Skip to content

ਕੀ ਵਿਗਿਆਨ ਬਾਈਬਲ ਨਾਲ ਸਹਿਮਤ ਹੈ?

ਕੀ ਵਿਗਿਆਨ ਬਾਈਬਲ ਨਾਲ ਸਹਿਮਤ ਹੈ?

ਬਾਈਬਲ ਕਹਿੰਦੀ ਹੈ

 ਜੀ ਹਾਂ। ਭਾਵੇਂ ਬਾਈਬਲ ਕੋਈ ਵਿਗਿਆਨ ਦੀ ਕਿਤਾਬ ਨਹੀਂ ਹੈ, ਪਰ ਇਸ ਵਿਚ ਵਿਗਿਆਨ ਨਾਲ ਸੰਬੰਧਿਤ ਵਿਸ਼ਿਆਂ ਬਾਰੇ ਸਹੀ-ਸਹੀ ਜਾਣਕਾਰੀ ਦਿੱਤੀ ਗਈ ਹੈ। ਜ਼ਰਾ ਕੁਝ ਮਿਸਾਲਾਂ ਤੇ ਗੌਰ ਕਰੋ ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਵਿਗਿਆਨ ਬਾਈਬਲ ਨਾਲ ਸਹਿਮਤ ਹੈ ਅਤੇ ਉਸ ਸਮੇਂ ਦੇ ਲੋਕ ਬਾਈਬਲ ਵਿਚ ਦਿੱਤੀ ਵਿਗਿਆਨਕ ਵਿਸ਼ਿਆਂ ਬਾਰੇ ਜਾਣਕਾਰੀ ਤੋਂ ਬਿਲਕੁਲ ਵੱਖਰੇ ਵਿਚਾਰ ਰੱਖਦੇ ਸਨ।

  •   ਬ੍ਰਹਿਮੰਡ ਦੀ ਸ਼ੁਰੂਆਤ ਹੋਈ ਸੀ। (ਉਤਪਤ 1:1) ਪਰ ਬਹੁਤ ਸਾਰੀਆਂ ਪੁਰਾਣੀਆਂ ਕਥਾ-ਕਹਾਣੀਆਂ ਮੁਤਾਬਕ ਬ੍ਰਹਿਮੰਡ ਬਣਾਇਆ ਨਹੀਂ ਗਿਆ ਸਗੋਂ ਇਹ ਕਿਸੇ ਗੜਬੜੀ ਕਰਕੇ ਆਪਣੇ ਆਪ ਹੋਂਦ ਵਿਚ ਆ ਗਿਆ। ਬਾਬਲੀ ਲੋਕ ਵਿਸ਼ਵਾਸ ਕਰਦੇ ਸਨ ਕਿ ਦੇਵਤਿਆਂ ਨੇ ਬ੍ਰਹਿਮੰਡ ਨੂੰ ਜਨਮ ਦਿੱਤਾ ਹੈ ਅਤੇ ਇਹ ਦੇਵਤੇ ਦੋ ਸਮੁੰਦਰਾਂ ਤੋਂ ਆਏ ਸਨ। ਹੋਰ ਕਹਾਣੀਆਂ ਮੁਤਾਬਕ ਬ੍ਰਹਿਮੰਡ ਇਕ ਬਹੁਤ ਵੱਡੇ ਆਂਡੇ ਵਿੱਚੋਂ ਨਿਕਲਿਆ ਹੈ।

  •   ਬਾਈਬਲ ਦੱਸਦੀ ਹੈ ਕਿ ਹਰ ਦਿਨ ਬ੍ਰਹਿਮੰਡ ਵਿਚ ਗ੍ਰਹਿ-ਤਾਰੇ ਕੁਦਰਤੀ ਨਿਯਮਾਂ ਮੁਤਾਬਕ ਚੱਲਦੇ ਹਨ। (ਅੱਯੂਬ 38:33; ਯਿਰਮਿਯਾਹ 33:25) ਪਰ ਦੁਨੀਆਂ ਭਰ ਦੀਆਂ ਕਥਾ-ਕਹਾਣੀਆਂ ਮੁਤਾਬਕ ਕੁਦਰਤੀ ਆਫ਼ਤਾਂ ਦੇਵਤਿਆਂ ਦੀ ਮਨ-ਮਰਜ਼ੀ ਕਰਕੇ ਆਉਂਦੀਆਂ ਹਨ ਜਿਨ੍ਹਾਂ ਅੱਗੇ ਇਨਸਾਨਾਂ ਦਾ ਕੋਈ ਵੱਸ ਨਹੀਂ ਚੱਲਦਾ।

  •   ਧਰਤੀ ਬਿਨਾਂ ਸਹਾਰੇ ਲਟਕ ਰਹੀ ਹੈ। (ਅੱਯੂਬ 26:7) ਪਰ ਪੁਰਾਣੇ ਸਮੇਂ ਵਿਚ ਬਹੁਤ ਸਾਰੇ ਲੋਕ ਮੰਨਦੇ ਸਨ ਕਿ ਧਰਤੀ ਚਪਟੀ ਹੈ ਅਤੇ ਇਹ ਇਕ ਬਹੁਤ ਵੱਡੇ ਦੈਂਤ, ਕੱਛੂ ਜਾਂ ਮੱਝ ਵਰਗੇ ਜਾਨਵਰ ʼਤੇ ਟਿਕੀ ਹੋਈ ਹੈ।

  •   ਸਮੁੰਦਰਾਂ ਅਤੇ ਹੋਰ ਥਾਵਾਂ ਦਾ ਪਾਣੀ ਭਾਫ਼ ਬਣ ਕੇ ਉੱਡ ਜਾਂਦਾ ਹੈ ਅਤੇ ਬਾਅਦ ਵਿਚ ਇਹ ਮੀਂਹ, ਬਰਫ਼, ਜਾਂ ਗੜਿਆਂ ਦੇ ਰੂਪ ਵਿਚ ਵਾਪਸ ਧਰਤੀ ʼਤੇ ਆਉਂਦਾ ਹੈ। ਇਹੀ ਪਾਣੀ ਨਦੀਆਂ ਅਤੇ ਝਰਨਿਆਂ ਵਿਚ ਵਹਿੰਦਾ ਹੈ। (ਅੱਯੂਬ 36:27, 28; ਉਪਦੇਸ਼ਕ ਦੀ ਕਿਤਾਬ 1:7; ਯਸਾਯਾਹ 55:10; ਆਮੋਸ 9:6) ਪਰ ਪੁਰਾਣੇ ਸਮੇਂ ਵਿਚ ਯੂਨਾਨੀ ਲੋਕ ਸੋਚਦੇ ਹੁੰਦੇ ਸਨ ਕਿ ਸਮੁੰਦਰਾਂ ਦਾ ਪਾਣੀ ਧਰਤੀ ਦੇ ਅੰਦਰੋਂ-ਅੰਦਰੀਂ ਹੀ ਨਦੀਆਂ ਵਿਚ ਚਲਾ ਜਾਂਦਾ ਹੈ। 18ਵੀਂ ਸਦੀ ਤਕ ਲੋਕਾਂ ਦਾ ਇਹੀ ਮੰਨਣਾ ਸੀ।

  •   ਪਹਾੜਾਂ ਦੀ ਉਚਾਈ ਘੱਟਦੀ-ਵਧਦੀ ਰਹਿੰਦੀ ਹੈ ਅਤੇ ਅੱਜ ਅਸੀਂ ਜਿਨ੍ਹਾਂ ਪਹਾੜਾਂ ਨੂੰ ਦੇਖਦੇ ਹਾਂ ਉਹ ਇਕ ਸਮੇਂ ʼਤੇ ਸਮੁੰਦਰਾਂ ਥੱਲੇ ਹੁੰਦੇ ਸਨ। (ਜ਼ਬੂਰ 104:6, 8) ਪਰ ਬਹੁਤ ਸਾਰੀਆਂ ਕਥਾ-ਕਹਾਣੀਆਂ ਮੁਤਾਬਕ ਇਨ੍ਹਾਂ ਪਹਾੜਾਂ ਨੂੰ ਦੇਵਤਿਆਂ ਨੇ ਬਣਾਇਆ ਸੀ।

  •   ਸਾਫ਼-ਸਫ਼ਾਈ ਰੱਖਣ ਨਾਲ ਸਿਹਤ ਚੰਗੀ ਰਹਿੰਦੀ ਹੈ। ਇਜ਼ਰਾਈਲ ਕੌਮ ਨੂੰ ਸਾਫ਼-ਸਫ਼ਾਈ ਸੰਬੰਧੀ ਕੁਝ ਕਾਨੂੰਨ ਦਿੱਤੇ ਗਏ ਸਨ ਜਿਵੇਂ ਮੁਰਦਿਆਂ ਨੂੰ ਛੂਹਣ ਤੋਂ ਬਾਅਦ ਹੱਥ ਧੋਣੇ, ਛੂਤ ਦੇ ਮਰੀਜ਼ਾਂ ਨੂੰ ਦੂਸਰਿਆਂ ਤੋਂ ਅਲੱਗ ਰੱਖਣਾ ਅਤੇ ਇਨਸਾਨਾਂ ਦੇ ਮਲ-ਮੂਤਰ ਨੂੰ ਮਿੱਟੀ ਨਾਲ ਚੰਗੀ ਤਰ੍ਹਾਂ ਢੱਕਣਾ। (ਲੇਵੀਆਂ 11:28; 13:1-5; ਬਿਵਸਥਾ ਸਾਰ 23:13) ਇਸ ਤੋਂ ਉਲਟ, ਉਸ ਵੇਲੇ ਮਿਸਰ ਵਿਚ ਕਿਸੇ ਜ਼ਖ਼ਮ ਦਾ ਇਲਾਜ ਕਰਨ ਲਈ ਉਸ ʼਤੇ ਜੋ ਲੇਪ ਲਗਾਈ ਜਾਂਦੀ ਸੀ ਉਸ ਵਿਚ ਇਨਸਾਨਾਂ ਦਾ ਮਲ-ਮੂਤਰ ਵੀ ਰਲ਼ਾਇਆ ਜਾਂਦਾ ਸੀ।

ਕੀ ਬਾਈਬਲ ਵਿਚ ਗ਼ਲਤ ਵਿਗਿਆਨਕ ਜਾਣਕਾਰੀ ਦਿੱਤੀ ਹੈ?

 ਜੇ ਅਸੀਂ ਬਾਈਬਲ ਦੀ ਧਿਆਨ ਨਾਲ ਜਾਂਚ ਕਰਕੇ ਦੇਖੀਏ, ਤਾਂ ਸਾਨੂੰ ਇਸ ਦਾ ਜਵਾਬ ਨਾਂਹ ਵਿਚ ਮਿਲੇਗਾ। ਬਾਈਬਲ ਵਿਚ ਦਿੱਤੀ ਵਿਗਿਆਨਕ ਜਾਣਕਾਰੀ ਨੂੰ ਲੈ ਕੇ ਲੋਕਾਂ ਨੂੰ ਕਈ ਗ਼ਲਤਫ਼ਹਿਮੀਆਂ ਹਨ:

 ਗ਼ਲਤਫ਼ਹਿਮੀ: ਬਾਈਬਲ ਕਹਿੰਦੀ ਹੈ ਬ੍ਰਹਿਮੰਡ 24 ਘੰਟਿਆਂ ਵਾਲੇ ਛੇ ਦਿਨਾਂ ਵਿਚ ਬਣਾਇਆ ਗਿਆ ਹੈ।

 ਸੱਚਾਈ: ਬਾਈਬਲ ਮੁਤਾਬਕ ਪਰਮੇਸ਼ੁਰ ਨੇ ਬ੍ਰਹਿਮੰਡ ਨੂੰ ਹਜ਼ਾਰਾਂ ਹੀ ਸਾਲ ਪਹਿਲਾਂ ਬਣਾਇਆ ਸੀ। (ਉਤਪਤ 1:1) ਨਾਲੇ ਉਤਪਤ ਦੇ ਪਹਿਲੇ ਅਧਿਆਇ ਵਿਚ ਜ਼ਿਕਰ ਕੀਤੇ ਸ੍ਰਿਸ਼ਟੀ ਦੇ ਦਿਨਾਂ ਦੀ ਲੰਬਾਈ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ। ਅਸਲ ਵਿਚ, ਜਿੰਨੇ ਸਮੇਂ ਵਿਚ ਆਕਾਸ਼ ਅਤੇ ਧਰਤੀ ਨੂੰ ਬਣਾਇਆ ਗਿਆ ਸੀ, ਉਸ ਪੂਰੇ ਸਮੇਂ ਨੂੰ ਵੀ ਇਕ “ਦਿਨ” ਕਿਹਾ ਗਿਆ ਹੈ।—ਉਤਪਤ 2:4.

 ਗ਼ਲਤਫ਼ਹਿਮੀ: ਬਾਈਬਲ ਕਹਿੰਦੀ ਹੈ ਕਿ ਪੇੜ-ਪੌਦੇ ਸੂਰਜ ਤੋਂ ਵੀ ਪਹਿਲਾਂ ਬਣਾਏ ਗਏ ਸਨ ਜਦਕਿ ਸੂਰਜ ਦੀ ਧੁੱਪ ਤੋਂ ਬਿਨਾਂ ਪੇੜ-ਪੌਦੇ ਵਧ-ਫੁੱਲ ਹੀ ਨਹੀਂ ਸਕਦੇ।—ਉਤਪਤ 1:11, 16.

 ਸੱਚਾਈ: ਬਾਈਬਲ ਤੋਂ ਪਤਾ ਲੱਗਦਾ ਹੈ ਕਿ ਸੂਰਜ ਵੀ ਉਨ੍ਹਾਂ ਤਾਰਿਆਂ ਵਿੱਚੋਂ ਇਕ ਤਾਰਾ ਹੈ ਜੋ ਪੇੜ-ਪੌਦੇ ਬਣਾਉਣ ਤੋਂ ਪਹਿਲਾਂ “ਆਕਾਸ਼” ਵਿਚ ਬਣਾਇਆ ਗਿਆ ਸੀ। (ਉਤਪਤ 1:1) ਸ੍ਰਿਸ਼ਟੀ ਦੇ ਪਹਿਲੇ “ਦਿਨ” ਜਾਂ ਸਮੇਂ ਦੌਰਾਨ ਸੂਰਜ ਦੀ ਖਿੱਲਰੀ ਹੋਈ ਰੌਸ਼ਨੀ ਧਰਤੀ ʼਤੇ ਪੈਂਦੀ ਸੀ। ਪਰ ਫਿਰ ਆਸਮਾਨ ਸਾਫ਼ ਹੁੰਦਾ ਗਿਆ ਅਤੇ ਤੀਜੇ “ਦਿਨ” ਸੂਰਜ ਦੀ ਰੌਸ਼ਨੀ ਇਸ ਹੱਦ ਤਕ ਧਰਤੀ ʼਤੇ ਆਉਣ ਲੱਗੀ ਕਿ ਪੇੜ-ਪੌਦੇ ਵਧਣ ਲੱਗੇ। (ਉਤਪਤ 1:3-5, 12, 13) ਇਸ ਤੋਂ ਬਾਅਦ ਹੀ ਸੂਰਜ ਧਰਤੀ ਤੋਂ ਸਾਫ਼-ਸਾਫ਼ ਦਿਖਾਈ ਦੇਣ ਲੱਗਾ।—ਉਤਪਤ 1:16.

 ਗ਼ਲਤਫ਼ਹਿਮੀ: ਬਾਈਬਲ ਕਹਿੰਦੀ ਹੈ ਕਿ ਸੂਰਜ ਧਰਤੀ ਦੁਆਲੇ ਘੁੰਮਦਾ ਹੈ।

 ਸੱਚਾਈ: ਉਪਦੇਸ਼ਕ ਦੀ ਕਿਤਾਬ 1:5 ਵਿਚ ਲਿਖਿਆ ਹੈ: “ਸੂਰਜ ਚੜ੍ਹਦਾ ਹੈ ਅਤੇ ਸੂਰਜ ਡੁੱਬਦਾ ਹੈ; ਫਿਰ ਉਹ ਭੱਜ ਕੇ ਆਪਣੀ ਜਗ੍ਹਾ ਵਾਪਸ ਚਲਾ ਜਾਂਦਾ ਹੈ ਤੇ ਦੁਬਾਰਾ ਚੜ੍ਹਦਾ ਹੈ।” ਧਰਤੀ ਤੋਂ ਦੇਖਣ ʼਤੇ ਸੂਰਜ ਦੀ ਹਲਚਲ ਜਿਸ ਤਰ੍ਹਾਂ ਨਜ਼ਰ ਆਉਂਦੀ ਹੈ, ਇਸ ਆਇਤ ਵਿਚ ਉਸ ਬਾਰੇ ਦੱਸਿਆ ਗਿਆ ਹੈ। ਅੱਜ ਵੀ ਅਸੀਂ “ਸੂਰਜ ਚੜ੍ਹ ਗਿਆ” ਅਤੇ “ਸੂਰਜ ਡੁੱਬ ਗਿਆ” ਵਰਗੇ ਸ਼ਬਦ ਵਰਤਦੇ ਹਾਂ ਜਦਕਿ ਸਾਨੂੰ ਪਤਾ ਹੈ ਕਿ ਧਰਤੀ ਸੂਰਜ ਦੁਆਲੇ ਘੁੰਮਦੀ ਹੈ।

 ਗ਼ਲਤਫ਼ਹਿਮੀ: ਬਾਈਬਲ ਕਹਿੰਦੀ ਹੈ ਕਿ ਧਰਤੀ ਚਪਟੀ ਹੈ।

 ਸੱਚਾਈ: ਬਾਈਬਲ “ਧਰਤੀ ਦੇ ਕੋਨੇ-ਕੋਨੇ” ਸ਼ਬਦ ਵਰਤਦੀ ਹੈ ਜਿਸ ਦਾ ਮਤਲਬ ਹੈ ਦੂਰ ਦੁਰੇਡੀ ਜਗ੍ਹਾ। ਪਰ ਇਸ ਦਾ ਮਤਲਬ ਇਹ ਨਹੀਂ ਕਿ ਧਰਤੀ ਚਪਟੀ ਹੈ ਜਾਂ ਇਸ ਦਾ ਕੋਈ ਕੰਢਾ ਜਾਂ ਕਿਨਾਰਾ ਹੈ। (ਰਸੂਲਾਂ ਦੇ ਕੰਮ 1:8) ਇਸੇ ਤਰ੍ਹਾਂ ‘ਧਰਤੀ ਦੇ ਚਾਰ ਕੋਨੇ’ ਸ਼ਬਦਾਂ ਦਾ ਇਹ ਮਤਲਬ ਨਹੀਂ ਕਿ ਧਰਤੀ ਦੇ ਚਾਰ ਕੋਨੇ ਹਨ, ਸਗੋਂ ਇਹ ਸ਼ਬਦ ਪੂਰੀ ਧਰਤੀ ਨੂੰ ਦਰਸਾਉਂਣ ਲਈ ਵਰਤੇ ਜਾਂਦੇ ਹਨ।—ਯਸਾਯਾਹ 11:12; ਲੂਕਾ 13:29.