Skip to content

Skip to table of contents

ਉਨ੍ਹਾਂ ਨੇ ਆਪਣੇ ਆਪ ਨੂੰ ਖ਼ੁਸ਼ੀ ਨਾਲ ਪੇਸ਼ ਕੀਤਾ—ਮਿਆਨਮਾਰ

ਉਨ੍ਹਾਂ ਨੇ ਆਪਣੇ ਆਪ ਨੂੰ ਖ਼ੁਸ਼ੀ ਨਾਲ ਪੇਸ਼ ਕੀਤਾ—ਮਿਆਨਮਾਰ

“ਫ਼ਸਲ ਤਾਂ ਬਹੁਤ ਹੈ, ਪਰ ਵਾਢੇ ਥੋੜ੍ਹੇ ਹਨ। ਇਸ ਲਈ ਖੇਤ ਦੇ ਮਾਲਕ ਨੂੰ ਬੇਨਤੀ ਕਰੋ ਕਿ ਉਹ ਫ਼ਸਲ ਵੱਢਣ ਲਈ ਹੋਰ ਕਾਮੇ ਘੱਲ ਦੇਵੇ।” (ਲੂਕਾ 10:2) 2,000 ਸਾਲ ਪਹਿਲਾਂ ਕਹੇ ਯਿਸੂ ਦੇ ਇਹ ਸ਼ਬਦ ਅੱਜ ਮਿਆਨਮਾਰ ਦੇ ਹਾਲਾਤਾਂ ਨੂੰ ਚੰਗੀ ਤਰ੍ਹਾਂ ਦਰਸਾਉਂਦੇ ਹਨ। ਕਿਵੇਂ? ਮਿਆਨਮਾਰ ਵਿਚ ਲਗਭਗ 4,200 ਪ੍ਰਚਾਰਕ 5 ਕਰੋੜ 50 ਲੱਖ ਲੋਕਾਂ ਨੂੰ ਖ਼ੁਸ਼ ਖ਼ਬਰੀ ਸੁਣਾ ਰਹੇ ਹਨ।

ਪਰ “ਖੇਤ ਦੇ ਮਾਲਕ” ਯਹੋਵਾਹ ਨੇ ਅਲੱਗ-ਅਲੱਗ ਦੇਸ਼ਾਂ ਦੇ ਸੈਂਕੜੇ ਮਸੀਹੀਆਂ ਨੂੰ ਪ੍ਰੇਰਿਆ ਹੈ ਕਿ ਉਹ ਦੱਖਣੀ-ਪੂਰਬੀ ਏਸ਼ੀਆ ਦੇ ਇਸ ਦੇਸ਼ ਵਿਚ ਆ ਕੇ ਪ੍ਰਚਾਰ ਅਤੇ ਸਿੱਖਿਆ ਦੇਣ ਦਾ ਕੰਮ ਕਰਨ। ਉਨ੍ਹਾਂ ਨੇ ਆਪਣਾ ਦੇਸ਼ ਕਿਉਂ ਛੱਡਿਆ? ਕਿਹੜੀਆਂ ਗੱਲਾਂ ਨੇ ਉਨ੍ਹਾਂ ਦੀ ਇਹ ਕਦਮ ਚੁੱਕਣ ਵਿਚ ਮਦਦ ਕੀਤੀ? ਨਾਲੇ ਉਹ ਕਿਹੜੀਆਂ ਬਰਕਤਾਂ ਦਾ ਆਨੰਦ ਮਾਣ ਰਹੇ ਹਨ? ਆਓ ਆਪਾਂ ਦੇਖੀਏ।

“ਆ ਜਾਓ, ਸਾਨੂੰ ਹੋਰ ਪਾਇਨੀਅਰਾਂ ਦੀ ਲੋੜ ਹੈ!”

ਜਪਾਨ ਵਿਚ ਕਾਜ਼ੂਹੀਰੋ ਨਾਂ ਦਾ ਇਕ ਪਾਇਨੀਅਰ ਭਰਾ ਹੈ। ਕੁਝ ਸਾਲ ਪਹਿਲਾਂ ਉਸ ਨੂੰ ਮਿਰਗੀ ਦਾ ਦੌਰਾ ਪਿਆ ਤੇ ਉਹ ਬੇਹੋਸ਼ ਹੋ ਗਿਆ ਜਿਸ ਕਰਕੇ ਉਸ ਨੂੰ ਹਸਪਤਾਲ ਲਿਜਾਇਆ ਗਿਆ। ਡਾਕਟਰ ਨੇ ਉਸ ਨੂੰ ਦੋ ਸਾਲ ਤਕ ਕਾਰ ਚਲਾਉਣ ਤੋਂ ਮਨ੍ਹਾ ਕੀਤਾ। ਕਾਜ਼ੂਹੀਰੋ ਨੂੰ ਬਹੁਤ ਦੁੱਖ ਲੱਗਾ। ਉਸ ਨੇ ਆਪਣੇ ਆਪ ਤੋਂ ਪੁੱਛਿਆ, ‘ਮੈਂ ਆਪਣਾ ਮਨਪਸੰਦ ਕੰਮ ਯਾਨੀ ਪਾਇਨੀਅਰਿੰਗ ਕਿਵੇਂ ਕਰਦਾ ਰਹਿ ਸਕਦਾ ਹਾਂ?’ ਉਸ ਨੇ ਦਿਲੋਂ ਪ੍ਰਾਰਥਨਾ ਕੀਤੀ ਤੇ ਯਹੋਵਾਹ ਅੱਗੇ ਤਰਲੇ ਕੀਤੇ ਕਿ ਉਹ ਉਸ ਲਈ ਪਾਇਨੀਅਰਿੰਗ ਕਰਦੇ ਰਹਿਣ ਦਾ ਕੋਈ ਰਾਹ ਖੋਲ੍ਹ ਦੇਵੇ।

ਕਾਜ਼ੂਹੀਰੋ ਤੇ ਮਾਰੀ

ਕਾਜ਼ੂਹੀਰੋ ਦੱਸਦਾ ਹੈ: “ਇਕ ਮਹੀਨੇ ਬਾਅਦ, ਮਿਆਨਮਾਰ ਵਿਚ ਸੇਵਾ ਕਰਨ ਵਾਲੇ ਮੇਰੇ ਇਕ ਦੋਸਤ ਨੂੰ ਮੇਰੀ ਹਾਲਤ ਬਾਰੇ ਪਤਾ ਲੱਗਾ। ਉਸ ਨੇ ਮੈਨੂੰ ਫ਼ੋਨ ਕੀਤਾ ਤੇ ਕਿਹਾ: ‘ਮਿਆਨਮਾਰ ਵਿਚ ਲੋਕ ਬੱਸ ਵਿਚ ਹੀ ਆਉਂਦੇ-ਜਾਂਦੇ ਹਨ। ਤੂੰ ਇੱਥੇ ਆ ਕੇ ਬਿਨਾਂ ਕਾਰ ਚਲਾਏ ਵੀ ਪ੍ਰਚਾਰ ਕਰਦਾ ਰਹਿ ਸਕਦਾ ਹੈਂ।’ ਮੈਂ ਆਪਣੇ ਡਾਕਟਰ ਨੂੰ ਪੁੱਛਿਆ ਕਿ ਮੈਂ ਇਸ ਹਾਲਤ ਵਿਚ ਮਿਆਨਮਾਰ ਜਾ ਸਕਦਾ ਹਾਂ। ਮੈਨੂੰ ਬਹੁਤ ਹੈਰਾਨੀ ਹੋਈ ਜਦੋਂ ਡਾਕਟਰ ਨੇ ਕਿਹਾ: ‘ਮਿਆਨਮਾਰ ਤੋਂ ਦਿਮਾਗ਼ ਦਾ ਇਕ ਮਾਹਰ ਡਾਕਟਰ ਹੁਣੇ ਹੀ ਜਪਾਨ ਆਇਆ ਹੈ। ਮੈਂ ਤੈਨੂੰ ਉਸ ਨਾਲ ਮਿਲਾਵਾਂਗਾ। ਜੇ ਉੱਥੇ ਜਾ ਕੇ ਤੈਨੂੰ ਕਦੀ ਵੀ ਦੌਰਾ ਪਵੇ, ਤਾਂ ਤੂੰ ਉਸ ਡਾਕਟਰ ਤੋਂ ਇਲਾਜ ਕਰਾ ਸਕਦਾ ਹੈਂ।’ ਡਾਕਟਰ ਦੀ ਇਹ ਗੱਲ ਯਹੋਵਾਹ ਵੱਲੋਂ ਮੇਰੀ ਪ੍ਰਾਰਥਨਾ ਦਾ ਜਵਾਬ ਸੀ।”

ਜਲਦੀ ਹੀ, ਕਾਜ਼ੂਹੀਰੋ ਨੇ ਮਿਆਨਮਾਰ ਦੇ ਸ਼ਾਖ਼ਾ ਦਫ਼ਤਰ ਨੂੰ ਈ-ਮੇਲ ਭੇਜੀ ਕਿ ਉਹ ਤੇ ਉਸ ਦੀ ਪਤਨੀ ਮਿਆਨਮਾਰ ਵਿਚ ਪਾਇਨੀਅਰਿੰਗ ਕਰਨੀ ਚਾਹੁੰਦੇ ਹਨ। ਸਿਰਫ਼ ਪੰਜ ਦਿਨਾਂ ਬਾਅਦ ਹੀ ਸ਼ਾਖ਼ਾ ਦਫ਼ਤਰ ਤੋਂ ਜਵਾਬ ਆ ਗਿਆ, “ਆ ਜਾਓ, ਸਾਨੂੰ ਹੋਰ ਪਾਇਨੀਅਰਾਂ ਦੀ ਲੋੜ ਹੈ!” ਕਾਜ਼ੂਹੀਰੋ ਤੇ ਉਸ ਦੀ ਪਤਨੀ ਮਾਰੀ ਨੇ ਆਪਣੀਆਂ ਕਾਰਾਂ ਵੇਚ ਦਿੱਤੀਆਂ, ਵੀਜ਼ਾ ਲਿਆ ਤੇ ਟਿਕਟਾਂ ਖ਼ਰੀਦੀਆਂ। ਅੱਜ ਉਹ ਮਾਂਡਲੇ ਵਿਚ ਸੈਨਤ ਭਾਸ਼ਾ ਦੇ ਗਰੁੱਪ ਵਿਚ ਖ਼ੁਸ਼ੀ-ਖ਼ੁਸ਼ੀ ਸੇਵਾ ਕਰਦੇ ਹਨ। ਕਾਜ਼ੂਹੀਰੋ ਕਹਿੰਦਾ ਹੈ: “ਇਸ ਗੱਲ ਕਰਕੇ ਸਾਨੂੰ ਲੱਗਦਾ ਹੈ ਕਿ ਜ਼ਬੂਰ 37:5 ਵਿਚ ਕੀਤੇ ਪਰਮੇਸ਼ੁਰ ਦੇ ਇਸ ਵਾਅਦੇ ’ਤੇ ਸਾਡੀ ਨਿਹਚਾ ਹੋਰ ਪੱਕੀ ਹੋਈ ਹੈ: ‘ਆਪਣਾ ਰਾਹ ਯਹੋਵਾਹ ਦੇ ਗੋਚਰਾ [ਯਾਨੀ ਹਵਾਲੇ] ਕਰ, ਅਤੇ ਉਸ ਉੱਤੇ ਭਰੋਸਾ ਰੱਖ ਅਤੇ ਉਹ ਪੂਰਿਆਂ ਕਰੇਗਾ।’”

ਯਹੋਵਾਹ ਰਾਹ ਖੋਲ੍ਹਦਾ ਹੈ

2014 ਵਿਚ, ਮਿਆਨਮਾਰ ਵਿਚ ਯਹੋਵਾਹ ਦੇ ਗਵਾਹਾਂ ਦਾ ਖ਼ਾਸ ਵੱਡਾ ਸੰਮੇਲਨ ਹੋਇਆ। ਇਸ ਮੌਕੇ ’ਤੇ ਦੂਸਰੇ ਦੇਸ਼ਾਂ ਤੋਂ ਕਾਫ਼ੀ ਭੈਣ-ਭਰਾ ਆਏ। ਉਨ੍ਹਾਂ ਵਿੱਚੋਂ 34 ਸਾਲਾਂ ਦੀ ਮੌਨੀਕ ਨਾਂ ਦੀ ਇਕ ਭੈਣ ਸੀ ਜੋ ਅਮਰੀਕਾ ਦੀ ਰਹਿਣ ਵਾਲੀ ਹੈ। ਉਹ ਕਹਿੰਦੀ ਹੈ: “ਸੰਮੇਲਨ ਤੋਂ ਵਾਪਸ ਆਉਣ ਤੋਂ ਬਾਅਦ, ਮੈਂ ਯਹੋਵਾਹ ਨੂੰ ਪ੍ਰਾਰਥਨਾ ਕੀਤੀ ਕਿ ਮੈਨੂੰ ਆਪਣੀ ਜ਼ਿੰਦਗੀ ਵਿਚ ਅੱਗੇ ਕਿਹੜਾ ਕਦਮ ਚੁੱਕਣਾ ਚਾਹੀਦਾ ਹੈ। ਮੈਂ ਪਰਮੇਸ਼ੁਰ ਦੀ ਸੇਵਾ ਵਿਚ ਰੱਖੇ ਆਪਣੇ ਟੀਚਿਆਂ ਬਾਰੇ ਆਪਣੇ ਮਾਪਿਆਂ ਨਾਲ ਵੀ ਗੱਲ ਕੀਤੀ। ਸਾਨੂੰ ਸਾਰਿਆਂ ਨੂੰ ਲੱਗਾ ਕਿ ਮੈਨੂੰ ਮਿਆਨਮਾਰ ਜਾ ਕੇ ਸੇਵਾ ਕਰਨੀ ਚਾਹੀਦੀ ਹੈ। ਪਰ ਫ਼ੈਸਲਾ ਕਰਨ ਤੋਂ ਪਹਿਲਾਂ ਮੈਂ ਕੁਝ ਸਮਾਂ ਉਡੀਕ ਕੀਤੀ ਅਤੇ ਯਹੋਵਾਹ ਨੂੰ ਬਹੁਤ ਵਾਰ ਪ੍ਰਾਰਥਨਾ ਕੀਤੀ।” ਮੌਨੀਕ ਦੱਸਦੀ ਹੈ ਕਿ ਉਸ ਨੇ ਇਸ ਤਰ੍ਹਾਂ ਕਿਉਂ ਕੀਤਾ।

ਮੌਨੀਕ ਤੇ ਲੀਅ

“ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ ਸੀ ਕਿ ‘ਪਹਿਲਾਂ ਬੈਠ ਕੇ ਪੂਰਾ ਹਿਸਾਬ ਲਾਓ।’ ਇਸ ਲਈ ਮੈਂ ਆਪਣੇ ਆਪ ਤੋਂ ਪੁੱਛਿਆ: ‘ਕੀ ਮੇਰੇ ਕੋਲ ਉੱਥੇ ਜਾਣ ਜੋਗੇ ਪੈਸੇ ਹਨ? ਕੀ ਮੈਂ ਮਿਆਨਮਾਰ ਵਿਚ ਜ਼ਿਆਦਾ ਕੰਮ ਕੀਤੇ ਬਿਨਾਂ ਆਪਣਾ ਗੁਜ਼ਾਰਾ ਕਰ ਸਕਾਂਗੀ?’” ਉਹ ਦੱਸਦੀ ਹੈ: “ਮੈਨੂੰ ਜਲਦੀ ਅਹਿਸਾਸ ਹੋ ਗਿਆ ਕਿ ਮੇਰੇ ਕੋਲ ਦੂਸਰੇ ਦੇਸ਼ ਜਾਣ ਜੋਗੇ ਪੈਸੇ ਨਹੀਂ ਸਨ।” ਤਾਂ ਫਿਰ, ਉਹ ਦੂਸਰੇ ਦੇਸ਼ ਕਿਵੇਂ ਜਾ ਸਕੀ?​—ਲੂਕਾ 14:28.

ਮੌਨੀਕ ਕਹਿੰਦੀ ਹੈ: “ਇਕ ਦਿਨ ਮੇਰੀ ਮਾਲਕਣ ਨੇ ਮੈਨੂੰ ਆਪਣੇ ਦਫ਼ਤਰ ਵਿਚ ਬੁਲਾਇਆ। ਮੈਂ ਬਹੁਤ ਪਰੇਸ਼ਾਨ ਸੀ ਕਿਉਂਕਿ ਮੈਨੂੰ ਲੱਗਦਾ ਸੀ ਕਿ ਉਸ ਨੇ ਮੈਨੂੰ ਕੰਮ ਤੋਂ ਕੱਢ ਦੇਣਾ। ਪਰ ਇਸ ਦੀ ਬਜਾਇ, ਉਸ ਨੇ ਮੇਰੇ ਕੰਮ ਦੀ ਤਾਰੀਫ਼ ਕੀਤੀ। ਉਸ ਨੇ ਮੈਨੂੰ ਦੱਸਿਆ ਕਿ ਉਹ ਮੈਨੂੰ ਬੋਨਸ ਦੇਣਾ ਚਾਹੁੰਦੀ ਸੀ। ਬੋਨਸ ਵਿਚ ਮੈਨੂੰ ਉੱਨੇ ਪੈਸੇ ਮਿਲੇ ਜਿੰਨਿਆਂ ਦੀ ਮੈਨੂੰ ਲੋੜ ਸੀ।”

ਦਸੰਬਰ 2014 ਤੋਂ ਮੌਨੀਕ ਮਿਆਨਮਾਰ ਵਿਚ ਸੇਵਾ ਕਰ ਰਹੀ ਹੈ। ਉਹ ਉੱਥੇ ਸੇਵਾ ਕਰ ਕੇ ਕਿਵੇਂ ਮਹਿਸੂਸ ਕਰਦੀ ਹੈ ਜਿੱਥੇ ਪ੍ਰਚਾਰਕਾਂ ਦੀ ਜ਼ਿਆਦਾ ਲੋੜ ਹੈ? ਉਹ ਕਹਿੰਦੀ ਹੈ: “ਮੈਂ ਇੱਥੇ ਸੇਵਾ ਕਰ ਕੇ ਬਹੁਤ ਖ਼ੁਸ਼ ਹਾਂ। ਮੈਂ ਤਿੰਨ ਬਾਈਬਲ ਅਧਿਐਨ ਕਰਾ ਰਹੀ ਹਾਂ। ਮੇਰੀ ਇਕ ਸਟੱਡੀ 67 ਸਾਲਾਂ ਦੀ ਹੈ। ਉਹ ਹਮੇਸ਼ਾ ਮੈਨੂੰ ਮੁਸਕਰਾ ਕੇ ਤੇ ਜੱਫੀ ਪਾ ਕੇ ਮਿਲਦੀ ਹੈ। ਜਦੋਂ ਉਸ ਨੂੰ ਪਤਾ ਲੱਗਾ ਕਿ ਪਰਮੇਸ਼ੁਰ ਦਾ ਨਾਂ ਯਹੋਵਾਹ ਹੈ, ਤਾਂ ਉਸ ਦੀਆਂ ਅੱਖਾਂ ਵਿਚ ਹੰਝੂ ਆ ਗਏ। ਉਹ ਕਹਿੰਦੀ ਹੈ: ‘ਮੈਂ ਜ਼ਿੰਦਗੀ ਵਿਚ ਪਹਿਲੀ ਵਾਰ ਸੁਣਿਆ ਕਿ ਪਰਮੇਸ਼ੁਰ ਦਾ ਨਾਂ ਯਹੋਵਾਹ ਹੈ। ਤੇਰੀ ਉਮਰ ਮੇਰੇ ਤੋਂ ਬਹੁਤ ਛੋਟੀ ਹੈ, ਪਰ ਤੂੰ ਮੈਨੂੰ ਸਭ ਤੋਂ ਜ਼ਰੂਰੀ ਗੱਲ ਦੱਸੀ।’ ਇਹ ਸੁਣ ਕੇ ਮੇਰੀਆਂ ਅੱਖਾਂ ਵੀ ਭਰ ਆਈਆਂ। ਇਹੋ ਜਿਹੇ ਤਜਰਬਿਆਂ ਕਰਕੇ ਉਨ੍ਹਾਂ ਥਾਵਾਂ ’ਤੇ ਸੇਵਾ ਕਰ ਕੇ ਬਹੁਤ ਖ਼ੁਸ਼ੀ ਮਿਲਦੀ ਹੈ ਜਿੱਥੇ ਪ੍ਰਚਾਰਕਾਂ ਦੀ ਜ਼ਿਆਦਾ ਲੋੜ ਹੈ।” ਹਾਲ ਹੀ ਵਿਚ, ਮੌਨੀਕ ਨੂੰ ਰਾਜ ਦੇ ਪ੍ਰਚਾਰਕਾਂ ਲਈ ਸਕੂਲ ਵਿਚ ਹਾਜ਼ਰ ਹੋਣ ਦਾ ਸਨਮਾਨ ਮਿਲਿਆ।

2013 ਦੀ ਯਹੋਵਾਹ ਦੇ ਗਵਾਹਾਂ ਦੀ ਯੀਅਰ ਬੁੱਕ ਮਿਆਨਮਾਰ ਬਾਰੇ ਸੀ। ਇਸ ਨੂੰ ਪੜ੍ਹ ਕੇ ਕੁਝ ਜਣਿਆਂ ਨੂੰ ਇੱਥੇ ਆ ਕੇ ਸੇਵਾ ਕਰਨ ਦੀ ਹੱਲਾਸ਼ੇਰੀ ਮਿਲੀ। 31-32 ਸਾਲਾਂ ਦੀ ਭੈਣ ਲੀਅ ਪਹਿਲਾਂ ਹੀ ਦੱਖਣ-ਪੂਰਬੀ ਏਸ਼ੀਆ ਵਿਚ ਰਹਿ ਚੁੱਕੀ ਸੀ। ਉਹ ਪੂਰਾ ਦਿਨ ਕੰਮ ਕਰਦੀ ਸੀ। ਪਰ ਯੀਅਰ ਬੁੱਕ ਪੜ੍ਹ ਕੇ ਉਹ ਮਿਆਨਮਾਰ ਵਿਚ ਸੇਵਾ ਕਰਨ ਬਾਰੇ ਸੋਚਣ ਲੱਗੀ। “2014 ਵਿਚ ਮੈਂ ਯਾਂਗੁਨ ਵਿਚ ਖ਼ਾਸ ਵੱਡੇ ਸੰਮੇਲਨ ’ਤੇ ਗਈ। ਮੈਂ ਮਿਆਨਮਾਰ ਵਿਚ ਇਕ ਜੋੜੇ ਨੂੰ ਮਿਲੀ ਜੋ ਇੱਥੇ ਚੀਨੀ ਲੋਕਾਂ ਨੂੰ ਪ੍ਰਚਾਰ ਕਰਦਾ ਸੀ ਕਿਉਂਕਿ ਇੱਥੇ ਪ੍ਰਚਾਰਕਾਂ ਦੀ ਜ਼ਿਆਦਾ ਲੋੜ ਸੀ। ਮੈਨੂੰ ਚੀਨੀ ਭਾਸ਼ਾ ਆਉਂਦੀ ਸੀ। ਇਸ ਲਈ ਮੈਂ ਮਿਆਨਮਾਰ ਜਾ ਕੇ ਚੀਨੀ ਭਾਸ਼ਾ ਦੇ ਗਰੁੱਪ ਦੀ ਮਦਦ ਕਰਨ ਦਾ ਫ਼ੈਸਲਾ ਕੀਤਾ। ਮੈਂ ਤੇ ਮੌਨੀਕ ਮਾਂਡਲੇ ਚਲੀਆਂ ਗਈਆਂ। ਯਹੋਵਾਹ ਨੇ ਸਾਨੂੰ ਬਰਕਤ ਦਿੱਤੀ ਕਿ ਸਾਨੂੰ ਇੱਕੋ ਸਕੂਲ ਵਿਚ ਥੋੜ੍ਹੇ ਘੰਟਿਆਂ ਵਾਲੀ ਨੌਕਰੀ ਮਿਲ ਗਈ ਅਤੇ ਸਾਨੂੰ ਨੇੜੇ ਰਹਿਣ ਲਈ ਘਰ ਵੀ ਮਿਲ ਗਿਆ। ਚਾਹੇ ਇੱਥੇ ਗਰਮੀ ਹੈ ਤੇ ਜ਼ਿਆਦਾ ਸੁੱਖ-ਸਹੂਲਤਾਂ ਨਹੀਂ ਹਨ, ਪਰ ਫਿਰ ਵੀ ਮੈਨੂੰ ਇੱਥੇ ਸੇਵਾ ਕਰ ਕੇ ਖ਼ੁਸ਼ੀ ਮਿਲਦੀ ਹੈ। ਮਿਆਨਮਾਰ ਵਿਚ ਲੋਕ ਸਾਦੀ ਜ਼ਿੰਦਗੀ ਜੀਉਂਦੇ ਹਨ, ਪਰ ਉਹ ਨਿਮਰ ਹਨ ਤੇ ਖ਼ੁਸ਼ ਖ਼ਬਰੀ ਸੁਣਨ ਲਈ ਤਿਆਰ ਹੁੰਦੇ ਹਨ। ਇਹ ਦੇਖ ਕੇ ਬਹੁਤ ਖ਼ੁਸ਼ੀ ਹੁੰਦੀ ਹੈ ਕਿ ਯਹੋਵਾਹ ਆਪਣਾ ਕੰਮ ਕਿੰਨੀ ਤੇਜ਼ੀ ਨਾਲ ਕਰਾ ਰਿਹਾ ਹੈ। ਮੈਨੂੰ ਪੱਕਾ ਭਰੋਸਾ ਹੈ ਕਿ ਇਹ ਯਹੋਵਾਹ ਦੀ ਹੀ ਇੱਛਾ ਹੈ ਕਿ ਮੈਂ ਮਾਂਡਲੇ ਵਿਚ ਰਹਿ ਕੇ ਸੇਵਾ ਕਰਾਂ।”

ਯਹੋਵਾਹ ਪ੍ਰਾਰਥਨਾਵਾਂ ਸੁਣਦਾ ਹੈ

ਜਿਨ੍ਹਾਂ ਭੈਣਾਂ-ਭਰਾਵਾਂ ਨੇ ਉੱਥੇ ਜਾ ਕੇ ਸੇਵਾ ਕੀਤੀ ਜਿੱਥੇ ਪ੍ਰਚਾਰਕਾਂ ਦੀ ਜ਼ਿਆਦਾ ਲੋੜ ਹੈ, ਉਨ੍ਹਾਂ ਨੇ ਪ੍ਰਾਰਥਨਾ ਦੀ ਤਾਕਤ ਦੇਖੀ ਹੈ। ਜੂਮਪੇ ਤੇ ਉਸ ਦੀ ਪਤਨੀ ਨਾਓ ਦੀ ਮਿਸਾਲ ਲੈ ਲਓ। ਜੂਮਪੇ 37 ਸਾਲਾਂ ਦਾ ਤੇ ਨਾਓ 35 ਸਾਲਾਂ ਦੀ ਹੈ। ਉਹ ਜਪਾਨ ਵਿਚ ਸੈਨਤ ਭਾਸ਼ਾ ਦੀ ਮੰਡਲੀ ਵਿਚ ਸੇਵਾ ਕਰਦੇ ਸਨ। ਉਹ ਮਿਆਨਮਾਰ ਕਿਉਂ ਚਲੇ ਗਏ? ਜੂਮਪੇ ਦੱਸਦਾ ਹੈ: “ਮੇਰਾ ਤੇ ਮੇਰੀ ਪਤਨੀ ਦਾ ਹਮੇਸ਼ਾ ਤੋਂ ਉਸ ਦੇਸ਼ ਵਿਚ ਸੇਵਾ ਕਰਨ ਦਾ ਟੀਚਾ ਰਿਹਾ ਹੈ ਜਿੱਥੇ ਪ੍ਰਚਾਰਕਾਂ ਦੀ ਜ਼ਿਆਦਾ ਲੋੜ ਹੈ। ਜਪਾਨ ਵਿਚ ਸਾਡੀ ਸੈਨਤ ਭਾਸ਼ਾ ਦੀ ਮੰਡਲੀ ਤੋਂ ਇਕ ਭਰਾ ਮਿਆਨਮਾਰ ਸੇਵਾ ਕਰਨ ਚਲਾ ਗਿਆ। ਚਾਹੇ ਸਾਡੇ ਕੋਲ ਥੋੜ੍ਹੇ ਹੀ ਪੈਸੇ ਸਨ, ਪਰ ਫਿਰ ਵੀ ਅਸੀਂ ਮਈ 2010 ਵਿਚ ਮਿਆਨਮਾਰ ਚਲੇ ਗਏ। ਮਿਆਨਮਾਰ ਦੇ ਭੈਣਾਂ-ਭਰਾਵਾਂ ਨੇ ਸਾਡਾ ਨਿੱਘਾ ਸੁਆਗਤ ਕੀਤਾ।” ਜੂਮਪੇ ਨੂੰ ਮਿਆਨਮਾਰ ਵਿਚ ਸੈਨਤ ਭਾਸ਼ਾ ਦੇ ਲੋਕਾਂ ਨੂੰ ਪ੍ਰਚਾਰ ਕਰਨਾ ਕਿਵੇਂ ਲੱਗਦਾ? “ਜਦੋਂ ਅਸੀਂ ਬੋਲ਼ੇ ਲੋਕਾਂ ਨੂੰ ਸੈਨਤ ਭਾਸ਼ਾ ਵਿਚ ਵੀਡੀਓ ਦਿਖਾਉਂਦੇ ਹਾਂ, ਤਾਂ ਉਹ ਹੈਰਾਨ ਰਹਿ ਜਾਂਦੇ ਹਨ। ਉਹ ਸਾਡੇ ਸੰਦੇਸ਼ ਵਿਚ ਬਹੁਤ ਦਿਲਚਸਪੀ ਦਿਖਾਉਂਦੇ ਹਨ। ਅਸੀਂ ਬਹੁਤ ਖ਼ੁਸ਼ ਹਾਂ ਕਿ ਅਸੀਂ ਇੱਥੇ ਆ ਕੇ ਯਹੋਵਾਹ ਦੀ ਸੇਵਾ ਕਰਨ ਦਾ ਫ਼ੈਸਲਾ ਕੀਤਾ!”

ਨਓ ਅਤੇ ਜੁਮਪੇ

ਜੂਮਪੇ ਤੇ ਨਾਓ ਨੇ ਆਪਣਾ ਗੁਜ਼ਾਰਾ ਕਿਵੇਂ ਤੋਰਿਆ? “ਤਿੰਨ ਸਾਲਾਂ ਬਾਅਦ ਸਾਡੇ ਸਾਰੇ ਪੈਸੇ ਲਗਭਗ ਖ਼ਤਮ ਹੋ ਗਏ ਅਤੇ ਸਾਡੇ ਕੋਲ ਅਗਲੇ ਸਾਲ ਦਾ ਕਿਰਾਇਆ ਦੇਣ ਜੋਗੇ ਵੀ ਪੈਸੇ ਨਹੀਂ ਸਨ। ਮੈਂ ਤੇ ਮੇਰੀ ਪਤਨੀ ਨੇ ਦਿਲੋਂ ਪ੍ਰਾਰਥਨਾਵਾਂ ਕੀਤੀਆਂ। ਅਚਾਨਕ ਹੀ ਸ਼ਾਖ਼ਾ ਦਫ਼ਤਰ ਤੋਂ ਚਿੱਠੀ ਆਈ ਕਿ ਸਾਨੂੰ ਥੋੜ੍ਹੇ ਸਮੇਂ ਲਈ ਸਪੈਸ਼ਲ ਪਾਇਨੀਅਰ ਬਣਾ ਦਿੱਤਾ ਗਿਆ ਹੈ। ਸਾਨੂੰ ਯਹੋਵਾਹ ’ਤੇ ਭਰੋਸਾ ਸੀ ਤੇ ਅਸੀਂ ਦੇਖਿਆ ਕਿ ਉਸ ਨੇ ਸਾਨੂੰ ਕਦੇ ਨਹੀਂ ਛੱਡਿਆ। ਉਸ ਨੇ ਹਰ ਤਰੀਕੇ ਨਾਲ ਸਾਡੀ ਦੇਖ-ਭਾਲ ਕੀਤੀ।” ਹਾਲ ਹੀ ਵਿਚ, ਜੂਮਪੇ ਤੇ ਨਾਓ ਰਾਜ ਦੇ ਪ੍ਰਚਾਰਕਾਂ ਲਈ ਸਕੂਲ ਵਿਚ ਵੀ ਹਾਜ਼ਰ ਹੋਏ।

ਯਹੋਵਾਹ ਨੇ ਕਈਆਂ ਨੂੰ ਪ੍ਰੇਰਿਆ

ਇਟਲੀ ਵਿਚ ਰਹਿਣ ਵਾਲੇ 43 ਸਾਲਾਂ ਦੇ ਸਿਮੋਨੇ ਤੇ ਉਸ ਦੀ 37 ਸਾਲਾਂ ਦੀ ਪਤਨੀ ਐਨਾ ਨੂੰ ਕਿਹੜੀ ਗੱਲ ਨੇ ਮਿਆਨਮਾਰ ਵਿਚ ਜਾਣ ਲਈ ਪ੍ਰੇਰਿਆ? ਐਨਾ ਨਿਊਜ਼ੀਲੈਂਡ ਵਿਚ ਜੰਮੀ-ਪਲ਼ੀ ਸੀ। ਐਨਾ ਕਹਿੰਦੀ ਹੈ: “ਸਾਲ 2013 ਦੀ ਯੀਅਰ ਬੁੱਕ ਵਿਚ ਮਿਆਨਮਾਰ ਬਾਰੇ ਛਪੀ ਰਿਪੋਰਟ ਨੇ ਸਾਨੂੰ ਪ੍ਰੇਰਿਆ।” ਸਿਮੋਨੇ ਕਹਿੰਦਾ ਹੈ: “ਮਿਆਨਮਾਰ ਵਿਚ ਸੇਵਾ ਕਰਨੀ ਇਕ ਬਹੁਤ ਵੱਡਾ ਸਨਮਾਨ ਹੈ। ਇੱਥੇ ਜ਼ਿੰਦਗੀ ਬਹੁਤ ਸਾਦੀ ਹੈ ਜਿਸ ਕਰਕੇ ਮੈਂ ਯਹੋਵਾਹ ਦੀ ਸੇਵਾ ਵਿਚ ਜ਼ਿਆਦਾ ਸਮਾਂ ਲਾ ਪਾਉਂਦਾ ਹਾਂ। ਜਦੋਂ ਅਸੀਂ ਉਸ ਜਗ੍ਹਾ ਜਾ ਕੇ ਸੇਵਾ ਕਰਦੇ ਹਾਂ ਜਿੱਥੇ ਪ੍ਰਚਾਰਕਾਂ ਦੀ ਜ਼ਿਆਦਾ ਲੋੜ ਹੈ, ਤਾਂ ਸਾਨੂੰ ਇਹ ਅਹਿਸਾਸ ਹੁੰਦਾ ਕਿ ਯਹੋਵਾਹ ਸਾਡੀ ਕਿੰਨੀ ਪਰਵਾਹ ਕਰਦਾ ਹੈ।” (ਜ਼ਬੂ. 121:5) ਐਨਾ ਕਹਿੰਦੀ ਹੈ: “ਮੈਂ ਪਹਿਲਾਂ ਕਦੇ ਇੰਨੀ ਜ਼ਿਆਦਾ ਖ਼ੁਸ਼ ਨਹੀਂ ਸੀ। ਅਸੀਂ ਸਾਦੀ ਜ਼ਿੰਦਗੀ ਜੀਉਂਦੇ ਹਾਂ। ਹੁਣ ਮੈਂ ਜ਼ਿਆਦਾ ਸਮਾਂ ਆਪਣੇ ਪਤੀ ਨਾਲ ਬਿਤਾਉਂਦੀ ਹਾਂ। ਇਸ ਕਰਕੇ ਅਸੀਂ ਇਕ-ਦੂਜੇ ਦੇ ਹੋਰ ਵੀ ਨੇੜੇ ਆਏ ਹਾਂ। ਸਾਡੇ ਕਈ ਪਿਆਰੇ ਦੋਸਤ ਵੀ ਬਣੇ ਹਨ। ਇੱਥੋਂ ਦੇ ਲੋਕ ਗਵਾਹਾਂ ਨਾਲ ਪੱਖ-ਪਾਤ ਨਹੀਂ ਕਰਦੇ ਅਤੇ ਉਹ ਬਹੁਤ ਹੀ ਦਿਲਚਸਪੀ ਦਿਖਾਉਂਦੇ ਹਨ।” ਕਿਵੇਂ?

ਸਿਮੋਨੇ ਤੇ ਐਨਾ

ਐਨਾ ਦੱਸਦੀ ਹੈ: “ਇਕ ਦਿਨ ਬਾਜ਼ਾਰ ਵਿਚ ਮੈਂ ਯੂਨੀਵਰਸਿਟੀ ਦੀ ਇਕ ਵਿਦਿਆਰਥਣ ਨੂੰ ਪ੍ਰਚਾਰ ਕੀਤਾ ਤੇ ਉਸ ਨੂੰ ਦੁਬਾਰਾ ਮਿਲਣ ਦਾ ਸਮਾਂ ਤੈਅ ਕੀਤਾ। ਜਦੋਂ ਮੈਂ ਉਸ ਨੂੰ ਮਿਲਣ ਗਈ, ਤਾਂ ਉਸ ਨੇ ਆਪਣੀ ਇਕ ਸਹੇਲੀ ਨੂੰ ਵੀ ਬੁਲਾਇਆ ਸੀ। ਅਗਲੀ ਵਾਰ ਜਦੋਂ ਮੈਂ ਫਿਰ ਉਸ ਨੂੰ ਮਿਲਣ ਗਈ, ਤਾਂ ਉਸ ਨੇ ਕੁਝ ਹੋਰ ਸਹੇਲੀਆਂ ਨੂੰ ਬੁਲਾਇਆ ਸੀ। ਉਸ ਤੋਂ ਅਗਲੀ ਵਾਰ ਉਸ ਨੇ ਹੋਰ ਸਹੇਲੀਆਂ ਨੂੰ ਬੁਲਾਇਆ ਸੀ। ਹੁਣ ਮੈਂ ਇਨ੍ਹਾਂ ਵਿੱਚੋਂ ਪੰਜ ਜਣਿਆਂ ਨੂੰ ਬਾਈਬਲ ਅਧਿਐਨ ਕਰਵਾਉਂਦੀ ਹਾਂ। ਸਿਮੋਨੇ ਦੱਸਦਾ ਹੈ: “ਲੋਕਾਂ ਦਾ ਸੁਭਾਅ ਦੋਸਤਾਨਾ ਹੈ ਅਤੇ ਉਹ ਸਾਡੇ ਪ੍ਰਚਾਰ ਦੇ ਕੰਮ ਬਾਰੇ ਜਾਣਨਾ ਚਾਹੁੰਦੇ ਹਨ। ਬਹੁਤ ਸਾਰੇ ਲੋਕ ਸਿੱਖਣਾ ਚਾਹੁੰਦੇ ਹਨ। ਪਰ ਸਾਡੇ ਕੋਲ ਦਿਲਚਸਪੀ ਰੱਖਣ ਵਾਲੇ ਸਾਰੇ ਲੋਕਾਂ ਨੂੰ ਮਿਲਣ ਲਈ ਸਮਾਂ ਹੀ ਨਹੀਂ ਬਚਦਾ।”

ਸਚਿਓ ਤੇ ਮੀਜ਼ੂਹੋ

ਪਰ ਮਿਆਨਮਾਰ ਜਾਣ ਦਾ ਫ਼ੈਸਲਾ ਕਰਨ ਲਈ ਕੀ ਕੀਤਾ ਗਿਆ? ਜਪਾਨ ਵਿਚ ਰਹਿਣ ਵਾਲੀ ਭੈਣ ਮੀਜ਼ੂਹੋ ਦੱਸਦੀ ਹੈ: “ਮੈਂ ਤੇ ਮੇਰਾ ਪਤੀ ਸਾਚੀਓ ਹਮੇਸ਼ਾ ਤੋਂ ਉਸ ਦੇਸ਼ ਵਿਚ ਸੇਵਾ ਕਰਨੀ ਚਾਹੁੰਦੇ ਸੀ ਜਿੱਥੇ ਪ੍ਰਚਾਰਕਾਂ ਦੀ ਜ਼ਿਆਦਾ ਲੋੜ ਹੈ। ਪਰ ਕਿੱਥੇ? 2013 ਦੀ ਯੀਅਰ ਬੁੱਕ ਵਿੱਚੋਂ ਮਿਆਨਮਾਰ ਦੇ ਦਿਲ ਛੂਹਣ ਵਾਲੇ ਤਜਰਬੇ ਪੜ੍ਹ ਕੇ ਅਸੀਂ ਬਹੁਤ ਪ੍ਰਭਾਵਿਤ ਹੋਏ। ਇਸ ਲਈ ਅਸੀਂ ਸੋਚ-ਵਿਚਾਰ ਕਰਨਾ ਸ਼ੁਰੂ ਕੀਤਾ ਕਿ ਸਾਡੇ ਲਈ ਮਿਆਨਮਾਰ ਜਾ ਕੇ ਸੇਵਾ ਕਰਨੀ ਮੁਮਕਿਨ ਹੈ ਜਾਂ ਨਹੀਂ।” ਸਾਚੀਓ ਦੱਸਦਾ ਹੈ: “ਅਸੀਂ ਇਕ ਹਫ਼ਤੇ ਲਈ ਮਿਆਨਮਾਰ ਦੇ ਮੁੱਖ ਸ਼ਹਿਰ ਯਾਂਗੁਨ ਜਾਣ ਦਾ ਫ਼ੈਸਲਾ ਕੀਤਾ। ਉੱਥੇ ਥੋੜ੍ਹੇ ਸਮੇਂ ਲਈ ਜਾਣ ਕਰਕੇ ਸਾਨੂੰ ਪੂਰਾ ਭਰੋਸਾ ਹੋ ਗਿਆ ਕਿ ਸਾਨੂੰ ਇੱਥੇ ਆ ਕੇ ਸੇਵਾ ਕਰਨੀ ਚਾਹੀਦੀ ਹੈ।”

ਕੀ ਤੁਸੀਂ ਬੁਲਾਵੇ ਲਈ ਹਾਮੀ ਭਰ ਸਕਦੇ ਹੋ?

ਜੇਨ, ਡੈਨਿਕਾ, ਰੋਡਨੀ ਤੇ ਜਾਰਡਨ

ਰੋਡਨੀ ਤੇ ਉਸ ਦੀ ਪਤਨੀ ਜੈਨੀ ਆਸਟ੍ਰੇਲੀਆ ਤੋਂ ਹਨ ਤੇ ਉਨ੍ਹਾਂ ਦੀ ਉਮਰ 50 ਤੋਂ ਜ਼ਿਆਦਾ ਸਾਲ ਹੈ। 2010 ਤੋਂ ਉਨ੍ਹਾਂ ਦਾ ਮੁੰਡਾ ਜਾਰਡਨ ਤੇ ਧੀ ਡੈਨਿਕਾ ਦੋਨੋਂ ਮਿਆਨਮਾਰ ਵਿਚ ਸੇਵਾ ਕਰ ਰਹੇ ਹਨ। ਰੋਡਨੀ ਕਹਿੰਦਾ ਹੈ: “ਸਾਨੂੰ ਇਹ ਗੱਲ ਬਹੁਤ ਚੰਗੀ ਲੱਗੀ ਕਿ ਲੋਕ ਪਰਮੇਸ਼ੁਰ ਬਾਰੇ ਜਾਣਨ ਲਈ ਬੇਤਾਬ ਸਨ। ਮੈਂ ਹੋਰ ਪਰਿਵਾਰਾਂ ਨੂੰ ਵੀ ਇਹੀ ਸਲਾਹ ਦਿਆਂਗਾ ਕਿ ਉਹ ਜ਼ਰੂਰ ਮਿਆਨਮਾਰ ਵਰਗੇ ਦੇਸ਼ਾਂ ਵਿਚ ਜਾ ਕੇ ਸੇਵਾ ਕਰਨ।” ਕਿਉਂ? “ਇਹ ਦੇਖ ਕੇ ਬਹੁਤ ਖ਼ੁਸ਼ੀ ਹੁੰਦੀ ਹੈ ਕਿ ਇੱਥੇ ਆਉਣ ਕਰਕੇ ਅਸੀਂ ਯਹੋਵਾਹ ਦੇ ਹੋਰ ਨੇੜੇ ਆਏ ਹਾਂ। ਬਹੁਤ ਸਾਰੇ ਨੌਜਵਾਨ ਫ਼ੋਨਾਂ, ਕਾਰਾਂ, ਨੌਕਰੀਆਂ ਅਤੇ ਹੋਰ ਇਹੋ ਜਿਹੀਆਂ ਚੀਜ਼ਾਂ ਵਿਚ ਹੀ ਵਿਅਸਤ ਹਨ। ਪਰ ਸਾਡੇ ਬੱਚੇ ਪ੍ਰਚਾਰ ਵਿਚ ਵਰਤਣ ਲਈ ਨਵੇਂ ਸ਼ਬਦ ਸਿੱਖਣ ਵਿਚ ਵਿਅਸਤ ਹਨ। ਉਹ ਸਿੱਖਦੇ ਹਨ ਕਿ ਉਨ੍ਹਾਂ ਲੋਕਾਂ ਨਾਲ ਤਰਕ ਕਿਵੇਂ ਕੀਤਾ ਜਾ ਸਕਦਾ ਹੈ ਜਿਨ੍ਹਾਂ ਨੂੰ ਬਾਈਬਲ ਬਾਰੇ ਕੋਈ ਜਾਣਕਾਰੀ ਨਹੀਂ ਹੈ। ਨਾਲੇ ਸਿੱਖਦੇ ਹਨ ਕਿ ਉਹ ਉਸ ਦੇਸ਼ ਦੀ ਮੰਡਲੀ ਦੀਆਂ ਸਭਾਵਾਂ ਵਿਚ ਜਵਾਬ ਕਿਵੇਂ ਦੇ ਸਕਦੇ ਹਨ ਤੇ ਉਹ ਪਰਮੇਸ਼ੁਰ ਦੀ ਸੇਵਾ ਵਿਚ ਕੀਤੇ ਜਾਂਦੇ ਹੋਰ ਕੰਮਾਂ ਵਿਚ ਰੁੱਝੇ ਰਹਿੰਦੇ ਹਨ।”

ਓਲੀਵਰ ਤੇ ਐਨਾ

ਅਮਰੀਕਾ ਤੋਂ ਆਇਆ 37 ਸਾਲਾਂ ਦਾ ਓਲੀਵਰ ਨਾਂ ਭਰਾ ਦੱਸਦਾ ਹੈ ਕਿ ਉਹ ਉੱਥੇ ਜਾ ਕੇ ਸੇਵਾ ਕਰਨ ਦੀ ਸਲਾਹ ਕਿਉਂ ਦਿੰਦਾ ਹੈ ਜਿੱਥੇ ਪ੍ਰਚਾਰਕਾਂ ਦੀ ਜ਼ਿਆਦਾ ਲੋੜ ਹੈ। ਉਹ ਕਹਿੰਦਾ ਹੈ: “ਜਿੱਥੇ ਮਾਹੌਲ ਤੇ ਹਾਲਾਤ ਵੱਖਰੇ ਹੋਣ, ਉੱਥੇ ਜਾ ਕੇ ਸੇਵਾ ਕਰਨ ਦੇ ਬਹੁਤ ਸਾਰੇ ਫ਼ਾਇਦੇ ਹਨ। ਆਪਣੇ ਘਰ ਤੋਂ ਦੂਰ ਸੇਵਾ ਕਰਨ ਕਰਕੇ ਮੇਰਾ ਹੌਸਲਾ ਅਤੇ ਯਹੋਵਾਹ ’ਤੇ ਮੇਰਾ ਭਰੋਸਾ ਵਧਿਆ ਹੈ ਕਿ ਮੈਂ ਕਿਸੇ ਵੀ ਹਾਲਾਤ ਦਾ ਸਾਮ੍ਹਣਾ ਕਰ ਸਕਦਾ ਹਾਂ। ਮੈਂ ਉਨ੍ਹਾਂ ਨਾਲ ਸੇਵਾ ਕੀਤੀ ਜਿਨ੍ਹਾਂ ਨੂੰ ਮੈਂ ਪਹਿਲਾਂ ਨਹੀਂ ਜਾਣਦਾ ਸੀ, ਪਰ ਉਨ੍ਹਾਂ ਦੇ ਵਿਸ਼ਵਾਸ ਮੇਰੇ ਵਿਸ਼ਵਾਸਾਂ ਨਾਲ ਮਿਲਦੇ ਸਨ। ਇਸ ਗੱਲ ਨੇ ਮੇਰੀ ਇਹ ਦੇਖਣ ਵਿਚ ਮਦਦ ਕੀਤੀ ਹੈ ਕਿ ਪਰਮੇਸ਼ੁਰ ਦੇ ਰਾਜ ਦੇ ਸਾਮ੍ਹਣੇ ਇਸ ਦੁਨੀਆਂ ਦੀ ਕੋਈ ਵੀ ਚੀਜ਼ ਮਾਅਨੇ ਨਹੀਂ ਰੱਖਦੀ।” ਅੱਜ ਓਲੀਵਰ ਤੇ ਉਸ ਦੀ ਪਤਨੀ ਐਨਾ ਚੀਨੀ ਭਾਸ਼ਾ ਦੇ ਖੇਤਰ ਵਿਚ ਜੋਸ਼ ਨਾਲ ਸੇਵਾ ਕਰਦੇ ਹਨ।

ਟ੍ਰੇਜ਼ਲ

ਆਸਟ੍ਰੇਲੀਆ ਵਿਚ ਰਹਿਣ ਵਾਲੀ 52 ਸਾਲਾਂ ਦੀ ਟ੍ਰੇਜ਼ਲ ਨਾਂ ਦੀ ਭੈਣ 2004 ਤੋਂ ਮਿਆਨਮਾਰ ਵਿਚ ਸੇਵਾ ਕਰ ਰਹੀ ਹੈ। ਉਹ ਕਹਿੰਦੀ ਹੈ: “ਜਿਨ੍ਹਾਂ ਭੈਣਾਂ-ਭਰਾਵਾਂ ਦੇ ਹਾਲਾਤ ਉਨ੍ਹਾਂ ਨੂੰ ਇਜਾਜ਼ਤ ਦਿੰਦੇ ਹਨ, ਮੈਂ ਉਨ੍ਹਾਂ ਨੂੰ ਦਿਲੋਂ ਗੁਜ਼ਾਰਸ਼ ਕਰਦੀ ਹਾਂ ਕਿ ਉਹ ਉੱਥੇ ਜਾ ਕੇ ਸੇਵਾ ਕਰਨ ਜਿੱਥੇ ਪ੍ਰਚਾਰਕਾਂ ਦੀ ਜ਼ਿਆਦਾ ਲੋੜ ਹੈ। ਮੈਂ ਆਪਣੀ ਜ਼ਿੰਦਗੀ ਵਿਚ ਇਹ ਗੱਲ ਦੇਖੀ ਹੈ ਕਿ ਜੇ ਤੁਸੀਂ ਸੇਵਾ ਕਰਨ ਦੀ ਇੱਛਾ ਰੱਖਦੇ ਹੋ, ਤਾਂ ਯਹੋਵਾਹ ਤੁਹਾਡੇ ਜਤਨਾਂ ’ਤੇ ਅਸੀਸ ਦਿੰਦਾ ਹੈ। ਮੈਂ ਕਦੇ ਸੋਚਿਆ ਵੀ ਨਹੀਂ ਸੀ ਕਿ ਮੈਂ ਕਿਸੇ ਹੋਰ ਜਗ੍ਹਾ ਜਾ ਕੇ ਪ੍ਰਚਾਰ ਕਰਾਂਗੀ ਅਤੇ ਮੈਨੂੰ ਇੰਨੀ ਖ਼ੁਸ਼ੀ ਤੇ ਸੰਤੁਸ਼ਟੀ ਮਿਲੇਗੀ।”

ਤੁਹਾਨੂੰ ਮਿਆਨਮਾਰ ਵਿਚ ਸੇਵਾ ਕਰਨ ਵਾਲੇ ਭੈਣਾਂ-ਭਰਾਵਾਂ ਦੇ ਦਿਲ ਛੂਹ ਜਾਣ ਵਾਲੇ ਤਜਰਬਿਆਂ ਤੋਂ ਜ਼ਰੂਰ ਹੌਸਲਾ ਮਿਲਿਆ ਹੋਣਾ। ਸਾਡੀ ਦੁਆ ਹੈ ਕਿ ਤੁਹਾਨੂੰ ਉਨ੍ਹਾਂ ਇਲਾਕਿਆਂ ਵਿਚ ਨੇਕਦਿਲ ਲੋਕਾਂ ਨੂੰ ਲੱਭਣ ਦੀ ਹੱਲਾਸ਼ੇਰੀ ਜ਼ਰੂਰ ਮਿਲੇ ਜਿੱਥੇ ਅਜੇ ਤਕ ਪ੍ਰਚਾਰ ਨਹੀਂ ਹੋਇਆ ਹੈ। ਜੀ ਹਾਂ, ਜਿੱਥੇ ਪ੍ਰਚਾਰਕਾਂ ਦੀ ਜ਼ਿਆਦਾ ਲੋੜ ਹੈ ਤੁਹਾਨੂੰ ਉੱਥੇ ਸੇਵਾ ਕਰਨ ਦਾ ਸੱਦਾ ਦਿੱਤਾ ਜਾ ਰਿਹਾ ਹੈ, “ਕਿਰਪਾ ਕਰਕੇ, ਇਸ ਪਾਰ ਮਿਆਨਮਾਰ ਵਿਚ ਆ ਕੇ ਸਾਡੀ ਮਦਦ ਕਰੋ!”