Skip to content

Skip to table of contents

ਪਰਿਵਾਰ ਦੀ ਮਦਦ ਲਈ | ਮਾਪੇ

ਜਦ ਤੁਹਾਡਾ ਬੱਚਾ ਝੂਠ ਬੋਲਦਾ ਹੈ

ਜਦ ਤੁਹਾਡਾ ਬੱਚਾ ਝੂਠ ਬੋਲਦਾ ਹੈ

ਚੁਣੌਤੀ

ਤੁਹਾਡਾ ਪੰਜ ਸਾਲ ਦਾ ਬੇਟਾ ਨਾਲ ਦੇ ਕਮਰੇ ਵਿਚ ਖੇਡ ਰਿਹਾ ਹੈ। * ਅਚਾਨਕ ਤੁਹਾਨੂੰ ਉਸ ਕਮਰੇ ਵਿੱਚੋਂ ਕੁਝ ਟੁੱਟਣ ਦੀ ਆਵਾਜ਼ ਆਉਂਦੀ ਹੈ। ਤੁਸੀਂ ਭੱਜ ਕੇ ਉਸ ਕਮਰੇ ਵਿਚ ਜਾਂਦੇ ਹੋ। ਤੁਹਾਡਾ ਬੱਚਾ ਟੁੱਟੇ ਫੁੱਲਦਾਨ ਕੋਲ ਖੜ੍ਹਾ ਹੈ। ਉਸ ਦੇ ਚਿਹਰੇ ਤੋਂ ਤੁਹਾਨੂੰ ਉਸ ਦੀ ਗ਼ਲਤੀ ਦਾ ਪਤਾ ਲੱਗ ਜਾਂਦਾ ਹੈ।

“ਇਹ ਫੁੱਲਦਾਨ ਤੂੰ ਤੋੜਿਆ?” ਤੁਸੀਂ ਆਪਣੇ ਬੇਟੇ ਨੂੰ ਸਖ਼ਤੀ ਨਾਲ ਪੁੱਛਦੇ ਹੋ।

“ਨਹੀਂ-ਨਹੀਂ ਮੰਮੀ ਮੈਂ ਨਹੀਂ ਤੋੜਿਆ!” ਉਹ ਇਕਦਮ ਜਵਾਬ ਦਿੰਦਾ ਹੈ।

ਇਹ ਕੋਈ ਪਹਿਲੀ ਵਾਰੀ ਨਹੀਂ ਹੈ ਕਿ ਤੁਸੀਂ ਆਪਣੇ ਪੰਜ ਸਾਲ ਦੇ ਬੇਟੇ ਦਾ ਝੂਠ ਫੜਿਆ ਹੋਵੇ। ਕੀ ਤੁਹਾਨੂੰ ਫ਼ਿਕਰਮੰਦ ਹੋਣਾ ਚਾਹੀਦਾ ਹੈ?

ਤੁਹਾਨੂੰ ਕੀ ਪਤਾ ਹੋਣਾ ਚਾਹੀਦਾ

ਹਰ ਤਰ੍ਹਾਂ ਦਾ ਝੂਠ ਗ਼ਲਤ ਹੈ। ਬਾਈਬਲ ਕਹਿੰਦੀ ਹੈ ਕਿ ਯਹੋਵਾਹ ਨੂੰ “ਝੂਠੀ ਜੀਭ” ਤੋਂ ਨਫ਼ਰਤ ਹੈ। (ਕਹਾਉਤਾਂ 6:16, 17) ਇਜ਼ਰਾਈਲੀਆਂ ਨੂੰ ਦਿੱਤੇ ਮੂਸਾ ਦੇ ਕਾਨੂੰਨ ਵਿਚ ਦੱਸਿਆ ਗਿਆ ਸੀ ਕਿ ਧੋਖਾ ਦੇਣ ਵਾਲੇ ਨੂੰ ਸਖ਼ਤ ਸਜ਼ਾ ਦਿੱਤੀ ਜਾਣੀ ਸੀ।ਲੇਵੀਆਂ 19:11, 12.

ਸਾਰੇ ਝੂਠ ਇੱਕੋ ਜਿਹੇ ਨਹੀਂ ਹੁੰਦੇ। ਕੁਝ ਝੂਠ ਦੂਜਿਆਂ ਨੂੰ ਬਦਨਾਮ ਕਰਨ ਲਈ ਬੋਲੇ ਜਾਂਦੇ ਹਨ ਤਾਂਕਿ ਉਨ੍ਹਾਂ ਨੂੰ ਨੁਕਸਾਨ ਪਹੁੰਚੇ। ਕਈ ਵਾਰ ਸ਼ਰਮਿੰਦਗੀ ਜਾਂ ਸਜ਼ਾ ਤੋਂ ਬਚਣ ਲਈ ਖੜ੍ਹੇ ਪੈਰ ਝੂਠ ਬੋਲਿਆ ਜਾਂਦਾ ਹੈ। (ਉਤਪਤ 18:12-15) ਭਾਵੇਂ ਕਿ ਹਰ ਤਰ੍ਹਾਂ ਦਾ ਝੂਠ ਗ਼ਲਤ ਹੈ, ਪਰ ਕਈ ਵਾਰ ਕੁਝ ਝੂਠ ਦੂਜਿਆਂ ਨਾਲੋਂ ਜ਼ਿਆਦਾ ਗੰਭੀਰ ਹੁੰਦੇ ਹਨ। ਜੇ ਤੁਹਾਡੇ ਬੱਚੇ ਨੇ ਝੂਠ ਬੋਲਿਆ ਹੈ, ਤਾਂ ਉਸ ਦੀ ਉਮਰ ਨੂੰ ਧਿਆਨ ਵਿਚ ਰੱਖਦੇ ਹੋਏ ਕਾਰਨ ਜਾਣਨ ਦੀ ਕੋਸ਼ਿਸ਼ ਕਰੋ ਕਿ ਉਹ ਸੱਚਾਈ ਕਿਉਂ ਲੁਕੋ ਰਿਹਾ ਹੈ।

ਬੱਚੇ ਦੇ ਛੋਟੇ ਹੁੰਦਿਆਂ ਤੋਂ ਹੀ ਉਸ ਦੀ ਇਸ ਸਮੱਸਿਆ ਵੱਲ ਧਿਆਨ ਦਿਓ। ਡਾਕਟਰ ਡੇਵਿਡ ਵਲਸ਼ ਲਿਖਦਾ ਹੈ: “ਆਪਣੇ ਬੱਚੇ ਨੂੰ ਸਿਖਾਓ ਕਿ ਭਾਵੇਂ ਉਸ ਨੂੰ ਕਿੰਨਾ ਹੀ ਔਖਾ ਕਿਉਂ ਨਾ ਲੱਗੇ, ਫਿਰ ਵੀ ਉਸ ਨੂੰ ਹਮੇਸ਼ਾ ਸੱਚ ਬੋਲਣਾ ਚਾਹੀਦਾ ਹੈ। ਰਿਸ਼ਤੇ ਭਰੋਸੇ ਦੀ ਡੋਰ ਨਾਲ ਬੱਝੇ ਹੁੰਦੇ ਹਨ ਅਤੇ ਝੂਠ ਨਾਲ ਇਹ ਡੋਰ ਟੁੱਟ ਜਾਂਦੀ ਹੈ।” *

ਘਬਰਾਓ ਨਾ। ਸੱਚ ਤਾਂ ਇਹ ਹੈ ਕਿ ਜੇ ਤੁਹਾਡੇ ਬੱਚੇ ਨੇ ਝੂਠ ਬੋਲਿਆ ਹੈ, ਤਾਂ ਇਸ ਦਾ ਇਹ ਮਤਲਬ ਨਹੀਂ ਕਿ ਉਹ ਹੱਥੋਂ ਨਿਕਲਦਾ ਜਾ ਰਿਹਾ ਹੈ। ਯਾਦ ਰੱਖੋ ਕਿ ਬਾਈਬਲ ਕਹਿੰਦੀ ਹੈ: “ਬਾਲਕ ਦੇ ਮਨ ਵਿੱਚ ਮੂਰਖਤਾਈ ਬੱਧੀ ਹੋਈ ਹੁੰਦੀ ਹੈ।” (ਕਹਾਉਤਾਂ 22:15) ਇਸ ਲਈ, ਸ਼ਾਇਦ ਕਈ ਬੱਚੇ ਇਹ ਸੋਚ ਕੇ ਝੂਠ ਬੋਲਦੇ ਹਨ ਕਿ ਉਹ ਸਜ਼ਾ ਤੋਂ ਆਸਾਨੀ ਨਾਲ ਬਚ ਜਾਣਗੇ। ਪਰ ਜ਼ਰੂਰੀ ਗੱਲ ਇਹ ਹੈ ਕਿ ਤੁਸੀਂ ਉਸ ਵਕਤ ਆਪਣੇ ਬੱਚੇ ਨਾਲ ਕਿਵੇਂ ਪੇਸ਼ ਆਓਗੇ।

ਤੁਸੀਂ ਕੀ ਕਰ ਸਕਦੇ ਹੋ?

ਸਮਝਣ ਦੀ ਕੋਸ਼ਿਸ਼ ਕਰੋ ਕਿ ਤੁਹਾਡਾ ਬੱਚਾ ਝੂਠ ਕਿਉਂ ਬੋਲ ਰਿਹਾ ਹੈ। ਕੀ ਉਹ ਸਜ਼ਾ ਤੋਂ ਡਰਦਾ ਹੈ? ਕੀ ਉਹ ਤੁਹਾਨੂੰ ਦੁੱਖ ਨਹੀਂ ਪਹੁੰਚਾਉਣਾ ਚਾਹੁੰਦਾ? ਜੇ ਤੁਹਾਡਾ ਬੱਚਾ ਆਪਣੇ ਦੋਸਤਾਂ ਤੋਂ ਵਾਹ-ਵਾਹ ਪਾਉਣ ਲਈ ਆਪਣੇ ਮਨੋਂ ਕਹਾਣੀਆਂ ਘੜਦਾ ਹੈ, ਤਾਂ ਇਸ ਦਾ ਮਤਲਬ ਹੈ ਕਿ ਉਸ ਨੂੰ ਅਜੇ ਸੱਚ ਤੇ ਝੂਠ ਵਿਚ ਫ਼ਰਕ ਨਹੀਂ ਪਤਾ। ਜੇ ਤੁਹਾਨੂੰ ਪਤਾ ਹੈ ਕਿ ਤੁਹਾਡਾ ਬੱਚਾ ਝੂਠ ਕਿਉਂ ਬੋਲ ਰਿਹਾ ਹੈ, ਤਾਂ ਤੁਸੀਂ ਉਸ ਨੂੰ ਵਧੀਆ ਤਰੀਕੇ ਨਾਲ ਸੁਧਾਰ ਸਕੋਗੇ।ਬਾਈਬਲ ਦਾ ਅਸੂਲ: 1 ਕੁਰਿੰਥੀਆਂ 13:11.

ਕਦੇ-ਕਦੇ ਸਵਾਲ ਪੁੱਛਣ ਦੀ ਬਜਾਇ ਗੱਲ ਸਿੱਧੀ-ਸਿੱਧੀ ਕਹੋ। ਲੇਖ ਦੇ ਸ਼ੁਰੂ ਵਿਚ ਅਸੀਂ ਦੇਖਿਆ ਕਿ ਸੱਚਾਈ ਪਤਾ ਹੋਣ ਦੇ ਬਾਵਜੂਦ ਮਾਂ ਨੇ ਸਖ਼ਤੀ ਨਾਲ ਬੱਚੇ ਨੂੰ ਪੁੱਛਿਆ:“ਇਹ ਫੁੱਲਦਾਨ ਤੂੰ ਤੋੜਿਆ?” ਬੱਚਾ ਸ਼ਾਇਦ ਮਾਂ ਤੋਂ ਡਰ ਕੇ ਝੂਠ ਬੋਲਦਾ ਹੈ। ਪਰ ਚੰਗਾ ਹੁੰਦਾ ਕਿ ਮਾਂ ਬੱਚੇ ’ਤੇ ਇਲਜ਼ਾਮ ਲਗਾਉਣ ਦੀ ਬਜਾਇ ਉਸ ਨੂੰ ਕਹਿੰਦੀ: “ਲੈ ਤਾਂ ਤੂੰ ਫੁੱਲਦਾਨ ਤੋੜ ਛੱਡਿਆ!” ਮਾਂ ਦੇ ਇੱਦਾਂ ਕਹਿਣ ਨਾਲ ਬੱਚਾ ਝੂਠ ਨਹੀਂ ਬੋਲੇਗਾ ਅਤੇ ਉਹ ਬੱਚੇ ਨੂੰ ਈਮਾਨਦਾਰੀ ਨਾਲ ਸੱਚ ਦੱਸਣ ਲਈ ਪ੍ਰੇਰਿਤ ਕਰੇਗੀ।ਬਾਈਬਲ ਦਾ ਅਸੂਲ: ਕੁਲੁੱਸੀਆਂ 3:9.

ਬੱਚੇ ਦੀ ਈਮਾਨਦਾਰੀ ਲਈ ਉਸ ਦੀ ਤਾਰੀਫ਼ ਕਰੋ। ਬੱਚਿਆਂ ਅੰਦਰ ਆਪਣੇ ਮਾਪਿਆਂ ਨੂੰ ਖ਼ੁਸ਼ ਕਰਨ ਦੀ ਇੱਛਾ ਹੁੰਦੀ ਹੈ। ਬੱਚੇ ਦੇ ਇਸ ਗੁਣ ਨੂੰ ਮੱਦੇ-ਨਜ਼ਰ ਰੱਖਦੇ ਹੋਏ ਉਸ ਨੂੰ ਸਮਝਾਓ ਕਿ ਤੁਹਾਡੇ ਪਰਿਵਾਰ ਵਿਚ ਈਮਾਨਦਾਰੀ ਨੂੰ ਬਹੁਤ ਅਹਿਮੀਅਤ ਦਿੱਤੀ ਜਾਂਦੀ ਹੈ ਅਤੇ ਤੁਸੀਂ ਉਸ ਤੋਂ ਇਹੀ ਉਮੀਦ ਰੱਖਦੇ ਹੋ ਕਿ ਉਹ ਹਮੇਸ਼ਾ ਸੱਚ ਬੋਲੇ।ਬਾਈਬਲ ਦਾ ਅਸੂਲ: ਇਬਰਾਨੀਆਂ 13:18.

ਆਪਣੇ ਬੱਚੇ ਨੂੰ ਸਾਫ਼-ਸਾਫ਼ ਦੱਸੋ ਕਿ ਝੂਠ ਵਿਸ਼ਵਾਸ ਨੂੰ ਤੋੜ ਦਿੰਦਾ ਹੈ ਅਤੇ ਜੇ ਇਕ ਵਾਰ ਵਿਸ਼ਵਾਸ ਟੁੱਟ ਜਾਵੇ, ਤਾਂ ਇਸ ਨੂੰ ਕਾਇਮ ਕਰਨਾ ਬਹੁਤ ਮੁਸ਼ਕਲ ਹੁੰਦਾ ਹੈ। ਬੱਚੇ ਦੇ ਸੱਚ ਬੋਲਣ ’ਤੇ ਉਸ ਦੀ ਤਾਰੀਫ਼ ਕਰੋ। ਮਿਸਾਲ ਲਈ, ਤੁਸੀਂ ਕਹਿ ਸਕਦੇ ਹੋ: “ਮੈਂ ਬਹੁਤ ਖ਼ੁਸ਼ ਹਾਂ ਕਿ ਤੂੰ ਸੱਚ ਬੋਲਿਆ।”

ਖ਼ੁਦ ਇਕ ਚੰਗੀ ਮਿਸਾਲ ਬਣੋ। ਜੇ ਤੁਸੀਂ ਫ਼ੋਨ ’ਤੇ ਕਿਸੇ ਨਾਲ ਗੱਲ ਨਹੀਂ ਕਰਨੀ ਚਾਹੁੰਦੇ ਜਾਂ ਘਰੇ ਆਰਾਮ ਕਰਨਾ ਚਾਹੁੰਦੇ ਹੋ ਅਤੇ ਜੇ ਤੁਹਾਡਾ ਬੇਟਾ ਤੁਹਾਡੇ ਮੂੰਹੋਂ ਇਸ ਤਰ੍ਹਾਂ ਦੀਆਂ ਗੱਲਾਂ ਸੁਣਦਾ ਹੈ: “ਉਸ ਨੂੰ ਕਹਿ ਦੇ ਮੈਂ ਘਰ ਨਹੀਂ” ਜਾਂ “ਮੈਂ ਬੀਮਾਰ ਹਾਂ,” ਤਾਂ ਤੁਸੀਂ ਉਸ ਤੋਂ ਉਮੀਦ ਨਹੀਂ ਰੱਖ ਸਕਦੇ ਕਿ ਉਹ ਤੁਹਾਡੇ ਨਾਲ ਸੱਚ ਬੋਲੇਗਾ।ਬਾਈਬਲ ਦਾ ਅਸੂਲ: ਯਾਕੂਬ 3:17.

ਬਾਈਬਲ ਵਰਤੋ। ਬਾਈਬਲ ਦੇ ਅਸੂਲ ਅਤੇ ਇਸ ਵਿਚ ਦਿੱਤੀਆਂ ਸੱਚੀਆਂ ਘਟਨਾਵਾਂ ਸੱਚ ਬੋਲਣ ’ਤੇ ਜ਼ੋਰ ਦਿੰਦੀਆਂ ਹਨ। ਮਹਾਨ ਸਿੱਖਿਅਕ ਤੋਂ ਸਿੱਖੋ (ਹਿੰਦੀ) ਕਿਤਾਬ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਗਈ ਹੈ। ਇਸ ਵਿਚ ਦਿੱਤੇ ਬਾਈਬਲ ਦੇ ਅਸੂਲ ਤੁਹਾਡੇ ਬੱਚੇ ਦੀ ਮਦਦ ਕਰ ਸਕਦੇ ਹਨ। ਇਸ ਦੇ 22ਵੇਂ ਅਧਿਆਇ ਦਾ ਵਿਸ਼ਾ ਹੈ: “ਸਾਨੂੰ ਝੂਠ ਕਿਉਂ ਨਹੀਂ ਬੋਲਣਾ ਚਾਹੀਦਾ।” (“ਤੁਹਾਡੇ ਬੱਚਿਆਂ ਦੀ ਮਦਦ ਲਈ ਇਕ ਕਿਤਾਬ” ਨਾਂ ਦੀ ਡੱਬੀ ਵਿਚ ਇਸ ਅਧਿਆਇ ਦੀਆਂ ਕੁਝ ਗੱਲਾਂ ਦੇਖੋ।) ▪ (g14-E 11)

^ ਪੈਰਾ 4 ਭਾਵੇਂ ਇਸ ਲੇਖ ਵਿਚ ਮੁੰਡੇ ਦੀ ਗੱਲ ਕੀਤੀ ਗਈ ਹੈ, ਪਰ ਇਹ ਸਲਾਹ ਮੁੰਡੇ-ਕੁੜੀਆਂ ਦੋਵਾਂ ’ਤੇ ਲਾਗੂ ਹੁੰਦੀ ਹੈ।

^ ਪੈਰਾ 11 ਇਹ ਗੱਲ ਅੰਗ੍ਰੇਜ਼ੀ ਦੀ ਕਿਤਾਬ ਹਰ ਉਮਰ ਦੇ ਬੱਚਿਆਂ ਨੂੰ ਨਾਂਹ ਸੁਣਨ ਦੀ ਲੋੜ ਹੈ ਅਤੇ ਮਾਪੇ ਕਿਹੜੇ ਤਰੀਕਿਆਂ ਨਾਲ ਨਾਂਹ ਕਹਿ ਸਕਦੇ ਹਨ ਵਿੱਚੋਂ ਲਈ ਗਈ ਹੈ।