Skip to content

Skip to table of contents

ਮੁੱਖ ਪੰਨੇ ਤੋਂ: ਦੁਨੀਆਂ ਦੇ ਅੰਤ ਤੋਂ ਕੀ ਤੁਹਾਨੂੰ ਡਰਨਾ ਚਾਹੀਦਾ?

ਕੀ ਤੁਹਾਨੂੰ ਦੁਨੀਆਂ ਦੇ ਅੰਤ ਤੋਂ ਡਰਨਾ ਚਾਹੀਦਾ?

ਕੀ ਤੁਹਾਨੂੰ ਦੁਨੀਆਂ ਦੇ ਅੰਤ ਤੋਂ ਡਰਨਾ ਚਾਹੀਦਾ?

ਤੁਸੀਂ ਪ੍ਰਾਚੀਨ ਮਾਇਆ ਕਲੰਡਰ ਉੱਤੇ ਦਿੱਤੀ ਤਾਰੀਖ਼ 21 ਦਸੰਬਰ 2012 ਬਾਰੇ ਕਿਵੇਂ ਮਹਿਸੂਸ ਕਰਦੇ ਹੋ ਜਿਸ ਬਾਰੇ ਕਈਆਂ ਦਾ ਕਹਿਣਾ ਸੀ ਕਿ ਇਹ ਦੁਨੀਆਂ ਪਲਟ ਦੇਵੇਗੀ? ਇਸ ਬਾਰੇ ਤੁਸੀਂ ਜੋ ਵੀ ਉਮੀਦਾਂ ਲਾਈਆਂ ਸਨ, ਉਨ੍ਹਾਂ ਦੇ ਆਧਾਰ ’ਤੇ ਸ਼ਾਇਦ ਤੁਹਾਨੂੰ ਰਾਹਤ ਮਿਲੀ ਹੈ, ਤੁਸੀਂ ਨਿਰਾਸ਼ ਹੋ ਗਏ ਹੋ ਜਾਂ ਤੁਹਾਡੀ ਦਿਲਚਸਪੀ ਘੱਟ ਗਈ ਹੈ। ਦੁਨੀਆਂ ਦੇ ਅੰਤ ਬਾਰੇ ਕੀ ਇਹ ਇਕ ਹੋਰ ਗ਼ਲਤ ਭਵਿੱਖਬਾਣੀ ਸੀ?

ਪਰ ਬਾਈਬਲ ਵਿਚ ਦੱਸੇ “ਜੁਗ ਦੇ ਅੰਤ” ਬਾਰੇ ਕੀ? (ਮੱਤੀ 24:3, CL) ਕੁਝ ਲੋਕਾਂ ਨੂੰ ਡਰ ਹੈ ਕਿ ਧਰਤੀ ਸੜ-ਬਲ਼ ਜਾਵੇਗੀ। ਦੂਜੇ ਇਹ ਦੇਖਣ ਲਈ ਬੇਸਬਰੇ ਹਨ ਕਿ ਅੰਤ ਵੇਲੇ ਕੀ ਕੁਝ ਹੋਵੇਗਾ। ਕਈ ਇਹ ਸੁਣ-ਸੁਣ ਅੱਕ ਗਏ ਹਨ ਕਿ ਅੰਤ ਨੇੜੇ ਹੈ। ਪਰ ਕੀ ਲੋਕਾਂ ਦੇ ਇਸ ਰਵੱਈਏ ਤੋਂ ਇਹ ਜ਼ਾਹਰ ਹੁੰਦਾ ਹੈ ਕਿ ਉਨ੍ਹਾਂ ਦੀ ਸੋਚ ਇਕ ਕਲਪਨਾ ਹੈ ਨਾ ਕਿ ਹਕੀਕਤ?

ਪਰ ਦੁਨੀਆਂ ਦੇ ਅੰਤ ਬਾਰੇ ਬਾਈਬਲ ਜੋ ਕਹਿੰਦੀ ਹੈ, ਉਸ ਬਾਰੇ ਜਾਣ ਕੇ ਸ਼ਾਇਦ ਤੁਸੀਂ ਹੈਰਾਨ ਹੋ ਜਾਓ। ਬਾਈਬਲ ਨਾ ਸਿਰਫ਼ ਇਹ ਦੱਸਦੀ ਹੈ ਕਿ ਸਾਨੂੰ ਬੇਸਬਰੀ ਨਾਲ ਅੰਤ ਦੀ ਉਡੀਕ ਕਿਉਂ ਕਰਨੀ ਚਾਹੀਦੀ ਹੈ, ਸਗੋਂ ਇਹ ਵੀ ਦੱਸਦੀ ਹੈ ਕਿ ਕੁਝ ਲੋਕ ਨਿਰਾਸ਼ ਹੋ ਸਕਦੇ ਹਨ ਜਿਨ੍ਹਾਂ ਨੂੰ ਲੱਗੇਗਾ ਕਿ ਅੰਤ ਆਉਣ ਵਿਚ ਦੇਰ ਹੋ ਰਹੀ ਹੈ। ਅਸੀਂ ਚਾਹੁੰਦੇ ਹਾਂ ਕਿ ਤੁਸੀਂ ਦੁਨੀਆਂ ਦੇ ਅੰਤ ਬਾਰੇ ਕੁਝ ਆਮ ਸਵਾਲਾਂ ਦੇ ਬਾਈਬਲ ਵਿੱਚੋਂ ਜਵਾਬਾਂ ਉੱਤੇ ਗੌਰ ਕਰੋ।

ਕੀ ਧਰਤੀ ਸੜ-ਬਲ਼ ਜਾਵੇਗੀ?

ਬਾਈਬਲ ਦਾ ਜਵਾਬ: ‘ਪਰਮੇਸ਼ੁਰ ਨੇ ਧਰਤੀ ਦੀ ਨੀਂਹ ਨੂੰ ਕਾਇਮ ਕੀਤਾ, ਭਈ ਉਹ ਸਦਾ ਤੀਕ ਅਟੱਲ ਰਹੇ।’ਜ਼ਬੂਰਾਂ ਦੀ ਪੋਥੀ 104:5.

ਧਰਤੀ ਅੱਗ ਨਾਲ ਜਾਂ ਕਿਸੇ ਹੋਰ ਜ਼ਰੀਏ ਤਬਾਹ ਨਹੀਂ ਹੋਵੇਗੀ। ਇਸ ਦੀ ਬਜਾਇ ਬਾਈਬਲ ਸਿਖਾਉਂਦੀ ਹੈ ਕਿ ਧਰਤੀ ਹਮੇਸ਼ਾ ਲਈ ਇਨਸਾਨਾਂ ਦਾ ਘਰ ਰਹੇਗੀ। ਜ਼ਬੂਰਾਂ ਦੀ ਪੋਥੀ 37:29 ਦੱਸਦਾ ਹੈ: “ਧਰਮੀ ਧਰਤੀ ਦੇ ਵਾਰਸ ਹੋਣਗੇ, ਅਤੇ ਸਦਾ ਉਸ ਉੱਤੇ ਵੱਸਣਗੇ।”—ਜ਼ਬੂਰਾਂ ਦੀ ਪੋਥੀ 115:16; ਯਸਾਯਾਹ 45:18.

ਪਰਮੇਸ਼ੁਰ ਨੇ ਧਰਤੀ ਬਣਾਉਣ ਤੋਂ ਬਾਅਦ ਇਸ ਨੂੰ ‘ਬਹੁਤ ਹੀ ਚੰਗੀ’ ਕਿਹਾ ਸੀ ਤੇ ਉਹ ਹਾਲੇ ਵੀ ਇਸੇ ਤਰ੍ਹਾਂ ਸੋਚਦਾ ਹੈ। (ਉਤਪਤ 1:31) ਇਸ ਨੂੰ ਤਬਾਹ ਕਰਨ ਦਾ ਉਸ ਦਾ ਕੋਈ ਇਰਾਦਾ ਨਹੀਂ ਹੈ, ਸਗੋਂ ਉਹ ਵਾਅਦਾ ਕਰਦਾ ਹੈ ਕਿ ਉਹ ‘ਧਰਤੀ ਨੂੰ ਤਬਾਹ ਕਰਨ ਵਾਲੇ ਲੋਕਾਂ ਨੂੰ ਖ਼ਤਮ ਕਰੇਗਾ’ ਅਤੇ ਇਸ ਦੀ ਹਮੇਸ਼ਾ ਲਈ ਰਾਖੀ ਕਰੇਗਾ।—ਪ੍ਰਕਾਸ਼ ਦੀ ਕਿਤਾਬ 11:18.

ਪਰ ਤੁਸੀਂ ਸ਼ਾਇਦ ਬਾਈਬਲ ਵਿਚਲੀ ਆਇਤ 2 ਪਤਰਸ 3:7 ਬਾਰੇ ਸੋਚੋ ਜੋ ਕਹਿੰਦੀ ਹੈ: “ਹੁਣ ਦੇ ਆਕਾਸ਼ ਅਤੇ ਧਰਤੀ ਅੱਗ ਵਿਚ ਸਾੜੇ ਜਾਣ ਲਈ ਰੱਖੇ ਹੋਏ ਹਨ।” ਕੀ ਇਸ ਤੋਂ ਇਹ ਨਹੀਂ ਪਤਾ ਲੱਗਦਾ ਕਿ ਧਰਤੀ ਸੜ ਜਾਵੇਗੀ? ਦਰਅਸਲ, ਬਾਈਬਲ ਵਿਚ ਕਿਤੇ-ਕਿਤੇ “ਆਕਾਸ਼,” “ਧਰਤੀ” ਅਤੇ “ਅੱਗ” ਸ਼ਬਦਾਂ ਨੂੰ ਚਿੰਨ੍ਹਾਂ ਵਜੋਂ ਵਰਤਿਆ ਗਿਆ ਹੈ। ਮਿਸਾਲ ਲਈ, ਜਦੋਂ ਜ਼ਬੂਰਾਂ ਦੀ ਪੋਥੀ 97:1 ਕਹਿੰਦਾ ਹੈ ਕਿ “ਧਰਤੀ ਖੁਸ਼ ਹੋਵੇ,” ਤਾਂ ਇੱਥੇ “ਧਰਤੀ” ਦਾ ਮਤਲਬ ਹੈ ਮਨੁੱਖੀ ਸਮਾਜ।

2 ਪਤਰਸ 3:7 ਦੇ ਆਲੇ-ਦੁਆਲੇ ਦੀਆਂ ਆਇਤਾਂ ਤੋਂ ਪਤਾ ਲੱਗਦਾ ਹੈ ਕਿ ਆਕਾਸ਼, ਧਰਤੀ ਅਤੇ ਅੱਗ ਵੀ ਚਿੰਨ੍ਹਾਂ ਵਜੋਂ ਵਰਤੇ ਗਏ ਹਨ। ਪੰਜਵੀਂ ਅਤੇ ਛੇਵੀਂ ਆਇਤ ਵਿਚ ਮਿਲਦੀ-ਜੁਲਦੀ ਗੱਲ ਦੱਸੀ ਹੈ ਜੋ ਨੂਹ ਦੇ ਜ਼ਮਾਨੇ ਵਿਚ ਆਏ ਹੜ੍ਹ ਵੇਲੇ ਹੋਈ ਸੀ। ਉਸ ਵੇਲੇ ਉਸ ਜ਼ਮਾਨੇ ਦੀ ਦੁਨੀਆਂ ਨਾਸ਼ ਕੀਤੀ ਗਈ ਸੀ, ਪਰ ਸਾਡੀ ਧਰਤੀ ਗਾਇਬ ਨਹੀਂ ਹੋਈ ਸੀ। ਇਸ ਦੀ ਬਜਾਇ ਹੜ੍ਹ ਨੇ ਹਿੰਸਕ ਸਮਾਜ ਯਾਨੀ “ਧਰਤੀ” ਨੂੰ ਮਿਟਾ ਦਿੱਤਾ। ਇਸ ਨੇ ਇਕ ਕਿਸਮ ਦੇ “ਆਕਾਸ਼” ਯਾਨੀ ਸਮਾਜ ਉੱਤੇ ਰਾਜ ਕਰ ਰਹੇ ਲੋਕਾਂ ਨੂੰ ਵੀ ਖ਼ਤਮ ਕਰ ਦਿੱਤਾ ਸੀ। (ਉਤਪਤ 6:11) ਇਸੇ ਤਰ੍ਹਾਂ 2 ਪਤਰਸ 3:7 ਭਵਿੱਖਬਾਣੀ ਕਰਦਾ ਹੈ ਕਿ ਦੁਸ਼ਟ ਸਮਾਜ ਅਤੇ ਇਸ ਦੀਆਂ ਭ੍ਰਿਸ਼ਟ ਸਰਕਾਰਾਂ ਦਾ ਹਮੇਸ਼ਾ ਲਈ ਇਵੇਂ ਨਾਸ਼ ਹੋਵੇਗਾ ਮਾਨੋ ਜਿਵੇਂ ਅੱਗ ਨਾਲ ਭਸਮ ਕਰ ਦਿੱਤਾ ਹੋਵੇ।

ਦੁਨੀਆਂ ਦੇ ਅੰਤ ਸਮੇਂ ਕੀ ਹੋਵੇਗਾ?

ਬਾਈਬਲ ਦਾ ਜਵਾਬ: “ਇਹ ਦੁਨੀਆਂ ਅਤੇ ਇਸ ਦੀ ਹਰ ਚੀਜ਼ ਜਿਸ ਦੀ ਲਾਲਸਾ ਲੋਕ ਕਰਦੇ ਹਨ ਖ਼ਤਮ ਹੋ ਜਾਵੇਗੀ, ਪਰ ਜਿਹੜਾ ਪਰਮੇਸ਼ੁਰ ਦੀ ਇੱਛਾ ਪੂਰੀ ਕਰਦਾ ਹੈ, ਉਹੀ ਹਮੇਸ਼ਾ ਰਹੇਗਾ।”1 ਯੂਹੰਨਾ 2:17.

ਜਿਹੜੀ “ਦੁਨੀਆਂ” ਖ਼ਤਮ ਹੋਣੀ ਹੈ, ਉਹ ਇਹ ਧਰਤੀ ਨਹੀਂ, ਸਗੋਂ ਦੁਨੀਆਂ ਦੇ ਉਹ ਸਾਰੇ ਲੋਕ ਹਨ ਜੋ ਪਰਮੇਸ਼ੁਰ ਦੀ ਇੱਛਾ ਮੁਤਾਬਕ ਆਪਣੀਆਂ ਜ਼ਿੰਦਗੀਆਂ ਨਹੀਂ ਜੀਉਂਦੇ। ਜਿਸ ਤਰ੍ਹਾਂ ਇਕ ਡਾਕਟਰ ਆਪਣੇ ਮਰੀਜ਼ ਦੀ ਜ਼ਿੰਦਗੀ ਬਚਾਉਣ ਲਈ ਕੈਂਸਰ ਫੈਲਾਉਣ ਵਾਲੇ ਟਿਊਮਰ ਨੂੰ ਕੱਢ ਦਿੰਦਾ ਹੈ, ਉਸੇ ਤਰ੍ਹਾਂ ਪਰਮੇਸ਼ੁਰ ਬੁਰੇ ਲੋਕਾਂ ਨੂੰ ‘ਛੇਕ’ ਦੇਵੇਗਾ ਤਾਂਕਿ ਚੰਗੇ ਲੋਕ ਧਰਤੀ ਉੱਤੇ ਖ਼ੁਸ਼ੀਆਂ ਭਰੀ ਜ਼ਿੰਦਗੀ ਦਾ ਮਜ਼ਾ ਲੈ ਸਕਣ। (ਜ਼ਬੂਰਾਂ ਦੀ ਪੋਥੀ 37:9) ਇਸ ਅਰਥ ਵਿਚ ਦੁਨੀਆਂ ਦਾ ਅੰਤ ਹੋਣਾ ਚੰਗੀ ਗੱਲ ਹੈ।

ਦੁਨੀਆਂ ਦੇ ਅੰਤ ਬਾਰੇ ਇਸ ਚੰਗੇ ਨਜ਼ਰੀਏ ਦਾ ਉਨ੍ਹਾਂ ਬਾਈਬਲ ਅਨੁਵਾਦਾਂ ਤੋਂ ਪਤਾ ਲੱਗਦਾ ਹੈ ਜਿਨ੍ਹਾਂ ਵਿਚ ਦੁਨੀਆਂ ਦੇ ਅੰਤ ਦਾ ਤਰਜਮਾ “ਜੁਗ ਦਾ ਅੰਤ” ਜਾਂ ‘ਯੁਗ ਦਾ ਆਖ਼ਰੀ ਸਮਾਂ’ ਕੀਤਾ ਗਿਆ ਹੈ। (ਮੱਤੀ 24:3) ਅੰਤ ਵਿੱਚੋਂ ਬਹੁਤ ਸਾਰੇ ਲੋਕ ਅਤੇ ਧਰਤੀ ਬਚ ਜਾਵੇਗੀ, ਇਸ ਲਈ ਕੀ ਇਹ ਮੰਨਣਾ ਸਹੀ ਨਹੀਂ ਲੱਗਦਾ ਕਿ ਇਕ ਨਵੇਂ ਯੁਗ ਜਾਂ ਨਵੀਂ ਦੁਨੀਆਂ ਦੀ ਸ਼ੁਰੂਆਤ ਹੋਵੇਗੀ? ਬਾਈਬਲ ਇਸ ਦਾ ਜਵਾਬ ਹਾਂ ਵਿਚ ਦਿੰਦੀ ਹੈ ਕਿਉਂਕਿ ਇਹ “ਆਉਣ ਵਾਲੇ ਸਮੇਂ” ਦੀ ਗੱਲ ਕਰਦੀ ਹੈ।—ਲੂਕਾ 18:30.

ਯਿਸੂ ਨੇ ਇਸ ਆਉਣ ਵਾਲੇ ਸਮੇਂ ਨੂੰ ਉਹ ਸਮਾਂ ਕਿਹਾ “ਜਦੋਂ ਸਭ ਕੁਝ ਨਵਾਂ ਬਣਾਇਆ ਜਾਵੇਗਾ।” ਉਸ ਸਮੇਂ ਉਹ ਇਨਸਾਨਾਂ ਨੂੰ ਅਜਿਹੇ ਹਾਲਾਤਾਂ ਵਿਚ ਜ਼ਿੰਦਗੀ ਬਖ਼ਸ਼ੇਗਾ ਜੋ ਪਰਮੇਸ਼ੁਰ ਉਨ੍ਹਾਂ ਨੂੰ ਸ਼ੁਰੂ ਵਿਚ ਦੇਣਾ ਚਾਹੁੰਦਾ ਸੀ। (ਮੱਤੀ 19:28) ਫਿਰ ਅਸੀਂ ਇਨ੍ਹਾਂ ਚੀਜ਼ਾਂ ਦਾ ਆਨੰਦ ਮਾਣਾਂਗੇ:

ਜੇ ਅਸੀਂ “ਪਰਮੇਸ਼ੁਰ ਦੀ ਇੱਛਾ” ਪੂਰੀ ਕਰਦੇ ਹਾਂ, ਤਾਂ ਸਾਨੂੰ ਦੁਨੀਆਂ ਦੇ ਅੰਤ ਤੋਂ ਡਰਨ ਦੀ ਲੋੜ ਨਹੀਂ। ਇਸ ਦੀ ਬਜਾਇ ਅਸੀਂ ਬੇਸਬਰੀ ਨਾਲ ਇਸ ਦੀ ਉਡੀਕ ਕਰ ਸਕਦੇ ਹਾਂ।

ਕੀ ਦੁਨੀਆਂ ਦਾ ਅੰਤ ਸੱਚ-ਮੁੱਚ ਨੇੜੇ ਹੈ?

ਬਾਈਬਲ ਦਾ ਜਵਾਬ: “ਜਦੋਂ ਤੁਸੀਂ ਇਹ ਗੱਲਾਂ ਹੁੰਦੀਆਂ ਦੇਖੋ, ਤਾਂ ਸਮਝ ਜਾਣਾ ਕਿ ਪਰਮੇਸ਼ੁਰ ਦਾ ਰਾਜ ਨੇੜੇ ਆ ਗਿਆ ਹੈ।”ਲੂਕਾ 21:31.

ਪ੍ਰੋਫ਼ੈਸਰ ਰਿਚਰਡ ਕਾਇਲ ਨੇ ਆਪਣੀ ਕਿਤਾਬ ਦੁਬਾਰਾ ਆਖ਼ਰੀ ਦਿਨ ਆ ਗਏ (ਅੰਗ੍ਰੇਜ਼ੀ) ਵਿਚ ਲਿਖਦਾ ਹੈ ਕਿ “ਜਦੋਂ ਅਚਾਨਕ ਬਦਲਾਅ ਹੁੰਦੇ ਹਨ ਤੇ ਸਮਾਜਕ ਹਲਚਲ ਮਚ ਜਾਂਦੀ ਹੈ, ਤਾਂ ਲੋਕ ਅੰਤ ਆਉਣ ਬਾਰੇ ਭਵਿੱਖਬਾਣੀਆਂ ਕਰਨ ਲੱਗ ਪੈਂਦੇ ਹਨ।” ਇਵੇਂ ਖ਼ਾਸਕਰ ਉਦੋਂ ਹੁੰਦਾ ਹੈ ਜਦੋਂ ਇਸ ਬਦਲਾਅ ਤੇ ਹਲਚਲ ਨੂੰ ਸਮਝਾਉਣਾ ਮੁਸ਼ਕਲ ਲੱਗੇ।

ਪਰ ਅੰਤ ਬਾਰੇ ਬਾਈਬਲ ਵਿਚ ਜ਼ਿਕਰ ਕੀਤੇ ਭਵਿੱਖਬਾਣੀਆਂ ਕਰਨ ਵਾਲੇ ਨਬੀ ਆਪਣੇ ਜ਼ਮਾਨੇ ਦੀਆਂ ਉਲਝਣ ਵਿਚ ਪਾਉਣ ਵਾਲੀਆਂ ਘਟਨਾਵਾਂ ਬਾਰੇ ਦੱਸਣ ਦੀ ਕੋਸ਼ਿਸ਼ ਨਹੀਂ ਕਰ ਰਹੇ ਸਨ। ਇਸ ਦੀ ਬਜਾਇ, ਉਹ ਪਰਮੇਸ਼ੁਰ ਦੀ ਪ੍ਰੇਰਣਾ ਨਾਲ ਉਨ੍ਹਾਂ ਹਾਲਾਤਾਂ ਨੂੰ ਸਮਝਾ ਰਹੇ ਸਨ ਜਿਨ੍ਹਾਂ ਤੋਂ ਪਤਾ ਲੱਗਣਾ ਸੀ ਕਿ ਦੁਨੀਆਂ ਦਾ ਅੰਤ ਨੇੜੇ ਹੈ। ਉਨ੍ਹਾਂ ਕੁਝ ਭਵਿੱਖਬਾਣੀਆਂ ਉੱਤੇ ਗੌਰ ਕਰੋ ਅਤੇ ਖ਼ੁਦ ਫ਼ੈਸਲਾ ਕਰੋ ਕਿ ਇਹ ਸਾਡੇ ਸਮੇਂ ਵਿਚ ਪੂਰੀਆਂ ਹੋ ਰਹੀਆਂ ਹਨ ਜਾਂ ਨਹੀਂ।

ਯਿਸੂ ਨੇ ਕਿਹਾ ਸੀ ਕਿ ਜਦੋਂ ਅਸੀਂ “ਇਹ ਸਭ ਕੁਝ ਹੁੰਦਾ” ਦੇਖਾਂਗੇ, ਤਾਂ ਸਾਨੂੰ ਪਤਾ ਲੱਗ ਜਾਵੇਗਾ ਕਿ ਦੁਨੀਆਂ ਦਾ ਅੰਤ ਨੇੜੇ ਹੈ। (ਮੱਤੀ 24:33) ਯਹੋਵਾਹ ਦੇ ਗਵਾਹ ਮੰਨਦੇ ਹਨ ਕਿ ਅੰਤ ਬਾਰੇ ਸਬੂਤ ਭਰੋਸੇਯੋਗ ਹੈ ਜਿਸ ਬਾਰੇ ਉਹ 236 ਦੇਸ਼ਾਂ ਵਿਚ ਪ੍ਰਚਾਰ ਕਰ ਕੇ ਦੱਸਦੇ ਹਨ।

ਕੀ ਉਮੀਦਾਂ ਮੁਤਾਬਕ ਅੰਤ ਨਾ ਆਉਣ ਦਾ ਮਤਲਬ ਇਹ ਹੈ ਕਿ ਇਹ ਕਦੇ ਨਹੀਂ ਆਵੇਗਾ?

ਬਾਈਬਲ ਦਾ ਜਵਾਬ: “ਜਦੋਂ ਲੋਕ ਕਹਿਣਗੇ: “ਸ਼ਾਂਤੀ ਅਤੇ ਸੁਰੱਖਿਆ ਕਾਇਮ ਹੋ ਗਈ ਹੈ!” ਉਦੋਂ ਇਕਦਮ ਅਚਾਨਕ ਉਨ੍ਹਾਂ ਦਾ ਵਿਨਾਸ਼ ਆ ਜਾਵੇਗਾ, ਜਿਵੇਂ ਗਰਭਵਤੀ ਤੀਵੀਂ ਨੂੰ ਅਚਾਨਕ ਪੀੜਾਂ ਲੱਗਦੀਆਂ ਹਨ; ਅਤੇ ਉਹ ਕਿਸੇ ਵੀ ਤਰ੍ਹਾਂ ਬਚ ਨਹੀਂ ਸਕਣਗੇ।”1 ਥੱਸਲੁਨੀਕੀਆਂ 5:3.

ਬਾਈਬਲ ਦੁਨੀਆਂ ਦੇ ਨਾਸ਼ ਦੀ ਤੁਲਨਾ ਜਣਨ-ਪੀੜਾਂ ਦੀ ਸ਼ੁਰੂਆਤ ਨਾਲ ਕਰਦੀ ਹੈ ਜੋ ਉੱਠਣੀਆਂ ਲਾਜ਼ਮੀ ਹਨ ਤੇ ਅਚਾਨਕ ਉੱਠਦੀਆਂ ਹਨ। ਅੰਤ ਵੱਲ ਵਧਦਾ ਜਾਂਦਾ ਸਮਾਂ ਵੀ ਗਰਭ-ਅਵਸਥਾ ਦੀ ਤਰ੍ਹਾਂ ਹੈ ਕਿਉਂਕਿ ਮਾਂ ਵਧਦੇ ਜਾਂਦੇ ਲੱਛਣਾਂ ਤੋਂ ਜਾਣ ਜਾਂਦੀ ਹੈ ਕਿ ਬੱਚੇ ਦਾ ਜਨਮ ਨੇੜੇ ਆ ਰਿਹਾ ਹੈ। ਉਸ ਦਾ ਡਾਕਟਰ ਸ਼ਾਇਦ ਅੰਦਾਜ਼ੇ ਨਾਲ ਜਨਮ ਦੀ ਤਾਰੀਖ਼ ਦੱਸ ਦੇਵੇ, ਪਰ ਜੇ ਜਨਮ ਹੋਣ ਵਿਚ ਦੇਰ ਹੋ ਵੀ ਜਾਵੇ, ਤਾਂ ਵੀ ਮਾਂ ਨੂੰ ਪੂਰਾ ਯਕੀਨ ਹੁੰਦਾ ਹੈ ਕਿ ਬੱਚਾ ਜਨਮ ਲੈਣ ਹੀ ਵਾਲਾ ਹੈ। ਇਸੇ ਤਰ੍ਹਾਂ, ਭਾਵੇਂ ਲੋਕਾਂ ਦੀਆਂ ਉਮੀਦਾਂ ਮੁਤਾਬਕ ਅੰਤ ਹਾਲੇ ਆਇਆ ਨਹੀਂ, ਪਰ ਇਸ ਕਾਰਨ ਅਸੀਂ ਹਕੀਕਤ ਤੋਂ ਮੂੰਹ ਨਹੀਂ ਮੋੜ ਸਕਦੇ ਕਿ ਇਹ “ਆਖ਼ਰੀ ਦਿਨ” ਹਨ।—2 ਤਿਮੋਥਿਉਸ 3:1.

ਤੁਸੀਂ ਸ਼ਾਇਦ ਕਹੋ, ‘ਜੇ ਇਹ ਲੱਛਣ ਸਾਫ਼ ਨਜ਼ਰ ਆਉਂਦਾ ਹੈ ਕਿ ਅੰਤ ਆਉਣ ਹੀ ਵਾਲਾ ਹੈ, ਤਾਂ ਇੰਨੇ ਸਾਰੇ ਲੋਕ ਇਸ ਨੂੰ ਨਜ਼ਰਅੰਦਾਜ਼ ਕਿਉਂ ਕਰਦੇ ਹਨ?’ ਦਿਲਚਸਪੀ ਦੀ ਗੱਲ ਹੈ ਕਿ ਬਾਈਬਲ ਕਹਿੰਦੀ ਹੈ ਕਿ ਜਦੋਂ ਅੰਤ ਨੇੜੇ ਹੋਵੇਗਾ, ਤਾਂ ਬਹੁਤ ਸਾਰੇ ਲੋਕ ਇਸ ਦੇ ਸਬੂਤ ਨੂੰ ਇੰਨੀ ਅਹਿਮੀਅਤ ਨਹੀਂ ਦੇਣਗੇ। ਇਨ੍ਹਾਂ ਆਖ਼ਰੀ ਦਿਨਾਂ ਦੌਰਾਨ ਵੱਡੀਆਂ-ਵੱਡੀਆਂ ਤਬਦੀਲੀਆਂ ਵੱਲ ਧਿਆਨ ਦੇਣ ਦੀ ਬਜਾਇ ਉਹ ਮਖੌਲ ਉਡਾਉਣਗੇ: “ਸਾਡੇ ਦਾਦੇ-ਪੜਦਾਦੇ ਆਏ ਤੇ ਚਲੇ ਗਏ, ਪਰ ਦੁਨੀਆਂ ਦੇ ਬਣਨ ਤੋਂ ਹੁਣ ਤਕ ਸਭ ਕੁਝ ਉਸੇ ਤਰ੍ਹਾਂ ਚੱਲਦਾ ਆ ਰਿਹਾ ਹੈ।” (2 ਪਤਰਸ 3:3, 4) ਦੂਜੇ ਸ਼ਬਦਾਂ ਵਿਚ, ਆਖ਼ਰੀ ਦਿਨਾਂ ਦੇ ਨਿਸ਼ਾਨ ਸਪੱਸ਼ਟ ਹਨ ਪਰ ਕਈ ਲੋਕ ਇਨ੍ਹਾਂ ਨੂੰ ਨਜ਼ਰਅੰਦਾਜ਼ ਕਰਨਗੇ।—ਮੱਤੀ 24:38, 39.

ਇਸ ਲੇਖ ਵਿਚ ਅਸੀਂ ਬਾਈਬਲ ਵਿੱਚੋਂ ਕੁਝ ਸਬੂਤ ਦੇਖੇ ਹਨ ਕਿ ਅੰਤ ਨੇੜੇ ਹੈ। * ਕੀ ਤੁਸੀਂ ਇਸ ਬਾਰੇ ਹੋਰ ਸਿੱਖਣਾ ਚਾਹੋਗੇ? ਜੇ ਹਾਂ, ਤਾਂ ਕਿਉਂ ਨਾ ਯਹੋਵਾਹ ਦੇ ਗਵਾਹਾਂ ਨਾਲ ਸੰਪਰਕ ਕਰ ਕੇ ਉਨ੍ਹਾਂ ਨਾਲ ਬਾਈਬਲ ਸਟੱਡੀ ਕਰੋ? ਸਟੱਡੀ ਤੁਹਾਡੇ ਘਰ, ਤੁਹਾਡੀ ਸਹੂਲਤ ਮੁਤਾਬਕ ਕਿਸੇ ਹੋਰ ਜਗ੍ਹਾ ਜਾਂ ਫ਼ੋਨ ’ਤੇ ਵੀ ਕੀਤੀ ਜਾ ਸਕਦੀ ਹੈ। ਤੁਹਾਨੂੰ ਬਸ ਆਪਣਾ ਸਮਾਂ ਦੇਣ ਦੀ ਲੋੜ ਹੈ ਤੇ ਤੁਹਾਨੂੰ ਜੋ ਫ਼ਾਇਦੇ ਹੋਣਗੇ, ਉਨ੍ਹਾਂ ਬਾਰੇ ਤੁਸੀਂ ਸੋਚਿਆ ਵੀ ਨਹੀਂ ਹੋਣਾ। (w13-E 01/01)

^ ਪੇਰਗ੍ਰੈਫ 39 ਹੋਰ ਜਾਣਕਾਰੀ ਲਈ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਗਈ ਕਿਤਾਬ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਦਾ ਨੌਵਾਂ ਅਧਿਆਇ “ਕੀ ਇਸ ਦੁਸ਼ਟ ਦੁਨੀਆਂ ਦਾ ਅੰਤ ਸੱਚ-ਮੁੱਚ ਨੇੜੇ ਹੈ?” ਦੇਖੋ।