Skip to content

Skip to table of contents

ਇਹ ਕਿਸ ਦਾ ਕਮਾਲ ਹੈ?

ਘੋੜੇ ਦੀਆਂ ਲੱਤਾਂ

ਘੋੜੇ ਦੀਆਂ ਲੱਤਾਂ

ਘੋੜਾ 50 ਕਿਲੋਮੀਟਰ (30 ਮੀਲ) ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਦੌੜ ਸਕਦਾ ਹੈ। ਦੌੜਨ ਵੇਲੇ ਭਾਵੇਂ ਉਸ ਦੇ ਸਰੀਰ ਦੇ ਕਈ ਅੰਗ ਕੰਮ ਕਰਦੇ ਹਨ, ਪਰ ਉਸ ਦੀ ਇੰਨੀ ਤਾਕਤ ਨਹੀਂ ਲੱਗਦੀ। ਇਹ ਕਿੱਦਾਂ ਮੁਮਕਿਨ ਹੁੰਦਾ ਹੈ? ਇਸ ਗੱਲ ਦਾ ਰਾਜ਼ ਘੋੜੇ ਦੀਆਂ ਲੱਤਾਂ ਵਿਚ ਹੈ।

ਧਿਆਨ ਦਿਓ ਕਿ ਘੋੜੇ ਦੇ ਦੌੜਨ ਵੇਲੇ ਕੀ ਹੁੰਦਾ ਹੈ। ਜ਼ਮੀਨ ’ਤੇ ਪੈਰ ਲੱਗਣ ਨਾਲ ਪੈਦਾ ਹੋਈ ਊਰਜਾ ਲੱਤਾਂ ਦੀਆਂ ਲਚਕੀਲੀਆਂ ਮਾਸ-ਪੇਸ਼ੀਆਂ ਤੇ ਨਸਾਂ ਵਿਚ ਚਲੀ ਜਾਂਦੀ ਹੈ ਅਤੇ ਇਕ ਸਪਰਿੰਗ ਵਾਂਗ ਮਾਸ-ਪੇਸ਼ੀਆਂ ਤੇ ਨਸਾਂ ਵਿੱਚੋਂ ਇਹ ਊਰਜਾ ਵਾਪਸ ਆਉਂਦੀ ਹੈ ਤੇ ਘੋੜੇ ਦੀ ਅੱਗੇ ਵਧਣ ਵਿਚ ਮਦਦ ਕਰਦੀ ਹੈ।

ਇਸ ਤੋਂ ਇਲਾਵਾ, ਦੌੜਦੇ ਵੇਲੇ ਘੋੜੇ ਦੀਆਂ ਲੱਤਾਂ ਤੇਜ਼ੀ ਨਾਲ ਹਿੱਲਦੀਆਂ ਹਨ ਜਿਸ ਦਾ ਨਸਾਂ ਨੂੰ ਨੁਕਸਾਨ ਹੋ ਸਕਦਾ ਹੈ। ਪਰ ਇਸ ਨਾਲ ਪੈਦਾ ਹੋਏ ਝਟਕਿਆਂ ਨੂੰ ਲੱਤਾਂ ਦੀਆਂ ਮਾਸ-ਪੇਸ਼ੀਆਂ ਸਹਿ ਲੈਂਦੀਆਂ ਹਨ ਜਿਸ ਕਰਕੇ ਨਸਾਂ ਦਾ ਬਚਾਅ ਹੁੰਦਾ ਹੈ। ਖੋਜਕਾਰ ਕਹਿੰਦੇ ਹਨ ਕਿ ਘੋੜੇ ਦੇ ਤੇਜ਼ ਦੌੜਨ ਲਈ ਲੱਤਾਂ ਦੀਆਂ ਮਾਸ-ਪੇਸ਼ੀਆਂ ਅਤੇ ਨਸਾਂ ਦਾ ਡੀਜ਼ਾਈਨ ਖ਼ਾਸ ਤਰੀਕੇ ਨਾਲ ਤਿਆਰ ਕੀਤਾ ਗਿਆ ਹੈ ਜਿਸ ਕਰਕੇ ਦੌੜਨ ਵੇਲੇ ਘੋੜੇ ਵਿਚ ਫੁਰਤੀ ਆਉਂਦੀ ਹੈ ਅਤੇ ਉਸ ਨੂੰ ਤਾਕਤ ਮਿਲਦੀ ਹੈ।

ਇੰਜੀਨੀਅਰ ਇਸ ਡੀਜ਼ਾਈਨ ਦੀ ਨਕਲ ਕਰ ਕੇ ਇਕ ਚਾਰ ਪੈਰਾਂ ਵਾਲਾ ਰੋਬੋਟ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਪਰ ਇਕ ਇੰਸਟੀਚਿਊਟ ਮੁਤਾਬਕ ਇਹ ਡੀਜ਼ਾਈਨ ਇੰਨਾ ਗੁੰਝਲਦਾਰ ਹੈ ਕਿ ਇਸ ਵੇਲੇ ਉਪਲਬਧ ਸਾਮੱਗਰੀ ਅਤੇ ਇੰਜੀਨੀਅਰੀ ਦੇ ਗਿਆਨ ਦੀ ਮਦਦ ਨਾਲ ਇਸ ਡੀਜ਼ਾਈਨ ਦੀ ਨਕਲ ਨਹੀਂ ਕੀਤੀ ਜਾ ਸਕਦੀ।—ਬਾਇਓਮਿਮੈਟਿਕਸ ਰੋਬੋਟਿਕਸ ਲੈਬਾਰਟਰੀ ਆਫ਼ ਦ ਮੈਸੇਚਿਉਸੇਟਸ ਇੰਸਟੀਚਿਊਟ ਆਫ਼ ਟੈਕਨਾਲੋਜੀ।

ਤੁਹਾਡਾ ਕੀ ਖ਼ਿਆਲ ਹੈ? ਕੀ ਘੋੜੇ ਦੀਆਂ ਲੱਤਾਂ ਦੀ ਬਣਤਰ ਵਿਕਾਸਵਾਦ ਦਾ ਨਤੀਜਾ ਹੈ? ਜਾਂ ਕੀ ਇਹ ਕਿਸੇ ਬੁੱਧੀਮਾਨ ਡੀਜ਼ਾਈਨਰ ਦੇ ਹੱਥਾਂ ਦਾ ਕਮਾਲ ਹੈ? ▪ (g14-E 10)