Skip to content

Skip to table of contents

ਮਹਾਂਮਾਰੀ ਕਰਕੇ ਹੋਣ ਵਾਲੀ ਨਿਰਾਸ਼ਾ ਤੋਂ ਕਿਵੇਂ ਬਚੀਏ?

ਮਹਾਂਮਾਰੀ ਕਰਕੇ ਹੋਣ ਵਾਲੀ ਨਿਰਾਸ਼ਾ ਤੋਂ ਕਿਵੇਂ ਬਚੀਏ?

 ਕੀ ਤੁਸੀਂ ਕੋਵਿਡ-19 ਮਹਾਂਮਾਰੀ ਕਰਕੇ ਅੱਕ ਚੁੱਕੇ ਹੋ? ਜੇ ਹਾਂ, ਤਾਂ ਤੁਸੀਂ ਇਕੱਲੇ ਨਹੀਂ ਹੋ। ਕਈ ਮਹੀਨਿਆਂ ਤੋਂ ਦੁਨੀਆਂ ਭਰ ਦੇ ਲੋਕਾਂ ਨੇ ਇਸ ਮਹਾਂਮਾਰੀ ਦੇ ਡਰ ਹੇਠ ਰਹਿਣਾ ਸਿੱਖਿਆ ਹੈ। ਵਿਸ਼ਵ ਸਿਹਤ ਸੰਗਠਨ ਦੇ ਡਾਕਟਰ ਹਾਂਸ ਕਲੋਗ ਨੇ ਕਿਹਾ ਕਿ ਬਹੁਤ ਸਾਰਿਆਂ ਨੇ “ਕੋਵਿਡ-19 ਨੂੰ ਫੈਲਣ ਤੋਂ ਰੋਕਣ ਲਈ ਵੱਡੀਆਂ-ਵੱਡੀਆਂ ਕੁਰਬਾਨੀਆਂ ਕੀਤੀਆਂ ਹਨ।” ਉਸ ਨੇ ਅੱਗੇ ਕਿਹਾ: “ਇਨ੍ਹਾਂ ਹਾਲਾਤਾਂ ਵਿਚ ਇਕ ਵਿਅਕਤੀ ਸੌਖਿਆਂ ਹੀ ਅੱਕ ਸਕਦਾ ਹੈ।”

 ਜੇ ਤੁਸੀਂ ਇਸ ਮਹਾਂਮਾਰੀ ਕਰਕੇ ਅੱਕ ਗਏ ਹੋ, ਤਾਂ ਨਿਰਾਸ਼ ਨਾ ਹੋਵੋ। ਇਸ ਔਖੇ ਸਮੇਂ ਵਿੱਚੋਂ ਲੰਘਣ ਵਿਚ ਬਾਈਬਲ ਬਹੁਤ ਸਾਰੇ ਲੋਕਾਂ ਦੀ ਮਦਦ ਕਰ ਰਹੀ ਹੈ। ਇਹ ਤੁਹਾਡੀ ਵੀ ਮਦਦ ਕਰ ਸਕਦੀ ਹੈ।

 ਮਹਾਂਮਾਰੀ ਤੋਂ ਅੱਕਣ ਦਾ ਕੀ ਮਤਲਬ ਹੈ?

 ਇਸ ਮਹਾਂਮਾਰੀ ਨੇ ਲੋਕਾਂ ਦੀਆਂ ਜ਼ਿੰਦਗੀਆਂ ਬਦਲ ਦਿੱਤੀਆਂ ਹਨ ਅਤੇ ਲੋਕਾਂ ਨੂੰ ਪਤਾ ਨਹੀਂ ਲੱਗ ਰਿਹਾ ਕਿ ਕੱਲ੍ਹ ਨੂੰ ਕੀ ਹੋਵੇਗਾ ਜਿਸ ਕਰਕੇ ਉਹ ਅੱਕ ਗਏ ਹਨ। ਪਰ ਇਹ ਕੋਈ ਬੀਮਾਰੀ ਨਹੀਂ ਹੈ। ਮਹਾਂਮਾਰੀ ਦਾ ਹਰ ਵਿਅਕਤੀ ʼਤੇ ਅਲੱਗ-ਅਲੱਗ ਅਸਰ ਪਿਆ ਹੈ। ਪਰ ਆਮ ਤੌਰ ਤੇ ਇਹ ਅਸਰ ਦਿਖਾਈ ਦਿੰਦੇ ਹਨ, ਜਿਵੇਂ:

  •   ਕੁਝ ਵੀ ਕਰਨ ਦਾ ਮਨ ਨਾ ਕਰਨਾ

  •   ਖਾਣ-ਪੀਣ ਜਾਂ ਸੌਣ ਦੀਆਂ ਆਦਤਾਂ ਵਿਚ ਬਦਲਾਅ

  •   ਚਿੜਚਿੜਾਪਣ

  •   ਉਹ ਕੰਮ ਕਰਨ ਵਿਚ ਪਰੇਸ਼ਾਨੀ ਹੋਣੀ ਜੋ ਪਹਿਲਾਂ ਆਰਾਮ ਨਾਲ ਹੋ ਜਾਂਦੇ ਸਨ

  •   ਧਿਆਨ ਲਾਉਣ ਵਿਚ ਮੁਸ਼ਕਲ

  •   ਉਮੀਦ ਨਾ ਨਜ਼ਰ ਆਉਣ ਕਰਕੇ ਨਿਰਾਸ਼ ਹੋਣਾ

 ਮਹਾਂਮਾਰੀ ਤੋਂ ਅੱਕਣਾ ਇੰਨਾ ਗੰਭੀਰ ਕਿਉਂ ਹੈ?

 ਮਹਾਂਮਾਰੀ ਤੋਂ ਅੱਕਣ ਦਾ ਮਾੜਾ ਅਸਰ ਸਾਡੇ ਅਤੇ ਦੂਸਰਿਆਂ ʼਤੇ ਪੈ ਸਕਦਾ ਹੈ। ਜੇ ਅਸੀਂ ਇਸ ਗੱਲ ਦਾ ਧਿਆਨ ਨਹੀਂ ਰੱਖਾਂਗੇ, ਤਾਂ ਅਸੀਂ ਮਹਾਂਮਾਰੀ ਤੋਂ ਬਚਣ ਲਈ ਮਿਲਣ ਵਾਲੀਆਂ ਹਿਦਾਇਤਾਂ ਮੰਨਣ ਵਿਚ ਲਾਪਰਵਾਹੀ ਵਰਤ ਸਕਦੇ ਹਾਂ। ਸਮੇਂ ਦੇ ਬੀਤਣ ਨਾਲ ਸਾਨੂੰ ਲੱਗ ਸਕਦਾ ਹੈ ਕਿ ਸਾਨੂੰ ਜ਼ਿਆਦਾ ਚਿੰਤਾ ਕਰਨ ਦੀ ਲੋੜ ਨਹੀਂ ਹੈ। ਅਸੀਂ ਸ਼ਾਇਦ ਮਹਾਂਮਾਰੀ ਕਰਕੇ ਲੱਗੀਆਂ ਬੰਦਸ਼ਾਂ ਵਿਚ ਰਹਿ-ਰਹਿ ਕੇ ਅੱਕ ਜਾਈਏ ਅਤੇ ਇਨ੍ਹਾਂ ਤੋਂ ਆਜ਼ਾਦ ਹੋਣਾ ਚਾਹੀਏ। ਇਸ ਕਰਕੇ ਅਸੀਂ ਸ਼ਾਇਦ ਆਪਣੀ ਤੇ ਦੂਜਿਆਂ ਦੀ ਜ਼ਿੰਦਗੀ ਖ਼ਤਰੇ ਵਿਚ ਪਾ ਦੇਈਏ।

 ਇਨ੍ਹਾਂ ਔਖੇ ਸਮਿਆਂ ਦੌਰਾਨ ਬਹੁਤ ਸਾਰੇ ਲੋਕ ਬਾਈਬਲ ਦੀ ਇਹ ਗੱਲ ਸੱਚ ਸਾਬਤ ਹੁੰਦੀ ਦੇਖ ਰਹੇ ਹਨ: “ਜੇ ਤੂੰ ਬਿਪਤਾ ਦੇ ਦਿਨ ਨਿਰਾਸ਼ ਹੋ ਜਾਵੇਂ, ਤਾਂ ਤੇਰੀ ਤਾਕਤ ਘੱਟ ਹੋਵੇਗੀ।” (ਕਹਾਉਤਾਂ 24:10) ਬਾਈਬਲ ਵਿਚ ਅਜਿਹੇ ਅਸੂਲ ਦਿੱਤੇ ਗਏ ਹਨ ਜੋ ਮਹਾਂਮਾਰੀ ਕਰਕੇ ਪੈਦਾ ਹੋਏ ਮੁਸ਼ਕਲ ਹਾਲਾਤਾਂ ਨੂੰ ਸਹਿਣ ਵਿਚ ਸਾਡੀ ਮਦਦ ਕਰ ਸਕਦੇ ਹਨ।

 ਬਾਈਬਲ ਦੇ ਕਿਹੜੇ ਅਸੂਲ ਤੁਹਾਡੀ ਮਦਦ ਕਰ ਸਕਦੇ ਹਨ?

  •   ਸਮਾਜਕ ਦੂਰੀ ਬਣਾਓ, ਪਰ ਦੂਜਿਆਂ ਨਾਲ ਗੱਲਬਾਤ ਕਰਦੇ ਰਹੋ

     ਬਾਈਬਲ ਕੀ ਕਹਿੰਦੀ ਹੈ? “ਸੱਚਾ ਦੋਸਤ . . . ਦੁੱਖ ਦੀ ਘੜੀ ਵਿਚ ਭਰਾ ਬਣ ਜਾਂਦਾ ਹੈ।”—ਕਹਾਉਤਾਂ 17:17.

     ਇਹ ਜ਼ਰੂਰੀ ਕਿਉਂ ਹੈ? ਸੱਚੇ ਦੋਸਤ ਇਕ-ਦੂਜੇ ਨੂੰ ਹੌਸਲਾ ਦਿੰਦੇ ਹਨ। (1 ਥੱਸਲੁਨੀਕੀਆਂ 5:11) ਇਸ ਦੇ ਉਲਟ, ਆਪਣੇ ਆਪ ਨੂੰ ਦੂਸਰਿਆਂ ਤੋਂ ਵੱਖਰਾ ਕਰਨ ਕਰਕੇ ਸਾਡੀ ਸਿਹਤ ʼਤੇ ਬੁਰਾ ਅਸਰ ਪੈਂਦਾ ਹੈ।—ਕਹਾਉਤਾਂ 18:1.

     ਇੱਦਾਂ ਕਰ ਕੇ ਦੇਖੋ: ਵੀਡੀਓ ਕਾਲ, ਫ਼ੋਨ ਕਾਲ ਅਤੇ ਮੈਸਿਜ ਕਰ ਕੇ ਦੋਸਤਾਂ ਤੇ ਪਰਿਵਾਰ ਦੇ ਮੈਂਬਰਾਂ ਨਾਲ ਸੰਪਰਕ ਬਣਾਈ ਰੱਖੋ। ਜੇ ਤੁਹਾਡਾ ਦਿਨ ਖ਼ਰਾਬ ਰਿਹਾ ਹੈ, ਤਾਂ ਆਪਣੇ ਦੋਸਤਾਂ ਨਾਲ ਗੱਲ ਕਰੋ। ਨਾਲੇ ਆਪਣੇ ਦੋਸਤਾਂ ਤੇ ਪਰਿਵਾਰ ਦੇ ਮੈਂਬਰਾਂ ਦੀ ਖ਼ੈਰ-ਖ਼ਬਰ ਜਾਣਨ ਲਈ ਬਾਕਾਇਦਾ ਉਨ੍ਹਾਂ ਨਾਲ ਗੱਲ ਕਰੋ। ਇਸ ਮਹਾਂਮਾਰੀ ਦੌਰਾਨ ਜਿਨ੍ਹਾਂ ਗੱਲਾਂ ਨੇ ਤੁਹਾਡੀ ਮਦਦ ਕੀਤੀ, ਉਹ ਗੱਲਾਂ ਉਨ੍ਹਾਂ ਨੂੰ ਦੱਸੋ। ਆਪਣੇ ਕਿਸੇ ਦੋਸਤ ਲਈ ਕੁਝ ਵਧੀਆ ਕਰੋ ਜਿਸ ਨਾਲ ਤੁਹਾਨੂੰ ਤੇ ਤੁਹਾਡੇ ਦੋਸਤ ਨੂੰ ਖ਼ੁਸ਼ੀ ਮਿਲੇਗੀ।

  •   ਆਪਣੇ ਹਾਲਾਤਾਂ ਅਨੁਸਾਰ ਤੁਸੀਂ ਜੋ ਕਰ ਸਕਦੇ ਹੋ ਉਹ ਕਰੋ

     ਬਾਈਬਲ ਕੀ ਕਹਿੰਦੀ ਹੈ? “ਆਪਣੇ ਸਮੇਂ ਨੂੰ ਚੰਗੀ ਤਰ੍ਹਾਂ ਵਰਤੋ।”—ਅਫ਼ਸੀਆਂ 5:16.

     ਇਹ ਜ਼ਰੂਰੀ ਕਿਉਂ ਹੈ? ਆਪਣੇ ਸਮੇਂ ਦੀ ਸਹੀ ਵਰਤੋਂ ਕਰਨ ਨਾਲ ਤੁਸੀਂ ਸਹੀ ਰਵੱਈਆ ਰੱਖ ਸਕੋਗੇ ਅਤੇ ਹੱਦੋਂ ਵੱਧ ਚਿੰਤਾ ਕਰਨ ਤੋਂ ਬਚੋਗੇ।—ਲੂਕਾ 12:25.

     ਇੱਦਾਂ ਕਰ ਕੇ ਦੇਖੋ: ਇਸ ਗੱਲ ʼਤੇ ਧਿਆਨ ਨਾ ਲਾਓ ਕਿ ਤੁਸੀਂ ਹੁਣ ਕੀ ਨਹੀਂ ਕਰ ਸਕਦੇ, ਸਗੋਂ ਸੋਚੋ ਕਿ ਤੁਸੀਂ ਕੀ ਕਰ ਸਕਦੇ ਹੋ। ਮਿਸਾਲ ਲਈ, ਕੀ ਅਜਿਹੇ ਕੰਮ ਜਾਂ ਸ਼ੌਂਕ ਹਨ ਜਿਹੜੇ ਤੁਸੀਂ ਹੁਣ ਪੂਰੇ ਕਰ ਸਕਦੇ ਹੋ? ਕੀ ਤੁਸੀਂ ਆਪਣੇ ਪਰਿਵਾਰ ਨਾਲ ਹੋਰ ਸਮਾਂ ਬਿਤਾ ਸਕਦੇ ਹੋ?

  •   ਰੁਟੀਨ ਅਨੁਸਾਰ ਕੰਮ ਕਰੋ

     ਬਾਈਬਲ ਕੀ ਕਹਿੰਦੀ ਹੈ? “ਸਾਰੇ ਕੰਮ . . . ਸਹੀ ਢੰਗ ਨਾਲ ਕਰੋ।”—1 ਕੁਰਿੰਥੀਆਂ 14:40.

     ਇਹ ਜ਼ਰੂਰੀ ਕਿਉਂ ਹੈ? ਬਹੁਤ ਸਾਰੇ ਲੋਕ ਜ਼ਿਆਦਾ ਖ਼ੁਸ਼ੀ ਮਹਿਸੂਸ ਕਰਦੇ ਹਨ ਜਦੋਂ ਉਹ ਰੁਟੀਨ ਅਨੁਸਾਰ ਕੰਮ ਕਰਦੇ ਹਨ।

     ਇੱਦਾਂ ਕਰ ਕੇ ਦੇਖੋ: ਆਪਣੇ ਹਾਲਾਤਾਂ ਅਨੁਸਾਰ ਰੁਟੀਨ ਬਣਾਓ। ਸਕੂਲ ਦੇ ਕੰਮ, ਘਰ ਦੇ ਕੰਮ ਅਤੇ ਨੌਕਰੀ-ਪੇਸ਼ੇ ਲਈ ਸਮਾਂ ਤੈਅ ਕਰੋ। ਪਰਮੇਸ਼ੁਰ ਨਾਲ ਆਪਣੇ ਰਿਸ਼ਤੇ ਨੂੰ ਮਜ਼ਬੂਤ ਕਰਨ ਲਈ ਵੀ ਸਮਾਂ ਕੱਢੋ। ਨਾਲੇ ਤੁਸੀਂ ਆਪਣੀ ਰੁਟੀਨ ਵਿਚ ਇਹ ਕੰਮ ਵੀ ਸ਼ਾਮਲ ਕਰ ਸਕਦੇ ਹੋ, ਜਿਵੇਂ ਆਪਣੇ ਪਰਿਵਾਰ ਨਾਲ ਸਮਾਂ ਬਿਤਾਉਣਾ, ਬਾਹਰ ਜਾਣਾ ਅਤੇ ਕਸਰਤ ਕਰਨੀ। ਸਮੇਂ-ਸਮੇਂ ਤੇ ਆਪਣੀ ਰੁਟੀਨ ਦੀ ਜਾਂਚ ਕਰੋ ਅਤੇ ਲੋੜੀਂਦੀਆਂ ਤਬਦੀਲੀਆਂ ਕਰੋ।

  •   ਮੌਸਮ ਅਨੁਸਾਰ ਆਪਣੇ ਆਪ ਨੂੰ ਢਾਲੋ

     ਬਾਈਬਲ ਕੀ ਕਹਿੰਦੀ ਹੈ? “ਸਮਝਦਾਰ ਖ਼ਤਰੇ ਨੂੰ ਦੇਖ ਕੇ ਲੁਕ ਜਾਂਦਾ ਹੈ।”—ਕਹਾਉਤਾਂ 22:3.

     ਇਹ ਜ਼ਰੂਰੀ ਕਿਉਂ ਹੈ? ਤੁਸੀਂ ਜਿਸ ਥਾਂ ʼਤੇ ਰਹਿੰਦੇ ਹੋ, ਉੱਥੇ ਬਦਲਦੇ ਮੌਸਮ ਕਰਕੇ ਸ਼ਾਇਦ ਤਾਜ਼ੀ ਹਵਾ ਅਤੇ ਧੁੱਪ ਲੈਣ ਦੇ ਮੌਕੇ ਘੱਟ ਜਾਣ। ਹਵਾ ਤੇ ਧੁੱਪ ਸਾਡੀ ਸਰੀਰਕ ਅਤੇ ਮਾਨਸਿਕ ਸਿਹਤ ਲਈ ਜ਼ਰੂਰੀ ਹਨ।

     ਇੱਦਾਂ ਕਰ ਕੇ ਦੇਖੋ: ਜੇ ਸਰਦੀ ਦਾ ਮੌਸਮ ਆ ਰਿਹਾ ਹੈ, ਤਾਂ ਜਿੱਥੇ ਤੁਸੀਂ ਬੈਠਦੇ ਹੋ ਅਤੇ ਕੰਮ ਕਰਦੇ ਹੋ ਉੱਥੇ ਫਰਨੀਚਰ ਨੂੰ ਇਸ ਤਰ੍ਹਾਂ ਲਗਾਓ ਤਾਂਕਿ ਤੁਹਾਨੂੰ ਜ਼ਿਆਦਾ ਤੋਂ ਜ਼ਿਆਦਾ ਧੁੱਪ ਮਿਲ ਸਕੇ। ਪਹਿਲਾਂ ਹੀ ਸੋਚੋ ਕਿ ਤੁਸੀਂ ਠੰਢ ਦੇ ਬਾਵਜੂਦ ਕਿਹੜੇ ਸ਼ੌਂਕ ਬਾਹਰ ਜਾ ਕੇ ਪੂਰੇ ਕਰ ਸਕਦੇ ਹੋ ਜਿਵੇਂ ਕਿ ਕਸਰਤ ਕਰਨੀ, ਸੈਰ ਕਰਨੀ ਜਾਂ ਬਾਗ਼ਬਾਨੀ ਕਰਨੀ। ਜੇ ਹੋ ਸਕੇ, ਤਾਂ ਜ਼ਿਆਦਾ ਮੋਟੇ ਕੱਪੜੇ ਪਾਓ ਤਾਂਕਿ ਤੁਸੀਂ ਜ਼ਿਆਦਾ ਸਮਾਂ ਬਾਹਰ ਰਹਿ ਸਕੋ।

     ਜੇ ਗਰਮੀਆਂ ਆ ਰਹੀਆਂ ਹਨ, ਤਾਂ ਲੋਕ ਜ਼ਿਆਦਾ ਸਮਾਂ ਬਾਹਰ ਰਹਿਣਗੇ। ਇਸ ਲਈ ਆਪਣੇ ਆਪ ਨੂੰ ਸੁਰੱਖਿਅਤ ਰੱਖੋ। ਭੀੜ ਤੋਂ ਬਚਣ ਲਈ ਪਹਿਲਾਂ ਹੀ ਸੋਚੋ ਕਿ ਤੁਸੀਂ ਕਿੱਥੇ ਅਤੇ ਕਦੋਂ ਜਾਓਗੇ।

  •   ਕੋਵਿਡ-19 ਸੰਬੰਧੀ ਹਿਦਾਇਤਾਂ ਦੀ ਪਾਲਣਾ ਕਰਦੇ ਰਹੋ

     ਬਾਈਬਲ ਕੀ ਕਹਿੰਦੀ ਹੈ? “ਮੂਰਖ ਲਾਪਰਵਾਹ ਹੁੰਦਾ ਹੈ ਅਤੇ ਆਪਣੇ ʼਤੇ ਹੱਦੋਂ ਵੱਧ ਭਰੋਸਾ ਰੱਖਦਾ ਹੈ।”—ਕਹਾਉਤਾਂ 14:16.

     ਇਹ ਜ਼ਰੂਰੀ ਕਿਉਂ ਹੈ? ਕੋਵਿਡ-19 ਜਾਨਲੇਵਾ ਮਹਾਂਮਾਰੀ ਹੈ। ਜੇ ਅਸੀਂ ਲਾਪਰਵਾਹੀ ਦਿਖਾਉਂਦੇ ਹਾਂ, ਤਾਂ ਵਾਇਰਸ ਦੇ ਸ਼ਿਕਾਰ ਹੋਣ ਦਾ ਖ਼ਤਰਾ ਹੈ।

     ਇੱਦਾਂ ਕਰ ਕੇ ਦੇਖੋ: ਸਮੇਂ-ਸਮੇਂ ਤੇ ਜਾਂਚ ਕਰਦੇ ਰਹੋ ਕਿ ਤੁਹਾਡੇ ਇਲਾਕੇ ਵਿਚ ਕਿਹੜੀਆਂ ਭਰੋਸੇਮੰਦ ਹਿਦਾਇਤਾਂ ਦਿੱਤੀਆਂ ਜਾ ਰਹੀਆਂ ਹਨ ਅਤੇ ਦੇਖੋ ਕਿ ਤੁਸੀਂ ਅਜੇ ਵੀ ਇਨ੍ਹਾਂ ਨੂੰ ਮੰਨ ਰਹੇ ਹੋ ਜਾਂ ਨਹੀਂ। ਸੋਚੋ ਕਿ ਤੁਸੀਂ ਜੋ ਵੀ ਕਰਦੇ ਹੋ, ਉਸ ਦਾ ਤੁਹਾਡੇ ʼਤੇ, ਤੁਹਾਡੇ ਪਰਿਵਾਰ ਅਤੇ ਹੋਰਾਂ ʼਤੇ ਕੀ ਅਸਰ ਪਵੇਗਾ।

  •   ਪਰਮੇਸ਼ੁਰ ਨਾਲ ਆਪਣਾ ਰਿਸ਼ਤਾ ਮਜ਼ਬੂਤ ਕਰੋ

     ਬਾਈਬਲ ਕੀ ਕਹਿੰਦੀ ਹੈ? “ਪਰਮੇਸ਼ੁਰ ਦੇ ਨੇੜੇ ਆਓ ਅਤੇ ਉਹ ਤੁਹਾਡੇ ਨੇੜੇ ਆਵੇਗਾ।”—ਯਾਕੂਬ 4:8.

     ਇਹ ਜ਼ਰੂਰੀ ਕਿਉਂ ਹੈ? ਪਰਮੇਸ਼ੁਰ ਕਿਸੇ ਵੀ ਮੁਸ਼ਕਲ ਨੂੰ ਪਾਰ ਕਰਨ ਵਿਚ ਤੁਹਾਡੀ ਮਦਦ ਕਰ ਸਕਦਾ ਹੈ।—ਯਸਾਯਾਹ 41:13.

     ਇੱਦਾਂ ਕਰ ਕੇ ਦੇਖੋ: ਹਰ ਰੋਜ਼ ਪਰਮੇਸ਼ੁਰ ਦੇ ਬਚਨ ਬਾਈਬਲ ਦਾ ਕੁਝ ਹਿੱਸਾ ਪੜ੍ਹੋ। ਇੱਦਾਂ ਕਰਨ ਵਿਚ ਬਾਈਬਲ ਪੜ੍ਹਾਈ ਲਈ ਸ਼ਡਿਉਲ ਤੁਹਾਡੀ ਮਦਦ ਕਰ ਸਕਦਾ ਹੈ।

 ਕਿਉਂ ਨਾ ਯਹੋਵਾਹ ਦੇ ਗਵਾਹਾਂ ਨਾਲ ਸੰਪਰਕ ਕਰੋ ਤੇ ਜਾਣੋ ਕਿ ਕੋਵਿਡ-19 ਮਹਾਂਮਾਰੀ ਦੌਰਾਨ ਉਨ੍ਹਾਂ ਨੇ ਸਭਾਵਾਂ ਜਾਰੀ ਰੱਖਣ ਦੇ ਕਿਹੜੇ ਪ੍ਰਬੰਧ ਕੀਤੇ ਹਨ ਤੇ ਤੁਸੀਂ ਉਨ੍ਹਾਂ ਤੋਂ ਕਿਵੇਂ ਫ਼ਾਇਦਾ ਲੈ ਸਕਦੇ ਹੋ? ਮਿਸਾਲ ਲਈ, ਦੁਨੀਆਂ ਭਰ ਵਿਚ ਉਹ ਵੀਡੀਓ ਕਾਨਫ਼ਰੰਸ ਰਾਹੀਂ ਮੰਡਲੀ ਦੀਆਂ ਸਭਾਵਾਂ ਕਰ ਰਹੇ ਹਨ ਅਤੇ ਉਨ੍ਹਾਂ ਨੇ ਇਸੇ ਤਰੀਕੇ ਨਾਲ ਹੀ ਯਿਸੂ ਦੀ ਮੌਤ ਦੀ ਯਾਦਗਾਰ ਮਨਾਈ ਅਤੇ ਵੱਡੇ ਸੰਮੇਲਨ ਵਿਚ ਹਾਜ਼ਰ ਹੋਏ।

 ਇਨ੍ਹਾਂ ਮੁਸ਼ਕਲ ਸਮਿਆਂ ਦੌਰਾਨ ਬਾਈਬਲ ਦੀਆਂ ਕਿਹੜੀਆਂ ਆਇਤਾਂ ਤੁਹਾਡੀ ਮਦਦ ਕਰ ਸਕਦੀਆਂ ਹਨ?

 ਯਸਾਯਾਹ 30:15: “ਸ਼ਾਂਤ ਰਹਿਣ ਅਤੇ ਮੇਰੇ ਉੱਤੇ ਭਰੋਸਾ ਰੱਖਣ ਨਾਲ ਤੁਹਾਨੂੰ ਤਾਕਤ ਮਿਲੇਗੀ।”

 ਮਤਲਬ: ਪਰਮੇਸ਼ੁਰ ਦੀ ਸਲਾਹ ʼਤੇ ਭਰੋਸਾ ਰੱਖਣ ਕਰਕੇ ਅਸੀਂ ਮੁਸ਼ਕਲ ਸਮਿਆਂ ਵਿਚ ਸ਼ਾਂਤ ਰਹਿ ਸਕਾਂਗੇ।

 ਕਹਾਉਤਾਂ 15:15: “ਦੁਖੀ ਇਨਸਾਨ ਦੇ ਸਾਰੇ ਦਿਨ ਬੁਰੇ ਹੁੰਦੇ ਹਨ, ਪਰ ਖ਼ੁਸ਼ਦਿਲ ਇਨਸਾਨ ਹਮੇਸ਼ਾ ਦਾਅਵਤਾਂ ਦਾ ਮਜ਼ਾ ਲੈਂਦਾ ਹੈ।”

 ਮਤਲਬ: ਚੰਗੀਆਂ ਚੀਜ਼ਾਂ ʼਤੇ ਧਿਆਨ ਲਾਉਣ ਨਾਲ ਤੁਹਾਨੂੰ ਮੁਸ਼ਕਲ ਸਮਿਆਂ ਵਿਚ ਖ਼ੁਸ਼ ਰਹਿਣ ਵਿਚ ਮਦਦ ਮਿਲ ਸਕੇਗੀ।

 ਕਹਾਉਤਾਂ 14:15: “ਭੋਲਾ ਹਰ ਗੱਲ ʼਤੇ ਯਕੀਨ ਕਰ ਲੈਂਦਾ ਹੈ, ਪਰ ਹੁਸ਼ਿਆਰ ਇਨਸਾਨ ਹਰ ਕਦਮ ਸੋਚ-ਸਮਝ ਕੇ ਚੁੱਕਦਾ ਹੈ।”

 ਮਤਲਬ: ਸੁਰੱਖਿਅਤ ਰਹਿਣ ਲਈ ਦਿੱਤੀਆਂ ਜਾਂਦੀਆਂ ਹਿਦਾਇਤਾਂ ਦੀ ਪਾਲਣਾ ਕਰੋ। ਕਿਸੇ ਦੇ ਕਹਿਣ ʼਤੇ ਇਸ ਗੱਲ ʼਤੇ ਯਕੀਨ ਨਾ ਕਰੋ ਕਿ ਅਜਿਹੀਆਂ ਹਿਦਾਇਤਾਂ ਨੂੰ ਹੁਣ ਮੰਨਣ ਦੀ ਲੋੜ ਨਹੀਂ ਹੈ।

 ਯਸਾਯਾਹ 33:24: “ਕੋਈ ਵਾਸੀ ਨਾ ਕਹੇਗਾ: ‘ਮੈਂ ਬੀਮਾਰ ਹਾਂ।’”

 ਮਤਲਬ: ਪਰਮੇਸ਼ੁਰ ਵਾਅਦਾ ਕਰਦਾ ਹੈ ਕਿ ਹਰ ਤਰ੍ਹਾਂ ਦੀ ਬੀਮਾਰੀ ਨੂੰ ਜੜ੍ਹੋਂ ਖ਼ਤਮ ਕਰ ਦਿੱਤਾ ਜਾਵੇਗਾ।