Skip to content

Skip to table of contents

ਪਰਿਵਾਰ ਦੀ ਮਦਦ ਲਈ | ਨੌਜਵਾਨ

ਗ਼ਲਤ ਕੰਮ ਤੋਂ ਇਨਕਾਰ ਕਿਵੇਂ ਕਰੀਏ?

ਗ਼ਲਤ ਕੰਮ ਤੋਂ ਇਨਕਾਰ ਕਿਵੇਂ ਕਰੀਏ?

ਚੁਣੌਤੀ

“ਕਈ ਵਾਰ ਕੁੜੀਆਂ ਮੇਰੇ ਨਾਲ ਗ਼ਲਤ ਕੰਮ ਕਰਨ ਲਈ ਮੇਰੇ ਤੋਂ ਫ਼ੋਨ ਨੰਬਰ ਮੰਗਦੀਆਂ ਹਨ। ਪਰ ਮੈਂ ਇਨਕਾਰ ਕਰ ਕੇ ਉੱਥੋਂ ਚਲਾ ਜਾਂਦਾ ਹਾਂ। ਫਿਰ ਮੈਂ ਮਨ ਹੀ ਮਨ ਸੋਚਦਾ ਹਾਂ, ‘ਜੇ ਮੈਂ ਉਸ ਕੁੜੀ ਨੂੰ ਆਪਣਾ ਨੰਬਰ ਦੇ ਦਿੰਦਾਂ, ਤਾਂ ਕੀ ਹੁੰਦਾ?’ ਸੱਚ ਦੱਸਾਂ, ਤਾਂ ਕਈ ਕੁੜੀਆਂ ਬਹੁਤ ਸੋਹਣੀਆਂ ਹਨ। ਦਿਲ ਵਿਚ ਕਈ ਵਾਰ ਆਉਂਦਾ, ‘ਨੰਬਰ ਦੇਣ ਵਿਚ ਕੀ ਹਰਜ਼ ਆ?’”—ਕਾਰਲੋਸ, * 16 ਸਾਲ ਦਾ।

ਕੀ ਕਾਰਲੋਸ * ਵਾਂਗ ਤੁਹਾਨੂੰ ਵੀ ਗ਼ਲਤ ਕੰਮ ਤੋਂ ਇਨਕਾਰ ਕਰਨਾ ਮੁਸ਼ਕਲ ਲੱਗਦਾ ਹੈ? ਜੇ ਹਾਂ, ਤਾਂ ਤੁਸੀਂ ਇਨਕਾਰ ਕਰਨਾ ਸਿੱਖ ਸਕਦੇ ਹੋ।

ਤੁਹਾਨੂੰ ਕੀ ਪਤਾ ਹੋਣਾ ਚਾਹੀਦਾ

ਜੇ ਤੁਸੀਂ ਗ਼ਲਤ ਕੰਮ ਕਰਨ ਦੇ ਲਾਲਚ ਵਿਚ ਆ ਜਾਓਗੇ, ਤਾਂ ਤੁਹਾਨੂੰ ਹੀ ਨੁਕਸਾਨ ਹੋਵੇਗਾ

ਹਰ ਕਿਸੇ ਦੇ ਦਿਲ ਵਿਚ, ਇੱਥੋਂ ਤਕ ਕਿ ਵੱਡਿਆਂ ਵਿਚ ਵੀ ਗ਼ਲਤ ਕੰਮ ਕਰਨ ਦਾ ਲਾਲਚ ਆ ਸਕਦਾ। ਗ਼ਲਤ ਕੰਮ ਕਰਨ ਦਾ ਬਹਿਕਾਵਾ ਕਿਸੇ ਵੀ ਤਰ੍ਹਾਂ ਆ ਸਕਦਾ ਹੈ। ਵੱਡੀ ਉਮਰ ਦੇ ਪੌਲੁਸ ਰਸੂਲ ਨੇ ਲਿਖਿਆ ਸੀ: “ਮੈਨੂੰ ਪਰਮੇਸ਼ੁਰ ਦੇ ਕਾਨੂੰਨ ਤੋਂ ਦਿਲੋਂ ਖ਼ੁਸ਼ੀ ਹੁੰਦੀ ਹੈ। ਪਰ ਮੈਂ ਆਪਣੇ ਸਰੀਰ ਦੇ ਅੰਗਾਂ ਵਿਚ ਇਕ ਹੋਰ ਕਾਨੂੰਨ ਦੇਖਦਾ ਹਾਂ। ਇਹ ਕਾਨੂੰਨ ਮੇਰੇ ਮਨ ਦੇ ਕਾਨੂੰਨ ਨਾਲ ਲੜਦਾ ਹੈ। ਇਹ ਮੈਨੂੰ ਪਾਪ ਦੇ ਕਾਨੂੰਨ ਦਾ ਗ਼ੁਲਾਮ ਬਣਾ ਕੇ ਰੱਖਦਾ ਹੈ।” (ਰੋਮੀਆਂ 7:22, 23) ਇਸ ਦੇ ਬਾਵਜੂਦ ਪੌਲੁਸ ਨੇ ਆਪਣੀਆਂ ਗ਼ਲਤ ਇੱਛਾਵਾਂ ਸਾਮ੍ਹਣੇ ਹਾਰ ਨਹੀਂ ਮੰਨੀ। ਤੁਸੀਂ ਵੀ ਉਸ ਦੀ ਰੀਸ ਕਰ ਕੇ ਆਪਣੀਆਂ ਇੱਛਾਵਾਂ ਦੇ ਗ਼ੁਲਾਮ ਬਣਨ ਤੋਂ ਬਚ ਸਕਦੇ ਹੋ! (1 ਕੁਰਿੰਥੀਆਂ 9:27) ਜਵਾਨੀ ਵਿਚ ਗ਼ਲਤ ਕੰਮ ਕਰਨ ਤੋਂ ਇਨਕਾਰ ਕਰਨਾ ਸਿੱਖ ਕੇ ਤੁਸੀਂ ਬਹੁਤ ਸਾਰੀਆਂ ਪਰੇਸ਼ਾਨੀਆਂ ਤੋਂ ਬਚੋਗੇ ਅਤੇ ਵੱਡੇ ਹੋ ਕੇ ਵੀ ਤੁਸੀਂ ਗ਼ਲਤ ਕੰਮ ਕਰਨ ਤੋਂ ਇਨਕਾਰ ਕਰ ਸਕੋਗੇ।

ਟੀ. ਵੀ, ਫ਼ਿਲਮਾਂ ਤੇ ਕਿਤਾਬਾਂ ਗ਼ਲਤ ਇੱਛਾਵਾਂ ਭੜਕਾਉਂਦੀਆਂ ਹਨ। ਬਾਈਬਲ “ਜਵਾਨੀ ਦੀਆਂ ਇੱਛਾਵਾਂ” ਬਾਰੇ ਗੱਲ ਕਰਦੀ ਹੈ ਜਿਨ੍ਹਾਂ ’ਤੇ ਕਾਬੂ ਪਾਉਣਾ ਬਹੁਤ ਮੁਸ਼ਕਲ ਹੋ ਸਕਦਾ ਹੈ। (2 ਤਿਮੋਥਿਉਸ 2:22) ਨੌਜਵਾਨਾਂ ਨੂੰ ਧਿਆਨ ਵਿਚ ਰੱਖ ਕੇ ਬਣਾਈਆਂ ਜਾਂਦੀਆਂ ਫ਼ਿਲਮਾਂ, ਟੀ. ਵੀ. ਪ੍ਰੋਗ੍ਰਾਮ, ਗਾਣੇ ਤੇ ਕਿਤਾਬਾਂ ਅਕਸਰ ਗ਼ਲਤ ਇੱਛਾਵਾਂ ਨੂੰ ਭੜਕਾਉਂਦੇ ਹਨ। ਇਨ੍ਹਾਂ ਵਿਚ ਅਕਸਰ ਦਿਖਾਇਆ ਜਾਂਦਾ ਹੈ ਕਿ ਗ਼ਲਤ ਕੰਮ ਕਰਨ ਵਿਚ ਕੋਈ ਬੁਰਾਈ ਨਹੀਂ ਹੈ। ਉਦਾਹਰਣ ਲਈ, ਕਿਸੇ ਫ਼ਿਲਮ ਵਿਚ ਜੇ ਇਕ ਮੁੰਡਾ-ਕੁੜੀ ‘ਇਕ-ਦੂਜੇ ਨੂੰ ਪਿਆਰ’ ਕਰਦੇ ਹਨ, ਤਾਂ ਇਹ ਪੱਕਾ ਹੈ ਕਿ ਉਹ ਫ਼ਿਲਮ ਵਿਚ ਸੈਕਸ ਜ਼ਰੂਰ ਕਰਨਗੇ। ਪਰ ਬਾਈਬਲ ਕਹਿੰਦੀ ਹੈ ਕਿ ਅਸਲ ਜ਼ਿੰਦਗੀ ਵਿਚ ਲੋਕ ਆਪਣੀਆਂ ‘ਸਰੀਰਕ ਇੱਛਾਵਾਂ ਦੇ ਗ਼ੁਲਾਮ ਬਣਨ’ ਤੋਂ ਬਚ ਸਕਦੇ ਹਨ। (1 ਪਤਰਸ 2:11) ਇਸ ਦਾ ਮਤਲਬ ਹੈ ਕਿ ਤੁਸੀਂ ਗ਼ਲਤ ਕੰਮ ਕਰਨ ਤੋਂ ਇਨਕਾਰ ਕਰ ਸਕਦੇ ਹੋ। ਪਰ ਕਿਵੇਂ?

ਤੁਸੀਂ ਕੀ ਕਰ ਸਕਦੇ ਹੋ

ਆਪਣੀਆਂ ਕਮਜ਼ੋਰੀਆਂ ਜਾਣੋ। ਸੰਗਲੀ ਦੀ ਮਜ਼ਬੂਤੀ ਉਸ ਦੀ ਹਰੇਕ ਕੜੀ ’ਤੇ ਨਿਰਭਰ ਕਰਦੀ ਹੈ। ਜੇ ਇਕ ਵੀ ਕੜੀ ਕਮਜ਼ੋਰ ਹੈ, ਤਾਂ ਸੰਗਲੀ ਟੁੱਟ ਜਾਵੇਗੀ। ਇਸੇ ਤਰ੍ਹਾਂ, ਤੁਹਾਡੀ ਕਿਸੇ ਕਮਜ਼ੋਰੀ ਕਰਕੇ ਤੁਹਾਡਾ ਸਹੀ ਕੰਮ ਕਰਨ ਦਾ ਪੱਕਾ ਇਰਾਦਾ ਕਮਜ਼ੋਰ ਪੈ ਜਾਵੇਗਾ। ਸੋ ਤੁਹਾਨੂੰ ਕਿਹੜੀਆਂ ਗੱਲਾਂ ਵਿਚ ਖ਼ਬਰਦਾਰ ਰਹਿਣ ਦੀ ਲੋੜ ਹੈ?​—ਬਾਈਬਲ ਦਾ ਅਸੂਲ: ਯਾਕੂਬ 1:14.

ਪਹਿਲਾਂ ਤੋਂ ਤਿਆਰ ਰਹੋ। ਉਨ੍ਹਾਂ ਹਾਲਾਤਾਂ ਬਾਰੇ ਸੋਚੋ ਜਿਨ੍ਹਾਂ ਵਿਚ ਤੁਹਾਡੇ ਤੋਂ ਗ਼ਲਤ ਕੰਮ ਹੋ ਸਕਦਾ ਹੈ। ਸੋਚੋ ਕਿ ਇਸ ਤਰ੍ਹਾਂ ਦੇ ਹਾਲਾਤ ਪੈਦਾ ਹੋਣ ਤੇ ਤੁਸੀਂ ਕੀ ਕਰੋਗੇ।​—ਬਾਈਬਲ ਦਾ ਅਸੂਲ: ਕਹਾਉਤਾਂ 22:3.

ਆਪਣਾ ਇਰਾਦਾ ਪੱਕਾ ਕਰੋ। ਬਾਈਬਲ ਦੱਸਦੀ ਹੈ ਕਿ ਜਦੋਂ ਯੂਸੁਫ਼ ਨੂੰ ਨਾਜਾਇਜ਼ ਸਰੀਰਕ ਸੰਬੰਧ ਬਣਾਉਣ ਦਾ ਲਾਲਚ ਦਿੱਤਾ ਗਿਆ ਸੀ, ਤਾਂ ਉਸ ਨੇ ਕਿਹਾ ਸੀ: “ਮੈਂ ਐੱਡੀ ਵੱਡੀ ਬੁਰਿਆਈ ਅਤੇ ਪਾਪ ਪਰਮੇਸ਼ੁਰ ਦੇ ਵਿਰੁੱਧ ਕਿਵੇਂ ਕਰਾਂ?” (ਉਤਪਤ 39:9) ‘ਮੈਂ ਇਹ ਕਿਵੇਂ ਕਰਾਂ’ ਸ਼ਬਦਾਂ ਤੋਂ ਜ਼ਾਹਰ ਹੁੰਦਾ ਹੈ ਕਿ ਉਸ ਨੇ ਸਹੀ ਕੰਮ ਕਰਨ ਦਾ ਪੱਕਾ ਇਰਾਦਾ ਕੀਤਾ ਸੀ। ਕੀ ਤੁਸੀਂ ਕੀਤਾ ਹੈ?

ਸਹੀ ਦੋਸਤ ਚੁਣੋ। ਜੇ ਤੁਸੀਂ ਅਜਿਹੇ ਦੋਸਤ ਬਣਾਓਗੇ ਜੋ ਤੁਹਾਡੇ ਵਾਂਗ ਉੱਚੇ ਅਸੂਲਾਂ ’ਤੇ ਚੱਲਦੇ ਹਨ, ਤਾਂ ਤੁਸੀਂ ਜ਼ਿੰਦਗੀ ਵਿਚ ਬਹੁਤ ਸਾਰੇ ਗ਼ਲਤ ਕੰਮ ਕਰਨ ਤੋਂ ਬਚ ਸਕੋਗੇ। ਬਾਈਬਲ ਕਹਿੰਦੀ ਹੈ: “ਬੁੱਧਵਾਨਾਂ ਦਾ ਸੰਗੀ ਬੁੱਧਵਾਨ ਬਣ ਜਾਂਦਾ ਹੈ।”​—ਕਹਾਉਤਾਂ 13:20.

ਅਜਿਹੇ ਹਾਲਾਤਾਂ ਤੋਂ ਬਚੋ ਜਿਨ੍ਹਾਂ ਵਿਚ ਤੁਹਾਡੇ ਲਈ ਗ਼ਲਤ ਕੰਮ ਨੂੰ ਨਾਂਹ ਕਹਿਣਾ ਮੁਸ਼ਕਲ ਹੋਵੇਗਾ। ਉਦਾਹਰਣ ਲਈ:

  • ਤੁਸੀਂ ਕਿਸੇ ਕੁੜੀ ਨਾਲ ਕਦੇ ਵੀ ਇਕੱਲੇ ਨਾ ਹੋਵੋ।

  • ਤੁਸੀਂ ਅਜਿਹੇ ਸਮੇਂ ਜਾਂ ਜਗ੍ਹਾ ’ਤੇ ਇੰਟਰਨੈੱਟ ਇਸਤੇਮਾਲ ਨਾ ਕਰੋ ਜਿੱਥੇ ਤੁਹਾਨੂੰ ਪੋਰਨੋਗ੍ਰਾਫੀ ਦੇਖਣ ਦਾ ਲਾਲਚ ਆ ਸਕਦਾ ਹੈ।

  • ਉਨ੍ਹਾਂ ਲੋਕਾਂ ਤੋਂ ਦੂਰ ਰਹੋ ਜਿਨ੍ਹਾਂ ਦੀ ਬੋਲੀ ਤੇ ਚਾਲ-ਚਲਣ ਗ਼ਲਤ ਕੰਮਾਂ ਨੂੰ ਹੱਲਾਸ਼ੇਰੀ ਦਿੰਦਾ ਹੈ।

ਤੁਸੀਂ ਗ਼ਲਤ ਕੰਮ ਵਿਚ ਪੈਣ ਤੋਂ ਬਚਣ ਲਈ ਕਿਹੜੇ ਅਸੂਲਾਂ ’ਤੇ ਚੱਲ ਸਕਦੇ ਹੋ?​—ਬਾਈਬਲ ਦਾ ਅਸੂਲ: 2 ਤਿਮੋਥਿਉਸ 2:22.

ਮਦਦ ਲਈ ਪ੍ਰਾਰਥਨਾ ਕਰੋ। ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ ਸੀ: “ਪ੍ਰਾਰਥਨਾ ਕਰਦੇ ਰਹੋ ਕਿ ਤੁਸੀਂ ਕਿਸੇ ਪਰੀਖਿਆ ਦੌਰਾਨ ਡਿਗ ਨਾ ਪਵੋ।” (ਮੱਤੀ 26:41) ਯਹੋਵਾਹ ਪਰਮੇਸ਼ੁਰ ਵੀ ਚਾਹੁੰਦਾ ਹੈ ਕਿ ਤੁਸੀਂ ਗ਼ਲਤ ਕੰਮ ਕਰਨ ਤੋਂ ਇਨਕਾਰ ਕਰੋ ਅਤੇ ਉਹ ਇਸ ਮਾਮਲੇ ਵਿਚ ਤੁਹਾਡੀ ਮਦਦ ਕਰਨ ਲਈ ਤਿਆਰ ਹੈ। ਬਾਈਬਲ ਕਹਿੰਦੀ ਹੈ: “ਜਿੰਨਾ ਤੁਸੀਂ ਬਰਦਾਸ਼ਤ ਕਰ ਸਕਦੇ ਹੋ, ਉਸ ਤੋਂ ਵੱਧ ਉਹ ਤੁਹਾਨੂੰ ਪਰੀਖਿਆ ਵਿਚ ਨਹੀਂ ਪੈਣ ਦੇਵੇਗਾ, ਸਗੋਂ ਪਰੀਖਿਆ ਦੇ ਵੇਲੇ ਉਹ ਤੁਹਾਡੇ ਲਈ ਰਾਹ ਵੀ ਖੋਲ੍ਹ ਦੇਵੇਗਾ ਤਾਂਕਿ ਤੁਸੀਂ ਉਸ ਪਰੀਖਿਆ ਦਾ ਸਾਮ੍ਹਣਾ ਕਰ ਸਕੋ।”​—1 ਕੁਰਿੰਥੀਆਂ 10:13. ▪ (g14 10-E)

^ ਪੈਰਾ 4 ਨਾਂ ਬਦਲਿਆ ਗਿਆ ਹੈ।

^ ਪੈਰਾ 5 ਭਾਵੇਂ ਇਸ ਲੇਖ ਵਿਚ ਮੁੰਡੇ ਦੀ ਗੱਲ ਕੀਤੀ ਗਈ ਹੈ, ਪਰ ਲੇਖ ਵਿਚ ਦਿੱਤੇ ਸਿਧਾਂਤ ਮੁੰਡੇ-ਕੁੜੀਆਂ ਦੋਵਾਂ ’ਤੇ ਲਾਗੂ ਹੁੰਦੇ ਹਨ।