Skip to content

Skip to table of contents

ਸਬਕ 2

ਨਿਮਰ ਕਿਵੇਂ ਬਣੀਏ?

ਨਿਮਰ ਕਿਵੇਂ ਬਣੀਏ?

ਨਿਮਰਤਾ ਕੀ ਹੈ?

ਨਿਮਰ ਲੋਕ ਦੂਸਰਿਆਂ ਦੀ ਇੱਜ਼ਤ ਕਰਦੇ ਹਨ। ਉਹ ਹੰਕਾਰ ਵਿਚ ਆ ਕੇ ਗੱਲ ਨਹੀਂ ਕਰਦੇ ਤੇ ਨਾ ਹੀ ਉਹ ਚਾਹੁੰਦੇ ਹਨ ਕਿ ਦੂਸਰੇ ਉਨ੍ਹਾਂ ਨੂੰ ਪਲਕਾਂ ’ਤੇ ਬਿਠਾਉਣ। ਇਸ ਦੀ ਬਜਾਇ, ਨਿਮਰ ਵਿਅਕਤੀ ਦੂਸਰਿਆਂ ਵਿਚ ਸੱਚੀ ਦਿਲਚਸਪੀ ਲੈਂਦੇ ਹਨ ਅਤੇ ਉਨ੍ਹਾਂ ਤੋਂ ਸਿੱਖਣ ਲਈ ਤਿਆਰ ਰਹਿੰਦੇ ਹਨ।

ਕਈ ਵਾਰ ਲੋਕ ਨਿਮਰਤਾ ਨੂੰ ਕਮਜ਼ੋਰੀ ਸਮਝਦੇ ਹਨ। ਪਰ ਅਸਲ ਵਿਚ ਇਹ ਕਮਜ਼ੋਰੀ ਨਹੀਂ, ਸਗੋਂ ਤਾਕਤ ਦੀ ਨਿਸ਼ਾਨੀ ਹੈ ਜਿਸ ਕਰਕੇ ਨਿਮਰ ਵਿਅਕਤੀ ਆਪਣੀਆਂ ਕਮੀਆਂ ਅਤੇ ਹੱਦਾਂ ਨੂੰ ਪਛਾਣਨ ਦੇ ਕਾਬਲ ਬਣਦਾ ਹੈ।

ਨਿਮਰ ਬਣਨਾ ਜ਼ਰੂਰੀ ਕਿਉਂ ਹੈ?

  • ਨਿਮਰ ਹੋਣ ਨਾਲ ਵਧੀਆ ਰਿਸ਼ਤੇ ਬਣਦੇ ਹਨ। ਇਕ ਕਿਤਾਬ ਕਹਿੰਦੀ ਹੈ ਕਿ “ਨਿਮਰ ਵਿਅਕਤੀ ਦੂਸਰਿਆਂ ਨਾਲ ਛੇਤੀ ਦੋਸਤੀ ਕਰ ਲੈਂਦੇ ਹਨ।” ਇਹ ਕਿਤਾਬ ਅੱਗੇ ਦੱਸਦੀ ਹੈ ਕਿ ਨਿਮਰ ਲੋਕਾਂ ਲਈ “ਦੂਸਰਿਆਂ ਨਾਲ ਗੱਲਬਾਤ ਕਰਨੀ ਤੇ ਮਿਲਣਾ-ਗਿਲ਼ਣਾ ਸੌਖਾ ਹੁੰਦਾ ਹੈ।”​—The Narcissism Epidemic.

  • ਨਿਮਰ ਬਣਨ ਨਾਲ ਤੁਹਾਡੇ ਬੱਚੇ ਦਾ ਭਵਿੱਖ ਵਧੀਆ ਹੋਵੇਗਾ। ਜੇ ਤੁਹਾਡਾ ਬੱਚਾ ਨਿਮਰ ਬਣਨਾ ਸਿੱਖਦਾ ਹੈ, ਤਾਂ ਉਸ ਨੂੰ ਅੱਜ ਅਤੇ ਆਉਣ ਵਾਲੇ ਸਮੇਂ ਵਿਚ ਫ਼ਾਇਦਾ ਹੋਵੇਗਾ, ਜਿਵੇਂ ਨੌਕਰੀ ਲੱਭਦੇ ਵੇਲੇ। ਡਾਕਟਰ ਲੈਨਡ ਸਾਕਸ ਲਿਖਦਾ ਹੈ: “ਮੰਨ ਲਓ, ਜੇ ਇਕ ਕੁੜੀ ਆਪਣੇ ਆਪ ਨੂੰ ਹੱਦੋਂ ਵੱਧ ਸਮਝਦੀ ਹੈ ਅਤੇ ਉਸ ਨੂੰ ਆਪਣੀਆਂ ਕਮੀਆਂ-ਕਮਜ਼ੋਰੀਆਂ ਬਾਰੇ ਪਤਾ ਨਹੀਂ, ਤਾਂ ਨੌਕਰੀ ਦੀ ਇੰਟਰਵਿਊ ਦਿੰਦੇ ਵੇਲੇ ਉਹ ਵਧੀਆ ਪ੍ਰਭਾਵ ਨਹੀਂ ਪਾਵੇਗੀ। ਪਰ ਜਿਹੜਾ ਨੌਜਵਾਨ ਇਹ ਜਾਣਨਾ ਚਾਹੁੰਦਾ ਹੈ ਕਿ ਮਾਲਕ ਉਸ ਤੋਂ ਕੀ ਮੰਗ ਕਰਦਾ ਹੈ, ਉਸ ਨੂੰ ਆਸਾਨੀ ਨਾਲ ਨੌਕਰੀ ਮਿਲ ਸਕਦੀ ਹੈ।” *

ਨਿਮਰ ਬਣਨਾ ਕਿਵੇਂ ਸਿਖਾਈਏ?

ਆਪਣੇ ਬਾਰੇ ਸਹੀ ਨਜ਼ਰੀਆ ਰੱਖਣਾ ਸਿਖਾਓ।

ਬਾਈਬਲ ਦਾ ਅਸੂਲ: “ਜੇ ਕੋਈ ਕੁਝ ਨਾ ਹੁੰਦੇ ਹੋਏ ਵੀ ਆਪਣੇ ਆਪ ਨੂੰ ਕੁਝ ਸਮਝੇ, ਤਾਂ ਉਹ ਆਪਣੇ ਆਪ ਨੂੰ ਧੋਖਾ ਦੇ ਰਿਹਾ ਹੈ।”​—ਗਲਾਤੀਆਂ 6:3.

  • ਗੱਲਾਂ ਦੇ ਮਹਿਲ ਨਾ ਉਸਾਰੋ। ਬੱਚਿਆਂ ਨੂੰ ਇੱਦਾਂ ਦੀਆਂ ਗੱਲਾਂ ਕਹਿਣ ਨਾਲ, ਜਿਵੇਂ “ਤੇਰੇ ਸਾਰੇ ਸੁਪਨੇ ਪੂਰੇ ਹੋਣੇ” ਅਤੇ “ਤੂੰ ਜੋ ਚਾਹੇ ਬਣ ਸਕਦਾ,” ਸ਼ਾਇਦ ਉਨ੍ਹਾਂ ਨੂੰ ਹੱਲਾਸ਼ੇਰੀ ਤਾਂ ਮਿਲ ਸਕਦੀ ਹੈ, ਪਰ ਇਹ ਗੱਲਾਂ ਅਸਲ ਜ਼ਿੰਦਗੀ ਵਿਚ ਸ਼ਾਇਦ ਪੂਰੀਆਂ ਨਾ ਹੋਣ। ਜੇ ਤੁਹਾਡਾ ਬੱਚਾ ਸਹੀ ਟੀਚੇ ਰੱਖਦਾ ਹੈ ਅਤੇ ਇਨ੍ਹਾਂ ਨੂੰ ਹਾਸਲ ਕਰਨ ਲਈ ਮਿਹਨਤ ਕਰਦਾ ਹੈ, ਤਾਂ ਉਸ ਲਈ ਸਫ਼ਲ ਹੋਣਾ ਸੌਖਾ ਹੋਵੇਗਾ।

  • ਹਰ ਵੇਲੇ ਤਾਰੀਫ਼ਾਂ ਦੇ ਪੁਲ ਨਾ ਬੰਨ੍ਹੋ। ਬੱਚੇ ਨੂੰ ਵਾਰ-ਵਾਰ ਸਿਰਫ਼ ਇਹ ਕਹਿਣ ਨਾਲ ਕਿ “ਮੇਰੇ ਪੁੱਤ ਵਰਗਾ ਕੋਈ ਨਹੀਂ,” ਉਹ ਨਿਮਰ ਨਹੀਂ ਬਣੇਗਾ। ਉਸ ਨੇ ਜਿਹੜੇ ਕੰਮ ਕੀਤੇ ਹਨ, ਉਨ੍ਹਾਂ ਲਈ ਉਸ ਦੀ ਤਾਰੀਫ਼ ਕਰੋ।

  • ਬੱਚੇ ਨੂੰ ਸੋਸ਼ਲ ਮੀਡੀਆ ਹੱਦੋਂ ਵੱਧ ਨਾ ਵਰਤਣ ਦਿਓ। ਸੋਸ਼ਲ ਮੀਡੀਆ ’ਤੇ ਅਕਸਰ ਇਕ ਵਿਅਕਤੀ ਆਪਣੇ ਹੁਨਰ ਜਾਂ ਪ੍ਰਾਪਤੀਆਂ ਦੀ ਮਸ਼ਹੂਰੀ ਕਰਦਾ ਹੈ। ਪਰ ਨਿਮਰ ਵਿਅਕਤੀ ਇਸ ਤੋਂ ਬਿਲਕੁਲ ਉਲਟ ਹੁੰਦਾ ਹੈ।

  • ਬੱਚੇ ਨੂੰ ਸਿਖਾਓ ਕਿ ਉਹ ਜਲਦੀ ਮਾਫ਼ੀ ਮੰਗੇ। ਬੱਚੇ ਦੀ ਮਦਦ ਕਰੋ ਕਿ ਉਹ ਆਪਣੀ ਗ਼ਲਤੀ ਨੂੰ ਪਛਾਣੇ ਅਤੇ ਮੰਨੇ।

ਸ਼ੁਕਰਗੁਜ਼ਾਰ ਹੋਣਾ ਸਿਖਾਓ।

ਬਾਈਬਲ ਦਾ ਅਸੂਲ: “ਦਿਖਾਓ ਕਿ ਤੁਸੀਂ ਸ਼ੁਕਰਗੁਜ਼ਾਰ ਹੋ।”​—ਕੁਲੁੱਸੀਆਂ 3:15.

  • ਸ੍ਰਿਸ਼ਟੀ ਲਈ ਕਦਰਦਾਨੀ ਪੈਦਾ ਕਰੋ। ਬੱਚਿਆਂ ਦੇ ਦਿਲ ਵਿਚ ਕੁਦਰਤ ਲਈ ਸ਼ੁਕਰਗੁਜ਼ਾਰੀ ਹੋਣੀ ਚਾਹੀਦੀ ਹੈ ਅਤੇ ਉਨ੍ਹਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਸਾਡੀ ਜ਼ਿੰਦਗੀ ਕੁਦਰਤ ’ਤੇ ਕਿੰਨੀ ਨਿਰਭਰ ਕਰਦੀ ਹੈ। ਸਾਨੂੰ ਸਾਹ ਲੈਣ ਲਈ ਹਵਾ, ਪੀਣ ਲਈ ਪਾਣੀ ਅਤੇ ਖਾਣ ਲਈ ਅੰਨ ਦੀ ਲੋੜ ਹੈ। ਇਨ੍ਹਾਂ ਮਿਸਾਲਾਂ ਨੂੰ ਵਰਤ ਕੇ ਬੱਚਿਆਂ ਦੇ ਦਿਲਾਂ ਵਿਚ ਕੁਦਰਤ ਦੀਆਂ ਚੀਜ਼ਾਂ ਲਈ ਕਦਰਦਾਨੀ ਤੇ ਸ਼ੁਕਰਗੁਜ਼ਾਰੀ ਪੈਦਾ ਕਰੋ।

  • ਲੋਕਾਂ ਲਈ ਕਦਰਦਾਨੀ ਪੈਦਾ ਕਰੋ। ਆਪਣੇ ਬੱਚੇ ਨੂੰ ਯਾਦ ਕਰਾਓ ਕਿ ਹਰ ਵਿਅਕਤੀ ਵਿਚ ਕੋਈ-ਨਾ-ਕੋਈ ਹੁਨਰ ਜ਼ਰੂਰ ਹੁੰਦਾ ਹੈ। ਉਸ ਨੂੰ ਦੂਸਰਿਆਂ ਦੀਆਂ ਕਾਬਲੀਅਤਾਂ ਅਤੇ ਹੁਨਰਾਂ ਤੋਂ ਈਰਖਾ ਕਰਨ ਦੀ ਬਜਾਇ ਉਨ੍ਹਾਂ ਤੋਂ ਸਿੱਖਣ ਦੀ ਲੋੜ ਹੈ।

  • ਸ਼ੁਕਰਗੁਜ਼ਾਰੀ ਜ਼ਾਹਰ ਕਰਨੀ ਸਿਖਾਓ। ਬੱਚਿਆਂ ਨੂੰ ਸਿਖਾਓ ਕਿ ਉਹ ਉੱਪਰੋਂ-ਉੱਪਰੋਂ ਨਹੀਂ, ਸਗੋਂ ਦਿਲੋਂ ਧੰਨਵਾਦ ਕਹਿਣ। ਸ਼ੁਕਰਗੁਜ਼ਾਰੀ ਜ਼ਾਹਰ ਕਰਨੀ ਨਿਮਰਤਾ ਦੀ ਨੀਂਹ ਹੈ।

ਬੱਚਿਆਂ ਨੂੰ ਸਿਖਾਓ ਕਿ ਦੂਸਰਿਆਂ ਦੀ ਮਦਦ ਕਰਨੀ ਚੰਗੀ ਗੱਲ ਹੈ।

ਬਾਈਬਲ ਦਾ ਅਸੂਲ: “ਨਿਮਰ ਬਣ ਕੇ ਦੂਸਰਿਆਂ ਨੂੰ ਆਪਣੇ ਨਾਲੋਂ ਚੰਗੇ ਸਮਝੋ। ਤੁਸੀਂ ਆਪਣੇ ਬਾਰੇ ਹੀ ਨਾ ਸੋਚੋ, ਸਗੋਂ ਦੂਸਰਿਆਂ ਦੇ ਭਲੇ ਬਾਰੇ ਵੀ ਸੋਚੋ।”​—ਫ਼ਿਲਿੱਪੀਆਂ 2:3, 4.

  • ਬੱਚਿਆਂ ਤੋਂ ਘਰ ਦੇ ਕੰਮ-ਕਾਜ ਕਰਾਓ। ਜੇ ਤੁਸੀਂ ਆਪਣੇ ਬੱਚਿਆਂ ਤੋਂ ਘਰ ਦੇ ਕੰਮ-ਕਾਜ ਨਹੀਂ ਕਰਾਉਂਦੇ, ਤਾਂ ਉਨ੍ਹਾਂ ਨੂੰ ਲੱਗ ਸਕਦਾ ਹੈ ਕਿ ਉਨ੍ਹਾਂ ਦੇ ਕੰਮ ਘਰ ਦੇ ਕੰਮਾਂ ਨਾਲੋਂ ਜ਼ਿਆਦਾ ਜ਼ਰੂਰੀ ਹਨ। ਪਰ ਘਰ ਦੀਆਂ ਜ਼ਿੰਮੇਵਾਰੀਆਂ ਪਹਿਲਾਂ ਹਨ ਅਤੇ ਖੇਡਣਾ ਬਾਅਦ ਵਿਚ। ਉਸ ਨੂੰ ਦੱਸੋ ਕਿ ਘਰ ਦੇ ਕੰਮ ਕਰਨ ਨਾਲ ਦੂਸਰਿਆਂ ਨੂੰ ਕਿਵੇਂ ਫ਼ਾਇਦਾ ਹੁੰਦਾ ਹੈ, ਉਸ ਦੀ ਕੀਤੀ ਮਿਹਨਤ ਕਰਕੇ ਦੂਸਰਿਆਂ ਨੂੰ ਵਧੀਆ ਲੱਗੇਗਾ ਅਤੇ ਉਹ ਉਸ ਦੀ ਇੱਜ਼ਤ ਕਰਨਗੇ।

  • ਦੱਸੋ ਕਿ ਦੂਜਿਆਂ ਦੀ ਮਦਦ ਕਰਨੀ ਕੋਈ ਛੋਟੀ ਗੱਲ ਨਹੀਂ। ਦੂਸਰਿਆਂ ਦੀ ਮਦਦ ਕਰਨ ਨਾਲ ਬੱਚਾ ਸਿਆਣਾ ਬਣੇਗਾ। ਇਸ ਲਈ ਬੱਚਿਆਂ ਨੂੰ ਹੱਲਾਸ਼ੇਰੀ ਦਿਓ ਕਿ ਉਹ ਦੇਖਣ ਕਿ ਕਿਨ੍ਹਾਂ ਨੂੰ ਮਦਦ ਦੀ ਲੋੜ ਹੈ। ਉਸ ਨਾਲ ਚਰਚਾ ਕਰੋ ਕਿ ਉਹ ਦੂਸਰਿਆਂ ਦੀ ਮਦਦ ਕਰਨ ਲਈ ਕੀ ਕਰ ਸਕਦਾ ਹੈ। ਜਦੋਂ ਬੱਚਾ ਦੂਸਰਿਆਂ ਦੀ ਮਦਦ ਕਰਦਾ ਹੈ, ਤਾਂ ਉਸ ਦੀ ਤਾਰੀਫ਼ ਕਰੋ ਤੇ ਉਸ ਦਾ ਸਾਥ ਦਿਓ।

^ ਪੈਰਾ 8 The Collapse of Parenting ਨਾਂ ਦੀ ਕਿਤਾਬ ਵਿੱਚੋਂ।