Skip to content

Skip to table of contents

ਉਨ੍ਹਾਂ ਨੇ ਆਪਣੇ ਆਪ ਨੂੰ ਖ਼ੁਸ਼ੀ ਨਾਲ ਪੇਸ਼ ਕੀਤਾ—ਰੂਸ

ਉਨ੍ਹਾਂ ਨੇ ਆਪਣੇ ਆਪ ਨੂੰ ਖ਼ੁਸ਼ੀ ਨਾਲ ਪੇਸ਼ ਕੀਤਾ—ਰੂਸ

1991 ਵਿਚ ਰੂਸ ਵਿਚ ਯਹੋਵਾਹ ਦੇ ਗਵਾਹਾਂ ਦੇ ਪ੍ਰਚਾਰ ਉੱਤੇ ਸਾਲਾਂ ਤੋਂ ਲੱਗੀ ਪਾਬੰਦੀ ਨੂੰ ਹਟਾ ਕੇ ਉਨ੍ਹਾਂ ਨੂੰ ਪ੍ਰਚਾਰ ਕਰਨ ਦੀ ਕਾਨੂੰਨੀ ਮਾਨਤਾ ਦਿੱਤੀ ਗਈ। ਇਹ ਸੁਣ ਕੇ ਉਹ ਖ਼ੁਸ਼ੀ ਨਾਲ ਝੂਮ ਉੱਠੇ। ਉਸ ਵੇਲੇ ਕੋਈ ਸੋਚ ਵੀ ਨਹੀਂ ਸਕਦਾ ਸੀ ਕਿ ਭਵਿੱਖ ਵਿਚ ਇਨ੍ਹਾਂ ਦੀ ਗਿਣਤੀ ਦਸ ਗੁਣਾ ਵਧ ਕੇ ਅੱਜ 1,70,000 ਹੋ ਜਾਵੇਗੀ! ਇਨ੍ਹਾਂ ਮਿਹਨਤੀ ਭੈਣਾਂ-ਭਰਾਵਾਂ ਵਿਚ ਉਹ ਵੀ ਸ਼ਾਮਲ ਹਨ ਜੋ ਰੂਸ ਵਿਚ ਵਾਢੀ ਦੇ ਕੰਮ ਵਿਚ ਹੱਥ ਵਟਾਉਣ ਲਈ ਆਪਣੇ ਦੇਸ਼ ਛੱਡ ਕੇ ਆਏ ਹਨ। (ਮੱਤੀ 9:37, 38) ਆਓ ਆਪਾਂ ਇਨ੍ਹਾਂ ਭੈਣਾਂ-ਭਰਾਵਾਂ ਨੂੰ ਮਿਲੀਏ।

ਭਰਾਵਾਂ ਨੇ ਖ਼ੁਸ਼ੀ-ਖ਼ੁਸ਼ੀ ਮੰਡਲੀਆਂ ਦਾ ਹੌਸਲਾ ਵਧਾਇਆ

ਬ੍ਰਿਟੇਨ ਦਾ ਰਹਿਣ ਵਾਲਾ ਮੈਥਿਊ 28 ਸਾਲਾਂ ਦਾ ਸੀ ਜਦੋਂ ਰੂਸ ਵਿਚ ਪ੍ਰਚਾਰ ਦੇ ਕੰਮ ਤੋਂ ਪਾਬੰਦੀ ਹਟਾਈ ਗਈ। ਉਸ ਸਾਲ ਵੱਡੇ ਸੰਮੇਲਨ ਦੇ ਇਕ ਭਾਸ਼ਣ ਵਿਚ ਦੱਸਿਆ ਗਿਆ ਕਿ ਪੂਰਬੀ ਯੂਰਪ ਦੀਆਂ ਮੰਡਲੀਆਂ ਨੂੰ ਜ਼ਿੰਮੇਵਾਰ ਭਰਾਵਾਂ ਦੀ ਬਹੁਤ ਲੋੜ ਹੈ। ਮਿਸਾਲ ਲਈ, ਭਾਸ਼ਣ ਦੇਣ ਵਾਲੇ ਭਰਾ ਨੇ ਦੱਸਿਆ ਕਿ ਰੂਸ ਦੇ ਸੇਂਟ ਪੀਟਰਸਬਰਗ ਸ਼ਹਿਰ ਦੀ ਇਕ ਮੰਡਲੀ ਵਿਚ ਕੋਈ ਵੀ ਬਜ਼ੁਰਗ ਨਹੀਂ ਹੈ ਤੇ ਸਿਰਫ਼ ਇਕ ਹੀ ਸਹਾਇਕ ਸੇਵਕ ਹੈ। ਇਸ ਦੇ ਬਾਵਜੂਦ ਵੀ ਉਸ ਮੰਡਲੀ ਦੇ ਭੈਣ-ਭਰਾ ਸੈਂਕੜੇ ਹੀ ਬਾਈਬਲ ਸਟੱਡੀਆਂ ਕਰਵਾ ਰਹੇ ਹਨ। ਮੈਥਿਊ ਨੇ ਕਿਹਾ: “ਉਹ ਭਾਸ਼ਣ ਸੁਣਨ ਤੋਂ ਬਾਅਦ ਮੈਂ ਰੂਸ ਨੂੰ ਆਪਣੇ ਦਿਮਾਗ਼ ਵਿੱਚੋਂ ਕੱਢ ਹੀ ਨਹੀਂ ਸਕਿਆ। ਇਸ ਲਈ ਮੈਂ ਉੱਥੇ ਜਾ ਕੇ ਸੇਵਾ ਕਰਨ ਦੀ ਆਪਣੀ ਇੱਛਾ ਬਾਰੇ ਯਹੋਵਾਹ ਨੂੰ ਪ੍ਰਾਰਥਨਾ ਕੀਤੀ।” ਉਸ ਨੇ ਪੈਸੇ ਜੋੜੇ, ਆਪਣਾ ਜ਼ਿਆਦਾਤਰ ਸਾਮਾਨ ਵੇਚ ਦਿੱਤਾ ਤੇ 1992 ਵਿਚ ਉਹ ਰੂਸ ਚਲਾ ਗਿਆ। ਉੱਥੇ ਜਾ ਕੇ ਕੀ ਹੋਇਆ?

ਮੈਥਿਊ

ਮੈਥਿਊ ਦੱਸਦਾ ਹੈ: “ਉੱਥੋਂ ਦੀ ਭਾਸ਼ਾ ਸਿੱਖਣੀ ਬਹੁਤ ਔਖੀ ਸੀ। ਇਸ ਕਰਕੇ ਮੈਂ ਪ੍ਰਚਾਰ ਵਿਚ ਲੋਕਾਂ ਨਾਲ ਬਾਈਬਲ ਬਾਰੇ ਖੁੱਲ੍ਹ ਕੇ ਗੱਲ ਨਹੀਂ ਕਰ ਸਕਦਾ ਸੀ।” ਰਹਿਣ ਲਈ ਜਗ੍ਹਾ ਲੱਭਣੀ ਇਕ ਹੋਰ ਚੁਣੌਤੀ ਸੀ। “ਮੈਨੂੰ ਤਾਂ ਹੁਣ ਇਹ ਵੀ ਨਹੀਂ ਯਾਦ ਕਿ ਉਸ ਵੇਲੇ ਮੈਨੂੰ ਕਿੰਨੀ ਵਾਰ ਖੜ੍ਹੇ ਪੈਰ ਘਰ ਬਦਲਣਾ ਪਿਆ।” ਸ਼ੁਰੂ ਵਿਚ ਆਈਆਂ ਇਨ੍ਹਾਂ ਮੁਸ਼ਕਲਾਂ ਦੇ ਬਾਵਜੂਦ ਮੈਥਿਊ ਕਹਿੰਦਾ ਹੈ: “ਰੂਸ ਵਿਚ ਰਹਿਣਾ ਮੇਰੀ ਜ਼ਿੰਦਗੀ ਦਾ ਸਭ ਤੋਂ ਵਧੀਆ ਫ਼ੈਸਲਾ ਸੀ। ਇੱਥੇ ਸੇਵਾ ਕਰਕੇ ਮੈਂ ਯਹੋਵਾਹ ਉੱਤੇ ਹੋਰ ਵੀ ਜ਼ਿਆਦਾ ਭਰੋਸਾ ਰੱਖਣਾ ਸਿੱਖਿਆ ਤੇ ਮੈਂ ਦੇਖਿਆ ਕਿ ਯਹੋਵਾਹ ਨੇ ਕਦਮ-ਕਦਮ ’ਤੇ ਮੇਰਾ ਸਾਥ ਦਿੱਤਾ।” ਕੁਝ ਸਮੇਂ ਬਾਅਦ ਮੈਥਿਊ ਮੰਡਲੀ ਦਾ ਬਜ਼ੁਰਗ ਬਣ ਗਿਆ ਤੇ ਸਪੈਸ਼ਲ ਪਾਇਨੀਅਰ ਵਜੋਂ ਸੇਵਾ ਕਰਨ ਲੱਗ ਪਿਆ। ਹੁਣ ਉਹ ਬ੍ਰਾਂਚ ਆਫ਼ਿਸ ਵਿਚ ਸੇਵਾ ਕਰ ਰਿਹਾ ਹੈ ਜੋ ਸੇਂਟ ਪੀਟਰਸਬਰਗ ਦੇ ਨੇੜੇ ਹੈ।

1999 ਵਿਚ 25 ਸਾਲ ਦਾ ਹੀਰੋ ਜਪਾਨ ਵਿਚ ਮਿਨਿਸਟੀਰੀਅਲ ਟ੍ਰੇਨਿੰਗ ਸਕੂਲ ਤੋਂ ਗ੍ਰੈਜੂਏਟ ਹੋਇਆ। ਉਸ ਸਕੂਲ ਵਿਚ ਸਿਖਲਾਈ ਦੇਣ ਵਾਲੇ ਇਕ ਭਰਾ ਨੇ ਉਸ ਨੂੰ ਵਿਦੇਸ਼ ਜਾ ਕੇ ਪ੍ਰਚਾਰ ਕਰਨ ਦੀ ਹੱਲਾਸ਼ੇਰੀ ਦਿੱਤੀ। ਹੀਰੋ ਨੇ ਸੁਣਿਆ ਸੀ ਕਿ ਰੂਸ ਵਿਚ ਪ੍ਰਚਾਰਕਾਂ ਦੀ ਸਖ਼ਤ ਲੋੜ ਹੈ। ਇਸ ਲਈ ਉਸ ਨੇ ਰੂਸੀ ਭਾਸ਼ਾ ਸਿੱਖਣੀ ਸ਼ੁਰੂ ਕਰ ਦਿੱਤੀ। ਉਸ ਨੇ ਇਕ ਹੋਰ ਕਦਮ ਚੁੱਕਿਆ। ਉਹ ਕਹਿੰਦਾ ਹੈ: “ਮੈਂ ਛੇ ਮਹੀਨਿਆਂ ਲਈ ਰੂਸ ਚਲਾ ਗਿਆ। ਸਿਆਲ਼ਾਂ ਵਿਚ ਉੱਥੇ ਕੜਾਕੇ ਦੀ ਠੰਢ ਪੈਂਦੀ ਹੈ, ਇਸ ਲਈ ਮੈਂ ਨਵੰਬਰ ਦੇ ਮਹੀਨੇ ਇਹ ਦੇਖਣ ਲਈ ਉੱਥੇ ਗਿਆ ਕਿ ਮੈ ਇੰਨੀ ਜ਼ਿਆਦਾ ਠੰਢ ਝੱਲ ਸਕਾਂਗਾ ਕਿ ਨਹੀਂ।” ਉੱਥੋਂ ਦੀ ਠੰਢ ਝੱਲਣ ਤੋਂ ਬਾਅਦ ਉਹ ਵਾਪਸ ਜਪਾਨ ਚਲਾ ਗਿਆ ਤੇ ਸਾਦੀ ਜ਼ਿੰਦਗੀ ਬਤੀਤ ਕਰਨ ਲੱਗਾ ਤਾਂਕਿ ਉਹ ਪੈਸੇ ਜਮਾ ਕਰ ਕੇ ਹਮੇਸ਼ਾ ਲਈ ਰੂਸ ਜਾ ਸਕੇ।

ਹੀਰੋ ਤੇ ਸਵੇਤਲਾਨਾ

ਹੀਰੋ ਨੂੰ ਰੂਸ ਵਿਚ ਰਹਿੰਦਿਆਂ ਹੁਣ 12 ਸਾਲ ਹੋ ਚੁੱਕੇ ਹਨ ਤੇ ਉਹ ਉੱਥੋਂ ਦੀਆਂ ਕਾਫ਼ੀ ਮੰਡਲੀਆਂ ਵਿਚ ਸੇਵਾ ਕਰ ਚੁੱਕਾ ਹੈ। ਕਦੀ-ਕਦੀ ਉਹ ਇਕੱਲਾ ਹੀ ਬਜ਼ੁਰਗ ਵਜੋਂ 100 ਤੋਂ ਜ਼ਿਆਦਾ ਪਬਲੀਸ਼ਰਾਂ ਦੀ ਦੇਖ-ਭਾਲ ਕਰਦਾ ਸੀ। ਇਕ ਮੰਡਲੀ ਵਿਚ ਉਹ ਹਰ ਹਫ਼ਤੇ ਸੇਵਾ ਸਭਾ ਦੇ ਬਹੁਤ ਸਾਰੇ ਭਾਗ ਕਰਾਉਂਦਾ ਸੀ। ਨਾਲੇ ਉਹ ਬਾਈਬਲ ਸਿਖਲਾਈ ਸਕੂਲ, ਪਹਿਰਾਬੁਰਜ ਅਧਿਐਨ ਅਤੇ ਪੰਜ ਅਲੱਗ-ਅਲੱਗ ਥਾਵਾਂ ’ਤੇ ਜਾ ਕੇ ਕਲੀਸਿਯਾ ਪੁਸਤਕ ਅਧਿਐਨ ਵੀ ਕਰਾਉਂਦਾ ਸੀ। ਉਹ ਭੈਣਾਂ-ਭਰਾਵਾਂ ਦੇ ਘਰਾਂ ਵਿਚ ਜਾ ਕੇ ਉਨ੍ਹਾਂ ਦਾ ਹੌਸਲਾ ਵੀ ਵਧਾਉਂਦਾ ਸੀ। ਉਹ ਪੁਰਾਣੇ ਦਿਨਾਂ ਨੂੰ ਯਾਦ ਕਰਦੇ ਹੋਏ ਕਹਿੰਦਾ ਹੈ: “ਭੈਣਾਂ-ਭਰਾਵਾਂ ਦੀ ਨਿਹਚਾ ਮਜ਼ਬੂਤ ਕਰ ਕੇ ਮੈਨੂੰ ਬਹੁਤ ਖ਼ੁਸ਼ੀ ਮਿਲਦੀ ਸੀ।” ਜਿੱਥੇ ਪ੍ਰਚਾਰਕਾਂ ਦੀ ਜ਼ਿਆਦਾ ਲੋੜ ਹੈ, ਉੱਥੇ ਸੇਵਾ ਕਰ ਕੇ ਉਸ ਨੂੰ ਕੀ ਫ਼ਾਇਦਾ ਹੋਇਆ ਹੈ? ਉਹ ਦੱਸਦਾ ਹੈ: “ਰੂਸ ਆਉਣ ਤੋਂ ਪਹਿਲਾਂ ਮੈਂ ਬਜ਼ੁਰਗ ਤੇ ਪਾਇਨੀਅਰ ਵਜੋਂ ਸੇਵਾ ਕਰਦਾ ਸੀ, ਪਰ ਇੱਥੇ ਆ ਕੇ ਯਹੋਵਾਹ ਨਾਲ ਮੇਰਾ ਰਿਸ਼ਤਾ ਹੋਰ ਵੀ ਗੂੜ੍ਹਾ ਹੋਇਆ ਹੈ। ਮੈਂ ਜ਼ਿੰਦਗੀ ਦੇ ਹਰ ਪਹਿਲੂ ਵਿਚ ਯਹੋਵਾਹ ਉੱਤੇ ਹੋਰ ਵੀ ਭਰੋਸਾ ਰੱਖਣਾ ਸਿੱਖਿਆ ਹੈ।” 2005 ਵਿਚ ਹੀਰੋ ਨੇ ਸਵੇਤਲਾਨਾ ਨਾਲ ਵਿਆਹ ਕਰਵਾ ਲਿਆ ਤੇ ਹੁਣ ਉਹ ਦੋਵੇਂ ਪਾਇਨੀਅਰਿੰਗ ਕਰ ਰਹੇ ਹਨ।

ਮਾਈਕਲ ਤੇ ਓਲਗਾ, ਮਾਰੀਨਾ ਤੇ ਮੈਥਿਊ

34 ਸਾਲਾਂ ਦਾ ਮੈਥਿਊ ਅਤੇ ਉਸ ਦਾ 28 ਸਾਲਾਂ ਦਾ ਭਰਾ ਮਾਈਕਲ ਕੈਨੇਡਾ ਤੋਂ ਹਨ। ਜਦੋਂ ਉਹ ਦੋਵੇਂ ਰੂਸ ਗਏ, ਤਾਂ ਉਹ ਇਹ ਦੇਖ ਕੇ ਹੈਰਾਨ ਰਹਿ ਗਏ ਕਿ ਮੀਟਿੰਗਾਂ ਵਿਚ ਕਿੰਨੇ ਹੀ ਲੋਕ ਆਉਂਦੇ ਹਨ, ਪਰ ਅਗਵਾਈ ਲੈਣ ਵਾਲੇ ਭਰਾ ਬਹੁਤ ਹੀ ਘੱਟ ਹਨ। ਮੈਥਿਊ ਦੱਸਦਾ ਹੈ: “ਮੈਂ ਜਿਸ ਮੰਡਲੀ ਵਿਚ ਗਿਆ ਉੱਥੇ 200 ਲੋਕ ਆਉਂਦੇ ਸਨ, ਪਰ ਮੀਟਿੰਗਾਂ ਚਲਾਉਣ ਲਈ ਸਿਰਫ਼ ਇਕ ਹੀ ਸਿਆਣਾ ਬਜ਼ੁਰਗ ਤੇ ਇਕ ਜਵਾਨ ਸਹਾਇਕ ਸੇਵਕ ਸੀ। ਇਹ ਸਾਰਾ ਕੁਝ ਦੇਖ ਕੇ ਮੇਰੇ ਦਿਲ ਵਿਚ ਆਇਆ ਕਿ ਕਿਉਂ ਨਾ ਮੈਂ ਵੀ ਉੱਥੇ ਜਾ ਕੇ ਉਨ੍ਹਾਂ ਭਰਾਵਾਂ ਦੀ ਮਦਦ ਕਰਾਂ।” ਉਹ 2002 ਵਿਚ ਰੂਸ ਚਲਾ ਗਿਆ।

ਚਾਰ ਸਾਲਾਂ ਬਾਅਦ ਮਾਈਕਲ ਵੀ ਰੂਸ ਚਲਾ ਗਿਆ ਤੇ ਉਸ ਨੂੰ ਵੀ ਅਹਿਸਾਸ ਹੋਇਆ ਕਿ ਹਾਲੇ ਵੀ ਭਰਾਵਾਂ ਦੀ ਕਿੰਨੀ ਲੋੜ ਸੀ। ਸਹਾਇਕ ਸੇਵਕ ਹੋਣ ਦੇ ਨਾਤੇ ਉਸ ਨੂੰ ਮੰਡਲੀ ਦਾ ਹਿਸਾਬ-ਕਿਤਾਬ, ਪ੍ਰਕਾਸ਼ਨਾਂ ਦੀ ਸਾਂਭ-ਸੰਭਾਲ ਅਤੇ ਪ੍ਰਚਾਰ ਦੇ ਇਲਾਕਿਆਂ ਦੀ ਨਿਗਰਾਨੀ ਕਰਨ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ। ਉਸ ਨੂੰ ਉਹ ਵੀ ਕੰਮ ਦਿੱਤੇ ਗਏ ਸਨ ਜੋ ਆਮ ਕਰਕੇ ਮੰਡਲੀ ਦਾ ਸੈਕਟਰੀ ਕਰਦਾ ਹੈ। ਨਾਲੇ ਉਹ ਪਬਲਿਕ ਭਾਸ਼ਣ ਦਿੰਦਾ ਸੀ, ਸੰਮੇਲਨਾਂ ਦਾ ਪ੍ਰਬੰਧ ਕਰਨ ਅਤੇ ਕਿੰਗਡਮ ਹਾਲ ਬਣਾਉਣ ਵਿਚ ਮਦਦ ਕਰਦਾ ਸੀ। ਦਰਅਸਲ, ਅੱਜ ਵੀ ਉਨ੍ਹਾਂ ਮੰਡਲੀਆਂ ਵਿਚ ਭਰਾਵਾਂ ਦੀ ਸਖ਼ਤ ਜ਼ਰੂਰਤ ਹੈ। ਚਾਹੇ ਇੰਨੀਆਂ ਸਾਰੀਆਂ ਜ਼ਿੰਮੇਵਾਰੀਆਂ ਸੰਭਾਲਣ ਲਈ ਸਖ਼ਤ ਮਿਹਨਤ ਕਰਨੀ ਪੈਂਦੀ ਹੈ, ਪਰ ਮਾਈਕਲ, ਜੋ ਹੁਣ ਬਜ਼ੁਰਗ ਵਜੋਂ ਸੇਵਾ ਕਰ ਰਿਹਾ ਹੈ, ਨੇ ਕਿਹਾ: “ਭਰਾਵਾਂ ਦੀ ਮਦਦ ਕਰ ਕੇ ਮੈਨੂੰ ਬਹੁਤ ਖ਼ੁਸ਼ੀ ਹੁੰਦੀ ਹੈ। ਜ਼ਿੰਦਗੀ ਜੀਉਣ ਦਾ ਇਹ ਸਭ ਤੋਂ ਵਧੀਆ ਤਰੀਕਾ ਹੈ!”

ਉੱਥੇ ਮੈਥਿਊ ਦਾ ਮਾਰੀਨਾ ਤੇ ਮਾਈਕਲ ਦਾ ਓਲਗਾ ਨਾਲ ਵਿਆਹ ਹੋ ਗਿਆ। ਇਨ੍ਹਾਂ ਜੋੜਿਆਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਭੈਣ-ਭਰਾ ਖ਼ੁਸ਼ੀ-ਖ਼ੁਸ਼ੀ ਮੰਡਲੀਆਂ ਦੀ ਵਧਣ-ਫੁੱਲਣ ਵਿਚ ਮਦਦ ਕਰ ਰਹੇ ਹਨ।

ਭੈਣਾਂ ਨੇ ਜੋਸ਼ ਨਾਲ ਵਾਢੀ ਦਾ ਕੰਮ ਕੀਤਾ

ਤਾਤੇਆਨਾ

ਯੂਕਰੇਨ ਵਿਚ 1994 ਵਿਚ ਜਦੋਂ ਤਾਤੇਆਨਾ 16 ਸਾਲਾਂ ਦੀ ਸੀ, ਤਾਂ ਉਸ ਦੀ ਮੰਡਲੀ ਵਿਚ ਚੈੱਕ ਗਣਰਾਜ, ਪੋਲੈਂਡ ਤੇ ਸਲੋਵਾਕੀਆ ਤੋਂ ਛੇ ਸਪੈਸ਼ਲ ਪਾਇਨੀਅਰ ਸੇਵਾ ਕਰਨ ਆਏ ਸਨ। ਉਨ੍ਹਾਂ ਨੂੰ ਯਾਦ ਕਰਦੇ ਹੋਏ ਉਹ ਕਹਿੰਦੀ ਹੈ: “ਇਹ ਪਾਇਨੀਅਰ ਬਹੁਤ ਹੀ ਜੋਸ਼ੀਲੇ ਤੇ ਚੰਗੇ ਸਨ ਤੇ ਉਨ੍ਹਾਂ ਨਾਲ ਕੋਈ ਵੀ ਬਿਨਾਂ ਝਿਜਕੇ ਗੱਲ ਕਰ ਸਕਦਾ ਸੀ। ਉਹ ਬਾਈਬਲ ਨੂੰ ਚੰਗੀ ਤਰ੍ਹਾਂ ਜਾਣਦੇ ਸਨ।” ਤਾਤੇਆਨਾ ਨੇ ਦੇਖਿਆ ਕਿ ਯਹੋਵਾਹ ਨੇ ਉਨ੍ਹਾਂ ਦੀਆਂ ਕੁਰਬਾਨੀਆਂ ’ਤੇ ਕਿੰਨੀ ਬਰਕਤ ਪਾਈ ਤੇ ਉਸ ਨੇ ਸੋਚਿਆ: ‘ਮੈਂ ਵੀ ਉਨ੍ਹਾਂ ਵਰਗੀ ਬਣਨਾ ਚਾਹੁੰਦੀ ਹਾਂ।’

ਉਨ੍ਹਾਂ ਪਾਇਨੀਅਰਾਂ ਦੀ ਮਿਸਾਲ ਨੂੰ ਦੇਖ ਕੇ ਤਾਤੇਆਨਾ ਨੇ ਆਪਣੇ ਸਕੂਲ ਦੀਆਂ ਛੁੱਟੀਆਂ ਵਿਚ ਹੋਰ ਭੈਣਾਂ-ਭਰਾਵਾਂ ਨਾਲ ਮਿਲ ਕੇ ਯੂਕਰੇਨ ਤੇ ਬੈਲਾਰੁਸ ਦੇ ਦੂਰ-ਦੁਰਾਡੇ ਇਲਾਕੇ ਵਿਚ ਜਾ ਕੇ ਪ੍ਰਚਾਰ ਕੀਤਾ, ਜਿੱਥੇ ਪਹਿਲਾਂ ਕਦੀ ਵੀ ਪ੍ਰਚਾਰ ਨਹੀਂ ਸੀ ਹੋਇਆ। ਉਸ ਨੂੰ ਛੁੱਟੀਆਂ ਵਿਚ ਪ੍ਰਚਾਰ ਕਰ ਕੇ ਇੰਨਾ ਮਜ਼ਾ ਆਇਆ ਕਿ ਉਸ ਨੇ ਆਪਣੀ ਸੇਵਾ ਨੂੰ ਹੋਰ ਵਧਾਉਣ ਲਈ ਰੂਸ ਜਾਣ ਦਾ ਫ਼ੈਸਲਾ ਕੀਤਾ। ਪਹਿਲਾਂ ਉਹ ਸਿਰਫ਼ ਥੋੜ੍ਹੇ ਚਿਰ ਲਈ ਇਕ ਭੈਣ ਨੂੰ ਮਿਲਣ ਗਈ ਜੋ ਵਿਦੇਸ਼ ਤੋਂ ਆ ਕੇ ਰਹਿ ਰਹੀ ਸੀ। ਤਾਤੇਆਨਾ ਨੇ ਉੱਥੇ ਕੰਮ ਲੱਭਣ ਦੀ ਕੋਸ਼ਿਸ਼ ਕੀਤੀ ਤਾਂਕਿ ਉਹ ਆਪਣੀ ਪਾਇਨੀਅਰਿੰਗ ਜਾਰੀ ਰੱਖ ਸਕੇ। ਕੁਝ ਸਮੇਂ ਬਾਅਦ ਉਹ 2000 ਵਿਚ ਪੱਕੇ ਤੌਰ ਤੇ ਰੂਸ ਚਲੀ ਗਈ। ਕੀ ਉੱਥੇ ਰਹਿਣਾ ਆਸਾਨ ਸੀ?

ਤਾਤੇਆਨਾ ਦੱਸਦੀ ਹੈ: “ਮੇਰੇ ਕੋਲ ਕਿਰਾਏ ’ਤੇ ਘਰ ਲੈਣ ਲਈ ਪੈਸੇ ਨਹੀਂ ਸਨ, ਇਸ ਕਰਕੇ ਮੈਂ ਕਿਸੇ ਦੇ ਘਰ ਵਿਚ ਇਕ ਕਮਰਾ ਕਿਰਾਏ ’ਤੇ ਲੈ ਲਿਆ। ਪਰ ਦੂਜਿਆਂ ਨਾਲ ਰਹਿਣਾ ਸੌਖਾ ਨਹੀਂ ਸੀ। ਕਦੀ-ਕਦੀ ਮੇਰਾ ਦਿਲ ਕਰਦਾ ਸੀ ਕਿ ਮੈਂ ਵਾਪਸ ਚਲੀ ਜਾਵਾਂ। ਪਰ ਯਹੋਵਾਹ ਨੇ ਮੇਰੀ ਇਹ ਸਮਝਣ ਵਿਚ ਮਦਦ ਕੀਤੀ ਕਿ ਇੱਥੇ ਸੇਵਾ ਕਰਨ ਨਾਲ ਮੇਰਾ ਹੀ ਫ਼ਾਇਦਾ ਹੋਵੇਗਾ।” ਅੱਜ ਤਾਤੇਆਨਾ ਰੂਸ ਵਿਚ ਮਿਸ਼ਨਰੀ ਵਜੋਂ ਸੇਵਾ ਕਰ ਰਹੀ ਹੈ। ਉਹ ਕਹਿੰਦੀ ਹੈ: “ਇਨ੍ਹਾਂ ਸਾਲਾਂ ਦੌਰਾਨ ਘਰ ਤੋਂ ਦੂਰ ਰਹਿਣ ਨਾਲ ਮੈਨੂੰ ਬਹੁਤ ਵਧੀਆ ਤਜਰਬੇ ਹੋਏ ਅਤੇ ਮੇਰੇ ਬਹੁਤ ਸਾਰੇ ਦੋਸਤ ਬਣੇ ਹਨ। ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਇਨ੍ਹਾਂ ਸਾਲਾਂ ਦੌਰਾਨ ਯਹੋਵਾਹ ’ਤੇ ਮੇਰਾ ਵਿਸ਼ਵਾਸ ਪੱਕਾ ਹੋਇਆ ਹੈ।”

ਮਾਸਾਕੋ

ਜਪਾਨ ਵਿਚ ਰਹਿਣ ਵਾਲੀ 50 ਕੁ ਸਾਲਾਂ ਦੀ ਮਾਸਾਕੋ ਦਾ ਬਚਪਨ ਤੋਂ ਹੀ ਇਹ ਸੁਪਨਾ ਸੀ ਕਿ ਉਹ ਇਕ ਦਿਨ ਮਿਸ਼ਨਰੀ ਵਜੋਂ ਸੇਵਾ ਕਰੇ, ਪਰ ਬੀਮਾਰ ਹੋਣ ਕਰਕੇ ਉਸ ਨੂੰ ਲੱਗਦਾ ਸੀ ਕਿ ਉਸ ਦਾ ਇਹ ਸੁਪਨਾ ਕਦੀ ਪੂਰਾ ਨਹੀਂ ਹੋਵੇਗਾ। ਪਰ ਜਦੋਂ ਉਸ ਦੀ ਸਿਹਤ ਥੋੜ੍ਹੀ ਜਿਹੀ ਠੀਕ ਹੋਈ, ਤਾਂ ਉਸ ਨੇ ਰੂਸ ਜਾ ਕੇ ਵਾਢੀ ਦੇ ਕੰਮ ਵਿਚ ਮਦਦ ਕੀਤੀ। ਭਾਵੇਂ ਕਿ ਉਸ ਲਈ ਚੰਗਾ ਘਰ ਤੇ ਕੰਮ ਲੱਭਣਾ ਬਹੁਤ ਔਖਾ ਸੀ, ਫਿਰ ਵੀ ਉਸ ਨੇ ਸਫ਼ਾਈ ਦਾ ਕੰਮ ਕਰ ਕੇ ਅਤੇ ਦੂਜਿਆਂ ਨੂੰ ਜਪਾਨੀ ਭਾਸ਼ਾ ਸਿਖਾ ਕੇ ਆਪਣੀ ਪਾਇਨੀਅਰਿੰਗ ਜਾਰੀ ਰੱਖੀ। ਪਰ ਉਹ ਕਿਹੜੀ ਗੱਲ ਕਰਕੇ ਪ੍ਰਚਾਰ ਦੇ ਕੰਮ ਵਿਚ ਲੱਗੀ ਰਹੀ?

14 ਸਾਲ ਰੂਸ ਵਿਚ ਸੇਵਾ ਕਰਨ ਤੋਂ ਬਾਅਦ ਮਾਸਾਕੋ ਕਹਿੰਦੀ ਹੈ: “ਪ੍ਰਚਾਰ ਕਰ ਕੇ ਮੈਨੂੰ ਜੋ ਖ਼ੁਸ਼ੀ ਮਿਲਦੀ ਹੈ, ਉਸ ਦੇ ਸਾਮ੍ਹਣੇ ਮੇਰੀਆਂ ਮੁਸ਼ਕਲਾਂ ਤਾਂ ਕੁਝ ਵੀ ਨਹੀਂ ਹਨ। ਜਿੱਥੇ ਪ੍ਰਚਾਰਕਾਂ ਦੀ ਜ਼ਿਆਦਾ ਲੋੜ ਹੈ, ਉੱਥੇ ਸੇਵਾ ਕਰ ਕੇ ਤੁਹਾਨੂੰ ਮਜ਼ਾ ਆਉਂਦਾ ਹੈ।” ਉਹ ਅੱਗੇ ਕਹਿੰਦੀ ਹੈ: “ਵਾਕਈ, ਇਹ ਮੇਰੇ ਲਈ ਚਮਤਕਾਰ ਤੋਂ ਘੱਟ ਨਹੀਂ ਸੀ ਕਿ ਇਨ੍ਹਾਂ ਸਾਲਾਂ ਦੌਰਾਨ ਯਹੋਵਾਹ ਨੇ ਕਿੱਦਾਂ ਮੇਰੇ ਲਈ ਰੋਟੀ, ਕੱਪੜੇ ਤੇ ਮਕਾਨ ਦਾ ਪ੍ਰਬੰਧ ਕੀਤਾ।” ਰੂਸ ਤੋਂ ਇਲਾਵਾ ਮਾਸਾਕੋ ਨੇ ਕਿਰਗਿਜ਼ਸਤਾਨ ਵਿਚ ਜਾ ਕੇ ਵੀ ਵਾਢੀ ਦੇ ਕੰਮ ਵਿਚ ਹਿੱਸਾ ਲਿਆ ਜਿੱਥੇ ਪ੍ਰਚਾਰਕਾਂ ਦੀ ਜ਼ਿਆਦਾ ਲੋੜ ਸੀ। ਨਾਲੇ ਉਸ ਨੇ ਅੰਗ੍ਰੇਜ਼ੀ, ਚੀਨੀ ਅਤੇ ਵੀਗੁਰ ਭਾਸ਼ਾਵਾਂ ਦੇ ਗਰੁੱਪਾਂ ਦੀ ਵੀ ਮਦਦ ਕੀਤੀ। ਅੱਜ ਉਹ ਸੇਂਟ ਪੀਟਰਸਬਰਗ ਵਿਚ ਪਾਇਨੀਅਰਿੰਗ ਕਰ ਰਹੀ ਹੈ।

ਪਰਿਵਾਰਾਂ ਨੂੰ ਮਿਲੀਆਂ ਬਰਕਤਾਂ

ਇੰਗਾ ਤੇ ਮਿਖ਼ਾਈਲ

ਪੈਸਿਆਂ ਦੀ ਤੰਗੀ ਕਾਰਨ ਬਹੁਤ ਸਾਰੇ ਪਰਿਵਾਰ ਵਿਦੇਸ਼ ਚਲੇ ਜਾਂਦੇ ਹਨ ਤਾਂਕਿ ਉਹ ਆਪਣੇ ਘਰ ਦੇ ਹਾਲਤਾਂ ਨੂੰ ਸੁਧਾਰ ਸਕਣ। ਪਰ ਪੁਰਾਣੇ ਜ਼ਮਾਨੇ ਦੇ ਅਬਰਾਹਾਮ ਤੇ ਸਾਰਾਹ ਵਾਂਗ ਕੁਝ ਪਰਿਵਾਰ ਇਸ ਲਈ ਹੋਰ ਦੇਸ਼ ਚਲੇ ਜਾਂਦੇ ਹਨ ਤਾਂਕਿ ਉਹ ਹੋਰ ਵੀ ਵਧ-ਚੜ੍ਹ ਕੇ ਯਹੋਵਾਹ ਦੀ ਸੇਵਾ ਕਰ ਸਕਣ। (ਉਤ. 12:1-9) ਇਕ ਜੋੜੇ ਦੀ ਮਿਸਾਲ ਲਓ। ਮਿਖ਼ਾਈਲ ਤੇ ਇੰਗਾ 2003 ਵਿਚ ਯੂਕਰੇਨ ਛੱਡ ਕੇ ਰੂਸ ਚਲੇ ਗਏ। ਜਲਦੀ ਹੀ ਉਹ ਸੱਚਾਈ ਦੀ ਭਾਲ ਕਰ ਰਹੇ ਲੋਕਾਂ ਨੂੰ ਮਿਲੇ।

ਮਿਖ਼ਾਈਲ ਕਹਿੰਦਾ ਹੈ: “ਇਕ ਵਾਰ ਅਸੀਂ ਉਸ ਇਲਾਕੇ ਵਿਚ ਪ੍ਰਚਾਰ ਕੀਤਾ ਜਿੱਥੇ ਪਹਿਲਾਂ ਕਦੀ ਪ੍ਰਚਾਰ ਨਹੀਂ ਸੀ ਹੋਇਆ। ਇਕ ਬਜ਼ੁਰਗ ਆਦਮੀ ਨੇ ਦਰਵਾਜ਼ਾ ਖੋਲ੍ਹਿਆ ਤੇ ਸਾਨੂੰ ਪੁੱਛਿਆ, ‘ਕੀ ਤੁਸੀਂ ਪ੍ਰਚਾਰ ਕਰ ਰਹੇ ਹੋ?’ ਜਦੋਂ ਅਸੀਂ ਹਾਂ ਵਿਚ ਜਵਾਬ ਦਿੱਤਾ, ਤਾਂ ਉਸ ਨੇ ਕਿਹਾ: ‘ਮੈਨੂੰ ਪਤਾ ਸੀ ਕਿ ਤੁਸੀਂ ਇਕ ਦਿਨ ਜ਼ਰੂਰ ਆਓਗੇ। ਇਹ ਤਾਂ ਹੋ ਹੀ ਨਹੀਂ ਸਕਦਾ ਕਿ ਯਿਸੂ ਦੇ ਸ਼ਬਦ ਅਧੂਰੇ ਰਹਿ ਜਾਣ।’ ਫਿਰ ਉਸ ਆਦਮੀ ਨੇ ਮੱਤੀ 24:14 ਦਾ ਹਵਾਲਾ ਦਿੱਤਾ।” ਮਿਖ਼ਾਈਲ ਅੱਗੇ ਕਹਿੰਦਾ ਹੈ: “ਅਸੀਂ ਉਸ ਇਲਾਕੇ ਵਿਚ ਚਰਚ ਜਾਣ ਵਾਲੀਆਂ ਦਸ ਔਰਤਾਂ ਨੂੰ ਵੀ ਮਿਲੇ ਜੋ ਸੱਚਾਈ ਜਾਣਨ ਲਈ ਤਰਸ ਰਹੀਆਂ ਸਨ। ਉਨ੍ਹਾਂ ਕੋਲ ਸਦਾ ਦੇ ਲਈ ਜੀਉਂਦੇ ਰਹਿਣਾ ਨਾਂ ਦੀ ਕਿਤਾਬ ਸੀ ਤੇ ਉਹ ਹਰ ਸ਼ਨੀ-ਐਤਵਾਰ ਇਕੱਠੀਆਂ ਹੋ ਕੇ ਆਪੇ ਹੀ ਬਾਈਬਲ ਸਟੱਡੀ ਕਰਦੀਆਂ ਸਨ। ਅਸੀਂ ਕਾਫ਼ੀ ਘੰਟੇ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਦਿੱਤੇ, ਉਨ੍ਹਾਂ ਨਾਲ ਮਿਲ ਕੇ ਰਾਜ ਦੇ ਗੀਤ ਗਾਏ ਅਤੇ ਖਾਣਾ ਖਾਧਾ। ਉਹ ਦਿਨ ਮੈਂ ਕਦੀ ਨਹੀਂ ਭੁੱਲ ਸਕਦਾ।” ਮਿਖ਼ਾਈਲ ਤੇ ਇੰਗਾ ਦੋਨੋਂ ਕਹਿੰਦੇ ਹਨ ਕਿ ਜਿੱਥੇ ਪ੍ਰਚਾਰਕਾਂ ਦੀ ਜ਼ਿਆਦਾ ਲੋੜ ਹੈ, ਉੱਥੇ ਸੇਵਾ ਕਰਨ ਨਾਲ ਉਹ ਯਹੋਵਾਹ ਦੇ ਹੋਰ ਵੀ ਨੇੜੇ ਆਏ, ਉਨ੍ਹਾਂ ਦਾ ਲੋਕਾਂ ਲਈ ਪਿਆਰ ਹੋਰ ਵੀ ਗਹਿਰਾ ਹੋਇਆ ਅਤੇ ਉਨ੍ਹਾਂ ਦੀ ਜ਼ਿੰਦਗੀ ਖ਼ੁਸ਼ੀਆਂ ਨਾਲ ਭਰ ਗਈ। ਅੱਜ ਉਹ ਸਰਕਟ ਕੰਮ ਕਰ ਰਹੇ ਹਨ।

ਔਕਸਾਨਾ, ਅਲੈਕਸੇ ਤੇ ਯੂਰੀ

35 ਕੁ ਸਾਲਾਂ ਦੇ ਯੂਰੀ ਤੇ ਔਕਸਾਨਾ ਅਤੇ ਉਨ੍ਹਾਂ ਦਾ 13 ਸਾਲਾਂ ਦਾ ਮੁੰਡਾ ਅਲੈਕਸੇ ਯੂਕਰੇਨ ਤੋਂ ਹਨ। ਉਹ 2007 ਵਿਚ ਰੂਸ ਦਾ ਬ੍ਰਾਂਚ ਆਫ਼ਿਸ ਦੇਖਣ ਗਏ। ਉੱਥੇ ਉਨ੍ਹਾਂ ਨੇ ਰੂਸ ਦਾ ਨਕਸ਼ਾ ਦੇਖਿਆ ਜਿਸ ਤੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਹਾਲੇ ਵੀ ਕਿੰਨੇ ਵੱਡੇ-ਵੱਡੇ ਇਲਾਕਿਆਂ ਵਿਚ ਅਜੇ ਪ੍ਰਚਾਰ ਨਹੀਂ ਹੋ ਰਿਹਾ ਸੀ। ਔਕਸਾਨਾ ਕਹਿੰਦੀ ਹੈ: “ਨਕਸ਼ਾ ਦੇਖਣ ਤੋਂ ਬਾਅਦ ਹੀ ਸਾਨੂੰ ਅਹਿਸਾਸ ਹੋਇਆ ਕਿ ਰੂਸ ਵਿਚ ਪ੍ਰਚਾਰਕਾਂ ਦੀ ਬਹੁਤ ਲੋੜ ਹੈ। ਇਸ ਗੱਲ ਨੇ ਸਾਡੀ ਮਦਦ ਕੀਤੀ ਕਿ ਅਸੀਂ ਵੀ ਰੂਸ ਜਾ ਕੇ ਸੇਵਾ ਕਰੀਏ।” ਕਿਹੜੀ ਗੱਲ ਨੇ ਉਨ੍ਹਾਂ ਦੀ ਹੋਰ ਮਦਦ ਕੀਤੀ? ਯੂਰੀ ਨੇ ਕਿਹਾ: “ਪ੍ਰਕਾਸ਼ਨਾਂ ਵਿਚ ‘ਕੀ ਤੁਸੀਂ ਵਿਦੇਸ਼ ਵਿਚ ਸੇਵਾ ਕਰ ਸਕਦੇ ਹੋ?’ * ਵਰਗੇ ਅਲੱਗ-ਅਲੱਗ ਲੇਖ ਪੜ੍ਹਨ ਕਰਕੇ ਵੀ ਸਾਡੀ ਮਦਦ ਹੋਈ। ਬ੍ਰਾਂਚ ਨੇ ਸਾਨੂੰ ਰੂਸ ਵਿਚ ਇਕ ਜਗ੍ਹਾ ’ਤੇ ਜਾਣ ਦੀ ਸਲਾਹ ਦਿੱਤੀ ਅਤੇ ਅਸੀਂ ਉੱਥੇ ਘਰ ਤੇ ਕੰਮ ਲੱਭਣਾ ਸ਼ੁਰੂ ਕਰ ਦਿੱਤਾ ਤਾਂਕਿ ਅਸੀਂ ਉੱਥੇ ਰਹਿ ਕੇ ਪ੍ਰਚਾਰ ਕਰ ਸਕੀਏ।” ਉਹ 2008 ਵਿਚ ਰੂਸ ਚਲੇ ਗਏ।

ਸ਼ੁਰੂ-ਸ਼ੁਰੂ ਵਿਚ ਕੰਮ ਲੱਭਣਾ ਔਖਾ ਸੀ ਤੇ ਉਨ੍ਹਾਂ ਨੂੰ ਕਈ ਵਾਰੀ ਆਪਣਾ ਘਰ ਵੀ ਬਦਲਣਾ ਪਿਆ। ਯੂਰੀ ਦੱਸਦਾ ਹੈ: “ਅਸੀਂ ਅਕਸਰ ਪ੍ਰਾਰਥਨਾ ਕਰਦੇ ਸੀ ਕਿ ਯਹੋਵਾਹ ਸਾਨੂੰ ਨਿਰਾਸ਼ ਹੋਣ ਤੋਂ ਬਚਾਵੇ। ਅਸੀਂ ਆਪਣੇ ਆਪ ਨੂੰ ਯਹੋਵਾਹ ਦੇ ਹੱਥਾਂ ਵਿਚ ਛੱਡ ਦਿੱਤਾ ਤੇ ਪ੍ਰਚਾਰ ਦੇ ਕੰਮ ਵਿਚ ਲੱਗੇ ਰਹੇ। ਅਸੀਂ ਦੇਖਿਆ ਕਿ ਜਦੋਂ ਅਸੀਂ ਰਾਜ ਦੇ ਕੰਮਾਂ ਨੂੰ ਪਹਿਲ ਦਿੰਦੇ ਸੀ, ਤਾਂ ਯਹੋਵਾਹ ਸਾਡੀ ਹਰ ਪੱਖੋਂ ਮਦਦ ਕਰਦਾ ਸੀ। ਵਿਦੇਸ਼ ਜਾ ਕੇ ਸੇਵਾ ਕਰਨ ਨਾਲ ਸਾਡਾ ਪਰਿਵਾਰਕ ਰਿਸ਼ਤਾ ਹੋਰ ਵੀ ਮਜ਼ਬੂਤ ਹੋਇਆ।” (ਮੱਤੀ 6:22, 33) ਉੱਥੇ ਸੇਵਾ ਕਰ ਕੇ ਅਲੈਕਸੇ ’ਤੇ ਕੀ ਅਸਰ ਪਿਆ? ਉਸ ਦੀ ਮਾਂ ਔਕਸਾਨਾ ਕਹਿੰਦੀ ਹੈ: “ਉਸ ਨੂੰ ਬਹੁਤ ਫ਼ਾਇਦਾ ਹੋਇਆ। ਉਸ ਨੇ ਨੌਂ ਸਾਲ ਦੀ ਉਮਰ ਵਿਚ ਆਪਣੀ ਜ਼ਿੰਦਗੀ ਯਹੋਵਾਹ ਨੂੰ ਸਮਰਪਿਤ ਕਰ ਦਿੱਤੀ। ਉਸ ਨੂੰ ਅਹਿਸਾਸ ਹੋਇਆ ਕਿ ਇੱਥੇ ਪ੍ਰਚਾਰਕਾਂ ਦੀ ਕਿੰਨੀ ਲੋੜ ਸੀ, ਇਸ ਲਈ ਜਦੋਂ ਵੀ ਉਸ ਨੂੰ ਸਕੂਲ ਦੀਆਂ ਛੁੱਟੀਆਂ ਹੁੰਦੀਆਂ ਸਨ, ਤਾਂ ਉਹ ਔਗਜ਼ੀਲਰੀ ਪਾਇਨੀਅਰਿੰਗ ਕਰਦਾ ਸੀ। ਉਸ ਦਾ ਪ੍ਰਚਾਰ ਲਈ ਜੋਸ਼ ਅਤੇ ਪਿਆਰ ਦੇਖ ਕੇ ਅਸੀਂ ਬਹੁਤ ਖ਼ੁਸ਼ ਹੁੰਦੇ ਹਾਂ।” ਅੱਜ ਯੂਰੀ ਅਤੇ ਔਕਸਾਨਾ ਸਪੈਸ਼ਲ ਪਾਇਨੀਅਰਾਂ ਵਜੋਂ ਸੇਵਾ ਕਰ ਰਹੇ ਹਨ।

“ਮੈਨੂੰ ਇੱਕੋ ਹੀ ਪਛਤਾਵਾ”

ਇਨ੍ਹਾਂ ਭੈਣ-ਭਰਾਵਾਂ ਦੀਆਂ ਗੱਲਾਂ ਤੋਂ ਇਹ ਗੱਲ ਸਾਫ਼ ਹੋ ਗਈ ਕਿ ਜੇ ਅਸੀਂ ਹੋਰ ਥਾਂ ਜਾ ਕੇ ਸੇਵਾ ਕਰਨੀ ਚਾਹੁੰਦੇ ਹਾਂ, ਤਾਂ ਸਾਨੂੰ ਯਹੋਵਾਹ ’ਤੇ ਪੂਰਾ ਭਰੋਸਾ ਰੱਖਣਾ ਚਾਹੀਦਾ ਹੈ। ਇਹ ਗੱਲ ਤਾਂ ਸੱਚ ਹੈ ਕਿ ਜਿਹੜੇ ਭੈਣ-ਭਰਾ ਨਵੀਂ ਜਗ੍ਹਾ ਜਾ ਕੇ ਸੇਵਾ ਕਰਦੇ ਹਨ, ਉਨ੍ਹਾਂ ਨੂੰ ਮੁਸ਼ਕਲਾਂ ਤਾਂ ਆਉਂਦੀਆਂ ਹੀ ਹਨ। ਪਰ ਜਦੋਂ ਉਹ ਲੋਕਾਂ ਨਾਲ ਰਾਜ ਦੀ ਖ਼ੁਸ਼ ਖ਼ਬਰੀ ਸਾਂਝੀ ਕਰਦੇ ਹਨ ਤੇ ਇਸ ਦੇ ਵਧੀਆ ਨਤੀਜੇ ਦੇਖਦੇ ਹਨ, ਤਾਂ ਉਨ੍ਹਾਂ ਦੀ ਖ਼ੁਸ਼ੀ ਦਾ ਕੋਈ ਟਿਕਾਣਾ ਨਹੀਂ ਰਹਿੰਦਾ। ਕੀ ਤੁਸੀਂ ਵੀ ਉਸ ਜਗ੍ਹਾ ਜਾ ਕੇ ਵਾਢੀ ਦੇ ਕੰਮ ਵਿਚ ਹਿੱਸਾ ਲੈਣਾ ਚਾਹੋਗੇ ਜਿੱਥੇ ਹਾਲੇ ਵੀ ਪ੍ਰਚਾਰਕਾਂ ਦੀ ਜ਼ਿਆਦਾ ਲੋੜ ਹੈ? ਜੇ ਤੁਸੀਂ ਯੂਰੀ ਵਾਂਗ ਹੋਰ ਜਗ੍ਹਾ ਜਾ ਕੇ ਸੇਵਾ ਕਰਨੀ ਚਾਹੁੰਦੇ ਹੋ, ਤਾਂ ਸ਼ਾਇਦ ਤੁਸੀਂ ਵੀ ਯੂਰੀ ਵਾਂਗ ਮਹਿਸੂਸ ਕਰੋਗੇ ਜਿਸ ਨੇ ਕਿਹਾ: “ਮੈਨੂੰ ਇੱਕੋ ਹੀ ਪਛਤਾਵਾ ਹੈ ਕਿ ਮੈਂ ਇੱਦਾਂ ਪਹਿਲਾਂ ਕਿਉਂ ਨਹੀਂ ਕੀਤਾ।”

^ ਪੈਰਾ 20 15 ਅਕਤੂਬਰ 1999 ਦੇ ਪਹਿਰਾਬੁਰਜ ਦੇ ਸਫ਼ੇ 23-27 ਦੇਖੋ।