Skip to content

Skip to table of contents

3 ਮੁਸ਼ਕਲਾਂ ਦਾ ਸਾਮ੍ਹਣਾ ਕਰਨ ਲਈ ਮਦਦ

3 ਮੁਸ਼ਕਲਾਂ ਦਾ ਸਾਮ੍ਹਣਾ ਕਰਨ ਲਈ ਮਦਦ

ਅੱਜ ਬਹੁਤ ਸਾਰੀਆਂ ਮੁਸ਼ਕਲਾਂ ਇੱਦਾਂ ਦੀਆਂ ਹਨ ਜਿਨ੍ਹਾਂ ਤੋਂ ਨਾ ਤਾਂ ਅਸੀਂ ਬਚ ਸਕਦੇ ਹਾਂ ਤੇ ਨਾ ਹੀ ਅਸੀਂ ਇਨ੍ਹਾਂ ਦਾ ਹੱਲ ਕੱਢ ਸਕਦੇ ਹਾਂ। ਮਿਸਾਲ ਲਈ, ਜੇ ਤੁਹਾਡੇ ਕਿਸੇ ਦੋਸਤ ਜਾਂ ਰਿਸ਼ਤੇਦਾਰ ਦੀ ਮੌਤ ਹੋ ਗਈ ਹੈ ਜਾਂ ਤੁਸੀਂ ਖ਼ੁਦ ਲੰਬੇ ਸਮੇਂ ਤੋਂ ਬੀਮਾਰ ਹੋ, ਤਾਂ ਦੁੱਖ ਸਹਿਣ ਤੋਂ ਇਲਾਵਾ ਤੁਹਾਡੇ ਕੋਲ ਕੋਈ ਹੋਰ ਚਾਰਾ ਨਹੀਂ ਬਚਦਾ। ਕੀ ਇੰਨੀਆਂ ਵੱਡੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਨ ਵਿਚ ਬਾਈਬਲ ਤੁਹਾਡੀ ਮਦਦ ਕਰ ਸਕਦੀ ਹੈ?

ਲੰਬੇ ਸਮੇਂ ਤੋਂ ਬੀਮਾਰ

ਰੌਜ਼ ਕਹਿੰਦੀ ਹੈ: “ਮੈਨੂੰ ਇਕ ਜਮਾਂਦਰੂ ਬੀਮਾਰੀ ਹੈ ਜਿਸ ਕਰਕੇ ਮੇਰਾ ਸਰੀਰ ਬਹੁਤ ਦੁਖਦਾ ਰਹਿੰਦਾ ਹੈ। ਮੈਂ ਆਪਣੀ ਜ਼ਿੰਦਗੀ ਵਿਚ ਜ਼ਿਆਦਾ ਕੁਝ ਨਹੀਂ ਕਰ ਸਕਦੀ।” ਰੌਜ਼ ਨੂੰ ਸਭ ਤੋਂ ਜ਼ਿਆਦਾ ਫ਼ਿਕਰ ਇਸ ਗੱਲ ਦਾ ਹੁੰਦਾ ਹੈ ਕਿ ਕਦੇ-ਕਦੇ ਉਸ ਦਾ ਬਾਈਬਲ ਅਧਿਐਨ ਕਰਨ ਅਤੇ ਭਗਤੀ ਦੇ ਕੰਮਾਂ ਵਿਚ ਧਿਆਨ ਨਹੀਂ ਲੱਗਦਾ। ਪਰ ਮੱਤੀ 19:26 ਵਿਚ ਦਰਜ ਯਿਸੂ ਦੇ ਸ਼ਬਦਾਂ ਰਾਹੀਂ ਉਸ ਨੂੰ ਮਦਦ ਮਿਲੀ: “ਪਰਮੇਸ਼ੁਰ ਲਈ ਸਭ ਕੁਝ ਮੁਮਕਿਨ ਹੈ।” ਰੌਜ਼ ਨੇ ਸਿੱਖਿਆ ਕਿ ਹੋਰ ਤਰੀਕਿਆਂ ਨਾਲ ਵੀ ਅਧਿਐਨ ਕੀਤਾ ਜਾ ਸਕਦਾ ਹੈ। ਸਰੀਰ ਵਿਚ ਦਰਦ ਹੋਣ ਕਰਕੇ ਕਦੇ-ਕਦੇ ਰੌਜ਼ ਲਈ ਪੜ੍ਹਨਾ ਬਹੁਤ ਔਖਾ ਹੋ ਜਾਂਦਾ ਹੈ। ਇਸ ਲਈ ਉਸ ਨੇ ਬਾਈਬਲ ਅਤੇ ਬਾਈਬਲ-ਆਧਾਰਿਤ ਪ੍ਰਕਾਸ਼ਨਾਂ ਦੀ ਰਿਕਾਰਡਿੰਗ ਸੁਣਨੀ ਸ਼ੁਰੂ ਕੀਤੀ। * ਉਹ ਕਹਿੰਦੀ ਹੈ: “ਜੇ ਇਹ ਰਿਕਾਰਡਿੰਗਜ਼ ਉਪਲਬਧ ਨਾ ਹੁੰਦੀਆਂ, ਤਾਂ ਰੱਬ ਨਾਲ ਮੇਰਾ ਰਿਸ਼ਤਾ ਕਮਜ਼ੋਰ ਹੋ ਜਾਣਾ ਸੀ।”

ਕਦੇ-ਕਦੇ ਰੌਜ਼ ਨਿਰਾਸ਼ ਹੋ ਜਾਂਦੀ ਹੈ ਕਿਉਂਕਿ ਉਹ ਹੁਣ ਕਈ ਕੰਮ ਪਹਿਲਾਂ ਵਾਂਗ ਨਹੀਂ ਕਰ ਪਾਉਂਦੀ। 2 ਕੁਰਿੰਥੀਆਂ 8:12 ਨੇ ਉਸ ਦੀ ਮਦਦ ਕੀਤੀ: “ਪਰਮੇਸ਼ੁਰ ਉਸ ਦਾਨ ਨੂੰ ਕਬੂਲ ਕਰਦਾ ਹੈ ਜੋ ਦਿਲੋਂ ਦਿੱਤਾ ਜਾਂਦਾ ਹੈ, ਕਿਉਂਕਿ ਪਰਮੇਸ਼ੁਰ ਇਨਸਾਨ ਤੋਂ ਉਨ੍ਹਾਂ ਚੀਜ਼ਾਂ ਦੀ ਹੀ ਉਮੀਦ ਰੱਖਦਾ ਹੈ ਜਿਹੜੀਆਂ ਉਹ ਦੇ ਸਕਦਾ ਹੈ, ਨਾ ਕਿ ਜਿਹੜੀਆਂ ਉਹ ਨਹੀਂ ਦੇ ਸਕਦਾ।” ਆਪਣੀ ਮਾੜੀ ਸਿਹਤ ਕਰਕੇ ਰੌਜ਼ ਰੱਬ ਦੀ ਸੇਵਾ ਵਿਚ ਜ਼ਿਆਦਾ ਕੁਝ ਨਹੀਂ ਕਰ ਪਾਉਂਦੀ। ਪਰ ਉਹ ਇਹ ਗੱਲ ਯਾਦ ਰੱਖਦੀ ਹੈ ਕਿ ਰੱਬ ਦੀ ਸੇਵਾ ਵਿਚ ਪੂਰੀ ਵਾਹ ਲਾ ਕੇ ਉਹ ਜਿੰਨਾ ਵੀ ਕਰਦੀ ਹੈ, ਰੱਬ ਉਸ ਦੀ ਦਿਲੋਂ ਕਦਰ ਕਰਦਾ ਹੈ।

ਸੋਗ

ਡੈਲਫੀਨ, ਜਿਸ ਦਾ ਪਹਿਲਾਂ ਜ਼ਿਕਰ ਕੀਤਾ ਗਿਆ ਸੀ, ਕਹਿੰਦੀ ਹੈ: “ਮੇਰੀ 18 ਸਾਲਾਂ ਦੀ ਧੀ ਦੀ ਮੌਤ ਤੋਂ ਬਾਅਦ ਮੈਂ ਇੰਨੀ ਜ਼ਿਆਦਾ ਦੁਖੀ ਸੀ ਕਿ ਮੈਨੂੰ ਲੱਗਦਾ ਸੀ ਕਿ ਮੈਂ ਹੁਣ ਜੀ ਨਹੀਂ ਸਕਾਂਗੀ। ਹੁਣ ਜ਼ਿੰਦਗੀ ਵਿਚ ਪਹਿਲਾਂ ਵਰਗਾ ਕੁਝ ਵੀ ਨਹੀਂ ਰਿਹਾ।” ਪਰ ਡੈਲਫੀਨ ਨੂੰ ਜ਼ਬੂਰਾਂ ਦੀ ਪੋਥੀ 94:19 ਤੋਂ ਬਹੁਤ ਦਿਲਾਸਾ ਮਿਲਿਆ ਜਿੱਥੇ ਜ਼ਬੂਰਾਂ ਦਾ ਲਿਖਾਰੀ ਰੱਬ ਨੂੰ ਕਹਿੰਦਾ ਹੈ: “ਜਾਂ ਮੇਰੇ ਅੰਦਰ ਬਹੁਤ ਚਿੰਤਾ ਹੁੰਦੀ ਹੈ, ਤਾਂ ਤੇਰੀਆਂ ਤਸੱਲੀਆਂ ਮੇਰੇ ਜੀ ਨੂੰ ਖੁਸ਼ ਕਰਦੀਆਂ ਹਨ।” ਉਹ ਕਹਿੰਦੀ ਹੈ: “ਮੈਂ ਯਹੋਵਾਹ ਨੂੰ ਪ੍ਰਾਰਥਨਾ ਕਰਦੀ ਸੀ ਕਿ ਉਹ ਅਜਿਹੇ ਕੰਮ ਕਰਨ ਵਿਚ ਮੇਰੀ ਮਦਦ ਕਰੇ ਜਿਨ੍ਹਾਂ ਕਰਕੇ ਮੈਂ ਆਪਣਾ ਦੁੱਖ ਭੁਲਾ ਸਕਾਂ।”

ਉਹ ਰੱਬ ਦੀ ਸੇਵਾ ਕਰਨ ਵਿਚ ਰੁੱਝ ਗਈ। ਡੈਲਫੀਨ ਆਪਣੀ ਤੁਲਨਾ ਉਨ੍ਹਾਂ ਮੋਮੀ ਰੰਗਾਂ ਨਾਲ ਕਰਦੀ ਹੈ ਜਿਹੜੇ ਭਾਵੇਂ ਟੁੱਟ ਜਾਂਦੇ ਹਨ, ਪਰ ਫਿਰ ਵੀ ਉਨ੍ਹਾਂ ਨਾਲ ਰੰਗ ਭਰੇ ਜਾ ਸਕਦੇ ਹਨ। ਇਸੇ ਤਰ੍ਹਾਂ ਭਾਵੇਂ ਡੈਲਫੀਨ ਅੰਦਰੋਂ ਟੁੱਟ ਚੁੱਕੀ ਹੈ, ਪਰ ਉਸ ਨੇ ਸਿੱਖਿਆ ਕਿ ਉਹ ਅਜੇ ਵੀ ਦੂਜਿਆਂ ਦੀ ਮਦਦ ਕਰ ਸਕਦੀ ਹੈ। ਉਹ ਕਹਿੰਦੀ ਹੈ: “ਮੈਨੂੰ ਅਹਿਸਾਸ ਹੋਇਆ ਕਿ ਜਦੋਂ ਮੈਂ ਲੋਕਾਂ ਨੂੰ ਬਾਈਬਲ ਅਧਿਐਨ ਕਰਾਉਂਦਿਆਂ ਬਾਈਬਲ ਦੇ ਅਸੂਲ ਦੱਸ ਕੇ ਦਿਲਾਸਾ ਦਿੰਦੀ ਸੀ, ਤਾਂ ਅਸਲ ਵਿਚ ਯਹੋਵਾਹ ਮੈਨੂੰ ਦਿਲਾਸਾ ਦੇ ਰਿਹਾ ਹੁੰਦਾ ਸੀ।” ਉਸ ਨੇ ਉਨ੍ਹਾਂ ਬਾਈਬਲ ਪਾਤਰਾਂ ਦੇ ਨਾਂ ਲਿਖੇ ਜਿਨ੍ਹਾਂ ਨੇ ਮੌਤ ਦਾ ਗਮ ਸਹਿਆ ਸੀ। ਉਹ ਕਹਿੰਦੀ ਹੈ: “ਉਹ ਸਾਰੇ ਜਣੇ ਰੱਬ ਤੋਂ ਮਦਦ ਮੰਗਦੇ ਸਨ।” ਡੈਲਫੀਨ ਨੇ ਇਹ ਗੱਲ ਵੀ ਸਿੱਖੀ ਕਿ “ਜੇ ਕੋਈ ਬਾਈਬਲ ਨਹੀਂ ਪੜ੍ਹਦਾ, ਤਾਂ ਉਹ ਕਿਸੇ ਵੀ ਮੁਸ਼ਕਲ ਦਾ ਸਾਮ੍ਹਣਾ ਨਹੀਂ ਕਰ ਸਕਦਾ।”

ਬਾਈਬਲ ਦਾ ਅਧਿਐਨ ਕਰ ਕੇ ਡੈਲਫੀਨ ਨੇ ਇਹ ਗੱਲ ਸਿੱਖੀ ਕਿ ਉਸ ਨੂੰ ਬੀਤੇ ਹੋਏ ਕੱਲ੍ਹ ’ਤੇ ਧਿਆਨ ਲਾਉਣ ਦੀ ਬਜਾਇ ਆਉਣ ਵਾਲੇ ਕੱਲ੍ਹ ’ਤੇ ਧਿਆਨ ਲਾਉਣ ਦੀ ਲੋੜ ਸੀ। ਰਸੂਲਾਂ ਦੇ ਕੰਮ 24:15 ਵਿਚ ਦਿੱਤੀ ਗਈ ਉਮੀਦ ਤੋਂ ਉਸ ਨੂੰ ਬਹੁਤ ਹੌਸਲਾ ਮਿਲਿਆ: ‘ਮਰ ਚੁੱਕੇ ਧਰਮੀ ਅਤੇ ਕੁਧਰਮੀ ਲੋਕਾਂ ਨੂੰ ਦੁਬਾਰਾ ਜੀਉਂਦਾ ਕੀਤਾ ਜਾਵੇਗਾ।’ ਉਸ ਨੂੰ ਇਸ ਗੱਲ ’ਤੇ ਕਿੰਨਾ ਕੁ ਭਰੋਸਾ ਹੈ ਕਿ ਯਹੋਵਾਹ ਉਸ ਦੀ ਕੁੜੀ ਨੂੰ ਜੀਉਂਦਾ ਕਰੇਗਾ? ਡੈਲਫੀਨ ਕਹਿੰਦੀ ਹੈ: “ਮੈਂ ਭਵਿੱਖ ਵਿਚ ਆਪਣੀ ਕੁੜੀ ਨੂੰ ਮਿਲਾਂਗੀ। ਯਹੋਵਾਹ ਨੇ ਸਾਡੇ ਮਿਲਣ ਦਾ ਸਮਾਂ ਤੈਅ ਕਰ ਦਿੱਤਾ ਹੈ। ਮੈਨੂੰ ਉਹ ਸਮਾਂ ਯਾਦ ਹੈ ਕਿ ਜਦੋਂ ਉਸ ਦੇ ਪੈਦਾ ਹੋਣ ’ਤੇ ਮੈਂ ਉਸ ਨੂੰ ਗੋਦ ਵਿਚ ਲਿਆ ਸੀ। ਹੁਣ ਮੈਂ ਮਨ ਦੀਆਂ ਅੱਖਾਂ ਨਾਲ ਦੇਖ ਸਕਦੀ ਹਾਂ ਕਿ ਅਸੀਂ ਦੋਵੇਂ ਬਾਗ਼ ਵਿਚ ਹਾਂ ਤੇ ਮੈਂ ਉਸ ਨੂੰ ਪਿਆਰ ਨਾਲ ਆਪਣੇ ਸੀਨੇ ਲਾਇਆ ਹੋਇਆ ਹੈ।”

^ ਪੈਰਾ 4 jw.org ਵੈੱਬਸਾਈਟ ’ਤੇ ਅਜਿਹੀਆਂ ਰਿਕਾਰਡਿੰਗਜ਼ ਉਪਲਬਧ ਹਨ।

ਬਾਈਬਲ ਦੀ ਮਦਦ ਨਾਲ ਅਸੀਂ ਦੁੱਖ ਦੀਆਂ ਘੜੀਆਂ ਵਿਚ ਦਿਲਾਸਾ ਪਾ ਸਕਦੇ ਹਾਂ