Skip to content

ਕੀ ਇਹ ਧਰਤੀ ਨਾਸ਼ ਹੋ ਜਾਵੇਗੀ?

ਕੀ ਇਹ ਧਰਤੀ ਨਾਸ਼ ਹੋ ਜਾਵੇਗੀ?

ਬਾਈਬਲ ਕਹਿੰਦੀ ਹੈ

 ਨਹੀਂ, ਧਰਤੀ ਕਦੇ ਵੀ ਨਾਸ਼ ਨਹੀਂ ਹੋਵੇਗੀ। ਇਹ ਨਾ ਤਾਂ ਅੱਗ ਨਾਲ ਭਸਮ ਕੀਤੀ ਜਾਵੇਗੀ ਅਤੇ ਨਾ ਹੀ ਇਸ ਦੀ ਥਾਂ ਕੋਈ ਹੋਰ ਗ੍ਰਹਿ ਬਣਾਇਆ ਜਾਵੇਗਾ। ਬਾਈਬਲ ਦੱਸਦੀ ਹੈ ਕਿ ਪਰਮੇਸ਼ੁਰ ਨੇ ਧਰਤੀ ਨੂੰ ਇਸ ਲਈ ਰਚਿਆ ਹੈ ਤਾਂਕਿ ਇਨਸਾਨ ਇਸ ਉੱਤੇ ਹਮੇਸ਼ਾ ਲਈ ਰਹਿਣ।

  •   “ਧਰਮੀ ਧਰਤੀ ਦੇ ਵਾਰਸ ਬਣਨਗੇ ਅਤੇ ਇਸ ਉੱਤੇ ਹਮੇਸ਼ਾ ਜੀਉਂਦੇ ਰਹਿਣਗੇ।”​—ਜ਼ਬੂਰ 37:29.

  •   “[ਪਰਮੇਸ਼ੁਰ] ਨੇ ਧਰਤੀ ਦੀਆਂ ਪੱਕੀਆਂ ਨੀਂਹਾਂ ਰੱਖੀਆਂ; ਇਹ ਕਦੇ ਵੀ ਆਪਣੀ ਜਗ੍ਹਾ ਤੋਂ ਨਹੀਂ ਹਿੱਲੇਗੀ।”​—ਜ਼ਬੂਰ 104:5.

  •   “ਧਰਤੀ ਹਮੇਸ਼ਾ ਕਾਇਮ ਰਹਿੰਦੀ ਹੈ।”​—ਉਪਦੇਸ਼ਕ ਦੀ ਕਿਤਾਬ 1:4.

  •   “ਜਿਸ ਨੇ ਧਰਤੀ ਨੂੰ ਬਣਾਇਆ, ਇਸ ਨੂੰ ਰਚਿਆ ਤੇ ਮਜ਼ਬੂਤੀ ਨਾਲ ਕਾਇਮ ਕੀਤਾ ਜਿਸ ਨੇ ਇਸ ਨੂੰ ਐਵੇਂ ਹੀ ਨਹੀਂ ਸਿਰਜਿਆ, ਸਗੋਂ ਇਸ ਨੂੰ ਵੱਸਣ ਲਈ ਬਣਾਇਆ।”​—ਯਸਾਯਾਹ 45:18.

ਕੀ ਇਨਸਾਨ ਇਸ ਧਰਤੀ ਨੂੰ ਤਬਾਹ ਕਰ ਦੇਣਗੇ?

 ਭਾਵੇਂ ਇੱਦਾਂ ਲੱਗਦਾ ਹੈ ਕਿ ਇਨਸਾਨ ਪ੍ਰਦੂਸ਼ਣ, ਯੁੱਧਾਂ ਜਾਂ ਕਿਸੇ ਹੋਰ ਤਰੀਕੇ ਨਾਲ ਧਰਤੀ ਨੂੰ ਪੂਰੀ ਤਰ੍ਹਾਂ ਤਬਾਹ ਕਰ ਦੇਣਗੇ, ਪਰ ਪਰਮੇਸ਼ੁਰ ਉਨ੍ਹਾਂ ਨੂੰ ਇੱਦਾਂ ਨਹੀਂ ਕਰਨ ਦੇਵੇਗਾ। ਉਹ ਜਲਦੀ ਹੀ ‘ਧਰਤੀ ਨੂੰ ਤਬਾਹ ਕਰਨ ਵਾਲੇ ਲੋਕਾਂ ਨੂੰ ਨਾਸ਼ ਕਰੇਗਾ।’ (ਪ੍ਰਕਾਸ਼ ਦੀ ਕਿਤਾਬ 11:18) ਉਹ ਇਹ ਕਿੱਦਾਂ ਕਰੇਗਾ?

 ਪਰਮੇਸ਼ੁਰ ਇਨਸਾਨੀ ਸਰਕਾਰਾਂ ਨੂੰ ਖ਼ਤਮ ਕਰ ਦੇਵੇਗਾ ਜੋ ਧਰਤੀ ਦੀ ਹਿਫ਼ਾਜ਼ਤ ਕਰਨ ਵਿਚ ਨਾਕਾਮ ਰਹੀਆਂ ਹਨ। ਉਨ੍ਹਾਂ ਦੀ ਥਾਂ ਉਹ ਆਪਣਾ ਰਾਜ ਕਾਇਮ ਕਰੇਗਾ ਜੋ ਸਵਰਗੋਂ ਸਭ ਤੋਂ ਵਧੀਆ ਤਰੀਕੇ ਨਾਲ ਹਕੂਮਤ ਕਰੇਗਾ। (ਦਾਨੀਏਲ 2:44; ਮੱਤੀ 6:9, 10) ਉਸ ਰਾਜ ਦਾ ਰਾਜਾ ਪਰਮੇਸ਼ੁਰ ਦਾ ਪੁੱਤਰ ਯਿਸੂ ਮਸੀਹ ਹੋਵੇਗਾ। (ਯਸਾਯਾਹ 9:6, 7) ਜਦੋਂ ਯਿਸੂ ਧਰਤੀ ਉੱਤੇ ਸੀ, ਤਾਂ ਉਸ ਨੇ ਕਈ ਚਮਤਕਾਰ ਕਰ ਕੇ ਦਿਖਾਇਆ ਕਿ ਕੁਦਰਤੀ ਤਾਕਤਾਂ ʼਤੇ ਉਸ ਦਾ ਪੂਰਾ ਕੰਟ੍ਰੋਲ ਹੈ। (ਮਰਕੁਸ 4:35-41) ਜਦੋਂ ਉਹ ਪਰਮੇਸ਼ੁਰ ਦੇ ਰਾਜ ਦਾ ਰਾਜਾ ਬਣ ਕੇ ਧਰਤੀ ਉੱਤੇ ਹਕੂਮਤ ਕਰੇਗਾ, ਤਾਂ ਉਦੋਂ ਵੀ ਧਰਤੀ ਅਤੇ ਕੁਦਰਤੀ ਤਾਕਤਾਂ ʼਤੇ ਉਸ ਦਾ ਪੂਰਾ ਕੰਟ੍ਰੋਲ ਹੋਵੇਗਾ। ਉਹ ਧਰਤੀ ਦੇ ਹਾਲਾਤਾਂ ਨੂੰ ਨਵਾਂ ਬਣਾਵੇਗਾ ਯਾਨੀ ਧਰਤੀ ʼਤੇ ਦੁਬਾਰਾ ਉਸ ਤਰ੍ਹਾਂ ਦੇ ਹਾਲਾਤ ਲਿਆਵੇਗਾ ਜਿਸ ਤਰ੍ਹਾਂ ਦੇ ਅਦਨ ਦੇ ਬਾਗ਼ ਵਿਚ ਸਨ।​—ਮੱਤੀ 19:28; ਲੂਕਾ 23:43.

ਪਰ ਕੀ ਬਾਈਬਲ ਇਹ ਨਹੀਂ ਸਿਖਾਉਂਦੀ ਕਿ ਧਰਤੀ ਅੱਗ ਨਾਲ ਭਸਮ ਕਰ ਦਿੱਤੀ ਜਾਵੇਗੀ?

 ਨਹੀਂ, ਬਾਈਬਲ ਇਹ ਨਹੀਂ ਸਿਖਾਉਂਦੀ। ਇਹ ਗ਼ਲਤਫ਼ਹਿਮੀ ਲੋਕਾਂ ਨੂੰ ਇਸ ਕਰਕੇ ਹੁੰਦੀ ਹੈ ਕਿਉਂਕਿ ਉਹ 2 ਪਤਰਸ 3:7 ਨੂੰ ਚੰਗੀ ਤਰ੍ਹਾਂ ਸਮਝ ਨਹੀਂ ਪਾਉਂਦੇ ਜਿੱਥੇ ਲਿਖਿਆ ਹੈ: “ਹੁਣ ਦੇ ਆਕਾਸ਼ ਅਤੇ ਧਰਤੀ ਅੱਗ ਵਿਚ ਸਾੜੇ ਜਾਣ ਲਈ ਰੱਖੇ ਹੋਏ ਹਨ।” ਇਸ ਆਇਤ ਦਾ ਸਹੀ ਮਤਲਬ ਸਮਝਣ ਲਈ ਜ਼ਰਾ ਦੋ ਗੱਲਾਂ ʼਤੇ ਗੌਰ ਕਰੋ:

  1.   ਬਾਈਬਲ ਵਿਚ ਸ਼ਬਦ “ਆਕਾਸ਼,” “ਧਰਤੀ” ਅਤੇ “ਅੱਗ” ਕਈ ਗੱਲਾਂ ਨੂੰ ਦਰਸਾਉਂਦੇ ਹਨ। ਮਿਸਾਲ ਲਈ, ਜ਼ਬੂਰ 97:1 ਵਿਚ ਲਿਖਿਆ ਹੈ: “ਧਰਤੀ ਖ਼ੁਸ਼ੀਆਂ ਮਨਾਏ।” ਇੱਥੇ “ਧਰਤੀ” ਦਾ ਮਤਲਬ ਹੈ ਇਨਸਾਨ ਜਾਂ ਲੋਕ।

  2.   ਦੂਸਰਾ ਪਤਰਸ 3:7 ਦੀਆਂ ਅਗਲੀਆਂ-ਪਿਛਲੀਆਂ ਆਇਤਾਂ ਤੋਂ ਪਤਾ ਲੱਗਦਾ ਹੈ ਕਿ “ਆਕਾਸ਼,” “ਧਰਤੀ” ਅਤੇ “ਅੱਗ” ਦਾ ਕੀ ਮਤਲਬ ਹੈ। ਆਇਤ 5 ਅਤੇ 6 ਵਿਚ ਨੂਹ ਦੇ ਦਿਨਾਂ ਵਿਚ ਆਈ ਜਲ-ਪਰਲੋ ਦੀ ਮਿਸਾਲ ਦਿੱਤੀ ਗਈ ਹੈ। ਉਸ ਜਲ-ਪਰਲੋ ਵਿਚ ਉਸ ਜ਼ਮਾਨੇ ਦੇ ਦੁਸ਼ਟ ਲੋਕ ਨਾਸ਼ ਹੋਏ ਸਨ, ਨਾ ਕਿ ਸਾਡੀ ਧਰਤੀ। (ਉਤਪਤ 6:11) ਉਸ ਵੇਲੇ “ਆਕਾਸ਼” ਯਾਨੀ ਇਨਸਾਨਾਂ ਉੱਤੇ ਰਾਜ ਕਰਨ ਵਾਲੇ ਲੋਕ ਵੀ ਨਾਸ਼ ਹੋਏ ਹਨ। ਇਸ ਤਰ੍ਹਾਂ ਜਲ-ਪਰਲੋ ਨਾਲ ਦੁਸ਼ਟ ਲੋਕ ਨਾਸ਼ ਹੋਏ, ਨਾ ਕਿ ਧਰਤੀ। ਉਸ ਦੁਨੀਆਂ ਦੇ ਨਾਸ਼ ਵਿੱਚੋਂ ਨੂਹ ਅਤੇ ਉਸ ਦਾ ਪਰਿਵਾਰ ਜੀਉਂਦਾ ਬਚ ਗਿਆ ਅਤੇ ਉਨ੍ਹਾਂ ਤੋਂ ਹੀ ਧਰਤੀ ਦੁਬਾਰਾ ਆਬਾਦ ਹੋਈ।​—ਉਤਪਤ 8:15-18.

 ਜਿਵੇਂ ਜਲ-ਪਰਲੋ ਵਿਚ ਦੁਸ਼ਟ ਲੋਕਾਂ ਦਾ ਨਾਸ਼ ਹੋਇਆ ਸੀ, ਉਸੇ ਤਰ੍ਹਾਂ 2 ਪਤਰਸ 3:7 ਵਿਚ ਦੱਸੀ ਗਈ “ਅੱਗ” ਨਾਲ ਦੁਸ਼ਟ ਲੋਕਾਂ ਦੀ ਦੁਨੀਆਂ ਦਾ ਅੰਤ ਹੋਵੇਗਾ, ਨਾ ਕਿ ਧਰਤੀ ਦਾ। ਪਰਮੇਸ਼ੁਰ ਨੇ ਵਾਅਦਾ ਕੀਤਾ ਹੈ ਕਿ ‘ਨਵਾਂ ਆਕਾਸ਼ ਤੇ ਨਵੀਂ ਧਰਤੀ’ ਹੋਵੇਗੀ ਅਤੇ “ਇਨ੍ਹਾਂ ਵਿਚ ਹਮੇਸ਼ਾ ਧਾਰਮਿਕਤਾ ਰਹੇਗੀ।” (2 ਪਤਰਸ 3:13) “ਨਵੀਂ ਧਰਤੀ” ਯਾਨੀ ਇਨਸਾਨਾਂ ਦੇ ਨਵੇਂ ਸਮਾਜ ਉੱਤੇ ‘ਨਵਾਂ ਆਕਾਸ਼’ ਯਾਨੀ ਪਰਮੇਸ਼ੁਰ ਦਾ ਰਾਜ ਹਕੂਮਤ ਕਰੇਗਾ। ਉਸ ਰਾਜ ਦੀ ਹਕੂਮਤ ਦੌਰਾਨ ਪੂਰੀ ਧਰਤੀ ਬਾਗ਼ ਵਰਗੀ ਸੋਹਣੀ ਬਣ ਜਾਵੇਗੀ।​—ਪ੍ਰਕਾਸ਼ ਦੀ ਕਿਤਾਬ 21:1-4.