Skip to content

Skip to table of contents

ਪਰਿਵਾਰ ਵਿਚ ਖ਼ੁਸ਼ੀਆਂ ਲਿਆਓ

ਆਪਣੇ ਬੱਚਿਆਂ ਨੂੰ ਜ਼ਿੰਮੇਵਾਰ ਬਣਾਓ

ਆਪਣੇ ਬੱਚਿਆਂ ਨੂੰ ਜ਼ਿੰਮੇਵਾਰ ਬਣਾਓ

ਜੋਰਜ: * “ਹਰ ਸ਼ਾਮ ਇੱਕੋ ਗੱਲ ਹੁੰਦੀ ਸੀ। ਮਾਈਕਲ, ਮੇਰਾ ਚਾਰ ਸਾਲਾਂ ਦਾ ਮੁੰਡਾ, ਸਾਰੇ ਘਰ ਵਿਚ ਆਪਣੇ ਖਿਡਾਉਣੇ ਖਿਲਾਰ ਕੇ ਰੱਖਦਾ ਸੀ। ਉਸ ਦੇ ਸੌਣ ਤੋਂ ਪਹਿਲਾਂ ਮੈਂ ਉਸ ਨੂੰ ਖਿਡਾਉਣੇ ਚੁੱਕਣ ਲਈ ਕਹਿੰਦਾ ਸੀ। ਪਰ ਮਾਈਕਲ ਰੋਣ ਤੇ ਚੀਕਾਂ ਮਾਰਨ ਲੱਗ ਪੈਂਦਾ ਸੀ। ਕਈ ਵਾਰ ਮੈਨੂੰ ਇੰਨਾ ਗੁੱਸਾ ਚੜ੍ਹ ਜਾਂਦਾ ਸੀ ਕਿ ਮੈਂ ਉਹ ਨੂੰ ਪੈ ਜਾਂਦਾ ਸੀ, ਪਰ ਮੈਨੂੰ ਚੰਗਾ ਨਹੀਂ ਸੀ ਲੱਗਦਾ। ਮੈਂ ਚਾਹੁੰਦਾ ਸੀ ਕਿ ਸੌਣ ਦਾ ਵੇਲਾ ਖ਼ੁਸ਼ੀ ਦਾ ਵੇਲਾ ਹੋਵੇ। ਸੋ ਮੈਂ ਆਪ ਹੀ ਉਸ ਦਾ ਖਿਲਾਰਾ ਚੁੱਕ ਲੈਂਦਾ ਸੀ।”

ਐਮਿਲੀ: “ਮੁਸ਼ਕਲ ਉਦੋਂ ਖੜ੍ਹੀ ਹੋਈ ਜਦ ਮੇਰੀ 13 ਸਾਲਾਂ ਦੀ ਧੀ ਜੈਨੀ ਆਪਣੀ ਟੀਚਰ ਤੋਂ ਮਿਲਿਆ ਸਕੂਲ ਦਾ ਕੰਮ ਸਮਝ ਨਹੀਂ ਪਾਈ। ਜੈਨੀ ਘਰ ਆ ਕੇ ਪੂਰਾ ਘੰਟਾ ਰੋਂਦੀ ਰਹੀ। ਮੈਂ ਉਸ ਨੂੰ ਆਪਣੀ ਟੀਚਰ ਨਾਲ ਗੱਲ ਕਰਨ ਲਈ ਕਿਹਾ, ਪਰ ਜੈਨੀ ਕਹਿੰਦੀ ਰਹੀ ਕਿ ਉਸ ਦੀ ਟੀਚਰ ਬਹੁਤ ਰੁੱਖੀ ਸੀ ਤੇ ਉਹ ਉਸ ਨਾਲ ਗੱਲ ਕਰਨ ਤੋਂ ਡਰਦੀ ਸੀ। ਮੇਰਾ ਜੀ ਕਰਦਾ ਸੀ ਕਿ ਮੈਂ ਸਕੂਲੇ ਜਾ ਕੇ ਉਸ ਟੀਚਰ ਦਾ ਸਾਮ੍ਹਣਾ ਕਰਾਂ। ਮੇਰੀ ਧੀ ਨੂੰ ਰੁਲਾਉਣ ਵਾਲੀ ਉਹ ਕੌਣ ਹੁੰਦੀ ਸੀ?”

ਕੀ ਤੁਸੀਂ ਜੋਰਜ ਅਤੇ ਐਮਿਲੀ ਦੇ ਜਜ਼ਬਾਤ ਸਮਝ ਸਕਦੇ ਹੋ? ਉਨ੍ਹਾਂ ਵਾਂਗ ਕਈ ਮਾਪਿਆਂ ਨੂੰ ਬੁਰਾ ਲੱਗਦਾ ਹੈ ਜਦ ਉਨ੍ਹਾਂ ਦੇ ਬੱਚੇ ਦੁਖੀ ਜਾਂ ਉਦਾਸ ਹੁੰਦੇ ਹਨ। ਹਰ ਮਾਂ-ਬਾਪ ਆਪਣੇ ਬੱਚੇ ਦਾ ਖ਼ਿਆਲ ਰੱਖਣਾ ਚਾਹੁੰਦਾ ਹੈ। ਉੱਪਰ ਦਿੱਤੇ ਹਾਲਾਤਾਂ ਨੇ ਬੱਚਿਆਂ ਨੂੰ ਜ਼ਿੰਮੇਵਾਰ ਬਣਾਉਣ ਵਿਚ ਮਾਪਿਆਂ ਨੂੰ ਬਹੁਤ ਵਧਿਆ ਮੌਕਾ ਦਿੱਤਾ। ਇਹ ਸੱਚ ਹੈ ਕਿ ਜੋ ਸਬਕ ਇਕ 4 ਸਾਲਾਂ ਦਾ ਬੱਚਾ ਸਿੱਖੇਗਾ ਇਹ 13 ਸਾਲਾਂ ਦੇ ਬੱਚੇ ਨਾਲੋਂ ਵੱਖਰਾ ਹੋਵੇਗਾ।

ਹਕੀਕਤ ਇਹ ਹੈ ਕਿ ਤੁਸੀਂ ਹਮੇਸ਼ਾ ਆਪਣੇ ਬੱਚੇ ਨੂੰ ਮੁਸੀਬਤ ਤੋਂ ਨਹੀਂ ਬਚਾ ਸਕੋਗੇ। ਇਕ ਦਿਨ ਤਾਂ ਉਨ੍ਹਾਂ ਨੂੰ “ਆਪਣਾ ਹੀ ਭਾਰ ਚੁੱਕਣਾ ਪਵੇਗਾ” ਤਾਂਕਿ ਉਹ ਆਪਣੇ ਪੈਰਾਂ ਤੇ ਖੜ੍ਹੇ ਹੋ ਜਾਣ। (ਗਲਾਤੀਆਂ 6:5; ਉਤਪਤ 2:24) ਇਸ ਲਈ ਜ਼ਰੂਰੀ ਹੈ ਕਿ ਮਾਪੇ ਆਪਣੇ ਬੱਚੇ ਨੂੰ ਆਪਣੀ ਦੇਖ-ਭਾਲ ਕਰਨੀ, ਦੂਜਿਆਂ ਦੀ ਦੇਖ-ਭਾਲ ਕਰਨੀ ਅਤੇ ਜ਼ਿੰਮੇਵਾਰ ਬਣਨਾ ਸਿਖਾਉਣ। ਪਰ ਇਹ ਕੋਈ ਸੌਖਾ ਕੰਮ ਨਹੀਂ!

ਯਿਸੂ ਮਾਪਿਆਂ ਲਈ ਬਹੁਤ ਵਧੀਆ ਮਿਸਾਲ ਹੈ। ਇਹ ਸੱਚ ਹੈ ਕਿ ਯਿਸੂ ਦੇ ਆਪਣੇ ਕੋਈ ਬੱਚੇ ਨਹੀਂ ਸਨ। ਪਰ ਜਿਸ ਤਰ੍ਹਾਂ ਯਿਸੂ ਆਪਣੇ ਚੇਲਿਆਂ ਨਾਲ ਪੇਸ਼ ਆਇਆ, ਉਸ ਤੋਂ ਮਾਪੇ ਬਹੁਤ ਕੁਝ ਸਿੱਖ ਸਕਦੇ ਹਨ। ਉਸ ਨੇ ਆਪਣੇ ਚੇਲਿਆਂ ਨੂੰ ਇਸ ਲਈ ਚੁਣਿਆ ਅਤੇ ਸਿਖਲਾਈ ਦਿੱਤੀ ਤਾਂਕਿ ਉਸ ਦੇ ਜਾਣ ਤੋਂ ਬਾਅਦ ਉਸ ਦੇ ਚੇਲੇ ਉਹ ਕੰਮ ਕਰਦੇ ਰਹਿਣ ਜੋ ਯਿਸੂ ਨੇ ਸ਼ੁਰੂ ਕੀਤਾ ਸੀ। (ਮੱਤੀ 28:19, 20) ਯਿਸੂ ਨੇ ਜੋ ਆਪਣੇ ਚੇਲਿਆਂ ਨਾਲ ਕੀਤਾ, ਉਹੀ ਮਾਪੇ ਚਾਹੁੰਦੇ ਹਨ ਕਿ ਉਹ ਆਪਣੇ ਬੱਚਿਆਂ ਨਾਲ ਕਰਨ, ਯਾਨੀ ਉਨ੍ਹਾਂ ਨੂੰ ਜ਼ਿੰਮੇਵਾਰ ਬਣਾਉਣ। ਆਓ ਆਪਾਂ ਦੇਖੀਏ ਕਿ ਯਿਸੂ ਨੇ ਮਾਪਿਆਂ ਲਈ ਕਿਹੜੀ ਮਿਸਾਲ ਛੱਡੀ। ਅਸੀਂ ਤਿੰਨ ਗੱਲਾਂ ਵੱਲ ਧਿਆਨ ਦੇਵਾਂਗੇ।

ਆਪਣੇ ਬੱਚੇ ਲਈ “ਨਮੂਨਾ” ਕਾਇਮ ਕਰੋ:

ਆਪਣੀ ਜ਼ਿੰਦਗੀ ਦੇ ਅਖ਼ੀਰ ਵਿਚ ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ: “ਮੈਂ ਤੁਹਾਨੂੰ ਇੱਕ ਨਮੂਨਾ ਦੇ ਛੱਡਿਆ ਹੈ ਤਾਂ ਜੋ ਜਿਵੇਂ ਮੈਂ ਤੁਹਾਡੇ ਨਾਲ ਕੀਤਾ ਤੁਸੀਂ ਭੀ ਤਿਵੇਂ ਹੀ ਕਰੋ।” (ਯੂਹੰਨਾ 13:15) ਯਿਸੂ ਵਾਂਗ ਮਾਪਿਆਂ ਨੂੰ ਸਮਝਾਉਣ ਅਤੇ ਮਿਸਾਲ ਬਣ ਕੇ ਦਿਖਾਉਣ ਦੀ ਲੋੜ ਹੈ ਕਿ ਜ਼ਿੰਮੇਵਾਰ ਬਣਨ ਦਾ ਕੀ ਮਤਲਬ ਹੈ।

ਆਪਣੇ ਆਪ ਨੂੰ ਪੁੱਛੋ: ‘ਜਦ ਜ਼ਿੰਮੇਵਾਰੀਆਂ ਚੁੱਕਣ ਦੀ ਗੱਲ ਆਉਂਦੀ ਹੈ, ਤਾਂ ਕੀ ਮੈਂ ਉਨ੍ਹਾਂ ਨੂੰ ਖ਼ੁਸ਼ੀ-ਖ਼ੁਸ਼ੀ ਨਿਭਾਉਂਦਾ ਹਾਂ? ਕੀ ਮੈਂ ਦਿਖਾਉਂਦਾ ਹਾਂ ਕਿ ਦੂਸਰਿਆਂ ਲਈ ਕੰਮ ਕਰਨ ਨਾਲ ਮੈਨੂੰ ਖ਼ੁਸ਼ੀ ਮਿਲਦੀ ਹੈ? ਜਾਂ ਕੀ ਮੈਂ ਇਹ ਸ਼ਿਕਾਇਤ ਕਰਦਾ ਹਾਂ ਕਿ ਮੈਨੂੰ ਬਹੁਤ ਕੰਮ ਕਰਨਾ ਪੈਂਦਾ ਹੈ, ਪਰ ਦੂਸਰੇ ਮੇਰੇ ਜਿੰਨਾ ਨਹੀਂ ਕਰਦੇ?’

ਇਹ ਸੱਚ ਹੈ ਕਿ ਹਰ ਕੋਈ ਗ਼ਲਤੀਆਂ ਕਰਦਾ ਹੈ। ਕਦੇ-ਨਾ-ਕਦੇ ਅਸੀਂ ਸਾਰੇ ਬੋਝ ਹੇਠਾਂ ਦੱਬੇ ਜਾਂਦੇ ਹਾਂ। ਪਰ ਜੇ ਤੁਸੀਂ ਜ਼ਿੰਮੇਵਾਰ ਹੋਣ ਦੀ ਚੰਗੀ ਮਿਸਾਲ ਬਣਦੇ ਹੋ, ਤਾਂ ਤੁਹਾਡੇ ਬੱਚੇ ਵੀ ਤੁਹਾਡੇ ਤੋਂ ਜ਼ਿੰਮੇਵਾਰ ਬਣਨਾ ਸਿੱਖਣਗੇ।

ਸੁਝਾਅ: ਜੇ ਹੋ ਸਕੇ, ਆਪਣੇ ਬੱਚੇ ਨੂੰ ਦਿਖਾਓ ਕਿ ਤੁਸੀਂ ਕਿੱਥੇ ਕੰਮ ਕਰਦੇ ਹੋ ਅਤੇ ਕੀ ਕੰਮ ਕਰਦੇ ਹੋ ਤਾਂਕਿ ਉਸ ਨੂੰ ਪਤਾ ਲੱਗੇ ਕਿ ਤੁਸੀਂ ਕਿਸ ਤਰ੍ਹਾਂ ਮਿਹਨਤ ਕਰ ਕੇ ਘਰ ਦਾ ਖ਼ਰਚਾ ਚਲਾਉਂਦੇ ਹੋ। ਤੁਸੀਂ ਬਿਨਾਂ ਪੈਸਿਆਂ ਤੋਂ ਅਜਿਹੀ ਸਮਾਜ-ਸੇਵਾ ਕਰ ਸਕਦੇ ਹੋ ਜਿੱਥੇ ਤੁਹਾਡਾ ਬੱਚਾ ਤੁਹਾਡੇ ਨਾਲ ਜਾ ਸਕਦਾ ਹੋਵੇ। ਫਿਰ ਬਾਅਦ ਵਿਚ ਉਸ ਨਾਲ ਗੱਲ ਕਰੋ ਕਿ ਇਹ ਕੰਮ ਕਰ ਕੇ ਤੁਹਾਨੂੰ ਕਿੰਨੀ ਖ਼ੁਸ਼ੀ ਹੋਈ।—ਰਸੂਲਾਂ ਦੇ ਕਰਤੱਬ 20:35.

ਹੱਦੋਂ ਵੱਧ ਉਮੀਦਾਂ ਨਾ ਰੱਖੋ:

ਯਿਸੂ ਨੂੰ ਪਤਾ ਸੀ ਕਿ ਉਸ ਦੇ ਚੇਲਿਆਂ ਨੂੰ ਉਹ ਸਾਰੀਆਂ ਜ਼ਿੰਮੇਵਾਰੀਆਂ ਸੰਭਾਲਣ ਲਈ ਸਮਾਂ ਲੱਗੇਗਾ ਜੋ ਉਹ ਉਨ੍ਹਾਂ ਨੂੰ ਦੇ ਰਿਹਾ ਸੀ। ਇਕ ਵਾਰ ਉਸ ਨੇ ਕਿਹਾ: “ਅਜੇ ਮੈਂ ਤੁਹਾਡੇ ਨਾਲ ਬਹੁਤੀਆਂ ਗੱਲਾਂ ਕਰਨੀਆਂ ਹਨ ਪਰ ਹੁਣੇ ਤੁਸੀਂ ਸਹਾਰ ਨਹੀਂ ਸੱਕਦੇ।” (ਯੂਹੰਨਾ 16:12) ਯਿਸੂ ਨੇ ਆਪਣੇ ਚੇਲਿਆਂ ਨੂੰ ਇਕਦਮ ਨਹੀਂ ਸੀ ਕਿਹਾ ਕਿ ਉਹ ਉਸ ਤੋਂ ਅਲੱਗ ਕੋਈ ਕੰਮ ਕਰਨ। ਇਸ ਦੀ ਬਜਾਇ ਉਸ ਨੇ ਸਮਾਂ ਕੱਢ ਕੇ ਉਨ੍ਹਾਂ ਨੂੰ ਬਹੁਤ ਕੁਝ ਸਿਖਾਇਆ। ਫਿਰ ਜਦ ਯਿਸੂ ਨੂੰ ਲੱਗਾ ਕਿ ਉਸ ਦੇ ਚੇਲੇ ਤਿਆਰ ਸਨ, ਤਾਂ ਉਸ ਨੇ ਉਨ੍ਹਾਂ ਨੂੰ ਇਕੱਲਿਆਂ ਬਾਹਰ ਭੇਜਿਆ।

ਇਸੇ ਤਰ੍ਹਾਂ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਇੰਨੀ ਵੱਡੀ ਜ਼ਿੰਮੇਵਾਰੀ ਵੀ ਨਹੀਂ ਦੇਣੀ ਚਾਹੀਦੀ ਜੋ ਉਹ ਚੁੱਕ ਨਾ ਸਕਣ। ਉਮਰ ਦੇ ਹਿਸਾਬ ਨਾਲ ਮਾਪੇ ਆਪਣੇ ਬੱਚਿਆਂ ਨੂੰ ਵੱਖ-ਵੱਖ ਕੰਮ ਤੇ ਜ਼ਿੰਮੇਵਾਰੀਆਂ ਦੇ ਸਕਦੇ ਹਨ। ਮਿਸਾਲ ਲਈ, ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਸਿਖਾਉਣਾ ਚਾਹੀਦਾ ਹੈ ਕਿ ਨਹਾਉਣਾ-ਧੋਣਾ, ਆਪਣਾ ਕਮਰਾ ਸਾਫ਼ ਰੱਖਣਾ, ਸਮੇਂ-ਸਿਰ ਕਿਤੇ ਪਹੁੰਚਣਾ ਅਤੇ ਸੰਭਾਲ ਕੇ ਪੈਸਾ ਖ਼ਰਚਣਾ ਉਨ੍ਹਾਂ ਦੀ ਜ਼ਿੰਮੇਵਾਰੀ ਹੈ। ਜਦ ਬੱਚਾ ਸਕੂਲ ਜਾਣ ਲੱਗਦਾ ਹੈ, ਤਾਂ ਮਾਪਿਆਂ ਨੂੰ ਉਮੀਦ ਰੱਖਣੀ ਚਾਹੀਦੀ ਹੈ ਕਿ ਉਹ ਆਪਣੇ ਸਕੂਲ ਦੇ ਕੰਮ ਲਈ ਜ਼ਿੰਮੇਵਾਰ ਹੋਵੇ।

ਇੰਨਾ ਕਾਫ਼ੀ ਨਹੀਂ ਕਿ ਮਾਪੇ ਆਪਣੇ ਬੱਚਿਆਂ ਨੂੰ ਜ਼ਿੰਮੇਵਾਰੀਆਂ ਸੌਂਪਣ। ਇਸ ਵਿਚ ਉਨ੍ਹਾਂ ਨੂੰ ਆਪਣੇ ਬੱਚਿਆਂ ਦੀ ਮਦਦ ਵੀ ਕਰਨੀ ਚਾਹੀਦੀ ਹੈ। ਜੋਰਜ, ਜਿਸ ਦੀ ਅਸੀਂ ਪਹਿਲਾਂ ਵੀ ਗੱਲ ਕੀਤੀ ਸੀ, ਨੂੰ ਪਤਾ ਲੱਗਾ ਕਿ ਉਸ ਦਾ ਮੁੰਡਾ ਮਾਈਕਲ ਆਪਣੇ ਖਿਡਾਉਣੇ ਚੁੱਕਣ ਤੋਂ ਇਸ ਕਰਕੇ ਪਰੇਸ਼ਾਨ ਹੁੰਦਾ ਸੀ ਕਿਉਂਕਿ ਇਹ ਕੰਮ ਉਸ ਲਈ ਬਹੁਤ ਜ਼ਿਆਦਾ ਸੀ। ਜੋਰਜ ਕਹਿੰਦਾ ਹੈ: “ਗੁੱਸੇ ਹੋਣ ਦੀ ਬਜਾਇ ਮੈਂ ਉਸ ਨੂੰ ਇਕ ਤਰੀਕਾ ਸਿਖਾਇਆ ਤਾਂਕਿ ਖਿਡਾਉਣੇ ਚੁੱਕੇ ਜਾ ਸਕਣ।”

ਇਹ ਤਰੀਕਾ ਕੀ ਸੀ? ਜੋਰਜ ਦੱਸਦਾ ਹੈ: “ਪਹਿਲਾਂ ਮੈਂ ਹਰ ਸ਼ਾਮ ਖਿਡਾਉਣੇ ਚੁੱਕਣ ਦਾ ਇਕ ਸਮਾਂ ਤੈਅ ਕੀਤਾ। ਫਿਰ ਮੈਂ ਮਾਈਕਲ ਦੇ ਨਾਲ ਕਮਰੇ ਦੇ ਇਕ ਪਾਸਿਓਂ ਲੱਗ ਕੇ ਖਿਡਾਉਣੇ ਚੁੱਕੇ। ਇਹ ਅਸੀਂ ਇਕ ਖੇਡ ਵਾਂਗ ਸਮਝਦੇ ਸੀ ਇੱਥੋਂ ਤਕ ਕਿ ਅਸੀਂ ਸ਼ਰਤ ਲਾਉਂਦੇ ਸੀ ਕਿ ਕੌਣ ਪਹਿਲਾਂ ਆਪਣਾ ਕੰਮ ਖ਼ਤਮ ਕਰੇਗਾ। ਥੋੜ੍ਹੀ ਦੇਰ ਬਾਅਦ ਇਹ ਸ਼ਾਮ ਦੀ ਰੁਟੀਨ ਬਣ ਗਈ। ਮੈਂ ਮਾਈਕਲ ਨਾਲ ਵਾਅਦਾ ਕੀਤਾ ਕਿ ਜੇ ਉਹ ਜਲਦੀ ਖਿਡਾਉਣੇ ਚੁੱਕ ਲਵੇ, ਤਾਂ ਮੈਂ ਉਸ ਨੂੰ ਸੌਣ ਤੋਂ ਪਹਿਲਾਂ ਇਕ ਹੋਰ ਕਹਾਣੀ ਪੜ੍ਹ ਕੇ ਸੁਣਾਵਾਂਗਾ। ਪਰ ਜੇ ਉਹ ਹੌਲੀ-ਹੌਲੀ ਕੰਮ ਕਰੇਗਾ, ਤਾਂ ਮੈਂ ਕਹਾਣੀ ਥੋੜ੍ਹੇ ਸਮੇਂ ਵਿਚ ਖ਼ਤਮ ਕਰਾਂਗਾ।”

ਸੁਝਾਅ: ਸੋਚ-ਸਮਝ ਕੇ ਤੈਅ ਕਰੋ ਕਿ ਘਰ ਦੇ ਕੰਮਾਂ ਵਿਚ ਹੱਥ ਵਟਾਉਣ ਲਈ ਤੁਹਾਡੇ ਬੱਚੇ ਕੀ-ਕੀ ਕਰ ਸਕਦੇ ਹਨ। ਆਪਣੇ ਆਪ ਨੂੰ ਪੁੱਛੋ, ‘ਕੀ ਅਜਿਹੇ ਕੋਈ ਕੰਮ ਹਨ ਜੋ ਮੈਂ ਆਪਣੇ ਬੱਚਿਆਂ ਲਈ ਕਰ ਰਿਹਾ ਹਾਂ ਜੋ ਉਹ ਆਪ ਕਰ ਸਕਦੇ ਹਨ?’ ਜੇ ਹਾਂ, ਤਾਂ ਉਨ੍ਹਾਂ ਦੀ ਮਦਦ ਕਰੋ ਤਾਂਕਿ ਉਹ ਆਪ ਆਪਣੀ ਜ਼ਿੰਮੇਵਾਰੀ ਚੁੱਕ ਸਕਣ। ਉਨ੍ਹਾਂ ਨੂੰ ਇਹ ਵੀ ਸਮਝਾਓ ਕਿ ਜ਼ਿੰਮੇਵਾਰੀ ਚੁੱਕਣ ਜਾਂ ਨਾ ਚੁੱਕਣ ਦੇ ਚੰਗੇ ਜਾਂ ਮਾੜੇ ਨਤੀਜੇ ਹੋਣਗੇ। ਫਿਰ ਉਨ੍ਹਾਂ ਦੇ ਕੰਮ ਅਨੁਸਾਰ ਉਨ੍ਹਾਂ ਨੂੰ ਨਤੀਜੇ ਭੁਗਤਣ ਦਿਓ।

ਚੰਗੀ ਤਰ੍ਹਾਂ ਸਮਝਾਓ:

ਹਰ ਚੰਗੇ ਅਧਿਆਪਕ ਵਾਂਗ ਯਿਸੂ ਜਾਣਦਾ ਸੀ ਕਿ ਜੇ ਤੁਸੀਂ ਕੋਈ ਕੰਮ ਸਿੱਖਣਾ ਚਾਹੁੰਦੇ ਹੋ, ਤਾਂ ਤੁਹਾਨੂੰ ਉਹ ਕੰਮ ਕਰਨਾ ਪਵੇਗਾ। ਮਿਸਾਲ ਲਈ, ਜਦ ਯਿਸੂ ਨੂੰ ਲੱਗਾ ਕਿ ਉਸ ਦੇ ਚੇਲੇ ਤਿਆਰ ਸਨ, ਤਾਂ ਉਸ ਨੇ “ਹਰ ਨਗਰ ਅਤੇ ਹਰ ਥਾਂ ਜਿੱਥੇ ਆਪ ਜਾਣ ਵਾਲਾ ਸੀ ਉਨ੍ਹਾਂ ਨੂੰ ਦੋ ਦੋ ਕਰਕੇ ਆਪਣੇ ਅੱਗੇ ਘੱਲਿਆ।” (ਲੂਕਾ 10:1) ਪਰ ਉਨ੍ਹਾਂ ਨੂੰ ਘੱਲਣ ਤੋਂ ਪਹਿਲਾਂ ਉਸ ਨੇ ਉਨ੍ਹਾਂ ਦੀ ਮਦਦ ਕੀਤੀ ਅਤੇ ਸਾਫ਼-ਸਾਫ਼ ਦੱਸਿਆ ਕਿ ਉਨ੍ਹਾਂ ਨੂੰ ਕੀ-ਕੀ ਕਰਨਾ ਚਾਹੀਦਾ ਹੈ। (ਲੂਕਾ 10:2-12) ਜਦ ਯਿਸੂ ਦੇ ਚੇਲਿਆਂ ਨੇ ਵਾਪਸ ਆ ਕੇ ਆਪਣੀ ਸਫ਼ਲਤਾ ਬਾਰੇ ਦੱਸਿਆ, ਤਾਂ ਯਿਸੂ ਨੇ ਉਨ੍ਹਾਂ ਨੂੰ ਸ਼ਾਬਾਸ਼ੀ ਦਿੱਤੀ ਅਤੇ ਉਨ੍ਹਾਂ ਦਾ ਹੌਸਲਾ ਵਧਾਇਆ। (ਲੂਕਾ 10:17-24) ਸ਼ਾਬਾਸ਼ੀ ਦੇਣ ਤੋਂ ਇਲਾਵਾ ਉਸ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਉਹ ਇਹ ਕੰਮ ਕਰਨ ਦੇ ਯੋਗ ਸਨ।

ਜਦ ਤੁਹਾਡੇ ਬੱਚੇ ਅਜਿਹੀ ਜ਼ਿੰਮੇਵਾਰੀ ਦਾ ਸਾਮ੍ਹਣਾ ਕਰਦੇ ਹਨ ਜੋ ਉਨ੍ਹਾਂ ਲਈ ਮੁਸ਼ਕਲ ਹੈ, ਤਾਂ ਤੁਸੀਂ ਕੀ ਕਰਦੇ ਹੋ? ਜੇ ਤੁਹਾਡੇ ਬੱਚੇ ਕੋਈ ਕੰਮ ਕਰਨ ਤੋਂ ਹਿਚਕਿਚਾਉਂਦੇ ਹਨ ਜਾਂ ਉਨ੍ਹਾਂ ਨੂੰ ਡਰ ਹੈ ਕਿ ਉਹ ਫੇਲ੍ਹ ਹੋ ਜਾਣਗੇ, ਤਾਂ ਕੀ ਇਸ ਮੌਕੇ ਤੇ ਤੁਸੀਂ ਉਨ੍ਹਾਂ ਨੂੰ ਬਚਾਉਂਦੇ ਹੋ? ਸਭ ਤੋਂ ਪਹਿਲਾਂ ਤੁਸੀਂ ਸ਼ਾਇਦ ਸੋਚੋ ਕਿ ਉਨ੍ਹਾਂ ਦੀ ਮਦਦ ਕਰਨ ਲਈ ਚੰਗਾ ਹੋਵੇਗਾ ਕਿ ਤੁਸੀਂ ਆਪ ਹੀ ਜ਼ਿੰਮੇਵਾਰੀ ਚੁੱਕ ਲਵੋ।

ਪਰ ਸੋਚੋ: ਹਰ ਵਾਰ ਜਦ ਤੁਸੀਂ ਆਪਣੇ ਬੱਚਿਆਂ ਦੀ ਕਿਸੇ ਤਰੀਕੇ ਨਾਲ ਮਦਦ ਕਰਦੇ ਹੋ, ਤਾਂ ਤੁਸੀਂ ਉਨ੍ਹਾਂ ਨੂੰ ਕੀ ਸਿਖਾ ਰਹੇ ਹੋ? ਕੀ ਤੁਸੀਂ ਇਹ ਦਿਖਾ ਰਹੇ ਹੋ ਕਿ ਤੁਸੀਂ ਉਨ੍ਹਾਂ ਉੱਤੇ ਭਰੋਸਾ ਰੱਖ ਰਹੇ ਹੋ? ਜਾਂ ਕੀ ਤੁਸੀਂ ਇਹ ਦਿਖਾ ਰਹੇ ਹੋ ਕਿ ਤੁਹਾਡੇ ਮਨ ਵਿਚ ਉਹ ਅਜੇ ਬੱਚੇ ਹੀ ਹਨ ਜਿਨ੍ਹਾਂ ਲਈ ਤੁਹਾਨੂੰ ਸਭ ਕੁਝ ਕਰਨਾ ਪੈਂਦਾ ਹੈ?

ਮਿਸਾਲ ਲਈ, ਸ਼ੁਰੂ ਵਿਚ ਅਸੀਂ ਐਮਿਲੀ ਦੀ ਗੱਲ ਕੀਤੀ ਸੀ। ਉਸ ਨੇ ਆਪਣੀ ਧੀ ਦੀ ਮਦਦ ਕਿਵੇਂ ਕੀਤੀ? ਉਸ ਨੇ ਫ਼ੈਸਲਾ ਕੀਤਾ ਕਿ ਆਪ ਕੁਝ ਕਰਨ ਦੀ ਬਜਾਇ ਉਹ ਜੈਨੀ ਨੂੰ ਆਪਣੀ ਟੀਚਰ ਨਾਲ ਗੱਲ ਕਰਨ ਦੇਵੇਗੀ। ਐਮਿਲੀ ਤੇ ਜੈਨੀ ਨੇ ਇਕੱਠੇ ਬੈਠ ਕੇ ਟੀਚਰ ਲਈ ਕੁਝ ਸਵਾਲ ਤਿਆਰ ਕੀਤੇ। ਫਿਰ ਉਨ੍ਹਾਂ ਨੇ ਸਲਾਹ ਕੀਤੀ ਕਿ ਜੈਨੀ ਕਦੋਂ ਟੀਚਰ ਨਾਲ ਗੱਲ ਕਰ ਸਕਦੀ ਸੀ। ਇੱਥੋਂ ਤਕ ਕਿ ਉਨ੍ਹਾਂ ਨੇ ਤਿਆਰੀ ਕੀਤੀ ਕਿ ਗੱਲਬਾਤ ਕਿਵੇਂ ਹੋ ਸਕਦੀ ਹੈ। ਐਮਿਲੀ ਨੇ ਕਿਹਾ: “ਜੈਨੀ ਨੇ ਹਿੰਮਤ ਕਰ ਕੇ ਆਪਣੀ ਟੀਚਰ ਨਾਲ ਗੱਲ ਕੀਤੀ ਅਤੇ ਟੀਚਰ ਨੇ ਉਸ ਦੀ ਹਿੰਮਤ ਦੀ ਤਾਰੀਫ਼ ਕੀਤੀ। ਜੈਨੀ ਨੂੰ ਆਪਣੇ ਉੱਤੇ ਮਾਣ ਹੋਇਆ ਤੇ ਮੈਨੂੰ ਵੀ ਉਸ ਉੱਤੇ ਬਹੁਤ ਫ਼ਖ਼ਰ ਹੋਇਆ।”

ਸੁਝਾਅ: ਇਕ ਮੁਸ਼ਕਲ ਲਿਖੋ ਜਿਸ ਦਾ ਇਸ ਵੇਲੇ ਤੁਹਾਡਾ ਬੱਚਾ ਸਾਮ੍ਹਣਾ ਕਰ ਰਿਹਾ ਹੈ। ਇਸ ਮੁਸ਼ਕਲ ਦੇ ਨਾਲ ਲਿਖੋ ਕਿ ਤੁਸੀਂ ਕਿਸ ਤਰ੍ਹਾਂ ਮਦਦ ਕਰ ਸਕਦੇ ਹੋ ਤਾਂਕਿ ਉਹ ਆਪਣੀ ਜ਼ਿੰਮੇਵਾਰੀ ਖ਼ੁਦ ਆਪ ਸੰਭਾਲ ਸਕੇ। ਇਸ ਮੁਸ਼ਕਲ ਦਾ ਸਾਮ੍ਹਣਾ ਕਰਨ ਲਈ ਆਪਣੇ ਬੱਚੇ ਨਾਲ ਪੂਰੀ ਤਿਆਰੀ ਕਰੋ। ਬੱਚੇ ਦੀ ਯੋਗਤਾ ਵਿਚ ਵਿਸ਼ਵਾਸ ਦਿਖਾਓ।

ਜੇ ਤੁਸੀਂ ਆਪਣੇ ਬੱਚਿਆਂ ਨੂੰ ਹਮੇਸ਼ਾ ਮੁਸ਼ਕਲਾਂ ਤੋਂ ਬਚਾਓਗੇ, ਤਾਂ ਤੁਸੀਂ ਉਨ੍ਹਾਂ ਨੂੰ ਆਪਣੇ ਪੈਰਾਂ ’ਤੇ ਖੜ੍ਹੇ ਹੋਣ ਦੀ ਬਜਾਇ ਉਨ੍ਹਾਂ ਦੀ ਤਰੱਕੀ ਰੋਕ ਰਹੇ ਹੋਵੋਗੇ। ਆਪਣੇ ਬੱਚਿਆਂ ਨੂੰ ਜ਼ਿੰਮੇਵਾਰ ਬਣਾਓ। ਇਸ ਤਰ੍ਹਾਂ ਕਰਨ ਨਾਲ ਤੁਸੀਂ ਉਨ੍ਹਾਂ ਨੂੰ ਇਕ ਬਹੁਤ ਕੀਮਤੀ ਤੋਹਫ਼ਾ ਦੇ ਸਕਦੇ ਹੋ। (w10-E 05/01)

^ ਪੈਰਾ 3 ਨਾਂ ਬਦਲੇ ਗਏ ਹਨ।

ਆਪਣੇ ਆਪ ਨੂੰ ਪੁੱਛੋ . . .

  • ਮੈਂ ਆਪਣੇ ਬੱਚਿਆਂ ਤੋਂ ਕਿਸ ਤਰ੍ਹਾਂ ਦੀਆਂ ਉਮੀਦਾਂ ਰੱਖਦਾ ਹਾਂ?

  • ਕੀ ਮੈਂ ਉਨ੍ਹਾਂ ਨੂੰ ਦੱਸਦਾ ਅਤੇ ਦਿਖਾਉਂਦਾ ਹਾਂ ਕਿ ਸਫ਼ਲਤਾ ਹਾਸਲ ਕਰਨ ਲਈ ਉਨ੍ਹਾਂ ਨੂੰ ਕੀ ਕਰਨ ਦੀ ਲੋੜ ਹੈ?

  • ਤੁਸੀਂ ਪਿਛਲੀ ਵਾਰ ਆਪਣੇ ਬੱਚੇ ਨੂੰ ਸ਼ਾਬਾਸ਼ੀ ਕਦੋਂ ਦਿੱਤੀ ਸੀ?