Skip to content

Skip to table of contents

ਮੁੱਖ ਪੰਨੇ ਤੋਂ | ਕਿਵੇਂ ਛੁਡਾਈਏ ਚਿੰਤਾ ਤੋਂ ਖਹਿੜਾ?

ਪੈਸੇ ਦੀ ਚਿੰਤਾ

ਪੈਸੇ ਦੀ ਚਿੰਤਾ

ਦੋ ਬੱਚਿਆਂ ਦਾ ਪਿਤਾ ਪੌਲ ਕਹਿੰਦਾ ਹੈ: “ਸਾਡੇ ਦੇਸ਼ ਵਿਚ ਮੰਦੀ ਦਾ ਦੌਰ ਸ਼ੁਰੂ ਹੋਣ ਤੋਂ ਬਾਅਦ ਖਾਣਾ ਅੱਗ ਦੇ ਭਾਅ ਵਿਕਣ ਲੱਗਾ ਤੇ ਬਹੁਤ ਘੱਟ ਮਿਲਦਾ ਸੀ। ਅਸੀਂ ਘੰਟਿਆਂ-ਬੱਧੀ ਲਾਈਨਾਂ ਵਿਚ ਖੜ੍ਹੇ ਰਹਿੰਦੇ ਸੀ, ਪਰ ਜਦੋਂ ਸਾਡੀ ਵਾਰੀ ਆਉਂਦੀ ਸੀ, ਤਾਂ ਖਾਣਾ ਖ਼ਤਮ ਹੋ ਚੁੱਕਾ ਹੁੰਦਾ ਸੀ। ਲੋਕ ਭੁੱਖ ਕਾਰਨ ਸੁੱਕ ਕੇ ਤੀਲਾਂ ਹੋ ਗਏ ਅਤੇ ਕੁਝ ਤਾਂ ਸੜਕਾਂ ’ਤੇ ਡਿਗ ਪੈਂਦੇ ਸਨ। ਆਮ ਚੀਜ਼ਾਂ ਦੀ ਕੀਮਤ ਪਹਿਲਾਂ ਲੱਖਾਂ ਵਿਚ ਹੋ ਗਈ ਤੇ ਫਿਰ ਅਰਬਾਂ ਵਿਚ। ਅਖ਼ੀਰ ਪੈਸਿਆਂ ਦੀ ਵੀ ਕੋਈ ਕੀਮਤ ਨਹੀਂ ਰਹੀ। ਮੇਰਾ ਬੈਂਕ ਅਕਾਊਂਟ, ਬੀਮਾ ਪਾਲਸੀ ਤੇ ਭਵਿੱਖ ਵਿਚ ਮਿਲਣ ਵਾਲੀ ਪੈਨਸ਼ਨ ਵੀ ਜਾਂਦੀ ਲੱਗੀ।”

ਪੌਲ

ਪੌਲ ਨੂੰ ਪਤਾ ਸੀ ਕਿ ਉਸ ਦੇ ਪਰਿਵਾਰ ਨੂੰ ਜੀਉਂਦਾ ਰਹਿਣ ਲਈ “ਸਮਝਦਾਰੀ” ਵਰਤਣ ਦੀ ਲੋੜ ਸੀ। (ਕਹਾਉਤਾਂ 3:21, ERV) ਉਹ ਕਹਿੰਦਾ ਹੈ, “ਮੈਂ ਇਕ ਇਲੈਕਟ੍ਰੀਕਲ ਠੇਕੇਦਾਰ ਸੀ, ਪਰ ਮੈਨੂੰ ਜੋ ਵੀ ਕੰਮ ਮਿਲਿਆ, ਉਹ ਮੈਂ ਬਹੁਤ ਘੱਟ ਪੈਸਿਆਂ ਵਿਚ ਕੀਤਾ। ਕੁਝ ਲੋਕ ਮੈਨੂੰ ਖਾਣਾ ਜਾਂ ਘਰ ਦਾ ਸਾਮਾਨ ਦੇ ਦਿੰਦੇ ਸਨ। ਜੇ ਕੋਈ ਮੈਨੂੰ ਸਾਬਣ ਦੀਆਂ ਚਾਰ ਟਿੱਕੀਆਂ ਦਿੰਦਾ ਸੀ, ਤਾਂ ਮੈਂ ਦੋ ਟਿੱਕੀਆਂ ਆਪ ਵਰਤਦਾ ਸੀ ਤੇ ਦੋ ਕਿਸੇ ਨੂੰ ਵੇਚ ਦਿੰਦਾ ਸੀ। ਫਿਰ ਮੈਂ 40 ਚੂਚੇ ਲੈ ਲਏ। ਜਦੋਂ ਉਹ ਵੱਡੇ ਹੋਏ, ਤਾਂ ਮੈਂ ਉਨ੍ਹਾਂ ਨੂੰ ਵੇਚ ਕੇ 300 ਹੋਰ ਖ਼ਰੀਦ ਲਏ। ਫਿਰ ਮੈਂ 50 ਮੁਰਗੀਆਂ ਦੇ ਬਦਲੇ 50 ਕਿਲੋ ਦੇ ਦੋ ਮੱਕੀ ਦੇ ਆਟੇ ਦੇ ਬੋਰੇ ਲੈ ਲਏ। ਉਨ੍ਹਾਂ ਦੋ ਬੋਰਿਆਂ ਨਾਲ ਮੈਂ ਲੰਬੇ ਸਮੇਂ ਤਕ ਆਪਣੇ ਪਰਿਵਾਰ ਤੇ ਹੋਰ ਪਰਿਵਾਰਾਂ ਦਾ ਢਿੱਡ ਭਰਦਾ ਰਿਹਾ।”

ਪੌਲ ਨੂੰ ਪਤਾ ਸੀ ਕਿ ਸਭ ਤੋਂ ਵਧੀਆ ਗੱਲ ਇਹ ਸੀ ਕਿ ਅਸੀਂ ਰੱਬ ’ਤੇ ਭਰੋਸਾ ਰੱਖੀਏ। ਰੱਬ ਸਾਡੀ ਮਦਦ ਕਰਦਾ ਹੈ ਜਦੋਂ ਅਸੀਂ ਉਹ ਕੰਮ ਕਰਦੇ ਹਾਂ ਜੋ ਰੱਬ ਕਰਨ ਦਾ ਹੁਕਮ ਦਿੰਦਾ ਹੈ। ਜ਼ਿੰਦਗੀ ਦੀਆਂ ਲੋੜਾਂ ਬਾਰੇ ਯਿਸੂ ਨੇ ਕਿਹਾ ਸੀ: “ਇਨ੍ਹਾਂ ਚੀਜ਼ਾਂ ਦੀ ਚਿੰਤਾ ਕਰਨੀ ਬਿਲਕੁਲ ਛੱਡ ਦਿਓ, . . . ਤੁਹਾਡਾ ਪਿਤਾ ਜਾਣਦਾ ਹੈ ਕਿ ਤੁਹਾਨੂੰ ਇਨ੍ਹਾਂ ਚੀਜ਼ਾਂ ਦੀ ਲੋੜ ਹੈ।”ਲੂਕਾ 12:29-31.

ਦੁੱਖ ਦੀ ਗੱਲ ਹੈ ਕਿ ਰੱਬ ਦੇ ਵੱਡੇ ਦੁਸ਼ਮਣ ਸ਼ੈਤਾਨ ਨੇ ਜ਼ਿਆਦਾਤਰ ਲੋਕਾਂ ਨੂੰ ਇਸੇ ਘੁੰਮਣ-ਘੇਰੀ ਵਿਚ ਪਾਇਆ ਹੋਇਆ ਹੈ ਕਿ ਉਹ ਬਸ ਭੌਤਿਕ ਚੀਜ਼ਾਂ ਪਿੱਛੇ ਹੀ ਦੌੜਦੇ ਰਹਿਣ। ਲੋਕ ਆਪਣੀਆਂ ਲੋੜਾਂ ਬਾਰੇ ਹੀ ਚਿੰਤਾ ਕਰਦੇ ਰਹਿੰਦੇ ਹਨ ਜਿਨ੍ਹਾਂ ਵਿੱਚੋਂ ਕੁਝ ਜਾਇਜ਼ ਹੁੰਦੀਆਂ ਤੇ ਕੁਝ ਬਾਰੇ ਤਾਂ ਉਹ ਸੁਪਨੇ ਹੀ ਲੈ ਸਕਦੇ ਹਨ। ਉਹ ਉਨ੍ਹਾਂ ਚੀਜ਼ਾਂ ਨੂੰ ਪਾਉਣ ਦੀ ਕੋਸ਼ਿਸ਼ ਕਰਦੇ ਹਨ ਜਿਨ੍ਹਾਂ ਦੀ ਉਨ੍ਹਾਂ ਨੂੰ ਅਸਲ ਵਿਚ ਲੋੜ ਨਹੀਂ ਹੁੰਦੀ। ਕਈ ਕਰਜ਼ੇ ਦੇ ਬੋਝ ਥੱਲੇ ਦੱਬ ਜਾਂਦੇ ਹਨ ਜਿਸ ਤੋਂ ਬਾਅਦ ਉਨ੍ਹਾਂ ਨੂੰ ਇਹ ਕੌੜੀ ਸੱਚਾਈ ਪਤਾ ਲੱਗਦੀ ਹੈ ਕਿ “ਉਧਾਰ ਲੈਣ ਵਾਲਾ ਉਧਾਰ ਦੇਣ ਵਾਲੇ ਦਾ ਦਾਸ ਹੁੰਦਾ ਹੈ।”ਕਹਾਉਤਾਂ 22:7.

ਕੁਝ ਲੋਕ ਅਜਿਹੇ ਫ਼ੈਸਲੇ ਕਰਦੇ ਹਨ ਜਿਨ੍ਹਾਂ ਨਾਲ ਉਨ੍ਹਾਂ ਦਾ ਨੁਕਸਾਨ ਹੁੰਦਾ ਹੈ। ਪੌਲ ਕਹਿੰਦਾ ਹੈ, “ਮੇਰੇ ਕਈ ਗੁਆਂਢੀ ਆਪਣੇ ਪਰਿਵਾਰ ਤੇ ਦੋਸਤਾਂ ਨੂੰ ਛੱਡ ਕੇ ਵਿਦੇਸ਼ ਚਲੇ ਗਏ ਤਾਂਕਿ ਉਨ੍ਹਾਂ ਦੇ ਹਾਲਾਤ ਸੁਧਰ ਸਕਣ। ਕੁਝ ਜ਼ਰੂਰੀ ਕਾਗਜ਼ਾਤਾਂ ਤੋਂ ਬਗੈਰ ਗ਼ੈਰ-ਕਾਨੂੰਨੀ ਢੰਗ ਨਾਲ ਗਏ ਜਿਸ ਕਰਕੇ ਉਨ੍ਹਾਂ ਨੂੰ ਕੰਮ ਮਿਲਣਾ ਮੁਸ਼ਕਲ ਸੀ। ਉਹ ਅਕਸਰ ਪੁਲਿਸ ਤੋਂ ਲੁਕਦੇ-ਫਿਰਦੇ ਸਨ ਤੇ ਸੜਕਾਂ ’ਤੇ ਸੌਂਦੇ ਸਨ। ਉਨ੍ਹਾਂ ਨੇ ਰੱਬ ਨੂੰ ਮਦਦ ਕਰਨ ਦਾ ਕੋਈ ਮੌਕਾ ਨਹੀਂ ਦਿੱਤਾ। ਪਰ ਅਸੀਂ ਸਾਰੇ ਪਰਿਵਾਰ ਨੇ ਮਿਲ ਕੇ ਰੱਬ ਦੀ ਮਦਦ ਨਾਲ ਆਰਥਿਕ ਤੰਗੀਆਂ ਦਾ ਸਾਮ੍ਹਣਾ ਕਰਨ ਦਾ ਪੱਕਾ ਇਰਾਦਾ ਕਰ ਲਿਆ ਸੀ।”

ਯਿਸੂ ਦੀ ਸਲਾਹ ’ਤੇ ਚੱਲੋ

ਪੌਲ ਅੱਗੇ ਦੱਸਦਾ ਹੈ: “ਯਿਸੂ ਨੇ ਕਿਹਾ ਸੀ: ‘ਕਦੇ ਵੀ ਕੱਲ੍ਹ ਦੀ ਚਿੰਤਾ ਨਾ ਕਰੋ, ਕਿਉਂਕਿ ਕੱਲ੍ਹ ਦੀਆਂ ਆਪਣੀਆਂ ਚਿੰਤਾਵਾਂ ਹੋਣਗੀਆਂ। ਅੱਜ ਦੀਆਂ ਪਰੇਸ਼ਾਨੀਆਂ ਅੱਜ ਲਈ ਬਹੁਤ ਹਨ।’ ਇਸ ਲਈ ਮੈਂ ਰੋਜ਼ ਇਹੀ ਪ੍ਰਾਰਥਨਾ ਕਰਦਾ ਸੀ ਕਿ ਰੱਬਾ “ਸਾਨੂੰ ਅੱਜ ਦੀ ਰੋਟੀ ਅੱਜ ਦੇ” ਤਾਂਕਿ ਅਸੀਂ ਜੀਉਂਦੇ ਰਹਿ ਸਕੀਏ। ਉਸ ਨੇ ਸਾਡੀ ਮਦਦ ਕੀਤੀ ਜਿਵੇਂ ਯਿਸੂ ਨੇ ਵਾਅਦਾ ਕੀਤਾ ਸੀ। ਸਾਨੂੰ ਹਮੇਸ਼ਾ ਸਾਡੀ ਪਸੰਦ ਦਾ ਖਾਣਾ ਨਹੀਂ ਮਿਲਦਾ ਸੀ। ਇਕ ਵਾਰ ਮੈਂ ਖਾਣਾ ਖ਼ਰੀਦਣ ਲਈ ਲਾਈਨ ਵਿਚ ਲੱਗਾ ਹੋਇਆ ਸੀ, ਪਰ ਇਹ ਨਹੀਂ ਸੀ ਪਤਾ ਕਿ ਕੀ ਵਿਕ ਰਿਹਾ ਸੀ। ਜਦੋਂ ਮੇਰੀ ਵਾਰੀ ਆਈ, ਤਾਂ ਦੇਖਿਆ ਦਹੀਂ ਮਿਲ ਰਿਹਾ ਸੀ। ਮੈਨੂੰ ਦਹੀਂ ਬਿਲਕੁਲ ਵੀ ਪਸੰਦ ਨਹੀਂ। ਪਰ ਉਸ ਵੇਲੇ ਖਾਣ ਨੂੰ ਸਿਰਫ਼ ਇਹੀ ਮਿਲ ਰਿਹਾ ਸੀ, ਇਸ ਲਈ ਉਸ ਰਾਤ ਅਸੀਂ ਦਹੀਂ ਹੀ ਖਾਧਾ। ਮੈਂ ਰੱਬ ਦਾ ਸ਼ੁਕਰ ਕਰਦਾ ਹਾਂ ਕਿ ਉਸ ਸਮੇਂ ਦੌਰਾਨ ਮੇਰਾ ਪਰਿਵਾਰ ਭੁੱਖੇ ਪੇਟ ਨਹੀਂ ਸੁੱਤਾ।” *

ਪਰਮੇਸ਼ੁਰ ਨੇ ਵਾਅਦਾ ਕੀਤਾ ਹੈ: “ਮੈਂ ਕਦੀ ਵੀ ਤੈਨੂੰ ਨਹੀਂ ਛੱਡਾਂਗਾ ਅਤੇ ਨਾ ਹੀ ਕਦੀ ਤੈਨੂੰ ਤਿਆਗਾਂਗਾ।”ਇਬਰਾਨੀਆਂ 13:5

“ਅੱਜ ਅਸੀਂ ਪੈਸੇ ਪੱਖੋਂ ਠੀਕ-ਠਾਕ ਹਾਂ। ਪਰ ਆਪਣੇ ਤਜਰਬੇ ਤੋਂ ਅਸੀਂ ਸਿੱਖਿਆ ਹੈ ਕਿ ਚਿੰਤਾ ’ਤੇ ਕਾਬੂ ਪਾਉਣ ਦਾ ਸਭ ਤੋਂ ਵਧੀਆ ਤਰੀਕਾ ਹੈ ਕਿ ਰੱਬ ’ਤੇ ਭਰੋਸਾ ਰੱਖੋ। ਯਹੋਵਾਹ * ਸਾਡੀ ਮਦਦ ਕਰਦਾ ਰਹੇਗਾ ਜਿੰਨੀ ਦੇਰ ਅਸੀਂ ਉਸ ਦੀ ਮਰਜ਼ੀ ਪੂਰੀ ਕਰਦੇ ਰਹਾਂਗੇ। ਅਸੀਂ ਜ਼ਬੂਰਾਂ ਦੀ ਪੋਥੀ 34:8 ਦੇ ਇਹ ਸ਼ਬਦ ਪੂਰੇ ਹੁੰਦੇ ਦੇਖੇ ਹਨ: ‘ਚੱਖੋ ਤੇ ਵੇਖੋ ਭਈ ਯਹੋਵਾਹ ਭਲਾ ਹੈ, ਧੰਨ ਹੈ ਉਹ ਪੁਰਸ਼ ਜੋ ਉਸ ਵਿੱਚ ਪਨਾਹ ਲੈਂਦਾ ਹੈ।’ ਨਤੀਜੇ ਵਜੋਂ, ਸਾਨੂੰ ਇਸ ਗੱਲ ਦਾ ਡਰ ਨਹੀਂ ਹੈ ਕਿ ਜੇ ਦੁਬਾਰਾ ਆਰਥਿਕ ਤੰਗੀ ਆ ਗਈ, ਤਾਂ ਅਸੀਂ ਕੀ ਕਰਾਂਗੇ।

ਪਰਮੇਸ਼ੁਰ ਆਪਣੇ ਵਫ਼ਾਦਾਰਾਂ ਦੀ ਮਦਦ ਕਰਦਾ ਹੈ ਕਿ ਉਨ੍ਹਾਂ ਨੂੰ “ਅੱਜ ਦੀ ਰੋਟੀ ਅੱਜ” ਮਿਲੇ

“ਸਾਨੂੰ ਇਹ ਗੱਲ ਚੰਗੀ ਤਰ੍ਹਾਂ ਪਤਾ ਲੱਗ ਗਈ ਹੈ ਕਿ ਇਨਸਾਨ ਨੂੰ ਜੀਉਂਦਾ ਰਹਿਣ ਲਈ ਕੰਮ ਜਾਂ ਪੈਸੇ ਦੀ ਨਹੀਂ, ਸਗੋਂ ਖਾਣੇ ਦੀ ਜ਼ਰੂਰਤ ਹੈ। ਅਸੀਂ ਬੇਸਬਰੀ ਨਾਲ ਉਸ ਸਮੇਂ ਦੀ ਉਡੀਕ ਕਰ ਰਹੇ ਹਾਂ ਜਦੋਂ ਰੱਬ ਦਾ ਇਹ ਵਾਅਦਾ ਪੂਰਾ ਹੋਵੇਗਾ: ‘ਧਰਤੀ ਉੱਤੇ ਬਹੁਤਾ ਅੰਨ ਹੋਵੇਗਾ।’ ਜਦ ਤਕ ਉਹ ਸਮਾਂ ਨਹੀਂ ਆਉਂਦਾ, ਸਾਨੂੰ ‘ਰੋਟੀ, ਕੱਪੜੇ ਤੇ ਮਕਾਨ ਵਿਚ ਸੰਤੋਖ ਰੱਖਣਾ ਚਾਹੀਦਾ ਹੈ।’ ਸਾਨੂੰ ਬਾਈਬਲ ਦੇ ਇਨ੍ਹਾਂ ਸ਼ਬਦਾਂ ਤੋਂ ਹੌਸਲਾ ਮਿਲਦਾ ਹੈ: ‘ਤੁਸੀਂ ਜ਼ਿੰਦਗੀ ਵਿਚ ਪੈਸੇ ਨਾਲ ਪਿਆਰ ਨਾ ਕਰੋ ਅਤੇ ਤੁਹਾਡੇ ਕੋਲ ਜੋ ਵੀ ਹੈ, ਉਸੇ ਵਿਚ ਸੰਤੁਸ਼ਟ ਰਹੋ। ਕਿਉਂਕਿ ਪਰਮੇਸ਼ੁਰ ਨੇ ਕਿਹਾ ਹੈ: “ਮੈਂ ਕਦੀ ਵੀ ਤੈਨੂੰ ਨਹੀਂ ਛੱਡਾਂਗਾ ਅਤੇ ਨਾ ਹੀ ਕਦੀ ਤੈਨੂੰ ਤਿਆਗਾਂਗਾ।” ਇਸ ਕਰਕੇ ਅਸੀਂ ਪੂਰੇ ਹੌਸਲੇ ਨਾਲ ਕਹਿ ਸਕਦੇ ਹਾਂ: “ਯਹੋਵਾਹ ਮੇਰਾ ਸਹਾਰਾ ਹੈ; ਮੈਂ ਨਹੀਂ ਡਰਾਂਗਾ।”’” *

‘ਪਰਮੇਸ਼ੁਰ ਦੇ ਨਾਲ ਨਾਲ ਚੱਲਣ’ ਲਈ ਪੱਕੀ ਨਿਹਚਾ ਕਰਨ ਦੀ ਲੋੜ ਹੈ ਜਿਸ ਤਰ੍ਹਾਂ ਪੌਲ ਅਤੇ ਉਸ ਦਾ ਪਰਿਵਾਰ ਕਰ ਰਹੇ ਹਨ। (ਉਤਪਤ 6:9) ਭਾਵੇਂ ਅਸੀਂ ਹੁਣ ਆਰਥਿਕ ਮੰਦੀ ਦੇ ਦੌਰ ਵਿੱਚੋਂ ਗੁਜ਼ਰ ਰਹੇ ਹਾਂ ਜਾਂ ਨਹੀਂ ਜਾਂ ਸ਼ਾਇਦ ਭਵਿੱਖ ਵਿਚ ਇੱਦਾਂ ਹੋਵੇ, ਪਰ ਸਾਨੂੰ ਪੌਲ ਦੀ ਨਿਹਚਾ ਅਤੇ ਸਮਝਦਾਰੀ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ।

ਪਰ ਉਦੋਂ ਕੀ ਜੇ ਪਰਿਵਾਰ ਦੀਆਂ ਸਮੱਸਿਆਵਾਂ ਕਰਕੇ ਅਸੀਂ ਚਿੰਤਾ ਵਿਚ ਪੈ ਜਾਂਦੇ ਹਾਂ?(w15-E 07/01)

^ ਪੈਰਾ 10 ਬਾਈਬਲ ਵਿਚ ਰੱਬ ਦਾ ਨਾਂ ਯਹੋਵਾਹ ਦੱਸਿਆ ਗਿਆ ਹੈ।