Skip to content

Skip to table of contents

ਸਹਿਣਸ਼ੀਲਤਾ ਦਿਖਾਉਣ ਵਿਚ ਬਾਈਬਲ ਸਾਡੀ ਕਿੱਦਾਂ ਮਦਦ ਕਰ ਸਕਦੀ ਹੈ?

ਸਹਿਣਸ਼ੀਲਤਾ ਦਿਖਾਉਣ ਵਿਚ ਬਾਈਬਲ ਸਾਡੀ ਕਿੱਦਾਂ ਮਦਦ ਕਰ ਸਕਦੀ ਹੈ?

 “ਸਹਿਣਸ਼ੀਲਤਾ ਇਕ ਅਜਿਹਾ ਗੁਣ ਹੈ ਜਿਸ ਕਰਕੇ ਸ਼ਾਂਤੀ ਬਣੀ ਰਹਿੰਦੀ ਹੈ।”​—ਸਹਿਣਸ਼ੀਲਤਾ ਬਾਰੇ ਯੂਨੈਸਕੋ ਦੇ ਅਸੂਲਾਂ ਦਾ ਘੋਸ਼ਣਾ ਪੱਤਰ, 1995.

 ਇਸ ਤੋਂ ਉਲਟ, ਅਸਹਿਣਸ਼ੀਲਤਾ ਕਰਕੇ ਲੋਕਾਂ ਦੇ ਮਨਾਂ ਵਿਚ ਦੂਜਿਆਂ ਲਈ ਕੋਈ ਇੱਜ਼ਤ ਨਹੀਂ ਰਹਿੰਦੀ ਤੇ ਉਨ੍ਹਾਂ ਦੇ ਦਿਲਾਂ ਵਿਚ ਨਫ਼ਰਤ ਪੈਦਾ ਹੋ ਸਕਦੀ ਹੈ। ਅਜਿਹੀਆਂ ਭਾਵਨਾਵਾਂ ਕਰਕੇ ਲੋਕ ਅਕਸਰ ਨਫ਼ਰਤ ਫੈਲਾਉਣ ਵਾਲੀਆਂ ਗੱਲਾਂ, ਪੱਖਪਾਤ ਤੇ ਹਿੰਸਾ ਕਰਦੇ ਹਨ।

 ਸਹਿਣਸ਼ੀਲਤਾ ਬਾਰੇ ਲੋਕਾਂ ਦੇ ਅਲੱਗ-ਅਲੱਗ ਵਿਚਾਰ ਹਨ। ਕੁਝ ਲੋਕਾਂ ਦਾ ਮੰਨਣਾ ਹੈ ਕਿ ਸਹਿਣਸ਼ੀਲ ਵਿਅਕਤੀ ਨੂੰ ਦੂਜਿਆਂ ਦੀ ਹਰ ਗੱਲ ਨਾਲ ਅਤੇ ਹਰ ਕੰਮ ਨਾਲ ਸਹਿਮਤ ਹੋਣਾ ਚਾਹੀਦਾ ਹੈ। ਬਾਈਬਲ ਮੁਤਾਬਕ ਚੱਲਣ ਵਾਲੇ ਲੋਕ ਚਾਹੇ ਦੂਜਿਆਂ ਦੇ ਵਿਸ਼ਵਾਸਾਂ ਜਾਂ ਕਦਰਾਂ-ਕੀਮਤਾਂ ਨਾਲ ਸਹਿਮਤ ਨਹੀਂ ਹੁੰਦੇ, ਪਰ ਉਹ ਇਸ ਗੱਲ ਦਾ ਆਦਰ ਕਰਦੇ ਹਨ ਕਿ ਹਰ ਵਿਅਕਤੀ ਕੋਲ ਆਪਣੇ ਵਿਸ਼ਵਾਸਾਂ ਤੇ ਕਦਰਾਂ-ਕੀਮਤਾਂ ਬਾਰੇ ਖ਼ੁਦ ਫ਼ੈਸਲਾ ਕਰਨ ਦਾ ਅਧਿਕਾਰ ਹੈ।

 ਕੀ ਬਾਈਬਲ ਅੱਜ ਲੋਕਾਂ ਦੀ ਸਹਿਣਸ਼ੀਲ ਬਣਨ ਵਿਚ ਮਦਦ ਕਰ ਸਕਦੀ ਹੈ?

ਸਹਿਣਸ਼ੀਲਤਾ ਬਾਰੇ ਬਾਈਬਲ ਕੀ ਕਹਿੰਦੀ ਹੈ?

 ਬਾਈਬਲ ਸਹਿਣਸ਼ੀਲ ਬਣਨ ਦੀ ਹੱਲਾਸ਼ੇਰੀ ਦਿੰਦੀ ਹੈ। ਇਸ ਵਿਚ ਲਿਖਿਆ ਹੈ: “ਸਾਰਿਆਂ ਸਾਮ੍ਹਣੇ ਆਪਣੀ ਸਮਝਦਾਰੀ ਦਾ ਸਬੂਤ ਦਿਓ।” (ਫ਼ਿਲਿੱਪੀਆਂ 4:5) ਬਾਈਬਲ ਇਸ ਗੱਲ ʼਤੇ ਜ਼ੋਰ ਦਿੰਦੀ ਹੈ ਕਿ ਅਸੀਂ ਦੂਜਿਆਂ ਨਾਲ ਸਮਝਦਾਰੀ, ਆਦਰ ਤੇ ਬਿਨਾਂ ਕਿਸੇ ਪੱਖਪਾਤ ਦੇ ਪੇਸ਼ ਆਈਏ। ਬਾਈਬਲ ਦੀ ਇਸ ਸਲਾਹ ਮੁਤਾਬਕ ਚੱਲਣ ਵਾਲੇ ਲੋਕ ਦੂਜਿਆਂ ਨੂੰ ਆਪਣੀ ਮਰਜ਼ੀ ਮੁਤਾਬਕ ਫ਼ੈਸਲੇ ਕਰਨ ਤੋਂ ਨਹੀਂ ਰੋਕਦੇ, ਫਿਰ ਚਾਹੇ ਉਹ ਖ਼ੁਦ ਦੂਜਿਆਂ ਦੇ ਨਜ਼ਰੀਏ ਨਾਲ ਸਹਿਮਤ ਵੀ ਨਾ ਹੋਣ ਜਾਂ ਉਨ੍ਹਾਂ ਦੇ ਨਜ਼ਰੀਏ ਨੂੰ ਨਾ ਵੀ ਅਪਣਾਉਣ।

 ਬਾਈਬਲ ਤੋਂ ਸਾਨੂੰ ਦੂਜਿਆਂ ਨਾਲ ਪੇਸ਼ ਆਉਣ ਬਾਰੇ ਪਰਮੇਸ਼ੁਰ ਦੇ ਅਸੂਲ ਪਤਾ ਲੱਗਦੇ ਹਨ। ਇਸ ਵਿਚ ਲਿਖਿਆ ਹੈ: “[ਪਰਮੇਸ਼ੁਰ] ਨੇ ਤੈਨੂੰ ਦੱਸਿਆ ਹੈ ਕਿ ਸਹੀ ਕੀ ਹੈ।” (ਮੀਕਾਹ 6:8) ਇਸ ਤੋਂ ਪਤਾ ਲੱਗਦਾ ਹੈ ਕਿ ਪਰਮੇਸ਼ੁਰ ਦੀ ਸਲਾਹ ਮੁਤਾਬਕ ਚੱਲ ਕੇ ਲੋਕ ਵਧੀਆ ਜ਼ਿੰਦਗੀ ਬਿਤਾ ਸਕਦੇ ਹਨ।​—ਯਸਾਯਾਹ 48:17, 18.

 ਪਰਮੇਸ਼ੁਰ ਨੇ ਸਾਨੂੰ ਦੂਜਿਆਂ ਦਾ ਨਿਆਂ ਕਰਨ ਦਾ ਅਧਿਕਾਰ ਨਹੀਂ ਦਿੱਤਾ। ਬਾਈਬਲ ਕਹਿੰਦੀ ਹੈ, “ਇਕ ਹੈ ਜਿਹੜਾ ਕਾਨੂੰਨ ਬਣਾਉਂਦਾ ਹੈ ਅਤੇ ਸਾਰਿਆਂ ਦਾ ਨਿਆਂ ਕਰਦਾ ਹੈ . . . ਪਰ ਤੂੰ ਕੌਣ ਹੁੰਦਾ ਆਪਣੇ ਗੁਆਂਢੀ ਦਾ ਨਿਆਂ ਕਰਨ ਵਾਲਾ?” (ਯਾਕੂਬ 4:12) ਪਰਮੇਸ਼ੁਰ ਨੇ ਸਾਨੂੰ ਸਾਰਿਆਂ ਨੂੰ ਆਪਣੇ ਫ਼ੈਸਲੇ ਆਪ ਕਰਨ ਦੀ ਆਜ਼ਾਦੀ ਦਿੱਤੀ ਹੈ ਤੇ ਇਨ੍ਹਾਂ ਲਈ ਅਸੀਂ ਸਾਰੇ ਖ਼ੁਦ ਜ਼ਿੰਮੇਵਾਰ ਹਾਂ।​—ਬਿਵਸਥਾ ਸਾਰ 30:19.

ਦੂਜਿਆਂ ਦਾ ਆਦਰ ਕਰਨ ਬਾਰੇ ਬਾਈਬਲ ਕੀ ਕਹਿੰਦੀ ਹੈ?

 ਬਾਈਬਲ ਕਹਿੰਦੀ ਹੈ ਕਿ “ਸਾਰਿਆਂ ਦਾ ਆਦਰ ਕਰੋ।” (1 ਪਤਰਸ 2:17, ਦ ਨਿਊ ਜਰੂਸਲਮ ਬਾਈਬਲ) ਬਾਈਬਲ ਦੇ ਮਿਆਰਾਂ ʼਤੇ ਚੱਲਣ ਵਾਲੇ ਲੋਕ ਸਾਰਿਆਂ ਦਾ ਆਦਰ ਕਰਦੇ ਹਨ, ਫਿਰ ਚਾਹੇ ਲੋਕਾਂ ਦੇ ਵਿਸ਼ਵਾਸ ਜਾਂ ਜ਼ਿੰਦਗੀ ਜੀਉਣ ਦਾ ਤਰੀਕਾ ਜੋ ਮਰਜ਼ੀ ਹੋਵੇ। (ਲੂਕਾ 6:31) ਜੇ ਉਹ ਸਾਰਿਆਂ ਦਾ ਆਦਰ ਕਰਦੇ ਹਨ, ਤਾਂ ਇਸ ਦਾ ਇਹ ਮਤਲਬ ਨਹੀਂ ਹੈ ਕਿ ਉਹ ਦੂਜਿਆਂ ਦੇ ਹਰ ਵਿਸ਼ਵਾਸ ਜਾਂ ਵਿਚਾਰ ਨਾਲ ਸਹਿਮਤ ਹੁੰਦੇ ਹਨ ਜਾਂ ਦੂਜਿਆਂ ਦੇ ਹਰ ਫ਼ੈਸਲੇ ਵਿਚ ਉਨ੍ਹਾਂ ਦਾ ਸਾਥ ਦਿੰਦੇ ਹਨ। ਇਸ ਦੀ ਬਜਾਇ, ਉਹ ਉਨ੍ਹਾਂ ਨਾਲ ਯਿਸੂ ਵਾਂਗ ਪੇਸ਼ ਆਉਣ ਦੀ ਪੂਰੀ ਕੋਸ਼ਿਸ਼ ਕਰਦੇ ਹਨ ਅਤੇ ਉਨ੍ਹਾਂ ਨਾਲ ਬਦਤਮੀਜ਼ੀ ਜਾਂ ਰੁੱਖੇ ਤਰੀਕੇ ਨਾਲ ਪੇਸ਼ ਨਹੀਂ ਆਉਂਦੇ।

 ਉਦਾਹਰਣ ਲਈ, ਯਿਸੂ ਇਕ ਔਰਤ ਨੂੰ ਮਿਲਿਆ ਜੋ ਇਕ ਵੱਖਰੇ ਧਰਮ ਨੂੰ ਮੰਨਦੀ ਸੀ। ਉਹ ਔਰਤ ਉਸ ਆਦਮੀ ਨਾਲ ਰਹਿੰਦੀ ਸੀ ਜਿਸ ਨਾਲ ਉਹ ਵਿਆਹੀ ਹੋਈ ਨਹੀਂ ਸੀ। ਉਹ ਅਜਿਹੀ ਜ਼ਿੰਦਗੀ ਜੀਉਂਦੀ ਸੀ ਜੋ ਯਿਸੂ ਦੀ ਸੋਚ ਮੁਤਾਬਕ ਸਹੀ ਨਹੀਂ ਸੀ। ਪਰ ਫਿਰ ਵੀ ਯਿਸੂ ਨੇ ਉਸ ਔਰਤ ਨਾਲ ਆਦਰ ਨਾਲ ਗੱਲ ਕੀਤੀ।​—ਯੂਹੰਨਾ 4:9, 17-24.

 ਯਿਸੂ ਵਾਂਗ ਮਸੀਹੀ ਵੀ ਉਨ੍ਹਾਂ ਨੂੰ “ਪੂਰੇ ਆਦਰ” ਨਾਲ ਆਪਣੇ ਵਿਸ਼ਵਾਸਾਂ ਦਾ ਕਾਰਨ ਦੱਸਣ ਲਈ ਹਮੇਸ਼ਾ ਤਿਆਰ ਰਹਿੰਦੇ ਹਨ ਜੋ ਉਨ੍ਹਾਂ ਦੀ ਗੱਲ ਸੁਣਨਾ ਚਾਹੁੰਦੇ ਹਨ। (1 ਪਤਰਸ 3:15) ਬਾਈਬਲ ਮਸੀਹੀਆਂ ਨੂੰ ਹਿਦਾਇਤ ਦਿੰਦੀ ਹੈ ਕਿ ਉਹ ਆਪਣੇ ਵਿਚਾਰ ਦੂਜਿਆਂ ʼਤੇ ਨਾ ਥੋਪਣ। ਬਾਈਬਲ ਵਿਚ ਲਿਖਿਆ ਹੈ ਕਿ ਮਸੀਹ ਦੇ “ਸੇਵਕ ਨੂੰ ਲੜਨ ਦੀ ਲੋੜ ਨਹੀਂ, ਸਗੋਂ ਉਸ ਨੂੰ ਸਾਰਿਆਂ ਨਾਲ ਨਰਮਾਈ ਨਾਲ ਪੇਸ਼ ਆਉਣਾ ਚਾਹੀਦਾ ਹੈ,” ਉਨ੍ਹਾਂ ਨਾਲ ਵੀ ਜਿਨ੍ਹਾਂ ਦੇ ਵਿਸ਼ਵਾਸ ਉਸ ਤੋਂ ਵੱਖਰੇ ਹਨ।​—2 ਤਿਮੋਥਿਉਸ 2:24.

ਨਫ਼ਰਤ ਬਾਰੇ ਬਾਈਬਲ ਕੀ ਕਹਿੰਦੀ ਹੈ?

 ਬਾਈਬਲ ਸਾਨੂੰ ਕਹਿੰਦੀ ਹੈ: ‘ਸਾਰਿਆਂ ਨਾਲ ਸ਼ਾਂਤੀ ਬਣਾਈ ਰੱਖੋ।’ (ਇਬਰਾਨੀਆਂ 12:14) ਜਿਹੜਾ ਇਨਸਾਨ ਸ਼ਾਂਤੀ ਬਣਾਈ ਰੱਖਣ ਦੀ ਪੂਰੀ ਕੋਸ਼ਿਸ਼ ਕਰਦਾ ਹੈ, ਉਹ ਨਫ਼ਰਤ ਨਹੀਂ ਕਰਦਾ। ਉਹ ਆਪਣੇ ਵਿਸ਼ਵਾਸਾਂ ਨਾਲ ਸਮਝੌਤਾ ਕੀਤੇ ਬਿਨਾਂ ਦੂਜਿਆਂ ਨਾਲ ਸ਼ਾਂਤੀ ਬਣਾਈ ਰੱਖਣ ਦੀ ਦਿਲੋਂ ਕੋਸ਼ਿਸ਼ ਕਰਦਾ ਹੈ। (ਮੱਤੀ 5:9) ਦਰਅਸਲ, ਬਾਈਬਲ ਮਸੀਹੀਆਂ ਨੂੰ ਇਹ ਵੀ ਹੱਲਾਸ਼ੇਰੀ ਦਿੰਦੀ ਹੈ ਕਿ ਉਹ ਆਪਣੇ ਦੁਸ਼ਮਣਾਂ ਨੂੰ ਵੀ ਪਿਆਰ ਦਿਖਾਉਣ ਅਤੇ ਉਦੋਂ ਵੀ ਉਨ੍ਹਾਂ ਨਾਲ ਚੰਗੇ ਤਰੀਕੇ ਨਾਲ ਪੇਸ਼ ਆਉਣ ਜਦੋਂ ਉਹ ਉਨ੍ਹਾਂ ਨਾਲ ਬੁਰਾ ਸਲੂਕ ਕਰਦੇ ਹਨ।​—ਮੱਤੀ 5:44.

 ਬਾਈਬਲ ਕਹਿੰਦੀ ਹੈ ਕਿ ਪਰਮੇਸ਼ੁਰ ਨੂੰ ਉਨ੍ਹਾਂ ਕੰਮਾਂ ਤੋਂ “ਨਫ਼ਰਤ” ਜਾਂ “ਘਿਣ” ਹੈ ਜਿਨ੍ਹਾਂ ਕਰਕੇ ਦੂਜਿਆਂ ਦਾ ਇੱਜ਼ਤ-ਮਾਣ ਮਿੱਟੀ ਵਿਚ ਮਿਲ ਸਕਦਾ ਹੈ ਜਾਂ ਕਿਸੇ ਨੂੰ ਕੋਈ ਨੁਕਸਾਨ ਪਹੁੰਚ ਸਕਦਾ ਹੈ। (ਕਹਾਉਤਾਂ 6:16-19) ਪਰ ਇੱਥੇ ਜੋ “ਨਫ਼ਰਤ” ਸ਼ਬਦ ਵਰਤਿਆ ਗਿਆ ਹੈ, ਉਸ ਤੋਂ ਪਤਾ ਲੱਗਦਾ ਹੈ ਕਿ ਪਰਮੇਸ਼ੁਰ ਕਿਸ ਹੱਦ ਤਕ ਬੁਰੇ ਕੰਮਾਂ ਨਾਲ ਨਫ਼ਰਤ ਕਰਦਾ ਹੈ। ਬਾਈਬਲ ਵਿਚ ਦੱਸਿਆ ਹੈ ਕਿ ਪਰਮੇਸ਼ੁਰ ਉਨ੍ਹਾਂ ਲੋਕਾਂ ਨੂੰ ਮਾਫ਼ ਕਰਨ ਤੇ ਉਨ੍ਹਾਂ ਦੀ ਮਦਦ ਕਰਨ ਲਈ ਹਮੇਸ਼ਾ ਤਿਆਰ ਰਹਿੰਦਾ ਹੈ ਜੋ ਆਪਣੇ ਬੁਰੇ ਕੰਮ ਛੱਡ ਕੇ ਉਸ ਦੇ ਮਿਆਰਾਂ ਮੁਤਾਬਕ ਜੀਉਣਾ ਚਾਹੁੰਦੇ ਹਨ।​—ਯਸਾਯਾਹ 55:7.

ਸਹਿਣਸ਼ੀਲਤਾ ਅਤੇ ਆਦਰ ਦਿਖਾਉਣ ਬਾਰੇ ਕੁਝ ਆਇਤਾਂ

 ਤੀਤੁਸ 3:2: ਉਹ “ਅੜਬ ਨਾ ਹੋਣ ਅਤੇ ਸਾਰਿਆਂ ਨਾਲ ਹਮੇਸ਼ਾ ਨਰਮਾਈ ਨਾਲ ਪੇਸ਼ ਆਉਣ।”

 ਜਿਹੜਾ ਇਨਸਾਨ ਅੜਬ ਨਹੀਂ ਹੁੰਦਾ, ਉਹ ਉਨ੍ਹਾਂ ਨੂੰ ਵੀ ਨਰਮਾਈ ਨਾਲ ਜਵਾਬ ਦਿੰਦਾ ਹੈ ਜਿਨ੍ਹਾਂ ਦੇ ਵਿਚਾਰ ਉਸ ਤੋਂ ਵੱਖਰੇ ਹੁੰਦੇ ਹਨ ਅਤੇ ਉਹ ਸਾਰਿਆਂ ਦਾ ਆਦਰ ਕਰਦਾ ਹੈ।

 ਮੱਤੀ 7:12: “ਇਸ ਲਈ, ਜਿਸ ਤਰ੍ਹਾਂ ਤੁਸੀਂ ਆਪ ਚਾਹੁੰਦੇ ਹੋ ਕਿ ਦੂਸਰੇ ਤੁਹਾਡੇ ਨਾਲ ਪੇਸ਼ ਆਉਣ, ਤੁਸੀਂ ਵੀ ਉਨ੍ਹਾਂ ਨਾਲ ਉਸੇ ਤਰ੍ਹਾਂ ਪੇਸ਼ ਆਓ।”

 ਸਾਨੂੰ ਸਾਰਿਆਂ ਨੂੰ ਚੰਗਾ ਲੱਗਦਾ ਹੈ ਜਦੋਂ ਦੂਜੇ ਸਾਡਾ ਆਦਰ ਕਰਦੇ ਹਨ ਅਤੇ ਸਾਡੇ ਵਿਚਾਰਾਂ ਤੇ ਭਾਵਨਾਵਾਂ ਦੀ ਕਦਰ ਕਰਦੇ ਹਨ। ਯਿਸੂ ਦੇ ਇਸ ਉੱਤਮ ਅਸੂਲ ਬਾਰੇ ਹੋਰ ਜਾਣਕਾਰੀ ਲੈਣ ਲਈ “ਉੱਤਮ ਅਸੂਲ ਕਿਹੜਾ ਹੈ?” ਨਾਂ ਦਾ ਲੇਖ ਪੜ੍ਹੋ।

 ਯਹੋਸ਼ੁਆ 24:15: “ਆਪਣੇ ਲਈ ਚੁਣ ਲਓ ਕਿ ਤੁਸੀਂ ਕਿਸ ਦੀ ਭਗਤੀ ਕਰੋਗੇ।”

 ਜਦੋਂ ਅਸੀਂ ਇਸ ਗੱਲ ਦੀ ਕਦਰ ਕਰਦੇ ਹਾਂ ਕਿ ਦੂਜਿਆਂ ਕੋਲ ਆਪਣੇ ਫ਼ੈਸਲੇ ਆਪ ਕਰਨ ਦਾ ਹੱਕ ਹੈ, ਤਾਂ ਅਸੀਂ ਸ਼ਾਂਤੀ ਬਣਾਈ ਰੱਖਦੇ ਹਾਂ।

 ਰਸੂਲਾਂ ਦੇ ਕੰਮ 10:34: “ਪਰਮੇਸ਼ੁਰ ਕਿਸੇ ਨਾਲ ਪੱਖਪਾਤ ਨਹੀਂ ਕਰਦਾ।”

 ਪਰਮੇਸ਼ੁਰ ਸਭਿਆਚਾਰ, ਲਿੰਗ, ਕੌਮ, ਨਸਲ ਜਾਂ ਪਿਛੋਕੜ ਦੇ ਆਧਾਰ ʼਤੇ ਕਿਸੇ ਨਾਲ ਪੱਖਪਾਤ ਨਹੀਂ ਕਰਦਾ। ਪਰਮੇਸ਼ੁਰ ਦੀ ਰੀਸ ਕਰਨ ਵਾਲੇ ਲੋਕ ਵੀ ਸਾਰਿਆਂ ਦਾ ਆਦਰ ਕਰਦੇ ਹਨ।

 ਹੱਬਕੂਕ 1:12, 13: “[ਪਰਮੇਸ਼ੁਰ] ਦੁਸ਼ਟਤਾ ਨੂੰ ਬਰਦਾਸ਼ਤ ਨਹੀਂ ਕਰ ਸਕਦਾ।”

 ਪਰਮੇਸ਼ੁਰ ਦੇ ਬਰਦਾਸ਼ਤ ਕਰਨ ਦੀ ਇਕ ਹੱਦ ਹੈ। ਉਹ ਇਨਸਾਨਾਂ ਨੂੰ ਹਮੇਸ਼ਾ ਦੁਸ਼ਟ ਕੰਮ ਕਰਦੇ ਰਹਿਣ ਦੀ ਇਜਾਜ਼ਤ ਨਹੀਂ ਦੇਵੇਗਾ। ਇਸ ਬਾਰੇ ਹੋਰ ਜਾਣਕਾਰੀ ਲੈਣ ਲਈ ਪਰਮੇਸ਼ੁਰ ਦੁੱਖਾਂ ਨੂੰ ਖ਼ਤਮ ਕਿਉਂ ਨਹੀਂ ਕਰਦਾ? ਨਾਂ ਦੀ ਵੀਡੀਓ ਦੇਖੋ।

 ਰੋਮੀਆਂ 12:19: “ਪਰਮੇਸ਼ੁਰ ਦੇ ਕ੍ਰੋਧ ਨੂੰ ਮੌਕਾ ਦਿਓ ਕਿਉਂਕਿ ਲਿਖਿਆ ਹੈ: ‘ਬਦਲਾ ਲੈਣਾ ਮੇਰਾ ਕੰਮ ਹੈ, ਮੈਂ ਹੀ ਉਨ੍ਹਾਂ ਨੂੰ ਸਜ਼ਾ ਦਿਆਂਗਾ,’ ਯਹੋਵਾਹ ਕਹਿੰਦਾ ਹੈ।” a

 ਯਹੋਵਾਹ ਪਰਮੇਸ਼ੁਰ ਨੇ ਕਿਸੇ ਨੂੰ ਵੀ ਬਦਲਾ ਲੈਣ ਦਾ ਅਧਿਕਾਰ ਨਹੀਂ ਦਿੱਤਾ। ਉਹ ਜ਼ਰੂਰ ਆਪਣੇ ਠਹਿਰਾਏ ਹੋਏ ਸਮੇਂ ʼਤੇ ਨਿਆਂ ਕਰੇਗਾ। ਇਸ ਬਾਰੇ ਹੋਰ ਜਾਣਕਾਰੀ ਲੈਣ ਲਈ “ਕੀ ਤੁਹਾਡੀ ਇਨਸਾਫ਼ ਦੀ ਪੁਕਾਰ ਸੁਣੀ ਜਾਵੇਗੀ?” ਨਾਂ ਦਾ ਲੇਖ ਪੜ੍ਹੋ।

a ਯਹੋਵਾਹ ਰੱਬ ਦਾ ਨਾਂ ਹੈ। (ਜ਼ਬੂਰ 83:18) “ਯਹੋਵਾਹ ਕੌਣ ਹੈ?” ਨਾਂ ਦਾ ਲੇਖ ਪੜ੍ਹੋ।