Skip to content

ਬਾਈਬਲ ਬਦਲਦੀ ਹੈ ਜ਼ਿੰਦਗੀਆਂ

“ਹੁਣ ਮੈਂ ਸ਼ਰਮਿੰਦਾ ਮਹਿਸੂਸ ਨਹੀਂ ਕਰਦਾ”

“ਹੁਣ ਮੈਂ ਸ਼ਰਮਿੰਦਾ ਮਹਿਸੂਸ ਨਹੀਂ ਕਰਦਾ”
  • ਜਨਮ: 1963

  • ਦੇਸ਼: ਮੈਕਸੀਕੋ

  • ਅਤੀਤ: ਬੇਘਰ ਬੱਚਾ; ਖ਼ੁਦ ਨੂੰ ਘਟੀਆ ਸਮਝਦਾ ਸੀ

ਮੇਰੇ ਅਤੀਤ ਬਾਰੇ ਕੁਝ ਗੱਲਾਂ

 ਮੇਰਾ ਜਨਮ ਉੱਤਰੀ ਮੈਕਸੀਕੋ ਦੇ ਸ਼ਹਿਰ ਸੀਊਦਾਦ ਔਬਰੇਗੋਨ ਵਿਚ ਹੋਇਆ ਸੀ ਅਤੇ ਮੈਂ ਨੌਂ ਬੱਚਿਆਂ ਵਿੱਚੋਂ ਪੰਜਵੇਂ ਨੰਬਰ ʼਤੇ ਸੀ। ਅਸੀਂ ਸ਼ਹਿਰ ਤੋਂ ਬਾਹਰ ਰਹਿੰਦੇ ਸੀ ਜਿੱਥੇ ਮੇਰੇ ਪਿਤਾ ਜੀ ਦਾ ਛੋਟਾ ਜਿਹਾ ਫਾਰਮ ਸੀ। ਇਹ ਬਹੁਤ ਸੋਹਣੀ ਜਗ੍ਹਾ ਸੀ ਜਿੱਥੇ ਸਾਡਾ ਪਰਿਵਾਰ ਮਿਲ ਕੇ ਰਹਿੰਦਾ ਸੀ ਅਤੇ ਖ਼ੁਸ਼ ਸੀ। ਦੁੱਖ ਦੀ ਗੱਲ ਹੈ ਕਿ ਜਦੋਂ ਮੈਂ ਹਾਲੇ ਪੰਜਾਂ ਸਾਲਾਂ ਦਾ ਸੀ, ਤਾਂ ਤੂਫ਼ਾਨ ਦੇ ਕਾਰਨ ਸਾਡਾ ਫਾਰਮ ਤਹਿਸ-ਨਹਿਸ ਹੋ ਗਿਆ ਅਤੇ ਸਾਨੂੰ ਕਿਸੇ ਹੋਰ ਕਸਬੇ ਵਿਚ ਜਾਣਾ ਪਿਆ।

 ਮੇਰੇ ਪਿਤਾ ਜੀ ਚੰਗੇ-ਖਾਸੇ ਪੈਸੇ ਕਮਾਉਣ ਲੱਗ ਪਏ। ਪਰ ਉਹ ਹੱਦੋਂ ਵੱਧ ਸ਼ਰਾਬ ਵੀ ਪੀਣ ਲੱਗ ਪਏ। ਇਸ ਦਾ ਅਸਰ ਉਨ੍ਹਾਂ ਦੇ ਵਿਆਹੁਤਾ-ਬੰਧਨ ਦੇ ਨਾਲ-ਨਾਲ ਸਾਡੇ ਉੱਤੇ ਵੀ ਪਿਆ। ਮੈਂ ਅਤੇ ਮੇਰੇ ਦੋ ਵੱਡੇ ਭਰਾ ਪਿਤਾ ਜੀ ਦੀਆਂ ਸਿਗਰਟਾਂ ਚੋਰੀ ਕਰ ਕੇ ਪੀਣ ਲੱਗ ਪਏ। ਮੈਂ ਜਦੋਂ ਹਾਲੇ ਛੇ ਸਾਲਾਂ ਦਾ ਸੀ, ਤਾਂ ਮੈਂ ਪਹਿਲੀ ਵਾਰ ਸ਼ਰਾਬ ਪੀ ਕੇ ਟੱਲੀ ਹੋ ਗਿਆ। ਇਸ ਤੋਂ ਜਲਦੀ ਬਾਅਦ ਮੇਰੇ ਮਾਤਾ-ਪਿਤਾ ਇਕ-ਦੂਜੇ ਤੋਂ ਅਲੱਗ ਹੋ ਗਏ ਅਤੇ ਮੇਰੀਆਂ ਆਦਤਾਂ ਹੋਰ ਵਿਗੜ ਗਈਆਂ।

 ਮੇਰੀ ਮੰਮੀ ਕਿਸੇ ਹੋਰ ਆਦਮੀ ਨਾਲ ਰਹਿਣ ਚਲੀ ਗਈ ਤੇ ਸਾਨੂੰ ਵੀ ਨਾਲ ਹੀ ਲੈ ਗਈ। ਉਹ ਆਦਮੀ ਮੰਮੀ ਨੂੰ ਪੈਸੇ ਨਹੀਂ ਦਿੰਦਾ ਸੀ ਅਤੇ ਸਿਰਫ਼ ਮੰਮੀ ਦੀ ਕਮਾਈ ਨਾਲ ਗੁਜ਼ਾਰਾ ਕਰਨਾ ਔਖਾ ਸੀ। ਇਸ ਲਈ ਮੈਂ ਤੇ ਮੇਰੇ ਭੈਣ-ਭਰਾ ਕੰਮ ʼਤੇ ਲੱਗ ਗਏ, ਫਿਰ ਵੀ ਸਾਡੀਆਂ ਲੋੜਾਂ ਪੂਰੀਆਂ ਨਹੀਂ ਹੁੰਦੀਆਂ ਸਨ। ਮੈਂ ਬੂਟ ਪਾਲਸ਼ ਕਰਦਾ ਸੀ ਅਤੇ ਬ੍ਰੈੱਡ, ਅਖ਼ਬਾਰਾਂ, ਬਬਲ ਗਮਾਂ ਅਤੇ ਹੋਰ ਚੀਜ਼ਾਂ ਵੇਚਦਾ ਸੀ। ਨਾਲੇ ਮੈਂ ਅਮੀਰ ਲੋਕਾਂ ਦੇ ਕੂੜੇਦਾਨਾਂ ਵਿੱਚੋਂ ਖਾਣਾ ਲੱਭਣ ਲਈ ਸ਼ਹਿਰ ਵਿਚ ਘੁੰਮਦਾ ਰਹਿੰਦਾ ਸੀ।

 ਜਦੋਂ ਮੈਂ 10 ਸਾਲਾਂ ਦਾ ਸੀ, ਤਾਂ ਇਕ ਆਦਮੀ ਨੇ ਮੈਨੂੰ ਉਸ ਜਗ੍ਹਾ ਆਪਣੇ ਨਾਲ ਕੰਮ ਕਰਨ ਲਈ ਬੁਲਾਇਆ ਜਿੱਥੇ ਸ਼ਹਿਰ ਦਾ ਕੂੜਾ ਸੁੱਟਿਆ ਜਾਂਦਾ ਸੀ। ਮੈਂ ਮੰਨ ਗਿਆ ਅਤੇ ਸਕੂਲ ਦੀ ਪੜ੍ਹਾਈ ਛੱਡ ਕੇ ਘਰੋਂ ਚਲਾ ਗਿਆ। ਉਹ ਹਰ ਰੋਜ਼ ਮੈਨੂੰ ਇਕ ਡਾਲਰ ਤੋਂ ਵੀ ਘੱਟ ਪੈਸੇ ਦਿੰਦਾ ਸੀ ਅਤੇ ਕੂੜੇ ਵਿੱਚੋਂ ਇਕੱਠਾ ਕੀਤਾ ਹੋਇਆ ਖਾਣਾ ਦਿੰਦਾ ਸੀ। ਮੈਂ ਇਕ ਝੌਂਪੜੀ ਵਿਚ ਰਹਿੰਦਾ ਸੀ ਜੋ ਮੈਂ ਕੂੜੇ ਵਿੱਚੋਂ ਮਿਲੀਆਂ ਚੀਜ਼ਾਂ ਨਾਲ ਬਣਾਈ ਸੀ। ਮੈਂ ਜਿਨ੍ਹਾਂ ਲੋਕਾਂ ਵਿਚ ਰਹਿੰਦਾ ਸੀ, ਉਹ ਗਾਲ਼ੀ-ਗਲੋਚ ਕਰਦੇ ਸਨ ਤੇ ਅਨੈਤਿਕ ਕੰਮ ਕਰਦੇ ਸਨ। ਕਈ ਨਸ਼ੇ ਲੈਂਦੇ ਸਨ ਤੇ ਸ਼ਰਾਬਾਂ ਪੀਂਦੇ ਸਨ। ਇਹ ਮੇਰੀ ਜ਼ਿੰਦਗੀ ਦਾ ਸਭ ਤੋਂ ਭੈੜਾ ਸਮਾਂ ਸੀ। ਮੈਂ ਸਾਰੀ-ਸਾਰੀ ਰਾਤ ਰੋਂਦਾ ਰਹਿੰਦਾ ਸੀ ਤੇ ਡਰ ਦੇ ਮਾਰੇ ਥਰ-ਥਰ ਕੰਬਦਾ ਸੀ। ਆਪਣੀ ਗ਼ਰੀਬੀ ਅਤੇ ਘੱਟ ਪੜ੍ਹਿਆ-ਲਿਖਿਆ ਹੋਣ ਕਰਕੇ ਮੈਂ ਸ਼ਰਮਿੰਦਾ ਮਹਿਸੂਸ ਕਰਦਾ ਸੀ। ਮੈਂ ਕੂੜੇ-ਕਰਕਟ ਵਿਚ ਤਿੰਨ ਸਾਲ ਰਿਹਾ ਤੇ ਫਿਰ ਮੈਕਸੀਕੋ ਦੇ ਦੂਜੇ ਸੂਬੇ ਵਿਚ ਚਲਾ ਗਿਆ। ਉੱਥੇ ਮੈਂ ਖੇਤਾਂ ਵਿਚ ਕੰਮ ਕੀਤਾ ਸੀ। ਮੈਂ ਫੁੱਲ ਤੇ ਕਪਾਹ ਚੁਗਦਾ ਸੀ, ਗੰਨੇ ਇਕੱਠੇ ਕਰਦਾ ਸੀ ਤੇ ਆਲੂ ਪੁੱਟਦਾ ਸੀ।

ਮੈਂ ਕੂੜਾ ਸੁੱਟਣ ਵਾਲੀ ਜਗ੍ਹਾ ʼਤੇ ਤਿੰਨ ਸਾਲ ਰਿਹਾ

 ਚਾਰ ਸਾਲਾਂ ਬਾਅਦ ਮੈਂ ਸੀਊਦਾਦ ਔਬਰੇਗੋਨ ਨੂੰ ਵਾਪਸ ਚਲਾ ਗਿਆ। ਮੇਰੀ ਇਕ ਝਾੜਾ-ਫੂਕੀ ਕਰਨ ਵਾਲੀ ਭੂਆ ਨੇ ਆਪਣੇ ਘਰ ਮੈਨੂੰ ਇਕ ਕਮਰਾ ਰਹਿਣ ਲਈ ਦੇ ਦਿੱਤਾ। ਮੈਨੂੰ ਡਰਾਉਣੇ ਸੁਪਨੇ ਆਉਣ ਲੱਗ ਪਏ ਤੇ ਮੈਂ ਇੰਨਾ ਨਿਰਾਸ਼ ਹੋ ਗਿਆ ਕਿ ਮੈਂ ਆਤਮ-ਹੱਤਿਆ ਕਰਨ ਬਾਰੇ ਸੋਚਣ ਲੱਗਾ। ਇਕ ਵਾਰ ਰਾਤ ਨੂੰ ਮੈਂ ਰੱਬ ਅੱਗੇ ਪ੍ਰਾਰਥਨਾ ਕੀਤੀ: “ਹੇ ਪ੍ਰਭੂ, ਜੇ ਤੂੰ ਹੈਂ, ਤਾਂ ਮੈਂ ਤੇਰੇ ਬਾਰੇ ਜਾਣਨਾ ਚਾਹੁੰਦਾ ਹਾਂ ਤੇ ਮੈਂ ਹਮੇਸ਼ਾ ਤੇਰੀ ਸੇਵਾ ਕਰਾਂਗਾ। ਜੇ ਕੋਈ ਸੱਚਾ ਧਰਮ ਹੈ, ਤਾਂ ਮੈਂ ਇਸ ਬਾਰੇ ਜਾਣਨਾ ਚਾਹੁੰਦਾ ਹਾਂ।”

ਮੇਰੀ ਜ਼ਿੰਦਗੀ ʼਤੇ ਬਾਈਬਲ ਦਾ ਅਸਰ

 ਮੈਂ ਹਮੇਸ਼ਾ ਰੱਬ ਬਾਰੇ ਜਾਣਨ ਦੀ ਇੱਛਾ ਰੱਖਦਾ ਸੀ। ਬਚਪਨ ਵਿਚ ਮੈਂ ਕਈ ਵੱਖੋ-ਵੱਖਰੇ ਚਰਚਾਂ ਵਿਚ ਗਿਆ, ਪਰ ਮੇਰੇ ਹੱਥ ਨਿਰਾਸ਼ਾ ਹੀ ਲੱਗੀ। ਉਨ੍ਹਾਂ ਵਿੱਚੋਂ ਕਿਸੇ ਨੇ ਵੀ ਬਾਈਬਲ ਬਾਰੇ ਜ਼ਿਆਦਾ ਗੱਲ ਨਹੀਂ ਕੀਤੀ ਜਾਂ ਰੱਬ ਬਾਰੇ ਜਾਣਨ ਵਿਚ ਮੇਰੀ ਮਦਦ ਨਹੀਂ ਕੀਤੀ। ਕੁਝ ਚਰਚ ਤਾਂ ਬਸ ਪੈਸਾ-ਪੈਸਾ ਹੀ ਕਰਦੇ ਸਨ ਅਤੇ ਹੋਰ ਚਰਚਾਂ ਦੇ ਪਾਦਰੀ ਅਨੈਤਿਕ ਕੰਮਾਂ ਵਿਚ ਲੱਗੇ ਹੋਏ ਸਨ।

 ਜਦੋਂ ਮੈਂ 19 ਸਾਲਾਂ ਦਾ ਸੀ, ਤਾਂ ਮੇਰੇ ਇਕ ਜੀਜੇ ਨੇ ਮੈਨੂੰ ਦੱਸਿਆ ਕਿ ਯਹੋਵਾਹ ਦੇ ਗਵਾਹਾਂ ਨੇ ਉਸ ਨੂੰ ਦੱਸਿਆ ਸੀ ਕਿ ਬਾਈਬਲ ਧਾਰਮਿਕ ਮੂਰਤੀਆਂ ਬਾਰੇ ਕੀ ਕਹਿੰਦੀ ਹੈ। ਉਸ ਨੇ ਮੈਨੂੰ ਕੂਚ 20:4, 5 ਪੜ੍ਹ ਕੇ ਸੁਣਾਇਆ। ਇਸ ਵਿਚ ਦੱਸਿਆ ਹੈ ਕਿ ਸਾਨੂੰ ਮੂਰਤੀਆਂ ਨਹੀਂ ਬਣਾਉਣੀਆਂ ਚਾਹੀਦੀਆਂ। ਆਇਤ 5 ਕਹਿੰਦੀ ਹੈ: “ਨਾ ਤੂੰ ਉਨ੍ਹਾਂ ਦੇ ਅੱਗੇ ਮੱਥਾ ਟੇਕ, ਨਾ ਉਨ੍ਹਾਂ ਦੀ ਪੂਜਾ ਕਰ ਕਿਉਂ ਜੋ ਮੈਂ ਯਹੋਵਾਹ ਤੇਰਾ ਪਰਮੇਸ਼ੁਰ ਅਣਖ ਵਾਲਾ ਪਰਮੇਸ਼ੁਰ ਹਾਂ।” ਫਿਰ ਮੇਰੇ ਜੀਜੇ ਨੇ ਮੈਨੂੰ ਪੁੱਛਿਆ: “ਜੇ ਰੱਬ ਚਮਤਕਾਰ ਕਰਨ ਲਈ ਮੂਰਤੀਆਂ ਨੂੰ ਵਰਤਦਾ ਹੈ ਜਾਂ ਜੇ ਉਹ ਚਾਹੁੰਦਾ ਹੈ ਕਿ ਅਸੀਂ ਭਗਤੀ ਕਰਨ ਲਈ ਮੂਰਤੀਆਂ ਵਰਤੀਏ, ਤਾਂ ਫਿਰ ਉਹ ਮੂਰਤੀਆਂ ਬਣਾਉਣ ਤੋਂ ਮਨ੍ਹਾ ਕਿਉਂ ਕਰੇਗਾ?” ਇਸ ਸਵਾਲ ਨੇ ਮੈਨੂੰ ਸੋਚਣ ਤੇ ਮਜਬੂਰ ਕਰ ਦਿੱਤਾ। ਇਸ ਤੋਂ ਬਾਅਦ ਅਸੀਂ ਕਈ ਵਾਰ ਬਾਈਬਲ ਦੇ ਵਿਸ਼ਿਆਂ ਉੱਤੇ ਗੱਲਬਾਤ ਕੀਤੀ। ਇਹ ਗੱਲਾਂ ਕਰ ਕੇ ਇੰਨਾ ਮਜ਼ਾ ਆਉਂਦਾ ਸੀ ਕਿ ਪਤਾ ਹੀ ਨਹੀਂ ਚੱਲਦਾ ਸੀ ਕਿ ਸਮਾਂ ਕਿੱਥੇ ਚਲਾ ਗਿਆ।

 ਬਾਅਦ ਵਿਚ ਉਹ ਮੈਨੂੰ ਯਹੋਵਾਹ ਦੇ ਗਵਾਹਾਂ ਦੀ ਇਕ ਸਭਾ ਵਿਚ ਲੈ ਕੇ ਗਿਆ। ਉੱਥੇ ਮੈਂ ਜੋ ਕੁਝ ਦੇਖਿਆ ਅਤੇ ਸੁਣਿਆ, ਉਸ ਦਾ ਮੇਰੇ ਉੱਤੇ ਗਹਿਰਾ ਅਸਰ ਹੋਇਆ। ਬੱਚੇ ਵੀ ਪ੍ਰੋਗ੍ਰਾਮ ਵਿਚ ਹਿੱਸਾ ਲੈ ਰਹੇ ਸਨ ਤੇ ਸਟੇਜ ਤੋਂ ਵਧੀਆ ਤਰੀਕੇ ਨਾਲ ਬੋਲ ਰਹੇ ਸਨ! ਮੈਂ ਸੋਚਿਆ, ‘ਇੱਥੇ ਲੋਕਾਂ ਨੂੰ ਕਿੰਨੀ ਵਧੀਆ ਸਿੱਖਿਆ ਮਿਲਦੀ ਹੈ!’ ਭਾਵੇਂ ਮੇਰੇ ਵਾਲ਼ ਲੰਬੇ ਸਨ ਅਤੇ ਸ਼ਕਲ-ਸੂਰਤ ਸੁਆਰੀ ਹੋਈ ਨਹੀਂ ਸੀ, ਫਿਰ ਵੀ ਗਵਾਹਾਂ ਨੇ ਮੇਰਾ ਪਿਆਰ ਨਾਲ ਸੁਆਗਤ ਕੀਤਾ। ਇਕ ਪਰਿਵਾਰ ਨੇ ਤਾਂ ਮੈਨੂੰ ਸਭਾ ਤੋਂ ਬਾਅਦ ਖਾਣੇ ʼਤੇ ਵੀ ਬੁਲਾਇਆ!

 ਗਵਾਹਾਂ ਨਾਲ ਬਾਈਬਲ ਦੀ ਸਟੱਡੀ ਕਰ ਕੇ ਮੈਂ ਸਿੱਖਿਆ ਕਿ ਯਹੋਵਾਹ ਪਰਮੇਸ਼ੁਰ ਪਿਆਰ ਕਰਨ ਵਾਲਾ ਪਰਮੇਸ਼ੁਰ ਹੈ ਜੋ ਸਾਡੀ ਪਰਵਾਹ ਕਰਦਾ ਹੈ, ਭਾਵੇਂ ਸਾਡੇ ਕੋਲ ਪੈਸੇ ਹੋਣ ਜਾਂ ਨਾ ਹੋਣ, ਭਾਵੇਂ ਅਸੀਂ ਕਿਸੇ ਵੀ ਜਾਤ ਦੇ ਹੋਈਏ, ਘੱਟ ਪੜ੍ਹੇ-ਲਿਖੇ ਹੋਈਏ ਜਾਂ ਜ਼ਿਆਦਾ। ਉਹ ਕਿਸੇ ਨਾਲ ਪੱਖਪਾਤ ਨਹੀਂ ਕਰਦਾ। (ਰਸੂਲਾਂ ਦੇ ਕੰਮ 10:34, 35) ਅਖ਼ੀਰ ਰੱਬ ਬਾਰੇ ਜਾਣਨ ਦੀ ਮੇਰੀ ਇੱਛਾ ਪੂਰੀ ਹੋ ਹੀ ਗਈ। ਹੁਣ ਮੇਰੀ ਜ਼ਿੰਦਗੀ ਖੋਖਲੀ ਨਹੀਂ ਰਹੀਂ।

ਅੱਜ ਮੇਰੀ ਜ਼ਿੰਦਗੀ

 ਮੇਰੀ ਜ਼ਿੰਦਗੀ ਸੁਧਰਨੀ ਸ਼ੁਰੂ ਹੋ ਗਈ! ਮੈਂ ਸਿਗਰਟ, ਹੱਦੋਂ ਵੱਧ ਸ਼ਰਾਬ ਪੀਣੀ ਅਤੇ ਗਾਲ਼ੀ-ਗਲੋਚ ਕਰਨਾ ਛੱਡ ਦਿੱਤਾ। ਬਚਪਨ ਤੋਂ ਮੇਰੇ ਅੰਦਰ ਜੋ ਗੁੱਸਾ ਸੀ, ਉਹ ਹੌਲੀ-ਹੌਲੀ ਘੱਟਦਾ ਗਿਆ ਅਤੇ ਡਰਾਉਣੇ ਸੁਪਨੇ ਵੀ ਆਉਣੇ ਬੰਦ ਹੋ ਗਏ। ਨਾਲੇ ਮੈਂ ਆਪਣੀ ਨਿਰਾਸ਼ਾ ʼਤੇ ਕਾਬੂ ਪਾ ਲਿਆ ਜੋ ਬਚਪਨ ਵਿਚ ਹੋਏ ਭੈੜੇ ਤਜਰਬਿਆਂ ਅਤੇ ਘੱਟ ਪੜ੍ਹਾਈ-ਲਿਖਾਈ ਕਰਕੇ ਹੁੰਦੀ ਸੀ।

 ਮੇਰੀ ਪਤਨੀ ਬਹੁਤ ਚੰਗੀ ਹੈ। ਉਹ ਯਹੋਵਾਹ ਨੂੰ ਪਿਆਰ ਕਰਦੀ ਹੈ ਅਤੇ ਮੇਰਾ ਬਹੁਤ ਸਾਥ ਦਿੰਦੀ ਹੈ। ਮੈਂ ਹੁਣ ਯਹੋਵਾਹ ਦੇ ਗਵਾਹਾਂ ਦੇ ਸਫ਼ਰੀ ਨਿਗਾਹਬਾਨ ਵਜੋਂ ਸੇਵਾ ਕਰਦਾ ਹਾਂ। ਮੈਂ ਮੰਡਲੀਆਂ ਵਿਚ ਆਪਣੇ ਸੰਗੀ ਭੈਣਾਂ-ਭਰਾਵਾਂ ਨੂੰ ਉਤਸ਼ਾਹ ਦੇਣ ਅਤੇ ਉਨ੍ਹਾਂ ਨੂੰ ਸਿਖਾਉਣ ਜਾਂਦਾ ਹਾਂ। ਜ਼ਖ਼ਮਾਂ ʼਤੇ ਮਲ੍ਹਮ ਲਾਉਣ ਵਰਗੀਆਂ ਬਾਈਬਲ ਦੀਆਂ ਗੱਲਾਂ ਅਤੇ ਪਰਮੇਸ਼ੁਰ ਤੋਂ ਮਿਲਦੀ ਵਧੀਆ ਸਿੱਖਿਆ ਕਰਕੇ ਹੁਣ ਮੈਂ ਸ਼ਰਮਿੰਦਾ ਮਹਿਸੂਸ ਨਹੀਂ ਕਰਦਾ।

ਮੈਂ ਤੇ ਮੇਰੀ ਪਤਨੀ ਦੂਜਿਆਂ ਦੀ ਮਦਦ ਕਰ ਰਹੇ ਹਾਂ ਜਿਵੇਂ ਮੇਰੀ ਮਦਦ ਕੀਤੀ ਗਈ ਸੀ