Skip to content

Skip to table of contents

ਸਬਕ 6

ਨੈਤਿਕ ਮਿਆਰਾਂ ਦੀ ਅਹਿਮੀਅਤ

ਨੈਤਿਕ ਮਿਆਰਾਂ ਦੀ ਅਹਿਮੀਅਤ

ਨੈਤਿਕ ਮਿਆਰ ਕੀ ਹੁੰਦੇ ਹਨ?

ਨੈਤਿਕ ਮਿਆਰ ਕੁਝ ਅਸੂਲਾਂ ’ਤੇ ਆਧਾਰਿਤ ਹੁੰਦੇ ਹਨ ਜਿਨ੍ਹਾਂ ਤੋਂ ਇਕ ਵਿਅਕਤੀ ਨੂੰ ਕੋਈ ਕੰਮ ਕਰਨ ਦੀ ਸੇਧ ਮਿਲਦੀ ਹੈ ਚਾਹੇ ਉਹ ਇਕੱਲਾ ਹੀ ਕਿਉਂ ਨਾ ਹੋਵੇ। ਜਿਨ੍ਹਾਂ ਲੋਕਾਂ ਦੇ ਨੈਤਿਕ ਮਿਆਰ ਉੱਚੇ ਹੁੰਦੇ ਹਨ, ਉਹ ਸਹੀ-ਗ਼ਲਤ ਵਿਚ ਆਸਾਨੀ ਨਾਲ ਫ਼ਰਕ ਪਛਾਣ ਲੈਂਦੇ ਹਨ। ਉਨ੍ਹਾਂ ਦੇ ਨੈਤਿਕ ਮਿਆਰ ਇਸ ਗੱਲ ’ਤੇ ਟਿਕੇ ਨਹੀਂ ਹੁੰਦੇ ਕਿ ਕਿਸੇ ਮੌਕੇ ’ਤੇ ਉਹ ਕਿਵੇਂ ਮਹਿਸੂਸ ਕਰਦੇ ਹਨ।

ਨੈਤਿਕ ਮਿਆਰ ਜ਼ਰੂਰੀ ਕਿਉਂ ਹਨ?

ਬੱਚਿਆਂ ਨੂੰ ਹਰ ਪਾਸਿਓਂ ਨੈਤਿਕ ਮਿਆਰਾਂ ਬਾਰੇ ਢੇਰ ਸਾਰੀ ਗ਼ਲਤ ਜਾਣਕਾਰੀ ਮਿਲਦੀ ਹੈ। ਮਿਸਾਲ ਲਈ, ਸਕੂਲ, ਗਾਣਿਆਂ, ਫ਼ਿਲਮਾਂ ਅਤੇ ਟੀ. ਵੀ. ਤੋਂ। ਇਨ੍ਹਾਂ ਗੱਲਾਂ ਕਰਕੇ ਬੱਚੇ ਮਾਪਿਆਂ ਵੱਲੋਂ ਸਿਖਾਏ ਗਏ ਮਿਆਰਾਂ ’ਤੇ ਸ਼ੱਕ ਕਰ ਸਕਦੇ ਹਨ।

ਖ਼ਾਸ ਕਰਕੇ ਅੱਲ੍ਹੜ ਉਮਰ ਦੇ ਬੱਚਿਆਂ ਨਾਲ ਇੱਦਾਂ ਹੁੰਦਾ ਹੈ। ਇਕ ਕਿਤਾਬ ਕਹਿੰਦੀ ਹੈ ਕਿ ਅੱਲ੍ਹੜ ਉਮਰ ਤਕ ਪਹੁੰਚਦਿਆਂ “ਬੱਚਿਆਂ ਨੂੰ ਇਹ ਸਮਝਣ ਦੀ ਲੋੜ ਹੈ ਕਿ ਉਨ੍ਹਾਂ ’ਤੇ ਹਰ ਪਾਸਿਓਂ ਦਬਾਅ ਪਵੇਗਾ ਕਿ ਉਹ ਦੂਸਰਿਆਂ ਵਰਗੇ ਬਣਨ, ਨਹੀਂ ਤਾਂ ਲੋਕ ਉਨ੍ਹਾਂ ਨੂੰ ਪਸੰਦ ਨਹੀਂ ਕਰਨਗੇ। ਪਰ ਬੱਚਿਆਂ ਨੂੰ ਆਪਣੇ ਨੈਤਿਕ ਮਿਆਰਾਂ ਮੁਤਾਬਕ ਫ਼ੈਸਲੇ ਕਰਨੇ ਸਿੱਖਣੇ ਚਾਹੀਦੇ ਹਨ, ਫਿਰ ਚਾਹੇ ਇਹ ਫ਼ੈਸਲੇ ਉਨ੍ਹਾਂ ਦੇ ਦੋਸਤਾਂ ਨੂੰ ਪਸੰਦ ਨਾ ਵੀ ਆਉਣ।” ਸੋ ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਅੱਲ੍ਹੜ ਉਮਰ ਤੋਂ ਪਹਿਲਾਂ ਹੀ ਬੱਚਿਆਂ ਨੂੰ ਸਿਖਲਾਈ ਦੇਣੀ ਜ਼ਰੂਰੀ ਹੈ।​—Beyond the Big Talk.

ਨੈਤਿਕ ਮਿਆਰ ਕਿਵੇਂ ਸਿਖਾਈਏ?

ਸਹੀ-ਗ਼ਲਤ ਦੇ ਮਿਆਰ ਠਹਿਰਾਓ।

ਬਾਈਬਲ ਦਾ ਅਸੂਲ: ‘ਸਮਝਦਾਰ ਲੋਕ ਆਪਣੀ ਸੋਚਣ-ਸਮਝਣ ਦੀ ਕਾਬਲੀਅਤ ਨੂੰ ਵਾਰ-ਵਾਰ ਇਸਤੇਮਾਲ ਕਰ ਕੇ ਸਹੀ ਤੇ ਗ਼ਲਤ ਵਿਚ ਫ਼ਰਕ ਦੇਖਣ ਦੇ ਮਾਹਰ ਬਣ ਜਾਂਦੇ ਹਨ।’​—ਇਬਰਾਨੀਆਂ 5:14.

  • ਸਹੀ-ਗ਼ਲਤ ਵਿਚ ਪਛਾਣ ਕਰਨ ਵਾਲੇ ਸ਼ਬਦ ਵਰਤੋ। ਰੋਜ਼ਮੱਰਾ ਦੇ ਹਾਲਾਤਾਂ ਬਾਰੇ ਗੱਲ ਕਰੋ ਅਤੇ ਸਹੀ-ਗ਼ਲਤ ਵਿਚ ਤੁਲਨਾ ਕਰੋ। ਜਿਵੇਂ: “ਇਹ ਈਮਾਨਦਾਰੀ ਹੈ, ਇਹ ਬੇਈਮਾਨੀ ਹੈ।” “ਇਹ ਵਫ਼ਾਦਾਰੀ ਹੈ, ਇਹ ਬੇਵਫ਼ਾਈ ਹੈ।” “ਇਹ ਚੰਗਾ ਕੰਮ ਹੈ, ਇਹ ਮਾੜਾ ਕੰਮ ਹੈ।” ਇਸ ਤਰ੍ਹਾਂ ਸਮੇਂ ਦੇ ਬੀਤਣ ਨਾਲ ਬੱਚੇ ਨੂੰ ਪਤਾ ਲੱਗ ਜਾਵੇਗਾ ਕਿ ਕਿਹੜੇ ਕੰਮ ਕਰਨੇ ਸਹੀ ਹਨ ਤੇ ਕਿਹੜੇ ਗ਼ਲਤ।

  • ਦੱਸੋ ਕਿ ਤੁਹਾਡੇ ਠਹਿਰਾਏ ਮਿਆਰ ਸਹੀ ਕਿਉਂ ਹਨ? ਮਿਸਾਲ ਲਈ, ਅਜਿਹੇ ਸਵਾਲ ਪੁੱਛੋ: ਈਮਾਨਦਾਰੀ ਸਭ ਤੋਂ ਵਧੀਆ ਨੀਤੀ ਕਿਉਂ ਹੈ? ਝੂਠ ਬੋਲਣ ਨਾਲ ਦੋਸਤੀ ਕਿਵੇਂ ਟੁੱਟ ਸਕਦੀ ਹੈ? ਚੋਰੀ ਕਰਨੀ ਗ਼ਲਤ ਕਿਉਂ ਹੈ? ਆਪਣੇ ਬੱਚੇ ਨਾਲ ਤਰਕ ਕਰੋ ਤਾਂਕਿ ਉਹ ਖ਼ੁਦ ਦੇਖ ਸਕੇ ਕਿ ਕੀ ਸਹੀ ਹੈ ਤੇ ਕੀ ਗ਼ਲਤ।

  • ਦੱਸੋ ਕਿ ਚੰਗੇ ਨੈਤਿਕ ਮਿਆਰਾਂ ਮੁਤਾਬਕ ਚੱਲਣ ਦੇ ਕੀ ਫ਼ਾਇਦੇ ਹਨ। ਤੁਸੀਂ ਕਹਿ ਸਕਦੇ ਹੋ: “ਜੇ ਤੂੰ ਈਮਾਨਦਾਰ ਬਣੇਗਾ, ਤਾਂ ਦੂਸਰੇ ਤੇਰੇ ’ਤੇ ਭਰੋਸਾ ਕਰਨਗੇ” ਜਾਂ “ਜੇ ਤੂੰ ਪਿਆਰ ਨਾਲ ਪੇਸ਼ ਆਵੇਂਗਾ, ਤਾਂ ਸਾਰੇ ਤੈਨੂੰ ਪਸੰਦ ਕਰਨਗੇ।”

ਨੈਤਿਕ ਮਿਆਰਾਂ ਨੂੰ ਆਪਣੇ ਪਰਿਵਾਰ ਦੀ ਪਛਾਣ ਬਣਾਓ।

ਬਾਈਬਲ ਦਾ ਅਸੂਲ: “ਆਪਣੀ ਜਾਂਚ ਕਰਦੇ ਰਹੋ ਕਿ ਤੁਸੀਂ ਕਿਹੋ ਜਿਹੇ ਇਨਸਾਨ ਹੋ।”​—2 ਕੁਰਿੰਥੀਆਂ 13:5.

  • ਨੈਤਿਕ ਮਿਆਰ ਤੁਹਾਡੇ ਪਰਿਵਾਰ ਦੀ ਪਛਾਣ ਹੋਣੇ ਚਾਹੀਦੇ ਹਨ ਤਾਂਕਿ ਤੁਸੀਂ ਮਾਣ ਨਾਲ ਕਹਿ ਸਕੋ ਕਿ

    • “ਸਾਡੇ ਪਰਿਵਾਰ ਵਿਚ ਕੋਈ ਝੂਠ ਨਹੀਂ ਬੋਲਦਾ।”

    • “ਅਸੀਂ ਇਕ-ਦੂਸਰੇ ਉੱਤੇ ਨਾ ਤਾਂ ਚਿਲਾਉਂਦੇ ਹਾਂ ਤੇ ਨਾ ਹੀ ਹੱਥ ਚੁੱਕਦੇ ਹਾਂ।”

    • “ਅਸੀਂ ਇਕ-ਦੂਜੇ ਨੂੰ ਬੁਰਾ-ਭਲਾ ਨਹੀਂ ਕਹਿੰਦੇ ਤੇ ਨਾ ਇਕ-ਦੂਜੇ ਦੀ ਬੇਇੱਜ਼ਤੀ ਕਰਦੇ ਹਾਂ।”

ਤੁਹਾਡਾ ਬੱਚਾ ਦੇਖੇਗਾ ਕਿ ਇਹ ਨੈਤਿਕ ਮਿਆਰ ਸਿਰਫ਼ ਨਿਯਮ ਹੀ ਨਹੀਂ, ਸਗੋਂ ਤੁਹਾਡੇ ਪਰਿਵਾਰ ਦੀ ਪਛਾਣ ਹਨ।

  • ਸਮੇਂ-ਸਮੇਂ ’ਤੇ ਬੱਚੇ ਨੂੰ ਪਰਿਵਾਰ ਦੇ ਨੈਤਿਕ ਮਿਆਰ ਯਾਦ ਕਰਾਉਂਦੇ ਰਹੋ। ਉਸ ਨੂੰ ਸਿਖਾਉਣ ਲਈ ਰੋਜ਼ਮੱਰਾ ਦੇ ਹਾਲਾਤਾਂ ਬਾਰੇ ਗੱਲ ਕਰੋ। ਤੁਸੀਂ ਆਪਣੇ ਮਿਆਰਾਂ ਦੀ ਤੁਲਨਾ ਟੀ. ਵੀ. ’ਤੇ ਆਉਂਦੇ ਲੋਕਾਂ ਜਾਂ ਸਕੂਲ ਦੇ ਬੱਚਿਆਂ ਦੇ ਮਿਆਰਾਂ ਨਾਲ ਕਰ ਸਕਦੇ ਹੋ। ਬੱਚੇ ਤੋਂ ਅਜਿਹੇ ਸਵਾਲ ਪੁੱਛੋ: “ਜੇ ਤੂੰ ਉਨ੍ਹਾਂ ਦੀ ਜਗ੍ਹਾ ਹੁੰਦਾ, ਤਾਂ ਕੀ ਕਰਦਾ?” “ਆਪਣਾ ਪਰਿਵਾਰ ਇਹੋ ਜਿਹੇ ਮੌਕੇ ’ਤੇ ਕਿਵੇਂ ਪੇਸ਼ ਆਉਂਦਾ?”

ਨੈਤਿਕ ਮਿਆਰਾਂ ਮੁਤਾਬਕ ਚੱਲਣ ਦੇ ਇਰਾਦੇ ਨੂੰ ਪੱਕਾ ਕਰੋ।

ਬਾਈਬਲ ਦਾ ਅਸੂਲ: “ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਆਪਣੀ ਜ਼ਮੀਰ ਨੂੰ ਸਾਫ਼ ਰੱਖੋ।”​—1 ਪਤਰਸ 3:16.

  • ਚੰਗੇ ਰਵੱਈਏ ਦੀ ਤਾਰੀਫ਼ ਕਰੋ। ਜਦੋਂ ਤੁਹਾਡਾ ਬੱਚਾ ਸਹੀ ਨੈਤਿਕ ਮਿਆਰਾਂ ਮੁਤਾਬਕ ਚੱਲਦਾ ਹੈ, ਤਾਂ ਉਸ ਦੀ ਤਾਰੀਫ਼ ਕਰੋ ਅਤੇ ਉਸ ਨੂੰ ਦੱਸੋ ਕਿ ਉਸ ਨੇ ਜਿਹੜਾ ਕੰਮ ਕੀਤਾ, ਉਹ ਸਹੀ ਕਿਉਂ ਸੀ। ਮਿਸਾਲ ਲਈ, ਤੁਸੀਂ ਕਹਿ ਸਕਦੇ ਹੋ: “ਤੂੰ ਈਮਾਨਦਾਰੀ ਦਿਖਾਈ, ਮੈਨੂੰ ਤੇਰੇ ’ਤੇ ਮਾਣ ਹੈ।” ਜੇ ਤੁਹਾਡਾ ਬੱਚਾ ਕੋਈ ਗ਼ਲਤੀ ਕਰਨ ਤੋਂ ਬਾਅਦ ਇਸ ਨੂੰ ਮੰਨ ਲੈਂਦਾ ਹੈ, ਤਾਂ ਉਸ ਨੂੰ ਸੁਧਾਰਨ ਤੋਂ ਪਹਿਲਾਂ ਉਸ ਦੀ ਈਮਾਨਦਾਰੀ ਦੀ ਤਾਰੀਫ਼ ਕਰੋ।

  • ਗ਼ਲਤ ਰਵੱਈਏ ਨੂੰ ਸੁਧਾਰੋ। ਬੱਚਿਆਂ ਦੀ ਮਦਦ ਕਰੋ ਕਿ ਉਹ ਆਪਣੀ ਗ਼ਲਤੀ ਨੂੰ ਮੰਨਣ। ਬੱਚਿਆਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਉਨ੍ਹਾਂ ਨੇ ਕਿਹੜੀ ਗ਼ਲਤੀ ਕੀਤੀ ਹੈ ਤੇ ਕਿਵੇਂ ਉਨ੍ਹਾਂ ਦਾ ਚਾਲ-ਚਲਣ ਪਰਿਵਾਰ ਦੇ ਨੈਤਿਕ ਮਿਆਰਾਂ ਮੁਤਾਬਕ ਸਹੀ ਨਹੀਂ ਹੈ। ਕਈ ਮਾਪੇ ਆਪਣੇ ਬੱਚਿਆਂ ਨੂੰ ਉਨ੍ਹਾਂ ਦੇ ਗ਼ਲਤ ਕੰਮਾਂ ਲਈ ਸੁਧਾਰਦੇ ਨਹੀਂ ਕਿਉਂਕਿ ਉਹ ਬੱਚਿਆਂ ਨੂੰ ਨਿਰਾਸ਼ ਨਹੀਂ ਕਰਨਾ ਚਾਹੁੰਦੇ। ਪਰ ਜਦੋਂ ਮਾਪੇ ਬੱਚਿਆਂ ਨੂੰ ਉਨ੍ਹਾਂ ਦੀਆਂ ਗ਼ਲਤੀਆਂ ਦਾ ਕਾਰਨ ਦੱਸਦੇ ਹਨ, ਤਾਂ ਬੱਚਿਆਂ ਨੂੰ ਸਹੀ-ਗ਼ਲਤ ਦੀ ਸਿਖਲਾਈ ਮਿਲਦੀ ਹੈ।