Skip to content

Skip to table of contents

ਕੀ ਤੁਸੀਂ ਚਿਹਰਾ ਦੇਖਦੇ ਹੋ ਜਾਂ ਦਿਲ?

ਕੀ ਤੁਸੀਂ ਚਿਹਰਾ ਦੇਖਦੇ ਹੋ ਜਾਂ ਦਿਲ?

ਡੌਨ ਕੈਨੇਡਾ ਵਿਚ ਰਹਿਣ ਵਾਲਾ ਯਹੋਵਾਹ ਦਾ ਗਵਾਹ ਹੈ। ਉਹ ਸੜਕਾਂ ’ਤੇ ਰਹਿਣ ਵਾਲੇ ਗ਼ਰੀਬ ਲੋਕਾਂ ਨੂੰ ਪ੍ਰਚਾਰ ਕਰਨ ਦੀ ਪੂਰੀ ਕੋਸ਼ਿਸ਼ ਕਰਦਾ ਹੈ। ਮਿਸਾਲ ਲਈ, ਡੌਨ ਇਕ ਆਦਮੀ ਬਾਰੇ ਦੱਸਦਾ ਹੈ: “ਪੀਟਰ ਨਾਂ ਦਾ ਆਦਮੀ ਸੜਕ ’ਤੇ ਬੈਠਾ ਹੋਇਆ। ਮੈਂ ਜ਼ਿੰਦਗੀ ਵਿਚ ਇੰਨਾ ਗੰਦਾ ਆਦਮੀ ਕਦੀ ਨਹੀਂ ਸੀ ਦੇਖਿਆ ਅਤੇ ਲੋਕ ਉਸ ਦੇ ਨੇੜਿਓਂ ਵੀ ਨਹੀਂ ਲੰਘਣਾ ਚਾਹੁੰਦੇ ਸਨ। ਕਈ ਲੋਕਾਂ ਨੇ ਉਸ ਦੀ ਮਦਦ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਹ ਕਿਸੇ ਦੀ ਵੀ ਮਦਦ ਨਹੀਂ ਸੀ ਲੈਣਾ ਚਾਹੁੰਦਾ।” ਪਰ ਡੌਨ ਨੇ ਹਾਰ ਨਹੀਂ ਮੰਨੀ। 14 ਸਾਲਾਂ ਤਕ ਉਹ ਸਮੇਂ-ਸਮੇਂ ਤੇ ਪੀਟਰ ਦੀ ਮਦਦ ਕਰਦਾ ਰਿਹਾ।

ਇਕ ਦਿਨ ਪੀਟਰ ਨੇ ਡੌਨ ਨੂੰ ਕਿਹਾ: “ਤੂੰ ਕਾਹਤੋਂ ਮੇਰਾ ਇੰਨਾ ਕਰੀਂ ਜਾਂਦਾ? ਹੋਰ ਤਾਂ ਕਿਸੇ ਨੂੰ ਮੇਰੀ ਪਰਵਾਹ ਹੈ ਨਹੀਂ। ਤੈਨੂੰ ਕੀ ਮਿਲਣਾ ਮੇਰੀ ਮਦਦ ਕਰ ਕੇ?” ਪੀਟਰ ਦੇ ਦਿਲ ਤਕ ਪਹੁੰਚਣ ਲਈ ਡੌਨ ਨੇ ਤਿੰਨ ਆਇਤਾਂ ਦਿਖਾਈਆਂ। ਡੌਨ ਨੇ ਉਸ ਤੋਂ ਪੁੱਛਿਆ ‘ਤੈਨੂੰ ਪਤਾ ਰੱਬ ਦਾ ਕੀ ਨਾਂ ਹੈ?’ ਡੌਨ ਨੇ ਜ਼ਬੂਰ 83:18 ਖੋਲ੍ਹ ਕੇ ਉਸ ਨੂੰ ਪੜ੍ਹਨ ਲਈ ਕਿਹਾ। ਫਿਰ ਡੌਨ ਨੇ ਉਸ ਨੂੰ ਰੋਮੀਆਂ 10:13, 14 ਪੜ੍ਹਨ ਲਈ ਕਿਹਾ ਕਿਉਂਕਿ ਉਹ ਉਸ ਨੂੰ ਸਮਝਾਉਣ ਚਾਹੁੰਦਾ ਸੀ ਕਿ ਉਸ ਨੂੰ ਪੀਟਰ ਦੀ ਇੰਨੀ ਪਰਵਾਹ ਕਿਉਂ ਸੀ। ਉਸ ਆਇਤ ਵਿਚ ਲਿਖਿਆ ਹੈ: “ਹਰ ਕੋਈ ਜਿਹੜਾ ਯਹੋਵਾਹ ਦਾ ਨਾਂ ਲੈਂਦਾ ਹੈ, ਬਚਾਇਆ ਜਾਵੇਗਾ।” ਅਖ਼ੀਰ ਵਿਚ ਡੌਨ ਨੇ ਮੱਤੀ 9:36 ਪੜ੍ਹਿਆ ਅਤੇ ਪੀਟਰ ਨੂੰ ਵੀ ਪੜ੍ਹਨ ਲਈ ਕਿਹਾ। ਉਸ ਆਇਤ ਵਿਚ ਲਿਖਿਆ ਹੈ: “ਭੀੜਾਂ ਨੂੰ ਦੇਖ ਕੇ ਉਸ ਨੂੰ ਉਨ੍ਹਾਂ ’ਤੇ ਤਰਸ ਆਇਆ ਕਿਉਂਕਿ ਉਹ ਉਨ੍ਹਾਂ ਭੇਡਾਂ ਵਰਗੇ ਸਨ ਜਿਨ੍ਹਾਂ ਦੀ ਚਮੜੀ ਉਧੇੜ ਦਿੱਤੀ ਗਈ ਹੋਵੇ ਅਤੇ ਜੋ ਚਰਵਾਹੇ ਤੋਂ ਬਿਨਾਂ ਇੱਧਰ-ਉੱਧਰ ਭਟਕ ਰਹੀਆਂ ਹੋਣ।” ਅੱਖਾਂ ਭਰਦੇ ਹੋਏ ਪੀਟਰ ਨੇ ਪੁੱਛਿਆ: “ਕੀ ਮੈਂ ਵੀ ਇਨ੍ਹਾਂ ਭੇਡਾਂ ਵਾਂਗ ਹਾਂ?”

ਫਿਰ ਪੀਟਰ ਬਿਲਕੁਲ ਬਦਲ ਗਿਆ। ਉਹ ਨਹਾਇਆ, ਆਪਣੀ ਦਾੜ੍ਹੀ ਕੱਟੀ ਅਤੇ ਡੋਨ ਵੱਲੋਂ ਦਿੱਤੇ ਸਾਫ਼-ਸੁਥਰੇ ਕੱਪੜੇ ਪਾਏ। ਇਸ ਤੋਂ ਬਾਅਦ ਉਹ ਸਾਫ਼-ਸੁਥਰਾ ਰਹਿਣ ਲੱਗਾ।

ਪੀਟਰ ਇਕ ਡਾਇਰੀ ਲਿਖਦਾ ਹੁੰਦਾ ਸੀ। ਡਾਇਰੀ ਦੇ ਸ਼ੁਰੂ-ਸ਼ੁਰੂ ਵਿਚ ਉਸ ਦੀਆਂ ਗੱਲਾਂ ਬਹੁਤ ਦਰਦ ਅਤੇ ਉਦਾਸੀ ਭਰੀਆਂ ਸਨ। ਪਰ ਬਾਅਦ ਵਿਚ ਉਸ ਦੀਆਂ ਗੱਲਾਂ ਬਿਲਕੁਲ ਬਦਲ ਗਈਆਂ। ਉਸ ਨੇ ਲਿਖਿਆ: “ਅੱਜ ਮੈਨੂੰ ਰੱਬ ਦਾ ਨਾਂ ਪਤਾ ਲੱਗਾ। ਹੁਣ ਮੈਂ ਯਹੋਵਾਹ ਦਾ ਨਾਂ ਲੈ ਕੇ ਪ੍ਰਾਰਥਨਾ ਕਰ ਸਕਦਾ ਹਾਂ। ਮੈਂ ਦੱਸ ਨਹੀਂ ਸਕਦਾ ਕਿ ਰੱਬ ਦਾ ਨਾਂ ਜਾਣ ਕੇ ਮੈਨੂੰ ਕਿੰਨੀ ਖ਼ੁਸ਼ੀ ਹੋਈ। ਡੌਨ ਨੇ ਮੈਨੂੰ ਕਿਹਾ ਕਿ ਯਹੋਵਾਹ ਮੇਰਾ ਵੀ ਜਿਗਰੀ ਦੋਸਤ ਬਣ ਸਕਦਾ ਹੈ। ਪਰਮੇਸ਼ੁਰ ਹਮੇਸ਼ਾ ਮੇਰੀਆਂ ਗੱਲਾਂ ਸੁਣਨ ਲਈ ਤਿਆਰ ਰਹਿੰਦਾ, ਚਾਹੇ ਮੈਂ ਕਿੱਥੇ ਵੀ ਹੋਵਾਂ ਜਾਂ ਕਦੋਂ ਵੀ ਪ੍ਰਾਰਥਨਾ ਕਰਾਂ।”

ਪੀਟਰ ਨੇ ਆਪਣੀ ਡਾਇਰੀ ਦੇ ਆਖ਼ਰੀ ਸ਼ਬਦ ਆਪਣੇ ਸਕੇ ਭੈਣਾਂ-ਭਰਾਵਾਂ ਨੂੰ ਲਿਖੇ। ਉਸ ਨੇ ਲਿਖਿਆ:

“ਅੱਜ ਮੈਨੂੰ ਮੇਰੀ ਸਿਹਤ ਠੀਕ ਨਹੀਂ ਲੱਗਦੀ। ਮੈਨੂੰ ਲੱਗਦਾ ਹੈ ਕਿ ਮੇਰਾ ਸਰੀਰ ਹੁਣ ਜਵਾਬ ਦੇ ਰਿਹਾ ਹੈ। ਜੇ ਅੱਜ ਮੇਰੀ ਜਾਨ ਚਲੀ ਵੀ ਜਾਂਦੀ ਹੈ, ਤਾਂ ਵੀ ਮੈਨੂੰ ਪੂਰਾ ਭਰੋਸਾ ਹੈ ਕਿ ਮੈਂ ਆਪਣੇ ਦੋਸਤ [ਡੌਨ] ਨੂੰ ਨਵੀਂ ਦੁਨੀਆਂ ਵਿਚ ਜ਼ਰੂਰ ਮਿਲਾਂਗਾ। ਜੇ ਤੁਹਾਨੂੰ ਮੇਰੀ ਇਹ ਡਾਇਰੀ ਮਿਲੀ, ਤਾਂ ਸਮਝ ਲੈਣਾ ਕਿ ਮੈਂ ਇਸ ਦੁਨੀਆਂ ਵਿਚ ਨਹੀਂ ਰਿਹਾ। ਤੁਸੀਂ ਮੇਰੇ ਸੰਸਕਾਰ ’ਤੇ ਜੇ ਕਿਸੇ ਅਜਨਬੀ ਆਦਮੀ ਨੂੰ ਦੇਖੋ, ਤਾਂ ਉਸ ਨੂੰ ਜ਼ਰੂਰ ਮਿਲਣਾ। ਨਾਲੇ ਇਹ ਛੋਟੀ ਜਿਹੀ ਨੀਲੀ ਕਿਤਾਬ ਵੀ ਪੜ੍ਹਿਓ। * ਇਸ ਕਿਤਾਬ ਵਿੱਚੋਂ ਮੈਂ ਸਿੱਖਿਆ ਕਿ ਇਕ ਦਿਨ ਨਵੀਂ ਦੁਨੀਆਂ ਵਿਚ ਮੈਂ ਆਪਣੇ ਦੋਸਤ ਨੂੰ ਜ਼ਰੂਰ ਮਿਲਾਂਗਾ। ਮੈਨੂੰ ਇਸ ਗੱਲ ’ਤੇ ਮਾੜਾ ਜਿਹਾ ਵੀ ਸ਼ੱਕ ਨਹੀਂ। ਤੁਹਾਡਾ ਪਿਆਰਾ ਭਰਾ, ਪੀਟਰ।”

ਪੀਟਰ ਦੇ ਸੰਸਕਾਰ ਤੋਂ ਬਾਅਦ ਉਸ ਦੀ ਭੈਣ ਊਮੀ ਦੱਸਦੀ ਹੈ: “ਲਗਭਗ ਦੋ ਸਾਲ ਪਹਿਲਾਂ ਪੀਟਰ ਮੈਨੂੰ ਮਿਲਣ ਆਇਆ। ਕਈ ਸਾਲਾਂ ਬਾਅਦ ਮੈਂ ਉਸ ਦੇ ਚਿਹਰੇ ’ਤੇ ਖ਼ੁਸ਼ੀ ਦੇਖੀ ਅਤੇ ਉਸ ਨੂੰ ਹੱਸਦੇ ਦੇਖਿਆ।” ਉਸ ਨੇ ਡੌਨ ਨੂੰ ਕਿਹਾ: “ਮੈਂ ਇਹ ਕਿਤਾਬ ਜ਼ਰੂਰ ਪੜ੍ਹਾਂਗੀ ਕਿਉਂਕਿ ਜੇ ਮੇਰਾ ਭਰਾ ਇੰਨਾ ਬਦਲ ਗਿਆ, ਤਾਂ ਪੱਕਾ ਇਸ ਕਿਤਾਬ ਵਿਚ ਕੁਝ ਖ਼ਾਸ ਹੋਣਾ।” ਊਮੀ ਯਹੋਵਾਹ ਦੇ ਗਵਾਹ ਨਾਲ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਕਿਤਾਬ ਵਿੱਚੋਂ ਸਟੱਡੀ ਕਰਨ ਲਈ ਵੀ ਤਿਆਰ ਹੋ ਗਈ।

ਸਾਨੂੰ ਵੀ ਲੋਕਾਂ ਦੇ ਸਿਰਫ਼ ਚਿਹਰੇ ਹੀ ਨਹੀਂ ਦੇਖਣੇ ਚਾਹੀਦੇ, ਸਗੋਂ ਲੋਕਾਂ ਦੇ ਦਿਲ ਦੇਖਣੇ ਚਾਹੀਦੇ ਹਨ। ਸਾਨੂੰ ਹਰ ਤਰ੍ਹਾਂ ਦੇ ਲੋਕਾਂ ਨੂੰ ਸੱਚਾ ਪਿਆਰ ਦਿਖਾਉਣ ਦੇ ਨਾਲ-ਨਾਲ ਧੀਰਜ ਵੀ ਰੱਖਣਾ ਚਾਹੀਦਾ ਹੈ। (1 ਤਿਮੋ. 2:3, 4) ਜੇ ਅਸੀਂ ਇਸ ਤਰ੍ਹਾਂ ਪੇਸ਼ ਆਵਾਂਗੇ, ਤਾਂ ਅਸੀਂ ਵੀ ਪੀਟਰ ਵਰਗੇ ਲੋਕਾਂ ਦੇ ਦਿਲਾਂ ਨੂੰ ਛੂਹ ਸਕਾਂਗੇ। ਉਹ ਸ਼ਾਇਦ ਦੇਖਣ ਨੂੰ ਸੋਹਣੇ ਨਾ ਲੱਗਣ, ਪਰ ਉਨ੍ਹਾਂ ਦੇ ਦਿਲ ਚੰਗੇ ਹੋ ਸਕਦੇ ਹਨ। ਅਸੀਂ ਭਰੋਸਾ ਰੱਖ ਸਕਦੇ ਹਾਂ ਕਿ ਪਰਮੇਸ਼ੁਰ “ਰਿਦੇ ਨੂੰ ਵੇਖਦਾ ਹੈ।” ਉਹ ਸੱਚਾਈ ਨੂੰ ਮੰਨਣ ਵਾਲੇ ਲੋਕਾਂ ਨੂੰ ਆਪਣੇ ਵੱਲ ਜ਼ਰੂਰ ਖਿੱਚੇਗਾ।1 ਸਮੂ. 16:7; ਯੂਹੰ. 6:44.

^ ਪੈਰਾ 7 ਇਸ ਕਿਤਾਬ ਦਾ ਨਾਂ ਹੈ ਸੱਚ ਜਿਹੜਾ ਅਨੰਤ ਜ਼ਿੰਦਗੀ ਵਲ ਲੈ ਜਾਂਦਾ ਹੈ। ਉਸ ਨੂੰ ਇਹ ਕਿਤਾਬ ਬਹੁਤ ਸਾਲ ਪਹਿਲਾਂ ਮਿਲੀ ਸੀ। ਇਹ ਕਿਤਾਬ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਜਾਂਦੀ ਸੀ।