Skip to content

ਕੀ ਬਾਈਬਲ ਪੁਨਰ-ਜਨਮ ਦੀ ਸਿੱਖਿਆ ਦਿੰਦੀ ਹੈ?

ਕੀ ਬਾਈਬਲ ਪੁਨਰ-ਜਨਮ ਦੀ ਸਿੱਖਿਆ ਦਿੰਦੀ ਹੈ?

ਬਾਈਬਲ ਕਹਿੰਦੀ ਹੈ

 ਨਹੀਂ। ਬਾਈਬਲ ਵਿਚ ਨਾ ਤਾਂ ਇਹ ਸ਼ਬਦ ਆਉਂਦਾ ਹੈ ਤੇ ਨਾ ਹੀ ਇਸ ਤਰ੍ਹਾਂ ਦਾ ਕੋਈ ਵਿਚਾਰ ਪਾਇਆ ਜਾਂਦਾ ਹੈ। ਪੁਨਰ-ਜਨਮ ਦੀ ਸਿੱਖਿਆ ਇਸ ਗੱਲ ʼਤੇ ਆਧਾਰਿਤ ਹੈ ਕਿ ਮਰਨ ਤੋਂ ਬਾਅਦ ਇਨਸਾਨ ਅੰਦਰੋਂ ਆਤਮਾ ਨਿਕਲਦੀ ਹੈ ਜੋ ਕਦੇ ਨਹੀਂ ਮਰਦੀ। a ਪਰ ਬਾਈਬਲ ਕਹਿੰਦੀ ਹੈ ਕਿ ਇਨਸਾਨ ਨੂੰ ਮਿੱਟੀ ਤੋਂ ਬਣਾਇਆ ਗਿਆ ਹੈ ਅਤੇ ਮਰਨ ਤੋਂ ਬਾਅਦ ਇਨਸਾਨ ਪੂਰੀ ਤਰ੍ਹਾਂ ਖ਼ਤਮ ਹੋ ਜਾਂਦਾ ਹੈ। (ਉਤਪਤ 2:7; ਹਿਜ਼ਕੀਏਲ 18:4) ਮਰਨ ਤੋਂ ਬਾਅਦ ਇਨਸਾਨ ਅੰਦਰ ਕੋਈ ਚੀਜ਼ ਜੀਉਂਦੀ ਨਹੀਂ ਰਹਿੰਦੀ।—ਉਤਪਤ 3:19; ਉਪਦੇਸ਼ਕ ਦੀ ਪੋਥੀ 9:5, 6.

ਪੁਨਰ-ਜਨਮ ਅਤੇ ਦੁਬਾਰਾ ਜੀ ਉਠਾਏ ਜਾਣ ਵਿਚ ਕੀ ਫ਼ਰਕ ਹੈ?

 ਫਿਰ ਤੋਂ ਜੀ ਉਠਾਏ ਜਾਣ ਦੀ ਬਾਈਬਲ ਦੀ ਸਿੱਖਿਆ ਅਮਰ ਆਤਮਾ ਦੀ ਸਿੱਖਿਆ ʼਤੇ ਆਧਾਰਿਤ ਨਹੀਂ ਹੈ। ਫਿਰ ਤੋਂ ਜੀ ਉਠਾਏ ਜਾਣ ਦਾ ਮਤਲਬ ਹੈ ਕਿ ਪਰਮੇਸ਼ੁਰ ਆਪਣੀ ਤਾਕਤ ਨਾਲ ਮਰ ਚੁੱਕੇ ਲੋਕਾਂ ਨੂੰ ਜੀਉਂਦਾ ਕਰੇਗਾ। (ਮੱਤੀ 22:23, 29; ਰਸੂਲਾਂ ਦੇ ਕੰਮ 24:15) ਇਸ ਸਿੱਖਿਆ ਤੋਂ ਸਾਨੂੰ ਉਮੀਦ ਮਿਲਦੀ ਹੈ ਕਿ ਜੇ ਅਸੀਂ ਮਰ ਵੀ ਗਏ, ਤਾਂ ਵੀ ਸਾਨੂੰ ਬਾਗ਼ ਵਰਗੀ ਧਰਤੀ ʼਤੇ ਦੁਬਾਰਾ ਜੀਉਂਦਾ ਕੀਤਾ ਜਾਵੇਗਾ ਅਤੇ ਫਿਰ ਅਸੀਂ ਕਦੇ ਨਹੀਂ ਮਰਾਂਗੇ।—2 ਪਤਰਸ 3:13; ਪ੍ਰਕਾਸ਼ ਦੀ ਕਿਤਾਬ 21:3, 4.

ਪੁਨਰ-ਜਨਮ ਅਤੇ ਬਾਈਬਲ ਬਾਰੇ ਗ਼ਲਤ ਧਾਰਣਾ

 ਗ਼ਲਤ ਧਾਰਣਾ: ਬਾਈਬਲ ਦੱਸਦੀ ਹੈ ਕਿ ਏਲੀਯਾਹ ਦਾ ਯੂਹੰਨਾ ਬਪਤਿਸਮਾ ਦੇਣ ਵਾਲੇ ਵਜੋਂ ਪੁਨਰ-ਜਨਮ ਹੋਇਆ।

 ਸੱਚਾਈ: ਪਰਮੇਸ਼ੁਰ ਨੇ ਪਹਿਲਾਂ ਹੀ ਦੱਸਿਆ ਸੀ: “ਮੈਂ ਏਲੀਯਾਹ ਨਬੀ ਨੂੰ ਤੁਹਾਡੇ ਲਈ ਘੱਲਾਂਗਾ” ਅਤੇ ਯਿਸੂ ਨੇ ਦੱਸਿਆ ਕਿ ਇਹ ਭਵਿੱਖਬਾਣੀ ਯੂਹੰਨਾ ਬਪਤਿਸਮਾ ਦੇਣ ਵਾਲੇ ʼਤੇ ਪੂਰੀ ਹੋਈ। (ਮਲਾਕੀ 4:5, 6; ਮੱਤੀ 11:13, 14) ਪਰ ਇਸ ਦਾ ਇਹ ਮਤਲਬ ਨਹੀਂ ਸੀ ਕਿ ਏਲੀਯਾਹ ਦਾ ਯੂਹੰਨਾ ਬਪਤਿਸਮਾ ਦੇਣ ਵਾਲੇ ਦੇ ਰੂਪ ਵਿਚ ਪੁਨਰ-ਜਨਮ ਹੋਇਆ ਸੀ। ਯੂਹੰਨਾ ਨੇ ਖ਼ੁਦ ਕਿਹਾ ਸੀ ਕਿ ਉਹ ਏਲੀਯਾਹ ਨਹੀਂ ਸੀ। (ਯੂਹੰਨਾ 1:21) ਇਸ ਦੀ ਬਜਾਇ, ਯੂਹੰਨਾ ਨੇ ਏਲੀਯਾਹ ਵਰਗੇ ਕੰਮ ਕੀਤੇ ਯਾਨੀ ਉਸ ਨੇ ਲੋਕਾਂ ਨੂੰ ਪਰਮੇਸ਼ੁਰ ਵੱਲੋਂ ਤੋਬਾ ਕਰਨ ਦਾ ਸੰਦੇਸ਼ ਸੁਣਾਇਆ। (1 ਰਾਜਿਆਂ 18:36, 37; ਮੱਤੀ 3:1) ਯੂਹੰਨਾ ਨੇ ਵੀ ‘ਏਲੀਯਾਹ ਨਬੀ ਵਰਗਾ ਜੋਸ਼ ਅਤੇ ਤਾਕਤ’ ਦਿਖਾਈ।—ਲੂਕਾ 1:13-17.

 ਗ਼ਲਤ ਧਾਰਣਾ: ਜਦੋਂ ਬਾਈਬਲ “ਦੁਬਾਰਾ ਜਨਮ” ਲੈਣ ਬਾਰੇ ਦੱਸਦੀ ਹੈ, ਤਾਂ ਇਸ ਦਾ ਮਤਲਬ ਹੈ, ਪੁਨਰ-ਜਨਮ।

 ਸੱਚਾਈ: ਬਾਈਬਲ ਦੱਸਦੀ ਹੈ ਕਿ ਇਕ ਵਿਅਕਤੀ ਜੀਉਂਦੇ ਜੀ ਦੁਬਾਰਾ ਪੈਦਾ ਹੋ ਸਕਦਾ ਹੈ ਕਿਉਂਕਿ ਜਦੋਂ ਬਾਈਬਲ ਦੁਬਾਰਾ ਪੈਦਾ ਹੋਣ ਬਾਰੇ ਦੱਸਦੀ ਹੈ, ਤਾਂ ਇਸ ਦਾ ਮਤਲਬ ਸੱਚ-ਮੁੱਚ ਜਨਮ ਲੈਣਾ ਨਹੀਂ ਹੈ। (ਯੂਹੰਨਾ 1:12, 13) ਦੁਬਾਰਾ ਤੋਂ ਜਨਮ ਇਸ ਲਈ ਨਹੀਂ ਹੁੰਦਾ ਕਿ ਉਸ ਵਿਅਕਤੀ ਨੇ ਪਿਛਲੇ ਜਨਮ ਵਿਚ ਚੰਗੇ ਕੰਮ ਕੀਤੇ ਸਨ, ਸਗੋਂ ਇਹ ਪਰਮੇਸ਼ੁਰ ਦੀ ਬਰਕਤ ਸਦਕਾ ਹੁੰਦਾ ਹੈ ਜਿਸ ਕਰਕੇ ਉਸ ਨੂੰ ਭਵਿੱਖ ਲਈ ਇਕ ਸ਼ਾਨਦਾਰ ਉਮੀਦ ਮਿਲਦੀ ਹੈ।—ਯੂਹੰਨਾ 3:3; 1 ਪਤਰਸ 1:3, 4.

a ਅਮਰ-ਆਤਮਾ ਅਤੇ ਪੁਨਰ-ਜਨਮ ਦੀ ਸਿੱਖਿਆ ਬਾਬਲ ਤੋਂ ਆਈ ਹੈ। ਬਾਅਦ ਵਿਚ ਭਾਰਤ ਦੀਆਂ ਸਿੱਖਿਆਵਾਂ ਵਿਚ ਇਸ ਨੂੰ “ਕਰਮਾਂ” ਦੀ ਸਿੱਖਿਆ ਕਿਹਾ ਗਿਆ। ਦੁਨੀਆਂ ਦੇ ਧਰਮਾਂ ਦੇ ਵਿਸ਼ਵ-ਕੋਸ਼ (ਬ੍ਰਿਟੈਨਿਕਾ ਐਨਸਾਈਕਲੋਪੀਡੀਆ) ਮੁਤਾਬਕ ਕਰਮ ਦੀ ਸਿੱਖਿਆ ਵਿਚ ਦੱਸਿਆ ਗਿਆ ਹੈ ਕਿ “ਇਕ ਇਨਸਾਨ ਜਿੱਦਾਂ ਦੇ ਕੰਮ ਕਰੇਗਾ, ਉਸ ਨੂੰ ਉੱਦਾਂ ਦਾ ਹੀ ਫਲ ਮਿਲੇਗਾ ਯਾਨੀ ਉਹ ਹੁਣ ਜੋ ਕੰਮ ਕਰੇਗਾ, ਉਸ ਨੂੰ ਉਸ ਦਾ ਫਲ ਅਗਲੇ ਜਨਮ ਵਿਚ ਮਿਲੇਗਾ।”—ਸਫ਼ਾ 913.