Skip to content

Skip to table of contents

ਉਨ੍ਹਾਂ ਨੇ ਆਪਣੇ ਆਪ ਨੂੰ ਫ਼ਿਲਪੀਨ ਵਿਚ ਖ਼ੁਸ਼ੀ ਨਾਲ ਪੇਸ਼ ਕੀਤਾ

ਉਨ੍ਹਾਂ ਨੇ ਆਪਣੇ ਆਪ ਨੂੰ ਫ਼ਿਲਪੀਨ ਵਿਚ ਖ਼ੁਸ਼ੀ ਨਾਲ ਪੇਸ਼ ਕੀਤਾ

ਕੁਝ 10 ਸਾਲ ਪਹਿਲਾਂ 30-35 ਸਾਲਾਂ ਦੇ ਗ੍ਰੈਗੋਰੀਓ ਤੇ ਮੈਰਿਲੂ ਮਨੀਲਾ ਵਿਚ ਰਹਿੰਦੇ ਸਨ। ਇਹ ਪਤੀ-ਪਤਨੀ ਪਾਇਨੀਅਰਿੰਗ ਕਰਨ ਦੇ ਨਾਲ-ਨਾਲ ਪੂਰੇ ਸਮੇਂ ਦੀ ਨੌਕਰੀ ਕਰਦੇ ਸਨ। ਹਾਲਾਂਕਿ ਇੱਦਾਂ ਕਰਨਾ ਮੁਸ਼ਕਲ ਸੀ, ਪਰ ਉਹ ਫਿਰ ਵੀ ਕਰ ਸਕੇ। ਫਿਰ ਮੈਰਿਲੂ ਨੂੰ ਆਪਣੇ ਬੈਂਕ ਵਿਚ ਮੈਨੇਜਰ ਬਣਾ ਦਿੱਤਾ ਗਿਆ। ਉਹ ਕਹਿੰਦੀ ਹੈ: “ਵਧੀਆ ਨੌਕਰੀ ਹੋਣ ਕਰਕੇ ਅਸੀਂ ਦੋਵੇਂ ਆਰਾਮ ਦੀ ਜ਼ਿੰਦਗੀ ਬਿਤਾ ਰਹੇ ਸੀ।” ਸਾਰਾ ਕੁਝ ਇੰਨਾ ਚੰਗਾ ਚੱਲ ਰਿਹਾ ਸੀ ਕਿ ਉਨ੍ਹਾਂ ਨੇ ਮਨੀਲਾ ਦੇ ਇਕ ਵਧੀਆ ਇਲਾਕੇ ਵਿਚ ਆਲੀਸ਼ਾਨ ਘਰ ਬਣਾਉਣ ਦਾ ਫ਼ੈਸਲਾ ਕੀਤਾ। ਇਹ ਇਲਾਕਾ ਮਨੀਲਾ ਤੋਂ ਕੁਝ 19 ਕਿਲੋਮੀਟਰ (12 ਮੀਲ) ਦੂਰ ਪੂਰਬ ਵੱਲ ਨੂੰ ਸੀ। ਉਨ੍ਹਾਂ ਨੇ ਘਰ ਬਣਾਉਣ ਦਾ ਠੇਕਾ ਇਕ ਕੰਪਨੀ ਨੂੰ ਦਿੱਤਾ ਅਤੇ ਇੰਤਜ਼ਾਮ ਕੀਤਾ ਕਿ ਉਹ 10 ਸਾਲਾਂ ਦੇ ਅੰਦਰ-ਅੰਦਰ ਹਰ ਮਹੀਨੇ ਕਿਸ਼ਤਾਂ ਰਾਹੀਂ ਪੈਸਾ ਚੁੱਕਾ ਦੇਣਗੇ।

“ਮੈਨੂੰ ਲੱਗਾ ਕਿ ਮੈਂ ਯਹੋਵਾਹ ਨੂੰ ਧੋਖਾ ਦੇ ਰਹੀ ਸੀ”

ਮੈਰਿਲੂ ਕਹਿੰਦੀ ਹੈ: “ਨਵੀਂ ਨੌਕਰੀ ਵਿਚ ਮੇਰਾ ਇੰਨਾ ਸਮਾਂ ਤੇ ਇੰਨੀ ਤਾਕਤ ਲੱਗ ਜਾਂਦੀ ਸੀ ਕਿ ਪਰਮੇਸ਼ੁਰ ਦੇ ਕੰਮਾਂ ਲਈ ਮੇਰਾ ਜੋਸ਼ ਠੰਢਾ ਪੈਂਦਾ ਜਾ ਰਿਹਾ ਸੀ। ਮੈਨੂੰ ਲੱਗਾ ਕਿ ਮੈਂ ਯਹੋਵਾਹ ਨੂੰ ਧੋਖਾ ਦੇ ਰਹੀ ਸੀ।” ਉਹ ਦੱਸਦੀ ਹੈ: “ਮੈਂ ਯਹੋਵਾਹ ਨੂੰ ਜੋ ਸਮਾਂ ਦੇਣ ਦਾ ਵਾਅਦਾ ਕੀਤਾ ਸੀ, ਉਹ ਮੈਂ ਨਹੀਂ ਦੇ ਰਹੀ ਸੀ।” ਉਨ੍ਹਾਂ ਨੂੰ ਇਸ ਗੱਲ ਦਾ ਅਫ਼ਸੋਸ ਸੀ ਅਤੇ ਇਕ ਦਿਨ ਉਨ੍ਹਾਂ ਨੇ ਆਪਸ ਵਿਚ ਗੱਲ ਕੀਤੀ ਕਿ ਆਖ਼ਰ ਉਹ ਆਪਣੀ ਜ਼ਿੰਦਗੀ ਨਾਲ ਕੀ ਕਰ ਰਹੇ ਸਨ। ਗ੍ਰੈਗੋਰੀਓ ਕਹਿੰਦਾ ਹੈ: “ਅਸੀਂ ਤਬਦੀਲੀਆਂ ਕਰਨੀਆਂ ਤਾਂ ਚਾਹੁੰਦੇ ਸਾਂ, ਪਰ ਸਾਨੂੰ ਇਹ ਨਹੀਂ ਸੀ ਪਤਾ ਕਿ ਅਸੀਂ ਕੀ ਕਰੀਏ। ਅਸੀਂ ਸੋਚਿਆ ਕਿ ਸਾਡੇ ਤਾਂ ਬੱਚੇ ਵੀ ਨਹੀਂ ਹਨ, ਫਿਰ ਅਸੀਂ ਯਹੋਵਾਹ ਦੀ ਸੇਵਾ ਵਿਚ ਹੋਰ ਸਮਾਂ ਕਿੱਦਾਂ ਲਾ ਸਕਦੇ ਹਾਂ। ਅਸੀਂ ਯਹੋਵਾਹ ਨੂੰ ਪ੍ਰਾਰਥਨਾ ਕੀਤੀ ਕਿ ਉਹ ਸਾਨੂੰ ਸਹੀ ਰਸਤਾ ਦਿਖਾਵੇ।”

ਉਸ ਸਮੇਂ ਉਨ੍ਹਾਂ ਨੇ ਜ਼ਿਆਦਾ ਲੋੜ ਵਾਲੇ ਇਲਾਕਿਆਂ ਵਿਚ ਜਾ ਕੇ ਸੇਵਾ ਕਰਨ ਬਾਰੇ ਕਈ ਭਾਸ਼ਣ ਸੁਣੇ। ਗ੍ਰੈਗੋਰੀਓ ਕਹਿੰਦਾ ਹੈ: “ਸਾਨੂੰ ਲੱਗਾ ਕਿ ਇਹ ਭਾਸ਼ਣ ਯਹੋਵਾਹ ਵੱਲੋਂ ਸਾਡੀਆਂ ਪ੍ਰਾਰਥਨਾਵਾਂ ਦਾ ਜਵਾਬ ਸਨ।” ਉਨ੍ਹਾਂ ਨੇ ਯਹੋਵਾਹ ਨੂੰ ਪ੍ਰਾਰਥਨਾ ਕੀਤੀ ਕਿ ਉਹ ਉਨ੍ਹਾਂ ਦੀ ਨਿਹਚਾ ਹੋਰ ਵੀ ਪੱਕੀ ਕਰੇ ਤਾਂਕਿ ਉਹ ਹਿੰਮਤ ਨਾਲ ਸਹੀ ਫ਼ੈਸਲੇ ਲੈ ਸਕਣ। ਪਰ ਇਕ ਵੱਡੀ ਮੁਸ਼ਕਲ ਇਹ ਸੀ ਕਿ ਉਨ੍ਹਾਂ ਨੂੰ ਆਪਣੇ ਘਰ ਦਾ ਫ਼ਿਕਰ ਸੀ। ਉਹ ਪਹਿਲਾਂ ਹੀ ਤਿੰਨ ਸਾਲਾਂ ਦੀਆਂ ਕਿਸ਼ਤਾਂ ਭਰ ਚੁੱਕੇ ਸਨ। ਹੁਣ ਉਹ ਕੀ ਕਰਦੇ? ਮੈਰਿਲੂ ਕਹਿੰਦੀ ਹੈ: “ਜੇ ਅਸੀਂ ਘਰ ਦਾ ਠੇਕਾ ਬੰਦ ਕਰ ਦਿੰਦੇ, ਤਾਂ ਸਾਡਾ ਬਹੁਤ ਸਾਰਾ ਪੈਸਾ ਡੁੱਬ ਜਾਣਾ ਸੀ। ਸਾਨੂੰ ਫ਼ੈਸਲਾ ਕਰਨਾ ਪੈਣਾ ਸੀ ਕਿ ਅਸੀਂ ਯਹੋਵਾਹ ਨੂੰ ਜ਼ਿੰਦਗੀ ਵਿਚ ਪਹਿਲ ਦੇਵਾਂਗੇ ਜਾਂ ਆਪਣੀਆਂ ਖ਼ਾਹਸ਼ਾਂ ਪੂਰੀਆਂ ਕਰਾਂਗੇ।” ਉਨ੍ਹਾਂ ਨੂੰ ਪੌਲੁਸ ਰਸੂਲ ਦੀ ਮਿਸਾਲ ਯਾਦ ਆਈ ਜਿਸ ਨੇ “ਸਾਰੀਆਂ ਚੀਜ਼ਾਂ ਨੂੰ ਠੋਕਰ ਮਾਰੀ” ਸੀ। ਨਤੀਜੇ ਵਜੋਂ, ਉਨ੍ਹਾਂ ਨੇ ਘਰ ਦਾ ਠੇਕਾ ਰੱਦ ਕਰ ਦਿੱਤਾ, ਨੌਕਰੀਆਂ ਛੱਡ ਦਿੱਤੀਆਂ, ਆਪਣੀਆਂ ਕਾਫ਼ੀ ਚੀਜ਼ਾਂ ਵੇਚ ਦਿੱਤੀਆਂ ਅਤੇ ਉਹ ਮਨੀਲਾ ਤੋਂ 480 ਕਿਲੋਮੀਟਰ (300 ਮੀਲ) ਦੂਰ ਦੱਖਣ ਵੱਲ ਪਲਾਵਨ ਨਾਂ ਦੇ ਟਾਪੂ ’ਤੇ ਵੱਸੇ ਇਕ ਪਿੰਡ ਨੂੰ ਚਲੇ ਗਏ।​—ਫ਼ਿਲਿ. 3:8.

ਉਨ੍ਹਾਂ ਨੇ ‘ਰਾਜ਼ ਜਾਣ’ ਲਿਆ

ਇਸ ਜਗ੍ਹਾ ’ਤੇ ਆਉਣ ਤੋਂ ਪਹਿਲਾਂ ਗ੍ਰੈਗੋਰੀਓ ਤੇ ਮੈਰਿਲੂ ਨੇ ਸਾਦੀ ਜ਼ਿੰਦਗੀ ਜੀਣ ਦੀ ਕੋਸ਼ਿਸ਼ ਕੀਤੀ, ਪਰ ਇੱਥੇ ਆ ਕੇ ਹੀ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਪਿੰਡ ਵਿਚ ਰਹਿਣਾ ਕਿੱਦਾਂ ਦਾ ਹੁੰਦਾ ਹੈ। ਮੈਰਿਲੂ ਦੱਸਦੀ ਹੈ: “ਮੈਂ ਦੰਗ ਰਹਿ ਗਈ ਕਿ ਇੱਥੇ ਨਾ ਹੀ ਬਿਜਲੀ ਤੇ ਨਾ ਹੀ ਕੋਈ ਸਹੂਲਤ। ਮੇਰੇ ਘਰ ਵਿਚ ਖਾਣਾ ਬਣਾਉਣਾ ਬਹੁਤ ਸੌਖਾ ਸੀ, ਪਰ ਹੁਣ ਸਾਨੂੰ ਲੱਕੜਾਂ ਕੱਟ ਕੇ ਅੱਗ ਬਾਲ਼ਣੀ ਪੈਂਦੀ ਸੀ ਤੇ ਫਿਰ ਖਾਣਾ ਪਕਾਉਣਾ ਪੈਂਦਾ ਸੀ। ਮੈਨੂੰ ਸ਼ਾਪਿੰਗ ਕਰਨੀ ਅਤੇ ਹੋਟਲਾਂ ਵਿਚ ਖਾਣਾ ਬਹੁਤ ਪਸੰਦ ਸੀ, ਪਰ ਇੱਥੇ ਜ਼ਿੰਦਗੀ ਸ਼ਹਿਰ ਨਾਲੋਂ ਬਹੁਤ ਵੱਖਰੀ ਸੀ।” ਫਿਰ ਵੀ ਇਸ ਜੋੜੇ ਨੇ ਆਪਣੇ ਆਪ ਨੂੰ ਵਾਰ-ਵਾਰ ਯਾਦ ਕਰਾਇਆ ਕਿ ਉਹ ਇੱਥੇ ਕਿਉਂ ਆਏ ਸਨ ਅਤੇ ਕੁਝ ਸਮੇਂ ਬਾਅਦ ਉਨ੍ਹਾਂ ਨੂੰ ਇਹ ਜਗ੍ਹਾ ਚੰਗੀ ਲੱਗਣ ਲੱਗੀ। ਮੈਰਿਲੂ ਕਹਿੰਦੀ ਹੈ: “ਹੁਣ ਮੈਂ ਪਿੰਡ ਦੇ ਸੋਹਣੇ-ਸੋਹਣੇ ਨਜ਼ਾਰਿਆਂ ਤੇ ਰਾਤ ਨੂੰ ਚਮਕਦੇ ਤਾਰੇ ਦੇਖ ਕੇ ਬਹੁਤ ਖ਼ੁਸ਼ ਹੁੰਦੀ ਹਾਂ। ਪਰ ਸਭ ਤੋਂ ਵਧ ਪ੍ਰਚਾਰ ਵਿਚ ਲੋਕਾਂ ਦੇ ਖ਼ੁਸ਼ੀ ਨਾਲ ਖਿੜੇ ਚਿਹਰੇ ਦੇਖ ਕੇ ਸਾਨੂੰ ਬਹੁਤ ਚੰਗਾ ਲੱਗਦਾ ਹੈ। ਇੱਥੇ ਸੇਵਾ ਕਰ ਕੇ ਅਸੀਂ ‘ਸੰਤੁਸ਼ਟ ਰਹਿਣ ਦਾ ਰਾਜ਼ ਜਾਣ’ ਲਿਆ ਹੈ।”​—ਫ਼ਿਲਿ. 4:12.

“ਜਿੰਨੀ ਖ਼ੁਸ਼ੀ ਨਵੇਂ ਲੋਕਾਂ ਨੂੰ ਯਹੋਵਾਹ ਦੀ ਸੇਵਾ ਕਰਦਿਆਂ ਦੇਖ ਕੇ ਹੁੰਦੀ ਹੈ ਉੱਨੀ ਕਿਸੇ ਹੋਰ ਚੀਜ਼ ਤੋਂ ਨਹੀਂ ਹੁੰਦੀ। ਹੁਣ ਯਹੋਵਾਹ ਦੀ ਸੇਵਾ ਵਿਚ ਜੀ-ਜਾਨ ਲਾ ਕੇ ਸਾਨੂੰ ਮਜ਼ਾ ਆ ਰਿਹਾ ਹੈ।”​—ਗ੍ਰੈਗੋਰੀਓ ਤੇ ਮੈਰਿਲੂ

ਗ੍ਰੈਗੋਰੀਓ ਦੱਸਦਾ ਹੈ: “ਜਦੋਂ ਅਸੀਂ ਪਿੰਡ ਵਿਚ ਆਏ, ਤਾਂ ਇੱਥੇ ਯਹੋਵਾਹ ਦੇ ਸਿਰਫ਼ ਚਾਰ ਗਵਾਹ ਸਨ। ਜਦ ਮੈਂ ਹਰ ਹਫ਼ਤੇ ਭਾਸ਼ਣ ਦੇਣੇ ਤੇ ਆਪਣੀ ਗਿਟਾਰ ’ਤੇ ਮੀਟਿੰਗਾਂ ਵਿਚ ਉਨ੍ਹਾਂ ਨਾਲ ਗੀਤ ਗਾਉਣੇ ਸ਼ੁਰੂ ਕੀਤੇ, ਤਾਂ ਉਹ ਬਹੁਤ ਖ਼ੁਸ਼ ਹੋਏ।” ਇਸ ਜੋੜੇ ਨੇ ਦੇਖਿਆ ਕਿ ਇਕ ਸਾਲ ਵਿਚ ਹੀ ਇਹ ਛੋਟਾ ਜਿਹਾ ਗਰੁੱਪ ਹੁਣ 24 ਪਬਲੀਸ਼ਰਾਂ ਦੀ ਮੰਡਲੀ ਬਣ ਗਿਆ ਸੀ। ਗ੍ਰੈਗੋਰੀਓ ਕਹਿੰਦਾ ਹੈ: “ਮੰਡਲੀ ਦੇ ਭੈਣਾਂ-ਭਰਾਵਾਂ ਦੇ ਪਿਆਰ ਨੇ ਸਾਡੇ ਦਿਲ ਨੂੰ ਛੂਹ ਲਿਆ।” ਇਸ ਪਿੰਡ ਵਿਚ ਛੇ ਸਾਲ ਸੇਵਾ ਕਰਨ ਤੋਂ ਬਾਅਦ ਉਹ ਕਹਿੰਦੇ ਹਨ: “ਜਿੰਨੀ ਖ਼ੁਸ਼ੀ ਨਵੇਂ ਲੋਕਾਂ ਨੂੰ ਯਹੋਵਾਹ ਦੀ ਸੇਵਾ ਕਰਦਿਆਂ ਦੇਖ ਕੇ ਹੁੰਦੀ ਹੈ ਉੱਨੀ ਕਿਸੇ ਹੋਰ ਚੀਜ਼ ਤੋਂ ਨਹੀਂ ਹੁੰਦੀ। ਹੁਣ ਯਹੋਵਾਹ ਦੀ ਸੇਵਾ ਵਿਚ ਜੀ-ਜਾਨ ਲਾ ਕੇ ਸਾਨੂੰ ਮਜ਼ਾ ਆ ਰਿਹਾ ਹੈ।”

‘ਮੈਂ ਚੱਖਿਆ ਤੇ ਦੇਖਿਆ ਹੈ ਕਿ ਯਹੋਵਾਹ ਭਲਾ ਹੈ!’

ਫ਼ਿਲਪੀਨ ਵਿਚ ਤਕਰੀਬਨ 3,000 ਭੈਣ-ਭਰਾ ਉਨ੍ਹਾਂ ਥਾਵਾਂ ’ਤੇ ਗਏ ਹਨ ਜਿੱਥੇ ਪ੍ਰਚਾਰਕਾਂ ਦੀ ਜ਼ਿਆਦਾ ਲੋੜ ਹੈ। ਇਨ੍ਹਾਂ ਵਿੱਚੋਂ 500 ਕੁਆਰੀਆਂ ਭੈਣਾਂ ਹਨ। ਜ਼ਰਾ ਕੈਰਨ ਦੀ ਮਿਸਾਲ ਲਓ।

ਕੈਰਨ

ਕੈਰਨ ਦੀ ਉਮਰ 25 ਕੁ ਸਾਲਾਂ ਦੀ ਹੈ ਤੇ ਉਸ ਦੀ ਪਰਵਰਿਸ਼ ਕੱਗਾਯਾਨ ਦੇ ਬਾਗਾਊ ਕਸਬੇ ਵਿਚ ਹੋਈ। ਉਹ ਆਪਣੀ ਜੁਆਨੀ ਵਿਚ ਵੱਧ-ਚੜ੍ਹ ਕੇ ਪ੍ਰਚਾਰ ਕਰਨਾ ਚਾਹੁੰਦੀ ਸੀ। ਉਹ ਦੱਸਦੀ ਹੈ: “ਮੈਂ ਜਾਣਦੀ ਹਾਂ ਕਿ ਸਮਾਂ ਥੋੜ੍ਹਾ ਰਹਿ ਗਿਆ ਹੈ ਅਤੇ ਹਰ ਤਰ੍ਹਾਂ ਦੇ ਲੋਕਾਂ ਨੂੰ ਰਾਜ ਦਾ ਸੰਦੇਸ਼ ਸੁਣਨ ਦੀ ਲੋੜ ਹੈ। ਇਸ ਲਈ ਮੈਂ ਉੱਥੇ ਜਾਣਾ ਚਾਹੁੰਦੀ ਸੀ ਜਿੱਥੇ ਪ੍ਰਚਾਰਕਾਂ ਦੀ ਜ਼ਿਆਦਾ ਲੋੜ ਹੈ।” ਉਸ ਦੇ ਪਰਿਵਾਰ ਦੇ ਕੁਝ ਮੈਂਬਰਾਂ ਨੇ ਉਸ ’ਤੇ ਜ਼ੋਰ ਪਾਇਆ ਕਿ ਉਹ ਹੋਰ ਪੜ੍ਹਾਈ-ਲਿਖਾਈ ਕਰੇ, ਨਾ ਕਿ ਕਿਸੇ ਹੋਰ ਜਗ੍ਹਾ ਜਾ ਕੇ ਪ੍ਰਚਾਰ। ਸੋ ਕੈਰਨ ਨੇ ਯਹੋਵਾਹ ਨੂੰ ਪ੍ਰਾਰਥਨਾ ਕੀਤੀ ਕਿ ਉਹ ਉਸ ਨੂੰ ਸਹੀ ਰਸਤਾ ਦਿਖਾਵੇ। ਉਸ ਨੇ ਉਨ੍ਹਾਂ ਭੈਣਾਂ-ਭਰਾਵਾਂ ਨਾਲ ਵੀ ਗੱਲ ਕੀਤੀ ਜੋ ਦੂਰ-ਦੁਰਾਡੇ ਇਲਾਕਿਆਂ ਵਿਚ ਪ੍ਰਚਾਰ ਕਰਦੇ ਹਨ। ਅਠਾਰਾਂ ਸਾਲਾਂ ਦੀ ਉਮਰ ਵਿਚ ਉਹ ਇਕ ਅਜਿਹੇ ਇਲਾਕੇ ਵਿਚ ਪ੍ਰਚਾਰ ਕਰਨ ਗਈ ਜੋ ਉਸ ਦੇ ਘਰ ਤੋਂ 64 ਕਿਲੋਮੀਟਰ (40 ਮੀਲ) ਦੂਰ ਹੈ।

ਕੈਰਨ ਇਕ ਪਹਾੜੀ ਇਲਾਕੇ ਦੀ ਛੋਟੀ ਜਿਹੀ ਮੰਡਲੀ ਵਿਚ ਸੇਵਾ ਕਰਦੀ ਹੈ ਜੋ ਫ਼ਿਲਪੀਨ ਦੇ ਸਮੁੰਦਰ ਲਾਗੇ ਹੈ। ਕੈਰਨ ਯਾਦ ਕਰਦੀ ਹੈ: “ਬਾਗਾਊ ਕਸਬੇ ਤੋਂ ਨਵੀਂ ਮੰਡਲੀ ਨੂੰ ਜਾਣ ਲਈ ਸਾਨੂੰ ਤਿੰਨ ਦਿਨ ਤੁਰਨਾ ਪਿਆ। ਸਾਨੂੰ ਪਹਾੜਾਂ ’ਤੇ ਉਤਰਨਾ-ਚੜ੍ਹਨਾ ਪਿਆ ਅਤੇ 30 ਤੋਂ ਜ਼ਿਆਦਾ ਵਾਰ ਨਦੀਆਂ ਪਾਰ ਕਰਨੀਆਂ ਪਈਆਂ।” ਉਹ ਅੱਗੇ ਕਹਿੰਦੀ ਹੈ: “ਕੁਝ ਬਾਈਬਲ ਸਟੱਡੀਆਂ ਨੂੰ ਮਿਲਣ ਲਈ ਮੈਨੂੰ ਛੇ-ਛੇ ਘੰਟੇ ਤੁਰਨਾ ਪੈਂਦਾ ਹੈ ਤੇ ਰਾਤ ਨੂੰ ਸਟੱਡੀ ਦੇ ਘਰ ਰੁਕਣਾ ਪੈਂਦਾ ਹੈ ਅਤੇ ਅਗਲੇ ਦਿਨ ਫਿਰ ਛੇ ਘੰਟੇ ਤੁਰ ਕੇ ਮੈਨੂੰ ਘਰ ਵਾਪਸ ਆਉਣਾ ਪੈਂਦਾ ਹੈ।” ਕੀ ਇੰਨੀ ਮਿਹਨਤ ਦਾ ਕੋਈ ਫ਼ਾਇਦਾ ਹੈ? ਕੈਰਨ ਮੁਸਕਰਾਉਂਦੇ ਹੋਏ ਕਹਿੰਦੀ ਹੈ: “ਭਾਵੇਂ ਕਿ ਕਦੀ-ਕਦੀ ਮੇਰੀਆਂ ਲੱਤਾਂ ਪੀੜ ਕਰਦੀਆਂ ਹਨ, ਪਰ ਇਕ ਸਮੇਂ ਤੇ ਮੇਰੇ ਕੋਲ 18 ਸਟੱਡੀਆਂ ਸਨ। ਮੈਂ ‘ਚੱਖਿਆ ਤੇ ਦੇਖਿਆ ਹੈ ਕਿ ਯਹੋਵਾਹ ਭਲਾ ਹੈ’!”​—ਜ਼ਬੂ. 34:8.

‘ਮੈਂ ਯਹੋਵਾਹ ’ਤੇ ਭਰੋਸਾ ਕਰਨਾ ਸਿੱਖਿਆ’

ਸੁੱਖੀ

40-41 ਸਾਲਾਂ ਦੀ ਸੁੱਖੀ ਨਾਂ ਦੀ ਇਕ ਭੈਣ ਪਹਿਲਾਂ ਅਮਰੀਕਾ ਵਿਚ ਰਹਿੰਦੀ ਸੀ। ਫਿਰ ਉਸ ਨੇ ਫ਼ਿਲਪੀਨ ਜਾਣ ਦਾ ਫ਼ੈਸਲਾ ਕੀਤਾ। ਕਿਉਂ? 2011 ਦੇ ਸਰਕਟ ਸੰਮੇਲਨ ਵਿਚ ਉਸ ਨੇ ਇਕ ਜੋੜੇ ਦਾ ਇੰਟਰਵਿਊ ਸੁਣਿਆ। ਇਸ ਜੋੜੇ ਨੇ ਮੈਕਸੀਕੋ ਵਿਚ ਜਾ ਕੇ ਪ੍ਰਚਾਰ ਕਰਨ ਲਈ ਆਪਣੀਆਂ ਕਾਫ਼ੀ ਚੀਜ਼ਾਂ ਵੇਚ ਦਿੱਤੀਆਂ। ਸੁੱਖੀ ਕਹਿੰਦੀ ਹੈ: “ਉਨ੍ਹਾਂ ਦਾ ਤਜਰਬਾ ਸੁਣਨ ਤੋਂ ਬਾਅਦ ਮੈਂ ਉਨ੍ਹਾਂ ਟੀਚਿਆਂ ਬਾਰੇ ਸੋਚਿਆ ਜੋ ਕਦੇ ਮੇਰੇ ਮਨ ਵਿਚ ਨਹੀਂ ਆਏ ਸਨ।” ਸੁੱਖੀ ਭਾਰਤੀ ਪਿਛੋਕੜ ਦੀ ਹੈ ਅਤੇ ਜਦ ਉਸ ਨੂੰ ਪਤਾ ਲੱਗਾ ਕਿ ਫ਼ਿਲਪੀਨ ਵਿਚ ਪੰਜਾਬੀ ਲੋਕਾਂ ਨੂੰ ਰਾਜ ਦਾ ਸੰਦੇਸ਼ ਸੁਣਨ ਦੀ ਕਿੰਨੀ ਲੋੜ ਹੈ, ਤਾਂ ਉਸ ਨੇ ਉੱਥੇ ਜਾਣ ਦਾ ਫ਼ੈਸਲਾ ਕੀਤਾ। ਕੀ ਇੱਦਾਂ ਕਰਨ ਸੌਖਾ ਸੀ?

ਸੁੱਖੀ ਕਹਿੰਦੀ ਹੈ: “ਮੇਰੇ ਲਈ ਇਹ ਫ਼ੈਸਲਾ ਕਰਨਾ ਔਖਾ ਸੀ ਕਿ ਮੈਂ ਕਿਹੜੀਆਂ ਚੀਜ਼ਾਂ ਰੱਖਾਂ ਤੇ ਕਿਹੜੀਆਂ ਵੇਚ ਦੇਵਾਂ। ਨਾਲੇ ਮੈਂ 13 ਸਾਲਾਂ ਤੋਂ ਆਪਣੇ ਘਰ ਵਿਚ ਬੜੇ ਆਰਾਮ ਨਾਲ ਰਹਿ ਰਹੀ ਸੀ। ਫਿਰ ਮੈਂ ਕੁਝ ਸਮੇਂ ਲਈ ਆਪਣੇ ਪਰਿਵਾਰ ਨਾਲ ਰਹਿਣ ਦਾ ਫ਼ੈਸਲਾ ਕੀਤਾ। ਮੇਰਾ ਸਾਰਾ ਸਾਮਾਨ ਡੱਬਿਆਂ ਵਿਚ ਬੰਦ ਸੀ ਅਤੇ ਮੇਰੇ ਕੋਲ ਗੁਜ਼ਾਰੇ ਲਈ ਬਹੁਤ ਘੱਟ ਚੀਜ਼ਾਂ ਸਨ ਜਿਸ ਕਰਕੇ ਮੈਂ ਸਾਦੀ ਜ਼ਿੰਦਗੀ ਜੀਣੀ ਸਿੱਖੀ, ਭਾਵੇਂ ਕਿ ਇੱਦਾਂ ਕਰਨਾ ਔਖਾ ਸੀ।” ਫ਼ਿਲਪੀਨ ਜਾ ਕੇ ਉਸ ਨੂੰ ਕਿਹੜੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪਿਆ? ਉਹ ਦੱਸਦੀ ਹੈ: “ਸਭ ਤੋਂ ਵੱਡੀ ਮੁਸ਼ਕਲ ਇਹ ਸੀ ਕਿ ਮੈਨੂੰ ਕੀੜੇ-ਮਕੌੜਿਆਂ ਤੋਂ ਬਹੁਤ ਡਰ ਲੱਗਦਾ ਸੀ ਤੇ ਘਰ ਦੀ ਬਹੁਤ ਯਾਦ ਆਉਂਦੀ ਸੀ। ਮੈਂ ਪਹਿਲਾਂ ਨਾਲੋਂ ਜ਼ਿਆਦਾ ਯਹੋਵਾਹ ’ਤੇ ਭਰੋਸਾ ਕਰਨਾ ਸਿੱਖਿਆ।” ਹੁਣ ਇੱਥੇ ਸੁੱਖੀ ਨੂੰ ਕਿੱਦਾਂ ਲੱਗਦਾ ਹੈ? ਉਹ ਮੁਸਕਰਾ ਕੇ ਕਹਿੰਦੀ ਹੈ: “ਯਹੋਵਾਹ ਸਾਨੂੰ ਕਹਿੰਦਾ ਹੈ, ‘ਮੈਨੂੰ ਜ਼ਰਾ ਪਰਤਾਓ ਕਿ ਮੈਂ ਤੁਹਾਡੇ ਲਈ ਬਰਕਤ ਵਰ੍ਹਾਵਾਂ।’ ਹੁਣ ਮੈਨੂੰ ਇਨ੍ਹਾਂ ਸ਼ਬਦਾਂ ਦੀ ਸੱਚਾਈ ਸਮਝ ਆਈ ਹੈ ਕਿਉਂਕਿ ਜਦ ਪ੍ਰਚਾਰ ਵਿਚ ਕੋਈ ਕਹਿੰਦਾ ਹੈ ਕਿ ‘ਤੁਸੀਂ ਕਦੋਂ ਵਾਪਸ ਆਓਗੇ? ਮੈਂ ਤੁਹਾਨੂੰ ਹੋਰ ਵੀ ਸਵਾਲ ਪੁੱਛਣੇ ਚਾਹੁੰਦੀ ਹਾਂ,’ ਤਾਂ ਸੱਚਾਈ ਲਈ ਤਰਸਦੇ ਲੋਕਾਂ ਦੀ ਮਦਦ ਕਰ ਕੇ ਮੈਨੂੰ ਬੇਹੱਦ ਖ਼ੁਸ਼ੀ ਹੁੰਦੀ ਹੈ।” (ਮਲਾ. 3:10) ਉਹ ਅੱਗੇ ਕਹਿੰਦੀ ਹੈ: “ਆਪਣਾ ਘਰ-ਬਾਰ ਛੱਡ ਕੇ ਫ਼ਿਲਪੀਨ ਆਉਣ ਦਾ ਫ਼ੈਸਲਾ ਲੈਣਾ ਸਭ ਤੋਂ ਮੁਸ਼ਕਲ ਸੀ। ਪਰ ਇਹ ਫ਼ੈਸਲਾ ਲੈਣ ਤੋਂ ਬਾਅਦ ਮੈਂ ਦੇਖਿਆ ਹੈ ਕਿ ਯਹੋਵਾਹ ਹਰ ਕਦਮ ’ਤੇ ਮੇਰੇ ਨਾਲ ਹੈ।”

‘ਮੈਂ ਆਪਣੇ ਡਰ ’ਤੇ ਕਾਬੂ ਪਾਇਆ’

ਸੀਮੇ ਨਾਂ ਦਾ ਇਕ ਵਿਆਹੁਤਾ ਭਰਾ ਹੁਣ 38-39 ਸਾਲਾਂ ਦਾ ਹੈ। ਉਹ ਫ਼ਿਲਪੀਨ ਛੱਡ ਕੇ ਮੱਧ ਪੂਰਬ ਦੇ ਇਕ ਦੇਸ਼ ਵਿਚ ਪੈਸੇ ਕਮਾਉਣ ਗਿਆ। ਉੱਥੇ ਸਰਕਟ ਓਵਰਸੀਅਰ ਅਤੇ ਪ੍ਰਬੰਧਕ ਸਭਾ ਦੇ ਮੈਂਬਰ ਦੇ ਭਾਸ਼ਣ ਤੋਂ ਹੌਸਲਾ ਪਾ ਕੇ ਸੀਮੇ ਨੇ ਯਹੋਵਾਹ ਨੂੰ ਆਪਣੀ ਜ਼ਿੰਦਗੀ ਵਿਚ ਪਹਿਲ ਦੇਣ ਦਾ ਫ਼ੈਸਲਾ ਕੀਤਾ। ਸੀਮੇ ਦੱਸਦਾ ਹੈ: “ਨੌਕਰੀ ਛੱਡਣ ਦਾ ਖ਼ਿਆਲ ਹੀ ਮੈਨੂੰ ਡਰਾ ਦਿੰਦਾ ਸੀ।” ਫਿਰ ਵੀ ਉਹ ਨੌਕਰੀ ਛੱਡ ਕੇ ਫ਼ਿਲਪੀਨ ਵਾਪਸ ਚਲਾ ਗਿਆ। ਅੱਜ ਉਹ ਤੇ ਉਸ ਦੀ ਪਤਨੀ ਹਾਇਡੀ ਫ਼ਿਲਪੀਨ ਦੇ ਦੱਖਣੀ ਇਲਾਕੇ ਦਾਵਾਅ ਦੈੱਲ ਸੁਰ ਵਿਚ ਸੇਵਾ ਕਰਦੇ ਹਨ। ਇਸ ਵੱਡੇ ਇਲਾਕੇ ਵਿਚ ਪ੍ਰਚਾਰਕਾਂ ਦੀ ਬੜੀ ਲੋੜ ਹੈ। ਸੀਮੇ ਕਹਿੰਦਾ ਹੈ: “ਮੈਂ ਕਿੰਨਾ ਸ਼ੁਕਰਗੁਜ਼ਾਰ ਹਾਂ ਕਿ ਮੈਂ ਨੌਕਰੀ ਛੱਡਣ ਦੇ ਡਰ ’ਤੇ ਕਾਬੂ ਪਾਇਆ ਤੇ ਆਪਣੀ ਜ਼ਿੰਦਗੀ ਵਿਚ ਯਹੋਵਾਹ ਨੂੰ ਪਹਿਲ ਦੇ ਸਕਿਆ। ਜਦ ਤੁਸੀਂ ਯਹੋਵਾਹ ਦੀ ਸੇਵਾ ਪੂਰੀ ਵਾਹ ਨਾਲ ਕਰਦੇ ਹੋ, ਤਾਂ ਇਸ ਤੋਂ ਜ਼ਿਆਦਾ ਖ਼ੁਸ਼ੀ ਦੀ ਗੱਲ ਹੋ ਹੀ ਨਹੀਂ ਸਕਦੀ!”

ਸੀਮੇ ਤੇ ਹਾਇਡੀ

“ਸਾਨੂੰ ਦਿਲੋਂ ਖ਼ੁਸ਼ੀ ਮਿਲੀ ਹੈ!”

ਰਾਮੀਲੋ ਤੇ ਜੂਲੀਏਟ ਨਾਂ ਦਾ ਇਕ ਪਾਇਨੀਅਰ ਜੋੜਾ 32-33 ਸਾਲਾਂ ਦਾ ਹੈ। ਜਦ ਉਨ੍ਹਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਦੇ ਘਰ ਤੋਂ 30 ਕਿਲੋਮੀਟਰ (20 ਮੀਲ) ਦੂਰ ਇਕ ਮੰਡਲੀ ਨੂੰ ਮਦਦ ਦੀ ਲੋੜ ਹੈ, ਤਾਂ ਉਹ ਉੱਥੇ ਜਾਣ ਲਈ ਰਾਜ਼ੀ ਹੋ ਗਏ। ਮੌਸਮ ਭਾਵੇਂ ਜਿੱਦਾਂ ਦਾ ਮਰਜ਼ੀ ਹੋਵੇ, ਉਹ ਹਰ ਹਫ਼ਤੇ ਸਾਰੀਆਂ ਮੀਟਿੰਗਾਂ ਅਤੇ ਪ੍ਰਚਾਰ ਵਿਚ ਜਾਣ ਲਈ ਆਪਣੀ ਮੋਟਰ ਸਾਈਕਲ ’ਤੇ ਸਫ਼ਰ ਕਰਦੇ ਹਨ। ਭਾਵੇਂ ਕਿ ਸੜਕਾਂ ਊਬੜ-ਖਾਬੜ ਹਨ ਤੇ ਰੱਸੀਆਂ ਦੇ ਬਣੇ ਪੁੱਲਾਂ ਨੂੰ ਪਾਰ ਕਰਨਾ ਆਸਾਨ ਨਹੀਂ ਹੈ, ਫਿਰ ਵੀ ਉਹ ਪ੍ਰਚਾਰ ਵਿਚ ਹੋਰ ਜ਼ਿਆਦਾ ਹਿੱਸਾ ਲੈ ਕੇ ਬਹੁਤ ਖ਼ੁਸ਼ ਹਨ। ਰਾਮੀਲੋ ਕਹਿੰਦਾ ਹੈ: “ਮੈਂ ਤੇ ਮੇਰੀ ਪਤਨੀ 11 ਸਟੱਡੀਆਂ ਕਰਾਉਂਦੇ ਹਾਂ! ਜ਼ਿਆਦਾ ਲੋੜ ਵਾਲੇ ਇਲਾਕੇ ਵਿਚ ਸੇਵਾ ਕਰਨ ਲਈ ਕੁਰਬਾਨੀਆਂ ਤਾਂ ਕਰਨੀਆਂ ਪੈਂਦੀਆਂ ਹਨ, ਪਰ ਇਸ ਨਾਲ ਸਾਨੂੰ ਦਿਲੋਂ ਖ਼ੁਸ਼ੀ ਮਿਲੀ ਹੈ!”​—1 ਕੁਰਿੰ. 15:58.

ਜੂਲੀਏਟ ਤੇ ਰਾਮੀਲੋ

ਕੀ ਤੁਸੀਂ ਆਪਣੇ ਦੇਸ਼ ਵਿਚ ਜਾਂ ਬਾਹਰਲੇ ਦੇਸ਼ ਵਿਚ ਜਿੱਥੇ ਪ੍ਰਚਾਰਕਾਂ ਦੀ ਜ਼ਿਆਦਾ ਲੋੜ ਹੈ, ਉੱਥੇ ਜਾ ਕੇ ਸੇਵਾ ਕਰਨੀ ਚਾਹੁੰਦੇ ਹੋ? ਜੇ ਹਾਂ, ਤਾਂ ਇਸ ਬਾਰੇ ਹੋਰ ਜਾਣਨ ਲਈ ਆਪਣੇ ਸਰਕਟ ਓਵਰਸੀਅਰ ਨਾਲ ਗੱਲ ਕਰੋ ਅਤੇ ਅਗਸਤ 2011 ਦੀ ਸਾਡੀ ਰਾਜ ਸੇਵਕਾਈ ਵਿਚ “ਕੀ ਤੁਸੀਂ ‘ਮਕਦੂਨਿਯਾ ਵਿੱਚ ਉਤਰ ਕੇ’ ਸਹਾਇਤਾ ਕਰ ਸਕਦੇ ਹੋ?” ਨਾਂ ਦਾ ਲੇਖ ਪੜ੍ਹੋ।