Skip to content

Skip to table of contents

ਮਿਲ ਕੇ ਕੰਮ ਕਰਨ ਦਾ ਮਤਲਬ ਹੈ ਕਿ ਤੁਸੀਂ ਇਕ ਪਾਇਲਟ ਅਤੇ ਸਹਾਇਕ ਪਾਇਲਟ ਵਰਗੇ ਹੋ ਜਿਨ੍ਹਾਂ ਦੀ ਇੱਕੋ ਮੰਜ਼ਲ ਹੈ

ਪਤੀ-ਪਤਨੀਆਂ ਲਈ

2: ਮਿਲ ਕੇ ਕੰਮ ਕਰੋ

2: ਮਿਲ ਕੇ ਕੰਮ ਕਰੋ

ਇਸ ਦਾ ਕੀ ਮਤਲਬ ਹੈ?

ਜਦੋਂ ਪਤੀ-ਪਤਨੀ ਇਕੱਠੇ ਮਿਲ ਕੇ ਕੰਮ ਕਰਦੇ ਹਨ, ਤਾਂ ਉਹ ਜਹਾਜ਼ ਦੇ ਪਾਇਲਟ ਅਤੇ ਸਹਾਇਕ ਪਾਇਲਟ ਵਰਗੇ ਹੁੰਦੇ ਹਨ ਜਿਨ੍ਹਾਂ ਦੀ ਇੱਕੋ ਮੰਜ਼ਲ ਹੁੰਦੀ ਹੈ। ਮੁਸ਼ਕਲਾਂ ਖੜ੍ਹੀਆਂ ਹੋਣ ʼਤੇ ਵੀ ਪਤੀ ਜਾਂ ਪਤਨੀ ਇਹ ਨਹੀਂ ਸੋਚਦੇ ਕਿ “ਮੇਰੇ ਲਈ” ਕੀ ਚੰਗਾ ਹੈ, ਸਗੋਂ ਇਹ ਸੋਚਦੇ ਕਿ “ਸਾਡੇ ਲਈ” ਕੀ ਚੰਗਾ ਹੈ।

ਬਾਈਬਲ ਦਾ ਅਸੂਲ: “ਉਹ ਦੋ ਨਹੀਂ, ਸਗੋਂ ਇਕ ਸਰੀਰ ਹਨ।”​—ਮੱਤੀ 19:6.

“ਵਿਆਹੁਤਾ ਬੰਧਨ ਨੂੰ ਸਿਰਫ਼ ਇਕ ਜਣਾ ਸਫ਼ਲ ਨਹੀਂ ਬਣਾ ਸਕਦਾ, ਸਗੋਂ ਪਤੀ-ਪਤਨੀ ਦੋਨਾਂ ਨੂੰ ਮਿਲ ਕੇ ਇਹ ਕੰਮ ਕਰਨਾ ਚਾਹੀਦਾ ਹੈ।”​—ਕ੍ਰਿਸਟਫਰ।

ਇਹ ਜ਼ਰੂਰੀ ਕਿਉਂ ਹੈ?

ਜਿਹੜੇ ਪਤੀ-ਪਤਨੀ ਮਿਲ ਕੇ ਕੰਮ ਨਹੀਂ ਕਰਦੇ, ਉਹ ਝਗੜਾ ਹੋਣ ਤੇ ਆਪਣਾ ਧਿਆਨ ਝਗੜੇ ਨੂੰ ਸੁਲਝਾਉਣ ʼਤੇ ਨਹੀਂ, ਸਗੋਂ ਇਕ-ਦੂਜੇ ਵਿਚ ਕਸੂਰ ਕੱਢਣ ʼਤੇ ਲਾਉਂਦੇ ਹਨ। ਉਹ ਮਸਲੇ ਨੂੰ ਰਾਈ ਦਾ ਪਹਾੜ ਬਣਾ ਦਿੰਦੇ ਹਨ।

“ਵਿਆਹੁਤਾ ਰਿਸ਼ਤੇ ਵਿਚ ਮਿਲ ਕੇ ਕੰਮ ਕਰਨਾ ਬਹੁਤ ਜ਼ਰੂਰੀ ਹੈ। ਜੇ ਅਸੀਂ ਮਿਲ ਕੇ ਕੰਮ ਨਾ ਕਰਦੇ ਹੁੰਦੇ, ਤਾਂ ਅਸੀਂ ਪਤੀ-ਪਤਨੀ ਨਹੀਂ, ਸਗੋਂ ਇਕ ਛੱਤ ਥੱਲੇ ਰਹਿੰਦੇ ਦੋ ਅਜਨਬੀਆਂ ਵਰਗੇ ਹੁੰਦੇ। ਨਾਲੇ ਅਹਿਮ ਫ਼ੈਸਲੇ ਕਰਦਿਆਂ ਸਾਡੀ ਸੋਚ ਇਕ ਨਹੀਂ ਹੋਣੀ ਸੀ।”​—ਐਲੇਗਜ਼ੈਂਡਰਾ।

ਤੁਸੀਂ ਕੀ ਕਰ ਸਕਦੇ ਹੋ?

ਆਪਣੀ ਜਾਂਚ ਕਰੋ

  • ਜਿਹੜੇ ਪੈਸੇ ਮੈਂ ਕਮਾਏ ਹਨ, ਕੀ ਮੈਂ ਉਨ੍ਹਾਂ ਨੂੰ ਸਿਰਫ਼ “ਆਪਣੇ ਹੀ” ਸਮਝਦਾ ਹਾਂ?

  • ਕੀ ਚੰਗੀ ਤਰ੍ਹਾਂ ਆਰਾਮ ਕਰਨ ਲਈ ਮੈਨੂੰ ਆਪਣੇ ਸਾਥੀ ਤੋਂ ਦੂਰ ਰਹਿਣ ਦੀ ਲੋੜ ਪੈਂਦੀ ਹੈ?

  • ਕੀ ਮੈਂ ਆਪਣੇ ਸਾਥੀ ਦੇ ਰਿਸ਼ਤੇਦਾਰਾਂ ਤੋਂ ਦੂਰ ਰਹਿੰਦਾ ਹਾਂ ਭਾਵੇਂ ਮੇਰੇ ਸਾਥੀ ਦੀ ਉਨ੍ਹਾਂ ਨਾਲ ਚੰਗੀ ਬਣਦੀ ਹੈ?

ਆਪਣੇ ਸਾਥੀ ਨਾਲ ਮਿਲ ਕੇ ਇਨ੍ਹਾਂ ਸਵਾਲਾਂ ʼਤੇ ਚਰਚਾ ਕਰੋ

  • ਅਸੀਂ ਕਿਨ੍ਹਾਂ ਗੱਲਾਂ ਵਿਚ ਵਧੀਆ ਤਰੀਕੇ ਨਾਲ ਮਿਲ ਕੇ ਕੰਮ ਕਰਦੇ ਹਾਂ?

  • ਅਸੀਂ ਕਿਨ੍ਹਾਂ ਗੱਲਾਂ ਵਿਚ ਸੁਧਾਰ ਕਰ ਸਕਦੇ ਹਾਂ?

  • ਮਿਲ ਕੇ ਕੰਮ ਕਰਨ ਦੀ ਆਦਤ ਵਿਚ ਹੋਰ ਸੁਧਾਰ ਕਰਨ ਲਈ ਅਸੀਂ ਕਿਹੜੇ ਕਦਮ ਚੁੱਕ ਸਕਦੇ ਹਾਂ?

ਸੁਝਾਅ

  • ਮੰਨ ਲਓ ਕਿ ਤੁਸੀਂ ਟੈਨਿਸ ਮੈਚ ਖੇਡ ਰਹੇ ਹੋ। ਹੁਣ ਸੋਚੋ ਕਿ ਤੁਸੀਂ ਕੀ ਕਰ ਸਕਦੇ ਹੋ ਤਾਂਕਿ ਤੁਸੀਂ ਇਕ-ਦੂਜੇ ਦੇ ਖ਼ਿਲਾਫ਼ ਖੇਡਣ ਦੀ ਬਜਾਇ ਇਕ ਟੀਮ ਵਜੋਂ ਖੇਡ ਸਕੋ ਅਤੇ ਮੁਸ਼ਕਲਾਂ ਖ਼ਿਲਾਫ਼ ਲੜ ਸਕੋ।

  • ਇਹ ਸੋਚਣ ਦੀ ਬਜਾਇ ਕਿ ‘ਮੈਂ ਕਿਵੇਂ ਜਿੱਤ ਸਕਦਾ’ ਇਹ ਸੋਚੋ, ‘ਅਸੀਂ ਦੋਵੇਂ ਕਿਵੇਂ ਜਿੱਤ ਸਕਦੇ?’

“ਇਹ ਨਾ ਸੋਚੋ ਕਿ ਕੌਣ ਸਹੀ ਹੈ ਤੇ ਕੌਣ ਗ਼ਲਤ। ਇਸ ਗੱਲ ਨਾਲੋਂ ਵਿਆਹੁਤਾ ਰਿਸ਼ਤੇ ਵਿਚ ਏਕਤਾ ਤੇ ਸ਼ਾਂਤੀ ਲਿਆਉਣੀ ਜ਼ਿਆਦਾ ਜ਼ਰੂਰੀ ਹੈ।”​—ਈਥਨ।

ਬਾਈਬਲ ਦਾ ਅਸੂਲ: “ਤੁਸੀਂ ਆਪਣੇ ਬਾਰੇ ਹੀ ਨਾ ਸੋਚੋ, ਸਗੋਂ ਦੂਸਰਿਆਂ ਦੇ ਭਲੇ ਬਾਰੇ ਵੀ ਸੋਚੋ।”​—ਫ਼ਿਲਿੱਪੀਆਂ 2:3, 4.