Skip to content

Skip to table of contents

ਕੀ ਤੁਸੀਂ ਜਾਣਦੇ ਹੋ?

ਕੀ ਤੁਸੀਂ ਜਾਣਦੇ ਹੋ?

ਇਥੋਪੀਆ ਦਾ ਮੰਤਰੀ ਉਸ ਵੇਲੇ ਕਿਸ ਤਰ੍ਹਾਂ ਦੀ ਗੱਡੀ ʼਤੇ ਸਫ਼ਰ ਕਰ ਰਿਹਾ ਸੀ ਜਦੋਂ ਫ਼ਿਲਿੱਪੁਸ ਆ ਕੇ ਉਸ ਨੂੰ ਮਿਲਿਆ?

ਨਵੀਂ ਦੁਨੀਆਂ ਅਨੁਵਾਦ ਬਾਈਬਲ ਵਿਚ ਜਿਸ ਸ਼ਬਦ ਦਾ ਅਨੁਵਾਦ “ਰਥ” ਕੀਤਾ ਗਿਆ ਹੈ, ਉਸ ਦਾ ਮਤਲਬ ਕਈ ਤਰ੍ਹਾਂ ਦੇ ਰਥ ਜਾਂ ਗੱਡੀਆਂ ਹੋ ਸਕਦੀਆਂ ਹਨ। (ਰਸੂ. 8:28, 29, 38) ਪਰ ਇੱਦਾਂ ਲੱਗਦਾ ਹੈ ਕਿ ਇਥੋਪੀਆ ਦਾ ਮੰਤਰੀ ਜਿਸ ਗੱਡੀ ʼਤੇ ਸਵਾਰ ਸੀ, ਉਹ ਯੁੱਧ ਜਾਂ ਦੌੜ ਵਿਚ ਵਰਤਿਆ ਜਾਣ ਵਾਲਾ ਕੋਈ ਛੋਟਾ ਰਥ ਨਹੀਂ ਸੀ, ਸਗੋਂ ਇਕ ਵੱਡੀ ਗੱਡੀ ਸੀ। ਅਸੀਂ ਇੱਦਾਂ ਕਿਉਂ ਕਹਿ ਸਕਦੇ ਹਾਂ? ਆਓ ਕੁਝ ਕਾਰਨਾਂ ʼਤੇ ਗੌਰ ਕਰੀਏ।

ਇਥੋਪੀਆ ਦਾ ਇਹ ਆਦਮੀ ਇਕ ਵੱਡਾ ਅਧਿਕਾਰੀ ਸੀ ਜਿਸ ਨੇ ਲੰਬਾ ਸਫ਼ਰ ਤੈਅ ਕੀਤਾ ਸੀ। ਉਹ ‘ਇਥੋਪੀਆ ਦੀ ਰਾਣੀ ਕੰਦਾਕੇ ਦੇ ਦਰਬਾਰ ਦਾ ਇਕ ਮੰਤਰੀ ਸੀ ਜਿਹੜਾ ਰਾਣੀ ਦੇ ਸਾਰੇ ਖ਼ਜ਼ਾਨੇ ਦਾ ਮੁਖਤਿਆਰ ਸੀ।’ (ਰਸੂ. 8:27) ਪੁਰਾਣੇ ਜ਼ਮਾਨੇ ਦੇ ਇਥੋਪੀਆ ਦੇਸ਼ ਵਿਚ ਅੱਜ ਦੇ ਜ਼ਮਾਨੇ ਦਾ ਸੂਡਾਨ ਦੇਸ਼ ਤੇ ਮਿਸਰ ਦਾ ਸਭ ਤੋਂ ਦੱਖਣੀ ਹਿੱਸਾ ਵੀ ਸ਼ਾਮਲ ਸੀ। ਸ਼ਾਇਦ ਇਥੋਪੀਆ ਦੇ ਉਸ ਅਧਿਕਾਰੀ ਨੇ ਇੰਨਾ ਲੰਬਾ ਸਫ਼ਰ ਇੱਕੋ ਗੱਡੀ ਵਿਚ ਨਹੀਂ ਕੀਤਾ ਹੋਣਾ, ਪਰ ਉਸ ਕੋਲ ਸ਼ਾਇਦ ਕਾਫ਼ੀ ਸਮਾਨ ਹੋਣਾ। ਨਾਲੇ ਪਹਿਲੀ ਸਦੀ ਵਿਚ ਇਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਣ ਲਈ ਚਾਰ ਪਹੀਏ ਵਾਲੀਆਂ ਗੱਡੀਆਂ ਵੀ ਹੁੰਦੀਆਂ ਸਨ ਜੋ ਉੱਪਰੋਂ ਢਕੀਆਂ ਹੁੰਦੀਆਂ ਸਨ। “ਇੱਦਾਂ ਦੀਆਂ ਗੱਡੀਆਂ ਵਿਚ ਕਾਫ਼ੀ ਸਮਾਨ ਰੱਖਿਆ ਜਾ ਸਕਦਾ ਸੀ ਤੇ ਸਫ਼ਰ ਕਰਨਾ ਸੌਖਾ ਹੁੰਦਾ ਸੀ। ਸ਼ਾਇਦ ਇਸੇ ਕਰਕੇ ਲੋਕ ਇਨ੍ਹਾਂ ਵਿਚ ਇੰਨਾ ਲੰਬਾ ਸਫ਼ਰ ਕਰ ਪਾਉਂਦੇ ਸਨ।”​—ਰਸੂਲਾਂ ਦੀ ਕਿਤਾਬ ਬਾਰੇ ਸਮਝ ਦੇਣ ਵਾਲੀ ਕਿਤਾਬ ਐਕਟਸ—ਐਨ ਐਕਸੇਜੈਟਿਕਲ ਕਮੈਂਟਰੀ।

ਜਦੋਂ ਫ਼ਿਲਿੱਪੁਸ ਇਥੋਪੀਆ ਦੇ ਮੰਤਰੀ ਕੋਲ ਪਹੁੰਚਿਆ, ਤਾਂ ਉਹ ਪੜ੍ਹ ਰਿਹਾ ਸੀ। ਬਾਈਬਲ ਵਿਚ ਲਿਖਿਆ ਹੈ: “ਫ਼ਿਲਿੱਪੁਸ ਰਥ ਦੇ ਨਾਲ-ਨਾਲ ਭੱਜਣ ਲੱਗਾ ਅਤੇ ਉਸ ਨੇ ਮੰਤਰੀ ਨੂੰ ਯਸਾਯਾਹ ਨਬੀ ਦੀ ਕਿਤਾਬ ਵਿੱਚੋਂ ਪੜ੍ਹਦੇ ਹੋਏ ਸੁਣਿਆ।” (ਰਸੂ. 8:30) ਉਸ ਜ਼ਮਾਨੇ ਵਿਚ ਸਫ਼ਰ ਕਰਨ ਲਈ ਜੋ ਗੱਡੀਆਂ ਹੁੰਦੀਆਂ ਸਨ, ਉਹ ਹੌਲੀ-ਹੌਲੀ ਚੱਲਦੀਆਂ ਸਨ। ਇਸੇ ਕਰਕੇ ਉਹ ਮੰਤਰੀ ਗੱਡੀ ਵਿਚ ਬੈਠਾ ਪੜ੍ਹ ਸਕਿਆ ਹੋਣਾ ਅਤੇ ਫ਼ਿਲਿੱਪੁਸ ਵੀ ਉਸ ਗੱਡੀ ਦੇ ਨਾਲ-ਨਾਲ ਦੌੜ ਸਕਿਆ ਹੋਣਾ।

ਇਥੋਪੀਆ ਦੇ ਮੰਤਰੀ ਨੇ “ਫ਼ਿਲਿੱਪੁਸ ਨੂੰ ਬੇਨਤੀ ਕੀਤੀ ਕਿ ਉਹ ਰਥ ਵਿਚ ਚੜ੍ਹ ਕੇ ਉਸ ਦੇ ਨਾਲ ਬੈਠ ਜਾਵੇ।” (ਰਸੂ. 8:31) ਆਮ ਤੌਰ ਤੇ ਦੌੜ ਵਿਚ ਵਰਤੇ ਜਾਣ ਵਾਲੇ ਰਥਾਂ ਵਿਚ ਲੋਕ ਖੜ੍ਹੇ ਰਹਿੰਦੇ ਸਨ। ਪਰ ਜਿਸ ਗੱਡੀ ਵਿਚ ਇਥੋਪੀਆ ਦਾ ਮੰਤਰੀ ਸਫ਼ਰ ਕਰ ਰਿਹਾ ਸੀ, ਉਸ ਵਿਚ ਇੰਨੀ ਜਗ੍ਹਾ ਹੋਣੀ ਕਿ ਉਹ ਅਤੇ ਫ਼ਿਲਿੱਪੁਸ ਆਰਾਮ ਨਾਲ ਬੈਠ ਸਕੇ ਹੋਣੇ।

ਸੋ ਰਸੂਲਾਂ ਦੇ ਕੰਮ ਦੇ ਅਧਿਆਇ 8 ਵਿਚ ਦੱਸੀ ਗੱਲ ਅਤੇ ਬੀਤੇ ਜ਼ਮਾਨੇ ਬਾਰੇ ਅੱਜ ਸਾਡੇ ਕੋਲ ਜੋ ਜਾਣਕਾਰੀ ਉਪਲਬਧ ਹੈ, ਉਸ ਨੂੰ ਧਿਆਨ ਵਿਚ ਰੱਖਦੇ ਹੋਏ ਅਸੀਂ ਹਾਲ ਹੀ ਵਿਚ ਕੁਝ ਫੇਰ-ਬਦਲ ਕੀਤਾ ਹੈ। ਹੁਣ ਸਾਡੇ ਪ੍ਰਕਾਸ਼ਨਾਂ ਵਿਚ ਇਥੋਪੀਆ ਦੇ ਮੰਤਰੀ ਨੂੰ ਦੌੜ ਜਾਂ ਯੁੱਧ ਵਿਚ ਵਰਤੇ ਜਾਣ ਵਾਲੇ ਕਿਸੇ ਛੋਟੇ ਰਥ ʼਤੇ ਸਵਾਰ ਨਹੀਂ ਦਿਖਾਇਆ ਜਾਂਦਾ, ਸਗੋਂ ਉਸ ਨੂੰ ਇਕ ਵੱਡੀ ਗੱਡੀ ʼਤੇ ਸਵਾਰ ਦਿਖਾਇਆ ਜਾਂਦਾ ਹੈ।