Skip to content

ਯਹੋਵਾਹ ਦੇ ਲੋਕਾਂ ਲਈ ਇਕ ਸ਼ਾਨਦਾਰ ਬਰਕਤ!

ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ

ਯਹੋਵਾਹ ਦੇ ਲੋਕਾਂ ਲਈ ਇਕ ਸ਼ਾਨਦਾਰ ਬਰਕਤ!

25 ਅਕਤੂਬਰ 2020 ਨੂੰ ਯਹੋਵਾਹ ਦੇ ਲੋਕਾਂ ਨੂੰ ਇਕ ਸ਼ਾਨਦਾਰ ਬਰਕਤ ਮਿਲੀ: ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ ਪੰਜਾਬੀ ਭਾਸ਼ਾ ਵਿਚ ਰੀਲੀਜ਼ ਕੀਤੀ ਗਈ।

ਨਵੀਂ ਦੁਨੀਆਂ ਅਨੁਵਾਦ ਦੀ ਖ਼ਾਸੀਅਤ ਹੈ ਕਿ ਇਸ ਵਿਚ ਪਰਮੇਸ਼ੁਰ ਦਾ ਸੰਦੇਸ਼ ਪੂਰੀ ਈਮਾਨਦਾਰੀ ਨਾਲ ਸਹੀ-ਸਹੀ ਦਿੱਤਾ ਗਿਆ ਹੈ। (2 ਤਿਮੋਥਿਉਸ 3:16) ਕੀ ਇਸ ਅਨੁਵਾਦ ਵਿਚ ਵੀ ਅੱਜ-ਕੱਲ੍ਹ ਦੇ ਬਾਈਬਲ ਅਨੁਵਾਦਾਂ ਵਾਂਗ ਆਪਣੀ ਮਰਜ਼ੀ ਨਾਲ ਫੇਰ-ਬਦਲ ਕੀਤੇ ਗਏ ਹਨ? ਇਹ ਨਵਾਂ ਅਨੁਵਾਦ ਕਿਸ ਨੇ ਕੀਤਾ ਹੈ? ਨਾਲੇ ਤੁਸੀਂ ਕਿਵੇਂ ਯਕੀਨ ਰੱਖ ਸਕਦੇ ਹੋ ਕਿ ਨਵੀਂ ਦੁਨੀਆਂ ਅਨੁਵਾਦ ਭਰੋਸੇ ਦੇ ਲਾਇਕ ਹੈ?

ਕੀ ਇਸ ਬਾਈਬਲ ਦਾ ਅਨੁਵਾਦ ਬਿਲਕੁਲ ਸਹੀ ਹੈ?

ਇੰਟਰਨੈਸ਼ਨਲ ਬਿਜ਼ਨਿਸ ਦੇ ਪ੍ਰੋਫ਼ੈਸਰ ਡੈਕਲਨ ਹੇਜ਼ ਨੇ ਲਿਖਿਆ: “ਬਾਈਬਲ ਹਰ ਸਾਲ ਸਭ ਤੋਂ ਜ਼ਿਆਦਾ ਵਿਕਣ ਵਾਲੀ ਕਿਤਾਬ ਹੈ।” ਪਰ ਦੁੱਖ ਦੀ ਗੱਲ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਵਿਕਰੀ ਕਰਨ ਦੇ ਚੱਕਰ ਵਿਚ ਸਾਰੀਆਂ ਬਾਈਬਲਾਂ ਦਾ ਅਨੁਵਾਦ ਸਹੀ ਨਹੀਂ ਕੀਤਾ ਗਿਆ ਹੈ। ਮਿਸਾਲ ਲਈ, ਇਕ ਬਾਈਬਲ ਵਿੱਚੋਂ ਇਸ ਦੇ ਪ੍ਰਕਾਸ਼ਕਾਂ ਨੇ ਉਹ ਸਾਰੀਆਂ ਆਇਤਾਂ ਹੀ ਕੱਢ ਦਿੱਤੀਆਂ ਜੋ ਉਨ੍ਹਾਂ ਨੂੰ “ਬੋਰਿੰਗ” ਲੱਗਦੀਆਂ ਸਨ। ਇਕ ਹੋਰ ਬਾਈਬਲ ਵਿੱਚੋਂ ਉਹ ਸ਼ਬਦ ਜਾਂ ਗੱਲਾਂ ਬਦਲ ਦਿੱਤੀਆਂ ਗਈਆਂ ਜੋ ਅੱਜ ਲੋਕਾਂ ਨੂੰ ਠੇਸ ਪਹੁੰਚਾ ਸਕਦੀਆਂ ਸਨ। ਮਿਸਾਲ ਲਈ, ਕੁਝ ਖ਼ਾਸ ਲੋਕਾਂ ਨੂੰ ਖ਼ੁਸ਼ ਕਰਨ ਲਈ ਬਾਈਬਲ ਵਿਚ ਪਰਮੇਸ਼ੁਰ ਨੂੰ “ਮਾਤਾ-ਪਿਤਾ” ਕਿਹਾ ਜਾਂਦਾ ਹੈ।

ਪਰ ਸ਼ਾਇਦ ਬਾਈਬਲ ਅਨੁਵਾਦਾਂ ਵਿਚ ਸਭ ਤੋਂ ਜ਼ਿਆਦਾ ਛੇੜਛਾੜ ਪਰਮੇਸ਼ੁਰ ਦੇ ਨਾਂ ਯਹੋਵਾਹ ਨਾਲ ਕੀਤੀ ਗਈ ਹੈ। (ਕੁਝ ਵਿਦਵਾਨ ਪਰਮੇਸ਼ੁਰ ਦੇ ਨਾਂ ਨੂੰ “ਯਾਹਵੇਹ” ਲਿਖਦੇ ਹਨ।) ਬਾਈਬਲ ਦੀਆਂ ਪ੍ਰਾਚੀਨ ਨਕਲਾਂ ਵਿਚ ਪਰਮੇਸ਼ੁਰ ਦਾ ਨਾਂ ਚਾਰ ਇਬਰਾਨੀ ਅੱਖਰਾਂ ਯ ਹ ਵ ਹ ਲਿਖਿਆ ਗਿਆ ਹੈ। ਸਿਰਫ਼ ਇਬਰਾਨੀ ਲਿਖਤਾਂ * ਵਿਚ ਹੀ ਇਹ ਅਨੋਖਾ ਨਾਂ ਤਕਰੀਬਨ 7,000 ਵਾਰ ਆਉਂਦਾ ਹੈ। (ਕੂਚ 3:15; ਜ਼ਬੂਰ 83:18) ਇਸ ਤੋਂ ਸਾਫ਼ ਜ਼ਾਹਰ ਹੁੰਦਾ ਹੈ ਕਿ ਸਾਡਾ ਸਿਰਜਣਹਾਰ ਚਾਹੁੰਦਾ ਹੈ ਕਿ ਉਸ ਦੇ ਸੇਵਕ ਉਸ ਦਾ ਨਾਂ ਜਾਣਨ ਅਤੇ ਲੈਣ!

ਫਿਰ ਵੀ ਸਦੀਆਂ ਪਹਿਲਾਂ ਯਹੂਦੀਆਂ ਨੇ ਵਹਿਮ-ਭਰਮਾਂ ਕਰਕੇ ਪਰਮੇਸ਼ੁਰ ਦਾ ਨਾਂ ਲੈਣਾ ਹੀ ਬੰਦ ਕਰ ਦਿੱਤਾ। ਬਾਅਦ ਵਿਚ ਕਈ ਮਸੀਹੀ ਵੀ ਅਜਿਹੇ ਵਹਿਮਾਂ-ਭਰਮਾਂ ਦਾ ਸ਼ਿਕਾਰ ਹੋ ਗਏ। (ਰਸੂਲਾਂ ਦੇ ਕੰਮ 20:29, 30; 1 ਤਿਮੋਥਿਉਸ 4:1) ਅੱਜ ਦੇ ਕੁਝ ਬਾਈਬਲ ਅਨੁਵਾਦਕਾਂ ਨੇ ਬਾਈਬਲ ਵਿੱਚੋਂ ਪਰਮੇਸ਼ੁਰ ਦਾ ਨਾਂ ਕੱਢ ਕੇ ਉਸ ਦੀ ਜਗ੍ਹਾ “ਪ੍ਰਭੂ” ਪਾ ਦਿੱਤਾ ਹੈ। ਇੱਥੋਂ ਤਕ ਕਿ ਅੱਜ ਦੀਆਂ ਕੁਝ ਅੰਗ੍ਰੇਜ਼ੀ ਬਾਈਬਲਾਂ ਵਿਚ ਯੂਹੰਨਾ 17:6 ਵਿੱਚੋਂ ਸ਼ਬਦ “ਨਾਂ” ਹੀ ਕੱਢ ਦਿੱਤਾ ਗਿਆ ਹੈ ਜਿੱਥੇ ਯਿਸੂ ਨੇ ਕਿਹਾ ਸੀ: ‘ਮੈਂ ਤੇਰਾ ਨਾਂ ਪ੍ਰਗਟ ਕੀਤਾ ਹੈ।’ ਪੰਜਾਬੀ ਦੇ ਈਜ਼ੀ ਟੂ ਰੀਡ ਅਨੁਵਾਦ ਵਿਚ ਇਹ ਆਇਤ ਇਸ ਤਰ੍ਹਾਂ ਲਿਖੀ ਗਈ ਹੈ: “ਮੈਂ ਉਨ੍ਹਾਂ ਨੂੰ ਤੇਰੇ ਬਾਰੇ ਦੱਸਿਆ ਕਿ ਤੂੰ ਕੌਣ ਹੈਂ।”

ਕੁਝ ਵਿਦਵਾਨ ਦਾਅਵਾ ਕਰਦੇ ਹਨ ਕਿ ਜਦੋਂ ਉਨ੍ਹਾਂ ਨੇ ਪਰਮੇਸ਼ੁਰ ਦਾ ਨਾਂ ਕੱਢ ਕੇ ਉਸ ਦੀ ਜਗ੍ਹਾ “ਪ੍ਰਭੂ” ਪਾਇਆ, ਤਾਂ ਉਹ ਸਿਰਫ਼ ਰੀਤਾਂ ਦੀ ਪਾਲਣਾ ਕਰ ਰਹੇ ਸਨ। ਹੋਰ ਦੂਜੇ ਇਹ ਮੰਨਦੇ ਹਨ ਕਿ ਉਨ੍ਹਾਂ ਨੇ ਬਾਈਬਲ ਦੀ ਜ਼ਿਆਦਾ ਵਿਕਰੀ ਕਰਨ ਲਈ ਇਹ ਫ਼ੈਸਲਾ ਕੀਤਾ। * ਪਰ ਯਿਸੂ ਨੇ ਪਰਮੇਸ਼ੁਰ ਦਾ ਨਿਰਾਦਰ ਕਰਨ ਵਾਲੀਆਂ ਅਜਿਹੀਆਂ ਰੀਤਾਂ ਦੀ ਨਿੰਦਿਆ ਕੀਤੀ। (ਮੱਤੀ 15:6) ਪਰਮੇਸ਼ੁਰ ਦੇ ਨਾਂ ਦੀ ਜਗ੍ਹਾ “ਪ੍ਰਭੂ” ਜਾਂ ਕੋਈ ਹੋਰ ਸ਼ਬਦ ਪਾਉਣਾ ਬਾਈਬਲ ਦੇ ਬਿਲਕੁਲ ਖ਼ਿਲਾਫ਼ ਹੈ। ਯਿਸੂ ਮਸੀਹ ਨੂੰ ਕਈ ਖ਼ਿਤਾਬ ਦਿੱਤੇ ਗਏ ਹਨ, ਜਿਵੇਂ ਕਿ “ਪਰਮੇਸ਼ੁਰ ਦਾ ਸ਼ਬਦ” ਅਤੇ “ਰਾਜਿਆਂ ਦਾ ਰਾਜਾ।” (ਪ੍ਰਕਾਸ਼ ਦੀ ਕਿਤਾਬ 19:11-16) ਤਾਂ ਫਿਰ, ਕੀ ਇਸ ਦਾ ਮਤਲਬ ਇਹ ਹੈ ਕਿ ਯਿਸੂ ਦਾ ਨਾਂ ਕੱਢ ਉਸ ਦੀ ਜਗ੍ਹਾ ਇਨ੍ਹਾਂ ਵਿੱਚੋਂ ਕੋਈ ਖ਼ਿਤਾਬ ਪਾ ਦੇਣਾ ਚਾਹੀਦਾ ਹੈ?

ਪਰ ਗੱਲ ਸਿਰਫ਼ ਅਨੁਵਾਦ ਕਰਨ ਦੀ ਨਹੀਂ ਹੈ। ਧਿਆਨ ਦਿਓ ਕਿ ਭਾਰਤ ਵਿਚ ਇਕ ਬਾਈਬਲ ਅਨੁਵਾਦ ਦੇ ਸਲਾਹਕਾਰ ਨੇ ਬਾਈਬਲ ਵਿੱਚੋਂ ਪਰਮੇਸ਼ੁਰ ਦਾ ਨਾਂ ਕੱਢੇ ਜਾਣ ਬਾਰੇ ਕੀ ਕਿਹਾ: “ਹਿੰਦੂ ਲੋਕਾਂ ਨੂੰ ਪਰਮੇਸ਼ੁਰ ਦੇ ਖ਼ਿਤਾਬ ਵਿਚ ਕੋਈ ਦਿਲਚਸਪੀ ਨਹੀਂ ਹੈ। ਉਹ ਪਰਮੇਸ਼ੁਰ ਦਾ ਨਾਂ ਜਾਣਨਾ ਚਾਹੁੰਦੇ ਹਨ। ਜਦ ਤਕ ਉਹ ਉਸ ਦਾ ਨਾਂ ਨਹੀਂ ਜਾਣ ਲੈਂਦੇ, ਤਦ ਤਕ ਉਹ ਉਸ ਨਾਲ ਰਿਸ਼ਤਾ ਨਹੀਂ ਜੋੜ ਸਕਦੇ।” ਵਾਕਈ, ਇਹ ਗੱਲ ਉਨ੍ਹਾਂ ਸਾਰੇ ਲੋਕਾਂ ਬਾਰੇ ਕਹੀ ਜਾ ਸਕਦੀ ਹੈ ਜੋ ਪਰਮੇਸ਼ੁਰ ਦੀ ਤਲਾਸ਼ ਵਿਚ ਹਨ। ਪਰਮੇਸ਼ੁਰ ਨੂੰ ਸਮਝਣ ਵਾਸਤੇ ਉਸ ਦਾ ਨਾਂ ਜਾਣਨਾ ਬਹੁਤ ਜ਼ਰੂਰੀ ਹੈ ਤਾਂਕਿ ਅਸੀਂ ਭਰੋਸਾ ਰੱਖ ਸਕੀਏ ਕਿ ਉਹ ਸੱਚ-ਮੁੱਚ ਹੈ, ਨਾ ਕਿ ਉਹ ਕੋਈ ਸ਼ਕਤੀ ਹੈ। (ਕੂਚ 34:6, 7) ਇਸ ਲਈ ਬਾਈਬਲ ਕਹਿੰਦੀ ਹੈ: “ਹਰ ਕੋਈ ਜਿਹੜਾ ਯਹੋਵਾਹ ਦਾ ਨਾਂ ਲੈਂਦਾ ਹੈ, ਬਚਾਇਆ ਜਾਵੇਗਾ।” (ਰੋਮੀਆਂ 10:13) ਪਰਮੇਸ਼ੁਰ ਦੇ ਸੇਵਕਾਂ ਲਈ ਉਸ ਦਾ ਨਾਂ ਇਸਤੇਮਾਲ ਕਰਨਾ ਜ਼ਰੂਰੀ ਹੈ!

ਇਕ ਅਜਿਹਾ ਅਨੁਵਾਦ ਜੋ ਪਰਮੇਸ਼ੁਰ ਦੇ ਨਾਂ ਦਾ ਆਦਰ ਕਰਦਾ ਹੈ

ਨਵੀਂ ਦੁਨੀਆਂ ਅਨੁਵਾਦ ਵਿਚ ਪਰਮੇਸ਼ੁਰ ਦਾ ਨਾਂ ਯਹੋਵਾਹ ਇਸਤੇਮਾਲ ਕੀਤਾ ਗਿਆ ਹੈ

ਇਸ ਲਈ 1950 ਵਿਚ ਯਹੋਵਾਹ ਦੇ ਲੋਕਾਂ ਨੂੰ ਇਕ ਸ਼ਾਨਦਾਰ ਬਰਕਤ ਮਿਲੀ ਜਦੋਂ ਪਹਿਲੀ ਵਾਰ ਅੰਗ੍ਰੇਜ਼ੀ ਵਿਚ ਮਸੀਹੀ ਯੂਨਾਨੀ ਲਿਖਤਾਂ—ਨਵੀਂ ਦੁਨੀਆਂ ਅਨੁਵਾਦ ਛਾਪਿਆ ਗਿਆ। ਅਗਲੇ ਦਹਾਕੇ ਦੌਰਾਨ ਇਬਰਾਨੀ ਲਿਖਤਾਂ ਨੂੰ ਹਿੱਸਿਆਂ ਵਿਚ ਛਾਪਿਆ ਗਿਆ, ਫਿਰ 1961 ਵਿਚ ਪੂਰੀ ਬਾਈਬਲ ਅੰਗ੍ਰੇਜ਼ੀ ਵਿਚ ਰੀਲੀਜ਼ ਕੀਤੀ ਗਈ। ਪਰ ਅਹਿਮ ਗੱਲ ਇਹ ਹੈ ਕਿ ਨਵੀਂ ਦੁਨੀਆਂ ਅਨੁਵਾਦ ਦੇ ਪੁਰਾਣੇ ਨੇਮ ਵਿਚ ਪਰਮੇਸ਼ੁਰ ਦਾ ਨਾਂ ਯਹੋਵਾਹ ਤਕਰੀਬਨ 7,000 ਵਾਰ ਇਸਤੇਮਾਲ ਕੀਤਾ ਗਿਆ। ਸਭ ਤੋਂ ਖ਼ਾਸ ਗੱਲ ਇਹ ਹੈ ਕਿ ਮਸੀਹੀ ਯੂਨਾਨੀ ਲਿਖਤਾਂ * ਵਿਚ ਪਰਮੇਸ਼ੁਰ ਦਾ ਨਾਂ 237 ਵਾਰ ਪਾਇਆ ਗਿਆ।

ਇਸ ਨਾਂ ਨੂੰ ਪਾਉਣ ਨਾਲ ਨਾ ਸਿਰਫ਼ ਪਰਮੇਸ਼ੁਰ ਦਾ ਆਦਰ ਹੁੰਦਾ ਹੈ, ਸਗੋਂ ਇਸ ਨਾਲ ਸਾਡੀ ਸਮਝ ਵੀ ਵਧਦੀ ਹੈ। ਮਿਸਾਲ ਲਈ, ਬਹੁਤ ਸਾਰੇ ਅਨੁਵਾਦਾਂ ਵਿਚ ਮੱਤੀ 24:44 ਇੱਦਾਂ ਲਿਖਿਆ ਗਿਆ ਹੈ: “ਪ੍ਰਭੂ ਨੇ ਮੇਰੇ ਪ੍ਰਭੂ ਨੂੰ ਆਖਿਆ।” ਇਸ ਲਈ ਸਵਾਲ ਉੱਠਦਾ ਹੈ ਕਿ ਇੱਥੇ ਕੌਣ ਕਿਸ ਨਾਲ ਗੱਲ ਕਰ ਰਿਹਾ ਹੈ? ਪਰ ਨਵੀਂ ਦੁਨੀਆਂ ਅਨੁਵਾਦ ਵਿਚ ਮੱਤੀ 24:44 ਇੱਦਾਂ ਲਿਖਿਆ ਹੈ: “ਯਹੋਵਾਹ ਨੇ ਮੇਰੇ ਪ੍ਰਭੂ ਨੂੰ ਕਿਹਾ” ਜੋ ਕਿ ਜ਼ਬੂਰ 110:1 ਤੋਂ ਲਿਆ ਗਿਆ ਹੈ। ਇਸ ਤੋਂ ਯਹੋਵਾਹ ਪਰਮੇਸ਼ੁਰ ਅਤੇ ਉਸ ਦੇ ਪੁੱਤਰ ਵਿਚ ਫ਼ਰਕ ਸਾਫ਼ ਦੇਖਿਆ ਜਾ ਸਕਦਾ ਹੈ।

ਇਹ ਅਨੁਵਾਦ ਕਿਸ ਨੇ ਕੀਤਾ ਹੈ?

ਨਵੀਂ ਦੁਨੀਆਂ ਅਨੁਵਾਦ ਵਾਚਟਾਵਰ ਬਾਈਬਲ ਐਂਡ ਟ੍ਰੈਕਟ ਸੋਸਾਇਟੀ ਵੱਲੋਂ ਛਾਪਿਆ ਗਿਆ ਹੈ ਜੋ ਕਿ ਯਹੋਵਾਹ ਦੇ ਗਵਾਹਾਂ ਦੀ ਕਾਨੂੰਨੀ ਏਜੰਸੀ ਹੈ। ਯਹੋਵਾਹ ਦੇ ਗਵਾਹ 100 ਤੋਂ ਵੀ ਜ਼ਿਆਦਾ ਸਾਲਾਂ ਤੋਂ ਸਾਰੀ ਦੁਨੀਆਂ ਵਿਚ ਬਾਈਬਲਾਂ ਛਾਪਦੇ ਅਤੇ ਵੰਡਦੇ ਆਏ ਹਨ। ਨਵੀਂ ਦੁਨੀਆਂ ਅਨੁਵਾਦ ਯਹੋਵਾਹ ਦੇ ਗਵਾਹਾਂ ਦੇ ਇਕ ਸਮੂਹ ਨੇ ਤਿਆਰ ਕੀਤਾ ਹੈ ਜਿਸ ਨੂੰ ਨਵੀਂ ਦੁਨੀਆਂ ਬਾਈਬਲ ਅਨੁਵਾਦ ਕਮੇਟੀ ਵਜੋਂ ਜਾਣਿਆ ਜਾਂਦਾ ਹੈ। ਇਸ ਕਮੇਟੀ ਦੇ ਮੈਂਬਰ ਆਪਣੀ ਵਡਿਆਈ ਨਹੀਂ ਚਾਹੁੰਦੇ, ਸਗੋਂ ਉਨ੍ਹਾਂ ਨੇ ਗੁਜ਼ਾਰਸ਼ ਕੀਤੀ ਹੈ ਕਿ ਉਨ੍ਹਾਂ ਦੀ ਮੌਤ ਤੋਂ ਬਾਅਦ ਵੀ ਉਨ੍ਹਾਂ ਦੇ ਨਾਂ ਗੁਪਤ ਰੱਖੇ ਜਾਣ।—1 ਕੁਰਿੰਥੀਆਂ 10:31.

ਇਸ ਬਾਈਬਲ ਦਾ ਨਾਂ ਨਵੀਂ ਦੁਨੀਆਂ ਅਨੁਵਾਦ ਕਿਉਂ ਰੱਖਿਆ ਗਿਆ? 1950 ਦੇ ਸੰਸਕਰਣ ਦੇ ਮੁਖਬੰਧ ਵਿਚ ਦੱਸਿਆ ਗਿਆ ਸੀ ਕਿ ਇਸ ਨਾਂ ਤੋਂ ਪੱਕਾ ਯਕੀਨ ਹੁੰਦਾ ਹੈ ਕਿ ਮਨੁੱਖਜਾਤੀ ਨਵੀਂ ਦੁਨੀਆਂ ਦੀ ਦਹਿਲੀਜ਼ ’ਤੇ ਖੜ੍ਹੀ ਹੈ, ਜਿਵੇਂ ਕਿ 2 ਪਤਰਸ 3:13 ਵਿਚ ਵਾਅਦਾ ਕੀਤਾ ਗਿਆ ਹੈ। ਇਸ ਕਮੇਟੀ ਨੇ ਲਿਖਿਆ ਕਿ “ਜਦ ਤਕ ਇਸ ਪੁਰਾਣੀ ਦੁਨੀਆਂ ਦੀ ਥਾਂ ਨਵੀਂ ਦੁਨੀਆਂ ਨਹੀਂ ਆ ਜਾਂਦੀ,” ਤਦ ਤਕ ਜ਼ਰੂਰੀ ਹੈ ਕਿ ਬਾਈਬਲ ਅਨੁਵਾਦਾਂ ਦੇ ਜ਼ਰੀਏ “ਪਰਮੇਸ਼ੁਰ ਦੇ ਬਚਨ ਦੀ ਸੱਚਾਈ” ਦਾ ਨੂਰ ਚਮਕਦਾ ਰਹੇ।

ਸਹੀ-ਸਹੀ ਅਨੁਵਾਦ

ਸਭ ਤੋਂ ਜ਼ਿਆਦਾ ਅਹਿਮੀਅਤ ਇਸ ਦੇ ਸਹੀ-ਸਹੀ ਅਨੁਵਾਦ ਕਰਨ ’ਤੇ ਦਿੱਤੀ ਗਈ। ਅੰਗ੍ਰੇਜ਼ੀ ਸੰਸਕਰਣ ਦੇ ਅਨੁਵਾਦਕਾਂ ਨੇ ਪ੍ਰਾਚੀਨ ਅਤੇ ਸਭ ਤੋਂ ਸਹੀ ਮੂਲ-ਪਾਠਾਂ ਨੂੰ ਵਰਤ ਕੇ ਇਬਰਾਨੀ, ਅਰਾਮੀ ਅਤੇ ਯੂਨਾਨੀ ਭਾਸ਼ਾਵਾਂ ਤੋਂ ਸਿੱਧਾ ਅਨੁਵਾਦ ਕੀਤਾ ਹੈ। ਜਿੱਥੋਂ ਤਕ ਹੋ ਸਕਿਆ, ਉਨ੍ਹਾਂ ਨੇ ਪ੍ਰਾਚੀਨ ਮੂਲ-ਪਾਠਾਂ ਨੂੰ ਬੜੇ ਹੀ ਧਿਆਨ ਨਾਲ ਅਤੇ ਬੜੀ ਈਮਾਨਦਾਰੀ ਨਾਲ ਸੌਖੀ ਭਾਸ਼ਾ ਵਿਚ ਅਨੁਵਾਦ ਕੀਤਾ ਤਾਂਕਿ ਲੋਕ ਇਸ ਨੂੰ ਸਮਝ ਸਕਣ।

ਇਸ ਵਿਚ ਕੋਈ ਹੈਰਾਨੀ ਨਹੀਂ ਕਿ ਕੁਝ ਵਿਦਵਾਨਾਂ ਨੇ ਨਵੀਂ ਦੁਨੀਆਂ ਅਨੁਵਾਦ ਬਾਈਬਲ ਦੀ ਇਸ ਗੱਲੋਂ ਤਾਰੀਫ਼ ਕੀਤੀ ਹੈ ਕਿ ਇਹ ਅਨੁਵਾਦ ਬਿਲਕੁਲ ਸਹੀ ਹੈ। ਇਕ ਇਬਰਾਨੀ ਵਿਦਵਾਨ ਪ੍ਰੋਫ਼ੈਸਰ ਬੈਂਜਮਿਨ ਕਦਾਰ-ਕੌਫ਼ਸਟੀਨ ਜੋ ਇਜ਼ਰਾਈਲ ਦਾ ਰਹਿਣ ਵਾਲਾ ਹੈ, ਨੇ 1989 ਵਿਚ ਕਿਹਾ: “ਇਬਰਾਨੀ ਬਾਈਬਲ ਅਤੇ ਅਨੁਵਾਦਾਂ ਸੰਬੰਧੀ ਖੋਜਬੀਨ ਕਰਦਿਆਂ ਅਕਸਰ ਮੈਂ ਨਵੀਂ ਦੁਨੀਆਂ ਅਨੁਵਾਦ ਦੇ ਅੰਗ੍ਰੇਜ਼ੀ ਸੰਸਕਰਣ ਦੀ ਜਾਂਚ ਕਰਦਾ ਹਾਂ। ਇਸ ਤਰ੍ਹਾਂ ਕਰਨ ਨਾਲ ਮੈਨੂੰ ਹੋਰ ਵੀ ਯਕੀਨ ਹੁੰਦਾ ਹੈ ਕਿ ਇਸ ਦੇ ਅਨੁਵਾਦਕਾਂ ਨੇ ਪੁਰਾਣੀਆਂ ਲਿਖਤਾਂ ਨੂੰ ਸਮਝਣ ਦੀ ਪੂਰੀ ਕੋਸ਼ਿਸ਼ ਕਰ ਕੇ ਹੀ ਇਹ ਅਨੁਵਾਦ ਕੀਤਾ ਹੈ।”

ਹੋਰ ਭਾਸ਼ਾਵਾਂ ਵਿਚ ਬਾਈਬਲ

ਯਹੋਵਾਹ ਦੇ ਗਵਾਹਾਂ ਨੇ ਅੰਗ੍ਰੇਜ਼ੀ ਭਾਸ਼ਾ ਤੋਂ ਇਲਾਵਾ ਨਵੀਂ ਦੁਨੀਆਂ ਅਨੁਵਾਦ ਹੋਰ ਭਾਸ਼ਾਵਾਂ ਵਿਚ ਵੀ ਉਪਲਬਧ ਕਰਾਇਆ ਹੈ। ਇਸ ਵੇਲੇ ਪੂਰੀ ਬਾਈਬਲ ਜਾਂ ਇਸ ਦੇ ਕੁਝ ਹਿੱਸੇ 191 ਭਾਸ਼ਾਵਾਂ ਵਿਚ ਛਾਪੇ ਗਏ ਹਨ। ਇਸ ਕੰਮ ਨੂੰ ਸਿਰੇ ਚਾੜ੍ਹਨ ਲਈ ਇਕ ਕੰਪਿਊਟਰ ਪ੍ਰੋਗ੍ਰਾਮ ਤਿਆਰ ਕੀਤਾ ਗਿਆ ਜਿਸ ਦੀ ਮਦਦ ਨਾਲ ਬਾਈਬਲ ਦੇ ਸ਼ਬਦਾਂ ਦੀ ਸਟੱਡੀ ਕੀਤੀ ਜਾ ਸਕਦੀ ਹੈ। ਅਨੁਵਾਦਕਾਂ ਦੀ ਮਦਦ ਕਰਨ ਵਾਸਤੇ ਇਕ ਅਨੁਵਾਦ ਸੇਵਾ ਵਿਭਾਗ ਬਣਾਇਆ ਗਿਆ। ਯਹੋਵਾਹ ਦੇ ਗਵਾਹਾਂ ਦੀ ਪ੍ਰਬੰਧਕ ਸਭਾ ਅਤੇ ਲਿਖਾਈ ਕਮੇਟੀ ਬਾਈਬਲ ਅਨੁਵਾਦ ਦੇ ਕੰਮ ’ਤੇ ਨਜ਼ਰ ਰੱਖਦੀ ਹੈ। ਪਰ ਇਹ ਕੰਮ ਕਿਵੇਂ ਕੀਤਾ ਜਾਂਦਾ ਹੈ?

ਪਹਿਲਾਂ ਮਸੀਹੀਆਂ ਦੇ ਇਕ ਸਮੂਹ ਨੂੰ ਅਨੁਵਾਦਕਾਂ ਵਜੋਂ ਚੁਣਿਆ ਜਾਂਦਾ ਹੈ। ਤਜਰਬੇ ਤੋਂ ਪਤਾ ਲੱਗਦਾ ਹੈ ਕਿ ਜਦ ਅਨੁਵਾਦਕ ਇਕੱਲੇ-ਇਕੱਲੇ ਕੰਮ ਕਰਨ ਦੀ ਬਜਾਇ ਮਿਲ ਕੇ ਕੰਮ ਕਰਦੇ ਹਨ, ਤਾਂ ਉਹ ਵਧੀਆ ਤੇ ਸਹੀ-ਸਹੀ ਅਨੁਵਾਦ ਕਰਦੇ ਹਨ। (ਕਹਾਉਤਾਂ 11:14) ਆਮ ਤੌਰ ਤੇ ਹਰੇਕ ਅਨੁਵਾਦਕ ਨੂੰ ਯਹੋਵਾਹ ਦੇ ਗਵਾਹਾਂ ਦੇ ਪ੍ਰਕਾਸ਼ਨਾਂ ਦਾ ਅਨੁਵਾਦ ਕਰਨ ਦਾ ਤਜਰਬਾ ਹੁੰਦਾ ਹੈ। ਫਿਰ ਅਨੁਵਾਦਕਾਂ ਨੂੰ ਬਾਈਬਲ ਅਨੁਵਾਦ ਦੇ ਬੁਨਿਆਦੀ ਅਸੂਲਾਂ ਦੀ ਸਿਖਲਾਈ ਦਿੱਤੀ ਜਾਂਦੀ ਹੈ ਅਤੇ ਖ਼ਾਸ ਕੰਪਿਊਟਰ ਪ੍ਰੋਗ੍ਰਾਮਾਂ ਦੀ ਵਰਤੋਂ ਕਰਨੀ ਸਿਖਾਈ ਜਾਂਦੀ ਹੈ।

ਅਨੁਵਾਦਕਾਂ ਨੂੰ ਹਿਦਾਇਤ ਦਿੱਤੀ ਜਾਂਦੀ ਹੈ ਕਿ ਉਹ ਅਜਿਹੀ ਬਾਈਬਲ ਤਿਆਰ ਕਰਨ ਜਿਸ ਦਾ ਅਨੁਵਾਦ ਸਹੀ ਹੋਵੇ ਅਤੇ ਆਮ ਲੋਕਾਂ ਨੂੰ ਆਸਾਨੀ ਨਾਲ ਸਮਝ ਆਵੇ। ਹੋ ਸਕਦਾ ਹੈ ਕਿ ਕਈ ਜਗ੍ਹਾ ਸ਼ਬਦ-ਬ-ਸ਼ਬਦ ਅਨੁਵਾਦ ਕਰਨਾ ਪਵੇ, ਪਰ ਉਨ੍ਹਾਂ ਨੂੰ ਕਦੇ ਵੀ ਮੂਲ-ਪਾਠਾਂ ਦੇ ਮਤਲਬ ਨੂੰ ਤੋੜਨਾ-ਮਰੋੜਨਾ ਨਹੀਂ ਚਾਹੀਦਾ। ਉਹ ਕਿਵੇਂ? ਜ਼ਰਾ ਇਸ ਨਵੀਂ ਰੀਲੀਜ਼ ਕੀਤੀ ਗਈ ਬਾਈਬਲ ’ਤੇ ਗੌਰ ਕਰੋ। ਸਭ ਤੋਂ ਪਹਿਲਾਂ ਅਨੁਵਾਦਕਾਂ ਨੇ ਅੰਗ੍ਰੇਜ਼ੀ ਦੀ ਨਵੀਂ ਦੁਨੀਆਂ ਅਨੁਵਾਦ ਵਿਚ ਵਰਤੇ ਗਏ ਸਾਰੇ ਖ਼ਾਸ ਸ਼ਬਦਾਂ ਲਈ ਪੰਜਾਬੀ ਦੇ ਸ਼ਬਦ ਚੁਣਨੇ ਸ਼ੁਰੂ ਕੀਤੇ। ਕੰਪਿਊਟਰ ਵਿਚ ਵਾਚਟਾਵਰ ਟ੍ਰਾਂਸਲੇਸ਼ਨ ਸਿਸਟਮ ਨਾਂ ਦਾ ਪ੍ਰੋਗ੍ਰਾਮ ਬਾਈਬਲ ਦੇ ਹਰ ਸ਼ਬਦ ਨਾਲ ਸੰਬੰਧਿਤ ਹੋਰ ਸ਼ਬਦ ਅਤੇ ਸਮਾਨਾਰਥਕ ਸ਼ਬਦ ਦਿਖਾਉਂਦਾ ਹੈ। ਇਹ ਪ੍ਰੋਗ੍ਰਾਮ ਯੂਨਾਨੀ ਜਾਂ ਇਬਰਾਨੀ ਸ਼ਬਦਾਂ ਨੂੰ ਦਿਖਾਉਂਦਾ ਹੈ ਜਿਨ੍ਹਾਂ ਤੋਂ ਅੰਗ੍ਰੇਜ਼ੀ ਸ਼ਬਦ ਲਏ ਗਏ ਸਨ। ਇਸ ਦੀ ਮਦਦ ਨਾਲ ਅਨੁਵਾਦਕ ਇਹ ਖੋਜਬੀਨ ਕਰ ਸਕਦੇ ਹਨ ਕਿ ਉਨ੍ਹਾਂ ਇਬਰਾਨੀ ਜਾਂ ਯੂਨਾਨੀ ਸ਼ਬਦਾਂ ਨੂੰ ਹੋਰ ਥਾਵਾਂ ’ਤੇ ਕਿਵੇਂ ਵਰਤਿਆ ਗਿਆ ਹੈ। ਜਦ ਸਾਰੇ ਜਣੇ ਇਨ੍ਹਾਂ ਸ਼ਬਦਾਂ ’ਤੇ ਸਹਿਮਤ ਹੋ ਜਾਂਦੇ ਹਨ, ਤਾਂ ਉਹ ਬਾਈਬਲ ਦਾ ਅਨੁਵਾਦ ਕਰਨਾ ਸ਼ੁਰੂ ਕਰ ਦਿੰਦੇ ਹਨ। ਹਰ ਆਇਤ ਦਾ ਅਨੁਵਾਦ ਕਰਨ ਵੇਲੇ ਕੰਪਿਊਟਰ ’ਤੇ ਪੰਜਾਬੀ ਦੇ ਸ਼ਬਦ ਆਉਂਦੇ ਹਨ।

ਪਰ ਅਨੁਵਾਦ ਕਰਨ ਦਾ ਮਤਲਬ ਸਿਰਫ਼ ਇਹੀ ਨਹੀਂ ਹੈ ਕਿ ਅੰਗ੍ਰੇਜ਼ੀ ਦੇ ਸ਼ਬਦਾਂ ਦੀ ਜਗ੍ਹਾ ਪੰਜਾਬੀ ਦੇ ਸ਼ਬਦ ਪਾ ਦਿੱਤੇ ਜਾਣ। ਇਸ ਗੱਲ ਦਾ ਪੂਰਾ ਧਿਆਨ ਰੱਖਿਆ ਗਿਆ ਕਿ ਪੰਜਾਬੀ ਦੇ ਸ਼ਬਦ ਬਾਈਬਲ ਦੀਆਂ ਗੱਲਾਂ ਦੀ ਸਹੀ-ਸਹੀ ਸਮਝ ਦੇਣ। ਇਸ ਗੱਲ ਦਾ ਵੀ ਧਿਆਨ ਰੱਖਿਆ ਗਿਆ ਕਿ ਸਹੀ ਵਿਆਕਰਣ ਵਰਤੀ ਜਾਵੇ ਅਤੇ ਵਾਕ ਪੜ੍ਹਨ ਵਿਚ ਸੌਖੇ ਅਤੇ ਸਮਝਣ ਵਿਚ ਆਸਾਨ ਹੋਣ। ਇਸ ਅਨੁਵਾਦ ਨੂੰ ਪੜ੍ਹ ਕੇ ਪਤਾ ਲੱਗੇਗਾ ਕਿ ਇਸ ਉੱਤੇ ਕਿੰਨੀ ਮਿਹਨਤ ਕੀਤੀ ਗਈ ਹੈ। ਪੰਜਾਬੀ ਵਿਚ ਪਰਮੇਸ਼ੁਰ ਦੇ ਬਚਨ ਦਾ ਨਵੀਂ ਦੁਨੀਆਂ ਅਨੁਵਾਦ ਸਾਫ਼ ਤੇ ਸਪੱਸ਼ਟ, ਪੜ੍ਹਨ ਤੇ ਸਮਝਣ ਵਿਚ ਆਸਾਨ ਅਤੇ ਪੁਰਾਣੇ ਮੂਲ-ਪਾਠਾਂ ਮੁਤਾਬਕ ਈਮਾਨਦਾਰੀ ਨਾਲ ਕੀਤਾ ਗਿਆ ਹੈ। *

ਪੰਜਾਬੀ ਦੀਆਂ ਕੁਝ ਬਾਈਬਲਾਂ ਵਿਚ ਇਬਰਾਨੀ ਸ਼ਬਦ “ਸ਼ੀਓਲ” ਅਤੇ ਯੂਨਾਨੀ ਸ਼ਬਦ “ਹੇਡੀਜ਼” ਦਾ ਅਨੁਵਾਦ “ਪਤਾਲ” ਕੀਤਾ ਗਿਆ ਹੈ। ਇਹ ਸ਼ਬਦ ਇਸ ਝੂਠੀ ਸਿੱਖਿਆ ਦਾ ਸਮਰਥਨ ਕਰਦਾ ਹੈ ਕਿ ਇਨਸਾਨ ਮਰਨ ਤੋਂ ਬਾਅਦ ਪਤਾਲ ਵਿਚ ਜੀਉਂਦਾ ਰਹਿੰਦਾ ਹੈ। ਪਰ “ਸ਼ੀਓਲ” ਅਤੇ “ਹੇਡੀਜ਼” ਦਾ ਮਤਲਬ ਹੈ ਕਬਰ ਜਿੱਥੇ ਮਰੇ ਇਨਸਾਨਾਂ ਨੂੰ ਦਫ਼ਨਾਇਆ ਜਾਂਦਾ ਹੈ। ਇਸੇ ਕਰਕੇ ਇਸ ਅਨੁਵਾਦ ਵਿਚ ਇਨ੍ਹਾਂ ਸ਼ਬਦਾਂ ਲਈ “ਕਬਰ” ਸ਼ਬਦ ਵਰਤਿਆ ਗਿਆ ਹੈ।—ਜ਼ਬੂਰ 16:10; ਰਸੂਲਾਂ ਦੇ ਕੰਮ 2:27.

ਕਈ ਬਾਈਬਲਾਂ ਵਿਚ ਇਬਰਾਨੀ ਸ਼ਬਦ “ਰੂਆਖ” ਅਤੇ ਯੂਨਾਨੀ ਸ਼ਬਦ “ਪਨੈਵਮਾ” ਦਾ ਅਨੁਵਾਦ “ਆਤਮਾ” ਕੀਤਾ ਗਿਆ ਹੈ। ਇਹ ਸ਼ਬਦ ਅਮਰ ਆਤਮਾ ਦੀ ਝੂਠੀ ਸਿੱਖਿਆ ਦਾ ਸਮਰਥਨ ਕਰਦਾ ਹੈ। “ਰੂਆਖ” ਅਤੇ “ਪਨੈਵਮਾ” ਦਾ ਮੂਲ ਅਰਥ “ਸਾਹ” ਹੈ। ਪਰ ਇਸ ਦਾ ਮਤਲਬ “ਮਨ ਦਾ ਸੁਭਾਅ,” “ਚੰਗੇ ਅਤੇ ਦੁਸ਼ਟ ਦੂਤ,” “ਜ਼ਿੰਦਗੀ,” “ਮਨ,” “ਸ਼ਕਤੀ,” “ਪਵਿੱਤਰ ਸ਼ਕਤੀ,” “ਜੋਸ਼” ਅਤੇ “ਹਵਾ” ਹੋ ਸਕਦਾ ਹੈ। ਇਸ ਲਈ ਇਸ ਅਨੁਵਾਦ ਵਿਚ “ਰੂਆਖ” ਅਤੇ “ਪਨੈਵਮਾ” ਲਈ ਵਿਸ਼ੇ ਅਨੁਸਾਰ ਸ਼ਬਦ ਵਰਤੇ ਗਏ ਹਨ।—ਉਤਪਤ 6:17; ਗਿਣਤੀ 14:24; 1 ਰਾਜਿਆਂ 22:21; ਕਹਾਉਤਾਂ 18:14; ਦਾਨੀਏਲ 4:8; ਮੱਤੀ 6:25; 28:19, 20; ਲੂਕਾ 1:17.

ਅਸੀਂ ਤੁਹਾਨੂੰ ਗੁਜ਼ਾਰਸ਼ ਕਰਦੇ ਹਾਂ ਕਿ ਤੁਸੀਂ ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ ਦੀ ਖ਼ੁਦ ਜਾਂਚ ਕਰੋ। ਤੁਸੀਂ ਇਸ ਨੂੰ ਆਨ-ਲਾਈਨ ਜਾਂ JW ਲਾਇਬ੍ਰੇਰੀ ਐਪ ਤੋਂ ਵੀ ਪੜ੍ਹ ਸਕਦੇ ਹੋ। ਤੁਸੀਂ ਇਸ ਨੂੰ ਪੜ੍ਹਦੇ ਵੇਲੇ ਪੂਰਾ ਯਕੀਨ ਰੱਖ ਸਕਦੇ ਹੋ ਕਿ ਤੁਹਾਡੀ ਆਪਣੀ ਭਾਸ਼ਾ ਦੀ ਇਸ ਬਾਈਬਲ ਵਿਚ ਪਰਮੇਸ਼ੁਰ ਦੀਆਂ ਗੱਲਾਂ ਨੂੰ ਪੂਰੀ ਈਮਾਨਦਾਰੀ ਨਾਲ ਲਿਖਿਆ ਗਿਆ ਹੈ। ਬਿਨਾਂ ਸ਼ੱਕ, ਤੁਸੀਂ ਇਸ ਗੱਲ ਨਾਲ ਜਲਦ ਹੀ ਸਹਿਮਤ ਹੋ ਜਾਓਗੇ ਕਿ ਇਹ ਨਵੀਂ ਬਾਈਬਲ ਸੱਚ-ਮੁੱਚ ਪਰਮੇਸ਼ੁਰ ਦੇ ਲੋਕਾਂ ਲਈ ਇਕ ਸ਼ਾਨਦਾਰ ਬਰਕਤ ਹੈ!

 

ਨਵੀਂ ਦੁਨੀਆਂ ਅਨੁਵਾਦ ਦੀਆਂ ਖੂਬੀਆਂ

 

ਪਰਮੇਸ਼ੁਰ ਦੇ ਬਚਨ ਬਾਰੇ ਜਾਣੋ: ਇਸ ਵਿਚ ਬਾਈਬਲ ਦੀਆਂ ਬੁਨਿਆਦੀ ਸਿੱਖਿਆਵਾਂ ਨਾਲ ਜੁੜੇ 20 ਸਵਾਲਾਂ ਦੇ ਜਵਾਬ ਦੇਣ ਵਾਲੀਆਂ ਆਇਤਾਂ ਦਿੱਤੀਆਂ ਗਈਆਂ ਹਨ

ਸਹੀ ਅਨੁਵਾਦ: ਇਬਰਾਨੀ, ਅਰਾਮੀ ਅਤੇ ਯੂਨਾਨੀ ਮੂਲ-ਪਾਠਾਂ ਨੂੰ ਅੰਗ੍ਰੇਜ਼ੀ ਵਿਚ ਬਹੁਤ ਹੀ ਧਿਆਨ ਨਾਲ ਅਨੁਵਾਦ ਕੀਤਾ ਗਿਆ ਹੈ ਅਤੇ ਫਿਰ ਅੰਗ੍ਰੇਜ਼ੀ ਤੋਂ ਪੰਜਾਬੀ ਵਿਚ ਵੀ ਇਸ ਦਾ ਅਨੁਵਾਦ ਸਹੀ-ਸਹੀ ਤੇ ਪੂਰੀ ਈਮਾਨਦਾਰੀ ਨਾਲ ਕੀਤਾ ਗਿਆ ਹੈ

ਆਇਤਾਂ ਨਾਲ ਸੰਬੰਧਿਤ ਹੋਰ ਆਇਤਾਂ: ਇਹ ਪਾਠਕਾਂ ਦਾ ਧਿਆਨ ਬਾਈਬਲ ਦੀਆਂ ਹੋਰ ਆਇਤਾਂ ਵੱਲ ਦਿਵਾਉਂਦੀਆਂ ਹਨ

ਵਧੇਰੇ ਜਾਣਕਾਰੀ 1: ਇਸ ਬਾਈਬਲ ਅਨੁਵਾਦ ਵਿਚ ਕਈ ਪਹਿਲੂਆਂ ਬਾਰੇ ਗੱਲ ਕੀਤੀ ਗਈ ਹੈ, ਜਿਵੇਂ ਕਿ ਲਿਖਣ ਦਾ ਤਰੀਕਾ, ਸ਼ਬਦਾਂ ਵਿਚ ਬਦਲਾਅ ਅਤੇ ਪਰਮੇਸ਼ੁਰ ਦਾ ਨਾਂ

ਵਧੇਰੇ ਜਾਣਕਾਰੀ 2: ਇਸ ਵਿਚ 15 ਭਾਗ ਹਨ ਜਿਨ੍ਹਾਂ ਵਿਚ ਰੰਗ-ਬਰੰਗੇ ਨਕਸ਼ੇ ਅਤੇ ਤਸਵੀਰਾਂ ਹਨ

^ ਪੇਰਗ੍ਰੈਫ 7 ਇਸ ਨੂੰ ਆਮ ਤੌਰ ਤੇ ਪੁਰਾਣਾ ਨੇਮ ਕਿਹਾ ਜਾਂਦਾ ਹੈ।

^ ਪੇਰਗ੍ਰੈਫ 9 ਮਿਸਾਲ ਲਈ, ਨਿਊ ਇੰਟਰਨੈਸ਼ਨਲ ਵਰਯਨ ਅਨੁਵਾਦ ਦੇ ਕੋਆਰਡੀਨੇਟਰ ਨੇ ਲਿਖਿਆ: “ਪਰਮੇਸ਼ੁਰ ਦਾ ਨਾਂ ਯਹੋਵਾਹ ਹੈ ਅਤੇ ਇਹ ਬਾਈਬਲ ਵਿਚ ਹੋਣਾ ਹੀ ਚਾਹੀਦਾ ਹੈ। ਪਰ ਇਸ ਅਨੁਵਾਦ ਉੱਤੇ ਅਸੀਂ 20 ਲੱਖ 40 ਹਜ਼ਾਰ ਡਾਲਰ (ਲਗਭਗ 16 ਕਰੋੜ 50 ਲੱਖ ਰੁਪਏ) ਖ਼ਰਚੇ ਹਨ। ਸਾਡਾ ਸਾਰਾ ਪੈਸਾ ਖੂਹ ਵਿਚ ਪੈ ਜਾਂਦਾ ਜੇ ਅਸੀਂ ਜ਼ਬੂਰ 23 ਦਾ ਅਨੁਵਾਦ ਇਸ ਤਰ੍ਹਾਂ ਕਰਦੇ: ‘ਯਾਹਵੇਹ ਮੇਰਾ ਚਰਵਾਹਾ ਹੈ।’ ਫਿਰ ਸਾਡੀ ਸਾਰੀ ਮਿਹਨਤ ’ਤੇ ਪਾਣੀ ਫਿਰਨ ਵਿਚ ਦੇਰ ਨਹੀਂ ਲੱਗਣੀ ਸੀ।”

^ ਪੇਰਗ੍ਰੈਫ 12 ਇਸ ਨੂੰ ਆਮ ਤੌਰ ਤੇ ਨਵਾਂ ਨੇਮ ਕਿਹਾ ਜਾਂਦਾ ਹੈ।

^ ਪੇਰਗ੍ਰੈਫ 24 ਪੰਜਾਬੀ ਵਿਚ ਬਾਈਬਲ ਦਾ ਅਨੁਵਾਦ ਕਰਨ ਸੰਬੰਧੀ ਅਸੂਲਾਂ ਅਤੇ ਇਸ ਦੀਆਂ ਖੂਬੀਆਂ ਬਾਰੇ ਹੋਰ ਜਾਣਕਾਰੀ ਲੈਣ ਲਈ ਨਵੀਂ ਦੁਨੀਆਂ ਅਨੁਵਾਦ ਦੀ ਵਧੇਰੇ ਜਾਣਕਾਰੀ 1.1 ਅਤੇ 1.2 ਦੇਖੋ।