Skip to content

Skip to table of contents

ਪੁਰਾਣੇ ਜ਼ਮਾਨੇ ਦੀ ਜਾਂ ਹਰ ਜ਼ਮਾਨੇ ਦੀ?

ਪੁਰਾਣੇ ਜ਼ਮਾਨੇ ਦੀ ਜਾਂ ਹਰ ਜ਼ਮਾਨੇ ਦੀ?

ਵਿਗਿਆਨ

ਭਾਵੇਂ ਬਾਈਬਲ ਵਿਗਿਆਨ ਦੀ ਕਿਤਾਬ ਨਹੀਂ ਹੈ, ਪਰ ਇਸ ਵਿਚ ਵਿਗਿਆਨ ਨਾਲ ਜੁੜੀਆਂ ਬਹੁਤ ਸਾਰੀਆਂ ਗੱਲਾਂ ਲਿਖੀਆਂ ਗਈਆਂ ਸਨ ਜੋ ਇਨਸਾਨਾਂ ਨੂੰ ਅੱਜ ਪਤਾ ਲੱਗੀਆਂ ਹਨ। ਆਓ ਕੁਝ ਮਿਸਾਲਾਂ ’ਤੇ ਗੌਰ ਕਰੀਏ।

ਕੀ ਇਹ ਬ੍ਰਹਿਮੰਡ ਬਣਾਇਆ ਗਿਆ ਹੈ?

ਬਹੁਤ ਸਾਰੇ ਮੰਨੇ-ਪ੍ਰਮੰਨੇ ਵਿਗਿਆਨੀ ਕਹਿੰਦੇ ਸਨ ਕਿ ਬ੍ਰਹਿਮੰਡ ਨੂੰ ਬਣਾਇਆ ਨਹੀਂ ਗਿਆ। ਪਰ ਹੁਣ ਉਹ ਵਿਗਿਆਨੀ ਮੰਨਦੇ ਹਨ ਕਿ ਬ੍ਰਹਿਮੰਡ ਨੂੰ ਬਣਾਇਆ ਗਿਆ ਹੈ। ਬਾਈਬਲ ਵਿਚ ਇਹ ਗੱਲ ਪਹਿਲਾਂ ਹੀ ਸਾਫ਼-ਸਾਫ਼ ਦੱਸ ਦਿੱਤੀ ਗਈ ਸੀ।​—ਉਤਪਤ 1:1.

ਧਰਤੀ ਦਾ ਆਕਾਰ ਕਿੱਦਾਂ ਦਾ ਹੈ?

ਪੁਰਾਣੇ ਜ਼ਮਾਨੇ ਵਿਚ ਬਹੁਤ ਸਾਰੇ ਲੋਕ ਮੰਨਦੇ ਸਨ ਕਿ ਧਰਤੀ ਚਪਟੀ ਹੈ। 5ਵੀਂ ਸਦੀ ਈਸਵੀ ਪੂਰਵ ਵਿਚ ਯੂਨਾਨੀ ਵਿਗਿਆਨੀਆਂ ਨੇ ਦੱਸਿਆ ਕਿ ਧਰਤੀ ਗੋਲ ਹੈ। ਪਰ ਇਸ ਤੋਂ ਬਹੁਤ ਸਮਾਂ ਪਹਿਲਾਂ 8ਵੀਂ ਸਦੀ ਈਸਵੀ ਪੂਰਵ ਵਿਚ ਬਾਈਬਲ ਦੇ ਲਿਖਾਰੀ ਯਸਾਯਾਹ ਨੇ ਲਿਖਿਆ ਸੀ ਕਿ ‘ਧਰਤੀ ਕੁੰਡਲ’ ਹੈ। ਕੁੰਡਲ ਸ਼ਬਦ ਦਾ ਅਨੁਵਾਦ “ਗੋਲ” ਵੀ ਕੀਤਾ ਜਾ ਸਕਦਾ ਹੈ।​—ਯਸਾਯਾਹ 40:22.

ਕੀ ਪੁਲਾੜ ਸਮੇਂ ਦੇ ਬੀਤਣ ਨਾਲ ਨਾਸ਼ ਹੋ ਜਾਵੇਗਾ?

ਯੂਨਾਨੀ ਵਿਗਿਆਨੀ ਅਰਸਤੂ ਨੇ ਚੌਥੀ ਸਦੀ ਈਸਵੀ ਪੂਰਵ ਵਿਚ ਦੱਸਿਆ ਕਿ ਸਮੇਂ ਦੇ ਬੀਤਣ ਨਾਲ ਸਿਰਫ਼ ਧਰਤੀ ਅਤੇ ਇਸ ਦੀਆਂ ਚੀਜ਼ਾਂ ਨਾਸ਼ ਹੁੰਦੀਆਂ ਹਨ। ਪਰ ਪੁਲਾੜ ਦੀਆਂ ਚੀਜ਼ਾਂ ਨਾ ਤਾਂ ਨਾਸ਼ ਹੁੰਦੀਆਂ ਹਨ ਤੇ ਨਾ ਹੀ ਇਨ੍ਹਾਂ ਵਿਚ ਕਦੇ ਕੋਈ ਤਬਦੀਲੀ ਹੁੰਦੀ ਹੈ। ਸਦੀਆਂ ਤਕ ਲੋਕ ਇੱਦਾਂ ਹੀ ਮੰਨਦੇ ਰਹੇ। ਪਰ 19ਵੀਂ ਸਦੀ ਵਿਚ ਵਿਗਿਆਨੀਆਂ ਨੇ ਐਨਟਰੋਪੀ ਦਾ ਸਿਧਾਂਤ ਦਿੱਤਾ। ਇਸ ਸਿਧਾਂਤ ਅਨੁਸਾਰ ਧਰਤੀ ਅਤੇ ਆਕਾਸ਼ ਦੋਵੇਂ ਇਸ ਤਰ੍ਹਾਂ ਬਣਾਏ ਗਏ ਹਨ ਕਿ ਸਮੇਂ ਦੇ ਬੀਤਣ ਨਾਲ ਇਹ ਨਾਸ਼ ਹੋ ਸਕਦੇ ਹਨ। ਲਾਰਡ ਕੈਲਵਿਨ ਨਾਂ ਦੇ ਵਿਗਿਆਨੀ ਨੇ ਇਸ ਸਿਧਾਂਤ ਬਾਰੇ ਹੋਰ ਜਾਣਕਾਰੀ ਦਿੱਤੀ। ਇਹ ਵਿਗਿਆਨੀ ਬਾਈਬਲ ਵਿਚ ਦੱਸੀ ਇਸ ਗੱਲ ਨੂੰ ਸਹੀ ਮੰਨਦਾ ਸੀ ਕਿ ਧਰਤੀ ਅਤੇ ਪੁਲਾੜ ‘ਸਾਰੇ ਕੱਪੜਿਆਂ ਵਾਂਙੁ ਘਿਸ ਜਾਣਗੇ।’ (ਜ਼ਬੂਰਾਂ ਦੀ ਪੋਥੀ 102:25, 26) ਕੈਲਵਿਨ ਬਾਈਬਲ ਦੀ ਇਸ ਗੱਲ ’ਤੇ ਯਕੀਨ ਕਰਦਾ ਸੀ ਕਿ ਰੱਬ ਚਾਹੇ, ਤਾਂ ਆਪਣੀ ਸਾਰੀ ਸ੍ਰਿਸ਼ਟੀ ਨੂੰ ਨਾਸ਼ ਹੋਣ ਤੋਂ ਬਚਾ ਸਕਦਾ ਹੈ।​—ਉਪਦੇਸ਼ਕ ਦੀ ਪੋਥੀ 1:4.

ਧਰਤੀ ਅਤੇ ਬਾਕੀ ਗ੍ਰਹਿ ਆਪਣੀ ਜਗ੍ਹਾ ’ਤੇ ਕਿਉਂ ਟਿਕੇ ਰਹਿੰਦੇ ਹਨ?

ਅਰਸਤੂ ਨੇ ਦੱਸਿਆ ਕਿ ਪੁਲਾੜ ਦੇ ਸਾਰੇ ਗ੍ਰਹਿ ਪਾਰਦਰਸ਼ੀ ਗੋਲਿਆਂ ਵਿਚ ਹਨ ਅਤੇ ਇਕ ਗੋਲਾ ਦੂਸਰੇ ਗੋਲੇ ਵਿਚ ਹੈ। ਸਭ ਤੋਂ ਅੰਦਰਲਾ ਗੋਲਾ ਧਰਤੀ ਹੈ। 18ਵੀਂ ਸਦੀ ਤਕ ਵਿਗਿਆਨੀ ਇਹ ਮੰਨਣ ਲੱਗੇ ਕਿ ਤਾਰੇ ਅਤੇ ਗ੍ਰਹਿ ਕਿਸੇ ਚੀਜ਼ ’ਤੇ ਟਿਕੇ ਹੋਏ ਨਹੀਂ ਹਨ। ਪਰ 15ਵੀਂ ਸਦੀ ਈਸਵੀ ਪੂਰਵ ਵਿਚ ਹੀ ਅੱਯੂਬ ਨਾਂ ਦੀ ਕਿਤਾਬ ਵਿਚ ਦੱਸਿਆ ਗਿਆ ਸੀ ਕਿ ਸਿਰਜਣਹਾਰ “ਧਰਤੀ ਨੂੰ ਬਿਨਾ ਸਹਾਰੇ ਦੇ ਲਟਕਾਉਂਦਾ ਹੈ।”​—ਅੱਯੂਬ 26:7.

ਡਾਕਟਰੀ

ਭਾਵੇਂ ਬਾਈਬਲ ਡਾਕਟਰੀ ਪੇਸ਼ੇ ਨਾਲ ਸੰਬੰਧਿਤ ਕਿਤਾਬ ਨਹੀਂ ਹੈ, ਪਰ ਇਸ ਵਿਚ ਬਹੁਤ ਸਾਰੇ ਅਜਿਹੇ ਅਸੂਲ ਦਿੱਤੇ ਗਏ ਹਨ ਜੋ ਅੱਜ-ਕੱਲ੍ਹ ਦੀ ਸਿਹਤ ਸੰਬੰਧੀ ਜਾਣਕਾਰੀ ਨਾਲ ਮੇਲ ਖਾਂਦੇ ਹਨ।

ਬੀਮਾਰ ਲੋਕਾਂ ਨੂੰ ਅਲੱਗ ਰੱਖਣਾ।

ਮੂਸਾ ਦੇ ਕਾਨੂੰਨ ਵਿਚ ਦੱਸਿਆ ਗਿਆ ਸੀ ਕਿ ਜਿਨ੍ਹਾਂ ਲੋਕਾਂ ਨੂੰ ਕੋੜ੍ਹ ਦੀ ਬੀਮਾਰੀ ਹੈ, ਉਨ੍ਹਾਂ ਲੋਕਾਂ ਨੂੰ ਦੂਸਰੇ ਲੋਕਾਂ ਤੋਂ ਅਲੱਗ ਰੱਖਿਆ ਜਾਣਾ ਚਾਹੀਦਾ ਹੈ। ਮੱਧ-ਯੁੱਗ (500 ਤੋਂ ਲਗਭਗ 1500 ਈ.ਪੂ. ਤਕ) ਵਿਚ ਫੈਲੀਆਂ ਮਹਾਂਮਾਰੀਆਂ ਤੋਂ ਪਹਿਲਾਂ ਡਾਕਟਰਾਂ ਨੂੰ ਇਸ ਅਸੂਲ ਬਾਰੇ ਨਹੀਂ ਪਤਾ ਸੀ। ਪਰ ਇਹ ਅਸੂਲ ਅੱਜ ਵੀ ਫ਼ਾਇਦੇਮੰਦ ਹੈ।​—ਲੇਵੀਆਂ, ਅਧਿਆਇ 13 ਅਤੇ 14.

ਲਾਸ਼ ਨੂੰ ਛੋਹਣ ਤੋਂ ਬਾਅਦ ਨਹਾਉਣਾ।

19ਵੀਂ ਸਦੀ ਦੇ ਅਖ਼ੀਰ ਤਕ ਵੀ ਡਾਕਟਰ ਮੁਰਦਿਆਂ ਦਾ ਓਪਰੇਸ਼ਨ ਕਰਨ ਤੋਂ ਬਾਅਦ ਬਿਨਾਂ ਹੱਥ ਧੋਤਿਆਂ ਜੀਉਂਦੇ ਮਰੀਜ਼ਾਂ ਦਾ ਓਪਰੇਸ਼ਨ ਕਰਦੇ ਸਨ। ਇਸ ਕਰਕੇ ਬਹੁਤ ਸਾਰੇ ਲੋਕਾਂ ਦੀ ਜਾਨ ਗਈ। ਪਰ ਮੂਸਾ ਦੇ ਕਾਨੂੰਨ ਵਿਚ ਪਹਿਲਾਂ ਹੀ ਦੱਸਿਆ ਗਿਆ ਸੀ ਕਿ ਕੋਈ ਵੀ ਵਿਅਕਤੀ ਲਾਸ਼ ਨੂੰ ਛੋਹ ਕੇ ਅਸ਼ੁੱਧ ਹੋ ਜਾਂਦਾ ਸੀ। ਇਸ ਕਾਨੂੰਨ ਵਿਚ ਇਹ ਵੀ ਦੱਸਿਆ ਗਿਆ ਸੀ ਕਿ ਇਨ੍ਹਾਂ ਹਾਲਾਤਾਂ ਵਿਚ ਅਸ਼ੁੱਧ ਹੋਏ ਵਿਅਕਤੀ ਨੂੰ ਆਪਣੇ ਆਪ ਨੂੰ ਪਾਣੀ ਨਾਲ ਸ਼ੁੱਧ ਕਰਨਾ ਚਾਹੀਦਾ ਸੀ। ਇੱਦਾਂ ਕਰਨ ਨਾਲ ਬੀਮਾਰੀਆਂ ਤੋਂ ਬਚਿਆ ਜਾ ਸਕਦਾ ਸੀ।​—ਗਿਣਤੀ 19:11, 19.

ਮਲ-ਮੂਤਰ ਨੂੰ ਦੱਬਣਾ।

ਹਰ ਸਾਲ 5 ਲੱਖ ਤੋਂ ਜ਼ਿਆਦਾ ਬੱਚੇ ਦਸਤ ਰੋਗ ਕਰਕੇ ਮੌਤ ਦੇ ਮੂੰਹ ਵਿਚ ਚਲੇ ਜਾਂਦੇ ਹਨ। ਇਨ੍ਹਾਂ ਵਿੱਚੋਂ ਜ਼ਿਆਦਾਤਰ ਜਣੇ ਇਸ ਲਈ ਮਰਦੇ ਹਨ ਕਿਉਂਕਿ ਖੁੱਲ੍ਹੇ ਵਿਚ ਮਲ-ਮੂਤਰ ਕੀਤਾ ਜਾਂਦਾ ਹੈ। ਮੂਸਾ ਦੇ ਕਾਨੂੰਨ ਵਿਚ ਦੱਸਿਆ ਗਿਆ ਸੀ ਕਿ ਮਲ-ਮੂਤਰ ਲੋਕਾਂ ਦੇ ਘਰਾਂ ਤੋਂ ਦੂਰ ਕੀਤਾ ਜਾਣਾ ਚਾਹੀਦਾ ਸੀ ਤੇ ਇਸ ਨੂੰ ਦੱਬ ਦਿੱਤਾ ਜਾਣਾ ਚਾਹੀਦਾ ਸੀ।​—ਬਿਵਸਥਾ ਸਾਰ 23:13.

ਸੁੰਨਤ ਦਾ ਸਮਾਂ।

ਰੱਬ ਨੇ ਕਾਨੂੰਨ ਦਿੱਤਾ ਸੀ ਕਿ ਮੁੰਡੇ ਦੇ ਜਨਮ ਤੋਂ ਬਾਅਦ ਅੱਠਵੇਂ ਦਿਨ ਉਸ ਦੀ ਸੁੰਨਤ ਕੀਤੀ ਜਾਣੀ ਚਾਹੀਦੀ ਸੀ। (ਲੇਵੀਆਂ 12:3) ਅੱਜ ਦੀਆਂ ਤਕਨੀਕਾਂ ਰਾਹੀਂ ਇਹ ਗੱਲ ਸਾਬਤ ਹੋ ਚੁੱਕੀ ਹੈ ਕਿ ਨਵਜੰਮੇ ਬੱਚੇ ਦੇ ਜਨਮ ਤੋਂ ਇਕ ਹਫ਼ਤੇ ਬਾਅਦ ਹੀ ਉਸ ਦੇ ਖ਼ੂਨ ਦਾ ਚੰਗੀ ਤਰ੍ਹਾਂ ਜਮਾਅ ਹੋਣਾ ਸ਼ੁਰੂ ਹੁੰਦਾ ਹੈ। ਭਾਵੇਂ ਬਾਈਬਲ ਦੇ ਜ਼ਮਾਨੇ ਵਿਚ ਇਸ ਬਾਰੇ ਪਤਾ ਨਹੀਂ ਸੀ, ਪਰ ਫਿਰ ਵੀ ਬੱਚੇ ਦੀ ਸੁੰਨਤ ਕਰਨ ਲਈ ਇਕ ਹਫ਼ਤਾ ਇੰਤਜ਼ਾਰ ਕੀਤਾ ਜਾਂਦਾ ਸੀ। ਇਸ ਕਾਨੂੰਨ ਕਰਕੇ ਬੱਚਿਆਂ ਦੀਆਂ ਜਾਨਾਂ ਬਚਦੀਆਂ ਸਨ।

ਭਾਵਨਾਵਾਂ ਦਾ ਸਿਹਤ ’ਤੇ ਅਸਰ

ਖੋਜਕਾਰ ਅਤੇ ਵਿਗਿਆਨੀ ਕਹਿੰਦੇ ਹਨ ਕਿ ਚੰਗੀਆਂ ਭਾਵਨਾਵਾਂ, ਜਿਵੇਂ ਖ਼ੁਸ਼ੀ, ਦੂਸਰਿਆਂ ਨੂੰ ਮਾਫ਼ ਕਰਨਾ, ਆਸ ਅਤੇ ਸ਼ੁਕਰਗੁਜ਼ਾਰੀ, ਦਾ ਸਿਹਤ ’ਤੇ ਚੰਗਾ ਅਸਰ ਪੈਂਦਾ ਹੈ। ਬਾਈਬਲ ਕਹਿੰਦੀ ਹੈ: “ਖੁਸ਼ ਦਿਲੀ ਦਵਾ ਵਾਂਙੁ ਚੰਗਾ ਕਰਦੀ ਹੈ, ਪਰ ਉਦਾਸ ਆਤਮਾ ਹੱਡੀਆਂ ਨੂੰ ਸੁਕਾਉਂਦਾ ਹੈ।”​—ਕਹਾਉਤਾਂ 17:22.