Skip to content

Skip to table of contents

ਬਾਈਬਲ ਤੋਂ ਸਾਨੂੰ ਕੀ ਪਤਾ ਲੱਗਦਾ ਹੈ?

ਬਾਈਬਲ ਤੋਂ ਸਾਨੂੰ ਕੀ ਪਤਾ ਲੱਗਦਾ ਹੈ?

“ਇਹ ਆਕਾਸ਼ ਅਤੇ ਧਰਤੀ ਨੂੰ ਬਣਾਏ ਜਾਣ ਦੇ ਸਮੇਂ ਦਾ ਇਤਿਹਾਸ ਹੈ।” (ਉਤਪਤ 2:4) ਬਾਈਬਲ ਇਨ੍ਹਾਂ ਥੋੜ੍ਹੇ ਸ਼ਬਦਾਂ ਨਾਲ ਧਰਤੀ ਨੂੰ ਬਣਾਏ ਜਾਣ ਬਾਰੇ ਦੱਸਦੀ ਹੈ। ਕੀ ਬਾਈਬਲ ਦੀਆਂ ਗੱਲਾਂ ਵਿਗਿਆਨ ਨਾਲ ਮੇਲ ਖਾਂਦੀਆਂ ਹਨ? ਆਓ ਕੁਝ ਮਿਸਾਲਾਂ ਦੇਖੀਏ।

ਸ਼ੁਰੂਆਤ: ਆਕਾਸ਼ ਅਤੇ ਧਰਤੀ ਨੂੰ ਬਣਾਇਆ ਗਿਆ ਹੈ।

ਕੀ ਬ੍ਰਹਿਮੰਡ ਹਮੇਸ਼ਾ ਤੋਂ ਹੈ?

ਉਤਪਤ 1:1 ਵਿਚ ਦੱਸਿਆ ਗਿਆ ਹੈ: “ਸ਼ੁਰੂ ਵਿਚ ਪਰਮੇਸ਼ੁਰ ਨੇ ਆਕਾਸ਼ ਅਤੇ ਧਰਤੀ ਨੂੰ ਬਣਾਇਆ।”

ਲਗਭਗ 1950 ਤਕ ਬਹੁਤ ਸਾਰੇ ਮਸ਼ਹੂਰ ਵਿਗਿਆਨੀ ਮੰਨਦੇ ਸਨ ਕਿ ਬ੍ਰਹਿਮੰਡ ਹਮੇਸ਼ਾ ਤੋਂ ਹੈ। ਪਰ ਹਾਲ ਹੀ ਵਿਚ ਕੀਤੀਆਂ ਖੋਜਾਂ ਦੇ ਆਧਾਰ ’ਤੇ ਜ਼ਿਆਦਾਤਰ ਵਿਗਿਆਨੀ ਹੁਣ ਇਹ ਗੱਲ ਮੰਨਦੇ ਹਨ ਕਿ ਬ੍ਰਹਿਮੰਡ ਦੀ ਸ਼ੁਰੂਆਤ ਹੋਈ ਹੈ।

ਸ਼ੁਰੂ ਵਿਚ ਧਰਤੀ ਕਿਹੋ ਜਿਹੀ ਸੀ?

ਉਤਪਤ 1:2, 9 ਵਿਚ ਦੱਸਿਆ ਗਿਆ ਹੈ ਕਿ ਪਹਿਲਾਂ “ਧਰਤੀ ਵੀਰਾਨ ਸੀ ਅਤੇ ਇਸ ’ਤੇ ਕੁਝ ਵੀ ਨਹੀਂ ਸੀ।” ਧਰਤੀ ’ਤੇ ਪਾਣੀ ਹੀ ਪਾਣੀ ਸੀ।

ਬਾਈਬਲ ਦੀ ਇਸ ਗੱਲ ਨਾਲ ਵਿਗਿਆਨ ਦੀਆਂ ਆਧੁਨਿਕ ਖੋਜਾਂ ਸਹਿਮਤ ਹਨ। ਜੀਵ-ਵਿਗਿਆਨੀ ਪੈਟਰਿਕ ਸ਼ੀ ਨੇ ਕਿਹਾ ਕਿ ਸ਼ੁਰੂ ਵਿਚ ਧਰਤੀ ’ਤੇ ਨਾ ਤਾਂ ਆਕਸੀਜਨ ਸੀ, ਨਾ ਹੀ ਪੇੜ-ਪੌਦੇ ਤੇ ਨਾ ਹੀ ਜੀਵ-ਜੰਤੂ ਸਨ। ਆਸਟਰੋਨਮੀ ਨਾਂ ਦਾ ਰਸਾਲਾ ਕਹਿੰਦਾ ਹੈ: “ਨਵੀਆਂ ਖੋਜਾਂ ਤੋਂ ਪਤਾ ਲੱਗਦਾ ਹੈ ਕਿ ਧਰਤੀ ’ਤੇ ਪਾਣੀ ਹੀ ਪਾਣੀ ਸੀ ਅਤੇ ਕਿਤੇ ਵੀ ਸੁੱਕੀ ਜ਼ਮੀਨ ਨਹੀਂ ਸੀ।”

ਸਮੇਂ ਦੇ ਬੀਤਣ ਨਾਲ ਵਾਯੂਮੰਡਲ ਵਿਚ ਕੀ ਬਦਲਾਅ ਆਇਆ ਸੀ?

ਉਤਪਤ 1:3-5 ਤੋਂ ਪਤਾ ਲੱਗਦਾ ਹੈ ਕਿ ਸ਼ੁਰੂ ਵਿਚ ਵਾਯੂਮੰਡਲ ਸੰਘਣਾ ਸੀ ਜਿਸ ਕਰਕੇ ਧਰਤੀ ਤੋਂ ਪਤਾ ਨਹੀਂ ਲੱਗਦਾ ਸੀ ਕਿ ਰੌਸ਼ਨੀ ਦਾ ਸੋਮਾ ਕੀ ਸੀ। ਬਾਅਦ ਵਿਚ ਹੀ ਧਰਤੀ ਤੋਂ ਸੂਰਜ ਤੇ ਚੰਦ ਸਾਫ਼-ਸਾਫ਼ ਨਜ਼ਰ ਆਉਣ ਲੱਗੇ।—ਉਤਪਤ 1:14-18.

ਬਾਈਬਲ ਇਹ ਨਹੀਂ ਕਹਿੰਦੀ ਕਿ ਧਰਤੀ ’ਤੇ ਸਾਰੀਆਂ ਜੀਉਂਦੀਆਂ ਚੀਜ਼ਾਂ ਨੂੰ 24 ਘੰਟਿਆਂ ਵਾਲੇ ਛੇ ਦਿਨਾਂ ਵਿਚ ਬਣਾਇਆ ਗਿਆ ਸੀ

ਇਕ ਰਿਸਰਚ ਸੈਂਟਰ ਮੁਤਾਬਕ ਪਹਿਲਾਂ ਵਾਯੂਮੰਡਲ ਤੋਂ ਧਰਤੀ ’ਤੇ ਬਹੁਤ ਹੀ ਘੱਟ ਰੌਸ਼ਨੀ ਆਉਂਦੀ ਸੀ। ਇਹ ਦੱਸਦਾ ਹੈ: “ਹਵਾ ਵਿਚ ਮੀਥੇਨ ਗੈਸ ਹੋਣ ਕਰਕੇ ਸ਼ੁਰੂ ਵਿਚ ਪੂਰੀ ਧਰਤੀ ’ਤੇ ਧੁੰਦ ਜਿਹੀ ਛਾਈ ਹੋਈ ਸੀ।” ਬਾਅਦ ਵਿਚ “ਜਦੋਂ ਇਹ ਧੁੰਦ ਹਟੀ, ਤਾਂ ਨੀਲਾ ਆਕਾਸ਼ ਦਿਖਾਈ ਦੇਣ ਲੱਗਾ।”​—ਸਮਿਥਸੋਨੀਅਨ ਐਨਵਾਈਰਮੈਂਟਲ ਰਿਸਰਚ ਸੈਂਟਰ।

ਧਰਤੀ ’ਤੇ ਜ਼ਿੰਦਗੀ ਦੀ ਸ਼ੁਰੂਆਤ ਕਿਸ ਤਰਤੀਬ ਵਿਚ ਹੋਈ?

ਉਤਪਤ 1:20-27 ਵਿਚ ਦੱਸਿਆ ਗਿਆ ਹੈ ਕਿ ਪਹਿਲਾਂ ਮੱਛੀਆਂ ਬਣਾਈਆਂ ਗਈਆਂ, ਫਿਰ ਪੰਛੀ, ਜਾਨਵਰ ਤੇ ਅਖ਼ੀਰ ਵਿਚ ਇਨਸਾਨਾਂ ਨੂੰ ਬਣਾਇਆ ਗਿਆ। ਵਿਗਿਆਨੀ ਵੀ ਮੰਨਦੇ ਹਨ ਕਿ ਪਹਿਲਾਂ ਮੱਛੀਆਂ ਹੋਂਦ ਵਿਚ ਆਈਆਂ, ਫਿਰ ਜਾਨਵਰ ਤੇ ਉਸ ਤੋਂ ਕਾਫ਼ੀ ਸਮੇਂ ਬਾਅਦ ਇਨਸਾਨ ਹੋਂਦ ਵਿਚ ਆਏ।

ਬਾਈਬਲ ਇਹ ਨਹੀਂ ਕਹਿੰਦੀ ਕਿ ਸਮੇਂ ਦੇ ਬੀਤਣ ਨਾਲ ਜੀਉਂਦੀਆਂ ਚੀਜ਼ਾਂ ਵਿਚ ਬਦਲਾਅ ਨਹੀਂ ਹੋ ਸਕਦਾ

ਬਾਈਬਲ ਕੀ ਨਹੀਂ ਕਹਿੰਦੀ ਹੈ?

ਕੁਝ ਲੋਕ ਦਾਅਵਾ ਕਰਦੇ ਹਨ ਕਿ ਬਾਈਬਲ ਦੀਆਂ ਗੱਲਾਂ ਵਿਗਿਆਨ ਦੀਆਂ ਨਵੀਆਂ ਖੋਜਾਂ ਨਾਲ ਮੇਲ ਨਹੀਂ ਖਾਂਦੀਆਂ। ਪਰ ਇਸ ਤਰ੍ਹਾਂ ਦੇ ਦਾਅਵੇ ਅਕਸਰ ਬਾਈਬਲ ਦੀਆਂ ਗੱਲਾਂ ਬਾਰੇ ਗ਼ਲਤਫ਼ਹਿਮੀਆਂ ’ਤੇ ਆਧਾਰਿਤ ਹੁੰਦੇ ਹਨ।

ਬਾਈਬਲ ਇਹ ਨਹੀਂ ਕਹਿੰਦੀ ਕਿ ਬ੍ਰਹਿਮੰਡ ਜਾਂ ਧਰਤੀ ਸਿਰਫ਼ 6,000 ਸਾਲ ਪੁਰਾਣੀ ਹੈ। ਇਸ ਦੀ ਬਜਾਇ, ਇਹ ਕਹਿੰਦੀ ਹੈ ਕਿ “ਸ਼ੁਰੂ ਵਿਚ” ਧਰਤੀ ਤੇ ਬ੍ਰਹਿਮੰਡ ਨੂੰ ਬਣਾਇਆ ਗਿਆ ਸੀ। (ਉਤਪਤ 1:1) ਪਰ ਬਾਈਬਲ ਇਹ ਨਹੀਂ ਦੱਸਦੀ ਕਿ ਇਨ੍ਹਾਂ ਨੂੰ ਕਿੰਨਾ ਚਿਰ ਪਹਿਲਾਂ ਬਣਾਇਆ ਗਿਆ ਸੀ।

ਬਾਈਬਲ ਇਹ ਨਹੀਂ ਕਹਿੰਦੀ ਕਿ ਧਰਤੀ ’ਤੇ ਸਾਰੀਆਂ ਜੀਉਂਦੀਆਂ ਚੀਜ਼ਾਂ ਨੂੰ 24 ਘੰਟਿਆਂ ਵਾਲੇ ਛੇ ਦਿਨਾਂ ਵਿਚ ਬਣਾਇਆ ਗਿਆ ਸੀ। ਇਸ ਦੀ ਬਜਾਇ, ਉਤਪਤ 1 ਵਿਚ ਵਰਤਿਆ ਗਿਆ ਸ਼ਬਦ “ਦਿਨ” ਲੰਬੇ ਸਮੇਂ ਨੂੰ ਦਰਸਾਉਂਦਾ ਹੈ। ਮਿਸਾਲ ਲਈ, ਇਸ ਵਿਚ ਧਰਤੀ ਅਤੇ ਇਸ ʼਤੇ ਜੀਉਂਦੀਆਂ ਚੀਜ਼ਾਂ ਬਣਾਉਣ ਦੇ ਪੂਰੇ ਸਮੇਂ ਨੂੰ ਇਕ “ਦਿਨ” ਕਿਹਾ ਗਿਆ ਹੈ ਜਿਸ ਵਿਚ “ਯਹੋਵਾਹ * ਪਰਮੇਸ਼ੁਰ ਨੇ ਧਰਤੀ ਅਤੇ ਆਕਾਸ਼ ਨੂੰ ਬਣਾਇਆ ਸੀ।” (ਉਤਪਤ 2:4) ਇਸ ਵਿਚ ਸ੍ਰਿਸ਼ਟੀ ਦੇ ਉਹ ਛੇ ਦਿਨ ਵੀ ਸ਼ਾਮਲ ਹਨ ਜਿਨ੍ਹਾਂ ਦਾ ਜ਼ਿਕਰ ਉਤਪਤ 1 ਵਿਚ ਕੀਤਾ ਗਿਆ ਹੈ। ਪਰ ਇਹ ਦਿਨ 24 ਘੰਟਿਆਂ ਵਾਲੇ ਦਿਨ ਨਹੀਂ ਸਨ। ਇਸ ਦੀ ਬਜਾਇ, ਇਹ ਛੇ “ਦਿਨ” ਬਹੁਤ ਹੀ ਲੰਬੇ ਸਮੇਂ ਨੂੰ ਦਰਸਾਉਂਦੇ ਸਨ ਜਿਨ੍ਹਾਂ ਵਿਚ ਰੱਬ ਨੇ ਧਰਤੀ ਨੂੰ ਰਹਿਣ ਦੇ ਯੋਗ ਬਣਾਇਆ ਅਤੇ ਇਸ ’ਤੇ ਜੀਉਂਦੀਆਂ ਚੀਜ਼ਾਂ ਬਣਾਈਆਂ।

ਬਾਈਬਲ ਇਹ ਨਹੀਂ ਕਹਿੰਦੀ ਕਿ ਸਮੇਂ ਦੇ ਬੀਤਣ ਨਾਲ ਜੀਉਂਦੀਆਂ ਚੀਜ਼ਾਂ ਵਿਚ ਬਦਲਾਅ ਨਹੀਂ ਹੋ ਸਕਦਾ। ਉਤਪਤ ਦੀ ਕਿਤਾਬ ਵਿਚ ਦੱਸਿਆ ਗਿਆ ਹੈ ਕਿ ਸਾਰੇ ਜੀਵ-ਜੰਤੂਆਂ ਨੂੰ “ਉਨ੍ਹਾਂ ਦੀਆਂ ਕਿਸਮਾਂ ਅਨੁਸਾਰ” ਬਣਾਇਆ ਗਿਆ ਸੀ। (ਉਤਪਤ 1:24, 25) ਜਦੋਂ ਬਾਈਬਲ ਵਿਚ “ਕਿਸਮਾਂ” ਸ਼ਬਦ ਵਰਤਿਆ ਜਾਂਦਾ ਹੈ, ਤਾਂ ਇਸ ਦਾ ਮਤਲਬ ਵੱਖੋ-ਵੱਖਰੀ ਤਰ੍ਹਾਂ ਦੇ ਜੀਉਂਦੇ ਪ੍ਰਾਣੀ ਹੁੰਦਾ ਹੈ। ਇਸ ਲਈ ਇਕ ‘ਕਿਸਮ’ ਵਿਚ ਬਹੁਤ ਸਾਰੀਆਂ ਨਸਲਾਂ ਹੋ ਸਕਦੀਆਂ ਹਨ। ਸਮੇਂ ਦੇ ਬੀਤਣ ਨਾਲ, ਇਕ ‘ਕਿਸਮ’ ਦੇ ਜੀਵ-ਜੰਤੂਆਂ ਵਿਚ ਕੁਝ ਬਦਲਾਅ ਆ ਸਕਦੇ ਹਨ ਜਿਸ ਕਰਕੇ ਕੋਈ ਨਵੀਂ ਨਸਲ ਪੈਦਾ ਹੋ ਸਕਦੀ ਹੈ, ਪਰ ਕਿਸਮ ਉਹੀ ਰਹਿੰਦੀ ਹੈ।

ਤੁਹਾਨੂੰ ਕੀ ਲੱਗਦਾ ਹੈ?

ਅਸੀਂ ਹੁਣ ਤਕ ਦੇਖਿਆ ਕਿ ਬਾਈਬਲ ਵਿਚ ਸੌਖੇ ਅਤੇ ਸਹੀ-ਸਹੀ ਸ਼ਬਦਾਂ ਨਾਲ ਦੱਸਿਆ ਗਿਆ ਹੈ ਕਿ ਬ੍ਰਹਿਮੰਡ ਅਤੇ ਜ਼ਿੰਦਗੀ ਦੀ ਸ਼ੁਰੂਆਤ ਕਿਵੇਂ ਹੋਈ ਸੀ ਤੇ ਸ਼ੁਰੂ ਵਿਚ ਧਰਤੀ ਕਿਹੋ ਜਿਹੀ ਸੀ। ਤਾਂ ਫਿਰ, ਕੀ ਇਹ ਮੁਮਕਿਨ ਨਹੀਂ ਹੈ ਕਿ ਬਾਈਬਲ ਵਿਚ ਉਸ ਬਾਰੇ ਵੀ ਸਹੀ-ਸਹੀ ਦੱਸਿਆ ਹੋਣਾ ਜਿਸ ਨੇ ਇਹ ਸਾਰਾ ਕੁਝ ਬਣਾਇਆ ਹੈ? ਇਕ ਵਿਸ਼ਵ-ਕੋਸ਼ ਵਿਚ ਲਿਖਿਆ ਹੈ: “ਜ਼ਿੰਦਗੀ ਦੀ ਸ਼ੁਰੂਆਤ ਕਿਸੇ ਅਲੌਕਿਕ ਘਟਨਾ ਨਾਲ ਹੋਈ ਤੇ ਇਹ ਗੱਲ ਵਿਗਿਆਨ ਦੇ ਆਧੁਨਿਕ ਗਿਆਨ ਨਾਲ ਮੇਲ ਖਾਂਦੀ ਹੈ।” *—ਐਨਸਾਈਕਲੋਪੀਡੀਆ ਬ੍ਰਿਟੈਨਿਕਾ।

^ ਪੈਰਾ 17 ਬਾਈਬਲ ਵਿਚ ਰੱਬ ਦਾ ਨਾਂ ਯਹੋਵਾਹ ਦੱਸਿਆ ਗਿਆ ਹੈ।

^ ਪੈਰਾ 20 ਐਨਸਾਈਕਲੋਪੀਡੀਆ ਬ੍ਰਿਟੈਨਿਕਾ ਇਸ ਵਿਚਾਰ ਦਾ ਸਮਰਥਨ ਨਹੀਂ ਕਰਦਾ ਕਿ ਜੀਉਂਦੀਆਂ ਚੀਜ਼ਾਂ ਨੂੰ ਬਣਾਇਆ ਗਿਆ ਸੀ।