Skip to content

ਬਾਈਬਲ ਆਇਤਾਂ ਦੀ ਸਮਝ

ਯਿਰਮਿਯਾਹ 29:11—“ਤੁਹਾਡੇ ਲਈ ਆਪਣੀਆਂ ਯੋਜਨਾਵਾਂ ਨੂੰ ਮੈਂ ਆਪ ਹੀ ਜਾਣਦਾ ਹਾਂ”

ਯਿਰਮਿਯਾਹ 29:11—“ਤੁਹਾਡੇ ਲਈ ਆਪਣੀਆਂ ਯੋਜਨਾਵਾਂ ਨੂੰ ਮੈਂ ਆਪ ਹੀ ਜਾਣਦਾ ਹਾਂ”

 “ਮੈਂ ਤਾਂ ਆਪਣੀਆਂ ਸੋਚਾਂ ਨੂੰ ਜਿਹੜੀਆਂ ਤੁਹਾਡੇ ਵਿਖੇ ਸੋਚਦਾ ਹਾਂ ਜਾਣਦਾ ਹਾਂ, ਯਹੋਵਾਹ a ਦਾ ਵਾਕ ਹੈ, ਸ਼ਾਂਤੀ ਦੀਆਂ ਸੋਚਾਂ, ਬੁਰਿਆਈ ਦੀਆਂ ਨਹੀਂ ਭਈ ਮੈਂ ਤੁਹਾਨੂੰ ਛੇਕੜ ਨੂੰ ਆਸ ਦੁਆਵਾਂ।”—ਯਿਰਮਿਯਾਹ 29:11, ਪੰਜਾਬੀ ਦੀ ਪਵਿੱਤਰ ਬਾਈਬਲ।

 “ਤੁਹਾਡੇ ਲਈ ਆਪਣੀਆਂ ਯੋਜਨਾਵਾਂ ਨੂੰ ਮੈਂ ਆਪ ਹੀ ਜਾਣਦਾ ਹਾਂ: ਖੁਸ਼ਹਾਲੀ ਦੀ ਯੋਜਨਾ, ਨਾ ਤਬਾਹੀ ਦੀ; ਅਤੇ ਸੁਨਹਿਰੇ ਭਵਿੱਖ ਦੀ ਯੋਜਨਾ।”—ਯਿਰਮਿਯਾਹ 29:11, ਪਵਿੱਤਰ ਬਾਈਬਲ ਨਵਾਂ ਅਨੁਵਾਦ।

ਯਿਰਮਿਯਾਹ 29:11 ਦਾ ਮਤਲਬ

 ਯਹੋਵਾਹ ਪਰਮੇਸ਼ੁਰ ਨੇ ਆਪਣੇ ਸੇਵਕਾਂ ਨਾਲ ਵਾਅਦਾ ਕੀਤਾ ਸੀ ਕਿ ਉਹ ਉਨ੍ਹਾਂ ਨੂੰ ਭਵਿੱਖ ਵਿਚ ਸ਼ਾਂਤਮਈ ਮਾਹੌਲ ਵਿਚ ਜ਼ਿੰਦਗੀ ਦੇਵੇਗਾ। ਭਾਵੇਂ ਇਹ ਸ਼ਬਦ ਪੁਰਾਣੇ ਜ਼ਮਾਨੇ ਦੇ ਲੋਕਾਂ ਨੂੰ ਕਹੇ ਗਏ ਸਨ, ਪਰ ਇਨ੍ਹਾਂ ਤੋਂ ਯਹੋਵਾਹ ਦੀ ਸੋਚ ਪਤਾ ਲੱਗਦੀ ਹੈ। ਉਹ “ਉਮੀਦ ਦੇਣ ਵਾਲਾ ਪਰਮੇਸ਼ੁਰ ਹੈ।” (ਰੋਮੀਆਂ 15:13) ਉਸ ਨੇ ਬਾਈਬਲ ਵਿਚ ਅਜਿਹੇ ਕਈ ਵਾਅਦੇ ਲਿਖਵਾਏ ਹਨ ਜਿਨ੍ਹਾਂ ਤੋਂ ਸਾਨੂੰ ਚੰਗੇ ਭਵਿੱਖ ਦੀ “ਉਮੀਦ ਮਿਲਦੀ ਹੈ।”—ਰੋਮੀਆਂ 15:4.

ਹੋਰ ਆਇਤਾਂ ਮੁਤਾਬਕ ਯਿਰਮਿਯਾਹ 29:11 ਦੀ ਸਮਝ

 ਇਹ ਸ਼ਬਦ ਉਨ੍ਹਾਂ ਇਜ਼ਰਾਈਲੀਆਂ ਨੂੰ ਇਕ ਚਿੱਠੀ ਵਿਚ ਲਿਖੇ ਗਏ ਸਨ ਜਿਨ੍ਹਾਂ ਨੂੰ ਗ਼ੁਲਾਮ ਬਣਾ ਕੇ ਯਰੂਸ਼ਲਮ b ਤੋਂ ਬਾਬਲ ਲਿਜਾਇਆ ਗਿਆ ਸੀ। (ਯਿਰਮਿਯਾਹ 29:1) ਪਰਮੇਸ਼ੁਰ ਨੇ ਉਨ੍ਹਾਂ ਨੂੰ ਦੱਸਿਆ ਸੀ ਕਿ ਉਹ ਲੰਬੇ ਸਮੇਂ ਲਈ ਗ਼ੁਲਾਮੀ ਵਿਚ ਰਹਿਣਗੇ, ਇਸ ਕਰਕੇ ਉਹ ਉੱਥੇ ਘਰ ਬਣਾਉਣ, ਬਾਗ਼ ਲਾਉਣ ਅਤੇ ਬੱਚਿਆਂ ਦੀ ਪਰਵਰਿਸ਼ ਕਰਨ। (ਯਿਰਮਿਯਾਹ 29:4-9) ਪਰ ਪਰਮੇਸ਼ੁਰ ਨੇ ਇਹ ਵੀ ਕਿਹਾ: “ਜਦ ਬਾਬਲ ਲਈ ਸੱਤਰ ਵਰ੍ਹੇ ਪੂਰੇ ਹੋ ਜਾਣਗੇ ਮੈਂ ਤੁਹਾਡੀ ਖ਼ਬਰ ਲਵਾਂਗਾ ਅਤੇ ਮੈਂ ਤੁਹਾਨੂੰ ਏਸ ਅਸਥਾਨ [ਯਰੂਸ਼ਲਮ] ਉੱਤੇ ਫੇਰ ਲਿਆ ਕੇ ਆਪਣੀ ਭਲਿਆਈ ਦੀ ਗੱਲ ਪੂਰੀ ਕਰਾਂਗਾ।” (ਯਿਰਮਿਯਾਹ 29:10) ਇਸ ਤਰ੍ਹਾਂ ਪਰਮੇਸ਼ੁਰ ਨੇ ਗਾਰੰਟੀ ਦਿੱਤੀ ਕਿ ਉਹ ਉਨ੍ਹਾਂ ਨੂੰ ਨਹੀਂ ਭੁੱਲੇਗਾ ਅਤੇ ਆਪਣੇ ਘਰ (ਯਰੂਸ਼ਲਮ) ਵਾਪਸ ਆਉਣ ਦੀ ਉਨ੍ਹਾਂ ਦੀ ਉਮੀਦ ਪੂਰੀ ਹੋਵੇਗੀ।—ਯਿਰਮਿਯਾਹ 31:16, 17.

 ਪਰਮੇਸ਼ੁਰ ਨੇ ਇਜ਼ਰਾਈਲੀਆਂ ਨਾਲ ਆਪਣਾ ਵਾਅਦਾ ਪੂਰਾ ਕੀਤਾ। ਜਿਸ ਤਰ੍ਹਾਂ ਉਸ ਨੇ ਭਵਿੱਖਬਾਣੀ ਕੀਤੀ ਸੀ, ਬਾਬਲ ਨੂੰ ਫ਼ਾਰਸੀ ਰਾਜੇ ਖੋਰੁਸ ਨੇ ਜਿੱਤ ਲਿਆ। (ਯਸਾਯਾਹ 45:1, 2; ਯਿਰਮਿਯਾਹ 51:30-32) ਇਸ ਤੋਂ ਬਾਅਦ ਖੋਰੁਸ ਨੇ ਯਹੂਦੀਆਂ ਨੂੰ ਆਪਣੇ ਦੇਸ਼ ਵਾਪਸ ਜਾਣ ਦੀ ਆਗਿਆ ਦਿੱਤੀ। 70 ਸਾਲ ਦੀ ਗ਼ੁਲਾਮੀ ਤੋਂ ਬਾਅਦ ਉਹ ਵਾਪਸ ਯਰੂਸ਼ਲਮ ਆ ਗਏ।—2 ਇਤਿਹਾਸ 36:20-23; ਅਜ਼ਰਾ 3:1.

 ਯਿਰਮਿਯਾਹ 29:11 ਵਿਚ ਦਰਜ ਇਸ ਵਾਅਦੇ ਦੀ ਪੂਰਤੀ ਤੋਂ ਪਰਮੇਸ਼ੁਰ ਦੇ ਲੋਕਾਂ ਨੂੰ ਭਰੋਸਾ ਮਿਲਦਾ ਹੈ ਕਿ ਭਵਿੱਖ ਵਿਚ ਵੀ ਪਰਮੇਸ਼ੁਰ ਦੇ ਵਾਅਦੇ ਜ਼ਰੂਰ ਪੂਰੇ ਹੋਣਗੇ, ਜਿਵੇਂ ਕਿ ਇਹ ਵਾਅਦਾ ਕਿ ਯਿਸੂ ਦੇ ਰਾਜ ਦੌਰਾਨ ਪੂਰੀ ਧਰਤੀ ਉੱਤੇ ਸ਼ਾਂਤੀ ਹੋਵੇਗੀ।—ਜ਼ਬੂਰ 37:10, 11, 29; ਯਸਾਯਾਹ 55:11; ਮੱਤੀ 6:10.

ਯਿਰਮਿਯਾਹ 29:11 ਬਾਰੇ ਗ਼ਲਤਫ਼ਹਿਮੀਆਂ

 ਗ਼ਲਤਫ਼ਹਿਮੀ: ਰੱਬ ਨੇ ਹਰ ਇਨਸਾਨ ਲਈ ਇਕ ਖ਼ਾਸ “ਯੋਜਨਾ” ਬਣਾਈ ਹੈ।

 ਸੱਚਾਈ: ਰੱਬ ਨੇ ਸਾਰਿਆਂ ਨੂੰ ਆਪੋ-ਆਪਣਾ ਰਾਹ ਚੁਣਨ ਦੀ ਆਜ਼ਾਦੀ ਦਿੱਤੀ ਹੈ। ਯਿਰਮਿਯਾਹ 29:11 ਦਾ ਵਾਅਦਾ ਬਾਬਲ ਵਿਚ ਗ਼ੁਲਾਮ ਸਾਰੇ ਇਜ਼ਰਾਈਲੀਆਂ ਨਾਲ ਕੀਤਾ ਗਿਆ ਸੀ ਅਤੇ ਉਸ ਦੇ ਮਨ ਵਿਚ ਉਨ੍ਹਾਂ ਸਾਰਿਆਂ ਲਈ ਇਕ ਸੋਚ ਸੀ ਕਿ ਉਹ ਉਨ੍ਹਾਂ ਨੂੰ ਸ਼ਾਂਤਮਈ ਮਾਹੌਲ ਵਿਚ ਜ਼ਿੰਦਗੀ ਦੇਵੇਗਾ। (ਯਿਰਮਿਯਾਹ 29:4) ਪਰ ਪਰਮੇਸ਼ੁਰ ਨੇ ਹਰੇਕ ਇਜ਼ਰਾਈਲੀ ਨੂੰ ਇਹ ਚੁਣਨ ਦੀ ਆਜ਼ਾਦੀ ਦਿੱਤੀ ਸੀ ਕਿ ਉਹ ਉਸ ਦੇ ਵਾਅਦੇ ਤੋਂ ਫ਼ਾਇਦਾ ਉਠਾਵੇਗਾ ਜਾਂ ਨਹੀਂ। (ਬਿਵਸਥਾ ਸਾਰ 30:19, 20; ਯਿਰਮਿਯਾਹ 29:32) ਜਿਨ੍ਹਾਂ ਨੇ ਰੱਬ ਦੀ ਭਾਲ ਕਰਨ ਦੀ ਚੋਣ ਕੀਤੀ, ਉਹ ਸੱਚੇ ਦਿਲੋਂ ਉਸ ਨੂੰ ਪ੍ਰਾਰਥਨਾ ਕਰਦੇ ਹਨ।—ਯਿਰਮਿਯਾਹ 29:12, 13.

 ਗ਼ਲਤਫ਼ਹਿਮੀ: ਰੱਬ ਧਨ-ਦੌਲਤ ਦੇ ਕੇ ਆਪਣੇ ਸੇਵਕਾਂ ਨੂੰ ਖ਼ੁਸ਼ਹਾਲ ਬਣਾਵੇਗਾ।

 ਸੱਚਾਈ: ਯਿਰਮਿਯਾਹ 29:11 ਵਿਚ “ਖੁਸ਼ਹਾਲੀ” ਅਨੁਵਾਦ ਕੀਤੇ ਗਏ ਇਬਰਾਨੀ ਸ਼ਬਦ ਦਾ ਮਤਲਬ ਹੈ “ਸ਼ਾਂਤੀ, ਸਿਹਤ ਅਤੇ ਸੰਤੁਸ਼ਟੀ।” ਅਗਲੀਆਂ-ਪਿਛਲੀਆਂ ਆਇਤਾਂ ਤੋਂ ਪਤਾ ਲੱਗਦਾ ਹੈ ਕਿ ਪਰਮੇਸ਼ੁਰ ਨੇ ਗ਼ੁਲਾਮ ਇਜ਼ਰਾਈਲੀਆਂ ਨੂੰ ਅਮੀਰ ਬਣਾਉਣ ਦਾ ਨਹੀਂ, ਸਗੋਂ ਸ਼ਾਂਤੀ ਅਤੇ ਚੰਗੀ ਜ਼ਿੰਦਗੀ ਦੇਣ ਦਾ ਵਾਅਦਾ ਕੀਤਾ ਸੀ। ਉਨ੍ਹਾਂ ਦੀ ਕੌਮ ਖ਼ਤਮ ਨਹੀਂ ਹੋਣੀ ਸੀ ਅਤੇ ਉਨ੍ਹਾਂ ਨੇ ਇਕ ਦਿਨ ਯਰੂਸ਼ਲਮ ਵਾਪਸ ਜਾਣਾ ਸੀ।—ਯਿਰਮਿਯਾਹ 29:4-10.

a ਯਹੋਵਾਹ ਰੱਬ ਦਾ ਨਾਮ ਹੈ।—ਜ਼ਬੂਰ 83:18.

b ਬਾਈਬਲ ਨੂੰ ਸਮਝਾਉਣ ਵਾਲੀ ਇਕ ਕਿਤਾਬ ਯਿਰਮਿਯਾਹ 29:11 ਬਾਰੇ ਕਹਿੰਦੀ ਹੈ ਕਿ ਬਾਈਬਲ ਵਿਚ ਸ਼ਾਇਦ ਇਸ ਤੋਂ ਸ਼ਾਨਦਾਰ ਵਾਅਦਾ ਹੋਰ ਕੋਈ ਨਹੀਂ ਹੈ। ਇਸ ਵਾਅਦੇ ਤੋਂ ਪਤਾ ਲੱਗਦਾ ਹੈ ਕਿ ਯਾਹਵੇਹ [ਯਹੋਵਾਹ] ਦੇ ਦਿਲ ਵਿਚ ਉਨ੍ਹਾਂ ਗੁਲਾਮ ਲੋਕਾਂ ਲਈ ਕਿੰਨਾ ਪਿਆਰ ਤੇ ਤਰਸ ਸੀ ਅਤੇ ਇਸ ਵਾਅਦੇ ਕਰਕੇ ਉਹ ਸਹੀ ਨਜ਼ਰੀਆ ਬਣਾਈ ਰੱਖ ਸਕੇ ਅਤੇ ਯਰੂਸ਼ਲਮ ਵਾਪਸ ਜਾਣ ਦੀ ਉਮੀਦ ਪੱਕੀ ਰੱਖ ਸਕੇ।