Skip to content

Skip to table of contents

ਇੰਟਰਵਿਊ | ਫ੍ਰੇਡੇਰੀਕ ਡੂਮੁਲਿਨ

“ਮੈਨੂੰ ਯਕੀਨ ਹੈ ਕਿ ਇਕ ਸ੍ਰਿਸ਼ਟੀਕਰਤਾ ਹੈ”

“ਮੈਨੂੰ ਯਕੀਨ ਹੈ ਕਿ ਇਕ ਸ੍ਰਿਸ਼ਟੀਕਰਤਾ ਹੈ”

ਫ੍ਰੇਡੇਰੀਕ ਡੂਮੁਲਿਨ ਬੈਲਜੀਅਮ ਦੀ ਖੈਂਟ ਯੂਨੀਵਰਸਿਟੀ ਦੇ ਫਾਰਮਾਸਿਊਟੀਕਲ ਰੀਸਰਚ ਵਿਭਾਗ ਵਿਚ 10 ਸਾਲਾਂ ਤੋਂ ਜ਼ਿਆਦਾ ਕੰਮ ਕਰ ਰਿਹਾ ਹੈ। ਇਕ ਸਮੇਂ ਤੇ ਉਹ ਰੱਬ ਨੂੰ ਬਿਲਕੁਲ ਨਹੀਂ ਸੀ ਮੰਨਦਾ। ਪਰ ਕੁਝ ਸਮੇਂ ਬਾਅਦ ਉਸ ਨੂੰ ਯਕੀਨ ਹੋ ਗਿਆ ਕਿ ਰੱਬ ਨੇ ਹੀ ਜ਼ਿੰਦਗੀ ਦੀ ਸ਼ੁਰੂਆਤ ਕੀਤੀ। ਫ੍ਰੇਡੇਰੀਕ ਹੁਣ ਯਹੋਵਾਹ ਦਾ ਗਵਾਹ ਹੈ ਅਤੇ ਜਾਗਰੂਕ ਬਣੋ! ਨੇ ਉਸ ਨੂੰ ਉਸ ਦੇ ਕੰਮਾਂ ਤੇ ਵਿਸ਼ਵਾਸਾਂ ਬਾਰੇ ਪੁੱਛਿਆ।

ਕੀ ਤੁਸੀਂ ਬਚਪਨ ਤੋਂ ਹੀ ਰੱਬ ਨੂੰ ਮੰਨਦੇ ਆਏ ਹੋ?

ਹਾਂਜੀ। ਮੇਰੀ ਮੰਮੀ ਰੋਮਨ ਕੈਥੋਲਿਕ ਸੀ। ਪਰ ਜਦ ਮੈਂ ਪੜ੍ਹਿਆ ਕਿ ਇਸ ਧਰਮ ਦੇ ਲੋਕਾਂ ਨੇ ਮੁਸਲਮਾਨਾਂ ਨਾਲ ਯੁੱਧ ਕੀਤੇ ਅਤੇ ਹੋਰ ਲੋਕਾਂ ’ਤੇ ਜ਼ੁਲਮ ਢਾਹੇ, ਤਾਂ ਮੈਨੂੰ ਧਰਮ ਨਾਲ ਇੰਨੀ ਨਫ਼ਰਤ ਹੋ ਗਈ ਕਿ ਮੈਂ ਇਸ ਨਾਲ ਕੋਈ ਵਾਸਤਾ ਨਹੀਂ ਸੀ ਰੱਖਣਾ ਚਾਹੁੰਦਾ। ਨਾਲੇ ਹੋਰ ਧਰਮਾਂ ਬਾਰੇ ਪੜ੍ਹ ਕੇ ਵੀ ਮੈਂ ਦੇਖਿਆ ਕਿ ਉਹ ਵੀ ਇੱਦਾਂ ਦੇ ਹੀ ਸਨ। ਜਦੋਂ ਮੈਂ 14 ਸਾਲਾਂ ਦਾ ਸੀ, ਤਾਂ ਧਰਮ ਵਿਚ ਫੈਲਿਆ ਭ੍ਰਿਸ਼ਟਾਚਾਰ ਦੇਖ ਕੇ ਮੈਨੂੰ ਲੱਗਾ ਕਿ ਰੱਬ ਹੈ ਹੀ ਨਹੀਂ। ਇਸ ਲਈ ਜਦੋਂ ਸਕੂਲ ਵਿਚ ਵਿਕਾਸਵਾਦ ਬਾਰੇ ਸਿਖਾਇਆ ਗਿਆ, ਤਾਂ ਮੈਨੂੰ ਪੂਰਾ ਯਕੀਨ ਹੋ ਗਿਆ ਕਿ ਜ਼ਿੰਦਗੀ ਦੀ ਸ਼ੁਰੂਆਤ ਆਪਣੇ-ਆਪ ਹੋਈ ਹੈ।

ਤੁਸੀਂ ਸਾਇੰਸ ਵਿਚ ਦਿਲਚਸਪੀ ਲੈਣੀ ਕਦੋਂ ਸ਼ੁਰੂ ਕੀਤੀ?

ਸੱਤ ਸਾਲਾਂ ਦੀ ਉਮਰ ਵਿਚ ਮੈਨੂੰ ਇਕ ਮਾਈਕ੍ਰੋਸਕੋਪ ਦਿੱਤਾ ਗਿਆ ਜੋ ਮੇਰਾ ਮਨ-ਪਸੰਦ ਖਿਡੌਣਾ ਸੀ। ਹੋਰ ਚੀਜ਼ਾਂ ਤੋਂ ਇਲਾਵਾ, ਮੈਂ ਇਸ ਨਾਲ ਰੰਗ-ਬਰੰਗੇ ਕੀੜੇ-ਮਕੌੜਿਆਂ ਅਤੇ ਤਿਤਲੀਆਂ ਦੀ ਖੋਜਬੀਨ ਕਰਦਾ ਸੀ।

ਤੁਸੀਂ ਜੀਵਨ ਦੀ ਸ਼ੁਰੂਆਤ ਵਿਚ ਦਿਲਚਸਪੀ ਲੈਣੀ ਕਦੋਂ ਸ਼ੁਰੂ ਕੀਤੀ?

ਜਦੋਂ ਮੈਂ 22 ਸਾਲਾਂ ਦਾ ਸੀ, ਤਾਂ ਮੇਰੀ ਮੁਲਾਕਾਤ ਇਕ ਸਾਇੰਟਿਸਟ ਨਾਲ ਹੋਈ ਜੋ ਯਹੋਵਾਹ ਦੀ ਗਵਾਹ ਸੀ। ਉਹ ਮੰਨਦੀ ਸੀ ਕਿ ਰੱਬ ਨੇ ਹੀ ਜੀਵਨ ਦੀ ਸ਼ੁਰੂਆਤ ਕੀਤੀ ਹੈ, ਪਰ ਮੈਨੂੰ ਉਸ ਦੀ ਇਹ ਗੱਲ ਬੜੀ ਅਜੀਬ ਲੱਗੀ। ਮੈਂ ਉਸ ਨੂੰ ਬੇਵਕੂਫ਼ ਸਾਬਤ ਕਰਨਾ ਚਾਹੁੰਦਾ ਸੀ, ਪਰ ਮੈਂ ਹੈਰਾਨ ਰਹਿ ਗਿਆ ਕਿ ਉਸ ਨੇ ਮੇਰੇ ਹਰ ਸਵਾਲ ਦਾ ਸਹੀ ਜਵਾਬ ਦਿੱਤਾ। ਫਿਰ ਮੈਂ ਇਹ ਜਾਣਨਾ ਚਾਹਿਆ ਕਿ ਅਜਿਹੇ ਲੋਕ ਰੱਬ ਨੂੰ ਕਿਉਂ ਮੰਨਦੇ ਸਨ।

ਫਿਰ ਕੁਝ ਮਹੀਨਿਆਂ ਬਾਅਦ ਮੇਰੀ ਮੁਲਾਕਾਤ ਇਕ ਹੋਰ ਯਹੋਵਾਹ ਦੇ ਗਵਾਹ ਨਾਲ ਹੋਈ ਜਿਸ ਨੂੰ ਡਾਕਟਰੀ ਮਾਮਲਿਆਂ ਬਾਰੇ ਕਾਫ਼ੀ ਜਾਣਕਾਰੀ ਸੀ। ਉਹ ਮੈਨੂੰ ਆਪਣੇ ਵਿਸ਼ਵਾਸਾਂ ਬਾਰੇ ਦੱਸਣਾ ਚਾਹੁੰਦਾ ਸੀ। ਮੈਂ ਉਸ ਦੀ ਗੱਲ ਸੁਣਨ ਲਈ ਤਿਆਰ ਹੋ ਗਿਆ ਕਿਉਂਕਿ ਮੈਂ ਪਤਾ ਕਰਨਾ ਚਾਹੁੰਦਾ ਸੀ ਕਿ ਲੋਕ ਰੱਬ ਨੂੰ ਕਿਉਂ ਮੰਨਦੇ ਹਨ। ਨਾਲੇ ਮੈਂ ਉਸ ਨੂੰ ਭੁਲੇਖੇ ਵਿੱਚੋਂ ਕੱਢਣਾ ਚਾਹੁੰਦਾ ਸੀ।

ਕੀ ਤੁਸੀਂ ਉਸ ਨੂੰ ਗ਼ਲਤ ਸਾਬਤ ਕਰ ਸਕੇ?

ਨਹੀਂ। ਉਸ ਨਾਲ ਗੱਲ ਕਰਨ ਤੋਂ ਬਾਅਦ ਮੈਂ ਜੀਵਨ ਦੀ ਸ਼ੁਰੂਆਤ ਬਾਰੇ ਥਿਊਰੀਆਂ ਦੀ ਰੀਸਰਚ ਕਰਨ ਲੱਗਾ। ਮੈਂ ਇਹ ਜਾਣ ਕੇ ਹੈਰਾਨ ਰਹਿ ਗਿਆ ਕਿ ਕੁਝ ਮੰਨੇ-ਪ੍ਰਮੰਨੇ ਸਾਇੰਸਦਾਨਾਂ ਦਾ ਮੰਨਣਾ ਹੈ ਕਿ ਇਕ ਛੋਟੇ ਜਿਹੇ ਜੀਉਂਦੇ ਗੁੰਝਲਦਾਰ ਸੈੱਲ ਦੀ ਸ਼ੁਰੂਆਤ ਧਰਤੀ ’ਤੇ ਨਹੀਂ ਹੋ ਸਕਦੀ ਸੀ। ਉਨ੍ਹਾਂ ਵਿੱਚੋਂ ਕਈ ਇਹ ਸੋਚਦੇ ਹਨ ਕਿ ਅਜਿਹੇ ਸੈੱਲ ਕਿਸੇ ਹੋਰ ਗ੍ਰਹਿ ਤੋਂ ਆਏ ਹਨ। ਪਰ ਅਜੇ ਵੀ ਉਨ੍ਹਾਂ ਵਿਚ ਇਸ ਗੱਲ ’ਤੇ ਬਹਿਸ ਚੱਲ ਰਹੀ ਹੈ ਕਿ ਜ਼ਿੰਦਗੀ ਦੀ ਸ਼ੁਰੂਆਤ ਕਿਵੇਂ ਹੋਈ।

ਕੀ ਉਹ ਕਿਸੇ ਗੱਲ ’ਤੇ ਸਹਿਮਤ ਵੀ ਹਨ?

ਬਹੁਤ ਸਾਰੇ ਸਾਇੰਸਦਾਨ ਇਸ ਗੱਲ ’ਤੇ ਸਹਿਮਤ ਹਨ ਕਿ ਜੀਵਨ ਕਿਸੇ ਤਰੀਕੇ ਨਾਲ ਤਾਂ ਬੇਜਾਨ ਚੀਜ਼ਾਂ ਤੋਂ ਸ਼ੁਰੂ ਹੋਇਆ ਹੈ। ਸੋ ਮੈਂ ਸੋਚਣ ਲੱਗਾ: ‘ਜੇ ਉਹ ਇਹ ਕਹਿੰਦੇ ਹਨ ਕਿ ਰੱਬ ਨੇ ਜ਼ਿੰਦਗੀ ਸ਼ੁਰੂ ਨਹੀਂ ਕੀਤੀ, ਤਾਂ ਉਨ੍ਹਾਂ ਕੋਲ ਇਸ ਗੱਲ ਦਾ ਕੀ ਸਬੂਤ ਹੈ ਕਿ ਜ਼ਿੰਦਗੀ ਬੇਜਾਨ ਚੀਜ਼ਾਂ ਤੋਂ ਸ਼ੁਰੂ ਹੋਈ ਹੈ?’ ਫਿਰ ਮੈਂ ਜਾਣਨ ਦੀ ਕੋਸ਼ਿਸ਼ ਕੀਤੀ ਕਿ ਬਾਈਬਲ ਇਸ ਬਾਰੇ ਕੀ ਕਹਿੰਦੀ ਹੈ।

ਫਿਰ ਕੀ ਤੁਹਾਨੂੰ ਬਾਈਬਲ ਤੋਂ ਇਸ ਦਾ ਜਵਾਬ ਮਿਲਿਆ?

ਹਾਂਜੀ, ਜਿੱਦਾਂ-ਜਿੱਦਾਂ ਮੈਂ ਬਾਈਬਲ ਬਾਰੇ ਸਿੱਖਦਾ ਗਿਆ ਉੱਦਾਂ-ਉੱਦਾਂ ਮੈਨੂੰ ਯਕੀਨ ਹੁੰਦਾ ਗਿਆ ਕਿ ਬਾਈਬਲ ਦੀਆਂ ਗੱਲਾਂ ਸੱਚ ਹਨ। ਮਿਸਾਲ ਲਈ, ਹਾਲ ਹੀ ਵਿਚ ਸਾਇੰਸਦਾਨਾਂ ਨੂੰ ਸਬੂਤ ਮਿਲਿਆ ਕਿ ਬ੍ਰਹਿਮੰਡ ਦੀ ਸ਼ੁਰੂਆਤ ਹੋਈ ਸੀ। ਪਰ ਬਾਈਬਲ ਦੀ ਪਹਿਲੀ ਆਇਤ ਜੋ ਅੱਜ ਤੋਂ 3,500 ਸਾਲ ਪਹਿਲਾਂ ਲਿਖੀ ਗਈ ਸੀ, ਕਹਿੰਦੀ ਹੈ: “ਆਦ ਵਿੱਚ ਪਰਮੇਸ਼ੁਰ ਨੇ ਅਕਾਸ਼ ਤੇ ਧਰਤੀ ਨੂੰ ਉਤਪਤ ਕੀਤਾ।” * ਨਾਲੇ ਮੈਨੂੰ ਪਤਾ ਲੱਗਾ ਕਿ ਬਾਈਬਲ ਸਾਇੰਸ ਦੀਆਂ ਗੱਲਾਂ ਬਾਰੇ ਬਿਲਕੁਲ ਸਹੀ ਦੱਸਦੀ ਹੈ।

ਮੈਨੂੰ ਪਤਾ ਲੱਗਾ ਕਿ ਬਾਈਬਲ ਸਾਇੰਸ ਦੀਆਂ ਗੱਲਾਂ ਬਾਰੇ ਬਿਲਕੁਲ ਸਹੀ ਦੱਸਦੀ ਹੈ

ਕੀ ਸਾਇੰਸ ਕਾਰਨ ਤੁਹਾਡੇ ਲਈ ਰੱਬ ’ਤੇ ਵਿਸ਼ਵਾਸ ਕਰਨਾ ਔਖਾ ਹੋ ਗਿਆ?

ਨਹੀਂ। ਜਦ ਮੈਂ ਯੂਨੀਵਰਸਿਟੀ ਵਿਚ ਤਿੰਨ ਤੋਂ ਜ਼ਿਆਦਾ ਸਾਲਾਂ ਲਈ ਸਾਇੰਸ ਦੀ ਪੜ੍ਹਾਈ ਕਰ ਰਿਹਾ ਸੀ, ਤਾਂ ਉਸ ਵੇਲੇ ਮੈਂ ਰੱਬ ਨੂੰ ਮੰਨਣਾ ਸ਼ੁਰੂ ਕੀਤਾ। ਅੱਜ ਵੀ ਜਿੰਨਾ ਜ਼ਿਆਦਾ ਮੈਂ ਜੀਉਂਦੀਆਂ ਚੀਜ਼ਾਂ ਦੀ ਸਟੱਡੀ ਕਰਦਾ ਹਾਂ, ਉੱਨਾ ਜ਼ਿਆਦਾ ਮੇਰਾ ਯਕੀਨ ਵਧਦਾ ਜਾਂਦਾ ਹੈ ਕਿ ਰੱਬ ਨੇ ਹੀ ਇਹ ਚੀਜ਼ਾਂ ਬਣਾਈਆਂ ਹਨ।

ਕੀ ਤੁਸੀਂ ਸਾਨੂੰ ਇਕ ਮਿਸਾਲ ਦੇ ਸਕਦੇ ਹੋ?

ਹਾਂਜੀ। ਮੈਂ ਜੀਵ-ਜੰਤੂਆਂ ’ਤੇ ਦਵਾਈਆਂ ਅਤੇ ਜ਼ਹਿਰੀਲੀਆਂ ਚੀਜ਼ਾਂ ਦੇ ਅਸਰਾਂ ਦੀ ਸਟੱਡੀ ਕੀਤੀ ਹੈ। ਇਕ ਗੱਲ ਜਿਸ ਨੇ ਮੇਰੇ ’ਤੇ ਬਹੁਤ ਜ਼ਿਆਦਾ ਅਸਰ ਪਾਇਆ ਕਿ ਸਾਡੇ ਦਿਮਾਗ਼ ਵਿਚ ਇਕ ਅਜਿਹਾ ਡੀਜ਼ਾਈਨ ਹੈ ਜੋ ਖ਼ੂਨ ਨੂੰ ਛਾਣ ਕੇ ਸਾਡੇ ਦਿਮਾਗ਼ ਤਕ ਖ਼ਤਰਨਾਕ ਪਦਾਰਥ ਤੇ ਬੈਕਟੀਰੀਆ ਪਹੁੰਚਣ ਨਹੀਂ ਦਿੰਦਾ।

ਇਸ ਵਿਚ ਕਮਾਲ ਦੀ ਕਿਹੜੀ ਗੱਲ ਹੈ?

100 ਸਾਲ ਪਹਿਲਾਂ ਸਾਇੰਸਦਾਨਾਂ ਨੇ ਖੋਜ ਕੀਤੀ ਸੀ ਕਿ ਖ਼ੂਨ ਵਿਚ ਪਾਏ ਜਾਂਦੇ ਪਦਾਰਥ ਸਾਡੇ ਪੂਰੇ ਸਰੀਰ ਵਿਚ ਤਾਂ ਫੈਲ ਜਾਂਦੇ ਹਨ, ਪਰ ਸਾਡੇ ਦਿਮਾਗ਼ ਅਤੇ ਰੀੜ੍ਹ ਦੀ ਹੱਡੀ ਤਕ ਨਹੀਂ ਪਹੁੰਚਦੇ। ਇਹ ਗੱਲ ਮੈਨੂੰ ਹੈਰਾਨ ਕਰਦੀ ਹੈ ਕਿ ਛੋਟੀਆਂ-ਛੋਟੀਆਂ ਨਾੜੀਆਂ ਦਾ ਜਾਲ਼ ਦਿਮਾਗ਼ ਦੇ ਹਰ ਸੈੱਲ ਤਕ ਖ਼ੂਨ ਲੈ ਜਾਂਦਾ ਹੈ। ਇੱਦਾਂ ਦਿਮਾਗ਼ ਦਾ ਹਰ ਸੈੱਲ ਸਾਫ਼ ਹੁੰਦਾ ਹੈ, ਇਨ੍ਹਾਂ ਤਕ ਖਾਣਾ ਪਹੁੰਚਦਾ ਹੈ ਅਤੇ ਇਨ੍ਹਾਂ ਨੂੰ ਆਕਸੀਜਨ ਮਿਲਦੀ ਹੈ। ਪਰ ਜੇ ਸਾਡਾ ਖ਼ੂਨ ਸਾਡੇ ਦਿਮਾਗ਼ ਦੇ ਸੈੱਲਾਂ ਤਕ ਪਹੁੰਚਦਾ ਹੈ, ਤਾਂ ਫਿਰ ਖ਼ਤਰਨਾਕ ਪਦਾਰਥ ਕਿਉਂ ਨਹੀਂ ਪਹੁੰਚਦੇ? ਕਈ ਸਾਲਾਂ ਤਕ ਸਾਇੰਸਦਾਨ ਇਹ ਗੱਲ ਸਮਝ ਨਹੀਂ ਪਾਏ।

ਇਹ ਦਿਮਾਗ਼ ਦਾ ਕਮਾਲ ਚੱਲਦਾ ਕਿਵੇਂ ਹੈ?

ਸਾਡੀਆਂ ਛੋਟੀਆਂ-ਛੋਟੀਆਂ ਖ਼ੂਨ ਦੀਆਂ ਨਾੜੀਆਂ ਸੈੱਲਾਂ ਨਾਲ ਬਣੀਆਂ ਹੁੰਦੀਆਂ ਹਨ। ਇਹ ਨਾੜੀਆਂ ਦੀਆਂ ਦੀਵਾਰਾਂ ਪਲਾਸਟਿਕ ਟਿਊਬ ਵਰਗੀਆਂ ਨਹੀਂ ਜਿਨ੍ਹਾਂ ਵਿਚ ਕੋਈ ਚੀਜ਼ ਅੰਦਰ-ਬਾਹਰ ਆ-ਜਾ ਨਹੀਂ ਸਕਦੀ। ਇਸ ਤਰ੍ਹਾਂ ਹੋਣ ਕਰਕੇ ਪਦਾਰਥ ਅਤੇ ਜੀਵਾਣੂ ਨਾ ਸਿਰਫ਼ ਇਨ੍ਹਾਂ ਸੈੱਲਾਂ ਵਿੱਚੋਂ ਲੰਘਦੇ ਹਨ, ਸਗੋਂ ਸੈੱਲਾਂ ਦੇ ਆਲੇ-ਦੁਆਲਿਓਂ ਵੀ ਲੰਘ ਜਾਂਦੇ ਹਨ। ਪਰ ਸਾਡੇ ਦਿਮਾਗ਼ ਦੀਆਂ ਨਾੜੀਆਂ ਦੇ ਸੈੱਲ ਸਾਡੇ ਸਰੀਰ ਦੀਆਂ ਨਾੜੀਆਂ ਦੇ ਸੈੱਲਾਂ ਨਾਲੋ ਵੱਖਰੇ ਹਨ। ਦਿਮਾਗ਼ ਦੇ ਇਹ ਸੈੱਲ ਅਤੇ ਇਨ੍ਹਾਂ ਦੇ ਜੋੜ ਇਕ-ਦੂਜੇ ਨਾਲ ਕੱਸ ਕੇ ਜੁੜੇ ਹੋਏ ਹਨ। ਕਈ ਚੀਜ਼ਾਂ ਖ਼ੂਨ ਦੀਆਂ ਨਾੜੀਆਂ ਵਿੱਚੋਂ ਲੰਘਦੇ ਹੋਏ ਸਹੀ ਮਾਤਰਾ ਵਿਚ ਸਾਡੇ ਦਿਮਾਗ਼ ਤਕ ਪਹੁੰਚਦੀਆਂ ਹਨ ਜਿਵੇਂ ਕਿ ਆਕਸੀਜਨ, ਕਾਰਬਨ ਡਾਇਆਕਸਾਈਡ ਅਤੇ ਗਲੂਕੋਜ਼। ਪਰ ਹੈਰਾਨੀ ਦੀ ਗੱਲ ਇਹ ਹੈ ਕਿ ਦੂਜੇ ਪਦਾਰਥ ਯਾਨੀ ਪ੍ਰੋਟੀਨ ਅਤੇ ਹੋਰ ਸੈੱਲਾਂ ਨੂੰ ਦਿਮਾਗ਼ ਦੇ ਅੰਦਰ ਜਾਣ ਤੋਂ ਰੋਕਿਆ ਜਾਂਦਾ ਹੈ! ਸੋ ਇਹ ਪੂਰਾ ਚੱਕਰ ਸੈੱਲਾਂ ਵਿਚਲੇ ਛੋਟੇ ਤੋਂ ਛੋਟੇ ਅਣੂਆਂ ਤਕ ਚੱਲਦਾ ਹੈ ਜਿਸ ਨਾਲ ਸਾਡੇ ਦਿਮਾਗ਼ ਦੀ ਸਰੀਰਕ, ਕੈਮਿਕਲ ਅਤੇ ਇਲੈਕਟ੍ਰੀਕਲ ਤਰੀਕਿਆਂ ਨਾਲ ਸੁਰੱਖਿਆ ਹੁੰਦੀ ਹੈ। ਇਹ ਦੇਖ ਕੇ ਮੈਨੂੰ ਪੱਕਾ ਯਕੀਨ ਹੋ ਗਿਆ ਕਿ ਇਹ ਦਿਮਾਗ਼ ਦਾ ਕਮਾਲ ਆਪਣੇ ਆਪ ਨਹੀਂ ਬਣ ਗਿਆ। ▪ (g14 04-E)