Skip to content

ਬਾਈਬਲ ਬਦਲਦੀ ਹੈ ਜ਼ਿੰਦਗੀਆਂ

ਮੇਰੀ ਜ਼ਿੰਦਗੀ ਦਾ ਸਭ ਤੋਂ ਵਧੀਆ ਇਨਾਮ

ਮੇਰੀ ਜ਼ਿੰਦਗੀ ਦਾ ਸਭ ਤੋਂ ਵਧੀਆ ਇਨਾਮ
  • ਜਨਮ: 1967

  • ਦੇਸ਼: ਫਿਨਲੈਂਡ

  • ਅਤੀਤ: ਟੈਨਿਸ ਖਿਡਾਰੀ

ਮੇਰੇ ਅਤੀਤ ਬਾਰੇ ਕੁਝ ਗੱਲਾਂ

 ਮੇਰੀ ਪਰਵਰਿਸ਼ ਫਿਨਲੈਂਡ ਦੇ ਟਾਮਪਰੇ ਦੇ ਸ਼ਾਂਤ ਤੇ ਹਰੇ-ਭਰੇ ਇਲਾਕੇ ਵਿਚ ਹੋਈ। ਮੇਰਾ ਪਰਿਵਾਰ ਥੋੜ੍ਹਾ-ਬਹੁਤਾ ਹੀ ਰੱਬ ਨੂੰ ਮੰਨਦਾ ਸੀ, ਪਰ ਉਹ ਪੜ੍ਹਾਈ-ਲਿਖਾਈ ਤੇ ਚੰਗੇ ਸੰਸਕਾਰਾਂ ਦੀ ਕਦਰ ਕਰਦਾ ਸੀ। ਮੇਰੇ ਮੰਮੀ ਜੀ ਜਰਮਨ ਤੋਂ ਹਨ ਅਤੇ ਛੋਟਿਆਂ ਹੁੰਦਿਆਂ ਮੈਂ ਕਦੀ-ਕਦਾਈਂ ਪੱਛਮੀ ਜਰਮਨੀ ਵਿਚ ਆਪਣੇ ਨਾਨਾ-ਨਾਨੀ ਜੀ ਕੋਲ ਜਾਂਦਾ ਸੀ।

 ਬਚਪਨ ਤੋਂ ਹੀ ਮੈਨੂੰ ਖੇਡਾਂ ਪਸੰਦ ਹਨ। ਛੋਟੇ ਹੁੰਦਿਆਂ ਮੈਂ ਹਰ ਤਰ੍ਹਾਂ ਦੀਆਂ ਖੇਡਾਂ ਖੇਡਦਾ ਸੀ, ਪਰ 14 ਸਾਲ ਦੀ ਉਮਰ ਵਿਚ ਮੈਂ ਆਪਣਾ ਧਿਆਨ ਟੈਨਿਸ ʼਤੇ ਲਗਾਉਣ ਦਾ ਫ਼ੈਸਲਾ ਕੀਤਾ। 16 ਸਾਲਾਂ ਦੀ ਉਮਰ ਵਿਚ ਮੈਨੂੰ ਇਕ ਦਿਨ ਵਿਚ ਦੋ ਜਾਂ ਤਿੰਨ ਵਾਰ ਸਿਖਲਾਈ ਦਿੱਤੀ ਜਾਂਦੀ ਸੀ। ਦਿਨ ਵਿਚ ਦੋ ਵਾਰ ਮੈਨੂੰ ਪੇਸ਼ਾਵਰ ਖਿਡਾਰੀ ਸਿਖਲਾਈ ਦਿੰਦਾ ਸੀ ਅਤੇ ਫਿਰ ਸ਼ਾਮ ਨੂੰ ਮੈਂ ਖ਼ੁਦ ਪ੍ਰੈਕਟਿਸ ਕਰਦਾ ਸੀ। ਮੈਨੂੰ ਇਸ ਖੇਡ ਦੇ ਅਲੱਗ-ਅਲੱਗ ਪਹਿਲੂਆਂ ਤੋਂ ਬਹੁਤ ਹੈਰਾਨੀ ਹੁੰਦੀ ਸੀ। ਟੈਨਿਸ ਸਰੀਰਕ ਤੇ ਮਾਨਸਿਕ ਖੇਡ ਹੈ। ਭਾਵੇਂ ਕਿ ਮੈਨੂੰ ਆਪਣੇ ਦੋਸਤਾਂ ਨਾਲ ਸੰਗਤੀ ਕਰਨੀ ਅਤੇ ਕਦੀ-ਕਦਾਈਂ ਬੀਅਰ ਪੀਣੀ ਚੰਗੀ ਲੱਗਦੀ ਸੀ, ਪਰ ਮੈਂ ਕਦੇ ਵੀ ਜ਼ਿਆਦਾ ਨਸ਼ਾ ਨਹੀਂ ਕੀਤਾ ਜਾਂ ਜ਼ਿਆਦਾ ਸ਼ਰਾਬ ਨਹੀਂ ਪੀਤੀ ਜਿਸ ਕਰਕੇ ਮੈਂ ਕਦੇ ਵੀ ਕਿਸੇ ਮੁਸ਼ਕਲ ਵਿਚ ਨਹੀਂ ਫਸਿਆ। ਮੇਰੀ ਜ਼ਿੰਦਗੀ ਟੈਨਿਸ ਸੀ। ਮੈਂ ਇਸ ਨੂੰ ਪਹਿਲ ਦਿੰਦਾ ਸੀ।

 17 ਸਾਲਾਂ ਦੀ ਉਮਰ ਵਿਚ ਮੈਂ ਏ. ਟੀ. ਪੀ. ਟੂਰਨਾਮੈਂਟਸ ਵਿਚ ਖੇਡਣ ਲੱਗ ਪਿਆ। a ਬਹੁਤ ਸਾਰੇ ਟੂਰਨਾਮੈਂਟ ਜਿੱਤਣ ਤੋਂ ਬਾਅਦ ਮੈਨੂੰ ਪੂਰਾ ਦੇਸ਼ ਜਾਣਨ ਲੱਗ ਪਿਆ। 22 ਸਾਲਾਂ ਦੀ ਉਮਰ ਵਿਚ ਮੇਰਾ ਨਾਂ ਦੁਨੀਆਂ ਦੇ 50 ਖਿਡਾਰੀਆਂ ਵਿਚ ਆ ਗਿਆ।

 ਮੈਂ ਕਈ ਸਾਲ ਅਲੱਗ-ਅਲੱਗ ਦੇਸ਼ਾਂ ਵਿਚ ਟੈਨਿਸ ਖੇਡਣ ਗਿਆ। ਮੈਂ ਕੁਝ ਵਧੀਆਂ ਥਾਵਾਂ ਦੇਖੀਆਂ, ਪਰ ਮੈਂ ਦੁਨੀਆਂ ਵਿਚ ਬਹੁਤ ਸਾਰੀਆਂ ਮੁਸ਼ਕਲਾਂ ਵੀ ਦੇਖੀਆਂ, ਜਿਵੇਂ ਅਪਰਾਧ, ਨਸ਼ੇ ਅਤੇ ਵਾਤਾਵਰਣ ਸੰਬੰਧੀ ਸਮੱਸਿਆਵਾਂ। ਮਿਸਾਲ ਲਈ, ਅਮਰੀਕਾ ਵਿਚ ਹੁੰਦਿਆਂ ਸਾਨੂੰ ਸ਼ਹਿਰ ਦੇ ਕੁਝ ਇਲਾਕਿਆਂ ਵਿਚ ਜਾਣ ਤੋਂ ਮਨ੍ਹਾ ਕੀਤਾ ਗਿਆ ਸੀ ਕਿਉਂਕਿ ਉੱਥੇ ਬਹੁਤ ਜ਼ਿਆਦਾ ਅਪਰਾਧ ਹੁੰਦੇ ਸਨ। ਇਨ੍ਹਾਂ ਗੱਲਾਂ ਕਰਕੇ ਮੈਂ ਨਿਰਾਸ਼ ਹੋ ਜਾਂਦਾ ਸੀ। ਇਸ ਤੋਂ ਇਲਾਵਾ, ਚਾਹੇ ਮੈਨੂੰ ਟੈਨਿਸ ਖੇਡਣਾ ਪਸੰਦ ਸੀ, ਪਰ ਮੈਨੂੰ ਅੰਦਰੋਂ ਸੰਤੁਸ਼ਟੀ ਨਹੀਂ ਸੀ।

ਮੇਰੀ ਜ਼ਿੰਦਗੀ ʼਤੇ ਬਾਈਬਲ ਦਾ ਅਸਰ

 ਮੇਰੀ ਗਰਲ-ਫ੍ਰੈਂਡ ਸਨਾ ਨੇ ਯਹੋਵਾਹ ਦੇ ਗਵਾਹਾਂ ਨਾਲ ਬਾਈਬਲ ਅਧਿਐਨ ਕਰਨਾ ਸ਼ੁਰੂ ਕੀਤਾ। ਉਸ ਦੀ ਧਰਮ ਵਿਚ ਦਿਲਚਸਪੀ ਦੇਖ ਕੇ ਮੈਨੂੰ ਥੋੜ੍ਹੀ ਹੈਰਾਨੀ ਹੋਈ, ਪਰ ਮੈਨੂੰ ਉਸ ਦੇ ਅਧਿਐਨ ਕਰਨ ʼਤੇ ਕੋਈ ਇਤਰਾਜ਼ ਨਹੀਂ ਸੀ। 1990 ਵਿਚ ਸਾਡਾ ਵਿਆਹ ਹੋ ਗਿਆ ਅਤੇ ਅਗਲੇ ਸਾਲ ਉਸ ਨੇ ਯਹੋਵਾਹ ਦੇ ਗਵਾਹ ਵਜੋਂ ਬਪਤਿਸਮਾ ਲੈ ਲਿਆ। ਮੈਨੂੰ ਨਹੀਂ ਲੱਗਦਾ ਸੀ ਕਿ ਮੈਨੂੰ ਧਰਮ ਵਿਚ ਕੋਈ ਦਿਲਚਸਪੀ ਸੀ, ਪਰ ਮੈਂ ਮੰਨਦਾ ਸੀ ਕਿ ਰੱਬ ਹੈ। ਮੈਨੂੰ ਯਾਦ ਸੀ ਕਿ ਮੇਰੇ ਨਾਨੀ ਜੀ ਬਾਈਬਲ ਪੜ੍ਹਦੇ ਹੁੰਦੇ ਸਨ ਅਤੇ ਉਨ੍ਹਾਂ ਨੇ ਮੈਨੂੰ ਪ੍ਰਾਰਥਨਾ ਕਰਨੀ ਵੀ ਸਿਖਾਈ ਸੀ।

 ਇਕ ਦਿਨ ਜਦੋਂ ਮੈਂ ਤੇ ਸਨਾ ਇਕ ਗਵਾਹ ਜੋੜੇ ਦੇ ਘਰ ਗਏ, ਤਾਂ ਕਾਰੀ ਨੇ ਮੈਨੂੰ ‘ਆਖ਼ਰੀ ਦਿਨਾਂ’ ਨਾਲ ਸੰਬੰਧਿਤ ਬਾਈਬਲ ਦੀ ਭਵਿੱਖਬਾਣੀ ਦਿਖਾਈ। (2 ਤਿਮੋਥਿਉਸ 3:1-5) ਇਸ ਦਾ ਮੇਰੇ ʼਤੇ ਬਹੁਤ ਅਸਰ ਪਿਆ ਕਿਉਂਕਿ ਇਸ ਤੋਂ ਮੈਨੂੰ ਇਹ ਗੱਲ ਸਮਝ ਆਈ ਕਿ ਦੁਨੀਆਂ ਵਿਚ ਇੰਨੀ ਬੁਰਾਈ ਕਿਉਂ ਹੈ। ਉਸ ਦਿਨ ਅਸੀਂ ਧਰਮ ਬਾਰੇ ਬਹੁਤੀ ਗੱਲ ਨਹੀਂ ਕੀਤੀ। ਪਰ ਉਸ ਸਮੇਂ ਤੋਂ ਮੈਂ ਕਾਰੀ ਨਾਲ ਬਾਈਬਲ ਬਾਰੇ ਗੱਲਾਂ ਕਰਨ ਲੱਗ ਪਿਆ ਅਤੇ ਮੈਂ ਜੋ ਸਿੱਖਦਾ ਸੀ, ਉਨ੍ਹਾਂ ਗੱਲਾਂ ਦੀ ਤੁਕ ਬਣਦੀ ਸੀ। ਮੇਰੀ ਜ਼ਿੰਦਗੀ ਰੁਝੇਵਿਆਂ ਭਰੀ ਸੀ ਅਤੇ ਮੈਂ ਖੇਡਣ ਲਈ ਹੋਰ ਦੇਸ਼ਾਂ ਵਿਚ ਜਾਂਦਾ ਰਹਿੰਦਾ ਸੀ। ਇਸ ਕਰਕੇ ਮੇਰੇ ਲਈ ਕਾਰੀ ਨਾਲ ਬਾਕਾਇਦਾ ਗੱਲ ਕਰਨੀ ਔਖੀ ਸੀ, ਪਰ ਕਾਰੀ ਨੇ ਹਾਰ ਨਹੀਂ ਮੰਨੀ। ਮੈਂ ਅਧਿਐਨ ਕਰਦਿਆਂ ਜੋ ਸਵਾਲ ਪੁੱਛਦਾ ਸੀ, ਉਹ ਚਿੱਠੀ ਲਿਖ ਕੇ ਮੈਨੂੰ ਉਨ੍ਹਾਂ ਦੇ ਜਵਾਬ ਦਿੰਦਾ ਸੀ। ਜ਼ਿੰਦਗੀ ਨਾਲ ਜੁੜੇ ਗਹਿਰੇ ਸਵਾਲਾਂ ਦੇ ਸਹੀ ਜਵਾਬ ਮੈਨੂੰ ਬਾਈਬਲ ਵਿੱਚੋਂ ਮਿਲੇ। ਹੌਲੀ-ਹੌਲੀ ਮੈਨੂੰ ਬਾਈਬਲ ਦਾ ਵਿਸ਼ਾ ਸਮਝ ਆਉਣ ਲੱਗਾ ਕਿ ਪਰਮੇਸ਼ੁਰ ਦੇ ਰਾਜ ਰਾਹੀਂ ਉਸ ਦਾ ਮਕਸਦ ਪੂਰਾ ਹੋਵੇਗਾ। ਪਰਮੇਸ਼ੁਰ ਦਾ ਨਾਂ ਯਹੋਵਾਹ ਜਾਣ ਕੇ ਅਤੇ ਉਸ ਨੇ ਜੋ ਸਾਡੇ ਲਈ ਕੀਤਾ, ਉਸ ਬਾਰੇ ਸਿੱਖ ਕੇ ਮੇਰੇ ʼਤੇ ਗਹਿਰਾ ਅਸਰ ਪਿਆ। (ਜ਼ਬੂਰਾਂ ਦੀ ਪੋਥੀ 83:18) ਮੇਰੇ ʼਤੇ ਜਿਸ ਗੱਲ ਦਾ ਸਭ ਤੋਂ ਜ਼ਿਆਦਾ ਅਸਰ ਪਿਆ, ਉਹ ਹੈ ਰਿਹਾਈ ਕੀਮਤ ਦਾ ਪ੍ਰਬੰਧ। ਇਹ ਕਾਨੂੰਨੀ ਤੌਰ ʼਤੇ ਪੂਰੀ ਕੀਤੀ ਕੋਈ ਜ਼ਿੰਮੇਵਾਰੀ ਨਹੀਂ ਸੀ, ਸਗੋਂ ਇਹ ਪਰਮੇਸ਼ੁਰ ਦੇ ਪਿਆਰ ਦਾ ਸਬੂਤ ਹੈ। (ਯੂਹੰਨਾ 3:16) ਮੈਂ ਇਹ ਵੀ ਸਿੱਖਿਆ ਕਿ ਮੇਰੇ ਕੋਲ ਪਰਮੇਸ਼ੁਰ ਦੇ ਦੋਸਤ ਬਣਨ ਦਾ ਅਤੇ ਸੋਹਣੀ ਧਰਤੀ ʼਤੇ ਹਮੇਸ਼ਾ ਜੀਉਂਦੇ ਰਹਿਣ ਦਾ ਮੌਕਾ ਹੈ ਜਿੱਥੇ ਸੁੱਖ-ਸ਼ਾਂਤੀ ਹੋਵੇਗੀ। (ਯਾਕੂਬ 4:8) ਮੈਂ ਆਪਣੇ ਆਪ ਤੋਂ ਇਹ ਸਵਾਲ ਪੁੱਛਣ ਲੱਗਾ, “ਮੈਂ ਆਪਣੀ ਸ਼ੁਕਰਗੁਜ਼ਾਰੀ ਕਿਵੇਂ ਦਿਖਾ ਸਕਦਾ ਹਾਂ?”

 ਮੈਂ ਧਿਆਨ ਨਾਲ ਸੋਚ-ਵਿਚਾਰ ਕੀਤਾ ਕਿ ਮੈਂ ਕਿਹੋ ਜਿਹੀ ਜ਼ਿੰਦਗੀ ਜੀਉਂਦਾ ਹਾਂ। ਮੈਂ ਬਾਈਬਲ ਤੋਂ ਸਿੱਖ ਰਿਹਾ ਸੀ ਕਿ ਸੱਚੀ ਖ਼ੁਸ਼ੀ ਦੇਣ ਨਾਲ ਮਿਲਦੀ ਹੈ ਅਤੇ ਮੇਰੀ ਇੱਛਾ ਸੀ ਕਿ ਮੈਂ ਦੂਜਿਆਂ ਨੂੰ ਆਪਣੇ ਵਿਸ਼ਵਾਸਾਂ ਬਾਰੇ ਦੱਸਾਂ। (ਰਸੂਲਾਂ ਦੇ ਕੰਮ 20:35) ਖਿਡਾਰੀ ਹੋਣ ਕਰਕੇ ਖੇਡਾਂ ਵਿਚ ਹਿੱਸਾ ਲੈਣ ਲਈ ਮੈਂ ਸਾਲ ਵਿਚ ਲਗਭਗ 200 ਦਿਨ ਘਰੋਂ ਬਾਹਰ ਰਹਿੰਦਾ ਸੀ। ਮੇਰੇ ਪਰਿਵਾਰ ਦਾ ਧਿਆਨ ਮੇਰੀ ਜ਼ਿੰਦਗੀ ʼਤੇ ਸੀ ਯਾਨੀ ਮੇਰੀ ਸਿਖਲਾਈ, ਮੇਰੀ ਰੁਟੀਨ ਅਤੇ ਮੇਰੇ ਕੈਰੀਅਰ ʼਤੇ। ਮੈਨੂੰ ਅਹਿਸਾਸ ਹੋਇਆ ਕਿ ਮੈਨੂੰ ਤਬਦੀਲੀ ਕਰਨ ਦੀ ਲੋੜ ਸੀ।

 ਮੈਨੂੰ ਪਤਾ ਸੀ ਕਿ ਧਰਮ ਕਰਕੇ ਇਕ ਵਧੀਆ ਕੈਰੀਅਰ ਨੂੰ ਛੱਡਣ ਦੇ ਫ਼ੈਸਲੇ ਨੂੰ ਬਹੁਤ ਸਾਰੇ ਲੋਕ ਨਹੀਂ ਸਮਝ ਸਕਣਗੇ। ਪਰ ਯਹੋਵਾਹ ਨੂੰ ਹੋਰ ਚੰਗੀ ਤਰ੍ਹਾਂ ਜਾਣਨ ਅਤੇ ਹਮੇਸ਼ਾ ਦੀ ਜ਼ਿੰਦਗੀ ਪਾਉਣ ਦਾ ਮੌਕਾ ਟੈਨਿਸ ਵਿਚ ਮਿਲਣ ਵਾਲੇ ਕਿਸੇ ਵੀ ਇਨਾਮ ਨਾਲੋਂ ਕਿਤੇ ਜ਼ਿਆਦਾ ਅਨਮੋਲ ਹੈ। ਇਸ ਲਈ ਮੇਰੇ ਲਈ ਇਹ ਫ਼ੈਸਲਾ ਕਰਨਾ ਸੌਖਾ ਸੀ। ਮੈਂ ਇਰਾਦਾ ਕੀਤਾ ਕਿ ਮੈਂ ਇਸ ਗੱਲ ਵੱਲ ਕੋਈ ਧਿਆਨ ਨਹੀਂ ਦੇਵਾਂਗਾ ਕਿ ਲੋਕ ਮੇਰੇ ਫ਼ੈਸਲੇ ਬਾਰੇ ਕੀ ਕਹਿੰਦੇ ਹਨ ਕਿਉਂਕਿ ਇਹ ਮੇਰਾ ਫ਼ੈਸਲਾ ਸੀ। ਇਸ ਤਰ੍ਹਾਂ ਦੇ ਦਬਾਅ ਦਾ ਸਾਮ੍ਹਣਾ ਕਰਨ ਲਈ ਖ਼ਾਸ ਕਰਕੇ ਇਕ ਆਇਤ ਨੇ ਮੇਰੀ ਮਦਦ ਕੀਤੀ, ਜ਼ਬੂਰ 118:6 ਜਿੱਥੇ ਲਿਖਿਆ ਹੈ: “ਯਹੋਵਾਹ ਮੇਰੀ ਵੱਲ ਹੈ, ਮੈਂ ਨਹੀਂ ਡਰਾਂਗਾ, ਆਦਮੀ ਮੇਰਾ ਕੀ ਕਰ ਸੱਕਦਾ ਹੈ?”

 ਇਸ ਸਮੇਂ ਦੌਰਾਨ ਕੁਝ ਜਣਿਆਂ ਨੇ ਮੈਨੂੰ ਮੁਨਾਫ਼ੇ ਵਾਲੀਆਂ ਸਕੀਮਾਂ ਦੱਸੀਆਂ ਜਿਸ ਕਰਕੇ ਮੈਂ ਸਾਲਾਂ ਤਕ ਬਿਨਾਂ ਕਿਸੇ ਚਿੰਤਾ ਤੋਂ ਟੈਨਿਸ ਖੇਡ ਸਕਦਾ ਸੀ। ਪਰ ਮੈਂ ਪਹਿਲਾਂ ਹੀ ਫ਼ੈਸਲਾ ਕਰ ਚੁੱਕਾ ਸੀ ਜਿਸ ਕਰਕੇ ਮੈਂ ਇਨ੍ਹਾਂ ਸਕੀਮਾਂ ਨੂੰ ਠੁਕਰਾ ਦਿੱਤਾ ਅਤੇ ਫਿਰ ਮੈਂ ਏ. ਟੀ. ਪੀ. ਵਿਚ ਵੀ ਖੇਡਣਾ ਛੱਡ ਦਿੱਤਾ। ਮੈਂ ਲਗਾਤਾਰ ਬਾਈਬਲ ਅਧਿਐਨ ਕਰਦਾ ਰਿਹਾ ਅਤੇ 2 ਜੁਲਾਈ 1994 ਨੂੰ ਮੈਂ ਯਹੋਵਾਹ ਦੇ ਗਵਾਹ ਵਜੋਂ ਬਪਤਿਸਮਾ ਲੈ ਲਿਆ।

ਅੱਜ ਮੇਰੀ ਜ਼ਿੰਦਗੀ

 ਮੇਰੇ ਨਾਲ ਨਾ ਤਾਂ ਕੋਈ ਮਾੜੀ ਘਟਨਾ ਹੋਈ ਸੀ ਜਿਸ ਕਰਕੇ ਮੈਂ ਰੱਬ ਬਾਰੇ ਸੋਚਣਾ ਸ਼ੁਰੂ ਕੀਤਾ ਤੇ ਨਾ ਹੀ ਮੈਂ ਆਪਣੇ ਆਪ ਨੂੰ ਅਜਿਹਾ ਵਿਅਕਤੀ ਕਹਿੰਦਾ ਹਾਂ ਜੋ ਸੱਚਾਈ ਦੀ ਖੋਜ ਕਰ ਰਿਹਾ ਸੀ। ਮੈਨੂੰ ਲੱਗਦਾ ਸੀ ਕਿ ਮੇਰੀ ਜ਼ਿੰਦਗੀ ਵਧੀਆ ਸੀ ਅਤੇ ਮੈਨੂੰ ਹੋਰ ਕਿਸੇ ਚੀਜ਼ ਦੀ ਲੋੜ ਨਹੀਂ ਸੀ। ਪਰ ਅਚਾਨਕ ਇੱਦਾਂ ਲੱਗਾ ਜਿੱਦਾਂ ਬਾਈਬਲ ਦੀ ਸੱਚਾਈ ਮੇਰਾ ਇੰਤਜ਼ਾਰ ਕਰ ਰਹੀ ਸੀ ਕਿ ਮੈਂ ਇਸ ਬਾਰੇ ਜਾਣਾਂ। ਮੈਂ ਜਾਣਿਆ ਕਿ ਜ਼ਿੰਦਗੀ ਦਾ ਇਕ ਗਹਿਰਾ ਅਰਥ ਹੈ ਅਤੇ ਮੇਰੀ ਜ਼ਿੰਦਗੀ ਕਿਤੇ ਜ਼ਿਆਦਾ ਵਧੀਆ ਬਣ ਗਈ ਜਿਸ ਬਾਰੇ ਮੈਂ ਕਦੇ ਸੋਚਿਆ ਨਹੀਂ ਸੀ। ਸਾਡੇ ਪਰਿਵਾਰ ਵਿਚ ਪਿਆਰ ਤੇ ਏਕਤਾ ਦਾ ਬੰਧਨ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਮਜ਼ਬੂਤ ਹੋਇਆ ਹੈ। ਨਾਲੇ ਮੈਨੂੰ ਖ਼ੁਸ਼ੀ ਹੈ ਕਿ ਮੇਰੇ ਤਿੰਨ ਮੁੰਡੇ ਮੇਰੇ ਨਕਸ਼ੇ ਕਦਮਾਂ ʼਤੇ ਚੱਲੇ ਹਨ, ਖਿਡਾਰੀਆਂ ਦੇ ਤੌਰ ʼਤੇ ਨਹੀਂ, ਸਗੋਂ ਮਸੀਹੀਆਂ ਦੇ ਤੌਰ ʼਤੇ।

 ਮੈਨੂੰ ਅਜੇ ਵੀ ਟੈਨਿਸ ਖੇਡਣਾ ਪਸੰਦ ਹੈ। ਸਾਲਾਂ ਤੋਂ ਟੈਨਿਸ ਸੰਬੰਧੀ ਕੰਮਾਂ ਵਿਚ ਹਿੱਸਾ ਲੈ ਕੇ ਮੈਂ ਆਪਣੇ ਪਰਿਵਾਰ ਦਾ ਗੁਜ਼ਾਰਾ ਤੋਰ ਰਿਹਾ ਹਾਂ, ਜਿਵੇਂ ਟੈਨਿਸ ਦੇ ਕੋਚ ਵਜੋਂ ਜਾਂ ਟੈਨਿਸ ਸੈਂਟਰ ਦੇ ਮੈਨੇਜਰ ਵਜੋਂ ਕੰਮ ਕਰ ਕੇ। ਪਰ ਮੇਰੀ ਜ਼ਿੰਦਗੀ ਵਿਚ ਖੇਡਾਂ ਪਹਿਲੀ ਥਾਂ ʼਤੇ ਨਹੀਂ ਹਨ। ਪਹਿਲਾਂ ਮੈਂ ਵਧੀਆ ਟੈਨਿਸ ਖਿਡਾਰੀ ਬਣਨ ਲਈ ਹਰ ਹਫ਼ਤੇ ਕਈ-ਕਈ ਘੰਟੇ ਸਿਖਲਾਈ ਲੈਂਦਾ ਸੀ। ਹੁਣ ਪੂਰੇ ਸਮੇਂ ਦੇ ਸੇਵਕ ਵਜੋਂ, ਮੈਨੂੰ ਖ਼ੁਸ਼ੀ ਹੁੰਦੀ ਹੈ ਜਦੋਂ ਮੈਂ ਦੂਜਿਆਂ ਨੂੰ ਬਾਈਬਲ ਦੇ ਅਸੂਲ ਸਿਖਾਉਂਦਾ ਹਾਂ ਅਤੇ ਉਨ੍ਹਾਂ ਨੂੰ ਲਾਗੂ ਕਰਨ ਵਿਚ ਉਨ੍ਹਾਂ ਦੀ ਮਦਦ ਕਰਦਾ ਹਾਂ ਜਿਨ੍ਹਾਂ ਕਰਕੇ ਮੇਰੀ ਜ਼ਿੰਦਗੀ ਬਦਲੀ ਸੀ। ਯਹੋਵਾਹ ਪਰਮੇਸ਼ੁਰ ਨਾਲ ਆਪਣੇ ਰਿਸ਼ਤੇ ਨੂੰ ਪਹਿਲ ਦੇ ਕੇ ਅਤੇ ਦੂਜਿਆਂ ਨੂੰ ਵਧੀਆ ਭਵਿੱਖ ਦੀ ਉਮੀਦ ਦੇ ਕੇ ਮੈਨੂੰ ਸਭ ਤੋਂ ਜ਼ਿਆਦਾ ਖ਼ੁਸ਼ੀ ਮਿਲਦੀ ਹੈ।​—1 ਤਿਮੋਥਿਉਸ 6:19.

a ਏ. ਟੀ. ਪੀ. ਦਾ ਪੂਰਾ ਮਤਲਬ ਹੈ, ਐਸੋਸੀਏਸ਼ਨ ਆਫ਼ ਟੈਨਿਸ ਪ੍ਰੋਫ਼ੈਸ਼ਨਲ। ਇਸ ਵਿਚ ਟੈਨਿਸ ਖਿਡਾਰੀ ਹੁੰਦੇ ਹਨ। ਏ. ਟੀ. ਪੀ. ਟੂਰ ਵਿਚ ਅਲੱਗ-ਅਲੱਗ ਟੂਰਨਾਮੈਂਟਸ ਹੁੰਦੇ ਹਨ ਜਿਸ ਵਿਚ ਜੇਤੂਆਂ ਨੂੰ ਨੰਬਰ ਅਤੇ ਪੈਸੇ ਇਨਾਮ ਵਜੋਂ ਦਿੱਤੇ ਜਾਂਦੇ ਹਨ। ਜਿੰਨੇ ਨੰਬਰ ਮਿਲਦੇ ਹਨ, ਉਸ ਤੋਂ ਤੈਅ ਹੁੰਦਾ ਹੈ ਕਿ ਖਿਡਾਰੀ ਦੁਨੀਆਂ ਦੇ ਖਿਡਾਰੀਆਂ ਵਿਚ ਕਿੰਨਵੇਂ ਨੰਬਰ ʼਤੇ ਹੈ।