Skip to content

Skip to table of contents

ਵੱਖੋ-ਵੱਖਰੇ ਵਿਸ਼ਵਾਸ

ਵੱਖੋ-ਵੱਖਰੇ ਵਿਸ਼ਵਾਸ

ਹਿੰਦੂ

ਇਹ ਲੋਕ ਮੰਨਦੇ ਹਨ ਕਿ ਇਸ ਜਨਮ ਜਾਂ ਪਿਛਲੇ ਜਨਮ ਵਿਚ ਕੀਤੀਆਂ ਗ਼ਲਤੀਆਂ ਕਰਕੇ ਇਕ ਵਿਅਕਤੀ ਨੂੰ ਦੁੱਖ ਝੱਲਣੇ ਪੈਂਦੇ ਹਨ। ਉਨ੍ਹਾਂ ਮੁਤਾਬਕ ਇਕ ਵਿਅਕਤੀ ਦੁਨੀਆਂ ਦੀ ਮੋਹ-ਮਾਇਆ ਨੂੰ ਤਿਆਗ ਕੇ ਮੋਕਸ਼ ਯਾਨੀ ਜਨਮ-ਮਰਨ ਦੇ ਚੱਕਰਾਂ ਤੋਂ ਮੁਕਤੀ ਪ੍ਰਾਪਤ ਕਰ ਸਕਦਾ ਹੈ।

ਮੁਸਲਮਾਨ

ਇਹ ਲੋਕ ਮੰਨਦੇ ਹਨ ਕਿ ਰੱਬ ਦੁੱਖ ਲਿਆ ਕੇ ਪਾਪ ਦੀ ਸਜ਼ਾ ਦਿੰਦਾ ਹੈ ਅਤੇ ਨਿਹਚਾ ਦੀ ਪਰਖ ਕਰਦਾ ਹੈ। ਦੁੱਖਾਂ ਕਰਕੇ ਸਾਨੂੰ ਯਾਦ ਰਹਿੰਦਾ ਹੈ ਕਿ “ਅਸੀਂ ਰੱਬ ਤੋਂ ਮਿਲੀਆਂ ਸਾਰੀਆਂ ਬਰਕਤਾਂ ਲਈ ਹਮੇਸ਼ਾ ਸ਼ੁਕਰਗੁਜ਼ਾਰ ਰਹੀਏ ਅਤੇ ਲੋੜਵੰਦ ਲੋਕਾਂ ਦੀ ਜ਼ਰੂਰ ਮਦਦ ਕਰੀਏ।”—ਡਾਕਟਰ ਸਈਅਦ ਸਾਈਦ, ਉੱਤਰੀ ਅਮਰੀਕਾ ਦੀ ਇਸਲਾਮੀ ਸੰਸਥਾ ਦਾ ਪ੍ਰਧਾਨ।

ਯਹੂਦੀ

ਯਹੂਦੀ ਵਿਸ਼ਵਾਸਾਂ ਅਨੁਸਾਰ ਇਕ ਵਿਅਕਤੀ ਆਪਣੇ ਕੰਮਾਂ ਕਰਕੇ ਦੁੱਖ ਝੱਲਦਾ ਹੈ। ਕੁਝ ਯਹੂਦੀ ਕਹਿੰਦੇ ਹਨ ਕਿ ਮਰੇ ਹੋਏ ਲੋਕਾਂ ਨੂੰ ਦੁਬਾਰਾ ਜੀਉਂਦਾ ਕੀਤਾ ਜਾਵੇਗਾ ਅਤੇ ਫਿਰ ਜਿਨ੍ਹਾਂ ਬੇਕਸੂਰ ਲੋਕਾਂ ਨੇ ਦੁੱਖ ਝੱਲੇ ਸਨ ਉਨ੍ਹਾਂ ਨੂੰ ਨਿਆਂ ਮਿਲੇਗਾ। ਯਹੂਦੀ ਕੈਬਾਲਾ (ਰਹੱਸਮਈ) ਫ਼ਿਰਕਾ ਜੂਨਾਂ ਦੀ ਸਿੱਖਿਆ ਦਿੰਦਾ ਹੈ। ਜੂਨਾਂ ਕਰਕੇ ਇਕ ਵਿਅਕਤੀ ਨੂੰ ਆਪਣੇ ਪਾਪਾਂ ਦਾ ਪਛਤਾਵਾ ਕਰਨ ਦਾ ਵਾਰ-ਵਾਰ ਮੌਕਾ ਮਿਲਦਾ ਹੈ।

ਬੋਧੀ

ਇਹ ਲੋਕ ਮੰਨਦੇ ਹਨ ਕਿ ਇਕ ਵਿਅਕਤੀ ਨੂੰ ਵਾਰ-ਵਾਰ ਜਨਮ ਲੈ ਕੇ ਉਦੋਂ ਤਕ ਦੁੱਖਾਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ ਜਦੋਂ ਤਕ ਉਸ ਦੇ ਬੁਰੇ ਕੰਮ, ਭਾਵਨਾਵਾਂ ਅਤੇ ਲਾਲਸਾਵਾਂ ਖ਼ਤਮ ਨਹੀਂ ਹੋ ਜਾਂਦੀਆਂ। ਬੁੱਧ, ਚੰਗੇ ਕੰਮਾਂ ਅਤੇ ਆਪਣੀਆਂ ਸੋਚਾਂ ’ਤੇ ਕਾਬੂ ਪਾ ਕੇ ਇਕ ਵਿਅਕਤੀ ਨੂੰ ਨਿਰਵਾਣ ਮਿਲਦਾ ਹੈ ਯਾਨੀ ਅਜਿਹੀ ਸਥਿਤੀ ਜਦੋਂ ਸਾਰੇ ਦੁੱਖਾਂ ਤੋਂ ਮੁਕਤੀ ਮਿਲਦੀ ਹੈ।

ਕਨਫਿਊਸ਼ਸ

ਇਸ ਧਰਮ ਦੇ ਲੋਕ ਮੰਨਦੇ ਹਨ ਕਿ “ਦੁੱਖ ਇਨਸਾਨਾਂ ਦੀਆਂ ਆਪਣੀਆਂ ਗ਼ਲਤੀਆਂ ਅਤੇ ਨਾਕਾਮਯਾਬੀਆਂ ਕਰਕੇ ਆਉਂਦੇ ਹਨ,” ਧਰਮਾਂ ਬਾਰੇ ਇਕ ਸ਼ਬਦ-ਕੋਸ਼ ਕਹਿੰਦਾ ਹੈ। ਕਨਫਿਊਸ਼ੀ ਲੋਕਾਂ ਦੀ ਸਿੱਖਿਆ ਮੁਤਾਬਕ ਨੇਕ ਜ਼ਿੰਦਗੀ ਜੀ ਕੇ ਦੁੱਖਾਂ ਨੂੰ ਘਟਾਇਆ ਜਾ ਸਕਦਾ ਹੈ। ਪਰ “ਇਨਸਾਨਾਂ ’ਤੇ ਜ਼ਿਆਦਾਤਰ ਦੁੱਖ ਆਤਮਿਕ ਪ੍ਰਾਣੀਆਂ ਕਰਕੇ ਆਉਂਦੇ ਹਨ ਜਿਨ੍ਹਾਂ ’ਤੇ ਇਨਸਾਨਾਂ ਦਾ ਕੋਈ ਵੀ ਵੱਸ ਨਹੀਂ ਚੱਲਦਾ। ਅਜਿਹੇ ਹਾਲਾਤਾਂ ਵਿਚ ਇਕ ਵਿਅਕਤੀ ਨੂੰ ਇਹੀ ਮੰਨ ਲੈਣਾ ਚਾਹੀਦਾ ਕਿ ਸਾਰਾ ਕੁਝ ਕਿਸਮਤ ਦੇ ਹੱਥ ਵਿਚ ਹੈ।”

ਕੁਝ ਕਬੀਲਿਆਂ ਦੇ ਧਰਮ

ਇਨ੍ਹਾਂ ਧਰਮਾਂ ਦੇ ਲੋਕ ਮੰਨਦੇ ਹਨ ਕਿ ਦੁੱਖਾਂ ਦਾ ਕਾਰਨ ਜਾਦੂ-ਟੂਣਾ ਹੈ। ਇਨ੍ਹਾਂ ਦੇ ਵਿਸ਼ਵਾਸਾਂ ਮੁਤਾਬਕ ਜਾਦੂ-ਟੂਣਾ ਕਰਨ ਵਾਲੇ ਜਾਂ ਤਾਂ ਕਿਸਮਤ ਬਣਾ ਸਕਦੇ ਹਨ ਜਾਂ ਫਿਰ ਆਫ਼ਤ ਲਿਆ ਸਕਦੇ ਹਨ। ਨਾਲੇ ਕੁਝ ਰਸਮਾਂ ਕਰ ਕੇ ਇਨ੍ਹਾਂ ਦੇ ਕੰਮਾਂ ਨੂੰ ਰੋਕਿਆ ਜਾ ਸਕਦਾ ਹੈ। ਇਸ ਲਈ ਉਹ ਮੰਨਦੇ ਹਨ ਕਿ ਜਦੋਂ ਕੋਈ ਵਿਅਕਤੀ ਬੀਮਾਰ ਹੁੰਦਾ, ਤਾਂ ਚੇਲੇ-ਚਾਂਟਿਆਂ ਰਾਹੀਂ ਦੱਸੀਆਂ ਰਸਮਾਂ ਅਤੇ ਦਵਾਈਆਂ ਦੇ ਕੇ ਉਸ ਨੂੰ ਜਾਦੂ-ਟੂਣੇ ਦੇ ਅਸਰਾਂ ਤੋਂ ਬਚਾਇਆ ਜਾ ਸਕਦਾ ਹੈ।

ਈਸਾਈ

ਇਹ ਲੋਕ ਮੰਨਦੇ ਹਨ ਕਿ ਦੁੱਖ ਪਹਿਲੇ ਇਨਸਾਨੀ ਜੋੜੇ ਦੇ ਪਾਪ ਕਰਨ ਕਰਕੇ ਆਏ ਹਨ, ਜਿਵੇਂ ਬਾਈਬਲ ਦੀ ਕਿਤਾਬ ਉਤਪਤ ਵਿਚ ਦੱਸਿਆ ਗਿਆ ਹੈ। ਪਰ ਕਈ ਹੋਰ ਫ਼ਿਰਕਿਆਂ ਨੇ ਇਸ ਸਿੱਖਿਆ ਵਿਚ ਆਪਣੇ ਵਿਚਾਰ ਜੋੜ ਦਿੱਤੇ ਹਨ। ਮਿਸਾਲ ਲਈ, ਕੁਝ ਕੈਥੋਲਿਕ ਕਹਿੰਦੇ ਹਨ ਕਿ ਸਾਡੇ ’ਤੇ ਆਉਂਦੇ ਦੁੱਖ ‘ਪਰਮੇਸ਼ੁਰ ਨੂੰ ਭੇਟ ਵਜੋਂ ਚੜ੍ਹਾਏ ਜਾ ਸਕਦੇ ਹਨ’ ਅਤੇ ਇਨ੍ਹਾਂ ਰਾਹੀਂ ਪਰਮੇਸ਼ੁਰ ਨੂੰ ਬੇਨਤੀ ਕੀਤੀ ਜਾ ਸਕਦੀ ਹੈ ਕਿ ਉਹ ਚਰਚ ਦਾ ਭਲਾ ਕਰੇ ਜਾਂ ਉਨ੍ਹਾਂ ਦੇ ਦੁੱਖਾਂ ਕਰਕੇ ਕਿਸੇ ਹੋਰ ਨੂੰ ਮੁਕਤੀ ਦੇਵੇ।

ਹੋਰ ਜਾਣੋ

jw.org/pa ’ਤੇ ਕੀ ਰੱਬ ਨੂੰ ਹਰ ਤਰ੍ਹਾਂ ਦੀ ਭਗਤੀ ਮਨਜ਼ੂਰ ਹੈ? ਨਾਂ ਦੀ ਵੀਡੀਓ ਦੇਖੋ।