Skip to content

ਉਨ੍ਹਾਂ ਦੀ ਨਿਹਚਾ ਦੀ ਰੀਸ ਕਰੋ | ਮਰੀਅਮ ਮਗਦਲੀਨੀ

“ਮੈਂ ਪ੍ਰਭੂ ਨੂੰ ਦੇਖਿਆ ਹੈ!”

“ਮੈਂ ਪ੍ਰਭੂ ਨੂੰ ਦੇਖਿਆ ਹੈ!”

ਮਰੀਅਮ ਮਗਦਲੀਨੀ ਆਪਣੇ ਹੰਝੂ ਪੂੰਝਦੀ ਹੋਈ ਆਸਮਾਨ ਵੱਲ ਤੱਕਦੀ ਹੈ। ਉਸ ਦੇ ਪ੍ਰਭੂ ਨੂੰ ਸੂਲ਼ੀ ਉੱਤੇ ਟੰਗਿਆ ਹੋਇਆ ਹੈ। ਬਸੰਤ ਦੀ ਰੁੱਤ ਹੈ ਅਤੇ ਦੁਪਹਿਰ ਦਾ ਸਮਾਂ ਹੈ, ਫਿਰ ਵੀ “ਸਾਰੀ ਧਰਤੀ ’ਤੇ ਹਨੇਰਾ ਛਾਇਆ” ਹੋਇਆ ਹੈ। (ਲੂਕਾ 23:44, 45) ਉਹ ਮੋਢਿਆਂ ਤੋਂ ਆਪਣਾ ਕੱਪੜਾ ਲਾਹ ਕੇ ਬੁੱਕਲ ਮਾਰਦੀ ਹੈ ਅਤੇ ਆਪਣੇ ਲਾਗੇ ਖੜ੍ਹੀਆਂ ਔਰਤਾਂ ਦੇ ਹੋਰ ਨੇੜੇ ਹੋ ਜਾਂਦੀ ਹੈ। ਤਿੰਨ ਘੰਟਿਆਂ ਤੋਂ ਹਨੇਰਾ ਛਾਇਆ ਹੋਇਆ ਹੈ, ਪਰ ਇਹ ਸੂਰਜ ਗ੍ਰਹਿਣ ਕਰਕੇ ਨਹੀਂ ਹੋ ਸਕਦਾ ਕਿਉਂਕਿ ਉਹ ਤਾਂ ਸਿਰਫ਼ ਕੁਝ ਕੁ ਮਿੰਟਾਂ ਲਈ ਲੱਗਦਾ ਹੈ। ਯਿਸੂ ਦੇ ਨੇੜੇ ਖੜ੍ਹੀ ਮਰੀਅਮ ਅਤੇ ਹੋਰ ਲੋਕਾਂ ਨੂੰ ਸ਼ਾਇਦ ਅਜਿਹੇ ਜਾਨਵਰਾਂ ਦੀਆਂ ਆਵਾਜ਼ਾਂ ਸੁਣਾਈ ਦੇਣ ਲੱਗ ਪਈਆਂ ਹਨ ਜੋ ਸਿਰਫ਼ ਰਾਤ ਨੂੰ ਸੁਣਾਈ ਦਿੰਦੀਆਂ ਹਨ। ਕੁਝ ਲੋਕ “ਬਹੁਤ ਹੀ ਡਰ ਗਏ ਅਤੇ ਕਹਿਣ ਲੱਗੇ: ‘ਇਹ ਵਾਕਈ ਪਰਮੇਸ਼ੁਰ ਦਾ ਪੁੱਤਰ ਸੀ।’” (ਮੱਤੀ 27:54) ਸ਼ਾਇਦ ਯਿਸੂ ਦੇ ਚੇਲੇ ਅਤੇ ਹੋਰ ਲੋਕ ਸੋਚਦੇ ਹਨ ਕਿ ਯਹੋਵਾਹ ਆਪਣਾ ਦੁੱਖ ਅਤੇ ਗੁੱਸਾ ਜ਼ਾਹਰ ਕਰ ਰਿਹਾ ਹੈ ਕਿਉਂਕਿ ਉਸ ਦੇ ਪੁੱਤਰ ਨਾਲ ਬੇਰਹਿਮੀ ਭਰਿਆ ਸਲੂਕ ਕੀਤਾ ਗਿਆ ਸੀ।

ਮਰੀਅਮ ਮਗਦਲੀਨੀ ਨਾ ਤਾਂ ਯਿਸੂ ਨੂੰ ਦਰਦ ਨਾਲ ਤੜਫ਼ਦਿਆਂ ਦੇਖ ਸਕਦੀ ਸੀ ਤੇ ਨਾ ਹੀ ਉੱਥੋਂ ਜਾਣਾ ਚਾਹੁੰਦੀ ਸੀ। (ਯੂਹੰਨਾ 19:25, 26) ਦਰਦ ਨਾਲ ਯਿਸੂ ਦੀ ਜਾਨ ਨਿਕਲਦੀ ਜਾ ਰਹੀ ਸੀ। ਨਾਲੇ ਯਿਸੂ ਦੀ ਮਾਤਾ ਨੂੰ ਵੀ ਤਾਂ ਦਿਲਾਸੇ ਅਤੇ ਸਹਾਰੇ ਦੀ ਲੋੜ ਸੀ।

ਅਸਲ ਵਿਚ, ਯਿਸੂ ਨੇ ਵੀ ਮਰੀਅਮ ਲਈ ਬਹੁਤ ਕੁਝ ਕੀਤਾ ਸੀ ਜਿਸ ਕਰਕੇ ਮਰੀਅਮ ਯਿਸੂ ਲਈ ਕੁਝ ਵੀ ਕਰਨ ਲਈ ਤਿਆਰ ਸੀ। ਇਕ ਸਮੇਂ ਤੇ ਮਰੀਅਮ ਅੰਦਰੋਂ ਟੁੱਟੀ ਹੋਈ ਸੀ ਅਤੇ ਉਸ ਦੀ ਹਾਲਤ ਤਰਸਯੋਗ ਸੀ, ਪਰ ਯਿਸੂ ਨੇ ਉਸ ਦੀ ਜ਼ਿੰਦਗੀ ਪੂਰੀ ਤਰ੍ਹਾਂ ਬਦਲ ਦਿੱਤੀ ਸੀ। ਹੁਣ ਮਰੀਅਮ ਦੀ ਜ਼ਿੰਦਗੀ ਵਿਚ ਮਕਸਦ ਸੀ ਅਤੇ ਲੋਕ ਉਸ ਦੀ ਇੱਜ਼ਤ ਕਰਦੇ ਸਨ। ਉਸ ਦੀ ਨਿਹਚਾ ਹੋਰ ਮਜ਼ਬੂਤ ਹੋ ਗਈ। ਪਰ ਕਿਵੇਂ? ਨਾਲੇ ਅੱਜ ਅਸੀਂ ਉਸ ਦੀ ਨਿਹਚਾ ਦੀ ਮਿਸਾਲ ਤੋਂ ਕੀ ਸਿੱਖ ਸਕਦੇ ਹਾਂ?

“ਆਪਣੇ ਪੈਸੇ ਨਾਲ ਯਿਸੂ ਅਤੇ ਰਸੂਲਾਂ ਦੀ ਸੇਵਾ ਕਰਦੀਆਂ ਸਨ”

ਬਾਈਬਲ ਵਿਚ ਮਰੀਅਮ ਮਗਦਲੀਨੀ ਦੀ ਕਹਾਣੀ ਇਕ ਚਮਤਕਾਰ ਨਾਲ ਸ਼ੁਰੂ ਹੁੰਦੀ ਹੈ। ਯਿਸੂ ਨੇ ਮਰੀਅਮ ਨੂੰ ਭਿਆਨਕ ਬਿਪਤਾ ਤੋਂ ਛੁਟਕਾਰਾ ਦਿਵਾਇਆ। ਉਨ੍ਹਾਂ ਦਿਨਾਂ ਵਿਚ ਦੁਸ਼ਟ ਦੂਤਾਂ ਦਾ ਬਹੁਤ ਜ਼ਿਆਦਾ ਪ੍ਰਭਾਵ ਸੀ। ਦੁਸ਼ਟ ਦੂਤ ਬਹੁਤ ਸਾਰੇ ਲੋਕਾਂ ’ਤੇ ਹਮਲਾ ਕਰਦੇ ਸਨ, ਇੱਥੋਂ ਤਕ ਕਿ ਉਹ ਕੁਝ ਲੋਕਾਂ ਨੂੰ ਚਿੰਬੜ ਕੇ ਉਨ੍ਹਾਂ ਨੂੰ ਆਪਣੇ ਵੱਸ ਵਿਚ ਕਰ ਲੈਂਦੇ ਸਨ। ਸਾਨੂੰ ਨਹੀਂ ਪਤਾ ਕਿ ਇਨ੍ਹਾਂ ਦੁਸ਼ਟ ਦੂਤਾਂ ਨੇ ਬੇਚਾਰੀ ਮਰੀਅਮ ਮਗਦਲੀਨੀ ਦਾ ਕੀ ਹਾਲ ਕੀਤਾ ਹੋਣਾ। ਪਰ ਸਾਨੂੰ ਇੰਨਾ ਜ਼ਰੂਰ ਪਤਾ ਹੈ ਕਿ ਉਸ ਨੂੰ ਸੱਤ ਵਹਿਸ਼ੀ ਅਤੇ ਜ਼ਾਲਮ ਦੁਸ਼ਟ ਦੂਤ ਚਿੰਬੜੇ ਹੋਏ ਸਨ। ਪਰ ਯਿਸੂ ਮਸੀਹ ਨੇ ਉਨ੍ਹਾਂ ਸਾਰੇ ਦੁਸ਼ਟ ਦੂਤਾਂ ਨੂੰ ਕੱਢ ਦਿੱਤਾ!—ਲੂਕਾ 8:2.

ਅਸੀਂ ਸੋਚ ਵੀ ਨਹੀਂ ਸਕਦੇ ਕਿ ਇਨ੍ਹਾਂ ਦੁਸ਼ਟ ਦੂਤਾਂ ਤੋਂ ਛੁਟਕਾਰਾ ਪਾ ਕੇ ਉਸ ਨੂੰ ਕਿੰਨੀ ਰਾਹਤ ਮਿਲੀ ਹੋਣੀ! ਹੁਣ ਉਹ ਨਵੇਂ ਸਿਰਿਓਂ ਜ਼ਿੰਦਗੀ ਜੀਉਣੀ ਸ਼ੁਰੂ ਕਰ ਸਕਦੀ ਸੀ। ਉਸ ਨੇ ਯਿਸੂ ਦਾ ਸ਼ੁਕਰੀਆ ਅਦਾ ਕਿਵੇਂ ਕੀਤਾ? ਉਹ ਵਫ਼ਾਦਾਰੀ ਨਾਲ ਯਿਸੂ ਦੇ ਨਕਸ਼ੇ-ਕਦਮਾਂ ’ਤੇ ਚੱਲਣ ਲੱਗ ਪਈ। ਨਾਲੇ ਉਸ ਨੇ ਇਹ ਵੀ ਦੇਖਿਆ ਕਿ ਯਿਸੂ ਅਤੇ ਉਸ ਦੇ ਰਸੂਲਾਂ ਨੂੰ ਖਾਣ-ਪੀਣ ਦੀਆਂ ਚੀਜ਼ਾਂ, ਕੱਪੜਿਆਂ ਅਤੇ ਰਹਿਣ ਲਈ ਜਗ੍ਹਾ ਦੀ ਲੋੜ ਸੀ। ਯਿਸੂ ਤੇ ਰਸੂਲ ਨਾ ਤਾਂ ਅਮੀਰ ਸਨ ਤੇ ਨਾ ਹੀ ਉਹ ਉਸ ਵੇਲੇ ਕੋਈ ਕੰਮ-ਧੰਦਾ ਕਰਦੇ ਸਨ। ਪ੍ਰਚਾਰ ਕਰਨ ਅਤੇ ਸਿਖਾਉਣ ਵਿਚ ਲੱਗੇ ਰਹਿਣ ਲਈ ਜ਼ਰੂਰੀ ਸੀ ਕਿ ਕੋਈ ਹੋਰ ਉਨ੍ਹਾਂ ਦੀਆਂ ਇਹ ਲੋੜਾਂ ਪੂਰੀ ਕਰੇ।

ਮਰੀਅਮ ਤੇ ਹੋਰ ਕਈ ਔਰਤਾਂ ਨੇ ਉਨ੍ਹਾਂ ਦੀਆਂ ਇਹ ਲੋੜਾਂ ਪੂਰੀਆਂ ਕੀਤੀਆਂ। ਉਹ “ਆਪਣੇ ਪੈਸੇ ਨਾਲ ਯਿਸੂ ਅਤੇ ਰਸੂਲਾਂ ਦੀ ਸੇਵਾ ਕਰਦੀਆਂ ਸਨ।” (ਲੂਕਾ 8:1, 3) ਸ਼ਾਇਦ ਕੁਝ ਔਰਤਾਂ ਕੋਲ ਇੰਨਾ ਕੁ ਪੈਸਾ ਸੀ ਕਿ ਉਹ ਉਨ੍ਹਾਂ ਦੀਆਂ ਲੋੜਾਂ ਪੂਰੀਆਂ ਕਰ ਸਕਦੀਆਂ ਸਨ। ਬਾਈਬਲ ਇਹ ਨਹੀਂ ਦੱਸਦੀ ਕਿ ਉਹ ਜਿਸ ਪਿੰਡ ਵਿਚ ਵੀ ਜਾਂਦੇ ਸਨ, ਉੱਥੇ ਇਹ ਔਰਤਾਂ ਉਨ੍ਹਾਂ ਲਈ ਖਾਣਾ ਬਣਾਉਂਦੀਆਂ ਸਨ, ਉਨ੍ਹਾਂ ਦੇ ਕੱਪੜੇ ਧੋਂਦੀਆਂ ਸਨ ਅਤੇ ਰਹਿਣ ਲਈ ਜਗ੍ਹਾ ਦਾ ਇੰਤਜ਼ਾਮ ਕਰਦੀਆਂ ਸਨ। ਪਰ ਇਹ ਔਰਤਾਂ ਖ਼ੁਸ਼ੀ-ਖ਼ੁਸ਼ੀ ਕਿਸੇ-ਨਾ-ਕਿਸੇ ਤਰੀਕੇ ਨਾਲ ਯਿਸੂ ਅਤੇ ਉਸ ਦੇ ਰਸੂਲਾਂ ਦੀ ਮਦਦ ਕਰਦੀਆਂ ਰਹੀਆਂ। ਇਨ੍ਹਾਂ ਔਰਤਾਂ ਦੀ ਮਦਦ ਸਦਕਾ ਇਹ 20 ਕੁ ਜਣੇ ਆਪਣਾ ਪੂਰਾ ਧਿਆਨ ਪ੍ਰਚਾਰ ਦੇ ਕੰਮ ’ਤੇ ਲਾਈ ਰੱਖ ਸਕੇ। ਬੇਸ਼ੱਕ, ਮਰੀਅਮ ਜਾਣਦੀ ਸੀ ਕਿ ਉਹ ਉਸ ਅਹਿਸਾਨ ਨੂੰ ਕਦੇ ਨਹੀਂ ਚੁਕਾ ਸਕਦੀ ਜੋ ਯਿਸੂ ਨੇ ਉਸ ’ਤੇ ਕੀਤਾ ਸੀ। ਪਰ ਮਰੀਅਮ ਇਸ ਗੱਲੋਂ ਖ਼ੁਸ਼ ਸੀ ਕਿ ਉਸ ਨੇ ਉਹ ਸਭ ਕੁਝ ਕੀਤਾ ਜੋ ਉਹ ਕਰ ਸਕਦੀ ਸੀ!

ਅੱਜ ਸ਼ਾਇਦ ਕੁਝ ਲੋਕ ਉਨ੍ਹਾਂ ਨੂੰ ਨੀਵਾਂ ਸਮਝਣ ਜੋ ਦੂਜਿਆਂ ਦੀ ਖ਼ਾਤਰ ਆਪਣੀ ਹੈਸੀਅਤ ਮੁਤਾਬਕ ਛੋਟਾ-ਮੋਟਾ ਕੰਮ ਕਰਦੇ ਹਨ। ਪਰ ਪਰਮੇਸ਼ੁਰ ਇਸ ਤਰ੍ਹਾਂ ਨਹੀਂ ਸੋਚਦਾ। ਜ਼ਰਾ ਸੋਚੋ ਕਿ ਉਹ ਇਹ ਦੇਖ ਕੇ ਕਿੰਨਾ ਖ਼ੁਸ਼ ਹੋਇਆ ਹੋਣਾ ਕਿ ਮਰੀਅਮ ਨੇ ਪੂਰੀ ਵਾਹ ਲਾ ਕੇ ਯਿਸੂ ਅਤੇ ਉਸ ਦੇ ਰਸੂਲਾਂ ਦੀ ਮਦਦ ਕੀਤੀ! ਅੱਜ ਵੀ ਬਹੁਤ ਸਾਰੇ ਵਫ਼ਾਦਾਰ ਮਸੀਹੀ ਆਪਣੀ ਹੈਸੀਅਤ ਅਨੁਸਾਰ ਦੂਜਿਆਂ ਲਈ ਖ਼ੁਸ਼ੀ-ਖ਼ੁਸ਼ੀ ਛੋਟੇ-ਮੋਟੇ ਕੰਮ ਕਰਦੇ ਹਨ। ਕਦੇ-ਕਦੇ ਕਿਸੇ ਦੀ ਕੋਈ ਜ਼ਰੂਰਤ ਪੂਰੀ ਕਰਨ ਜਾਂ ਹੌਸਲੇ ਭਰੇ ਲਫ਼ਜ਼ ਕਹਿਣ ਨਾਲ ਹੀ ਬਹੁਤ ਫ਼ਰਕ ਪੈ ਜਾਂਦਾ ਹੈ। ਯਹੋਵਾਹ ਅਜਿਹੇ ਕੰਮਾਂ ਦੀ ਬੇਹੱਦ ਕਦਰ ਕਰਦਾ ਹੈ।—ਕਹਾਉਤਾਂ 19:17; ਇਬਰਾਨੀਆਂ 13:16.

“ਯਿਸੂ ਦੀ ਤਸੀਹੇ ਦੀ ਸੂਲ਼ੀ ਦੇ ਲਾਗੇ”

ਮਰੀਅਮ ਮਗਦਲੀਨੀ ਉਨ੍ਹਾਂ ਬਹੁਤ ਸਾਰੀਆਂ ਔਰਤਾਂ ਵਿੱਚੋਂ ਇਕ ਸੀ ਜੋ 33 ਈਸਵੀ ਵਿਚ ਪਸਾਹ ਦਾ ਤਿਉਹਾਰ ਮਨਾਉਣ ਲਈ ਯਿਸੂ ਨਾਲ ਯਰੂਸ਼ਲਮ ਗਈਆਂ। (ਮੱਤੀ 27:55, 56) ਜਦੋਂ ਉਸ ਨੇ ਸੁਣਿਆ ਕਿ ਯਿਸੂ ਨੂੰ ਰਾਤੀਂ ਗਿਰਫ਼ਤਾਰ ਕਰ ਕੇ ਉਸ ’ਤੇ ਮੁਕੱਦਮਾ ਚਲਾਇਆ ਗਿਆ ਸੀ, ਤਾਂ ਉਹ ਜ਼ਰੂਰ ਡਰ ਗਈ ਹੋਣੀ। ਉਸ ਨੂੰ ਇਸ ਤੋਂ ਵੀ ਬੁਰੀ ਖ਼ਬਰ ਸੁਣਨ ਨੂੰ ਮਿਲੀ ਕਿ ਰਾਜਪਾਲ ਪੁੰਤੀਅਸ ਪਿਲਾਤੁਸ ਨੇ ਯਹੂਦੀ ਧਾਰਮਿਕ ਆਗੂਆਂ ਅਤੇ ਭੀੜ ਦੇ ਦਬਾਅ ਹੇਠ ਆ ਕੇ ਯਿਸੂ ਨੂੰ ਸੂਲ਼ੀ ’ਤੇ ਮਾਰਨ ਦੀ ਦਰਦਨਾਕ ਸਜ਼ਾ ਸੁਣਾਈ ਸੀ। ਸ਼ਾਇਦ ਮਰੀਅਮ ਨੇ ਲਹੂ-ਲੁਹਾਨ ਤੇ ਥੱਕੇ-ਟੁੱਟੇ ਆਪਣੇ ਪ੍ਰਭੂ ਯਿਸੂ ਨੂੰ ਗਲੀਆਂ ਵਿੱਚੋਂ ਆਪਣੀ ਮੌਤ ਦੀ ਸੂਲ਼ੀ ਨੂੰ ਘਸੀਟ ਕੇ ਲਿਜਾਂਦੇ ਹੋਏ ਦੇਖਿਆ ਹੋਣਾ।—ਯੂਹੰਨਾ 19:6, 12, 15-17.

ਯਿਸੂ ਦੀ ਮੌਤ ਹੋਣ ਤੇ ਦੁਪਹਿਰ ਕੁ ਵੇਲੇ ਹਨੇਰਾ ਛਾ ਗਿਆ। ਉਸ ਸਮੇਂ ਮਰੀਅਮ ਮਗਦਲੀਨੀ ਅਤੇ ਹੋਰ ਔਰਤਾਂ “ਯਿਸੂ ਦੀ ਤਸੀਹੇ ਦੀ ਸੂਲ਼ੀ ਦੇ ਲਾਗੇ” ਖੜ੍ਹੀਆਂ ਸਨ। (ਯੂਹੰਨਾ 19:25) ਮਰੀਅਮ ਉਸ ਵੇਲੇ ਉੱਥੇ ਹੀ ਸੀ ਜਦੋਂ ਯਿਸੂ ਨੇ ਆਪਣੀ ਮਾਤਾ ਦੀ ਦੇਖ-ਭਾਲ ਕਰਨ ਦੀ ਜ਼ਿੰਮੇਵਾਰੀ ਯੂਹੰਨਾ ਰਸੂਲ ਨੂੰ ਸੌਂਪੀ। ਉਸ ਨੇ ਯਿਸੂ ਨੂੰ ਆਪਣੇ ਪਿਤਾ ਨੂੰ ਦਰਦ ਨਾਲ ਪੁਕਾਰਦੇ ਸੁਣਿਆ ਸੀ। ਨਾਲੇ ਮਰੀਅਮ ਨੇ ਯਿਸੂ ਦੇ ਇਨ੍ਹਾਂ ਆਖ਼ਰੀ ਲਫ਼ਜ਼ਾਂ ਨੂੰ ਸੁਣਿਆ ਸੀ ਜੋ ਉਸ ਨੇ ਆਪਣੀ ਮੌਤ ਤੋਂ ਪਹਿਲਾਂ ਕਹੇ ਸਨ, “ਸਾਰਾ ਕੰਮ ਪੂਰਾ ਹੋਇਆ।” ਉਹ ਬੜੀ ਦੁਖੀ ਸੀ। ਫਿਰ ਵੀ ਯਿਸੂ ਦੀ ਮੌਤ ਤੋਂ ਬਾਅਦ ਉਹ ਉੱਥੇ ਮੌਜੂਦ ਸੀ। ਬਾਅਦ ਵਿਚ, ਉਹ ਨਵੀਂ ਕਬਰ ਦੇ ਸਾਮ੍ਹਣੇ ਬੈਠੀ ਰਹੀ ਜਿੱਥੇ ਅਰਿਮਥੀਆ ਦੇ ਰਹਿਣ ਵਾਲੇ ਅਮੀਰ ਆਦਮੀ ਯੂਸੁਫ਼ ਨੇ ਯਿਸੂ ਦੀ ਲਾਸ਼ ਨੂੰ ਦਫ਼ਨਾਇਆ ਸੀ।—ਯੂਹੰਨਾ 19:30; ਮੱਤੀ 27:45, 46, 57-61.

ਮਰੀਅਮ ਦੀ ਮਿਸਾਲ ਤੋਂ ਅਸੀਂ ਸਿੱਖਦੇ ਹਾਂ ਕਿ ਜਦੋਂ ਸਾਡੇ ਭੈਣ-ਭਰਾ ਮੁਸ਼ਕਲ ਦੌਰ ਵਿੱਚੋਂ ਗੁਜ਼ਰਦੇ ਹਨ, ਤਾਂ ਸਾਨੂੰ ਕੀ ਕਰਨਾ ਚਾਹੀਦਾ ਹੈ। ਅਸੀਂ ਕਿਸੇ ਬਿਪਤਾ ਨੂੰ ਰੋਕ ਨਹੀਂ ਸਕਦੇ ਜਾਂ ਕਿਸੇ ਦੇ ਦਰਦ ਨੂੰ ਪੂਰੀ ਤਰ੍ਹਾਂ ਖ਼ਤਮ ਨਹੀਂ ਕਰ ਸਕਦੇ। ਪਰ ਅਸੀਂ ਦਇਆ ਅਤੇ ਦਲੇਰੀ ਦਾ ਗੁਣ ਦਿਖਾ ਸਕਦੇ ਹਾਂ। ਕਿਸੇ ਦੇ ਮੁਸ਼ਕਲ ਵਕਤ ਵਿਚ ਉਸ ਦਾ ਸਾਥ ਦੇਣ ਨਾਲ ਉਸ ਨੂੰ ਬੜੀ ਮਦਦ ਮਿਲ ਸਕਦੀ ਹੈ। ਔਖੀ ਘੜੀ ਵਿਚ ਆਪਣੇ ਕਿਸੇ ਦੋਸਤ ਨੂੰ ਸਹਾਰਾ ਦੇ ਕੇ ਅਸੀਂ ਦਿਖਾਉਂਦੇ ਹਾਂ ਕਿ ਸਾਡੀ ਨਿਹਚਾ ਮਜ਼ਬੂਤ ਹੈ ਅਤੇ ਉਸ ਨੂੰ ਬਹੁਤ ਦਿਲਾਸਾ ਮਿਲ ਸਕਦਾ ਹੈ।—ਕਹਾਉਤਾਂ 17:17.

ਯਿਸੂ ਦੀ ਮਾਤਾ ਮਰੀਅਮ ਨੂੰ ਜ਼ਰੂਰ ਮਰੀਅਮ ਮਗਦਲੀਨੀ ਦੇ ਸਾਥ ਤੋਂ ਦਿਲਾਸਾ ਮਿਲਿਆ ਹੋਣਾ

“ਮੈਂ ਉਸ ਨੂੰ ਲੈ ਜਾਵਾਂ”

ਜਦ ਯਿਸੂ ਦੀ ਲਾਸ਼ ਨੂੰ ਕਬਰ ਵਿਚ ਰੱਖਿਆ ਗਿਆ, ਤਾਂ ਮਰੀਅਮ ਉਨ੍ਹਾਂ ਔਰਤਾਂ ਵਿੱਚੋਂ ਇਕ ਸੀ ਜਿਸ ਨੇ ਕੁਝ ਮਸਾਲੇ ਖ਼ਰੀਦੇ ਤਾਂਕਿ ਉਹ ਬਾਅਦ ਵਿਚ ਯਿਸੂ ਦੇ ਸਰੀਰ ’ਤੇ ਲਾ ਸਕੇ। (ਮਰਕੁਸ 16:1, 2; ਲੂਕਾ 23:54-56) ਸਬਤ ਦਾ ਦਿਨ ਖ਼ਤਮ ਹੋਣ ਤੋਂ ਬਾਅਦ ਮਰੀਅਮ ਮੂੰਹ ਹਨੇਰੇ ਉੱਠੀ। ਕਲਪਨਾ ਕਰੋ ਕਿ ਉਹ ਤੇ ਹੋਰ ਔਰਤਾਂ ਹਨੇਰੀਆਂ ਗਲੀਆਂ ਵਿੱਚੋਂ ਦੀ ਗੁਜ਼ਰਦੀਆਂ ਹੋਈਆਂ ਯਿਸੂ ਦੀ ਕਬਰ ਵੱਲ ਜਾ ਰਹੀਆਂ ਹਨ। ਰਸਤੇ ਵਿਚ ਉਹ ਇਕ-ਦੂਜੇ ਨੂੰ ਪੁੱਛ ਰਹੀਆਂ ਹਨ ਕਿ ਉਹ ਕਬਰ ਦੇ ਮੂੰਹ ’ਤੇ ਰੱਖੇ ਵੱਡੇ ਸਾਰੇ ਪੱਥਰ ਨੂੰ ਕਿਵੇਂ ਹਟਾਉਣਗੀਆਂ। (ਮੱਤੀ 28:1; ਮਰਕੁਸ 16:1-3) ਪਰ ਉਹ ਘਰ ਵਾਪਸ ਨਹੀਂ ਮੁੜਦੀਆਂ। ਉਨ੍ਹਾਂ ਨੇ ਆਪਣੀ ਨਿਹਚਾ ਸਦਕਾ ਉਹ ਸਭ ਕੁਝ ਕੀਤਾ ਜੋ ਉਹ ਕਰ ਸਕਦੀਆਂ ਸਨ ਅਤੇ ਬਾਕੀ ਸਾਰਾ ਕੁਝ ਯਹੋਵਾਹ ਦੇ ਹੱਥਾਂ ਵਿਚ ਸੌਂਪ ਦਿੱਤਾ।

ਮਰੀਅਮ ਸ਼ਾਇਦ ਦੂਜੀਆਂ ਔਰਤਾਂ ਨਾਲੋਂ ਸਭ ਤੋਂ ਪਹਿਲਾਂ ਕਬਰ ’ਤੇ ਪਹੁੰਚੀ ਸੀ। ਪਰ ਉੱਥੇ ਪਹੁੰਚ ਕੇ ਉਹ ਹੱਕੀ-ਬੱਕੀ ਰਹਿ ਗਈ। ਕਬਰ ਦਾ ਪੱਥਰ ਪਹਿਲਾਂ ਹੀ ਹਟਾਇਆ ਜਾ ਚੁੱਕਾ ਸੀ ਅਤੇ ਕਬਰ ਖਾਲੀ ਸੀ! ਉਸ ਨੇ ਜੋ ਕੁਝ ਦੇਖਿਆ, ਉਹ ਉਸੇ ਹੀ ਪਲ ਸਭ ਕੁਝ ਦੱਸਣ ਲਈ ਪਤਰਸ ਅਤੇ ਯੂਹੰਨਾ ਕੋਲ ਭੱਜੀ ਗਈ। ਜ਼ਰਾ ਸੋਚੋ ਕਿ ਉਹ ਸਾਹੋ-ਸਾਹੀ ਹੋਈ ਬੜੀ ਹੈਰਾਨੀ ਨਾਲ ਉਨ੍ਹਾਂ ਨੂੰ ਦੱਸਦੀ ਹੈ: “ਉਹ ਪ੍ਰਭੂ ਨੂੰ ਕਬਰ ਵਿੱਚੋਂ ਕੱਢ ਕੇ ਲੈ ਗਏ ਹਨ ਅਤੇ ਸਾਨੂੰ ਨਹੀਂ ਪਤਾ ਕਿ ਉਨ੍ਹਾਂ ਨੇ ਉਸ ਨੂੰ ਕਿੱਥੇ ਰੱਖਿਆ ਹੈ।” ਪਤਰਸ ਤੇ ਯੂਹੰਨਾ ਭੱਜੇ-ਭੱਜੇ ਕਬਰ ਵੱਲ ਗਏ ਅਤੇ ਖ਼ੁਦ ਦੇਖਿਆ ਕਿ ਕਬਰ ਖਾਲੀ ਸੀ ਅਤੇ ਫਿਰ ਉਹ ਆਪਣੇ ਘਰੋ-ਘਰੀ ਚਲੇ ਗਏ। *ਯੂਹੰਨਾ 20:1-10.

ਜਦ ਮਰੀਅਮ ਸਵੇਰੇ-ਸਵੇਰੇ ਕਬਰ ’ਤੇ ਵਾਪਸ ਆਈ, ਤਾਂ ਉਹ ਉੱਥੇ ਇਕੱਲੀ ਸੀ। ਖਾਲੀ ਕਬਰ ਅਤੇ ਉਸ ਸੁੰਨਸਾਨ ਜਗ੍ਹਾ ਨੂੰ ਦੇਖ ਕੇ ਉਹ ਇੰਨੀ ਜ਼ਿਆਦਾ ਮਾਯੂਸ ਸੀ ਕਿ ਆਪਣੇ ਹੰਝੂਆਂ ਨੂੰ ਰੋਕ ਨਾ ਸਕੀ। ਉਸ ਨੇ ਝੁਕ ਕੇ ਕਬਰ ਅੰਦਰ ਦੇਖਿਆ ਅਤੇ ਉਸ ਨੂੰ ਯਕੀਨ ਨਹੀਂ ਸੀ ਹੋ ਰਿਹਾ ਕਿ ਉਸ ਦਾ ਪ੍ਰਭੂ ਉੱਥੇ ਨਹੀਂ ਸੀ, ਪਰ ਅਚਾਨਕ ਉਸ ਦੀਆਂ ਅੱਖਾਂ ਅੱਡੀਆਂ ਰਹਿ ਗਈਆਂ। ਚਿੱਟੇ ਕੱਪੜੇ ਪਾਈ ਦੋ ਦੂਤ ਕਬਰ ਦੇ ਅੰਦਰ ਬੈਠੇ ਹੋਏ ਸਨ! ਉਨ੍ਹਾਂ ਨੇ ਉਸ ਨੂੰ ਪੁੱਛਿਆ: “ਬੀਬੀ, ਤੂੰ ਕਿਉਂ ਰੋ ਰਹੀ ਹੈਂ?” ਮਰੀਅਮ ਨੇ ਘਬਰਾਹਟ ਵਿਚ ਉਹੀ ਗੱਲ ਕਹੀ ਜੋ ਉਸ ਨੇ ਰਸੂਲਾਂ ਨੂੰ ਕਹੀ ਸੀ: “ਉਹ ਮੇਰੇ ਪ੍ਰਭੂ ਨੂੰ ਲੈ ਗਏ ਹਨ ਅਤੇ ਮੈਨੂੰ ਨਹੀਂ ਪਤਾ ਕਿ ਉਨ੍ਹਾਂ ਨੇ ਉਸ ਨੂੰ ਕਿੱਥੇ ਰੱਖਿਆ ਹੈ।”—ਯੂਹੰਨਾ 20:11-13.

ਜਦ ਉਹ ਪਿੱਛੇ ਮੁੜੀ, ਤਾਂ ਉੱਥੇ ਇਕ ਆਦਮੀ ਖੜ੍ਹਾ ਸੀ। ਮਰੀਅਮ ਨੇ ਉਸ ਆਦਮੀ ਨੂੰ ਨਹੀਂ ਪਛਾਣਿਆ ਅਤੇ ਉਸ ਨੇ ਸੋਚਿਆ ਕਿ ਉਹ ਮਾਲੀ ਹੈ। ਆਦਮੀ ਨੇ ਬੜੇ ਪਿਆਰ ਨਾਲ ਪੁੱਛਿਆ: “ਬੀਬੀ, ਤੂੰ ਕਿਉਂ ਰੋ ਰਹੀ ਹੈਂ? ਤੂੰ ਕਿਸ ਨੂੰ ਲੱਭ ਰਹੀ ਹੈਂ?” ਮਰੀਅਮ ਨੇ ਜਵਾਬ ਦਿੱਤਾ: “ਵੀਰਾ, ਜੇ ਤੂੰ ਉਸ ਨੂੰ ਲੈ ਗਿਆ ਹੈਂ, ਤਾਂ ਮੈਨੂੰ ਦੱਸ ਤੂੰ ਉਸ ਨੂੰ ਕਿੱਥੇ ਰੱਖਿਆ ਹੈ ਤਾਂਕਿ ਮੈਂ ਉਸ ਨੂੰ ਲੈ ਜਾਵਾਂ।” (ਯੂਹੰਨਾ 20:14, 15) ਜ਼ਰਾ ਉਸ ਦੀ ਕਹੀ ਗੱਲ ਬਾਰੇ ਸੋਚੋ! ਕੀ ਇੱਦਾਂ ਹੋ ਸਕਦਾ ਸੀ ਕਿ ਉਹ ਇਕੱਲੀ ਯਿਸੂ ਮਸੀਹ ਦੀ ਲਾਸ਼ ਨੂੰ ਚੁੱਕ ਕੇ ਲਿਜਾ ਸਕਦੀ ਸੀ? ਮਰੀਅਮ ਨੇ ਤਾਂ ਇਹ ਸੋਚਿਆ ਵੀ ਨਹੀਂ ਹੋਣਾ। ਉਹ ਸਿਰਫ਼ ਇੰਨਾ ਹੀ ਜਾਣਦੀ ਸੀ ਕਿ ਉਸ ਨੂੰ ਉਹ ਸਭ ਜ਼ਰੂਰ ਕਰਨਾ ਚਾਹੀਦਾ ਸੀ ਜੋ ਉਸ ਦੇ ਹੱਥ-ਵੱਸ ਸੀ।

“ਮੈਂ ਉਸ ਨੂੰ ਲੈ ਜਾਵਾਂ”

ਪਹਾੜ ਵਰਗੀਆਂ ਮੁਸ਼ਕਲਾਂ ਅਤੇ ਦੁੱਖਾਂ-ਤਕਲੀਫ਼ਾਂ ਦਾ ਸਾਮ੍ਹਣਾ ਕਰਦਿਆਂ ਸਾਨੂੰ ਲੱਗ ਸਕਦਾ ਹੈ ਕਿ ਅਸੀਂ ਹੋਰ ਨਹੀਂ ਸਹਿ ਕਰ ਸਕਦੇ। ਪਰ ਕੀ ਇਨ੍ਹਾਂ ਹਾਲਾਤਾਂ ਵਿਚ ਅਸੀਂ ਮਰੀਅਮ ਮਗਦਲੀਨੀ ਦੀ ਰੀਸ ਕਰ ਸਕਦੇ ਹਾਂ? ਜੇ ਅਸੀਂ ਆਪਣਾ ਧਿਆਨ ਸਿਰਫ਼ ਆਪਣੀਆਂ ਕਮੀਆਂ-ਕਮਜ਼ੋਰੀਆਂ ’ਤੇ ਲਾਉਂਦੇ ਹਾਂ ਅਤੇ ਇਹ ਸੋਚਦੇ ਹਾਂ ਕਿ ਅਸੀਂ ਜ਼ਿਆਦਾ ਨਹੀਂ ਕਰ ਸਕਦੇ, ਤਾਂ ਅਸੀਂ ਡਰ ਦੇ ਸਾਏ ਹੇਠ ਆ ਕੇ ਕੁਝ ਵੀ ਕਰਨ ਜੋਗੇ ਨਹੀਂ ਰਹਾਂਗੇ। ਪਰ ਜੇ ਅਸੀਂ ਉਹ ਕਰਨ ਦਾ ਪੱਕਾ ਇਰਾਦਾ ਕਰਦੇ ਹਾਂ ਜੋ ਅਸੀਂ ਕਰ ਸਕਦੇ ਹਾਂ ਅਤੇ ਬਾਕੀ ਸਾਰਾ ਕੁਝ ਆਪਣੇ ਪਰਮੇਸ਼ੁਰ ’ਤੇ ਛੱਡ ਦਿੰਦੇ ਹਾਂ, ਤਾਂ ਅਸੀਂ ਸ਼ਾਇਦ ਉਹ ਕਰ ਸਕਾਂਗੇ ਜੋ ਅਸੀਂ ਸੋਚਿਆ ਵੀ ਨਾ ਹੋਵੇ। (2 ਕੁਰਿੰਥੀਆਂ 12:10; ਫ਼ਿਲਿੱਪੀਆਂ 4:13) ਸਭ ਤੋਂ ਜ਼ਰੂਰੀ ਗੱਲ ਹੈ ਕਿ ਅਸੀਂ ਯਹੋਵਾਹ ਨੂੰ ਖ਼ੁਸ਼ ਕਰ ਰਹੇ ਹੋਵਾਂਗੇ। ਵਾਕਈ, ਮਰੀਅਮ ਨੇ ਇੱਦਾਂ ਹੀ ਕੀਤਾ ਅਤੇ ਪਰਮੇਸ਼ੁਰ ਨੇ ਉਸ ਨੂੰ ਇਕ ਅਨੋਖੇ ਤਰੀਕੇ ਨਾਲ ਨਿਵਾਜਿਆ।

“ਮੈਂ ਪ੍ਰਭੂ ਨੂੰ ਦੇਖਿਆ ਹੈ!”

ਮਰੀਅਮ ਦੇ ਸਾਮ੍ਹਣੇ ਖੜ੍ਹਾ ਆਦਮੀ ਕੋਈ ਮਾਲੀ ਨਹੀਂ ਸੀ। ਉਹ ਇਕ ਸਮੇਂ ਤੇ ਤਰਖਾਣ, ਸਿੱਖਿਅਕ ਅਤੇ ਫਿਰ ਮਰੀਅਮ ਦਾ ਪਿਆਰਾ ਪ੍ਰਭੂ ਰਹਿ ਚੁੱਕਾ ਸੀ। ਪਰ ਉਹ ਯਿਸੂ ਨੂੰ ਪਛਾਣ ਨਾ ਸਕੀ ਅਤੇ ਉੱਥੋਂ ਤੁਰ ਪਈ। ਮਰੀਅਮ ਨੇ ਕਦੇ ਕਲਪਨਾ ਵੀ ਨਹੀਂ ਕੀਤੀ ਹੋਣੀ ਕਿ ਯਿਸੂ ਨੂੰ ਇਕ ਸ਼ਕਤੀਸ਼ਾਲੀ ਦੂਤ ਵਜੋਂ ਜੀਉਂਦਾ ਕਰ ਦਿੱਤਾ ਗਿਆ ਸੀ! ਯਿਸੂ ਮਰੀਅਮ ਦੇ ਸਾਮ੍ਹਣੇ ਇਕ ਇਨਸਾਨ ਵਜੋਂ ਆਇਆ ਸੀ, ਪਰ ਉਸ ਦਾ ਸਰੀਰ ਪਹਿਲਾਂ ਵਰਗਾ ਨਹੀਂ ਸੀ। ਦੁਬਾਰਾ ਜੀਉਂਦਾ ਹੋਣ ਤੋਂ ਬਾਅਦ ਯਿਸੂ ਨੂੰ ਅਕਸਰ ਉਹ ਲੋਕ ਵੀ ਨਹੀਂ ਪਛਾਣ ਸਕੇ ਜਿਹੜੇ ਉਸ ਨੂੰ ਚੰਗੀ ਤਰ੍ਹਾਂ ਜਾਣਦੇ ਸਨ।—ਲੂਕਾ 24:13-16; ਯੂਹੰਨਾ 21:4.

ਯਿਸੂ ਨੇ ਮਰੀਅਮ ਨੂੰ ਕਿਵੇਂ ਦੱਸਿਆ ਕਿ ਉਹ ਕੌਣ ਹੈ? ਯਿਸੂ ਨੇ ਸਿਰਫ਼ ਇਹੀ ਕਿਹਾ: “ਮਰੀਅਮ!” ਇਹ ਸੁਣ ਕੇ ਮਰੀਅਮ ਨੇ ਪਿੱਛੇ ਮੁੜ ਕੇ ਉੱਚੀ ਆਵਾਜ਼ ਵਿਚ ਕਿਹਾ: “ਰੱਬੋਨੀ!” ਉਸ ਨੇ ਬਹੁਤ ਵਾਰ ਇਹ ਇਬਰਾਨੀ ਸ਼ਬਦ ਯਿਸੂ ਨੂੰ ਸੰਬੋਧਿਤ ਕਰਨ ਲਈ ਵਰਤਿਆ ਸੀ। ਇਹ ਉਸ ਦੇ ਸਿੱਖਿਅਕ ਦੀ ਆਵਾਜ਼ ਸੀ! ਉਸ ਦੀ ਖ਼ੁਸ਼ੀ ਦੀ ਕੋਈ ਸੀਮਾ ਨਾ ਰਹੀ। ਮਰੀਅਮ ਨੇ ਯਿਸੂ ਨੂੰ ਫੜ ਲਿਆ ਅਤੇ ਉਹ ਉਸ ਨੂੰ ਜਾਣ ਨਹੀਂ ਦੇਣਾ ਚਾਹੁੰਦੀ ਸੀ।—ਯੂਹੰਨਾ 20:16.

ਯਿਸੂ ਜਾਣਦਾ ਸੀ ਕਿ ਉਹ ਕੀ ਸੋਚ ਰਹੀ ਸੀ। ਉਸ ਨੇ ਕਿਹਾ: “ਮੈਨੂੰ ਫੜੀ ਨਾ ਰੱਖ।” ਅਸੀਂ ਕਲਪਨਾ ਕਰ ਸਕਦੇ ਹਾਂ ਕਿ ਯਿਸੂ ਨੇ ਇਹ ਲਫ਼ਜ਼ ਸ਼ਾਇਦ ਮੁਸਕਰਾਉਂਦੇ ਹੋਏ ਬੜੇ ਹੀ ਪਿਆਰ ਨਾਲ ਮਰੀਅਮ ਨੂੰ ਕਹੇ ਹੋਣੇ ਅਤੇ ਸਹਿਜੇ ਹੀ ਮਰੀਅਮ ਨੂੰ ਖ਼ੁਦ ਤੋਂ ਵੱਖ ਕੀਤਾ ਹੋਣਾ। ਯਿਸੂ ਨੇ ਉਸ ਨੂੰ ਇਹ ਕਹਿੰਦੇ ਹੋਏ ਯਕੀਨ ਦਿਵਾਇਆ: “ਮੈਂ ਅਜੇ ਉੱਪਰ ਪਿਤਾ ਕੋਲ ਨਹੀਂ ਗਿਆ ਹਾਂ।” ਅਜੇ ਉਸ ਦਾ ਸਵਰਗ ਜਾਣ ਦਾ ਸਹੀ ਸਮਾਂ ਨਹੀਂ ਆਇਆ ਸੀ। ਉਸ ਨੇ ਅਜੇ ਧਰਤੀ ’ਤੇ ਕੰਮ ਕਰਨਾ ਸੀ ਅਤੇ ਉਹ ਚਾਹੁੰਦਾ ਸੀ ਕਿ ਮਰੀਅਮ ਉਸ ਦੀ ਮਦਦ ਕਰੇ। ਉਹ ਬੜੇ ਹੀ ਗੌਰ ਨਾਲ ਯਿਸੂ ਦੀਆਂ ਸਾਰੀਆਂ ਗੱਲਾਂ ਸੁਣ ਰਹੀ ਸੀ। ਯਿਸੂ ਨੇ ਉਸ ਨੂੰ ਕਿਹਾ: “ਜਾ ਕੇ ਮੇਰੇ ਭਰਾਵਾਂ ਨੂੰ ਦੱਸ, ‘ਮੈਂ ਉੱਪਰ ਆਪਣੇ ਪਿਤਾ ਅਤੇ ਤੁਹਾਡੇ ਪਿਤਾ ਕੋਲ ਅਤੇ ਆਪਣੇ ਪਰਮੇਸ਼ੁਰ ਅਤੇ ਤੁਹਾਡੇ ਪਰਮੇਸ਼ੁਰ ਕੋਲ ਜਾ ਰਿਹਾ ਹਾਂ।’”—ਯੂਹੰਨਾ 20:17.

ਮਰੀਅਮ ਨੂੰ ਆਪਣੇ ਪ੍ਰਭੂ ਤੋਂ ਕਿੰਨੀ ਅਹਿਮ ਜ਼ਿੰਮੇਵਾਰੀ ਮਿਲੀ! ਮਰੀਅਮ ਉਨ੍ਹਾਂ ਪਹਿਲੇ ਚੇਲਿਆਂ ਵਿੱਚੋਂ ਇਕ ਸੀ ਜਿਨ੍ਹਾਂ ਨੂੰ ਆਪਣੀਆਂ ਅੱਖਾਂ ਨਾਲ ਯਿਸੂ ਨੂੰ ਜੀਉਂਦੇ ਹੋਣ ਤੋਂ ਬਾਅਦ ਦੁਬਾਰਾ ਦੇਖਣ ਦਾ ਸਨਮਾਨ ਮਿਲਿਆ। ਹੁਣ ਉਸ ਨੂੰ ਦੂਜਿਆਂ ਨੂੰ ਇਹ ਖ਼ੁਸ਼ ਖ਼ਬਰੀ ਦੱਸਣ ਦੀ ਜ਼ਿੰਮੇਵਾਰੀ ਬਖ਼ਸ਼ੀ ਗਈ। ਸੋਚੋ ਕਿ ਖ਼ੁਸ਼ੀ ਦੇ ਮਾਰੇ ਉਸ ਦੇ ਪੈਰ ਜ਼ਮੀਨ ’ਤੇ ਨਹੀਂ ਲੱਗਦੇ ਹੋਣੇ। ਨਾਲੇ ਉਸ ਦੇ ਅੰਦਰ ਜੋਸ਼ ਠਾਠਾਂ ਮਾਰਦਾ ਹੋਣਾ ਕਿ ਉਹ ਚੇਲਿਆਂ ਨੂੰ ਲੱਭੇ। ਆਪਣੇ ਮਨ ਦੀਆਂ ਅੱਖਾਂ ਨਾਲ ਦੇਖੋ ਕਿ ਸਾਹੋ-ਸਾਹੀ ਹੋਈ ਮਰੀਅਮ ਚੇਲਿਆਂ ਨੂੰ ਕਹਿ ਰਹੀ ਸੀ: “ਮੈਂ ਪ੍ਰਭੂ ਨੂੰ ਦੇਖਿਆ ਹੈ!” ਇਹ ਸ਼ਬਦ ਉਸ ਨੂੰ ਤੇ ਚੇਲਿਆਂ ਨੂੰ ਕਾਫ਼ੀ ਸਮੇਂ ਤਕ ਯਾਦ ਰਹੇ ਹੋਣੇ। ਮਰੀਅਮ ਨੇ ਖ਼ੁਸ਼ੀ ਦੇ ਮਾਰੇ ਇੱਕੋ ਸਾਹ ਵਿਚ ਯਿਸੂ ਵੱਲੋਂ ਕਹੀਆਂ ਸਾਰੀਆਂ ਗੱਲਾਂ ਚੇਲਿਆਂ ਨੂੰ ਦੱਸੀਆਂ। (ਯੂਹੰਨਾ 20:18) ਯਿਸੂ ਦੀ ਕਬਰ ’ਤੇ ਗਈਆਂ ਔਰਤਾਂ ਤੋਂ ਚੇਲਿਆਂ ਨੇ ਜੋ ਕੁਝ ਸੁਣਿਆ ਸੀ, ਉਸ ਤੋਂ ਇਲਾਵਾ ਮਰੀਅਮ ਨੇ ਉਨ੍ਹਾਂ ਨੂੰ ਹੋਰ ਜਾਣਕਾਰੀ ਦਿੱਤੀ।—ਲੂਕਾ 24:1-3, 10.

“ਮੈਂ ਪ੍ਰਭੂ ਨੂੰ ਦੇਖਿਆ ਹੈ!”

‘ਉਨ੍ਹਾਂ ਨੇ ਤੀਵੀਆਂ ’ਤੇ ਯਕੀਨ ਨਾ ਕੀਤਾ’

ਕੀ ਚੇਲਿਆਂ ਨੇ ਯਕੀਨ ਕੀਤਾ? ਪਹਿਲਾਂ-ਪਹਿਲਾਂ ਤਾਂ ਨਹੀਂ। ਬਾਈਬਲ ਕਹਿੰਦੀ ਹੈ: “ਪਰ ਰਸੂਲਾਂ ਤੇ ਦੂਸਰੇ ਚੇਲਿਆਂ ਨੂੰ ਤੀਵੀਆਂ ਦੀਆਂ ਗੱਲਾਂ ਬੇਕਾਰ ਲੱਗੀਆਂ ਅਤੇ ਉਨ੍ਹਾਂ ਨੇ ਇਨ੍ਹਾਂ ਦਾ ਵਿਸ਼ਵਾਸ ਨਾ ਕੀਤਾ।” (ਲੂਕਾ 24:11) ਇਨ੍ਹਾਂ ਚੇਲਿਆਂ ਦੀ ਪਰਵਰਿਸ਼ ਅਜਿਹੇ ਸਭਿਆਚਾਰ ਵਿਚ ਹੋਈ ਸੀ ਜਿੱਥੇ ਔਰਤਾਂ ਦੀਆਂ ਗੱਲਾਂ ’ਤੇ ਯਕੀਨ ਨਹੀਂ ਕੀਤਾ ਜਾਂਦਾ ਸੀ। ਯਹੂਦੀ ਧਾਰਮਿਕ ਆਗੂਆਂ ਦੇ ਕਾਨੂੰਨ ਮੁਤਾਬਕ ਇਕ ਔਰਤ ਨੂੰ ਅਦਾਲਤ ਵਿਚ ਗਵਾਹੀ ਦੇਣ ਦੀ ਇਜਾਜ਼ਤ ਨਹੀਂ ਸੀ। ਰਸੂਲਾਂ ਨੂੰ ਇਸ ਗੱਲ ਦਾ ਅਹਿਸਾਸ ਨਹੀਂ ਸੀ ਕਿ ਉਨ੍ਹਾਂ ’ਤੇ ਆਪਣੇ ਸਭਿਆਚਾਰ ਦਾ ਕਿੰਨਾ ਅਸਰ ਸੀ। ਪਰ ਯਹੋਵਾਹ ਤੇ ਯਿਸੂ ਅਜਿਹਾ ਪੱਖਪਾਤ ਨਹੀਂ ਕਰਦੇ। ਉਨ੍ਹਾਂ ਨੇ ਇਸ ਵਫ਼ਾਦਾਰ ਔਰਤ ਨੂੰ ਕਿੰਨਾ ਵੱਡਾ ਸਨਮਾਨ ਬਖ਼ਸ਼ਿਆ!

ਮਰੀਅਮ ਨੇ ਚੇਲਿਆਂ ਦੀ ਗੱਲ ਦਾ ਬੁਰਾ ਨਹੀਂ ਮਨਾਇਆ। ਉਹ ਜਾਣਦੀ ਸੀ ਕਿ ਉਸ ਦੇ ਪ੍ਰਭੂ ਨੇ ਉਸ ’ਤੇ ਭਰੋਸਾ ਕੀਤਾ ਸੀ ਅਤੇ ਉਸ ਲਈ ਇੰਨਾ ਹੀ ਕਾਫ਼ੀ ਸੀ। ਯਿਸੂ ਦੇ ਪਿੱਛੇ-ਪਿੱਛੇ ਚੱਲਣ ਵਾਲਿਆਂ ਨੂੰ ਵੀ ਇਕ ਸੰਦੇਸ਼ ਸੁਣਾਉਣ ਦੀ ਜ਼ਿੰਮੇਵਾਰੀ ਬਖ਼ਸ਼ੀ ਗਈ ਹੈ। ਬਾਈਬਲ ਮੁਤਾਬਕ ਉਹ ਸੰਦੇਸ਼ ਹੈ: “ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ” ਕਰਨਾ। (ਲੂਕਾ 8:1) ਯਿਸੂ ਨੇ ਇਹ ਵਾਅਦਾ ਨਹੀਂ ਕੀਤਾ ਸੀ ਕਿ ਹਰ ਕੋਈ ਉਸ ਦੇ ਚੇਲਿਆਂ ਦੀ ਗੱਲ ’ਤੇ ਵਿਸ਼ਵਾਸ ਕਰੇਗਾ ਜਾਂ ਉਨ੍ਹਾਂ ਦੇ ਕੰਮ ਦੀ ਕਦਰ ਕਰੇਗਾ। (ਯੂਹੰਨਾ 15:20,21) ਇਸ ਲਈ ਸਾਰੇ ਮਸੀਹੀ ਮਰੀਅਮ ਮਗਦਲੀਨੀ ਦੀ ਮਿਸਾਲ ਨੂੰ ਯਾਦ ਰੱਖਦੇ ਹਨ। ਹਾਲਾਂਕਿ ਮਰੀਅਮ ਦੀ ਗੱਲ ’ਤੇ ਹੋਰ ਚੇਲਿਆਂ ਨੇ ਉਸੇ ਵੇਲੇ ਯਕੀਨ ਨਹੀਂ ਕੀਤਾ, ਪਰ ਇਸ ਵਜ੍ਹਾ ਨਾਲ ਉਹ ਖ਼ੁਸ਼ੀ-ਖ਼ੁਸ਼ੀ ਯਿਸੂ ਬਾਰੇ ਦੂਜਿਆਂ ਨੂੰ ਦੱਸਣ ਤੋਂ ਪਿੱਛੇ ਨਹੀਂ ਹਟੀ!

ਸਮਾਂ ਆਉਣ ਤੇ ਯਿਸੂ ਆਪਣੇ ਰਸੂਲਾਂ ਸਾਮ੍ਹਣੇ ਪ੍ਰਗਟ ਹੋਇਆ ਅਤੇ ਫਿਰ ਹੋਰ ਚੇਲਿਆਂ ਸਾਮ੍ਹਣੇ ਵੀ। ਇਕ ਸਮੇਂ ਤੇ ਉਹ 500 ਚੇਲਿਆਂ ਦੇ ਸਾਮ੍ਹਣੇ ਪ੍ਰਗਟ ਹੋਇਆ! (1 ਕੁਰਿੰਥੀਆਂ 15:3-8) ਹਰ ਵਾਰ ਯਿਸੂ ਦੇ ਪ੍ਰਗਟ ਹੋਣ ਤੇ ਮਰੀਅਮ ਦਾ ਵਿਸ਼ਵਾਸ ਮਜ਼ਬੂਤ ਹੁੰਦਾ ਗਿਆ ਹੋਣਾ ਭਾਵੇਂ ਉਸ ਨੇ ਯਿਸੂ ਨੂੰ ਦੇਖਿਆ ਸੀ ਜਾਂ ਉਸ ਬਾਰੇ ਸਿਰਫ਼ ਸੁਣਿਆ ਹੀ ਸੀ। ਜਦੋਂ ਪੰਤੇਕੁਸਤ ਦੇ ਦਿਨ ਯਿਸੂ ਦੇ ਚੇਲੇ ਯਰੂਸ਼ਲਮ ਵਿਚ ਇਕੱਠੇ ਹੋਏ ਸਨ ਅਤੇ ਉਨ੍ਹਾਂ ’ਤੇ ਪਵਿੱਤਰ ਸ਼ਕਤੀ ਆਈ ਸੀ, ਤਾਂ ਸ਼ਾਇਦ ਮਰੀਅਮ ਵੀ ਉੱਥੇ ਸੀ।—ਰਸੂਲਾਂ ਦੇ ਕੰਮ 1:14, 15; 2:1-4.

ਸਾਡੇ ਕੋਲ ਇਸ ਗੱਲ ’ਤੇ ਯਕੀਨ ਕਰਨ ਦੇ ਕਈ ਕਾਰਨ ਹਨ: ਮਰੀਅਮ ਮਗਦਲੀਨੀ ਨੇ ਮਰਦੇ ਦਮ ਤਕ ਆਪਣੀ ਨਿਹਚਾ ਬਣਾਈ ਰੱਖੀ। ਆਓ ਆਪਾਂ ਵੀ ਸਾਰੇ ਇੱਦਾਂ ਹੀ ਕਰਨ ਦੀ ਠਾਣ ਲਈਏ! ਜੇ ਅਸੀਂ ਯਿਸੂ ਵੱਲੋਂ ਕੀਤੇ ਕੰਮਾਂ ਲਈ ਦਿਲੋਂ ਸ਼ੁਕਰਗੁਜ਼ਾਰੀ ਦਿਖਾਵਾਂਗੇ ਅਤੇ ਪਰਮੇਸ਼ੁਰ ’ਤੇ ਭਰੋਸਾ ਰੱਖਦੇ ਹੋਏ ਦੂਜਿਆਂ ਦੀ ਨਿਮਰਤਾ ਨਾਲ ਸੇਵਾ ਕਰਾਂਗੇ, ਤਾਂ ਅਸੀਂ ਮਰੀਅਮ ਮਗਦਲੀਨੀ ਦੀ ਰੀਸ ਕਰ ਰਹੇ ਹੋਵਾਂਗੇ।

^ ਪੈਰਾ 12 ਜ਼ਾਹਰ ਹੈ ਕਿ ਮਰੀਅਮ ਉਸ ਵੇਲੇ ਕਬਰ ’ਤੇ ਨਹੀਂ ਸੀ ਜਦੋਂ ਉਸ ਦੇ ਨਾਲ ਦੀਆਂ ਦੂਜੀਆਂ ਔਰਤਾਂ ਨੂੰ ਇਕ ਦੂਤ ਮਿਲਿਆ। ਇਸ ਦੂਤ ਨੇ ਉਨ੍ਹਾਂ ਨੂੰ ਦੱਸਿਆ ਕਿ ਮਸੀਹ ਦੁਬਾਰਾ ਜੀਉਂਦਾ ਹੋ ਚੁੱਕਾ ਸੀ। ਜੇ ਮਰੀਅਮ ਉੱਥੇ ਹੁੰਦੀ, ਤਾਂ ਉਸ ਨੇ ਜ਼ਰੂਰ ਪਤਰਸ ਅਤੇ ਯੂਹੰਨਾ ਨੂੰ ਦੱਸਿਆ ਹੋਣਾ ਸੀ ਕਿ ਉਸ ਨੇ ਇਕ ਦੂਤ ਨੂੰ ਦੇਖਿਆ ਸੀ ਜਿਸ ਨੇ ਸਮਝਾਇਆ ਕਿ ਯਿਸੂ ਦੀ ਲਾਸ਼ ਉੱਥੋਂ ਕਿਉਂ ਗਾਇਬ ਸੀ।—ਮੱਤੀ 28:2-4; ਮਰਕੁਸ 16:1-8.