Skip to content

Skip to table of contents

ਮੁੱਖ ਪੰਨੇ ਤੋਂ | ਕੀ ਸਾਨੂੰ ਰੱਬ ਦੀ ਲੋੜ ਹੈ?

ਸਾਨੂੰ ਰੱਬ ਦੀ ਕਿਉਂ ਲੋੜ ਹੈ?

ਸਾਨੂੰ ਰੱਬ ਦੀ ਕਿਉਂ ਲੋੜ ਹੈ?

ਮਾਨਸਿਕ ਸਿਹਤ ਦੇ ਮਾਹਰ ਸਾਨੂੰ ਦੱਸਦੇ ਹਨ ਕਿ ਸੱਚ-ਮੁੱਚ ਖ਼ੁਸ਼ ਰਹਿਣ ਲਈ ਸਰੀਰਕ ਲੋੜਾਂ ਪੂਰੀਆਂ ਕਰਨ ਤੋਂ ਇਲਾਵਾ ਹੋਰ ਵੀ ਕੁਝ ਕਰਨ ਦੀ ਜ਼ਰੂਰਤ ਹੈ। ਇਸੇ ਕਰਕੇ ਲੋਕ ਜ਼ਿੰਦਗੀ ਵਿਚ ਕੁਝ ਕਰਨ ਦਾ ਮਕਸਦ ਰੱਖਦੇ ਹਨ ਜਿਵੇਂ ਕਿ ਕਿਸੇ ਸੰਗਠਨ ਨਾਲ ਜੁੜਨਾ ਜਾਂ ਲੋਕ ਭਲਾਈ ਦੇ ਕੰਮ ਕਰਨੇ। ਕੁਝ ਲੋਕ ਆਪਣਾ ਵਿਹਲਾ ਸਮਾਂ ਕੁਦਰਤ, ਕਲਾ, ਸੰਗੀਤ ਤੇ ਹੋਰ ਕੰਮਾਂ ਵਿਚ ਪੂਰੀ ਤਰ੍ਹਾਂ ਲਾ ਦਿੰਦੇ ਹਨ। ਫਿਰ ਵੀ ਜ਼ਿਆਦਾਤਰ ਲੋਕਾਂ ਨੂੰ ਇਨ੍ਹਾਂ ਕੰਮਾਂ ਤੋਂ ਜੋ ਖ਼ੁਸ਼ੀ ਮਿਲਦੀ ਹੈ ਉਹ ਬਹੁਤਾ ਚਿਰ ਨਹੀਂ ਰਹਿੰਦੀ।

ਪਰਮੇਸ਼ੁਰ ਚਾਹੁੰਦਾ ਹੈ ਕਿ ਇਨਸਾਨ ਹੁਣ ਅਤੇ ਹਮੇਸ਼ਾ ਲਈ ਖ਼ੁਸ਼ ਰਹਿਣ

ਬਾਈਬਲ ਪੜ੍ਹਨ ਵਾਲਿਆਂ ਲਈ ਇਹ ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿ ਇਨਸਾਨਾਂ ਵਿਚ ਜਨਮ ਤੋਂ ਹੀ ਪਰਮੇਸ਼ੁਰ ਨਾਲ ਰਿਸ਼ਤਾ ਜੋੜਨ ਦੀ ਖ਼ਾਹਸ਼ ਹੁੰਦੀ ਹੈ। ਬਾਈਬਲ ਵਿਚ ਉਤਪਤ ਦੀ ਕਿਤਾਬ ਦੇ ਪਹਿਲੇ ਅਧਿਆਵਾਂ ਤੋਂ ਪਤਾ ਲੱਗਦਾ ਹੈ ਕਿ ਪਹਿਲੇ ਇਨਸਾਨੀ ਜੋੜੇ ਨੂੰ ਬਣਾਉਣ ਤੋਂ ਬਾਅਦ ਪਰਮੇਸ਼ੁਰ ਉਨ੍ਹਾਂ ਨਾਲ ਅਕਸਰ ਗੱਲਬਾਤ ਕਰਦਾ ਹੁੰਦਾ ਸੀ। ਇਸ ਤਰ੍ਹਾਂ ਉਹ ਪਰਮੇਸ਼ੁਰ ਨਾਲ ਆਪਣਾ ਰਿਸ਼ਤਾ ਜੋੜ ਸਕਦੇ ਸਨ। (ਉਤਪਤ 3:8-10) ਪਰਮੇਸ਼ੁਰ ਨੇ ਇਨਸਾਨਾਂ ਨੂੰ ਇਸ ਲਈ ਨਹੀਂ ਬਣਾਇਆ ਸੀ ਕਿ ਉਹ ਉਸ ਤੋਂ ਅਲੱਗ ਰਹਿ ਕੇ ਜੀਉਣ। ਉਨ੍ਹਾਂ ਨੂੰ ਆਪਣੇ ਸਿਰਜਣਹਾਰ ਨਾਲ ਗੱਲ ਕਰਨ ਦੀ ਲੋੜ ਸੀ। ਬਾਈਬਲ ਵਾਰ-ਵਾਰ ਇਸ ਲੋੜ ਦਾ ਜ਼ਿਕਰ ਕਰਦੀ ਹੈ।

ਮਿਸਾਲ ਲਈ ਯਿਸੂ ਨੇ ਕਿਹਾ: “ਖ਼ੁਸ਼ ਹਨ ਜਿਹੜੇ ਪਰਮੇਸ਼ੁਰ ਦੀ ਅਗਵਾਈ ਲਈ ਤਰਸਦੇ ਹਨ।” (ਮੱਤੀ 5:3) ਇਨ੍ਹਾਂ ਸ਼ਬਦਾਂ ਤੋਂ ਅਸੀਂ ਸਿੱਟਾ ਕੱਢ ਸਕਦੇ ਹਾਂ ਕਿ ਖ਼ੁਸ਼ ਤੇ ਸੰਤੁਸ਼ਟ ਰਹਿਣ ਲਈ ਸਾਡੇ ਵਾਸਤੇ ਪਰਮੇਸ਼ੁਰ ਬਾਰੇ ਜਾਣਨਾ ਬਹੁਤ ਜ਼ਰੂਰੀ ਹੈ। ਅਸੀਂ ਇਹ ਕਿਵੇਂ ਕਰ ਸਕਦੇ ਹਾਂ? ਯਿਸੂ ਨੇ ਜਵਾਬ ਦਿੰਦੇ ਹੋਏ ਕਿਹਾ: “ਇਨਸਾਨ ਨੂੰ ਜੀਉਂਦਾ ਰਹਿਣ ਵਾਸਤੇ ਸਿਰਫ਼ ਰੋਟੀ ਦੀ ਹੀ ਲੋੜ ਨਹੀਂ, ਸਗੋਂ ਯਹੋਵਾਹ ਦੇ ਮੂੰਹੋਂ ਨਿਕਲੇ ਹਰ ਬਚਨ ਦੀ ਲੋੜ ਹੈ।” (ਮੱਤੀ 4:4) ਬਾਈਬਲ ਵਿਚ ਦਰਜ ਵਿਚਾਰ ਅਤੇ ਹਿਦਾਇਤਾਂ ਪਰਮੇਸ਼ੁਰ ਦੇ ਮੂੰਹੋਂ ਨਿਕਲੇ ਬਚਨ ਹਨ। ਇਹ ਬਚਨ ਕਿਨ੍ਹਾਂ ਤਰੀਕਿਆਂ ਨਾਲ ਖ਼ੁਸ਼ੀਆਂ ਭਰੀ ਜ਼ਿੰਦਗੀ ਜੀਉਣ ਵਿਚ ਸਾਡੀ ਮਦਦ ਕਰ ਸਕਦੇ ਹਨ? ਆਓ ਆਪਾਂ ਤਿੰਨ ਮੁੱਖ ਤਰੀਕਿਆਂ ’ਤੇ ਗੌਰ ਕਰੀਏ।

ਸਾਨੂੰ ਚੰਗੀ ਸੇਧ ਦੀ ਲੋੜ ਹੈ

ਅੱਜ ਅਣਗਿਣਤ ਮਾਹਰ ਰਿਸ਼ਤਿਆਂ, ਪਿਆਰ, ਪਰਿਵਾਰਕ ਜ਼ਿੰਦਗੀ, ਝਗੜਿਆਂ ਨੂੰ ਨਿਪਟਾਉਣ, ਖ਼ੁਸ਼ੀ ਪਾਉਣ ਅਤੇ ਇੱਥੋਂ ਤਕ ਕਿ ਜ਼ਿੰਦਗੀ ਦੇ ਮਕਸਦ ਬਾਰੇ ਸਲਾਹ ਦਿੰਦੇ ਹਨ। ਇਨ੍ਹਾਂ ਸਾਰੇ ਮਾਮਲਿਆਂ ਵਿਚ ਕੌਣ ਸਭ ਤੋਂ ਵਧੀਆ ਸਲਾਹ ਦੇਣ ਦੇ ਕਾਬਲ ਹੈ? ਕੀ ਯਹੋਵਾਹ ਪਰਮੇਸ਼ੁਰ ਨਹੀਂ ਜਿਸ ਨੇ ਇਨਸਾਨਾਂ ਨੂੰ ਬਣਾਇਆ ਹੈ?

ਕਿਸੇ ਵਧੀਆ ਕਿਤਾਬ ਦੀ ਤਰ੍ਹਾਂ ਬਾਈਬਲ ਜ਼ਿੰਦਗੀ ਬਾਰੇ ਸੇਧ ਦਿੰਦੀ ਹੈ

ਮਿਸਾਲ ਲਈ: ਜਦੋਂ ਤੁਸੀਂ ਨਵਾਂ ਕੈਮਰਾ ਜਾਂ ਕੰਪਿਊਟਰ ਖ਼ਰੀਦਦੇ ਹੋ, ਤਾਂ ਇਸ ਨਾਲ ਤੁਹਾਨੂੰ ਕਿਤਾਬ ਦਿੱਤੀ ਜਾਂਦੀ ਹੈ। ਇਹ ਕਿਤਾਬ ਸਮਝਾਉਂਦੀ ਹੈ ਕਿ ਤੁਸੀਂ ਨਵੀਂ ਚੀਜ਼ ਕਿਵੇਂ ਚਲਾਉਣੀ ਹੈ ਤਾਂਕਿ ਤੁਹਾਨੂੰ ਖ਼ੁਸ਼ੀ ਹੋਵੇ। ਬਾਈਬਲ ਦੀ ਤੁਲਨਾ ਅਜਿਹੀ ਕਿਤਾਬ ਨਾਲ ਕੀਤੀ ਜਾ ਸਕਦੀ ਹੈ ਜੋ ਸਾਡੇ ਸਿਰਜਣਹਾਰ ਨੇ ਸਾਨੂੰ ਜ਼ਿੰਦਗੀ ਬਾਰੇ ਦਿੱਤੀ ਹੈ। ਬਾਈਬਲ ਤੋਂ ਪਤਾ ਲੱਗਦਾ ਹੈ ਕਿ ਸਾਨੂੰ ਜ਼ਿੰਦਗੀ ਕਿਉਂ ਦਿੱਤੀ ਗਈ ਹੈ ਅਤੇ ਇਸ ਨੂੰ ਕਿਵੇਂ ਜੀਉਣਾ ਚਾਹੀਦਾ ਹੈ ਤਾਂਕਿ ਸਾਨੂੰ ਖ਼ੁਸ਼ੀ ਮਿਲੇ।

ਕਿਸੇ ਵਧੀਆ ਕਿਤਾਬ ਦੀ ਤਰ੍ਹਾਂ ਬਾਈਬਲ ਆਪਣੇ ਪੜ੍ਹਨ ਵਾਲਿਆਂ ਨੂੰ ਉਨ੍ਹਾਂ ਕੰਮਾਂ ਤੋਂ ਖ਼ਬਰਦਾਰ ਕਰਦੀ ਹੈ ਜਿਹੜੇ ਉਨ੍ਹਾਂ ਦੀ ਜ਼ਿੰਦਗੀ ਖ਼ਰਾਬ ਕਰ ਸਕਦੇ ਹਨ। ਦੂਜਿਆਂ ਦੀ ਸਲਾਹ ਸ਼ਾਇਦ ਸਾਨੂੰ ਸੁਣਨ ਨੂੰ ਚੰਗੀ ਤੇ ਮੰਨਣ ਨੂੰ ਸੌਖੀ ਲੱਗੇ। ਪਰ ਆਪਣੇ ਸਿਰਜਣਹਾਰ ਦੀਆਂ ਹਿਦਾਇਤਾਂ ਬਾਰੇ ਕੀ? ਕੀ ਇਨ੍ਹਾਂ ਨੂੰ ਮੰਨ ਕੇ ਸਾਨੂੰ ਫ਼ਾਇਦਾ ਨਹੀਂ ਹੋਵੇਗਾ ਤੇ ਅਸੀਂ ਮੁਸ਼ਕਲਾਂ ਤੋਂ ਨਹੀਂ ਬਚਾਂਗੇ?

“ਮੈਂ ਯਹੋਵਾਹ ਤੇਰਾ ਪਰਮੇਸ਼ੁਰ ਹਾਂ, ਜੋ ਤੈਨੂੰ ਲਾਭ ਉਠਾਉਣ ਦੀ ਸਿੱਖਿਆ ਦਿੰਦਾ ਹਾਂ, ਜੋ ਤੈਨੂੰ ਉਸ ਰਾਹ ਪਾਉਂਦਾ ਜਿਸ ਰਾਹ ਤੈਂ ਜਾਣਾ ਹੈ। ਕਾਸ਼ ਕਿ ਤੂੰ ਮੇਰੇ ਹੁਕਮਾਂ ਨੂੰ ਮੰਨਦਾ! ਤਾਂ ਤੇਰੀ ਸ਼ਾਂਤੀ ਨਦੀ ਵਾਂਙੁ, ਤਾਂ ਤੇਰਾ ਧਰਮ ਸਮੁੰਦਰ ਦੀਆਂ ਲਹਿਰਾਂ ਵਾਂਙੁ ਹੁੰਦਾ।”​—ਯਸਾਯਾਹ 48:17, 18

ਬਾਈਬਲ ਵਿਚ ਸਾਨੂੰ ਲੋੜੀਂਦੀ ਸੇਧ ਅਤੇ ਮਦਦ ਮਿਲਦੀ ਹੈ

ਭਾਵੇਂ ਯਹੋਵਾਹ ਪਰਮੇਸ਼ੁਰ ਹਿਦਾਇਤਾਂ ਤੇ ਸੇਧ ਦਿੰਦਾ ਹੈ, ਪਰ ਉਹ ਸਾਨੂੰ ਇਨ੍ਹਾਂ ’ਤੇ ਚੱਲਣ ਲਈ ਮਜਬੂਰ ਨਹੀਂ ਕਰਦਾ। ਇਸ ਦੀ ਬਜਾਇ, ਉਹ ਸਾਨੂੰ ਪਿਆਰ ਕਰਦਾ ਹੈ ਤੇ ਸਾਡੀ ਮਦਦ ਕਰਨੀ ਚਾਹੁੰਦਾ ਹੈ, ਇਸ ਲਈ ਉਹ ਸਾਨੂੰ ਤਾਕੀਦ ਕਰਦਾ ਹੈ: “ਮੈਂ ਯਹੋਵਾਹ ਤੇਰਾ ਪਰਮੇਸ਼ੁਰ ਹਾਂ, ਜੋ ਤੈਨੂੰ ਲਾਭ ਉਠਾਉਣ ਦੀ ਸਿੱਖਿਆ ਦਿੰਦਾ ਹਾਂ, ਜੋ ਤੈਨੂੰ ਉਸ ਰਾਹ ਪਾਉਂਦਾ ਜਿਸ ਰਾਹ ਤੈਂ ਜਾਣਾ ਹੈ। ਕਾਸ਼ ਕਿ ਤੂੰ ਮੇਰੇ ਹੁਕਮਾਂ ਨੂੰ ਮੰਨਦਾ! ਤਾਂ ਤੇਰੀ ਸ਼ਾਂਤੀ ਨਦੀ ਵਾਂਙੁ, ਤਾਂ ਤੇਰਾ ਧਰਮ ਸਮੁੰਦਰ ਦੀਆਂ ਲਹਿਰਾਂ ਵਾਂਙੁ ਹੁੰਦਾ।” (ਯਸਾਯਾਹ 48:17, 18) ਕਹਿਣ ਦਾ ਭਾਵ ਹੈ ਕਿ ਜੇ ਅਸੀਂ ਪਰਮੇਸ਼ੁਰ ਦੀਆਂ ਹਿਦਾਇਤਾਂ ਮੰਨਾਂਗੇ, ਤਾਂ ਸਾਡਾ ਭਲਾ ਹੋਵੇਗਾ। ਦੂਜੇ ਸ਼ਬਦਾਂ ਵਿਚ ਇਸ ਦਾ ਮਤਲਬ ਹੈ ਕਿ ਵਧੀਆ ਜ਼ਿੰਦਗੀ ਜੀਉਣ ਤੇ ਖ਼ੁਸ਼ ਰਹਿਣ ਲਈ ਸਾਨੂੰ ਰੱਬ ਦੀ ਲੋੜ ਹੈ।

ਸਾਨੂੰ ਜ਼ਿੰਦਗੀ ਦੀਆਂ ਸਮੱਸਿਆਵਾਂ ਬਾਰੇ ਸਵਾਲਾਂ ਦੇ ਜਵਾਬ ਚਾਹੀਦੇ ਹਨ

ਕੁਝ ਮੰਨਦੇ ਹਨ ਕਿ ਉਨ੍ਹਾਂ ਨੂੰ ਪਰਮੇਸ਼ੁਰ ਦੀ ਲੋੜ ਨਹੀਂ ਹੈ ਕਿਉਂਕਿ ਜ਼ਿੰਦਗੀ ਵਿਚ ਹੁੰਦੀਆਂ ਕਈ ਗੱਲਾਂ ਕਾਰਨ ਉਨ੍ਹਾਂ ਨੂੰ ਇਹ ਮੰਨਣਾ ਔਖਾ ਲੱਗਦਾ ਹੈ ਕਿ ਪਰਮੇਸ਼ੁਰ ਉਨ੍ਹਾਂ ਨੂੰ ਪਿਆਰ ਕਰਦਾ ਹੈ। ਮਿਸਾਲ ਲਈ, ਉਹ ਸ਼ਾਇਦ ਪੁੱਛਣ: ‘ਚੰਗੇ ਲੋਕਾਂ ਨੂੰ ਦੁੱਖ-ਤਕਲੀਫ਼ਾਂ ਕਿਉਂ ਸਹਿਣੀਆਂ ਪੈਂਦੀਆਂ ਹਨ?’ ‘ਕੁਝ ਮਾਸੂਮ ਬੱਚੇ ਲੰਗੜੇ-ਲੂਲ੍ਹੇ ਕਿਉਂ ਪੈਦਾ ਹੁੰਦੇ ਹਨ?’ ‘ਜ਼ਿੰਦਗੀ ਵਿਚ ਇੰਨੀ ਬੇਇਨਸਾਫ਼ੀ ਕਿਉਂ ਹੈ?’ ਇਹ ਕਾਫ਼ੀ ਅਹਿਮ ਸਵਾਲ ਹਨ ਤੇ ਇਨ੍ਹਾਂ ਦੇ ਤਸੱਲੀਬਖ਼ਸ਼ ਜਵਾਬ ਜਾਣਨ ਨਾਲ ਸਾਡੀ ਜ਼ਿੰਦਗੀ ’ਤੇ ਡੂੰਘਾ ਅਸਰ ਪੈ ਸਕਦਾ ਹੈ। ਪਰ ਜਲਦਬਾਜ਼ੀ ਵਿਚ ਇਨ੍ਹਾਂ ਸਮੱਸਿਆਵਾਂ ਦਾ ਦੋਸ਼ ਪਰਮੇਸ਼ੁਰ ਦੇ ਸਿਰ ਮੜ੍ਹਨ ਦੀ ਬਜਾਇ, ਆਓ ਆਪਾਂ ਦੇਖੀਏ ਕਿ ਪਰਮੇਸ਼ੁਰ ਦਾ ਬਚਨ ਬਾਈਬਲ ਇਸ ਵਿਸ਼ੇ ’ਤੇ ਕਿਵੇਂ ਚਾਨਣਾ ਪਾਉਂਦਾ ਹੈ।

ਉਤਪਤ ਦੇ ਤੀਜੇ ਅਧਿਆਇ ਵਿਚ ਅਸੀਂ ਪੜ੍ਹਦੇ ਹਾਂ ਕਿ ਸ਼ੈਤਾਨ ਨੇ ਪਹਿਲੇ ਇਨਸਾਨੀ ਜੋੜੇ ਨੂੰ ਯਹੋਵਾਹ ਪਰਮੇਸ਼ੁਰ ਦਾ ਹੁਕਮ ਤੋੜਨ ਲਈ ਉਕਸਾਇਆ। ਯਹੋਵਾਹ ਨੇ ਕਿਹਾ ਸੀ ਕਿ ਉਹ ਭਲੇ-ਬੁਰੇ ਦੀ ਪਛਾਣ ਦੇ ਦਰਖ਼ਤ ਤੋਂ ਫਲ ਨਾ ਖਾਣ। ਸ਼ੈਤਾਨ ਨੇ ਹੱਵਾਹ ਨੂੰ ਦੱਸਿਆ: “ਤੁਸੀਂ ਕਦੀ ਨਾ ਮਰੋਗੇ। ਸਗੋਂ ਪਰਮੇਸ਼ੁਰ ਜਾਣਦਾ ਹੈ ਕਿ ਜਿਸ ਦਿਨ ਤੁਸੀਂ ਉਸ ਤੋਂ ਖਾਓਗੇ ਤੁਹਾਡੀਆਂ ਅੱਖੀਆਂ ਖੁਲ੍ਹ ਜਾਣਗੀਆਂ ਅਤੇ ਤੁਸੀਂ ਪਰਮੇਸ਼ੁਰ ਵਾਂਙੁ ਭਲੇ ਬੁਰੇ ਦੀ ਸਿਆਣਵਾਲੇ ਹੋ ਜਾਓਗੇ।”—ਉਤਪਤ 2:16, 17; 3:4, 5.

ਇਹ ਗੱਲ ਕਹਿ ਕੇ ਸ਼ੈਤਾਨ ਨੇ ਸਿਰਫ਼ ਇਹ ਦਾਅਵਾ ਨਹੀਂ ਕੀਤਾ ਕਿ ਪਰਮੇਸ਼ੁਰ ਝੂਠ ਬੋਲ ਰਿਹਾ ਹੈ, ਸਗੋਂ ਇਹ ਵੀ ਇਸ਼ਾਰਾ ਕੀਤਾ ਕਿ ਪਰਮੇਸ਼ੁਰ ਦੇ ਰਾਜ ਕਰਨ ਦਾ ਤਰੀਕਾ ਸਹੀ ਨਹੀਂ ਹੈ। ਸ਼ੈਤਾਨ ਨੇ ਇਹ ਵੀ ਦਾਅਵਾ ਕੀਤਾ ਕਿ ਜੇ ਇਨਸਾਨ ਉਸ ਦੀ ਸੁਣਨ, ਤਾਂ ਉਨ੍ਹਾਂ ਦੀ ਜ਼ਿੰਦਗੀ ਬਿਹਤਰ ਹੋਵੇਗੀ। ਇਹ ਮਸਲੇ ਕਿਵੇਂ ਨਿਪਟਾਏ ਜਾ ਸਕਦੇ ਸਨ? ਯਹੋਵਾਹ ਨੇ ਸਮਾਂ ਦਿੱਤਾ ਤਾਂਕਿ ਸਾਰੇ ਦੇਖ ਸਕਣ ਕਿ ਉਸ ’ਤੇ ਲਾਏ ਇਲਜ਼ਾਮ ਸਹੀ ਸਨ ਜਾਂ ਗ਼ਲਤ। ਪਰਮੇਸ਼ੁਰ ਅਸਲ ਵਿਚ ਸ਼ੈਤਾਨ ਅਤੇ ਉਸ ਦਾ ਪੱਖ ਲੈਣ ਵਾਲਿਆਂ ਨੂੰ ਇਹ ਦੇਖਣ ਦਾ ਮੌਕਾ ਦੇ ਰਿਹਾ ਸੀ ਕਿ ਇਨਸਾਨ ਪਰਮੇਸ਼ੁਰ ਤੋਂ ਬਗੈਰ ਚੰਗੀ ਜ਼ਿੰਦਗੀ ਜੀ ਸਕਦੇ ਹਨ ਜਾਂ ਨਹੀਂ।

ਤੁਸੀਂ ਸ਼ੈਤਾਨ ਦੇ ਦਾਅਵਿਆਂ ਦਾ ਕੀ ਜਵਾਬ ਦਿਓਗੇ? ਕੀ ਇਨਸਾਨ ਪਰਮੇਸ਼ੁਰ ਤੋਂ ਬਗੈਰ ਚੰਗੀ ਜ਼ਿੰਦਗੀ ਜੀ ਸਕਦੇ ਹਨ? ਕੀ ਉਹ ਆਪਣੇ ਆਪ ’ਤੇ ਸਫ਼ਲਤਾ ਨਾਲ ਰਾਜ ਕਰ ਸਕਦੇ ਹਨ? ਸਦੀਆਂ ਦੌਰਾਨ ਦੁੱਖ-ਤਕਲੀਫ਼ਾਂ, ਬੇਇਨਸਾਫ਼ੀ, ਬੀਮਾਰੀਆਂ, ਮੌਤ, ਅਪਰਾਧ, ਨੈਤਿਕ ਕਦਰਾਂ-ਕੀਮਤਾਂ ਦੀ ਘਾਟ, ਯੁੱਧ, ਪੂਰੀ ਕੌਮ ਦਾ ਕਤਲੇਆਮ ਅਤੇ ਹੋਰ ਅਤਿਆਚਾਰਾਂ ਤੋਂ ਸਾਫ਼ ਪਤਾ ਲੱਗਦਾ ਹੈ ਕਿ ਪਰਮੇਸ਼ੁਰ ਤੋਂ ਆਜ਼ਾਦ ਹੋ ਕੇ ਇਨਸਾਨ ਦੀਆਂ ਆਪਣੇ ’ਤੇ ਰਾਜ ਕਰਨ ਦੀਆਂ ਕੋਸ਼ਿਸ਼ਾਂ ਪੂਰੀ ਤਰ੍ਹਾਂ ਨਾਕਾਮ ਰਹੀਆਂ ਹਨ। ਸੋ ਪਰਮੇਸ਼ੁਰ ਨੂੰ ਇਨਸਾਨਾਂ ਦੇ ਦੁੱਖਾਂ ਦਾ ਜ਼ਿੰਮੇਵਾਰ ਠਹਿਰਾਉਣ ਦੀ ਬਜਾਇ ਬਾਈਬਲ ਇਨ੍ਹਾਂ ਦੁੱਖਾਂ ਦਾ ਮੁੱਖ ਕਾਰਨ ਦੱਸਦੀ ਹੈ: “ਇੱਕ ਜਣਾ ਦੂਜੇ ਉੱਤੇ ਆਗਿਆ ਤੋਰ ਕੇ ਆਪਣਾ ਹੀ ਨੁਕਸਾਨ ਕਰਦਾ ਹੈ।”​—ਉਪਦੇਸ਼ਕ ਦੀ ਪੋਥੀ 8:9.

ਕੀ ਇਸ ਤੋਂ ਸਾਫ਼ ਪਤਾ ਨਹੀਂ ਲੱਗਦਾ ਕਿ ਇਨਸਾਨਾਂ ਨੂੰ ਆਪਣੇ ਸਵਾਲਾਂ ਦੇ ਜਵਾਬ ਜਾਣਨ ਅਤੇ ਇਨ੍ਹਾਂ ਦਾ ਹੱਲ ਲੱਭਣ ਲਈ ਪਰਮੇਸ਼ੁਰ ਵੱਲ ਮੁੜਨ ਦੀ ਲੋੜ ਹੈ? ਪਰਮੇਸ਼ੁਰ ਕੀ ਕਰੇਗਾ?

ਸਾਨੂੰ ਰੱਬ ਦੀ ਮਦਦ ਚਾਹੀਦੀ ਹੈ

ਸਦੀਆਂ ਤੋਂ ਲੋਕ ਬੀਮਾਰੀਆਂ, ਬੁਢਾਪੇ ਅਤੇ ਮੌਤ ਤੋਂ ਛੁਟਕਾਰਾ ਪਾਉਣ ਲਈ ਤਰਸ ਰਹੇ ਹਨ। ਇਸ ਲਈ ਉਨ੍ਹਾਂ ਨੇ ਕਾਫ਼ੀ ਸਮਾਂ, ਮਿਹਨਤ ਅਤੇ ਪੈਸਾ ਖ਼ਰਚਿਆ ਹੈ। ਇਸ ਤਰ੍ਹਾਂ ਕਰ ਕੇ ਉਨ੍ਹਾਂ ਨੂੰ ਥੋੜ੍ਹੀ ਜਿਹੀ ਹੀ ਕਾਮਯਾਬੀ ਮਿਲੀ ਹੈ, ਪਰ ਜ਼ਿਆਦਾਤਰ ਉਨ੍ਹਾਂ ਦੇ ਹੱਥ ਨਿਰਾਸ਼ਾ ਹੀ ਲੱਗੀ ਹੈ। ਲੋਕ-ਕਥਾਵਾਂ ਮੁਤਾਬਕ ਕਈਆਂ ਨੇ ਹਮੇਸ਼ਾ ਜਵਾਨ ਰਹਿਣ ਲਈ ਜੀਵਨ ਦਾ ਅੰਮ੍ਰਿਤ ਜਲ ਲੱਭਣ ਦੀ ਕੋਸ਼ਿਸ਼ ਕੀਤੀ ਹੈ। ਪਰ ਉਨ੍ਹਾਂ ਦੇ ਇਹ ਸਾਰੇ ਸੁਪਨੇ ਅਧੂਰੇ ਰਹਿ ਗਏ।

ਪਰਮੇਸ਼ੁਰ ਚਾਹੁੰਦਾ ਹੈ ਕਿ ਇਨਸਾਨ ਚੰਗੀ ਜ਼ਿੰਦਗੀ ਜੀਉਣ ਤੇ ਖ਼ੁਸ਼ ਰਹਿਣ। ਇਸੇ ਮਕਸਦ ਨਾਲ ਉਸ ਨੇ ਇਨਸਾਨਾਂ ਨੂੰ ਬਣਾਇਆ ਸੀ ਤੇ ਉਹ ਇਹ ਮਕਸਦ ਭੁੱਲਿਆ ਨਹੀਂ ਹੈ। (ਉਤਪਤ 1:27, 28; ਯਸਾਯਾਹ 45:18) ਯਹੋਵਾਹ ਪਰਮੇਸ਼ੁਰ ਨੇ ਸਾਨੂੰ ਭਰੋਸਾ ਦਿਵਾਇਆ ਹੈ ਕਿ ਉਹ ਜੋ ਵੀ ਕਰਨ ਦਾ ਮਕਸਦ ਰੱਖਦਾ ਹੈ, ਉਸ ਨੂੰ ਉਹ ਪੂਰਾ ਕਰ ਕੇ ਹਟਦਾ ਹੈ। (ਯਸਾਯਾਹ 55:10, 11) ਬਾਈਬਲ ਪਰਮੇਸ਼ੁਰ ਦੇ ਇਸ ਵਾਅਦੇ ਬਾਰੇ ਦੱਸਦੀ ਹੈ ਕਿ ਉਹ ਦੁਬਾਰਾ ਇਸ ਧਰਤੀ ਉੱਤੇ ਸੋਹਣੇ ਹਾਲਾਤ ਲਿਆਵੇਗਾ ਜਿਨ੍ਹਾਂ ਦਾ ਪਹਿਲਾ ਇਨਸਾਨੀ ਜੋੜਾ ਆਨੰਦ ਮਾਣਦਾ ਸੀ। ਬਾਈਬਲ ਦੀ ਆਖ਼ਰੀ ਕਿਤਾਬ ਵਿਚ ਅਸੀਂ ਇਹ ਸ਼ਬਦ ਪੜ੍ਹਦੇ ਹਾਂ: “[ਯਹੋਵਾਹ ਪਰਮੇਸ਼ੁਰ] ਉਨ੍ਹਾਂ ਦੀਆਂ ਅੱਖਾਂ ਤੋਂ ਹਰ ਹੰਝੂ ਪੂੰਝ ਦੇਵੇਗਾ ਅਤੇ ਫਿਰ ਕੋਈ ਨਹੀਂ ਮਰੇਗਾ, ਨਾ ਹੀ ਸੋਗ ਮਨਾਇਆ ਜਾਵੇਗਾ ਅਤੇ ਨਾ ਹੀ ਕੋਈ ਰੋਵੇਗਾ ਅਤੇ ਕਿਸੇ ਨੂੰ ਕੋਈ ਦੁੱਖ-ਦਰਦ ਨਹੀਂ ਹੋਵੇਗਾ। ਪੁਰਾਣੀਆਂ ਗੱਲਾਂ ਖ਼ਤਮ ਹੋ ਚੁੱਕੀਆਂ ਹਨ।” (ਪ੍ਰਕਾਸ਼ ਦੀ ਕਿਤਾਬ 21:4) ਪਰਮੇਸ਼ੁਰ ਇਹ ਸੋਹਣੇ ਹਾਲਾਤ ਕਿਵੇਂ ਲਿਆਵੇਗਾ ਅਤੇ ਅਸੀਂ ਇਸ ਵਾਅਦੇ ਤੋਂ ਕਿਵੇਂ ਫ਼ਾਇਦਾ ਉਠਾ ਸਕਦੇ ਹਾਂ?

ਪਰਮੇਸ਼ੁਰ ਦੇ ਪੁੱਤਰ ਯਿਸੂ ਮਸੀਹ ਨੇ ਆਪਣੇ ਚੇਲਿਆਂ ਨੂੰ ਪਰਮੇਸ਼ੁਰ ਦੀ ਇੱਛਾ ਬਾਰੇ ਪ੍ਰਾਰਥਨਾ ਕਰਨੀ ਸਿਖਾਈ ਸੀ। ਕਈ ਲੋਕ ਇਸ ਪ੍ਰਾਰਥਨਾ ਬਾਰੇ ਜਾਣਦੇ ਹਨ ਜਾਂ ਅਕਸਰ ਇਸ ਨੂੰ ਦੁਹਰਾਉਂਦੇ ਹਨ। ਇਸ ਨੂੰ ਕੁਝ ਲੋਕ ਪ੍ਰਭੂ ਦੀ ਪ੍ਰਾਰਥਨਾ ਕਹਿੰਦੇ ਹਨ। ਇਹ ਪ੍ਰਾਰਥਨਾ ਇਸ ਤਰ੍ਹਾਂ ਹੈ: “ਹੇ ਸਾਡੇ ਪਿਤਾ ਜਿਹੜਾ ਸਵਰਗ ਵਿਚ ਹੈ, ਤੇਰਾ ਨਾਂ ਪਵਿੱਤਰ ਕੀਤਾ ਜਾਵੇ। ਤੇਰਾ ਰਾਜ ਆਵੇ। ਤੇਰੀ ਇੱਛਾ ਜਿਵੇਂ ਸਵਰਗ ਵਿਚ ਪੂਰੀ ਹੁੰਦੀ ਹੈ, ਉਵੇਂ ਹੀ ਧਰਤੀ ਉੱਤੇ ਪੂਰੀ ਹੋਵੇ।” (ਮੱਤੀ 6:9, 10) ਜੀ ਹਾਂ, ਆਪਣੇ ਰਾਜ ਦੇ ਜ਼ਰੀਏ ਯਹੋਵਾਹ ਪਰਮੇਸ਼ੁਰ ਇਨਸਾਨਾਂ ਦੀ ਹਕੂਮਤ ਕਰਕੇ ਆਈਆਂ ਦੁੱਖ-ਤਕਲੀਫ਼ਾਂ ਨੂੰ ਦੂਰ ਕਰੇਗਾ ਅਤੇ ਆਪਣੇ ਵਾਅਦੇ ਮੁਤਾਬਕ ਨਵੀਂ ਧਰਮੀ ਦੁਨੀਆਂ ਲਿਆਵੇਗਾ। * (ਦਾਨੀਏਲ 2:44; 2 ਪਤਰਸ 3:13) ਪਰਮੇਸ਼ੁਰ ਦੇ ਵਾਅਦੇ ਤੋਂ ਫ਼ਾਇਦਾ ਉਠਾਉਣ ਲਈ ਸਾਨੂੰ ਕੀ ਕਰਨ ਦੀ ਲੋੜ ਹੈ?

ਯਿਸੂ ਮਸੀਹ ਸਾਨੂੰ ਇਹ ਸੌਖਾ ਕਦਮ ਚੁੱਕਣ ਲਈ ਕਹਿੰਦਾ ਹੈ: “ਹਮੇਸ਼ਾ ਦੀ ਜ਼ਿੰਦਗੀ ਪਾਉਣ ਲਈ ਜ਼ਰੂਰੀ ਹੈ ਕਿ ਉਹ ਤੇਰੇ ਬਾਰੇ, ਯਾਨੀ ਇੱਕੋ-ਇਕ ਸੱਚੇ ਪਰਮੇਸ਼ੁਰ ਬਾਰੇ ਅਤੇ ਯਿਸੂ ਮਸੀਹ ਬਾਰੇ, ਜਿਸ ਨੂੰ ਤੂੰ ਘੱਲਿਆ ਹੈ, ਸਿੱਖਦੇ ਰਹਿਣ।” (ਯੂਹੰਨਾ 17:3) ਜੀ ਹਾਂ, ਪਰਮੇਸ਼ੁਰ ਦੀ ਮਦਦ ਨਾਲ ਨਵੀਂ ਦੁਨੀਆਂ ਵਿਚ ਹਮੇਸ਼ਾ ਲਈ ਜੀਉਂਦੇ ਰਹਿਣਾ ਮੁਮਕਿਨ ਹੋਵੇਗਾ! ਇਹ ਇਕ ਹੋਰ ਕਾਰਨ ਹੈ ਜਿਸ ਕਰਕੇ ਤੁਸੀਂ ਪੂਰੇ ਭਰੋਸੇ ਨਾਲ ਇਸ ਸਵਾਲ ਦਾ ਜਵਾਬ ਹਾਂ ਵਿਚ ਦੇ ਸਕਦੇ ਹੋ: ਕੀ ਸਾਨੂੰ ਪਰਮੇਸ਼ੁਰ ਦੀ ਲੋੜ ਹੈ?

ਰੱਬ ਵੱਲ ਮੁੜਨ ਦਾ ਹੁਣੇ ਸਮਾਂ ਹੈ

ਦੋ ਹਜ਼ਾਰ ਸਾਲ ਪਹਿਲਾਂ ਐਥਿਨਜ਼ ਵਿਚ ਐਰੀਆਪਗਸ ਜਾਂ ਮਾਰਜ਼ ਪਹਾੜ ’ਤੇ ਪੌਲੁਸ ਰਸੂਲ ਨੇ ਖੁੱਲ੍ਹੇ ਵਿਚਾਰਾਂ ਵਾਲੇ ਅਥੇਨੀ ਲੋਕਾਂ ਨੂੰ ਪਰਮੇਸ਼ੁਰ ਬਾਰੇ ਕਿਹਾ ਸੀ: “ਉਹ ਆਪ ਸਾਰੇ ਇਨਸਾਨਾਂ ਨੂੰ ਜ਼ਿੰਦਗੀ ਅਤੇ ਸਾਹ ਤੇ ਹੋਰ ਸਾਰੀਆਂ ਚੀਜ਼ਾਂ ਬਖ਼ਸ਼ਦਾ ਹੈ। ਉਸੇ ਰਾਹੀਂ ਸਾਨੂੰ ਜ਼ਿੰਦਗੀ ਮਿਲੀ ਹੈ, ਉਸੇ ਦੇ ਸਹਾਰੇ ਅਸੀਂ ਤੁਰਦੇ-ਫਿਰਦੇ ਹਾਂ ਤੇ ਉਸੇ ਕਰਕੇ ਅਸੀਂ ਹੋਂਦ ਵਿਚ ਹਾਂ, ਜਿਵੇਂ ਤੁਹਾਡੇ ਵੀ ਕੁਝ ਕਵੀਆਂ ਨੇ ਕਿਹਾ ਹੈ: ‘ਅਸੀਂ ਸਾਰੇ ਉਸ ਦੇ ਬੱਚੇ ਹਾਂ।’”​—ਰਸੂਲਾਂ ਦੇ ਕੰਮ 17:25, 28.

ਅਥੇਨੀ ਲੋਕਾਂ ਨੂੰ ਕਹੀ ਪੌਲੁਸ ਦੀ ਗੱਲ ਅੱਜ ਵੀ ਸੱਚ ਹੈ। ਸਾਡਾ ਸਿਰਜਣਹਾਰ ਸਾਨੂੰ ਸਾਹ ਲੈਣ ਲਈ ਹਵਾ, ਖਾਣ ਨੂੰ ਭੋਜਨ ਤੇ ਪੀਣ ਨੂੰ ਪਾਣੀ ਦਿੰਦਾ ਹੈ। ਯਹੋਵਾਹ ਨੇ ਜੀਉਂਦੇ ਰਹਿਣ ਲਈ ਸਾਨੂੰ ਜੋ ਚੀਜ਼ਾਂ ਦਿੱਤੀਆਂ ਹਨ, ਉਨ੍ਹਾਂ ਤੋਂ ਬਗੈਰ ਅਸੀਂ ਜੀ ਨਹੀਂ ਸਕਦੇ। ਪਰ ਪਰਮੇਸ਼ੁਰ ਸਾਰੇ ਲੋਕਾਂ ਨੂੰ ਇਹ ਚੀਜ਼ਾਂ ਕਿਉਂ ਦੇ ਰਿਹਾ ਹੈ, ਚਾਹੇ ਉਹ ਉਸ ਬਾਰੇ ਸੋਚਦੇ ਹਨ ਜਾਂ ਨਹੀਂ? ਪੌਲੁਸ ਨੇ ਕਿਹਾ ਇਸ ਲਈ “ਤਾਂਕਿ ਉਹ ਪਰਮੇਸ਼ੁਰ ਦੀ ਤਲਾਸ਼ ਕਰਨ, ਅਤੇ ਪੂਰਾ ਜਤਨ ਕਰ ਕੇ ਉਸ ਦੀ ਭਾਲ ਕਰਨ ਅਤੇ ਉਸ ਨੂੰ ਲੱਭ ਲੈਣ, ਭਾਵੇਂ ਕਿ ਉਹ ਸਾਡੇ ਵਿੱਚੋਂ ਕਿਸੇ ਤੋਂ ਵੀ ਦੂਰ ਨਹੀਂ ਹੈ।”​—ਰਸੂਲਾਂ ਦੇ ਕੰਮ 17:27.

ਕੀ ਤੁਸੀਂ ਪਰਮੇਸ਼ੁਰ ਨੂੰ ਹੋਰ ਚੰਗੀ ਤਰ੍ਹਾਂ ਜਾਣਨਾ ਚਾਹੁੰਦੇ ਹੋ? ਕਹਿਣ ਦਾ ਮਤਲਬ ਹੈ ਕਿ ਕੀ ਤੁਸੀਂ ਉਸ ਦੇ ਮਕਸਦਾਂ ਬਾਰੇ ਅਤੇ ਉਸ ਦੀ ਸਲਾਹ ਬਾਰੇ ਜਾਣਨਾ ਚਾਹੁੰਦੇ ਹੋ ਜੋ ਉਹ ਹੁਣ ਅਤੇ ਹਮੇਸ਼ਾ ਦੀ ਜ਼ਿੰਦਗੀ ਬਾਰੇ ਦਿੰਦਾ ਹੈ? ਜੇ ਹਾਂ, ਤਾਂ ਤੁਹਾਨੂੰ ਤਾਕੀਦ ਕੀਤੀ ਜਾਂਦੀ ਹੈ ਕਿ ਉਸ ਵਿਅਕਤੀ ਨਾਲ ਗੱਲ ਕਰੋ ਜਿਸ ਨੇ ਤੁਹਾਨੂੰ ਇਹ ਰਸਾਲਾ ਦਿੱਤਾ ਸੀ ਜਾਂ ਇਸ ਦੇ ਪ੍ਰਕਾਸ਼ਕਾਂ ਨਾਲ ਸੰਪਰਕ ਕਰੋ। ਉਹ ਖ਼ੁਸ਼ੀ ਨਾਲ ਤੁਹਾਡੀ ਮਦਦ ਕਰਨਗੇ। ▪ (w13-E 12/01)

^ ਪੈਰਾ 20 ਇਹ ਜਾਣਨ ਲਈ ਕਿ ਪਰਮੇਸ਼ੁਰ ਆਪਣੇ ਰਾਜ ਦੇ ਜ਼ਰੀਏ ਧਰਤੀ ’ਤੇ ਆਪਣੀ ਇੱਛਾ ਕਿਵੇਂ ਪੂਰੀ ਕਰੇਗਾ, ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਕਿਤਾਬ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਦਾ ਅੱਠਵਾਂ ਅਧਿਆਇ ਦੇਖੋ। ਇਹ www.pr418.com/pa ’ਤੇ ਆਨ-ਲਾਈਨ ਉਪਲਬਧ ਹੈ ਤੇ ਡਾਊਨਲੋਡ ਵੀ ਕੀਤੀ ਜਾ ਸਕਦੀ ਹੈ।