Skip to content

Skip to table of contents

ਪਰਿਵਾਰ ਵਿਚ ਖ਼ੁਸ਼ੀਆਂ ਲਿਆਓ

ਸਮੱਸਿਆਵਾਂ ਨਾਲ ਕਿਵੇਂ ਨਜਿੱਠੀਏ?

ਸਮੱਸਿਆਵਾਂ ਨਾਲ ਕਿਵੇਂ ਨਜਿੱਠੀਏ?

ਪਤੀ: “ਕੁੜੀਆਂ ਕਿੱਥੇ ਆ?”

ਪਤਨੀ: “ਬਾਜ਼ਾਰ ਨਵੀਆਂ ਡ੍ਰੈਸਾਂ ਖ਼ਰੀਦਣ ਗਈਆਂ।”

ਪਤੀ: [ਚਿੜ ਕੇ ਉੱਚੀ ਆਵਾਜ਼ ਵਿਚ] “ਕੀ ਮਤਲਬ, ਨਵੀਆਂ ਡ੍ਰੈਸਾਂ ਖ਼ਰੀਦਣ ਗਈਆਂ? ਅਜੇ ਪਿਛਲੇ ਮਹੀਨੇ ਹੀ ਤਾਂ ਉਨ੍ਹਾਂ ਨੇ ਖ਼ਰੀਦੀਆਂ ਸਨ!”

ਪਤਨੀ: [ਪਤੀ ਦੀ ਨੁਕਤਾਚੀਨੀ ਤੋਂ ਖਿਝ ਕੇ ਆਪਣੀ ਸਫ਼ਾਈ ਵਿਚ] “ਪਰ ਸੇਲ ਲੱਗੀ ਹੋਈ ਆ। ਨਾਲੇ ਮੈਨੂੰ ਪੁੱਛ ਕੇ ਹੀ ਤਾਂ ਸ਼ਾਪਿੰਗ ਕਰਨ ਗਈਆਂ।”

ਪਤੀ: [ਗੁੱਸੇ ਵਿਚ ਚਿਲਾਉਂਦਾ ਹੋਇਆ] “ਤੈਨੂੰ ਪਤਾ ਆ ਕਿ ਮੈਨੂੰ ਉਨ੍ਹਾਂ ਦੀ ਫ਼ਜ਼ੂਲਖ਼ਰਚੀ ਬਿਲਕੁਲ ਪਸੰਦ ਨਹੀਂ! ਉਨ੍ਹਾਂ ਨੂੰ ਹਾਂ ਕਹਿਣ ਤੋਂ ਪਹਿਲਾਂ ਮੈਨੂੰ ਪੁੱਛ ਤਾਂ ਲੈਂਦੀ!”

ਇਸ ਜੋੜੇ ਨੂੰ ਕੀ ਸਮੱਸਿਆ ਹੈ? ਧਿਆਨ ਦਿਓ ਕਿ ਪਤੀ ਲਈ ਆਪਣੇ ਗੁੱਸੇ ’ਤੇ ਕਾਬੂ ਰੱਖਣਾ ਮੁਸ਼ਕਲ ਹੈ। ਇਸ ਤੋਂ ਇਲਾਵਾ, ਪਤੀ-ਪਤਨੀ ਦੋਵੇਂ ਆਪਸ ਵਿਚ ਸਹਿਮਤ ਨਹੀਂ ਹਨ ਕਿ ਬੱਚਿਆਂ ਨੂੰ ਕਿੰਨੀ ਕੁ ਆਜ਼ਾਦੀ ਦੇਣੀ ਚਾਹੀਦੀ ਹੈ। ਇਕ ਹੋਰ ਗੱਲ ਹੈ ਕਿ ਉਹ ਬਾਕਾਇਦਾ ਆਪਸ ਵਿਚ ਗੱਲ ਵੀ ਨਹੀਂ ਕਰਦੇ।

ਵਿਆਹ ਫੁੱਲਾਂ ਦੀ ਸੇਜ ਨਹੀਂ ਹੈ। ਹਰ ਜੋੜੇ ਨੂੰ ਕਿਸੇ-ਨ-ਕਿਸੇ ਸਮੱਸਿਆ ਦਾ ਸਾਮ੍ਹਣਾ ਕਰਨਾ ਪੈਂਦਾ ਹੈ। ਸਮੱਸਿਆ ਭਾਵੇਂ ਨਿੱਕੀ ਹੋਵੇ ਜਾਂ ਵੱਡੀ, ਪਰ ਪਤੀ-ਪਤਨੀ ਨੂੰ ਉਸ ਨੂੰ ਹੱਲ ਕਰਨਾ ਆਉਣਾ ਚਾਹੀਦਾ ਹੈ। ਕਿਉਂ?

ਸਮੇਂ ਦੇ ਬੀਤਣ ਨਾਲ, ਜਿਹੜੇ ਮਸਲੇ ਸੁਲਝਾਏ ਨਹੀਂ ਜਾਂਦੇ, ਉਹ ਪਤੀ-ਪਤਨੀ ਵਿਚਕਾਰ ਦੀਵਾਰ ਵਾਂਗ ਖੜ੍ਹੇ ਹੋ ਸਕਦੇ ਹਨ। ਬੁੱਧੀਮਾਨ ਰਾਜਾ ਸੁਲੇਮਾਨ ਨੇ ਕਿਹਾ ਸੀ ਕਿ “ਝਗੜੇ ਕਿਲ੍ਹੇ ਦੇ ਹੋੜੇ ਵਰਗੇ ਹੁੰਦੇ ਹਨ।” (ਕਹਾਉਤਾਂ 18:19) ਤੁਸੀਂ ਮਸਲਿਆਂ ਨਾਲ ਨਜਿੱਠਦੇ ਸਮੇਂ ਕਿੱਦਾਂ ਨਿਸ਼ਚਿਤ ਕਰ ਸਕਦੇ ਹੋ ਕਿ ਤੁਹਾਡੇ ਵਿਚ ਦੂਰੀਆਂ ਨਾ ਪੈਣ?

ਜਿਵੇਂ ਲਹੂ ਦੇ ਸਹੀ ਸੰਚਾਰ ਲਈ ਦਿਲ ਅਤੇ ਫੇਫੜੇ ਜ਼ਰੂਰੀ ਹਨ, ਉਸੇ ਤਰ੍ਹਾਂ ਆਪਸ ਵਿਚ ਗੱਲਬਾਤ ਦਾ ਸਿਲਸਿਲਾ ਜਾਰੀ ਰੱਖਣ ਲਈ ਪਤੀ-ਪਤਨੀ ਲਈ ਇਕ ਦੂਜੇ ਵਾਸਤੇ ਪਿਆਰ ਅਤੇ ਇੱਜ਼ਤ ਹੋਣੀ ਜ਼ਰੂਰੀ ਹੈ। (ਅਫ਼ਸੀਆਂ 5:33) ਪਿਆਰ ਨਾਲ ਮਸਲੇ ਸੁਲਝਾਉਣ ਵੇਲੇ ਪਤੀ-ਪਤਨੀ ਇਕ ਦੂਜੇ ਦੀਆਂ ਪੁਰਾਣੀਆਂ ਗ਼ਲਤੀਆਂ ਅਤੇ ਇਨ੍ਹਾਂ ਗ਼ਲਤੀਆਂ ਕਰਕੇ ਹੋਣ ਵਾਲੇ ਦੁੱਖ ਨੂੰ ਚੇਤੇ ਨਹੀਂ ਕਰਨਗੇ। ਉਹ ਮੌਜੂਦਾ ਮਸਲੇ ਨੂੰ ਹੱਲ ਕਰਨ ਵੱਲ ਪੂਰਾ ਧਿਆਨ ਦੇਣਗੇ। (1 ਕੁਰਿੰਥੀਆਂ 13:4, 5; 1 ਪਤਰਸ 4:8) ਜਿਹੜੇ ਪਤੀ-ਪਤਨੀ ਇਕ ਦੂਸਰੇ ਦੀ ਇੱਜ਼ਤ ਕਰਦੇ ਹਨ, ਉਹ ਆਪਣੇ ਸਾਥੀ ਨੂੰ ਖੁੱਲ੍ਹ ਕੇ ਗੱਲ ਕਰਨ ਦੇਣਗੇ ਅਤੇ ਉਸ ਦੀਆਂ ਗੱਲਾਂ ਨੂੰ ਸੁਣਨ ਤੇ ਸਮਝਣ ਦੀ ਕੋਸ਼ਿਸ਼ ਕਰਨਗੇ।

ਸਮੱਸਿਆਵਾਂ ਨਾਲ ਨਜਿੱਠਣ ਦੇ ਚਾਰ ਸੁਝਾਅ

ਹੇਠਾਂ ਦਿੱਤੇ ਗਏ ਚਾਰ ਸੁਝਾਵਾਂ ਉੱਤੇ ਗੌਰ ਕਰਦਿਆਂ ਧਿਆਨ ਦਿਓ ਕਿ ਬਾਈਬਲ ਦੇ ਅਸੂਲ ਵਰਤ ਕੇ ਤੁਸੀਂ ਕਿਵੇਂ ਪਿਆਰ ਤੇ ਇੱਜ਼ਤ ਨਾਲ ਸਮੱਸਿਆਵਾਂ ਨਾਲ ਨਜਿੱਠ ਸਕਦੇ ਹੋ।

1. ਸਮੱਸਿਆ ਬਾਰੇ ਚਰਚਾ ਕਰਨ ਲਈ ਸਮਾਂ ਮਿੱਥੋ।

“ਹਰੇਕ ਕੰਮ ਦਾ ਇੱਕ ਸਮਾ ਹੈ, . . . ਇੱਕ ਚੁੱਪ ਕਰਨ ਦਾ ਵੇਲਾ ਹੈ ਅਤੇ ਇੱਕ ਬੋਲਣ ਦਾ ਵੇਲਾ ਹੈ।” (ਉਪਦੇਸ਼ਕ ਦੀ ਪੋਥੀ 3:1, 7) ਜਿਵੇਂ ਲੇਖ ਦੇ ਸ਼ੁਰੂ ਵਿਚ ਜ਼ਿਕਰ ਕੀਤੇ ਗਏ ਝਗੜੇ ਵਿਚ ਦਰਸਾਇਆ ਗਿਆ ਹੈ, ਕੁਝ ਮਸਲੇ ਅਜਿਹੇ ਹੁੰਦੇ ਹਨ ਜਿਨ੍ਹਾਂ ਬਾਰੇ ਗੱਲ ਕਰਦਿਆਂ ਹੀ ਸਾਡਾ ਪਾਰਾ ਚੜ੍ਹ ਜਾਂਦਾ ਹੈ। ਜੇ ਇਵੇਂ ਹੋਵੇ, ਤਾਂ ਅੱਗ ਭਬੂਕਾ ਹੋਣ ਤੋਂ ਪਹਿਲਾਂ ਆਪਣੇ ਉੱਤੇ ਕਾਬੂ ਰੱਖ ਕੇ ਚੁੱਪ ਰਹੋ। ਬਾਈਬਲ ਦੀ ਇਸ ਸਲਾਹ ’ਤੇ ਚੱਲ ਕੇ ਤੁਸੀਂ ਆਪਣੇ ਰਿਸ਼ਤੇ ਨੂੰ ਟੁੱਟਣ ਤੋਂ ਬਚਾ ਸਕਦੇ ਹੋ: “ਝਗੜੇ ਦਾ ਆਰੰਭ ਪਾਣੀ ਦੇ ਬੰਦ ਵਿਚ ਪਹਿਲੀ ਤਰੇੜ ਬਰਾਬਰ ਹੈ, ਇਸ ਲਈ ਝਗੜਾ ਸ਼ੁਰੂ ਵਿਚ ਹੀ ਖ਼ਤਮ ਕਰਨਾ ਚੰਗਾ ਹੈ।”—ਕਹਾਉਤਾਂ 17:14, CL.

ਪਰ ‘ਇੱਕ ਬੋਲਣ ਦਾ ਵੇਲਾ ਵੀ ਹੈ।’ ਜਿਵੇਂ ਜੰਗਲੀ ਝਾੜੀਆਂ ਵਧਦੀਆਂ ਰਹਿੰਦੀਆਂ ਹਨ, ਇਸੇ ਤਰ੍ਹਾਂ ਹੱਲ ਨਾ ਕੀਤੇ ਜਾਣ ਤੇ ਮਸਲੇ ਵੀ ਵਧ ਜਾਂਦੇ ਹਨ। ਉਨ੍ਹਾਂ ਨੂੰ ਨਜ਼ਰਅੰਦਾਜ਼ ਕਰਨ ਨਾਲ ਉਹ ਖ਼ਤਮ ਨਹੀਂ ਹੋ ਜਾਣਗੇ। ਜੇ ਚਰਚਾ ਕਰਦਿਆਂ ਤੁਹਾਡੀ ਆਪਸ ਵਿਚ ਬਹਿਸ ਸ਼ੁਰੂ ਹੋ ਜਾਂਦੀ ਹੈ, ਤਾਂ ਤੁਸੀਂ ਗੱਲ ਉੱਥੇ ਹੀ ਰੋਕ ਕੇ ਮਸਲੇ ਦਾ ਹੱਲ ਲੱਭਣ ਲਈ ਕੋਈ ਹੋਰ ਸਮਾਂ ਮਿੱਥੋ। ਇੱਦਾਂ ਤੁਸੀਂ ਆਪਣੇ ਸਾਥੀ ਨੂੰ ਇੱਜ਼ਤ ਬਖ਼ਸ਼ਦੇ ਹੋ। ਨਾਲੇ ਤੁਸੀਂ ਦੋਵੇਂ ਬਾਈਬਲ ਦੀ ਇਸ ਸਲਾਹ ਉੱਤੇ ਚੱਲ ਸਕੋਗੇ: “ਸੂਰਜ ਡੁਬਣ ਤੋਂ ਪਹਿਲਾਂ ਆਪਣਾ ਗੁਸਾ ਖ਼ਤਮ ਕਰ ਦਿਉ।” (ਅਫ਼ਸੀਆਂ 4:26, CL) ਪਰ ਮਿੱਥੇ ਸਮੇਂ ਤੇ ਗੱਲ ਜ਼ਰੂਰ ਕਰੋ।

ਸੁਝਾਅ: ਪਰਿਵਾਰਕ ਉਲਝਣਾਂ ਬਾਰੇ ਚਰਚਾ ਕਰਨ ਲਈ ਬਾਕਾਇਦਾ ਹਰ ਹਫ਼ਤੇ ਇਕ ਸਮਾਂ ਮਿੱਥੋ। ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਦਿਨ ਦੇ ਕਿਸੇ ਖ਼ਾਸ ਸਮੇਂ ਖਿੱਝੇ-ਖਿੱਝੇ ਰਹਿੰਦੇ ਹੋ, ਜਿਵੇਂ ਕਿ ਕੰਮ ਤੋਂ ਘਰ ਆਣ ਕੇ ਜਾਂ ਰੋਟੀ-ਪਾਣੀ ਤੋਂ ਪਹਿਲਾਂ, ਤਾਂ ਆਪਸ ਵਿਚ ਫ਼ੈਸਲਾ ਕਰੋ ਕਿ ਤੁਸੀਂ ਇਨ੍ਹਾਂ ਸਮਿਆਂ ਤੇ ਕੋਈ ਚਰਚਾ ਨਹੀਂ ਕਰੋਗੇ। ਇਸ ਦੀ ਬਜਾਇ ਉਹ ਸਮਾਂ ਮਿੱਥੋ ਜਦੋਂ ਤੁਸੀਂ ਦੋਵੇਂ ਸ਼ਾਂਤ ਹੋਵੋਗੇ।

2. ਦਿਲ ਖੋਲ੍ਹ ਕੇ ਆਦਰ ਨਾਲ ਆਪਣੀ ਰਾਇ ਦੱਸੋ।

‘ਹਰੇਕ ਆਪਣੇ ਗੁਆਂਢੀ ਨਾਲ ਸੱਚ ਬੋਲੇ।’ (ਅਫ਼ਸੀਆਂ 4:25) ਜੇ ਤੁਸੀਂ ਸ਼ਾਦੀ-ਸ਼ੁਦਾ ਹੋ, ਤਾਂ ਤੁਹਾਡਾ ਸਭ ਤੋਂ ਲਾਗਲਾ ਗੁਆਂਢੀ ਤੁਹਾਡਾ ਵਿਆਹੁਤਾ ਸਾਥੀ ਹੈ। ਇਸ ਲਈ ਆਪਣੇ ਸਾਥੀ ਨਾਲ ਗੱਲਾਂ ਕਰਦਿਆਂ ਦਿਲ ਖੋਲ੍ਹ ਕੇ ਦੱਸੋ ਕਿ ਤੁਹਾਨੂੰ ਕਿਹੜੀਆਂ ਚੀਜ਼ਾਂ ਪਰੇਸ਼ਾਨ ਕਰਦੀਆਂ ਹਨ। 26 ਸਾਲਾਂ ਤੋਂ ਵਿਆਹੀ ਮਾਰਗਾਰੈਟਾ * ਨੇ ਕਿਹਾ: “ਜਦੋਂ ਮੈਂ ਨਵੀਂ-ਨਵੀਂ ਵਿਆਹੀ ਆਈ ਸੀ, ਉਦੋਂ ਮੈਂ ਸੋਚਦੀ ਹੁੰਦੀ ਸੀ ਕਿ ਸਮੱਸਿਆ ਖੜ੍ਹੀ ਹੋਣ ਤੇ ਮੇਰਾ ਪਤੀ ਝੱਟ ਮੇਰੀ ਪਰੇਸ਼ਾਨੀ ਸਮਝ ਜਾਵੇਗਾ। ਮੈਂ ਦੇਖਿਆ ਕਿ ਇਵੇਂ ਸੋਚਣਾ ਮੇਰੀ ਗ਼ਲਤੀ ਸੀ। ਹੁਣ ਮੈਂ ਆਪਣੇ ਦਿਲ ਦੀ ਗੱਲ ਚੰਗੀ ਤਰ੍ਹਾਂ ਸਮਝਾਉਣ ਦੀ ਕੋਸ਼ਿਸ਼ ਕਰਦੀ ਹਾਂ।”

ਇਹ ਯਾਦ ਰੱਖੋ ਕਿ ਮਸਲੇ ਬਾਰੇ ਗੱਲ ਕਰਦਿਆਂ ਤੁਹਾਡਾ ਟੀਚਾ ਆਪਣੇ ਸਾਥੀ ਨੂੰ ਦੁਸ਼ਮਣ ਸਮਝ ਕੇ ਉਸ ਨੂੰ ਹਰਾਉਣਾ ਨਹੀਂ ਹੈ, ਸਗੋਂ ਉਸ ਨੂੰ ਆਪਣੇ ਵਿਚਾਰ ਦੱਸਣਾ ਹੈ। ਆਪਣੀ ਗੱਲ ਸਮਝਾਉਣ ਲਈ ਪਹਿਲਾਂ ਦੱਸੋ ਕਿ ਤੁਹਾਡੇ ਖ਼ਿਆਲ ਅਨੁਸਾਰ ਮਸਲਾ ਹੈ ਕੀ, ਫਿਰ ਦੱਸੋ ਕਿ ਇਹ ਕਦੋਂ ਸ਼ੁਰੂ ਹੋਇਆ ਤੇ ਫਿਰ ਦੱਸੋ ਕਿ ਇਹ ਤੁਹਾਨੂੰ ਕਿੱਦਾਂ ਪਰੇਸ਼ਾਨ ਕਰਦਾ ਹੈ। ਮਿਸਾਲ ਲਈ, ਜੇ ਤੁਹਾਨੂੰ ਆਪਣੇ ਸਾਥੀ ਦੁਆਰਾ ਥਾਂ-ਥਾਂ ਖਿਲਾਰੀਆਂ ਚੀਜ਼ਾਂ ਤੋਂ ਗੁੱਸਾ ਆਉਂਦਾ ਹੈ, ਤਾਂ ਤੁਸੀਂ ਆਦਰ ਨਾਲ ਕਹਿ ਸਕਦੇ ਹੋ, ‘ਜੀ, ਜਦੋਂ ਤੁਸੀਂ ਕੰਮ ਤੋਂ ਆਉਂਦੇ ਹੋ, ਤੁਸੀਂ ਆਪਣੇ ਕੱਪੜੇ ਟੰਗਣ ਦੀ ਬਜਾਇ ਫ਼ਰਸ਼ ’ਤੇ ਥੱਲੇ ਹੀ ਖਿਲਾਰ ਦਿੰਦੇ ਹੋ [ਮਸਲਾ ਕੀ ਹੈ ਅਤੇ ਇਹ ਕਦੋਂ ਖੜ੍ਹਾ ਹੁੰਦਾ ਹੈ]। ਮੈਂ ਘਰ ਵਿਚ ਇੰਨੀ ਸਫ਼ਾਈ ਕਰਦੀ ਹਾਂ ਤੇ ਮੈਨੂੰ ਲੱਗਦਾ ਹੈ ਕਿ ਤੁਸੀਂ ਇਸ ਗੱਲ ਦੀ ਕਦਰ ਨਹੀਂ ਕਰਦੇ [ਤੁਸੀਂ ਕਿੱਦਾਂ ਮਹਿਸੂਸ ਕਰਦੇ ਹੋ]।’ ਤੇ ਫਿਰ ਸਮਝਾਓ ਕਿ ਤੁਹਾਡੇ ਅਨੁਸਾਰ ਇਸ ਮਸਲੇ ਦਾ ਕੀ ਹੱਲ ਹੈ।

ਸੁਝਾਅ: ਆਪਣੇ ਸਾਥੀ ਨਾਲ ਗੱਲ ਕਰਨ ਤੋਂ ਪਹਿਲਾਂ ਚੰਗਾ ਹੋਵੇਗਾ ਕਿ ਤੁਸੀਂ ਸੋਚ-ਵਿਚਾਰ ਕੇ ਲਿਖ ਲਵੋ ਕਿ ਤੁਹਾਡੇ ਅਨੁਸਾਰ ਮਸਲਾ ਕੀ ਹੈ ਤੇ ਤੁਸੀਂ ਇਸ ਦਾ ਕੀ ਹੱਲ ਚਾਹੁੰਦੇ ਹੋ।

3. ਆਪਣੇ ਸਾਥੀ ਦੀਆਂ ਗੱਲਾਂ ਧਿਆਨ ਨਾਲ ਸੁਣੋ ਤੇ ਉਸ ਦੀ ਪਰੇਸ਼ਾਨੀ ਸਮਝੋ।

ਚੇਲੇ ਯਾਕੂਬ ਨੇ ਲਿਖਿਆ ਕਿ ਮਸੀਹੀਆਂ ਨੂੰ ‘ਸੁਣਨ ਵਿੱਚ ਕਾਹਲੇ ਅਤੇ ਬੋਲਣ ਵਿੱਚ ਧੀਰੇ ਅਤੇ ਕ੍ਰੋਧ ਵਿੱਚ ਵੀ ਧੀਰੇ’ ਹੋਣਾ ਚਾਹੀਦਾ ਹੈ। (ਯਾਕੂਬ 1:19) ਸਾਡਾ ਮਨ ਕਿੰਨਾ ਦੁਖੀ ਹੁੰਦਾ ਹੈ ਜਦੋਂ ਸਾਨੂੰ ਲੱਗਦਾ ਹੈ ਕਿ ਸਾਡਾ ਸਾਥੀ ਸਾਡੀ ਪਰੇਸ਼ਾਨੀ ਨਹੀਂ ਸਮਝ ਰਿਹਾ! ਸੋ ਆਪਣੇ ਵੱਲੋਂ ਆਪਣੇ ਸਾਥੀ ਦੇ ਜਜ਼ਬਾਤਾਂ ਨੂੰ ਸਮਝਣ ਦੀ ਪੂਰੀ ਕੋਸ਼ਿਸ਼ ਕਰੋ।—ਮੱਤੀ 7:12.

35 ਸਾਲਾਂ ਤੋਂ ਵਿਆਹੇ ਵੁਲਫ਼ਗਾਂਗ ਨੇ ਕਿਹਾ: “ਆਪਣੀ ਪਤਨੀ ਨਾਲ ਕਿਸੇ ਮਸਲੇ ਬਾਰੇ ਗੱਲਾਂ ਕਰਦਿਆਂ ਜੇ ਮੈਨੂੰ ਲੱਗਦਾ ਹੈ ਕਿ ਮੇਰੀ ਪਤਨੀ ਮੈਨੂੰ ਸਮਝ ਨਹੀਂ ਪਾ ਰਹੀ, ਤਾਂ ਮੇਰੇ ਅੰਦਰ ਤਣਾਅ ਪੈਦਾ ਹੋ ਜਾਂਦਾ ਹੈ।” 20 ਸਾਲਾਂ ਤੋਂ ਵਿਆਹੀ ਡਾਇਐਨਾ ਨੇ ਕਿਹਾ: “ਆਪਣੇ ਪਤੀ ਤੋਂ ਮੇਰੀ ਅਕਸਰ ਇਹੀ ਸ਼ਿਕਾਇਤ ਰਹਿੰਦੀ ਹੈ ਕਿ ਜਦੋਂ ਅਸੀਂ ਮਸਲਿਆਂ ਬਾਰੇ ਚਰਚਾ ਕਰਨ ਲਈ ਇਕੱਠੇ ਬੈਠਦੇ ਹਾਂ, ਤਾਂ ਉਹ ਮੇਰੀ ਗੱਲ ਚੰਗੀ ਤਰ੍ਹਾਂ ਨਹੀਂ ਸੁਣਦਾ।” ਤੁਸੀਂ ਇਸ ਮੁਸ਼ਕਲ ਨੂੰ ਕਿਵੇਂ ਦੂਰ ਕਰ ਸਕਦੇ ਹੋ?

ਇਸ ਭੁਲੇਖੇ ਵਿਚ ਕਦੇ ਨਾ ਰਹੋ ਕਿ ਤੁਸੀਂ ਆਪਣੇ ਸਾਥੀ ਦੇ ਵਿਚਾਰ ਜਾਂ ਜਜ਼ਬਾਤ ਬੁੱਝ ਸਕਦੇ ਹੋ। ਬਾਈਬਲ ਕਹਿੰਦੀ ਹੈ ਕਿ “ਹੰਕਾਰ ਨਾਲ ਝਗੜੇ ਹੀ ਝਗੜੇ ਹੁੰਦੇ ਹਨ, ਪਰ ਜਿਹੜੇ ਸਲਾਹ ਨੂੰ ਮੰਨਦੇ ਹਨ ਓਹਨਾਂ ਨਾਲ ਬੁੱਧ ਹੈ।” (ਕਹਾਉਤਾਂ 13:10) ਆਪਣੇ ਸਾਥੀ ਦੀ ਇੱਜ਼ਤ ਕਰਦਿਆਂ ਉਸ ਨੂੰ ਬਿਨਾਂ ਟੋਕੇ ਆਪਣੀ ਰਾਇ ਦੱਸਣ ਦਿਓ। ਫਿਰ ਇਹ ਨਿਸ਼ਚਿਤ ਕਰਨ ਲਈ ਕਿ ਤੁਸੀਂ ਉਸ ਦੀ ਗੱਲ ਸਮਝ ਗਏ ਹੋ, ਆਪਣੇ ਸ਼ਬਦਾਂ ਵਿਚ ਮੁੜ ਕੇ ਉਸ ਦੇ ਖ਼ਿਆਲ ਦੁਹਰਾਓ, ਪਰ ਮਖ਼ੌਲ ਉਡਾ ਕੇ ਜਾਂ ਗੁੱਸੇ ਵਿਚ ਨਹੀਂ। ਜੇ ਤੁਸੀਂ ਉਸ ਦੀ ਗੱਲ ਨੂੰ ਚੰਗੀ ਤਰ੍ਹਾਂ ਨਹੀਂ ਸਮਝਿਆ ਹੈ, ਤਾਂ ਉਸ ਨੂੰ ਮੁੜ ਆਪਣੀ ਗੱਲ ਕਹਿਣ ਦਿਓ। ਆਪੇ ਹੀ ਨਾ ਗੱਲਾਂ ਕਰੀ ਜਾਓ। ਇਕ ਦੂਜੇ ਨੂੰ ਗੱਲਬਾਤ ਕਰਨ ਦਾ ਮੌਕਾ ਦਿਓ ਜਦ ਤਕ ਤੁਸੀਂ ਦੋਵੇਂ ਮਸਲੇ ਸੰਬੰਧੀ ਇਕ ਦੂਜੇ ਦੇ ਵਿਚਾਰ ਤੇ ਜਜ਼ਬਾਤ ਚੰਗੀ ਤਰ੍ਹਾਂ ਨਹੀਂ ਸਮਝ ਜਾਂਦੇ।

ਇਹ ਗੱਲ ਸੱਚ ਹੈ ਕਿ ਆਪਣੇ ਸਾਥੀ ਦੀਆਂ ਗੱਲਾਂ ਸੁਣਨ ਅਤੇ ਉਸ ਦੀ ਰਾਇ ਕਬੂਲ ਕਰਨ ਲਈ ਨਿਮਰਤਾ ਤੇ ਧੀਰਜ ਦੀ ਲੋੜ ਹੈ। ਪਰ ਜੇ ਪਹਿਲਾਂ ਤੁਸੀਂ ਆਪਣੇ ਸਾਥੀ ਦਾ ਮਾਣ ਕਰੋਗੇ, ਤਾਂ ਉਹ ਵੀ ਤੁਹਾਡਾ ਮਾਣ ਕਰੇਗਾ।—ਮੱਤੀ 7:2; ਰੋਮੀਆਂ 12:10.

ਸੁਝਾਅ: ਆਪਣੇ ਸਾਥੀ ਦੇ ਸ਼ਬਦਾਂ ਨੂੰ ਹੀ ਨਾ ਦੁਹਰਾਓ। ਪਿਆਰ ਨਾਲ ਆਪਣੇ ਸ਼ਬਦਾਂ ਵਿਚ ਦੱਸੋ ਕਿ ਤੁਹਾਨੂੰ ਉਸ ਦੀਆਂ ਗੱਲਾਂ ਤੇ ਜਜ਼ਬਾਤਾਂ ਤੋਂ ਕੀ ਪਤਾ ਲੱਗਾ ਹੈ।—1 ਪਤਰਸ 3:8.

4. ਕਿਸੇ ਇਕ ਹੱਲ ਤੇ ਸਹਿਮਤ ਹੋਵੋ।

“ਇੱਕ ਨਾਲੋਂ ਦੋ ਚੰਗੇ ਹਨ ਕਿਉਂ ਜੋ ਉਨ੍ਹਾਂ ਦੀ ਮਿਹਨਤ ਦੀ ਚੰਗੀ ਖੱਟੀ ਹੁੰਦੀ ਹੈ ਕਿਉਂਕਿ ਜੇ ਉਹ ਡਿੱਗ ਪੈਣ ਤਾਂ ਇੱਕ ਜਣਾ ਦੂਜੇ ਨੂੰ ਚੁੱਕੇਗਾ।” (ਉਪਦੇਸ਼ਕ ਦੀ ਪੋਥੀ 4:9, 10) ਜੇ ਦੋਵੇਂ ਸਾਥੀ ਮੋਢੇ ਨਾਲ ਮੋਢਾ ਜੋੜ ਕੇ ਇਕ ਦੂਜੇ ਦਾ ਸਾਥ ਨਹੀਂ ਦੇਣਗੇ, ਤਾਂ ਮੁਸ਼ਕਲਾਂ ਉਨ੍ਹਾਂ ਦਾ ਪਿੱਛਾ ਕਰਦੀਆਂ ਰਹਿਣਗੀਆਂ।

ਇਹ ਗੱਲ ਸੱਚ ਹੈ ਕਿ ਯਹੋਵਾਹ ਨੇ ਪਤੀ ਨੂੰ ਪਰਿਵਾਰ ਦਾ ਸਰਦਾਰ ਠਹਿਰਾਇਆ ਹੈ। (1 ਕੁਰਿੰਥੀਆਂ 11:3; ਅਫ਼ਸੀਆਂ 5:23) ਪਰ ਸਰਦਾਰੀ ਦਾ ਮਤਲਬ ਤਾਨਾਸ਼ਾਹੀ ਨਹੀਂ ਹੈ। ਅਕਲਮੰਦ ਪਤੀ ਆਪ ਸਾਰੇ ਫ਼ੈਸਲੇ ਨਹੀਂ ਕਰੇਗਾ। 20 ਸਾਲ ਤੋਂ ਵਿਆਹੇ ਡੇਵਿਡ ਨੇ ਕਿਹਾ: “ਮਸਲੇ ਬਾਰੇ ਗੱਲ ਕਰਦਿਆਂ ਮੈਂ ਦੇਖਣ ਦੀ ਕੋਸ਼ਿਸ਼ ਕਰਦਾ ਹਾਂ ਕਿ ਅਸੀਂ ਦੋਵੇਂ ਕਿਸ ਗੱਲ ’ਤੇ ਸਹਿਮਤ ਹਾਂ। ਤੇ ਫਿਰ ਅਸੀਂ ਰਲ ਕੇ ਮਸਲੇ ਦਾ ਹੱਲ ਲੱਭਦੇ ਹਾਂ ਜੋ ਸਾਨੂੰ ਦੋਵਾਂ ਨੂੰ ਮਨਜ਼ੂਰ ਹੁੰਦਾ ਹੈ।” 7 ਸਾਲਾਂ ਤੋਂ ਵਿਆਹੀ ਟਾਨੀਆ ਨੇ ਕਿਹਾ: “ਇਸ ਵਿਚ ਕੋਈ ਫ਼ਰਕ ਨਹੀਂ ਪੈਂਦਾ ਕਿ ਕੌਣ ਸਹੀ ਹੈ ਤੇ ਕੌਣ ਗ਼ਲਤ। ਮਸਲੇ ਨੂੰ ਹੱਲ ਕਰਨ ਦੇ ਆਪੋ-ਆਪਣੇ ਤਰੀਕੇ ਹੁੰਦੇ ਹਨ। ਮੈਨੂੰ ਲੱਗਦਾ ਹੈ ਕਿ ਅੜੀ ਕਰਨ ਨਾਲੋਂ ਇਕ ਦੂਜੇ ਦੀ ਮੰਨਣ ਵਿਚ ਹੀ ਸੁਖ ਹੈ।”

ਸੁਝਾਅ: ਦੋਵੇਂ ਜਣੇ ਰਲ ਕੇ ਤੁਸੀਂ ਜਿੰਨੇ ਵੀ ਵੱਖੋ-ਵੱਖਰੇ ਹੱਲ ਸੋਚ ਸਕਦੇ ਹੋ, ਉਨ੍ਹਾਂ ਨੂੰ ਲਿਖ ਲਵੋ। ਸਾਰੇ ਹੱਲ ਲਿਖ ਲੈਣ ਤੋਂ ਬਾਅਦ ਸੂਚੀ ਵਿੱਚੋਂ ਇਕ ਹੱਲ ਚੁਣੋ ਜਿਸ ਤੇ ਤੁਸੀਂ ਦੋਵੇਂ ਸਹਿਮਤ ਹੋ। ਫਿਰ ਕੁਝ ਦਿਨਾਂ ਬਾਅਦ ਦੇਖੋ ਕਿ ਤੁਸੀਂ ਜੋ ਫ਼ੈਸਲਾ ਲਿਆ ਸੀ, ਉਸ ਅਨੁਸਾਰ ਚੱਲਦੇ ਹੋ ਜਾਂ ਨਹੀਂ ਤੇ ਉਹ ਫ਼ੈਸਲਾ ਕਿੰਨਾ ਕੁ ਕਾਮਯਾਬ ਹੋ ਰਿਹਾ ਹੈ।

ਮੋਢੇ ਨਾਲ ਮੋਢਾ ਜੋੜ ਕੇ ਮਸਲੇ ਨੂੰ ਸੁਲਝਾਓ

ਯਿਸੂ ਨੇ ਵਿਆਹ ਦੀ ਤੁਲਨਾ ਇਕ ਜੂਲੇ ਨਾਲ ਕੀਤੀ ਸੀ। (ਮੱਤੀ 19:6) ਯਿਸੂ ਦੇ ਜ਼ਮਾਨੇ ਵਿਚ ਜੂਲੇ ਲੱਕੜ ਦੇ ਬਣਾਏ ਜਾਂਦੇ ਸਨ। ਹੱਲ ਵਾਹੁਣ ਲਈ ਜੂਲੇ ਹੇਠ ਦੋ ਪਸ਼ੂਆਂ ਨੂੰ ਜੋਤਿਆ ਜਾਂਦਾ ਸੀ। ਜੇ ਉਹ ਇਕ ਦੂਜੇ ਨਾਲ ਰਲ ਕੇ ਕੰਮ ਨਾ ਕਰਦੇ, ਤਾਂ ਉਨ੍ਹਾਂ ਦੀ ਮਿਹਨਤ ਵਿਅਰਥ ਜਾਂਦੀ ਤੇ ਉੱਪਰੋਂ ਜੂਲਾ ਉਨ੍ਹਾਂ ਦੀਆਂ ਗਰਦਨਾਂ ਰਗੜ ਦਿੰਦਾ। ਪਰ ਜੇ ਉਹ ਰਲ ਕੇ ਕੰਮ ਕਰਦੇ, ਤਾਂ ਉਹ ਕਾਫ਼ੀ ਭਾਰ ਢੋਹ ਸਕਦੇ ਸਨ ਜਾਂ ਖੇਤ ਵਾਹ ਸਕਦੇ ਸਨ।

ਇਸੇ ਤਰ੍ਹਾਂ ਜੇ ਪਤੀ-ਪਤਨੀ ਰਲ ਕੇ ਕੰਮ ਨਹੀਂ ਕਰਦੇ, ਤਾਂ ਵਿਆਹ ਦੇ ਜੂਲੇ ਹੇਠ ਉਨ੍ਹਾਂ ਨੂੰ ਰਗੜਾਂ ਲੱਗਣਗੀਆਂ। ਦੂਸਰੇ ਪਾਸੇ, ਜੇ ਉਹ ਦੋਵੇਂ ਇਕ ਹੋ ਕੇ ਹਰ ਕੰਮ ਕਰਨਗੇ, ਤਾਂ ਉਹ ਤਕਰੀਬਨ ਹਰ ਮੁਸ਼ਕਲ ਦਾ ਸਾਮ੍ਹਣਾ ਕਰ ਸਕਦੇ ਹਨ ਤੇ ਆਪਣੀ ਮਿਹਨਤ ਦਾ ਫਲ ਪਾ ਸਕਦੇ ਹਨ। ਕਾਲਾਲਾ ਨਾਂ ਦੇ ਇਕ ਸੁਖੀ ਸ਼ਾਦੀ-ਸ਼ੁਦਾ ਬੰਦੇ ਨੇ ਕਿਹਾ: “ਮੈਂ ਤੇ ਮੇਰੀ ਪਤਨੀ ਨੇ ਪਿਛਲੇ 25 ਸਾਲਾਂ ਤੋਂ ਇਕ ਦੂਜੇ ਨਾਲ ਖੁੱਲ੍ਹ ਕੇ ਗੱਲ ਕਰ ਕੇ, ਇਕ ਦੂਜੇ ਦੇ ਹਮਦਰਦ ਬਣ ਕੇ, ਯਹੋਵਾਹ ਨੂੰ ਪ੍ਰਾਰਥਨਾ ਕਰ ਕੇ ਤੇ ਬਾਈਬਲ ਦੇ ਅਸੂਲਾਂ ਉੱਤੇ ਚੱਲ ਕੇ ਸਮੱਸਿਆਵਾਂ ਨੂੰ ਹੱਲ ਕੀਤਾ ਹੈ।” ਕੀ ਤੁਸੀਂ ਵੀ ਇਵੇਂ ਕਰ ਸਕਦੇ ਹੋ? (w08 5/1)

ਆਪਣੇ ਆਪ ਨੂੰ ਪੁੱਛੋ . . .

  • ਮੈਂ ਆਪਣੇ ਸਾਥੀ ਨਾਲ ਕਿਹੜੀ ਸਮੱਸਿਆ ਬਾਰੇ ਗੱਲ ਕਰਨੀ ਚਾਹੁੰਦਾ ਹਾਂ?

  • ਮੈਂ ਕਿੱਦਾਂ ਨਿਸ਼ਚਿਤ ਕਰ ਸਕਦਾ ਹਾਂ ਕਿ ਮੈਂ ਇਸ ਮਸਲੇ ਬਾਰੇ ਆਪਣੇ ਸਾਥੀ ਦੇ ਜਜ਼ਬਾਤ ਸਮਝ ਰਿਹਾ ਹਾਂ?

  • ਜੇ ਮੈਂ ਹਮੇਸ਼ਾ ਆਪਣੀ ਹੀ ਮਰਜ਼ੀ ਪੁਗਾਉਣੀ ਚਾਹੁੰਦਾ ਹਾਂ, ਤਾਂ ਮੈਂ ਕਿਹੜੀਆਂ ਮੁਸ਼ਕਲਾਂ ਖੜ੍ਹੀਆਂ ਕਰ ਸਕਦਾ ਹਾਂ?

^ ਪੈਰਾ 17 ਕੁਝ ਨਾਂ ਬਦਲ ਦਿੱਤੇ ਗਏ ਹਨ।