Skip to content

Skip to table of contents

ਪਰਿਵਾਰ ਵਿਚ ਖ਼ੁਸ਼ੀਆਂ ਲਿਆਓ

ਬੱਚੇ ਵਿਆਹ ʼਤੇ ਅਸਰ ਪਾਉਂਦੇ ਹਨ

ਬੱਚੇ ਵਿਆਹ ʼਤੇ ਅਸਰ ਪਾਉਂਦੇ ਹਨ

ਚਾਰਲਜ਼: a “ਮੈਂ ਅਤੇ ਮੈਰੀ ਕਿੰਨੇ ਖ਼ੁਸ਼ ਸੀ ਜਦੋਂ ਸਾਡੀ ਬੇਟੀ ਦਾ ਜਨਮ ਹੋਇਆ। ਪਰ ਪਹਿਲੇ ਕੁਝ ਮਹੀਨਿਆਂ ਵਿਚ ਮੇਰੀ ਨੀਂਦ ਖ਼ਰਾਬ ਹੋਈ। ਉਸ ਦੇ ਜਨਮ ਤੋਂ ਪਹਿਲਾਂ ਅਸੀਂ ਬਹੁਤ ਗੱਲਾਂ ਕੀਤੀਆਂ ਕਿ ਅਸੀਂ ਉਸ ਦੀ ਪਰਵਰਿਸ਼ ਕਿਵੇਂ ਕਰਾਂਗੇ। ਪਰ ਜਦ ਸਮਾਂ ਆਇਆ, ਤਾਂ ਸਾਰਾ ਕੁਝ ਬਦਲ ਗਿਆ!”

ਮੈਰੀ: “ਬੇਟੀ ਦੇ ਜਨਮ ਤੋਂ ਬਾਅਦ ਮੇਰੀ ਜ਼ਿੰਦਗੀ ਆਪਣੀ ਨਹੀਂ ਰਹੀ। ਮੈਂ ਸਿਰਫ਼ ਇਸ ਬਾਰੇ ਹੀ ਸੋਚਦੀ ਸੀ ਕਿ ਬੇਟੀ ਨੂੰ ਦੁੱਧ ਕਦੋਂ ਦੇਣਾ ਹੈ, ਨਾਪੀ ਕਦੋਂ ਬਦਲਣੀ ਹੈ ਜਾਂ ਉਸ ਨੂੰ ਰੋਣ ਤੋਂ ਚੁੱਪ ਕਿਵੇਂ ਕਰਾਇਆ ਜਾਵੇ। ਇਹ ਮੇਰੀ ਜ਼ਿੰਦਗੀ ਵਿਚ ਵੱਡੀ ਤਬਦੀਲੀ ਸੀ। ਮੇਰੇ ਤੇ ਚਾਰਲਜ਼ ਦੇ ਰਿਸ਼ਤੇ ʼਤੇ ਵੀ ਬਹੁਤ ਅਸਰ ਪਿਆ ਅਤੇ ਇਸ ਨੂੰ ਸੁਧਾਰਨ ਲਈ ਕਾਫ਼ੀ ਮਹੀਨੇ ਲੱਗ ਗਏ।”

ਬਹੁਤ ਲੋਕ ਇਸ ਗੱਲ ਨਾਲ ਸਹਿਮਤ ਹੋਣਗੇ ਕਿ ਬੱਚੇ ਦਾ ਜਨਮ ਖ਼ੁਸ਼ੀ ਦਾ ਮੌਕਾ ਹੁੰਦਾ ਹੈ। ਬਾਈਬਲ ਦੱਸਦੀ ਹੈ ਕਿ ਬੱਚੇ ਰੱਬ ਵੱਲੋਂ “ਇੱਕ ਇਨਾਮ” ਹਨ। (ਜ਼ਬੂਰਾਂ ਦੀ ਪੋਥੀ 127:3) ਚਾਰਲਜ਼ ਅਤੇ ਮੈਰੀ ਵਾਂਗ ਹੋਰ ਮਾਪੇ ਵੀ ਪਹਿਲਾ ਬੱਚਾ ਹੋਣ ʼਤੇ ਹੈਰਾਨ ਹੁੰਦੇ ਹਨ ਕਿ ਬੱਚੇ ਵਿਆਹ ʼਤੇ ਕਿੰਨਾ ਜ਼ਿਆਦਾ ਅਸਰ ਪਾਉਂਦੇ ਹਨ। ਮਿਸਾਲ ਲਈ, ਇਕ ਮਾਂ ਆਪਣੇ ਬੱਚੇ ਦਾ ਬਹੁਤ ਧਿਆਨ ਰੱਖਦੀ ਹੈ ਅਤੇ ਉਹ ਵੀ ਸ਼ਾਇਦ ਹੈਰਾਨ ਹੋਵੇ ਕਿ ਉਸ ਦੀ ਮਮਤਾ ਅਤੇ ਉਸ ਦਾ ਸਰੀਰ ਬੱਚੇ ਦੀ ਹਰ ਲੋੜ ਨੂੰ ਪੂਰਾ ਕਰਨਾ ਚਾਹੁੰਦਾ ਹੈ। ਇਕ ਪਤੀ ਸ਼ਾਇਦ ਇਹ ਦੇਖ ਕੇ ਖ਼ੁਸ਼ ਹੋਵੇ ਕਿ ਉਸ ਦੀ ਪਤਨੀ ਮਾਂ ਬਣ ਕੇ ਬੱਚੇ ਨਾਲ ਬੰਧਨ ਜੋੜ ਰਹੀ ਹੈ, ਪਰ ਹੋ ਸਕਦਾ ਹੈ ਕਿ ਉਸ ਨੂੰ ਇਹ ਵੀ ਲੱਗੇ ਕਿ ਪਤਨੀ ਉਸ ਨੂੰ ਭੁੱਲ ਗਈ ਹੈ।

ਕਈ ਵਾਰ ਪਹਿਲਾ ਬੱਚਾ ਪੈਦਾ ਹੋਣ ਤੇ ਵਿਆਹ ਵਿਚ ਤੇੜਾਂ ਆ ਸਕਦੀਆਂ ਹਨ। ਪਤੀ-ਪਤਨੀ ਦੇ ਰਿਸ਼ਤੇ ਵਿਚ ਜੇ ਕੋਈ ਮੁਸ਼ਕਲਾਂ ਹੋਣ, ਤਾਂ ਇਹ ਮਾਪੇ ਬਣਨ ਨਾਲ ਵਧ ਸਕਦੀਆਂ ਹਨ ਅਤੇ ਉਨ੍ਹਾਂ ʼਤੇ ਬੋਝ ਬਣ ਸਕਦੀਆਂ ਹਨ।

ਨਵੇਂ ਬਣੇ ਮਾਪੇ ਆਪਣੇ ਨਵੇਂ ਹਾਲਾਤਾਂ ਦਾ ਕਿਵੇਂ ਸਾਮ੍ਹਣਾ ਕਰ ਸਕਦੇ ਹਨ ਖ਼ਾਸ ਕਰਕੇ ਪਹਿਲੇ ਕੁਝ ਮਹੀਨਿਆਂ ਵਿਚ ਜਦੋਂ ਬੱਚਾ ਉਨ੍ਹਾਂ ਦਾ ਸਾਰਾ ਧਿਆਨ ਖਿੱਚਦਾ ਹੈ? ਉਹ ਆਪਣੇ ਰਿਸ਼ਤੇ ਨੂੰ ਕਿਵੇਂ ਮਜ਼ਬੂਤ ਬਣਾਈ ਰੱਖ ਸਕਦੇ ਹਨ? ਜੇ ਬੱਚੇ ਪਾਲਣ ਬਾਰੇ ਉਨ੍ਹਾਂ ਦੇ ਵਿਚਾਰ ਨਾ ਮਿਲਣ, ਤਾਂ ਉਹ ਕੀ ਕਰ ਸਕਦੇ ਹਨ? ਆਓ ਆਪਾਂ ਦੇਖੀਏ ਕਿ ਬਾਈਬਲ ਦੇ ਅਸੂਲਾਂ ʼਤੇ ਚੱਲ ਕੇ ਇਨ੍ਹਾਂ ਮੁਸ਼ਕਲਾਂ ਦਾ ਹੱਲ ਕਿਵੇਂ ਕੀਤਾ ਜਾ ਸਕਦਾ ਹੈ।

ਮੁਸ਼ਕਲ ਨੰਬਰ 1: ਸਾਰਾ ਧਿਆਨ ਬੱਚੇ ਵੱਲ ਹੈ।

ਨਵ-ਜੰਮਿਆ ਬੱਚਾ ਆਪਣੀ ਮਾਂ ਦਾ ਸਾਰਾ ਸਮਾਂ ਅਤੇ ਧਿਆਨ ਖਿੱਚਦਾ ਹੈ। ਆਪਣੇ ਬੱਚੇ ਦੀ ਦੇਖ-ਭਾਲ ਕਰ ਕੇ ਸ਼ਾਇਦ ਉਸ ਨੂੰ ਬਹੁਤ ਖ਼ੁਸ਼ੀ ਤੇ ਸੰਤੁਸ਼ਟੀ ਮਿਲੇ। ਪਰ ਪਤੀ ਨੂੰ ਲੱਗ ਸਕਦਾ ਹੈ ਕਿ ਉਸ ਦੀ ਪਤਨੀ ਉਸ ਨੂੰ ਭੁੱਲ ਗਈ ਹੈ। ਬ੍ਰਾਜ਼ੀਲ ਵਿਚ ਰਹਿਣ ਵਾਲਾ ਮਾਨਵੇਲ ਕਹਿੰਦਾ ਹੈ: “ਪਹਿਲਾਂ-ਪਹਿਲਾਂ ਇਹ ਮੇਰੇ ਲਈ ਬਹੁਤ ਔਖਾ ਸੀ ਕਿ ਮੇਰੀ ਪਤਨੀ ਹੁਣ ਮੇਰਾ ਨਹੀਂ, ਬਲਕਿ ਬੱਚੇ ਦਾ ਹੀ ਜ਼ਿਆਦਾ ਖ਼ਿਆਲ ਰੱਖਦੀ ਸੀ। ਪਤੀ-ਪਤਨੀ ਵਜੋਂ ਅਸੀਂ ਬਹੁਤ ਖ਼ੁਸ਼ ਸੀ, ਪਰ ਹੁਣ ਮੇਰੀ ਪਤਨੀ ਬੱਚੇ ਨਾਲ ਸਮਾਂ ਗੁਜ਼ਾਰ ਕੇ ਖ਼ੁਸ਼ ਸੀ।” ਤੁਸੀਂ ਇਸ ਤਰ੍ਹਾਂ ਦੀ ਤਬਦੀਲੀ ਦਾ ਸਾਮ੍ਹਣਾ ਕਿਵੇਂ ਕਰ ਸਕਦੇ ਹੋ?

ਬਾਈਬਲ ਕਹਿੰਦੀ ਹੈ: “ਪ੍ਰੇਮ ਧੀਰਜਵਾਨ ਅਤੇ ਕਿਰਪਾਲੂ ਹੈ।” ਪ੍ਰੇਮ “ਆਪ ਸੁਆਰਥੀ ਨਹੀਂ, ਚਿੜ੍ਹਦਾ ਨਹੀਂ।” (1 ਕੁਰਿੰਥੀਆਂ 13:4, 5) ਜਦੋਂ ਪਰਿਵਾਰ ਵਿਚ ਬੱਚੇ ਦਾ ਜਨਮ ਹੁੰਦਾ ਹੈ, ਤਾਂ ਪਤੀ-ਪਤਨੀ ਇਸ ਸਲਾਹ ਨੂੰ ਕਿਵੇਂ ਲਾਗੂ ਕਰ ਸਕਦੇ ਹਨ?

 

ਪਤੀ ਆਪਣੀ ਪਤਨੀ ਲਈ ਆਪਣਾ ਪਿਆਰ ਜ਼ਾਹਰ ਕਰਦਾ ਹੈ ਜਦੋਂ ਉਹ ਇਹ ਸਮਝਣ ਦੀ ਕੋਸ਼ਿਸ਼ ਕਰਦਾ ਹੈ ਕਿ ਬੱਚੇ ਦਾ ਜਨਮ ਪਤਨੀ ਦੇ ਮਨ ਅਤੇ ਸਰੀਰ ʼਤੇ ਕਿੰਨਾ ਅਸਰ ਪਾਉਂਦਾ ਹੈ। ਮਿਸਾਲ ਲਈ, ਉਹ ਸਮਝੇਗਾ ਕਿ ਪਤਨੀ ਦੇ ਸਰੀਰ ਵਿਚ ਤਬਦੀਲੀਆਂ ਆਉਂਦੀਆਂ ਹਨ ਅਤੇ ਉਸ ਦਾ ਮੂਡ ਅਚਾਨਕ ਬਦਲ ਸਕਦਾ ਹੈ। b ਐਡਮ ਫਰਾਂਸ ਵਿਚ ਰਹਿੰਦਾ ਹੈ ਅਤੇ ਉਸ ਦੀ ਬੇਟੀ 11 ਮਹੀਨਿਆਂ ਦੀ ਹੈ। ਉਹ ਕਹਿੰਦਾ ਹੈ: “ਮੇਰੀ ਪਤਨੀ ਦਾ ਮੂਡ ਇੰਨਾ ਬਦਲ ਜਾਂਦਾ ਹੈ ਕਿ ਕਈ ਵਾਰੀ ਉਸ ਨੂੰ ਸਮਝਣਾ ਔਖਾ ਹੋ ਜਾਂਦਾ ਹੈ। ਪਰ ਮੈਂ ਯਾਦ ਰੱਖਣ ਦੀ ਕੋਸ਼ਿਸ਼ ਕਰਦਾ ਹਾਂ ਕਿ ਉਹ ਮੇਰੇ ਨਾਲ ਗੁੱਸੇ ਨਹੀਂ ਹੈ। ਇਸ ਦੀ ਬਜਾਇ ਉਹ ਸਾਡੇ ਨਵੇਂ ਹਾਲਾਤਾਂ ਕਰਕੇ ਤਣਾਅ ਵਿਚ ਹੈ।”

ਜਦੋਂ ਤੁਸੀਂ ਮਦਦ ਕਰਨ ਦੀ ਕੋਸ਼ਿਸ਼ ਕਰਦੇ ਹੋ, ਤਾਂ ਕੀ ਤੁਹਾਡੀ ਪਤਨੀ ਕਦੇ-ਕਦੇ ਇਸ ਨੂੰ ਗ਼ਲਤ ਪਾਸੇ ਲੈ ਜਾਂਦੀ ਹੈ? ਜੇ ਇਸ ਤਰ੍ਹਾਂ ਹੁੰਦਾ ਹੈ, ਤਾਂ ਇਸ ਦਾ ਬੁਰਾ ਨਾ ਮੰਨੋ। (ਉਪਦੇਸ਼ਕ ਦੀ ਪੋਥੀ 7:9) ਇਸ ਦੀ ਬਜਾਇ ਉਸ ਨਾਲ ਧੀਰਜ ਰੱਖੋ। ਜੇ ਤੁਸੀਂ ਸਿਰਫ਼ ਆਪਣੇ ਬਾਰੇ ਹੀ ਨਹੀਂ, ਸਗੋਂ ਉਸ ਬਾਰੇ ਵੀ ਸੋਚੋ, ਤਾਂ ਤੁਸੀਂ ਛੇਤੀ ਗੁੱਸੇ ਨਹੀਂ ਹੋਵੋਗੇ।​—ਕਹਾਉਤਾਂ 14:29.

ਦੂਜੇ ਪਾਸੇ, ਇਕ ਸਮਝਦਾਰ ਪਤਨੀ ਆਪਣੇ ਪਤੀ ਨੂੰ ਬੱਚੇ ਦੀ ਦੇਖ-ਭਾਲ ਕਰਨ ਵਿਚ ਹੱਥ ਵਟਾਉਣ ਦੀ ਹੱਲਾਸ਼ੇਰੀ ਦੇਵੇਗੀ। ਧੀਰਜ ਨਾਲ ਉਹ ਦਿਖਾਵੇਗੀ ਕਿ ਬੱਚੇ ਦੀ ਨਾਪੀ ਕਿੱਦਾਂ ਬਦਲੀ ਜਾਂਦੀ ਹੈ ਜਾਂ ਬੋਤਲ ਨਾਲ ਬੱਚੇ ਨੂੰ ਦੁੱਧ ਕਿਵੇਂ ਪਿਲਾਉਣਾ ਹੈ। ਪਹਿਲਾਂ-ਪਹਿਲ ਸ਼ਾਇਦ ਪਤੀ ਨੂੰ ਇਹ ਸਭ ਕੁਝ ਕਰਨਾ ਔਖਾ ਲੱਗੇ, ਪਰ ਸਮੇਂ ਦੇ ਬੀਤਣ ਨਾਲ ਉਹ ਸਿੱਖ ਜਾਵੇਗਾ।

ਏਲਨ, ਜੋ 26 ਸਾਲਾਂ ਦੀ ਇਕ ਮਾਂ ਹੈ, ਨੇ ਦੇਖਿਆ ਕਿ ਉਸ ਨੂੰ ਆਪਣੇ ਪਤੀ ਨਾਲ ਪੇਸ਼ ਆਉਣ ਲਈ ਕੁਝ ਬਦਲਾਅ ਕਰਨ ਦੀ ਲੋੜ ਸੀ। ਉਹ ਦੱਸਦੀ ਹੈ: “ਮੈਨੂੰ ਸਮਝਣਾ ਪਿਆ ਕਿ ਸਾਡੀ ਬੇਟੀ ਉੱਤੇ ਸਿਰਫ਼ ਮੇਰਾ ਹੀ ਹੱਕ ਨਹੀਂ। ਮੈਨੂੰ ਸਿੱਖਣਾ ਪਿਆ ਕਿ ਜਦ ਬੱਚੀ ਮੇਰੇ ਪਤੀ ਕੋਲ ਹੁੰਦੀ ਸੀ, ਤਾਂ ਮੈਨੂੰ ਐਵੇਂ ਹੀ ਨਹੀਂ ਬੋਲੀ ਜਾਣਾ ਚਾਹੀਦਾ ਕਿ ਬੱਚੀ ਦੀ ਦੇਖ-ਭਾਲ ਕਿਵੇਂ ਕਰਨੀ ਹੈ।”

ਸੁਝਾਅ: ਪਤਨੀਓ, ਜੇ ਤੁਹਾਡਾ ਪਤੀ ਬੱਚੇ ਦੀ ਦੇਖ-ਭਾਲ ਵਿਚ ਕਿਸੇ ਵੱਖਰੇ ਤਰੀਕੇ ਨਾਲ ਕੋਈ ਕੰਮ ਕਰਦਾ ਹੈ, ਤਾਂ ਉਸ ਵਿਚ ਨੁਕਸ ਨਾ ਕੱਢੋ ਅਤੇ ਨਾ ਹੀ ਦੁਬਾਰਾ ਉਹ ਕੰਮ ਆਪ ਕਰੋ। ਜਦੋਂ ਉਹ ਕੋਈ ਕੰਮ ਸਹੀ ਤਰ੍ਹਾਂ ਕਰਦਾ ਹੈ, ਤਾਂ ਉਸ ਦੀ ਤਾਰੀਫ਼ ਕਰੋ। ਇਸ ਤਰ੍ਹਾਂ ਉਸ ਦਾ ਹੌਸਲਾ ਵਧੇਗਾ ਅਤੇ ਉਹ ਤੁਹਾਡੀ ਮਦਦ ਕਰਨ ਲਈ ਤਿਆਰ ਰਹੇਗਾ। ਪਤੀਓ, ਉਨ੍ਹਾਂ ਕੰਮਾਂ ਤੋਂ ਸਮਾਂ ਕੱਢੋ ਜੋ ਇੰਨੇ ਜ਼ਰੂਰੀ ਨਹੀਂ ਹਨ ਤਾਂਕਿ ਤੁਸੀਂ ਆਪਣੀ ਪਤਨੀ ਦੀ ਮਦਦ ਕਰਨ ਵਿਚ ਜ਼ਿਆਦਾ ਸਮਾਂ ਲਾ ਸਕੋ ਖ਼ਾਸ ਕਰਕੇ ਬੱਚੇ ਦੇ ਜਨਮ ਤੋਂ ਬਾਅਦ।

ਮੁਸ਼ਕਲ ਨੰਬਰ 2: ਤੁਹਾਡਾ ਰਿਸ਼ਤਾ ਕਮਜ਼ੋਰ ਹੋ ਜਾਂਦਾ ਹੈ।

ਨੀਂਦ ਨਾ ਪੂਰੀ ਹੋਣ ਦੇ ਮਾਰੇ ਕਈ ਮਾਪੇ ਥੱਕੇ ਰਹਿੰਦੇ ਹਨ ਅਤੇ ਜੇ ਕੋਈ ਮੁਸ਼ਕਲ ਖੜ੍ਹੀ ਹੋਵੇ, ਤਾਂ ਪਤੀ-ਪਤਨੀ ਦੇ ਰਿਸ਼ਤੇ ਵਿਚ ਦਰਾੜ ਪੈ ਸਕਦੀ ਹੈ। ਦੋ ਬੱਚਿਆਂ ਦੀ ਮਾਂ ਵਿਵੀਅਨ, ਜੋ ਫਰਾਂਸੀਸੀ ਹੈ, ਨੇ ਕਿਹਾ: “ਮੈਂ ਮਾਂ ਬਣਨ ਦਾ ਫ਼ਰਜ਼ ਨਿਭਾਉਣ ਵਿਚ ਇੰਨੀ ਰੁੱਝ ਗਈ ਸੀ ਕਿ ਮੈਂ ਪਤਨੀ ਵਜੋਂ ਆਪਣਾ ਫ਼ਰਜ਼ ਭੁੱਲ ਗਈ।”

ਦੂਜੇ ਪਾਸੇ, ਪਤੀ ਇਹ ਭੁੱਲ ਸਕਦਾ ਹੈ ਕਿ ਗਰਭ-ਅਵਸਥਾ ਨੇ ਪਤਨੀ ਦੇ ਸਰੀਰ ਅਤੇ ਜਜ਼ਬਾਤਾਂ ਉੱਤੇ ਵੱਡਾ ਅਸਰ ਪਾਇਆ ਹੈ। ਜੋ ਸਮਾਂ ਤੁਸੀਂ ਪਹਿਲਾਂ ਆਪਣੇ ਸਾਥੀ ਨਾਲ ਇਕੱਲੇ ਗੁਜ਼ਾਰਦੇ ਸੀ ਹੁਣ ਉਹ ਸਮਾਂ ਬੱਚੇ ਦਾ ਖ਼ਿਆਲ ਰੱਖਣ ਵਿਚ ਲੱਗ ਜਾਂਦਾ ਹੈ। ਪਤੀ-ਪਤਨੀ ਕੀ ਕਰ ਸਕਦੇ ਹਨ ਤਾਂਕਿ ਉਨ੍ਹਾਂ ਦਾ ਪਿਆਰਾ ਨੰਨ੍ਹਾ-ਮੁੰਨਾ ਬੱਚਾ ਉਨ੍ਹਾਂ ਦੇ ਰਿਸ਼ਤੇ ਵਿਚ ਦਰਾੜ ਨਾ ਪਾਵੇ?

ਵਿਆਹ ਦੇ ਬੰਧਨ ਬਾਰੇ ਬਾਈਬਲ ਦੱਸਦੀ ਹੈ: “ਮਰਦ ਆਪਣੇ ਮਾਪੇ ਛੱਡਕੇ ਆਪਣੀ ਤੀਵੀਂ ਨਾਲ ਮਿਲਿਆ ਰਹੇਗਾ ਅਤੇ ਓਹ ਇੱਕ ਸਰੀਰ ਹੋਣਗੇ।” c (ਉਤਪਤ 2:24) ਯਹੋਵਾਹ ਪਰਮੇਸ਼ੁਰ ਦਾ ਮਕਸਦ ਸੀ ਕਿ ਬੱਚੇ ਵੱਡੇ ਹੋ ਕੇ ਮਾਪਿਆਂ ਨੂੰ ਛੱਡ ਕੇ ਆਪਣਾ ਘਰ ਵਸਾਉਣ। ਪਰ ਇਸ ਦੇ ਉਲਟ ਉਹ ਚਾਹੁੰਦਾ ਹੈ ਕਿ ਪਤੀ-ਪਤਨੀ ਜ਼ਿੰਦਗੀ ਭਰ ਇਕ-ਦੂਜੇ ਦਾ ਸਾਥ ਦੇਣ। (ਮੱਤੀ 19:3-9) ਇਸ ਗੱਲ ਨੂੰ ਮਨ ਵਿਚ ਰੱਖਦੇ ਹੋਏ ਪਤੀ-ਪਤਨੀ ਕਿੱਦਾਂ ਫ਼ੈਸਲਾ ਕਰ ਸਕਦੇ ਹਨ ਕਿ ਉਹ ਕਿਸ ਚੀਜ਼ ਨੂੰ ਪਹਿਲ ਦੇਣਗੇ?

 

ਵਿਵੀਅਨ, ਜਿਸ ਦਾ ਪਹਿਲਾਂ ਜ਼ਿਕਰ ਕੀਤਾ ਗਿਆ ਸੀ, ਕਹਿੰਦੀ ਹੈ: “ਮੈਂ ਉਤਪਤ 2:24 ਦੇ ਸ਼ਬਦਾਂ ʼਤੇ ਵਿਚਾਰ ਕੀਤਾ ਤੇ ਇਸ ਨੇ ਮੇਰੀ ਇਹ ਸਮਝਣ ਵਿਚ ਮਦਦ ਕੀਤੀ ਕਿ ਮੈਂ ਆਪਣੇ ਪਤੀ ਨਾਲ “ਇੱਕ ਸਰੀਰ” ਹਾਂ ਨਾ ਕਿ ਆਪਣੇ ਬੱਚੇ ਨਾਲ। ਮੈਨੂੰ ਅਹਿਸਾਸ ਹੋਇਆ ਕਿ ਸਾਨੂੰ ਆਪਣੇ ਰਿਸ਼ਤੇ ਨੂੰ ਮਜ਼ਬੂਤ ਕਰਨ ਦੀ ਲੋੜ ਹੈ।” ਟਰੀਸਾ ਦੋ ਸਾਲਾਂ ਦੀ ਬੱਚੀ ਦੀ ਮਾਂ ਦੱਸਦੀ ਹੈ: “ਜੇ ਮੈਨੂੰ ਲੱਗਦਾ ਹੈ ਕਿ ਸਾਡੇ ਰਿਸ਼ਤੇ ਵਿਚ ਦੂਰੀਆਂ ਪੈ ਰਹੀਆਂ ਹਨ, ਤਾਂ ਮੈਂ ਆਪਣੇ ਪਤੀ ਨਾਲ ਹਰ ਰੋਜ਼ ਸਮਾਂ ਗੁਜ਼ਾਰਨ ਦੀ ਕੋਸ਼ਿਸ਼ ਕਰਦੀ ਹੈ, ਭਾਵੇਂ ਇਹ ਕੁਝ ਹੀ ਮਿੰਟਾਂ ਲਈ ਕਿਉਂ ਨਾ ਹੋਵੇ।”

ਜੇ ਤੁਸੀਂ ਇਕ ਪਤੀ ਹੋ, ਤਾਂ ਤੁਸੀਂ ਆਪਣੇ ਵਿਆਹ ਦੇ ਬੰਧਨ ਨੂੰ ਮਜ਼ਬੂਤ ਰੱਖਣ ਲਈ ਕੀ ਕਰ ਸਕਦੇ ਹੋ? ਆਪਣੀ ਪਤਨੀ ਨੂੰ ਦੱਸੋ ਕਿ ਤੁਸੀਂ ਉਸ ਨੂੰ ਪਿਆਰ ਕਰਦੇ ਹੋ ਅਤੇ ਉਸ ਨੂੰ ਆਪਣੇ ਪਿਆਰ ਦਾ ਸਬੂਤ ਦਿਓ। ਆਪਣੀ ਪਤਨੀ ਨੂੰ ਭਰੋਸਾ ਦਿਵਾਓ ਕਿ ਤੁਹਾਨੂੰ ਉਸ ਦੀ ਲੋੜ ਹੈ। ਸੇਰਾਹ, ਜੋ 30 ਸਾਲਾਂ ਦੀ ਇਕ ਮਾਂ ਹੈ, ਕਹਿੰਦੀ ਹੈ: “ਪਤਨੀ ਨੂੰ ਇਹ ਜਾਣਨ ਦੀ ਲੋੜ ਹੈ ਕਿ ਸਰੀਰ ਵਿਚ ਬਹੁਤ ਸਾਰੀਆਂ ਤਬਦੀਲੀਆਂ ਆਉਣ ਦੇ ਬਾਵਜੂਦ ਵੀ ਉਸ ਦਾ ਪਤੀ ਉਸ ਨੂੰ ਪਿਆਰ ਕਰਦਾ ਹੈ।” ਜਰਮਨੀ ਵਿਚ ਰਹਿਣ ਵਾਲਾ ਐਲਨ ਦੋ ਮੁੰਡਿਆਂ ਦਾ ਪਿਤਾ ਹੈ ਅਤੇ ਉਹ ਪਛਾਣਦਾ ਹੈ ਕਿ ਉਸ ਲਈ ਬਹੁਤ ਜ਼ਰੂਰੀ ਹੈ ਕਿ ਉਹ ਆਪਣੀ ਪਤਨੀ ਦੇ ਜਜ਼ਬਾਤਾਂ ਨੂੰ ਸਮਝੇ। ਉਹ ਦੱਸਦਾ ਹੈ: “ਜਦ ਮੇਰੀ ਪਤਨੀ ਉਦਾਸ ਹੁੰਦੀ ਹੈ, ਤਾਂ ਮੈਂ ਉਸ ਦਾ ਸਹਾਰਾ ਬਣਨ ਦੀ ਕੋਸ਼ਿਸ਼ ਕਰਦਾ ਹਾਂ।”

ਬੱਚੇ ਦਾ ਜਨਮ ਹੋਣ ਤੇ ਪਤੀ-ਪਤਨੀ ਦੇ ਸਰੀਰਕ ਸੰਬੰਧ ਵਿਚ ਤਬਦੀਲੀ ਆਉਂਦੀ ਹੈ। ਸੋ ਪਤੀ-ਪਤਨੀ ਨੂੰ ਇਕ-ਦੂਜੇ ਦੀਆਂ ਲੋੜਾਂ ਬਾਰੇ ਗੱਲ ਕਰਨੀ ਚਾਹੀਦੀ ਹੈ। ਬਾਈਬਲ ਕਹਿੰਦੀ ਹੈ ਕਿ ਇਸ ਮਾਮਲੇ ਵਿਚ “ਦੋਹਾਂ ਧਿਰਾਂ ਦੀ ਸਲਾਹ” ਹੋਣੀ ਚਾਹੀਦੀ ਹੈ। (1 ਕੁਰਿੰਥੀਆਂ 7:1-5) ਹੋ ਸਕਦਾ ਹੈ ਕਿ ਤੁਹਾਡੇ ਪਾਲਣ-ਪੋਸ਼ਣ ਜਾਂ ਸਭਿਆਚਾਰ ਕਰਕੇ ਤੁਸੀਂ ਆਪਣੇ ਸਾਥੀ ਨਾਲ ਇਸ ਬਾਰੇ ਗੱਲ ਕਰਨ ਤੋਂ ਸ਼ਰਮਾਓ। ਪਰ ਜਦ ਤੁਹਾਡੀ ਵਿਆਹੁਤਾ ਜ਼ਿੰਦਗੀ ਵਿਚ ਇਹ ਨਵਾਂ ਮੋੜ ਆਉਂਦਾ ਹੈ, ਤਾਂ ਇਸ ਬਾਰੇ ਗੱਲਬਾਤ ਕਰਨੀ ਜ਼ਰੂਰੀ ਹੈ। ਹਮਦਰਦ ਬਣੋ, ਧੀਰਜ ਰੱਖੋ ਅਤੇ ਦਿਲ ਖੋਲ੍ਹ ਕੇ ਗੱਲ ਕਰੋ। (1 ਕੁਰਿੰਥੀਆਂ 10:24) ਇਸ ਤਰ੍ਹਾਂ ਗ਼ਲਤਫ਼ਹਿਮੀਆਂ ਦੂਰ ਹੋਣਗੀਆਂ ਅਤੇ ਇਕ-ਦੂਜੇ ਲਈ ਤੁਹਾਡਾ ਪਿਆਰ ਵਧੇਗਾ।​—1 ਪਤਰਸ 3:7, 8.

ਪਤੀ-ਪਤਨੀ ਦਾ ਪਿਆਰ ਵਧੇਗਾ ਜੇ ਉਹ ਇਕ-ਦੂਜੇ ਦੀ ਕਦਰ ਕਰਨਗੇ। ਇਕ ਸਮਝਦਾਰ ਪਤੀ ਜਾਣਦਾ ਹੈ ਕਿ ਬੱਚੇ ਦੀ ਦੇਖ-ਭਾਲ ਕਰਨ ਵਿਚ ਮਾਂ ਦਾ ਬਹੁਤ ਕੰਮ ਹੁੰਦਾ ਹੈ। ਵਿਵੀਅਨ ਦੱਸਦੀ ਹੈ: “ਭਾਵੇਂ ਕਿ ਮੇਰਾ ਸਾਰਾ ਦਿਨ ਬੱਚੇ ਦੀ ਦੇਖ-ਭਾਲ ਕਰਨ ਵਿਚ ਲੱਗ ਜਾਂਦਾ ਹੈ, ਫਿਰ ਵੀ ਮੈਨੂੰ ਲੱਗਦਾ ਕਿ ਮੈਂ ਕੁਝ ਨਹੀਂ ਕੀਤਾ!” ਘਰ ਦੇ ਕੰਮਾਂ ਵਿਚ ਬਿਜ਼ੀ ਹੋਣ ਦੇ ਬਾਵਜੂਦ ਵੀ ਇਕ ਸਮਝਦਾਰ ਪਤਨੀ ਆਪਣੇ ਪਤੀ ਦੀ ਮਿਹਨਤ ਦੀ ਕਦਰ ਕਰੇਗੀ।​—ਕਹਾਉਤਾਂ 17:17.

ਸੁਝਾਅ: ਜੇ ਤੁਸੀਂ ਇਕ ਮਾਂ ਹੋ, ਤਾਂ ਕਿਉਂ ਨਾ ਉਦੋਂ ਆਰਾਮ ਕਰੋ ਜਦੋਂ ਤੁਹਾਡਾ ਬੱਚਾ ਸੌਂ ਰਿਹਾ ਹੋਵੇ? ਇਸ ਤਰ੍ਹਾਂ ਕਰਨ ਨਾਲ ਤੁਸੀਂ ਥਕਾਨ ਮਹਿਸੂਸ ਨਹੀਂ ਕਰੋਗੇ ਅਤੇ ਆਪਣੇ ਪਤੀ ਨਾਲ ਜ਼ਿਆਦਾ ਸਮਾਂ ਗੁਜ਼ਾਰ ਸਕੋਗੇ। ਹੋ ਸਕਦਾ ਹੈ ਕਿ ਰਾਤ ਨੂੰ ਜਦੋਂ ਬੱਚੇ ਨੂੰ ਦੁੱਧ ਪਿਲਾਉਣਾ ਪੈਂਦਾ ਹੈ ਜਾਂ ਨਾਪੀ ਬਦਲਣੀ ਪੈਂਦੀ ਹੈ, ਤਾਂ ਪਤੀ ਉੱਠ ਕੇ ਇਹ ਕਰ ਸਕਦਾ ਹੈ ਤਾਂਕਿ ਉਸ ਦੀ ਪਤਨੀ ਆਰਾਮ ਕਰ ਸਕੇ। ਆਪਣੀ ਪਤਨੀ ਲਈ ਆਪਣੇ ਪਿਆਰ ਦਾ ਇਜ਼ਹਾਰ ਕਰੋ। ਮਿਸਾਲ ਲਈ, ਤੁਸੀਂ ਉਸ ਨੂੰ ਪ੍ਰੇਮ-ਪੱਤਰ ਲਿਖ ਸਕਦੇ ਹੋ, ਐੱਸ. ਐੱਮ. ਐੱਸ ਭੇਜ ਸਕਦੇ ਹੋ ਜਾਂ ਫ਼ੋਨ ʼਤੇ ਗੱਲ ਕਰ ਸਕਦੇ ਹੋ। ਇਕੱਲੇ ਗੱਲ ਕਰਨ ਲਈ ਸਮਾਂ ਕੱਢੋ। ਸਿਰਫ਼ ਬੱਚੇ ਬਾਰੇ ਹੀ ਨਾ ਗੱਲ ਕਰੋ, ਬਲਕਿ ਇਕ-ਦੂਜੇ ਬਾਰੇ ਵੀ ਗੱਲ ਕਰੋ। ਜੇ ਤੁਸੀਂ ਆਪਣੇ ਸਾਥੀ ਨਾਲ ਆਪਣਾ ਰਿਸ਼ਤਾ ਮਜ਼ਬੂਤ ਰੱਖੋਗੇ, ਤਾਂ ਤੁਸੀਂ ਮਾਪੇ ਬਣਨ ਦੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰ ਸਕੋਗੇ।

ਮੁਸ਼ਕਲ ਨੰਬਰ 3: ਬੱਚੇ ਦੇ ਪਾਲਣ-ਪੋਸ਼ਣ ਬਾਰੇ ਵੱਖੋ-ਵੱਖਰੇ ਵਿਚਾਰ।

ਪਤੀ-ਪਤਨੀ ਦੇ ਪਿਛੋਕੜ ਵੱਖਰੇ ਹੋਣ ਕਰਕੇ ਸ਼ਾਇਦ ਉਨ੍ਹਾਂ ਦੇ ਵਿਚਾਰ ਨਾ ਮਿਲਣ। ਜਪਾਨ ਤੋਂ ਅਸਾਮੀ ਨਾਂ ਦੀ ਮਾਂ ਅਤੇ ਉਸ ਦਾ ਪਤੀ ਕਾਟਸੂਰੋ ਨੇ ਇਸ ਮੁਸ਼ਕਲ ਦਾ ਸਾਮ੍ਹਣਾ ਕੀਤਾ। ਅਸਾਮੀ ਦੱਸਦੀ ਹੈ: “ਮੇਰੇ ਖ਼ਿਆਲ ਵਿਚ ਕਾਟਸੂਰੋ ਸਾਡੀ ਬੱਚੀ ਨੂੰ ਲਾਡ-ਪਿਆਰ ਨਾਲ ਵਿਗਾੜ ਰਿਹਾ ਸੀ, ਪਰ ਉਸ ਨੂੰ ਲੱਗਦਾ ਸੀ ਕਿ ਮੈਂ ਆਪਣੀ ਬੇਟੀ ਨਾਲ ਜ਼ਿਆਦਾ ਸਖ਼ਤੀ ਕਰਦੀ ਸੀ।” ਤੁਸੀਂ ਵੱਖੋ-ਵੱਖਰੇ ਵਿਚਾਰ ਰੱਖਣ ਦੀ ਬਜਾਇ ਇਕ-ਦੂਜੇ ਨਾਲ ਮਿਲ ਕੇ ਕੰਮ ਕਿੱਦਾਂ ਕਰ ਸਕਦੇ ਹੋ?

ਬੁੱਧੀਮਾਨ ਰਾਜਾ ਸੁਲੇਮਾਨ ਨੇ ਲਿਖਿਆ: “ਹੰਕਾਰ ਨਾਲ ਝਗੜੇ ਹੀ ਝਗੜੇ ਹੁੰਦੇ ਹਨ, ਪਰ ਜਿਹੜੇ ਸਲਾਹ ਨੂੰ ਮੰਨਦੇ ਹਨ ਓਹਨਾਂ ਨਾਲ ਬੁੱਧ ਹੈ।” (ਕਹਾਉਤਾਂ 13:10) ਤੁਸੀਂ ਇਸ ਬਾਰੇ ਕਿੰਨਾ ਕੁ ਜਾਣਦੇ ਹੋ ਕਿ ਬੱਚੇ ਪਾਲਣ ਬਾਰੇ ਤੁਹਾਡਾ ਸਾਥੀ ਕੀ ਸੋਚਦਾ ਹੈ? ਜੇ ਤੁਸੀਂ ਆਪਣੇ ਬੱਚੇ ਦੇ ਜਨਮ ਤੋਂ ਬਾਅਦ ਇਸ ਬਾਰੇ ਗੱਲ ਕਰੋਗੇ, ਤਾਂ ਬੱਚੇ ਦੀ ਪਰਵਰਿਸ਼ ਚੰਗੀ ਤਰ੍ਹਾਂ ਕਰਨ ਦੀ ਬਜਾਇ ਤੁਹਾਡੇ ਵਿਚ ਲੜਾਈ-ਝਗੜਾ ਖੜ੍ਹਾ ਹੋਵੇਗਾ।

 

ਮਿਸਾਲ ਲਈ, ਤੁਸੀਂ ਇਨ੍ਹਾਂ ਗੱਲਾਂ ਬਾਰੇ ਕਿਹੜੇ ਫ਼ੈਸਲੇ ਕੀਤੇ ਹਨ: “ਅਸੀਂ ਆਪਣੇ ਬੱਚੇ ਨੂੰ ਖਾਣ-ਪੀਣ ਦੀਆਂ ਚੰਗੀਆਂ ਆਦਤਾਂ ਕਿਵੇਂ ਸਿਖਾ ਸਕਦੇ ਹਾਂ? ਸੌਣ ਬਾਰੇ ਕੀ, ਕੀ ਅਸੀਂ ਬੱਚੇ ਨੂੰ ਆਪਣੇ ਨਾਲ ਪਾਵਾਂਗੇ ਜਾਂ ਅਲੱਗ? ਜੇ ਰਾਤ ਨੂੰ ਬੱਚਾ ਰੋਵੇ, ਤਾਂ ਕੀ ਅਸੀਂ ਉਸ ਨੂੰ ਹਮੇਸ਼ਾ ਚੁੱਕਾਂਗੇ? ਅਸੀਂ ਪੌਟੀ ਕਰਨੀ ਕਿਵੇਂ ਸਿਖਾਵਾਂਗੇ?” ਇਹ ਜ਼ਰੂਰੀ ਨਹੀਂ ਕਿ ਤੁਹਾਡੇ ਫ਼ੈਸਲੇ ਦੂਸਰੇ ਮਾਪਿਆਂ ਨਾਲ ਮਿਲਦੇ-ਜੁਲਦੇ ਹੋਣ। ਈਥਨ, ਜੋ ਦੋ ਬੱਚਿਆਂ ਦਾ ਪਿਤਾ ਹੈ, ਕਹਿੰਦਾ ਹੈ: “ਇਕ-ਦੂਜੇ ਨਾਲ ਸਹਿਮਤ ਹੋਣ ਲਈ ਗੱਲਬਾਤ ਕਰਨੀ ਜ਼ਰੂਰੀ ਹੈ। ਫਿਰ ਤੁਸੀਂ ਮਿਲ ਕੇ ਆਪਣੇ ਬੱਚੇ ਦੀ ਸਹੀ ਪਰਵਰਿਸ਼ ਕਰ ਸਕੋਗੇ।”

ਸੁਝਾਅ: ਇਸ ਬਾਰੇ ਸੋਚੋ ਕਿ ਤੁਹਾਡੇ ਮਾਪਿਆਂ ਨੇ ਤੁਹਾਡੀ ਪਰਵਰਿਸ਼ ਕਿਵੇਂ ਕੀਤੀ ਸੀ। ਤੈਅ ਕਰੋ ਕਿ ਤੁਸੀਂ ਆਪਣੇ ਬੱਚੇ ਦਾ ਪਾਲਣ-ਪੋਸ਼ਣ ਕਰਨ ਲਈ ਉਨ੍ਹਾਂ ਵਾਂਗ ਕੀ ਕਰੋਗੇ ਅਤੇ ਕੀ ਨਹੀਂ। ਇਸ ਬਾਰੇ ਆਪਣੇ ਸਾਥੀ ਨਾਲ ਗੱਲ ਕਰੋ।

ਬੱਚੇ ਵਿਆਹ ʼਤੇ ਚੰਗਾ ਅਸਰ ਪਾ ਸਕਦੇ ਹਨ

ਸਾਈਕਲ ਚਲਾਉਣਾ ਸਿੱਖਣ ਲਈ ਸਮਾਂ ਲੱਗਦਾ ਹੈ ਅਤੇ ਤੁਹਾਨੂੰ ਧੀਰਜ ਰੱਖਣਾ ਪੈਂਦਾ ਹੈ। ਇਸੇ ਤਰ੍ਹਾਂ ਮਾਪਿਆਂ ਵਜੋਂ ਨਵੀਆਂ ਜ਼ਿੰਮੇਵਾਰੀਆਂ ਸਿੱਖਣ ਲਈ ਸਮਾਂ ਲੱਗੇਗਾ, ਪਰ ਹੌਲੀ-ਹੌਲੀ ਤੁਸੀਂ ਸਿੱਖ ਜਾਵੋਗੇ।

ਜਦ ਵਿਆਹ ਤੋਂ ਬਾਅਦ ਬੱਚੇ ਪੈਦਾ ਹੁੰਦੇ ਹਨ, ਤਾਂ ਸ਼ਾਇਦ ਅਜਿਹੀਆਂ ਮੁਸ਼ਕਲਾਂ ਆਉਣ ਜੋ ਤੁਹਾਡੇ ਰਿਸ਼ਤੇ ਨੂੰ ਪਰਖਣਗੀਆਂ। ਪਤੀ-ਪਤਨੀ ਵਜੋਂ ਤੁਹਾਡਾ ਰਿਸ਼ਤਾ ਹਮੇਸ਼ਾ ਲਈ ਬਦਲ ਜਾਵੇਗਾ। ਪਰ ਇਸ ਨਾਲ ਤੁਹਾਨੂੰ ਚੰਗੇ ਗੁਣ ਪੈਦਾ ਕਰਨ ਦਾ ਵੀ ਮੌਕਾ ਮਿਲੇਗਾ। ਜੇ ਤੁਸੀਂ ਬਾਈਬਲ ਦੀ ਸਲਾਹ ਲਾਗੂ ਕਰੋਗੇ, ਤਾਂ ਸ਼ਾਇਦ ਤੁਸੀਂ ਕੈੱਨਥ ਨਾਂ ਦੇ ਪਿਤਾ ਵਾਂਗ ਮਹਿਸੂਸ ਕਰੋ। ਉਹ ਦੱਸਦਾ ਹੈ: “ਬੱਚੇ ਪਾਲਣ ਨਾਲ ਮੇਰੇ ਅਤੇ ਮੇਰੀ ਪਤਨੀ ਉੱਤੇ ਚੰਗਾ ਅਸਰ ਪਿਆ ਹੈ। ਅਸੀਂ ਪਹਿਲਾਂ ਨਾਲੋਂ ਘੱਟ ਖ਼ੁਦਗਰਜ਼ ਬਣੇ ਹਾਂ ਅਤੇ ਸਾਡੇ ਵਿਚ ਪਿਆਰ ਅਤੇ ਸਮਝ ਵਧੀ ਹੈ।” ਅਜਿਹੀਆਂ ਤਬਦੀਲੀਆਂ ਕਿਸੇ ਵੀ ਵਿਆਹ ਲਈ ਬਰਕਤ ਸਾਬਤ ਹੋਣਗੀਆਂ। (w11-E 05/01)

a ਇਸ ਲੇਖ ਵਿਚ ਨਾਂ ਬਦਲੇ ਗਏ ਹਨ।

b ਕਈ ਔਰਤਾਂ ਨੂੰ ਬੱਚਾ ਪੈਦਾ ਕਰਨ ਤੋਂ ਬਾਅਦ ਕੁਝ ਹਫ਼ਤਿਆਂ ਲਈ ਥੋੜ੍ਹਾ-ਬਹੁਤਾ ਡਿਪਰੈਸ਼ਨ ਹੋ ਜਾਂਦਾ ਹੈ। ਪਰ ਕਈਆਂ ਨੂੰ ਪੋਸਟਨੇਟਲ ਡਿਪਰੈਸ਼ਨ ਹੋ ਜਾਂਦਾ ਹੈ ਜੋ ਜ਼ਿਆਦਾ ਗੰਭੀਰ ਹੁੰਦਾ ਹੈ।

c ਇਕ ਕਿਤਾਬ ਸਮਝਾਉਂਦੀ ਹੈ ਕਿ ਉਤਪਤ 2:24 ਵਿਚ ਜਿਸ ਇਬਰਾਨੀ ਕ੍ਰਿਆ ਦਾ ਅਨੁਵਾਦ “ਮਿਲਿਆ ਰਹੇਗਾ” ਕੀਤਾ ਗਿਆ ਹੈ ‘ਉਸ ਦਾ ਮਤਲਬ ਹੈ ਪਿਆਰ ਤੇ ਵਫ਼ਾਦਾਰੀ ਨਾਲ ਕਿਸੇ ਦਾ ਸਾਥ ਦੇਣਾ।’

ਆਪਣੇ ਆਪ ਨੂੰ ਪੁੱਛੋ . . .

  • ਇਸ ਹਫ਼ਤੇ ਦੌਰਾਨ ਮੈਂ ਇਹ ਦਿਖਾਉਣ ਲਈ ਕੀ ਕੀਤਾ ਹੈ ਕਿ ਮੈਂ ਆਪਣੇ ਸਾਥੀ ਦੀ ਕਦਰ ਕਰਦਾ ਜਾਂ ਕਰਦੀ ਹਾਂ?

  • ਮੈਂ ਆਪਣੇ ਸਾਥੀ ਨਾਲ ਬੱਚਿਆਂ ਬਾਰੇ ਗੱਲ ਕਰਨ ਤੋਂ ਇਲਾਵਾ ਆਪਣੇ ਦਿਲ ਦੀ ਗੱਲ ਕਦੋਂ ਕੀਤੀ ਸੀ?