ ਕੰਮ ਕਰਨ ਦਾ ਸਮਾਂ ਬਦਲ ਲਿਆ ਅਤੇ ਆਪਣੇ ਮੋਬਾਇਲ ਦਾ ਨੰਬਰ ਵੀ ਬਦਲ ਲਿਆ ਤਾਂਕਿ ਦੂਸਰੀ ਔਰਤ ਨਾਲ ਉਸ ਦਾ ਕੋਈ ਲੈਣਾ-ਦੇਣਾ ਨਾ ਰਹੇ। ਫਿਰ ਵੀ ਉਸ ਔਰਤ ਨੇ ਪੌਲ ਦਾ ਖਹਿੜਾ ਨਹੀਂ ਛੱਡਿਆ। ਪਰ ਪੌਲ ਨੇ ਆਪਣੀ ਪਤਨੀ ਦਾ ਭਰੋਸਾ ਜਿੱਤਣ ਦੀ ਠਾਣੀ ਹੋਈ ਸੀ ਜਿਸ ਕਰਕੇ ਉਸ ਨੇ ਉੱਥੋਂ ਆਪਣੀ ਨੌਕਰੀ ਛੱਡ ਦਿੱਤੀ। ਉਸ ਨੇ ਮੋਬਾਇਲ ਵਰਤਣਾ ਵੀ ਛੱਡ ਦਿੱਤਾ ਤੇ ਸਿਰਫ਼ ਆਪਣੀ ਪਤਨੀ ਦਾ ਮੋਬਾਇਲ ਵਰਤਦਾ ਸੀ। ਕੀ ਇਹ ਸਾਰਾ ਕੁਝ ਕਰਨ ਦਾ ਉਸ ਨੂੰ ਕੋਈ ਫ਼ਾਇਦਾ ਹੋਇਆ? ਉਸ ਦੀ ਪਤਨੀ ਡੇਬੀ ਕਹਿੰਦੀ ਹੈ: “ਇਸ ਗੱਲ ਨੂੰ ਛੇ ਸਾਲ ਹੋ ਚੁੱਕੇ ਹਨ ਤੇ ਮੈਂ ਹਾਲੇ ਵੀ ਕਦੇ-ਕਦੇ ਫ਼ਿਕਰ ਕਰਨ ਲੱਗ ਪੈਂਦੀ ਹਾਂ ਕਿ ਉਹ ਔਰਤ ਫਿਰ ਮੇਰੇ ਪਤੀ ਨਾਲ ਗੱਲ ਕਰਨ ਜਾਂ ਮਿਲਣ-ਜੁਲਣ ਦੀ ਕੋਸ਼ਿਸ਼ ਕਰੇਗੀ। ਪਰ ਹੁਣ ਮੈਨੂੰ ਭਰੋਸਾ ਹੈ ਕਿ ਪੌਲ ਉਸ ਦੇ ਜਾਲ਼ ਵਿਚ ਨਹੀਂ ਫਸੇਗਾ।”

ਜੇ ਤੁਸੀਂ ਗ਼ਲਤੀ ਕੀਤੀ ਹੈ, ਤਾਂ ਤੁਹਾਨੂੰ ਵੀ ਆਪਣੇ ਵਿਚ ਤਬਦੀਲੀਆਂ ਕਰਨ ਦੀ ਲੋੜ ਹੈ। ਮਿਸਾਲ ਲਈ, ਤੁਸੀਂ ਸ਼ਾਇਦ ਫਲਰਟ ਕਰਨ ਦਾ ਝੁਕਾਅ ਰੱਖਦੇ ਹੋ ਜਾਂ ਤੁਹਾਡੇ ਤੌਰ-ਤਰੀਕੇ ਤੋਂ ਲੱਗਦਾ ਹੈ ਕਿ ਤੁਸੀਂ ਦੂਜਿਆਂ ਨਾਲ ਰੋਮਾਂਟਿਕ ਰਿਸ਼ਤਾ ਬਣਾਉਣ ਦੇ ਸੁਪਨੇ ਲੈਂਦੇ ਹੋ। ਜੇ ਇਸ ਤਰ੍ਹਾਂ ਹੈ, ਤਾਂ “ਪੁਰਾਣੇ ਸੁਭਾਅ ਅਤੇ ਆਦਤਾਂ ਨੂੰ ਪੁਰਾਣੇ ਕੱਪੜੇ ਵਾਂਗ ਲਾਹ ਕੇ ਸੁੱਟ ਦਿਓ।” ਪੁਰਾਣੀਆਂ ਆਦਤਾਂ ਛੱਡ ਕੇ ਨਵੀਆਂ ਅਪਣਾਓ ਜਿਨ੍ਹਾਂ ਸਦਕਾ ਤੁਹਾਡਾ ਜੀਵਨ ਸਾਥੀ ਤੁਹਾਡੇ ’ਤੇ ਪੱਕਾ ਭਰੋਸਾ ਕਰ ਸਕੇਗਾ। (ਕੁਲੁੱਸੀਆਂ 3:9, 10) ਕੀ ਤੁਹਾਨੂੰ ਆਪਣੀ ਪਰਵਰਿਸ਼ ਕਰਕੇ ਪਿਆਰ ਜ਼ਾਹਰ ਕਰਨਾ ਔਖਾ ਲੱਗਦਾ ਹੈ? ਭਾਵੇਂ ਪਹਿਲਾਂ-ਪਹਿਲਾਂ ਤੁਹਾਨੂੰ ਪਿਆਰ ਜ਼ਾਹਰ ਕਰਨਾ ਅਜੀਬ ਲੱਗੇ, ਫਿਰ ਵੀ ਆਪਣੇ ਜੀਵਨ ਸਾਥੀ ਨੂੰ ਭਰੋਸਾ ਦਿਵਾਓ ਕਿ ਤੁਸੀਂ ਉਸ ਨੂੰ ਪਿਆਰ ਕਰਦੇ ਹੋ। ਸਟੀਵ ਯਾਦ ਕਰਦਾ ਹੈ: “ਜੋਡੀ ਮੇਰਾ ਹੱਥ ਫੜ ਕੇ ਅਕਸਰ ਆਪਣਾ ਪਿਆਰ ਜ਼ਾਹਰ ਕਰਦੀ ਸੀ ਅਤੇ ਉਹ ਕਹਿੰਦੀ ਰਹਿੰਦੀ ਸੀ ‘ਮੈਂ ਤੁਹਾਨੂੰ ਪਿਆਰ ਕਰਦੀ ਹਾਂ।’”

ਕੁਝ ਸਮੇਂ ਲਈ ਚੰਗਾ ਹੋਵੇਗਾ ਕਿ ਤੁਸੀਂ ਆਪਣੇ ਜੀਵਨ ਸਾਥੀ ਨੂੰ ਦੱਸੋ ਕਿ ਤੁਸੀਂ ਦਿਨ ਦੌਰਾਨ ਕੀ-ਕੀ ਕੀਤਾ। ਪਹਿਲਾਂ ਜ਼ਿਕਰ ਕੀਤੀ ਮੀ ਯੰਗ ਕਹਿੰਦੀ ਹੈ: “ਚਲ ਸੂ ਮੈਨੂੰ ਹਰ ਰੋਜ਼ ਦੱਸਦਾ ਹੁੰਦਾ ਸੀ ਕਿ ਉਸ ਨੇ ਦਿਨ ਵਿਚ ਕੀ-ਕੀ ਕੀਤਾ, ਇੱਥੋਂ ਤਕ ਉਹ ਗੱਲਾਂ ਵੀ ਜੋ ਇੰਨੀਆਂ ਜ਼ਰੂਰੀ ਨਹੀਂ ਹੁੰਦੀਆਂ ਸਨ। ਇਸ ਤਰ੍ਹਾਂ ਉਹ ਮੈਨੂੰ ਦਿਖਾਉਂਦਾ ਸੀ ਕਿ ਉਸ ਨੇ ਮੈਥੋਂ ਕੁਝ ਨਹੀਂ ਲੁਕਾਇਆ।”

ਸੁਝਾਅ: ਇਕ-ਦੂਜੇ ਤੋਂ ਪੁੱਛੋ ਕਿ ਤੁਹਾਨੂੰ ਦੋਵਾਂ ਨੂੰ ਭਰੋਸੇ ਦੇ ਲਾਇਕ ਬਣਨ ਲਈ ਕੀ ਕੁਝ ਕਰਨ ਦੀ ਲੋੜ ਹੈ। ਉਨ੍ਹਾਂ ਗੱਲਾਂ ਦੀ ਲਿਸਟ ਬਣਾਓ ਤੇ ਫਿਰ ਉਨ੍ਹਾਂ ਮੁਤਾਬਕ ਚੱਲੋ। ਇਸ ਦੇ ਨਾਲ-ਨਾਲ ਆਪਣੇ ਰੋਜ਼ਮੱਰਾ ਦੇ ਕੰਮਾਂ ਵਿਚ ਅਜਿਹੇ ਕੰਮ ਸ਼ਾਮਲ ਕਰੋ ਜਿਨ੍ਹਾਂ ਨੂੰ ਇਕੱਠੇ ਕਰ ਕੇ ਤੁਹਾਨੂੰ ਮਜ਼ਾ ਆਵੇ।

4 ਬੀਤੇ ਕੱਲ੍ਹ ਨੂੰ ਭੁੱਲ ਜਾਓ।

ਇਹ ਸਿੱਟਾ ਕੱਢਣ ਵਿਚ ਜਲਦਬਾਜ਼ੀ ਨਾ ਕਰੋ ਕਿ ਹੁਣ ਤੁਹਾਡੇ ਰਿਸ਼ਤੇ ਵਿਚ ਸਾਰਾ ਕੁਝ ਐਨ ਪਹਿਲਾਂ ਵਾਂਗ ਠੀਕ ਹੋ ਜਾਵੇਗਾ। ਕਹਾਉਤਾਂ 21:5 (CL) ਚੇਤਾਵਨੀ ਦਿੰਦਾ ਹੈ: “ਛੇਤੀ ਕਰਨ ਵਾਲੇ ਦੇ ਹੱਥ ਕੁਝ ਨਹੀਂ ਆਉਂਦਾ।” ਜੀ ਹਾਂ, ਭਰੋਸੇ ਦੇ ਲਾਇਕ ਬਣਨ ਵਿਚ ਸ਼ਾਇਦ ਕਈ ਸਾਲ ਲੱਗ ਸਕਦੇ ਹਨ।

ਜੇ ਤੁਹਾਡੇ ਸਾਥੀ ਨੇ ਤੁਹਾਡੇ ਨਾਲ ਬੇਵਫ਼ਾਈ ਕੀਤੀ ਹੈ, ਤਾਂ ਤੁਹਾਨੂੰ ਸਮਝਣ ਦੀ ਲੋੜ ਹੈ ਕਿ ਉਸ ਨੂੰ ਮਾਫ਼ ਕਰਨ ਵਿਚ ਤੁਹਾਨੂੰ ਸਮਾਂ ਲੱਗੇਗਾ। ਮੀ ਯੰਗ ਯਾਦ ਕਰਦੀ ਹੈ: “ਮੈਨੂੰ ਪਹਿਲਾਂ ਇਹ ਗੱਲ ਅਜੀਬ ਲੱਗਦੀ ਹੁੰਦੀ ਸੀ ਕਿ ਪਤਨੀ ਆਪਣੇ ਬੇਵਫ਼ਾ ਪਤੀ ਨੂੰ ਮਾਫ਼ ਨਹੀਂ ਕਰ ਸਕਦੀ। ਮੇਰੀ ਸਮਝ ਤੋਂ ਬਾਹਰ ਸੀ ਕਿ ਉਹ ਆਪਣੇ ਪਤੀ ਨਾਲ ਇੰਨੀ ਗੁੱਸੇ ਕਿਵੇਂ ਰਹਿ ਸਕਦੀ ਹੈ। ਪਰ ਜਦੋਂ ਮੇਰੇ ਪਤੀ ਨੇ ਮੇਰੇ ਨਾਲ ਬੇਵਫ਼ਾਈ ਕੀਤੀ, ਤਾਂ ਮੈਂ ਇਹ ਸਭ ਸਮਝ ਸਕੀ ਕਿ ਮਾਫ਼ ਕਰਨਾ ਇੰਨਾ ਔਖਾ ਕਿਉਂ ਹੈ।” ਜੀ ਹਾਂ, ਮਾਫ਼ ਕਰਨ ਅਤੇ ਦੁਬਾਰਾ ਭਰੋਸੇ ਦੇ ਲਾਇਕ ਬਣਨ ਵਿਚ ਸਮਾਂ ਲੱਗੇਗਾ।

ਪਰ ਉਪਦੇਸ਼ਕ ਦੀ ਪੋਥੀ 3:1-3 ਕਹਿੰਦਾ ਹੈ ਕਿ ‘ਇੱਕ ਚੰਗਾ ਕਰਨ ਦਾ ਵੇਲਾ ਹੈ।’ ਪਹਿਲਾਂ-ਪਹਿਲ ਤੁਸੀਂ ਸ਼ਾਇਦ ਸੋਚੋ ਕਿ ਆਪਣੇ ਜੀਵਨ ਸਾਥੀ ਨਾਲ ਆਪਣੇ ਜਜ਼ਬਾਤ ਸਾਂਝੇ ਨਾ ਕਰਨਾ ਹੀ ਠੀਕ ਹੈ। ਪਰ ਇਸ ਤਰ੍ਹਾਂ ਕਰਦੇ ਰਹਿਣ ਨਾਲ ਤੁਹਾਡਾ ਆਪਣੇ ਜੀਵਨ ਸਾਥੀ ਵਿਚ ਦੁਬਾਰਾ ਭਰੋਸਾ ਪੈਦਾ ਨਹੀਂ ਹੋਵੇਗਾ। ਆਪਣੇ ਰਿਸ਼ਤੇ ਨੂੰ ਫਿਰ ਤੋਂ ਚੰਗਾ ਬਣਾਉਣ ਲਈ ਆਪਣੇ ਜੀਵਨ ਸਾਥੀ ਨੂੰ ਮਾਫ਼ ਕਰ ਦਿਓ ਅਤੇ ਉਸ ਨਾਲ ਆਪਣੇ ਜਜ਼ਬਾਤ ਸਾਂਝੇ ਕਰਨ ਦੁਆਰਾ ਦਿਖਾਓ ਕਿ ਤੁਸੀਂ ਉਸ ਨੂੰ ਮਾਫ਼ ਕਰ ਦਿੱਤਾ ਹੈ। ਇਸ ਦੇ ਨਾਲ-ਨਾਲ ਆਪਣੇ ਜੀਵਨ ਸਾਥੀ ਨੂੰ ਵੀ ਆਪਣੀਆਂ ਖ਼ੁਸ਼ੀਆਂ ਅਤੇ ਚਿੰਤਾਵਾਂ ਸਾਂਝੀਆਂ ਕਰਨ ਦੀ ਹੱਲਾਸ਼ੇਰੀ ਦਿਓ।

ਜੋ ਕੁਝ ਹੋਇਆ, ਉਸ ਬਾਰੇ ਸੋਚ-ਸੋਚ ਕੇ ਕੁੜੱਤਣ ਨਾਲ ਨਾ ਭਰ ਜਾਓ, ਸਗੋਂ ਇਸ ਨੂੰ ਆਪਣੇ ਦਿਲ ਵਿੱਚੋਂ ਕੱਢਣ ਦੀ ਕੋਸ਼ਿਸ਼ ਕਰੋ। (ਅਫ਼ਸੀਆਂ 4:32) ਪਰਮੇਸ਼ੁਰ ਦੀ ਮਿਸਾਲ ਉੱਤੇ ਮਨਨ ਕਰਨ ਨਾਲ ਸ਼ਾਇਦ ਤੁਹਾਡੀ ਮਦਦ ਹੋ ਸਕਦੀ ਹੈ। ਉਸ ਨੂੰ ਬਹੁਤ ਦੁੱਖ ਲੱਗਾ ਜਦੋਂ ਪ੍ਰਾਚੀਨ ਇਜ਼ਰਾਈਲ ਵਿਚ ਉਸ ਦੇ ਭਗਤਾਂ ਨੇ ਉਸ ਤੋਂ ਮੂੰਹ ਮੋੜ ਲਿਆ ਸੀ। ਯਹੋਵਾਹ ਪਰਮੇਸ਼ੁਰ ਨੇ ਆਪਣੀ ਤੁਲਨਾ ਅਜਿਹੇ ਵਿਆਹੁਤਾ ਸਾਥੀ ਨਾਲ ਕੀਤੀ ਜਿਸ ਨਾਲ ਬੇਵਫ਼ਾਈ ਹੋਈ ਹੋਵੇ। (ਯਿਰਮਿਯਾਹ 3:8, 9; 9:2) ਪਰ ਉਸ ਨੇ ਉਨ੍ਹਾਂ ਨਾਲ ‘ਸਦਾ ਤੀਕ ਗੁੱਸਾ ਨਾ ਰੱਖਿਆ।’ (ਯਿਰਮਿਯਾਹ 3:12) ਜਦੋਂ ਉਸ ਦੇ ਲੋਕ ਦਿਲੋਂ ਤੋਬਾ ਕਰ ਕੇ ਉਸ ਵੱਲ ਮੁੜੇ, ਤਾਂ ਉਸ ਨੇ ਉਨ੍ਹਾਂ ਨੂੰ ਮਾਫ਼ ਕਰ ਦਿੱਤਾ।

ਅਖ਼ੀਰ ਜਦੋਂ ਆਪਣੇ ਰਿਸ਼ਤੇ ਵਿਚ ਤਬਦੀਲੀਆਂ ਕਰ ਕੇ ਤੁਹਾਨੂੰ ਦੋਹਾਂ ਨੂੰ ਤਸੱਲੀ ਹੋ ਜਾਂਦੀ ਹੈ, ਤਾਂ ਤੁਸੀਂ ਇਕ-ਦੂਜੇ ’ਤੇ ਇਤਬਾਰ ਕਰ ਸਕੋਗੇ। ਫਿਰ ਸਿਰਫ਼ ਆਪਣੇ ਵਿਆਹੁਤਾ ਬੰਧਨ ਨੂੰ ਬਚਾਉਣ ਬਾਰੇ ਸੋਚੀ ਜਾਣ ਦੀ ਬਜਾਇ ਤੁਸੀਂ ਇਕੱਠੇ ਹੋਰ ਟੀਚਿਆਂ ’ਤੇ ਧਿਆਨ ਲਾ ਸਕਦੇ ਹੋ। ਤਾਂ ਵੀ ਸਮੇਂ-ਸਮੇਂ ਤੇ ਦੇਖੋ ਕਿ ਤੁਸੀਂ ਆਪਣੇ ਰਿਸ਼ਤੇ ਨੂੰ ਸੁਧਾਰਨ ਵਿਚ ਕਿੰਨੀ ਕੁ ਤਰੱਕੀ ਕੀਤੀ ਹੈ। ਇਹ ਨਾ ਸੋਚੋ ਕਿ ਹੁਣ ਸਾਰਾ ਕੁਝ ਠੀਕ ਹੋ ਗਿਆ ਹੈ। ਜੇ ਤੁਹਾਡੇ ਕੋਲੋਂ ਛੋਟੀਆਂ-ਮੋਟੀਆਂ ਗ਼ਲਤੀਆਂ ਹੋ ਜਾਣ, ਤਾਂ ਇਨ੍ਹਾਂ ਨਾਲ ਨਿਪਟੋ ਅਤੇ ਇਕ-ਦੂਜੇ ਨੂੰ ਭਰੋਸਾ ਦਿਵਾਉਂਦੇ ਰਹੋ ਕਿ ਤੁਸੀਂ ਇਕ-ਦੂਜੇ ਦਾ ਸਾਥ ਕਦੇ ਨਹੀਂ ਛੱਡੋਗੇ।—ਗਲਾਤੀਆਂ 6:9.

ਸੁਝਾਅ: ਆਪਣੇ ਵਿਆਹੁਤਾ ਜੀਵਨ ਨੂੰ ਪਹਿਲਾਂ ਵਾਂਗ ਬਣਾਉਣ ਦੀ ਬਜਾਇ ਸੋਚੋ ਕਿ ਤੁਸੀਂ ਨਵੇਂ ਸਿਰਿਓਂ ਆਪਣੇ ਵਿਆਹੁਤਾ ਬੰਧਨ ਨੂੰ ਹੋਰ ਮਜ਼ਬੂਤ ਕਿਵੇਂ ਕਰ ਸਕਦੇ ਹੋ।

ਤੁਸੀਂ ਸਫ਼ਲ ਹੋ ਸਕਦੇ ਹੋ

ਜਦੋਂ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਸਫ਼ਲ ਨਹੀਂ ਹੋ ਸਕਦੇ, ਤਾਂ ਉਸ ਵੇਲੇ ਇਹ ਯਾਦ ਰੱਖੋ: ਵਿਆਹ ਦੀ ਸ਼ੁਰੂਆਤ ਪਰਮੇਸ਼ੁਰ ਨੇ ਕੀਤੀ ਸੀ। (ਮੱਤੀ 19:4-6) ਇਸ ਲਈ ਤੁਸੀਂ ਉਸ ਦੀ ਮਦਦ ਨਾਲ ਆਪਣਾ ਵਿਆਹੁਤਾ ਜੀਵਨ ਸਫ਼ਲ ਬਣਾ ਸਕਦੇ ਹੋ। ਉੱਪਰ ਜ਼ਿਕਰ ਕੀਤੇ ਸਾਰੇ ਜੋੜਿਆਂ ਨੇ ਬਾਈਬਲ ਦੀ ਸਲਾਹ ਲਾਗੂ ਕੀਤੀ ਅਤੇ ਆਪਣੇ ਵਿਆਹੁਤਾ ਬੰਧਨ ਨੂੰ ਟੁੱਟਣ ਤੋਂ ਬਚਾਇਆ।

ਸਟੀਵ ਅਤੇ ਜੋਡੀ ਦੇ ਰਿਸ਼ਤੇ ਵਿਚ ਦਰਾੜ ਆਈ ਨੂੰ ਹੁਣ 20 ਤੋਂ ਜ਼ਿਆਦਾ ਸਾਲ ਹੋ ਚੁੱਕੇ ਹਨ। ਸਟੀਵ ਦੱਸਦਾ ਹੈ ਕਿ ਉਹ ਦੋਵੇਂ ਆਪਣੇ ਵਿਆਹ ਨੂੰ ਟੁੱਟਣ ਤੋਂ ਕਿਵੇਂ ਬਚਾ ਸਕੇ: “ਯਹੋਵਾਹ ਦੇ ਗਵਾਹਾਂ ਨਾਲ ਬਾਈਬਲ ਸਟੱਡੀ ਕਰਨ ਤੋਂ ਬਾਅਦ ਹੀ ਅਸੀਂ ਆਪਣੇ ਰਿਸ਼ਤੇ ਨੂੰ ਕਾਫ਼ੀ ਹੱਦ ਤਕ ਸੁਧਾਰ ਸਕੇ ਹਾਂ। ਇਹ ਮਦਦ ਸਾਨੂੰ ਹੋਰ ਕਿਤਿਓਂ ਨਹੀਂ ਮਿਲ ਸਕਦੀ ਸੀ। ਨਤੀਜੇ ਵਜੋਂ, ਅਸੀਂ ਇਕੱਠੇ ਔਖੇ ਸਮਿਆਂ ਵਿੱਚੋਂ ਲੰਘੇ ਹਾਂ।” ਜੋਡੀ ਕਹਿੰਦੀ ਹੈ: “ਮੈਂ ਬਹੁਤ ਖ਼ੁਸ਼ ਹਾਂ ਕਿ ਅਸੀਂ ਉਸ ਔਖੀ ਘੜੀ ਵਿਚ ਆਪਣੇ ਰਿਸ਼ਤੇ ਨੂੰ ਟੁੱਟਣ ਤੋਂ ਬਚਾ ਸਕੇ। ਇਕੱਠੇ ਬਾਈਬਲ ਪੜ੍ਹਨ ਅਤੇ ਸਖ਼ਤ ਮਿਹਨਤ ਕਰਨ ਨਾਲ ਅਸੀਂ ਹੁਣ ਸੁਖੀ ਵਿਆਹੁਤਾ ਜ਼ਿੰਦਗੀ ਦਾ ਆਨੰਦ ਮਾਣ ਰਹੇ ਹਾਂ।” (w12-E 05/01)

^ ਪੈਰਾ 3 ਨਾਂ ਬਦਲੇ ਗਏ ਹਨ।

^ ਪੈਰਾ 17 ਜੇ ਕੁਝ ਸਮੇਂ ਵਾਸਤੇ ਤੁਹਾਡਾ ਉਸ ਨਾਲ ਵਾਹ ਪੈਣਾ ਹੀ ਹੈ (ਜਿਵੇਂ ਕਿ ਕੰਮ ’ਤੇ), ਤਾਂ ਤੁਹਾਨੂੰ ਉਦੋਂ ਹੀ ਗੱਲ ਕਰਨੀ ਚਾਹੀਦੀ ਹੈ ਜਦੋਂ ਕੋਈ ਜ਼ਰੂਰੀ ਕੰਮ ਹੁੰਦਾ ਹੈ। ਉਸ ਵਿਅਕਤੀ ਨਾਲ ਉਦੋਂ ਹੀ ਗੱਲ ਕਰੋ ਜਦੋਂ ਦੂਸਰੇ ਉੱਥੇ ਮੌਜੂਦ ਹੋਣ ਅਤੇ ਇਸ ਬਾਰੇ ਤੁਹਾਡੇ ਜੀਵਨ ਸਾਥੀ ਨੂੰ ਪਤਾ ਹੋਣਾ ਚਾਹੀਦਾ ਹੈ।

ਆਪਣੇ ਆਪ ਨੂੰ ਪੁੱਛੋ . . .

  • ਬੇਵਫ਼ਾਈ ਦੇ ਬਾਵਜੂਦ ਕਿਨ੍ਹਾਂ ਕਾਰਨਾਂ ਕਰ ਕੇ ਮੈਂ ਆਪਣੇ ਵਿਆਹੁਤਾ ਬੰਧਨ ਨੂੰ ਬਚਾਉਣ ਦਾ ਫ਼ੈਸਲਾ ਕੀਤਾ?

  • ਮੈਂ ਆਪਣੇ ਸਾਥੀ ਵਿਚ ਹੁਣ ਕਿਹੜੇ ਚੰਗੇ ਗੁਣ ਦੇਖ ਸਕਦਾ ਹਾਂ?

  • ਵਿਆਹ ਤੋਂ ਪਹਿਲਾਂ ਇਕ-ਦੂਜੇ ਨੂੰ ਜਾਣਨ ਦੌਰਾਨ ਮੈਂ ਕਿਨ੍ਹਾਂ ਛੋਟੇ-ਛੋਟੇ ਤਰੀਕਿਆਂ ਨਾਲ ਆਪਣੇ ਜੀਵਨ ਸਾਥੀ ਲਈ ਪਿਆਰ ਜ਼ਾਹਰ ਕੀਤਾ ਸੀ ਅਤੇ ਮੈਂ ਦੁਬਾਰਾ ਉਹੀ ਕੁਝ ਕਿਵੇਂ ਕਰ ਸਕਦਾ ਹਾਂ?