Skip to content

ਬਾਈਬਲ ਬਦਲਦੀ ਹੈ ਜ਼ਿੰਦਗੀਆਂ

ਮੈਨੂੰ ਬਾਈਬਲ ਵਿੱਚੋਂ ਆਪਣੇ ਸਾਰੇ ਸਵਾਲਾਂ ਦੇ ਜਵਾਬ ਮਿਲੇ

ਮੈਨੂੰ ਬਾਈਬਲ ਵਿੱਚੋਂ ਆਪਣੇ ਸਾਰੇ ਸਵਾਲਾਂ ਦੇ ਜਵਾਬ ਮਿਲੇ
  • ਜਨਮ: 1948

  • ਦੇਸ਼: ਹੰਗਰੀ

  • ਅਤੀਤ: ਜ਼ਿੰਦਗੀ ਦੇ ਅਹਿਮ ਸਵਾਲਾਂ ਦੇ ਜਵਾਬਾਂ ਦੀ ਤਲਾਸ਼

ਮੇਰੇ ਅਤੀਤ ਬਾਰੇ ਕੁਝ ਗੱਲਾਂ:

ਮੇਰਾ ਜਨਮ ਹੰਗਰੀ ਦੇ ਸ਼ਹਿਰ ਸੀਕੈਸ਼ਫੈਹਰਵਾਰ ਵਿਚ ਹੋਇਆ ਸੀ। ਇਸ ਸ਼ਹਿਰ ਦਾ 1,000 ਤੋਂ ਜ਼ਿਆਦਾ ਸਾਲ ਦਾ ਵਧੀਆ ਇਤਿਹਾਸ ਹੈ। ਪਰ ਦੂਜੇ ਵਿਸ਼ਵ ਯੁੱਧ ਵਿਚ ਇਸ ਸ਼ਹਿਰ ਨੂੰ ਕਾਫ਼ੀ ਨੁਕਸਾਨ ਹੋਇਆ ਤੇ ਮੇਰੇ ਮਨ ਵਿਚ ਉਹ ਕੌੜੀਆਂ ਯਾਦਾਂ ਅਜੇ ਵੀ ਤਾਜ਼ਾ ਹਨ।

ਬਚਪਨ ਵਿਚ ਮੇਰੀ ਪਰਵਰਿਸ਼ ਨਾਨਾ-ਨਾਨੀ ਨੇ ਕੀਤੀ ਸੀ। ਮੈਂ ਉਨ੍ਹਾਂ ਨੂੰ ਬਹੁਤ ਯਾਦ ਕਰਦਾ ਹਾਂ, ਖ਼ਾਸ ਕਰਕੇ ਆਪਣੀ ਨਾਨੀ ਏਲੀਜ਼ਾਬੈਟ ਨੂੰ। ਉਸ ਨੇ ਮੈਨੂੰ ਰੱਬ ’ਤੇ ਭਰੋਸਾ ਕਰਨਾ ਸਿਖਾਇਆ। ਤਿੰਨ ਸਾਲ ਦੀ ਉਮਰ ਤੋਂ ਮੈਂ ਹਰ ਸ਼ਾਮ ਨਾਨੀ ਜੀ ਨਾਲ ਪ੍ਰਭੂ ਦੀ ਪ੍ਰਾਰਥਨਾ ਦੇ ਸ਼ਬਦ ਬੋਲਦਾ ਹੁੰਦਾ ਸੀ। ਪਰ 28-29 ਸਾਲਾਂ ਦੀ ਉਮਰ ਵਿਚ ਜਾ ਕੇ ਮੈਨੂੰ ਇਸ ਪ੍ਰਾਰਥਨਾ ਦਾ ਮਤਲਬ ਪਤਾ ਲੱਗਾ।

ਛੋਟੇ ਹੁੰਦਿਆਂ ਮੇਰੇ ਨਾਨਾ-ਨਾਨੀ ਜੀ ਨੇ ਮੇਰੀ ਦੇਖ-ਭਾਲ ਕੀਤੀ ਕਿਉਂਕਿ ਮੇਰੇ ਮਾਪੇ ਦਿਨ-ਰਾਤ ਕੰਮ ਕਰਦੇ ਸਨ। ਉਹ ਪੈਸੇ ਜੋੜ ਕੇ ਇਕ ਘਰ ਖ਼ਰੀਦਣਾ ਚਾਹੁੰਦੇ ਸਨ। ਪਰ ਮਹੀਨੇ ਵਿਚ ਦੋ ਸ਼ਨੀਵਾਰ ਅਸੀਂ ਪੂਰਾ ਪਰਿਵਾਰ ਇਕੱਠਾ ਹੋ ਕੇ ਖਾਣਾ ਖਾਂਦਾ ਸੀ। ਮੈਂ ਬੜੇ ਚਾਅ ਨਾਲ ਉਸ ਸਮੇਂ ਨੂੰ ਉਡੀਕਦਾ ਹੁੰਦਾ ਸੀ।

1958 ਵਿਚ ਮੇਰੇ ਮਾਪਿਆਂ ਦਾ ਸੁਪਨਾ ਪੂਰਾ ਹੋ ਗਿਆ। ਉਨ੍ਹਾਂ ਨੇ ਇਕ ਘਰ ਖ਼ਰੀਦ ਲਿਆ ਜਿਸ ਵਿਚ ਅਸੀਂ ਤਿੰਨੇ ਜਣੇ ਇਕੱਠੇ ਰਹਿ ਸਕਦੇ ਸੀ। ਹੁਣ ਮੈਂ ਆਪਣੇ ਮਾਪਿਆਂ ਨਾਲ ਰਹਿ ਸਕਦਾ ਸੀ ਜਿਸ ਕਰਕੇ ਮੇਰੀ ਖ਼ੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ। ਪਰ ਇਹ ਖ਼ੁਸ਼ੀ ਸਿਰਫ਼ ਛੇ ਮਹੀਨਿਆਂ ਦੀ ਸੀ। ਮੇਰੇ ਪਿਤਾ ਜੀ ਦੀ ਕੈਂਸਰ ਨਾਲ ਮੌਤ ਹੋ ਗਈ।

ਮੈਂ ਅੰਦਰੋਂ ਟੁੱਟ ਗਿਆ ਸੀ। ਮੈਨੂੰ ਯਾਦ ਆ ਕਿ ਮੈਂ ਪ੍ਰਾਰਥਨਾ ਕਰਦਾ ਸੀ: “ਰੱਬਾ, ਤੂੰ ਮੇਰੇ ਡੈਡੀ ਨੂੰ ਠੀਕ ਕਿਉਂ ਨਹੀਂ ਕੀਤਾ? ਮੈਨੂੰ ਉਨ੍ਹਾਂ ਦੀ ਲੋੜ ਸੀ। ਤੂੰ ਮੇਰੀਆਂ ਪ੍ਰਾਰਥਨਾਵਾਂ ਦਾ ਜਵਾਬ ਕਿਉਂ ਨਹੀਂ ਦਿੱਤਾ?” ਮੈਂ ਜਾਣਨਾ ਚਾਹੁੰਦਾ ਸੀ ਕਿ ਮੇਰੇ ਡੈਡੀ ਜੀ ਮਰਨ ਤੋਂ ਬਾਅਦ ਕਿੱਥੇ ਸਨ। ਮੈਂ ਸੋਚਦਾ ਸੀ: “ਕੀ ਉਹ ਸਵਰਗ ਵਿਚ ਆ? ਜਾਂ ਕੀ ਉਹ ਪੂਰੀ ਤਰ੍ਹਾਂ ਖ਼ਤਮ ਹੋ ਗਏ ਆ?’ ਮੈਂ ਉਨ੍ਹਾਂ ਬੱਚਿਆਂ ਨਾਲ ਈਰਖਾ ਕਰਦਾ ਸੀ ਜਿਨ੍ਹਾਂ ਦੇ ਡੈਡੀ ਸਨ।

ਬਹੁਤ ਸਾਲਾਂ ਤਕ ਮੈਂ ਤਕਰੀਬਨ ਹਰ ਰੋਜ਼ ਆਪਣੇ ਡੈਡੀ ਜੀ ਦੀ ਕਬਰ ’ਤੇ ਜਾਂਦਾ ਰਿਹਾ। ਮੈਂ ਕਬਰ ਦੇ ਕੋਲ ਗੋਡਿਆਂ ਭਾਰ ਬੈਠ ਕੇ ਪ੍ਰਾਰਥਨਾ ਕਰਦਾ ਸੀ: “ਹੇ ਰੱਬਾ, ਮੈਂ ਜਾਣਨਾ ਚਾਹੁੰਦਾ ਆ ਕਿ ਮੇਰੇ ਡੈਡੀ ਕਿੱਥੇ ਆ।” ਨਾਲੇ ਮੈਂ ਪ੍ਰਾਰਥਨਾ ਕਰਦਾ ਸੀ ਕਿ ਰੱਬ ਜ਼ਿੰਦਗੀ ਦਾ ਮਕਸਦ ਸਮਝਣ ਵਿਚ ਮੇਰੀ ਮਦਦ ਕਰੇ।

13 ਸਾਲ ਦੀ ਉਮਰ ਵਿਚ ਮੈਂ ਜਰਮਨ ਭਾਸ਼ਾ ਸਿੱਖਣ ਦਾ ਫ਼ੈਸਲਾ ਕੀਤਾ। ਮੈਂ ਸੋਚਿਆ ਕਿ ਜਰਮਨ ਭਾਸ਼ਾ ਵਿਚ ਬਹੁਤ ਸਾਰੀਆਂ ਵਧੀਆ ਕਿਤਾਬਾਂ ਹਨ ਜਿਨ੍ਹਾਂ ਤੋਂ ਸ਼ਾਇਦ ਮੈਨੂੰ ਆਪਣੇ ਸਵਾਲਾਂ ਦੇ ਜਵਾਬ ਮਿਲ ਜਾਣ। ਸਾਲ 1967 ਵਿਚ ਮੈਂ ਪੂਰਬੀ ਜਰਮਨੀ ਵਿਚ ਪੈਂਦੇ ਜ਼ੀਨਾ ਸ਼ਹਿਰ ਵਿਚ ਪੜ੍ਹਾਈ ਕਰਨੀ ਸ਼ੁਰੂ ਕਰ ਦਿੱਤੀ। ਮੈਂ ਬਹੁਤ ਉਤਸੁਕਤਾ ਨਾਲ ਜਰਮਨੀ ਦੇ ਫ਼ਿਲਾਸਫ਼ਰਾਂ ਦੀਆਂ ਕਿਤਾਬਾਂ ਪੜ੍ਹਦਾ ਸੀ, ਖ਼ਾਸ ਕਰਕੇ ਉਹ ਕਿਤਾਬਾਂ ਜਿਨ੍ਹਾਂ ਵਿਚ ਇਨਸਾਨਾਂ ਦੀ ਜ਼ਿੰਦਗੀ ਦੇ ਮਕਸਦ ਬਾਰੇ ਦੱਸਿਆ ਗਿਆ ਸੀ। ਭਾਵੇਂ ਕਿ ਮੈਨੂੰ ਕੁਝ ਵਧੀਆ ਗੱਲਾਂ ਪਤਾ ਲੱਗੀਆਂ, ਪਰ ਮੈਨੂੰ ਪੂਰੀ ਤਰ੍ਹਾਂ ਆਪਣੇ ਸਵਾਲਾਂ ਦੇ ਜਵਾਬ ਨਹੀਂ ਮਿਲੇ। ਮੈਂ ਜਵਾਬਾਂ ਲਈ ਰੱਬ ਨੂੰ ਲਗਾਤਾਰ ਪ੍ਰਾਰਥਨਾ ਕਰਦਾ ਰਿਹਾ।

ਮੇਰੀ ਜ਼ਿੰਦਗੀ ’ਤੇ ਬਾਈਬਲ ਦਾ ਅਸਰ:

1970 ਵਿਚ ਮੈਂ ਹੰਗਰੀ ਵਾਪਸ ਆ ਗਿਆ ਤੇ ਉੱਥੇ ਮੈਂ ਰੋਜ਼ ਨੂੰ ਮਿਲਿਆ ਜਿਸ ਨਾਲ ਬਾਅਦ ਵਿਚ ਮੇਰਾ ਵਿਆਹ ਹੋ ਗਿਆ। ਉਸ ਸਮੇਂ ਹੰਗਰੀ ਵਿਚ ਸਾਮਵਾਦੀ (ਕਮਿਊਨਿਸਟ) ਪਾਰਟੀ ਦਾ ਰਾਜ ਸੀ। ਵਿਆਹ ਤੋਂ ਬਾਅਦ ਮੈਂ ਤੇ ਰੋਜ਼ ਆਸਟ੍ਰੀਆ ਚਲੇ ਗਏ। ਸਾਡਾ ਇਰਾਦਾ ਆਸਟ੍ਰੀਆ ਤੋਂ ਆਸਟ੍ਰੇਲੀਆ ਦੇ ਸਿਡਨੀ ਸ਼ਹਿਰ ਜਾਣ ਦਾ ਸੀ ਜਿੱਥੇ ਮੇਰੇ ਮਾਮਾ ਜੀ ਰਹਿੰਦੇ ਸਨ।

ਮੈਨੂੰ ਜਲਦੀ ਹੀ ਆਸਟ੍ਰੀਆ ਵਿਚ ਕੰਮ ਮਿਲ ਗਿਆ। ਇਕ ਦਿਨ ਮੇਰੇ ਨਾਲ ਕੰਮ ਕਰਨ ਵਾਲੇ ਇਕ ਆਦਮੀ ਨੇ ਕਿਹਾ ਕਿ ਮੈਂ ਬਾਈਬਲ ਵਿੱਚੋਂ ਆਪਣੇ ਸਾਰੇ ਸਵਾਲਾਂ ਦੇ ਜਵਾਬ ਜਾਣ ਸਕਦਾ ਹਾਂ। ਉਸ ਨੇ ਮੈਨੂੰ ਕੁਝ ਕਿਤਾਬਾਂ ਦਿੱਤੀਆਂ ਜਿਨ੍ਹਾਂ ਵਿਚ ਬਾਈਬਲ ਬਾਰੇ ਦੱਸਿਆ ਗਿਆ ਸੀ। ਮੈਂ ਉਨ੍ਹਾਂ ਕਿਤਾਬਾਂ ਨੂੰ ਫਟਾਫਟ ਪੜ੍ਹ ਲਿਆ ਤੇ ਮੈਂ ਹੋਰ ਸਿੱਖਣਾ ਚਾਹੁੰਦਾ ਸੀ। ਇਸ ਲਈ ਮੈਂ ਯਹੋਵਾਹ ਦੇ ਗਵਾਹਾਂ ਨੂੰ ਚਿੱਠੀ ਲਿਖੀ ਜਿਨ੍ਹਾਂ ਨੇ ਇਹ ਕਿਤਾਬਾਂ ਛਾਪੀਆਂ ਸਨ ਤੇ ਉਨ੍ਹਾਂ ਨੂੰ ਹੋਰ ਕਿਤਾਬਾਂ ਭੇਜਣ ਲਈ ਕਿਹਾ।

ਸਾਡੇ ਵਿਆਹ ਦੀ ਪਹਿਲੀ ਸਾਲਗਿਰ੍ਹਾ ’ਤੇ ਆਸਟ੍ਰੀਆ ਦਾ ਇਕ ਯਹੋਵਾਹ ਦਾ ਗਵਾਹ ਸਾਡੇ ਘਰ ਆਇਆ। ਉਹ ਨੌਜਵਾਨ ਮੇਰੇ ਲਈ ਹੋਰ ਕਿਤਾਬਾਂ ਵਗੈਰਾ ਲੈ ਕੇ ਆਇਆ ਤੇ ਮੈਨੂੰ ਬਾਈਬਲ ਦੀ ਸਟੱਡੀ ਕਰਨ ਦੀ ਪੇਸ਼ਕਸ਼ ਕੀਤੀ। ਮੈਂ ਬਾਈਬਲ ਸਟੱਡੀ ਕਰਨ ਲਈ ਮੰਨ ਗਿਆ। ਮੈਂ ਸਿੱਖਣ ਲਈ ਉਤਸੁਕ ਸੀ ਜਿਸ ਕਰਕੇ ਮੈਂ ਹਫ਼ਤੇ ਵਿਚ ਦੋ ਵਾਰ ਸਟੱਡੀ ਕਰਦਾ ਸੀ ਤੇ ਅਸੀਂ ਲਗਭਗ ਚਾਰ ਘੰਟੇ ਸਟੱਡੀ ਕਰਦੇ ਸੀ ਯਾਨੀ ਹਰ ਹਫ਼ਤੇ ਅੱਠ ਘੰਟੇ।

ਗਵਾਹ ਬਾਈਬਲ ਵਿੱਚੋਂ ਜੋ ਵੀ ਸਿਖਾਉਂਦੇ ਸਨ, ਉਸ ਤੋਂ ਮੈਨੂੰ ਬਹੁਤ ਖ਼ੁਸ਼ੀ ਹੁੰਦੀ ਸੀ। ਜਦੋਂ ਉਨ੍ਹਾਂ ਨੇ ਮੈਨੂੰ ਮੇਰੀ ਬਾਈਬਲ ਵਿੱਚੋਂ ਰੱਬ ਦਾ ਨਾਂ ਯਹੋਵਾਹ ਦਿਖਾਇਆ, ਤਾਂ ਮੈਂ ਹੈਰਾਨ ਰਹਿ ਗਿਆ। ਮੈਨੂੰ ਚਰਚ ਜਾਂਦਿਆਂ 27 ਸਾਲ ਹੋ ਗਏ ਸਨ, ਪਰ ਮੈਂ ਇਕ ਵਾਰ ਵੀ ਰੱਬ ਦਾ ਨਾਂ ਨਹੀਂ ਸੁਣਿਆ ਸੀ। ਮੈਨੂੰ ਬਾਈਬਲ ਵਿੱਚੋਂ ਆਪਣੇ ਸਾਰੇ ਸਵਾਲਾਂ ਦੇ ਜਵਾਬ ਮਿਲੇ, ਜਿਵੇਂ ਮੈਂ ਸਿੱਖਿਆ ਕਿ ਮਰੇ ਹੋਏ ਕੁਝ ਵੀ ਨਹੀਂ ਜਾਣਦੇ, ਉਹ ਇਕ ਤਰ੍ਹਾਂ ਨਾਲ ਗੂੜ੍ਹੀ ਨੀਂਦ ਸੁੱਤੇ ਪਏ ਹਨ। (ਉਪਦੇਸ਼ਕ ਦੀ ਕਿਤਾਬ 9:5, 10; ਯੂਹੰਨਾ 11:11-15) ਨਾਲੇ ਮੈਂ ਸਿੱਖਿਆ ਕਿ ਬਾਈਬਲ ਵਿਚ ਨਵੀਂ ਦੁਨੀਆਂ ਦਾ ਵਾਅਦਾ ਕੀਤਾ ਗਿਆ ਹੈ ਜਿੱਥੇ “ਮੌਤ ਨਹੀਂ ਰਹੇਗੀ।” (ਪ੍ਰਕਾਸ਼ ਦੀ ਕਿਤਾਬ 21:3, 4) ਮੈਨੂੰ ਉਮੀਦ ਹੈ ਕਿ ਨਵੀਂ ਦੁਨੀਆਂ ਵਿਚ ਮੈਂ ਆਪਣੇ ਡੈਡੀ ਜੀ ਨੂੰ ਦੁਬਾਰਾ ਮਿਲਾਂਗਾ ਜਿੱਥੇ “ਪਰਮੇਸ਼ੁਰ ਮਰ ਚੁੱਕੇ ਧਰਮੀ ਅਤੇ ਕੁਧਰਮੀ ਲੋਕਾਂ ਨੂੰ ਦੁਬਾਰਾ ਜੀਉਂਦਾ ਕਰੇਗਾ।”​—ਰਸੂਲਾਂ ਦੇ ਕੰਮ 24:15.

ਰੋਜ਼ ਨੇ ਵੀ ਖ਼ੁਸ਼ੀ-ਖ਼ੁਸ਼ੀ ਮੇਰੇ ਨਾਲ ਮਿਲ ਕੇ ਬਾਈਬਲ ਸਟੱਡੀ ਕਰਨੀ ਸ਼ੁਰੂ ਕਰ ਦਿੱਤੀ। ਅਸੀਂ ਛੇਤੀ ਤਰੱਕੀ ਕੀਤੀ ਤੇ ਦੋ ਮਹੀਨਿਆਂ ਵਿਚ ਸਟੱਡੀ ਵਾਲੀ ਕਿਤਾਬ ਖ਼ਤਮ ਕਰ ਲਈ। ਅਸੀਂ ਕਿੰਗਡਮ ਹਾਲ ਵਿਚ ਗਵਾਹਾਂ ਨਾਲ ਹਰ ਸਭਾ ’ਤੇ ਹਾਜ਼ਰ ਹੁੰਦੇ ਸੀ। ਇਸ ਗੱਲ ਦਾ ਸਾਡੇ ’ਤੇ ਡੂੰਘਾ ਅਸਰ ਪਿਆ ਕਿ ਯਹੋਵਾਹ ਦੇ ਗਵਾਹਾਂ ਵਿਚ ਪਿਆਰ ਤੇ ਏਕਤਾ ਹੈ ਅਤੇ ਉਹ ਇਕ-ਦੂਜੇ ਦੀ ਮਦਦ ਕਰਨ ਲਈ ਤਿਆਰ ਰਹਿੰਦੇ ਹਨ।​—ਯੂਹੰਨਾ 13:34, 35.

1976 ਵਿਚ ਮੈਨੂੰ ਤੇ ਰੋਜ਼ ਨੂੰ ਆਸਟ੍ਰੇਲੀਆ ਦਾ ਵੀਜ਼ਾ ਮਿਲ ਗਿਆ। ਅਸੀਂ ਤੁਰੰਤ ਉੱਥੇ ਯਹੋਵਾਹ ਦੇ ਗਵਾਹਾਂ ਨੂੰ ਲੱਭਿਆ। ਜਦੋਂ ਉਹ ਸਾਨੂੰ ਮਿਲੇ, ਤਾਂ ਸਾਨੂੰ ਜ਼ਰਾ ਵੀ ਓਪਰਾ ਨਹੀਂ ਲੱਗਾ। ਸਾਲ 1978 ਵਿਚ ਅਸੀਂ ਗਵਾਹ ਬਣ ਗਏ।

ਅੱਜ ਮੇਰੀ ਜ਼ਿੰਦਗੀ:

ਅਖ਼ੀਰ ਮੈਨੂੰ ਉਨ੍ਹਾਂ ਸਵਾਲਾਂ ਦੇ ਜਵਾਬ ਮਿਲ ਗਏ ਜਿਨ੍ਹਾਂ ਕਰਕੇ ਮੈਂ ਲੰਬੇ ਸਮੇਂ ਤੋਂ ਪਰੇਸ਼ਾਨ ਸੀ। ਨਾਲੇ ਯਹੋਵਾਹ ਪਰਮੇਸ਼ੁਰ ਦੇ ਨੇੜੇ ਜਾ ਕੇ ਮੈਨੂੰ ਦੁਨੀਆਂ ਦਾ ਸਭ ਤੋਂ ਵਧੀਆ ਪਿਤਾ ਮਿਲਿਆ ਹੈ। (ਯਾਕੂਬ 4:8) ਇਸ ਦੇ ਨਾਲ-ਨਾਲ, ਨਵੀਂ ਦੁਨੀਆਂ ਵਿਚ ਆਪਣੇ ਡੈਡੀ ਨੂੰ ਦੁਬਾਰਾ ਮਿਲਣ ਦੀ ਉਮੀਦ ਕਰਕੇ ਮੈਂ ਬਹੁਤ ਜ਼ਿਆਦਾ ਖ਼ੁਸ਼ ਹਾਂ।​—ਯੂਹੰਨਾ 5:28, 29.

1989 ਵਿਚ ਮੈਂ ਤੇ ਰੋਜ਼ ਨੇ ਹੰਗਰੀ ਵਾਪਸ ਜਾਣ ਦਾ ਫ਼ੈਸਲਾ ਕੀਤਾ ਤਾਂਕਿ ਅਸੀਂ ਆਪਣੇ ਪਰਿਵਾਰ ਅਤੇ ਦੋਸਤਾਂ ਦੇ ਨਾਲ-ਨਾਲ ਹੋਰਾਂ ਨੂੰ ਵੀ ਆਪਣੇ ਵਿਸ਼ਵਾਸਾਂ ਬਾਰੇ ਦੱਸ ਸਕੀਏ। ਅਸੀਂ ਸੈਂਕੜੇ ਹੀ ਲੋਕਾਂ ਨੂੰ ਰੱਬ ਬਾਰੇ ਸਿਖਾ ਸਕੇ। ਇਨ੍ਹਾਂ ਵਿੱਚੋਂ 70 ਤੋਂ ਜ਼ਿਆਦਾ ਲੋਕਾਂ ਨੇ ਯਹੋਵਾਹ ਦੀ ਸੇਵਾ ਕਰਨੀ ਸ਼ੁਰੂ ਕੀਤੀ ਤੇ ਇਨ੍ਹਾਂ ਲੋਕਾਂ ਵਿਚ ਮੇਰੇ ਮੰਮੀ ਜੀ ਵੀ ਸਨ।

ਮੈਂ 17 ਸਾਲ ਆਪਣੇ ਸਵਾਲਾਂ ਦੇ ਜਵਾਬ ਲੈਣ ਲਈ ਪ੍ਰਾਰਥਨਾ ਕੀਤੀ। ਹੋਰ 39 ਸਾਲ ਬੀਤ ਚੁੱਕੇ ਹਨ ਤੇ ਮੈਂ ਅਜੇ ਵੀ ਪ੍ਰਾਰਥਨਾ ਕਰ ਰਿਹਾ ਹਾਂ। ਮੈਂ ਤਾਂ ਹੁਣ ਇਹੀ ਕਹਿੰਦਾ ਹਾਂ, “ਧੰਨਵਾਦ ਮੇਰੇ ਪਿਆਰੇ ਪਿਤਾ, ਤੂੰ ਮੈਨੂੰ ਮੇਰੀਆਂ ਪ੍ਰਾਰਥਨਾਵਾਂ ਦੇ ਜਵਾਬ ਦਿੱਤੇ ਜੋ ਮੈਂ ਬਚਪਨ ਵਿਚ ਕੀਤੀਆਂ ਸਨ।”