Skip to content

ਮੈਂ ਯਹੋਵਾਹ ਦਾ ਗਵਾਹ ਕਿਵੇਂ ਬਣ ਸਕਦਾ ਹਾਂ?

ਮੈਂ ਯਹੋਵਾਹ ਦਾ ਗਵਾਹ ਕਿਵੇਂ ਬਣ ਸਕਦਾ ਹਾਂ?

 ਯਹੋਵਾਹ ਦਾ ਇਕ ਗਵਾਹ ਬਣਨ ਲਈ ਜੋ ਕਦਮ ਚੁੱਕਣ ਦੀ ਲੋੜ ਹੈ, ਉਨ੍ਹਾਂ ਬਾਰੇ ਯਿਸੂ ਨੇ ਦੱਸਿਆ ਸੀ ਜੋ ਅਸੀਂ ਮੱਤੀ 28:19, 20 ਵਿਚ ਦੇਖ ਸਕਦੇ ਹਾਂ। ਇਨ੍ਹਾਂ ਸ਼ਬਦਾਂ ਤੋਂ ਪਤਾ ਲੱਗਦਾ ਹੈ ਕਿ ਮਸੀਹ ਦਾ ਚੇਲਾ ਬਣਨ ਲਈ ਇਕ ਵਿਅਕਤੀ ਨੂੰ ਕੀ-ਕੀ ਕਰਨ ਦੀ ਲੋੜ ਹੈ। ਇਸ ਵਿਚ ਸ਼ਾਮਲ ਹੈ ਬੋਲਣਾ ਯਾਨੀ ਯਹੋਵਾਹ ਬਾਰੇ ਗਵਾਹੀ ਦੇਣੀ।

 ਕਦਮ 1: ਬਾਈਬਲ ਦੀਆਂ ਸਿੱਖਿਆਵਾਂ ਬਾਰੇ ਜਾਣੋ। ਯਿਸੂ ਨੇ ਆਪਣੇ ਚੇਲਿਆਂ ਨੂੰ ਹਿਦਾਇਤ ਦਿੱਤੀ ਸੀ ਕਿ ਉਹ ‘ਚੇਲੇ ਬਣਾਉਣ ਅਤੇ ਉਨ੍ਹਾਂ ਨੂੰ ਸਿਖਾਉਣ।’ (ਮੱਤੀ 28: 19, 20) ਜਿਸ ਸ਼ਬਦ ਦਾ ਅਨੁਵਾਦ “ਚੇਲਾ” ਕੀਤਾ ਗਿਆ ਹੈ, ਉਸ ਦਾ ਮਤਲਬ ਹੈ “ਸਿੱਖਣ ਵਾਲਾ।” ਬਾਈਬਲ, ਖ਼ਾਸ ਕਰਕੇ ਇਸ ਵਿਚ ਪਾਈਆਂ ਯਿਸੂ ਦੀਆਂ ਸਿੱਖਿਆਵਾਂ ਵਿਚ ਅਜਿਹੀ ਜਾਣਕਾਰੀ ਮਿਲਦੀ ਹੈ ਜੋ ਖ਼ੁਸ਼ੀਆਂ ਤੇ ਮਕਸਦ ਭਰੀ ਜ਼ਿੰਦਗੀ ਪਾਉਣ ਲਈ ਜ਼ਰੂਰੀ ਹੈ। (2 ਤਿਮੋਥਿਉਸ 3:16, 17) ਅਸੀਂ ਆਪਣੇ ਮੁਫ਼ਤ ਬਾਈਬਲ ਅਧਿਐਨ ਪ੍ਰੋਗ੍ਰਾਮ ਦੇ ਜ਼ਰੀਏ ਤੁਹਾਨੂੰ ਖ਼ੁਸ਼ੀ-ਖ਼ੁਸ਼ੀ ਬਾਈਬਲ ਦੀ ਸਿੱਖਿਆ ਲੈਣ ਵਿਚ ਮਦਦ ਦੇਣ ਲਈ ਤਿਆਰ ਹਾਂ।​—ਮੱਤੀ 10:7, 8; 1 ਥੱਸਲੁਨੀਕੀਆਂ 2:13.

 ਕਦਮ 2: ਸਿੱਖੀਆਂ ਗੱਲਾਂ ਅਨੁਸਾਰ ਚੱਲੋ। ਯਿਸੂ ਨੇ ਕਿਹਾ ਸੀ ਕਿ ਸਿੱਖਣ ਵਾਲਿਆਂ ਨੂੰ ਚਾਹੀਦਾ ਹੈ ਕਿ ਉਹ ‘ਸਾਰੇ ਹੁਕਮਾਂ ਦੀ ਪਾਲਣਾ ਕਰਨ ਜਿਹੜੇ ਹੁਕਮ ਉਸ ਨੇ ਦਿੱਤੇ ਹਨ।’ (ਮੱਤੀ 28:20) ਇਸ ਦਾ ਮਤਲਬ ਹੈ ਕਿ ਤੁਸੀਂ ਬਾਈਬਲ ਦਾ ਗਿਆਨ ਲੈ ਕੇ ਸਿਰਫ਼ ਆਪਣੇ ਦਿਮਾਗ਼ ਨੂੰ ਨਹੀਂ ਭਰਨਾ, ਸਗੋਂ ਹੋਰ ਵੀ ਕੁਝ ਕਰਨ ਦੀ ਲੋੜ ਹੈ। ਮਤਲਬ ਕਿ ਤੁਹਾਨੂੰ ਆਪਣੀ ਸੋਚ ਅਤੇ ਰਵੱਈਏ ਵਿਚ ਵੱਡੀਆਂ-ਵੱਡੀਆਂ ਤਬਦੀਲੀਆਂ ਕਰਨੀਆਂ ਪੈ ਸਕਦੀਆਂ ਹਨ। (ਰਸੂਲਾਂ ਦੇ ਕੰਮ 10:42; ਅਫ਼ਸੀਆਂ 4:22-29; ਇਬਰਾਨੀਆਂ 10:24, 25) ਜਿਹੜੇ ਯਿਸੂ ਦੇ ਹੁਕਮਾਂ ਨੂੰ ਮੰਨਦੇ ਹਨ, ਉਹ ਯਹੋਵਾਹ ਪਰਮੇਸ਼ੁਰ ਦੀ ਸੇਵਾ ਵਿਚ ਆਪਣੀਆਂ ਜ਼ਿੰਦਗੀਆਂ ਸਮਰਪਿਤ ਕਰਨ ਦਾ ਫ਼ੈਸਲਾ ਕਰਦੇ ਹਨ।​—ਮੱਤੀ 16:24.

 ਕਦਮ 3: ਬਪਤਿਸਮਾ ਲਓ। (ਮੱਤੀ 28:19) ਬਾਈਬਲ ਵਿਚ ਬਪਤਿਸਮੇ ਦੀ ਤੁਲਨਾ ਦਫ਼ਨਾਉਣ ਨਾਲ ਕੀਤੀ ਗਈ ਹੈ। (ਰੋਮੀਆਂ 6:2-4 ਵਿਚ ਨੁਕਤਾ ਦੇਖੋ।) ਬਪਤਿਸਮਾ ਇਸ ਗੱਲ ਦੀ ਨਿਸ਼ਾਨੀ ਹੈ ਕਿ ਤੁਸੀਂ ਆਪਣੀ ਪੁਰਾਣੀ ਜ਼ਿੰਦਗੀ ਨੂੰ ਤਿਆਗ ਦਿੱਤਾ ਹੈ ਅਤੇ ਜ਼ਿੰਦਗੀ ਨੂੰ ਨਵੇਂ ਸਿਰਿਓਂ ਜੀਉਣ ਲੱਗੇ ਹੋ। ਤਾਂ ਫਿਰ ਲੋਕਾਂ ਅੱਗੇ ਤੁਹਾਡਾ ਬਪਤਿਸਮਾ ਇਸ ਗੱਲ ਦਾ ਸਬੂਤ ਹੈ ਕਿ ਤੁਸੀਂ ਯਿਸੂ ਦੇ ਦੱਸੇ ਪਹਿਲੇ ਦੋ ਕਦਮ ਚੁੱਕ ਲਏ ਹਨ ਅਤੇ ਪਰਮੇਸ਼ੁਰ ਤੋਂ ਸਾਫ਼ ਜ਼ਮੀਰ ਦੀ ਮੰਗ ਕਰ ਰਹੇ ਹੋ।​—ਇਬਰਾਨੀਆਂ 9:14; 1 ਪਤਰਸ 3:21.

ਮੈਨੂੰ ਕਿਵੇਂ ਪਤਾ ਲੱਗੇਗਾ ਕਿ ਮੈਂ ਬਪਤਿਸਮੇ ਲਈ ਤਿਆਰ ਹਾਂ?

 ਮੰਡਲੀ ਦੇ ਬਜ਼ੁਰਗਾਂ ਨਾਲ ਗੱਲ ਕਰੋ। ਉਹ ਤੁਹਾਡੇ ਨਾਲ ਗੱਲ ਕਰ ਕੇ ਪੱਕਾ ਕਰਨਗੇ ਕਿ ਤੁਸੀਂ ਸਾਰੀਆਂ ਗੱਲਾਂ ਸਮਝ ਗਏ ਹੋ, ਸਿੱਖੀਆਂ ਗੱਲਾਂ ʼਤੇ ਚੱਲ ਰਹੇ ਹੋ ਅਤੇ ਆਪਣੀ ਇੱਛਾ ਨਾਲ ਪਰਮੇਸ਼ੁਰ ਦੀ ਸੇਵਾ ਵਿਚ ਜ਼ਿੰਦਗੀ ਸਮਰਪਿਤ ਕੀਤੀ ਹੈ।​—ਰਸੂਲਾਂ ਦੇ ਕੰਮ 20:28; 1 ਪਤਰਸ 5:1-3.

ਕੀ ਗਵਾਹ ਮਾਪਿਆਂ ਦੇ ਬੱਚਿਆਂ ਨੂੰ ਵੀ ਇਹ ਕਦਮ ਚੁੱਕਣੇ ਪੈਂਦੇ ਹਨ?

 ਹਾਂਜੀ। ਅਸੀਂ ਆਪਣੇ ਬੱਚਿਆਂ ਦੀ ਪਾਲਣਾ ਬਾਈਬਲ ਦੇ ਹੁਕਮ ਅਨੁਸਾਰ “ਯਹੋਵਾਹ ਦੀ ਤਾੜਨਾ ਅਤੇ ਸਿੱਖਿਆ” ਦੇ ਕੇ ਕਰਦੇ ਹਾਂ। (ਅਫ਼ਸੀਆਂ 6:4) ਪਰ ਜਦੋਂ ਉਹ ਵੱਡੇ ਹੁੰਦੇ ਹਨ, ਤਾਂ ਉਨ੍ਹਾਂ ਨੂੰ ਆਪ ਫ਼ੈਸਲਾ ਕਰਨਾ ਪੈਣਾ ਹੈ ਕਿ ਬਪਤਿਸਮਾ ਲੈਣ ਦੇ ਕਾਬਲ ਬਣਨ ਤੋਂ ਪਹਿਲਾਂ ਉਹ ਬਾਈਬਲ ਦੀਆਂ ਸਿੱਖਿਆਵਾਂ ਬਾਰੇ ਸਿੱਖਣਗੇ, ਉਨ੍ਹਾਂ ਨੂੰ ਮੰਨਣਗੇ ਤੇ ਇਨ੍ਹਾਂ ਮੁਤਾਬਕ ਚੱਲਣਗੇ ਜਾਂ ਨਹੀਂ। (ਰੋਮੀਆਂ 12:2) ਮੁਕਦੀ ਗੱਲ ਇਹ ਹੈ ਕਿ ਹਰ ਇਨਸਾਨ ਨੂੰ ਭਗਤੀ ਦੇ ਮਾਮਲੇ ਵਿਚ ਆਪ ਫ਼ੈਸਲਾ ਕਰਨਾ ਪੈਣਾ ਹੈ।​—ਰੋਮੀਆਂ 14:12; ਗਲਾਤੀਆਂ 6:5.