Skip to content

Skip to table of contents

ਤੁਸੀਂ ਉਦੋਂ ਕੀ ਕਰ ਸਕਦੇ ਹੋ ਜਦੋਂ ਤੁਹਾਡਾ ਜੀਵਨ ਸਾਥੀ ਪੋਰਨੋਗ੍ਰਾਫੀ ਦੇਖਦਾ ਹੈ?

ਤੁਸੀਂ ਉਦੋਂ ਕੀ ਕਰ ਸਕਦੇ ਹੋ ਜਦੋਂ ਤੁਹਾਡਾ ਜੀਵਨ ਸਾਥੀ ਪੋਰਨੋਗ੍ਰਾਫੀ ਦੇਖਦਾ ਹੈ?
  • “ਮੈਨੂੰ ਇੱਦਾਂ ਲੱਗਦਾ ਸੀ ਜਿੱਦਾਂ ਮੇਰੇ ਪਤੀ ਨੇ ਵਾਰ-ਵਾਰ ਹਰਾਮਕਾਰੀ ਕੀਤੀ ਹੋਵੇ।”

  • “ਮੈਨੂੰ ਸ਼ਰਮਿੰਦਗੀ ਮਹਿਸੂਸ ਹੁੰਦੀ ਸੀ, ਮੈਨੂੰ ਲੱਗਦਾ ਸੀ ਕਿ ਮੈਂ ਸੋਹਣੀ ਨਹੀਂ ਹਾਂ ਅਤੇ ਮੈਂ ਨਿਕੰਮੀ ਹਾਂ।”

  • “ਮੈਂ ਕਿਸੇ ਨਾਲ ਵੀ ਇਸ ਬਾਰੇ ਗੱਲ ਨਹੀਂ ਸੀ ਕਰ ਸਕਦੀ। ਮੈਂ ਸਾਰਾ ਕੁਝ ਚੁੱਪ-ਚਾਪ ਬਰਦਾਸ਼ਤ ਕੀਤਾ।”

  • “ਮੈਨੂੰ ਲੱਗਦਾ ਸੀ ਕਿ ਯਹੋਵਾਹ ਨੂੰ ਮੇਰੀ ਕੋਈ ਪਰਵਾਹ ਨਹੀਂ।”

ਉੱਪਰ ਕਹੀਆਂ ਗੱਲਾਂ ਤੋਂ ਪਤਾ ਲੱਗਦਾ ਹੈ ਕਿ ਇਕ ਪਤਨੀ ਨੂੰ ਕਿੰਨਾ ਦੁੱਖ ਲੱਗਦਾ ਹੈ ਜਦੋਂ ਉਸ ਦਾ ਪਤੀ ਪੋਰਨੋਗ੍ਰਾਫੀ ਯਾਨੀ ਗੰਦੀਆਂ ਤਸਵੀਰਾਂ ਜਾਂ ਵੀਡੀਓ ਦੇਖਦਾ ਹੈ। ਨਾਲੇ ਜੇ ਪਤੀ ਸ਼ਾਇਦ ਮਹੀਨਿਆਂ ਜਾਂ ਸਾਲਾਂ ਤੋਂ ਲੁਕ-ਛਿਪ ਕੇ ਪੋਰਨੋਗ੍ਰਾਫੀ ਦੇਖਦਾ ਹੋਵੇ, ਤਾਂ ਪਤਨੀ ਨੂੰ ਲੱਗ ਸਕਦਾ ਹੈ ਕਿ ਉਹ ਉਸ ʼਤੇ ਭਰੋਸਾ ਨਹੀਂ ਕਰ ਸਕਦੀ। ਇਕ ਪਤਨੀ ਨੇ ਕਿਹਾ: “ਮੈਨੂੰ ਤਾਂ ਯਕੀਨ ਹੀ ਨਹੀਂ ਹੋ ਰਿਹਾ ਸੀ ਕਿ ਇਹ ਮੇਰਾ ਪਤੀ ਹੈ। ਕੀ ਪਤਾ ਉਹ ਮੇਰੇ ਤੋਂ ਹੋਰ ਕਿੰਨੀਆਂ ਗੱਲਾਂ ਲੁਕਾ ਰਿਹਾ ਹੋਣਾ?”

ਇਹ ਲੇਖ ਉਨ੍ਹਾਂ ਪਤਨੀਆਂ ਲਈ ਤਿਆਰ ਕੀਤਾ ਗਿਆ ਹੈ ਜਿਨ੍ਹਾਂ ਦੇ ਪਤੀ ਪੋਰਨੋਗ੍ਰਾਫੀ ਦੇਖਦੇ ਹਨ। a ਇਸ ਵਿਚ ਬਾਈਬਲ ਦੇ ਅਸੂਲਾਂ ʼਤੇ ਚਰਚਾ ਕੀਤੀ ਜਾਵੇਗੀ ਜਿਨ੍ਹਾਂ ਨਾਲ ਪਤਨੀਆਂ ਨੂੰ ਦਿਲਾਸਾ ਮਿਲੇਗਾ। ਨਾਲੇ ਉਨ੍ਹਾਂ ਨੂੰ ਯਕੀਨ ਹੋਵੇਗਾ ਕਿ ਯਹੋਵਾਹ ਉਨ੍ਹਾਂ ਨੂੰ ਪਿਆਰ ਕਰਦਾ ਹੈ ਅਤੇ ਉਨ੍ਹਾਂ ਦੀ ਮਦਦ ਕਰਨੀ ਚਾਹੁੰਦਾ ਹੈ। ਇਹ ਲੇਖ ਪੜ੍ਹ ਕੇ ਉਨ੍ਹਾਂ ਨੂੰ ਮਨ ਦੀ ਸ਼ਾਂਤੀ ਮਿਲੇਗੀ ਅਤੇ ਉਨ੍ਹਾਂ ਦਾ ਯਹੋਵਾਹ ਨਾਲ ਰਿਸ਼ਤਾ ਬਣਿਆ ਰਹੇਗਾ। b

ਬੇਕਸੂਰ ਸਾਥੀ ਕੀ ਕਰ ਸਕਦਾ ਹੈ?

ਤੁਸੀਂ ਆਪਣੇ ਪਤੀਆਂ ਦੇ ਹਰ ਕੰਮ ʼਤੇ ਨਜ਼ਰ ਨਹੀਂ ਰੱਖ ਸਕਦੀਆਂ ਤੇ ਨਾ ਹੀ ਉਨ੍ਹਾਂ ਨੂੰ ਗ਼ਲਤ ਕੰਮ ਕਰਨ ਤੋਂ ਰੋਕ ਸਕਦੀਆਂ ਹੋ। ਪਰ ਤੁਸੀਂ ਕੁਝ ਕਦਮ ਚੁੱਕ ਸਕਦੀਆਂ ਹੋ ਜਿਨ੍ਹਾਂ ਦੀ ਮਦਦ ਨਾਲ ਤੁਹਾਡੀ ਪਰੇਸ਼ਾਨੀ ਘੱਟ ਸਕਦੀ ਹੈ ਅਤੇ ਤੁਹਾਨੂੰ ਮਨ ਦੀ ਸ਼ਾਂਤੀ ਮਿਲ ਸਕਦੀ ਹੈ। ਆਓ ਆਪਾਂ ਕੁਝ ਗੱਲਾਂ ʼਤੇ ਗੌਰ ਕਰੀਏ।

ਆਪਣੇ ਆਪ ਨੂੰ ਦੋਸ਼ੀ ਨਾ ਠਹਿਰਾਓ। ਇਕ ਪਤਨੀ ਨੂੰ ਲੱਗ ਸਕਦਾ ਹੈ ਕਿ ਉਸ ਨੇ ਹੀ ਕੁਝ ਗ਼ਲਤ ਕੀਤਾ ਹੋਣਾ ਜਿਸ ਕਰਕੇ ਉਸ ਦਾ ਪਤੀ ਪੋਰਨੋਗ੍ਰਾਫੀ ਦੇਖਦਾ ਹੈ। ਐਲਿਸ c ਨੂੰ ਲੱਗਦਾ ਸੀ ਕਿ ਉਹ ਸੋਹਣੀ ਨਹੀਂ ਹੈ। ਉਹ ਸੋਚਦੀ ਸੀ: ‘ਮੇਰਾ ਪਤੀ ਮੇਰੀ ਬਜਾਇ ਹੋਰ ਔਰਤਾਂ ਨੂੰ ਕਿਉਂ ਦੇਖਦਾ ਹੈ?’ ਕੁਝ ਪਤਨੀਆਂ ਆਪਣੇ ਆਪ ਨੂੰ ਦੋਸ਼ ਦਿੰਦੀਆਂ ਹਨ ਤੇ ਸੋਚਦੀਆਂ ਹਨ ਕਿ ਉਨ੍ਹਾਂ ਦੇ ਪੇਸ਼ ਆਉਣ ਦੇ ਤਰੀਕੇ ਕਰਕੇ ਹੀ ਉਨ੍ਹਾਂ ਦਾ ਵਿਆਹੁਤਾ ਰਿਸ਼ਤਾ ਕਮਜ਼ੋਰ ਹੁੰਦਾ ਜਾਂਦਾ ਹੈ। ਡਾਇਨਾ ਕਹਿੰਦੀ ਹੈ: “ਮੈਂ ਹੀ ਭੈੜੀ ਹਾਂ ਜੋ ਇੰਨੇ ਗੁੱਸੇ ਨਾਲ ਪੇਸ਼ ਆ ਕੇ ਆਪਣਾ ਵਿਆਹੁਤਾ ਰਿਸ਼ਤਾ ਖ਼ਰਾਬ ਕਰ ਰਹੀ ਹਾਂ।”

ਜੇ ਤੁਹਾਨੂੰ ਵੀ ਇੱਦਾਂ ਹੀ ਲੱਗਦਾ ਹੈ, ਤਾਂ ਯਾਦ ਰੱਖੋ ਕਿ ਯਹੋਵਾਹ ਤੁਹਾਡੇ ਪਤੀ ਦੇ ਕੰਮਾਂ ਲਈ ਤੁਹਾਨੂੰ ਦੋਸ਼ੀ ਨਹੀਂ ਠਹਿਰਾਉਂਦਾ। ਯਾਕੂਬ 1:14 ਵਿਚ ਲਿਖਿਆ ਹੈ: “ਹਰ ਕੋਈ ਆਪਣੀ ਇੱਛਾ ਦੇ ਬਹਿਕਾਵੇ ਵਿਚ ਆ ਕੇ ਪਰੀਖਿਆਵਾਂ ਵਿਚ ਪੈਂਦਾ ਹੈ।” (ਰੋਮੀ. 14:12; ਫ਼ਿਲਿ. 2:12) ਯਹੋਵਾਹ ਤੁਹਾਡੇ ʼਤੇ ਦੋਸ਼ ਲਾਉਣ ਦੀ ਬਜਾਇ ਤੁਹਾਡੀ ਵਫ਼ਾਦਾਰੀ ਦੀ ਕਦਰ ਕਰਦਾ ਹੈ ਜੋ ਤੁਸੀਂ ਉਸ ਪ੍ਰਤੀ ਦਿਖਾਉਂਦੀਆਂ ਹੋ।​—2 ਇਤਿ. 16:9.

ਨਾਲੇ ਇਹ ਗੱਲ ਵੀ ਯਾਦ ਰੱਖੋ ਕਿ ਜੇ ਇਕ ਪਤੀ ਪੋਰਨੋਗ੍ਰਾਫੀ ਦੇਖਦਾ ਹੈ, ਤਾਂ ਇਸ ਦਾ ਇਹ ਮਤਲਬ ਨਹੀਂ ਕਿ ਉਸ ਦੀ ਪਤਨੀ ਵਿਚ ਕੋਈ ਕਮੀ ਹੈ। ਇਸ ਵਿਸ਼ੇ ਦੇ ਮਾਹਰ ਦੱਸਦੇ ਹਨ ਕਿ ਪੋਰਨੋਗ੍ਰਾਫੀ ਦੇਖਣ ਕਰਕੇ ਇਕ ਆਦਮੀ ਵਿਚ ਹਵਸ ਇੰਨੀ ਵੱਧ ਜਾਂਦੀ ਹੈ ਕਿ ਕੋਈ ਵੀ ਔਰਤ ਇਸ ਨੂੰ ਮਿਟਾ ਨਹੀਂ ਸਕਦੀ।

ਹੱਦੋਂ ਵੱਧ ਚਿੰਤਾ ਨਾ ਕਰੋ। ਕੈਥਰੀਨ ਦੱਸਦੀ ਹੈ ਕਿ ਉਹ ਬੱਸ ਇਹੀ ਸੋਚਦੀ ਰਹਿੰਦੀ ਸੀ ਕਿ ਉਸ ਦਾ ਪਤੀ ਪੋਰਨੋਗ੍ਰਾਫੀ ਦੇਖਦਾ ਹੈ। ਫਰਾਂਸਿਸ ਕਹਿੰਦੀ ਹੈ: “ਜਦੋਂ ਮੈਨੂੰ ਪਤਾ ਹੀ ਨਹੀਂ ਹੁੰਦਾ ਸੀ ਕਿ ਮੇਰਾ ਪਤੀ ਕਿੱਥੇ ਹੈ, ਤਾਂ ਮੈਂ ਬਹੁਤ ਜ਼ਿਆਦਾ ਪਰੇਸ਼ਾਨ ਹੋ ਜਾਂਦੀ ਸੀ। ਇਸ ਕਰਕੇ ਮੈਂ ਸਾਰਾ-ਸਾਰਾ ਦਿਨ ਚਿੰਤਾ ਵਿਚ ਹੀ ਰਹਿੰਦੀ ਸੀ।” ਕੁਝ ਪਤਨੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ਰਮਿੰਦਗੀ ਮਹਿਸੂਸ ਹੁੰਦੀ ਸੀ ਜਦੋਂ ਉਹ ਉਨ੍ਹਾਂ ਭੈਣਾਂ-ਭਰਾਵਾਂ ਨਾਲ ਹੁੰਦੀਆਂ ਸਨ ਜਿਨ੍ਹਾਂ ਨੂੰ ਸ਼ਾਇਦ ਪਤਾ ਸੀ ਕਿ ਉਨ੍ਹਾਂ ਦੇ ਪਤੀ ਪੋਰਨੋਗ੍ਰਾਫੀ ਦੇਖਦੇ ਹਨ। ਕਈ ਹੋਰ ਪਤਨੀਆਂ ਨੇ ਦੱਸਿਆ ਕਿ ਉਹ ਬਹੁਤ ਇਕੱਲੀਆਂ ਮਹਿਸੂਸ ਕਰਦੀਆਂ ਹਨ ਕਿਉਂਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਕੋਈ ਵੀ ਉਨ੍ਹਾਂ ਦੇ ਹਾਲਾਤ ਨਹੀਂ ਸਮਝਦਾ।

ਇੱਦਾਂ ਦੀਆਂ ਭਾਵਨਾਵਾਂ ਹੋਣੀਆਂ ਸੁਭਾਵਕ ਹਨ। ਪਰ ਇਨ੍ਹਾਂ ਗੱਲਾਂ ਬਾਰੇ ਸੋਚਦੇ ਰਹਿਣ ਕਰਕੇ ਤੁਹਾਡੀ ਪਰੇਸ਼ਾਨੀ ਸਿਰਫ਼ ਵਧੇਗੀ। ਇਸ ਦੀ ਬਜਾਇ, ਯਹੋਵਾਹ ਨਾਲ ਆਪਣੇ ਰਿਸ਼ਤੇ ʼਤੇ ਧਿਆਨ ਲਾਓ। ਇੱਦਾਂ ਕਰਨ ਕਰਕੇ ਤੁਹਾਨੂੰ ਆਪਣੇ ਹਾਲਾਤਾਂ ਦਾ ਸਾਮ੍ਹਣਾ ਕਰਨ ਦੀ ਤਾਕਤ ਮਿਲੇਗੀ।​—ਜ਼ਬੂ. 62:2; ਅਫ਼. 6:10.

ਬਾਈਬਲ ਵਿਚ ਅਜਿਹੀਆਂ ਬਹੁਤ ਸਾਰੀਆਂ ਔਰਤਾਂ ਦੇ ਬਿਰਤਾਂਤ ਦਰਜ ਹਨ ਜਿਨ੍ਹਾਂ ਨੇ ਮੁਸ਼ਕਲਾਂ ਦੌਰਾਨ ਯਹੋਵਾਹ ਨੂੰ ਪ੍ਰਾਰਥਨਾ ਕੀਤੀ ਅਤੇ ਉਨ੍ਹਾਂ ਨੂੰ ਦਿਲਾਸਾ ਮਿਲਿਆ। ਇਨ੍ਹਾਂ ਬਿਰਤਾਂਤਾਂ ਨੂੰ ਪੜ੍ਹ ਕੇ ਅਤੇ ਇਨ੍ਹਾਂ ʼਤੇ ਸੋਚ-ਵਿਚਾਰ ਕਰ ਕੇ ਤੁਹਾਡੀ ਮਦਦ ਹੋ ਸਕਦੀ ਹੈ। ਚਾਹੇ ਕਿ ਯਹੋਵਾਹ ਨੇ ਹਰ ਵਾਰ ਉਨ੍ਹਾਂ ਦੇ ਹਾਲਾਤ ਨਹੀਂ ਬਦਲੇ, ਪਰ ਉਨ੍ਹਾਂ ਨੂੰ ਮਨ ਦੀ ਸ਼ਾਂਤੀ ਜ਼ਰੂਰ ਦਿੱਤੀ। ਉਦਾਹਰਣ ਲਈ, ਆਪਣੇ ਹਾਲਾਤਾਂ ਕਰਕੇ ਹੰਨਾਹ ਦਾ ਮਨ “ਕੁੜੱਤਣ” ਨਾਲ ਭਰਿਆ ਹੋਇਆ ਸੀ। ਪਰ ਉਸ ਨੇ ਬਹੁਤ ਦੇਰ ਤਕ “ਯਹੋਵਾਹ ਨੂੰ ਪ੍ਰਾਰਥਨਾ” ਕੀਤੀ। ਇਸ ਤੋਂ ਬਾਅਦ ਉਸ ਨੂੰ ਮਨ ਦੀ ਸ਼ਾਂਤੀ ਮਿਲੀ, ਭਾਵੇਂ ਕਿ ਉਸ ਨੂੰ ਪਤਾ ਨਹੀਂ ਸੀ ਕਿ ਅੱਗੇ ਕੀ ਹੋਣਾ।​—1 ਸਮੂ. 1:10, 12, 18; 2 ਕੁਰਿੰ. 1:3, 4.

ਪਤੀ-ਪਤਨੀ ਸ਼ਾਇਦ ਦੋਹਾਂ ਨੂੰ ਹੀ ਬਜ਼ੁਰਗਾਂ ਤੋਂ ਮਦਦ ਲੈਣ ਦੀ ਲੋੜ ਪਵੇ

ਮੰਡਲੀ ਦੇ ਬਜ਼ੁਰਗਾਂ ਤੋਂ ਮਦਦ ਲਓ। ਉਹ ਤੁਹਾਡੇ ਲਈ ‘ਹਨੇਰੀ ਤੋਂ ਲੁਕਣ ਦੀ ਥਾਂ ਜਿਹੇ, ਵਾਛੜ ਤੋਂ ਬਚਣ ਦੀ ਪਨਾਹ ਜਿਹੇ’ ਹੋ ਸਕਦੇ ਹਨ। (ਯਸਾ. 32:2, ਫੁਟਨੋਟ) ਉਹ ਸ਼ਾਇਦ ਤੁਹਾਨੂੰ ਅਜਿਹੀ ਭੈਣ ਬਾਰੇ ਦੱਸਣ ਜਿਸ ਨਾਲ ਤੁਸੀਂ ਆਪਣੇ ਦਿਲ ਦੀਆਂ ਗੱਲਾਂ ਕਰ ਸਕਦੀਆਂ ਹੋ ਅਤੇ ਦਿਲਾਸਾ ਪਾ ਸਕਦੀਆਂ ਹੋ।​—ਕਹਾ. 17:17.

ਕੀ ਤੁਸੀਂ ਆਪਣੇ ਪਤੀਆਂ ਦੀ ਮਦਦ ਕਰ ਸਕਦੀਆਂ ਹੋ?

ਕੀ ਤੁਸੀਂ ਪੋਰਨੋਗ੍ਰਾਫੀ ਦੇਖਣ ਦੀ ਆਦਤ ਤੋਂ ਛੁਟਕਾਰਾ ਪਾਉਣ ਵਿਚ ਆਪਣੇ ਪਤੀਆਂ ਦੀ ਮਦਦ ਕਰ ਸਕਦੀਆਂ ਹੋ? ਸ਼ਾਇਦ। ਬਾਈਬਲ ਦੱਸਦੀ ਹੈ ਕਿ ਕਿਸੇ ਮੁਸ਼ਕਲ ਦਾ ਹੱਲ ਕੱਢਣ ਜਾਂ ਕਿਸੇ ਤਾਕਤਵਰ ਦੁਸ਼ਮਣ ʼਤੇ ਜਿੱਤ ਹਾਸਲ ਕਰਨ ਲਈ “ਇਕ ਨਾਲੋਂ ਦੋ ਚੰਗੇ ਹੁੰਦੇ ਹਨ।” (ਉਪ. 4:9-12) ਅਧਿਐਨਾਂ ਤੋਂ ਪਤਾ ਲੱਗਦਾ ਹੈ ਕਿ ਜਦੋਂ ਪਤੀ-ਪਤਨੀ ਇਕ-ਦੂਜੇ ਦਾ ਸਾਥ ਦਿੰਦੇ ਹਨ, ਤਾਂ ਪਤੀ ਅਕਸਰ ਪੋਰਨੋਗ੍ਰਾਫੀ ਦੀ ਲਤ ਤੋਂ ਛੁਟਕਾਰਾ ਪਾ ਸਕਦੇ ਹਨ ਅਤੇ ਪਤਨੀਆਂ ਫਿਰ ਤੋਂ ਆਪਣੇ ਪਤੀਆਂ ʼਤੇ ਭਰੋਸਾ ਕਰ ਸਕਦੀਆਂ ਹਨ।

ਬਿਨਾਂ ਸ਼ੱਕ, ਇਹ ਤੁਹਾਡੇ ਸਾਥੀ ʼਤੇ ਨਿਰਭਰ ਕਰਦਾ ਹੈ ਕਿ ਉਹ ਪੋਰਨੋਗ੍ਰਾਫੀ ਦੀ ਲਤ ਤੋਂ ਛੁਟਕਾਰਾ ਪਾਉਣਾ ਚਾਹੁੰਦਾ ਹੈ ਜਾਂ ਨਹੀਂ। ਕੀ ਉਹ ਇਸ ਤਰ੍ਹਾਂ ਕਰਨ ਵਾਸਤੇ ਮਿਹਨਤ ਕਰਨ ਲਈ ਤਿਆਰ ਹੈ ਜਾਂ ਨਹੀਂ? ਕੀ ਉਸ ਨੇ ਤਾਕਤ ਲਈ ਯਹੋਵਾਹ ਅੱਗੇ ਤਰਲੇ ਕੀਤੇ ਹਨ ਅਤੇ ਬਜ਼ੁਰਗਾਂ ਤੋਂ ਮਦਦ ਲਈ ਹੈ? (2 ਕੁਰਿੰ. 4:7; ਯਾਕੂ. 5:14, 15) ਕੀ ਉਸ ਨੇ ਪੋਰਨੋਗ੍ਰਾਫੀ ਦੇਖਣ ਤੋਂ ਬਚਣ ਲਈ ਕੋਈ ਯੋਜਨਾ ਬਣਾਈ ਹੈ? ਉਦਾਹਰਣ ਲਈ, ਕੀ ਉਸ ਨੇ ਕੋਈ ਟਾਈਮ ਸੈੱਟ ਕੀਤਾ ਹੈ ਕਿ ਉਹ ਕਿੰਨੀ ਦੇਰ ਤਕ ਫ਼ੋਨ ਜਾਂ ਟੈਬਲੇਟ ਵਗੈਰਾ ਚਲਾਏਗਾ? ਕੀ ਉਹ ਉਨ੍ਹਾਂ ਹਾਲਾਤਾਂ ਤੋਂ ਦੂਰ ਰਹਿੰਦਾ ਹੈ ਜਿੱਥੇ ਉਸ ʼਤੇ ਪੋਰਨੋਗ੍ਰਾਫੀ ਦੇਖਣ ਦਾ ਦਬਾਅ ਆ ਸਕਦਾ ਹੈ? (ਕਹਾ. 27:12) ਕੀ ਉਹ ਤੁਹਾਡੀ ਮਦਦ ਲੈਣ ਲਈ ਤਿਆਰ ਹੈ? ਕੀ ਉਹ ਤੁਹਾਨੂੰ ਸਾਰਾ ਕੁਝ ਸੱਚ-ਸੱਚ ਦੱਸਣ ਲਈ ਤਿਆਰ ਹੈ? ਜੇ ਹਾਂ, ਤਾਂ ਸ਼ਾਇਦ ਤੁਸੀਂ ਉਸ ਦੀ ਮਦਦ ਕਰ ਸਕੋ।

ਕਿਵੇਂ? ਜ਼ਰਾ ਇਕ ਉਦਾਹਰਣ ʼਤੇ ਗੌਰ ਕਰੋ। ਫਲੀਸ਼ੀਆ ਦਾ ਵਿਆਹ ਈਥਨ ਨਾਲ ਹੋਇਆ ਸੀ। ਈਥਨ ਨੂੰ ਛੋਟੇ ਹੁੰਦਿਆਂ ਤੋਂ ਹੀ ਪੋਰਨੋਗ੍ਰਾਫੀ ਦੇਖਣ ਦੀ ਲਤ ਸੀ। ਫਲੀਸ਼ੀਆ ਨੇ ਉਸ ਨੂੰ ਕਿਹਾ ਕਿ ਜਦੋਂ ਵੀ ਉਸ ਦਾ ਪੋਰਨੋਗ੍ਰਾਫੀ ਦੇਖਣ ਦਾ ਮਨ ਕਰੇ, ਤਾਂ ਉਹ ਉਸ ਨਾਲ ਗੱਲ ਕਰ ਸਕਦਾ ਹੈ। ਇਸ ਕਰਕੇ ਈਥਨ ਉਸ ਨਾਲ ਬਿਨਾਂ ਝਿਜਕੇ ਇਸ ਬਾਰੇ ਗੱਲ ਕਰ ਸਕਦਾ ਹੈ। ਈਥਨ ਦੱਸਦਾ ਹੈ: “ਮੈਂ ਆਪਣੀ ਪਤਨੀ ਨਾਲ ਖੁੱਲ੍ਹ ਕੇ ਗੱਲ ਕਰਦਾ ਹਾਂ ਅਤੇ ਉਸ ਨੂੰ ਸਾਰਾ ਕੁਝ ਸੱਚ-ਸੱਚ ਦੱਸਦਾ ਹਾਂ। ਉਹ ਮੈਨੂੰ ਪਿਆਰ ਨਾਲ ਦੱਸਦੀ ਹੈ ਕਿ ਇਸ ਬੁਰੀ ਆਦਤ ਨਾਲ ਲੜਨ ਲਈ ਮੈਂ ਕੀ-ਕੀ ਕਰ ਸਕਦਾ ਹਾਂ। ਨਾਲੇ ਉਹ ਬਾਕਾਇਦਾ ਮੈਨੂੰ ਪੁੱਛਦੀ ਹੈ ਕਿ ਮੈਂ ਇੱਦਾਂ ਕਰਨ ਵਿਚ ਕਿੰਨਾ ਸਫ਼ਲ ਹੋ ਰਿਹਾ ਹਾਂ। ਇਸ ਤੋਂ ਇਲਾਵਾ, ਉਸ ਨੇ ਮੇਰੀ ਮਦਦ ਕੀਤੀ ਕਿ ਮੈਂ ਇੰਟਰਨੈੱਟ ਵਰਤਣ ਲਈ ਇਕ ਟਾਈਮ ਸੈੱਟ ਕਰਾਂ।” ਬਿਨਾਂ ਸ਼ੱਕ, ਈਥਨ ਦੇ ਪੋਰਨੋਗ੍ਰਾਫੀ ਦੇਖਣ ਦੇ ਝੁਕਾਅ ਕਰਕੇ ਫਲੀਸ਼ੀਆ ਨੂੰ ਦੁੱਖ ਲੱਗਦਾ ਹੈ। ਉਹ ਦੱਸਦੀ ਹੈ: “ਮੇਰੇ ਗੁੱਸੇ ਅਤੇ ਦੁਖੀ ਹੋਣ ਨਾਲ ਈਥਨ ਨੇ ਇਹ ਲਤ ਛੱਡ ਨਹੀਂ ਦੇਣੀ। ਪਹਿਲਾਂ ਮੈਂ ਤੇ ਈਥਨ ਉਸ ਦੀ ਲਤ ʼਤੇ ਕਾਬੂ ਪਾਉਣ ਬਾਰੇ ਗੱਲ ਕਰਦੇ ਹਾਂ ਤੇ ਫਿਰ ਉਹ ਦੁੱਖ ਵਿੱਚੋਂ ਬਾਹਰ ਨਿਕਲਣ ਵਿਚ ਮੇਰੀ ਮਦਦ ਕਰਦਾ ਹੈ।”

ਇੱਦਾਂ ਗੱਲਬਾਤ ਕਰਨ ਨਾਲ ਨਾ ਸਿਰਫ਼ ਪਤੀ ਦੀ ਪੋਰਨੋਗ੍ਰਾਫੀ ਦੀ ਲਤ ਛੱਡਣ ਵਿਚ ਮਦਦ ਹੁੰਦੀ ਹੈ, ਸਗੋਂ ਪਤਨੀ ਦੀ ਵੀ ਮਦਦ ਹੁੰਦੀ ਹੈ ਕਿ ਉਹ ਆਪਣੇ ਪਤੀ ʼਤੇ ਦੁਬਾਰਾ ਭਰੋਸਾ ਕਰ ਸਕੇ। ਦਰਅਸਲ, ਜਦੋਂ ਪਤੀ ਆਪਣੀਆਂ ਕਮੀਆਂ-ਕਮਜ਼ੋਰੀਆਂ ਅਤੇ ਆਪਣੇ ਹਰ ਰੋਜ਼ ਦੇ ਕੰਮਾਂ-ਕਾਰਾਂ ਬਾਰੇ ਖੁੱਲ੍ਹ ਕੇ ਦੱਸਦਾ ਹੈ, ਤਾਂ ਉਨ੍ਹਾਂ ਵਿਚ ਕੁਝ ਵੀ ਲੁਕਿਆ ਨਹੀਂ ਰਹਿੰਦਾ। ਇਸ ਕਰਕੇ ਪਤਨੀ ਸੌਖਿਆਂ ਉਸ ʼਤੇ ਭਰੋਸਾ ਕਰ ਪਾਉਂਦੀ ਹੈ।

ਕੀ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਵੀ ਇਸ ਤਰ੍ਹਾਂ ਆਪਣੇ ਪਤੀਆਂ ਦੀ ਮਦਦ ਕਰ ਸਕਦੀਆਂ ਹੋ? ਜੇ ਹਾਂ, ਤਾਂ ਕਿਉਂ ਨਾ ਇਸ ਲੇਖ ਨੂੰ ਇਕੱਠਿਆਂ ਪੜ੍ਹੋ ਅਤੇ ਇਸ ʼਤੇ ਚਰਚਾ ਕਰੋ? ਪਤੀ ਦਾ ਟੀਚਾ ਹੋਣਾ ਚਾਹੀਦਾ ਹੈ ਕਿ ਉਹ ਪੋਰਨੋਗ੍ਰਾਫੀ ਦੀ ਲਤ ਛੱਡ ਦੇਵੇਗਾ ਅਤੇ ਉਹ ਕੁਝ ਕਦਮ ਚੁੱਕੇਗਾ ਜਿਸ ਕਰਕੇ ਉਸ ਦੀ ਪਤਨੀ ਉਸ ʼਤੇ ਦੁਬਾਰਾ ਭਰੋਸਾ ਕਰ ਸਕੇ। ਪਤੀ ਦੀ ਪੋਰਨੋਗ੍ਰਾਫੀ ਦੀ ਲਤ ਕਰਕੇ ਤੁਹਾਡੇ ʼਤੇ ਜੋ ਅਸਰ ਪੈ ਰਿਹਾ ਹੈ, ਉਸ ਕਰਕੇ ਉਸ ਨੂੰ ਤੁਹਾਡੇ ʼਤੇ ਗੁੱਸੇ ਹੋਣ ਦੀ ਬਜਾਇ ਤੁਹਾਡੀਆਂ ਭਾਵਨਾਵਾਂ ਨੂੰ ਸਮਝਣਾ ਚਾਹੀਦਾ ਹੈ। ਪਤਨੀ ਦਾ ਟੀਚਾ ਹੋਣਾ ਚਾਹੀਦਾ ਹੈ ਕਿ ਉਸ ਦਾ ਪਤੀ ਇਸ ਲਤ ਤੋਂ ਛੁਟਕਾਰਾ ਪਾਉਣ ਲਈ ਜੋ ਕੋਸ਼ਿਸ਼ਾਂ ਕਰਦਾ ਹੈ, ਉਸ ਵਿਚ ਉਹ ਆਪਣੇ ਪਤੀ ਦਾ ਸਾਥ ਦੇਵੇ। ਨਾਲੇ ਆਪਣੇ ਪਤੀ ਨੂੰ ਮੌਕਾ ਦਿਓ ਕਿ ਉਹ ਤੁਹਾਡਾ ਭਰੋਸਾ ਦੁਬਾਰਾ ਜਿੱਤ ਸਕੇ। ਤੁਹਾਨੂੰ ਦੋਹਾਂ ਨੂੰ ਇਹ ਜਾਣਨ ਦੀ ਲੋੜ ਹੈ ਕਿ ਕੋਈ ਵਿਅਕਤੀ ਕਿਉਂ ਪੋਰਨੋਗ੍ਰਾਫੀ ਦੇਖਣੀ ਚਾਹੁੰਦਾ ਹੈ ਅਤੇ ਇਸ ਲਤ ਤੋਂ ਕਿਵੇਂ ਛੁਟਕਾਰਾ ਪਾਇਆ ਜਾ ਸਕਦਾ ਹੈ। d

ਜੇ ਪਤਨੀ ਨੂੰ ਡਰ ਹੈ ਕਿ ਗੱਲਬਾਤ ਦੌਰਾਨ ਤੁਸੀਂ ਇਕ-ਦੂਜੇ ʼਤੇ ਭੜਕ ਉੱਠੋਗੇ, ਤਾਂ ਕਿਉਂ ਨਾ ਤੁਸੀਂ ਆਪਣੇ ਨਾਲ ਇਕ ਬਜ਼ੁਰਗ ਨੂੰ ਬਿਠਾਓ ਜਿਸ ਦੇ ਸਾਮ੍ਹਣੇ ਤੁਸੀਂ ਆਰਾਮ ਨਾਲ ਗੱਲ ਕਰ ਸਕਦੇ ਹੋ। ਯਾਦ ਰੱਖੋ ਕਿ ਭਾਵੇਂ ਤੁਹਾਡੇ ਜੀਵਨ ਸਾਥੀ ਨੇ ਪੋਰਨੋਗ੍ਰਾਫੀ ਦੀ ਲਤ ਤੋਂ ਛੁਟਕਾਰਾ ਪਾ ਲਿਆ ਹੈ, ਫਿਰ ਵੀ ਉਸ ʼਤੇ ਦੁਬਾਰਾ ਭਰੋਸਾ ਕਰਨ ਲਈ ਸਮਾਂ ਲੱਗ ਸਕਦਾ ਹੈ। ਪਰ ਹਾਰ ਨਾ ਮੰਨੋ। ਆਪਣੇ ਰਿਸ਼ਤੇ ਨੂੰ ਸੁਧਾਰਨ ਲਈ ਛੋਟੇ-ਛੋਟੇ ਕਦਮ ਚੁੱਕੋ। ਉਮੀਦ ਰੱਖੋ ਕਿ ਸਮੇਂ ਦੇ ਬੀਤਣ ਨਾਲ ਅਤੇ ਧੀਰਜ ਰੱਖਣ ਨਾਲ ਤੁਹਾਡਾ ਰਿਸ਼ਤਾ ਦੁਬਾਰਾ ਮਜ਼ਬੂਤ ਹੋ ਜਾਵੇਗਾ।​—ਉਪ. 7:8; 1 ਕੁਰਿੰ. 13:4.

ਉਦੋਂ ਕੀ ਜੇ ਉਹ ਇਹ ਲਤ ਨਹੀਂ ਛੱਡਦਾ?

ਜੇ ਤੁਹਾਡੇ ਪਤੀ ਨੇ ਕੁਝ ਸਮੇਂ ਬਾਅਦ ਦੁਬਾਰਾ ਤੋਂ ਪੋਰਨੋਗ੍ਰਾਫੀ ਦੇਖਣੀ ਸ਼ੁਰੂ ਕਰ ਦਿੱਤੀ ਹੈ, ਤਾਂ ਕੀ ਇਸ ਦਾ ਇਹ ਮਤਲਬ ਹੈ ਕਿ ਉਸ ਨੇ ਤੋਬਾ ਨਹੀਂ ਕੀਤੀ ਜਾਂ ਉਹ ਇਸ ਆਦਤ ਤੋਂ ਛੁਟਕਾਰਾ ਪਾ ਹੀ ਨਹੀਂ ਸਕਦਾ? ਜ਼ਰੂਰੀ ਨਹੀਂ। ਖ਼ਾਸ ਕਰਕੇ ਜੇ ਉਸ ਨੂੰ ਪੋਰਨੋਗ੍ਰਾਫੀ ਦੇਖਣ ਦੀ ਲਤ ਲੱਗੀ ਹੋਈ ਹੈ, ਤਾਂ ਸ਼ਾਇਦ ਉਸ ਨੂੰ ਇਸ ਲਤ ਨੂੰ ਛੱਡਣ ਲਈ ਸਾਰੀ ਜ਼ਿੰਦਗੀ ਜੱਦੋ-ਜਹਿਦ ਕਰਨੀ ਪਵੇ। ਕਈ ਸਾਲਾਂ ਤਕ ਇਸ ਲਤ ʼਤੇ ਕਾਬੂ ਪਾਉਣ ਤੋਂ ਬਾਅਦ ਵੀ ਹੋ ਸਕਦਾ ਹੈ ਕਿ ਉਹ ਦੁਬਾਰਾ ਤੋਂ ਪੋਰਨੋਗ੍ਰਾਫੀ ਦੇਖਣ ਲੱਗ ਪਵੇ। ਅੱਗੇ ਤੋਂ ਇੱਦਾਂ ਨਾ ਹੋਵੇ, ਇਸ ਲਈ ਉਸ ਨੂੰ ਆਪਣੇ ਲਈ ਹੱਦਾਂ ਠਹਿਰਾਉਣ ਦੀ ਲੋੜ ਹੈ। ਫਿਰ ਉਸ ਨੂੰ ਉਦੋਂ ਵੀ ਹੱਦਾਂ ਵਿਚ ਸਖ਼ਤੀ ਨਾਲ ਰਹਿਣ ਦੀ ਲੋੜ ਹੈ ਜਦੋਂ ਉਸ ਨੂੰ ਲੱਗਦਾ ਹੈ ਕਿ ਉਸ ਨੇ ਇਸ ਲਤ ਤੋਂ ਪੂਰੀ ਤਰ੍ਹਾਂ ਛੁਟਕਾਰਾ ਪਾ ਲਿਆ ਹੈ। (ਕਹਾ. 28:14; ਮੱਤੀ 5:29; 1 ਕੁਰਿੰ. 10:12) ਉਸ ਨੂੰ ਨਵੀਂ “ਸੋਚ” ਪੈਦਾ ਕਰਨ ਦੀ ਲੋੜ ਹੈ। ਨਾਲੇ ਉਸ ਨੂੰ “ਬੁਰਾਈ ਨਾਲ ਨਫ਼ਰਤ” ਕਰਨੀ ਸਿੱਖਣੀ ਚਾਹੀਦੀ ਹੈ। ਇਸ ਵਿਚ ਪੋਰਨੋਗ੍ਰਾਫੀ ਦੇਖਣੀ ਅਤੇ ਹੋਰ ਇਹੋ ਜਿਹੇ ਗੰਦੇ-ਮੰਦੇ ਕੰਮ ਕਰਨੇ ਸ਼ਾਮਲ ਹਨ, ਜਿਵੇਂ ਕਿ ਹਥਰਸੀ। (ਅਫ਼. 4:23; ਜ਼ਬੂ. 97:10; ਰੋਮੀ. 12:9) ਕੀ ਉਹ ਇਹ ਸਾਰਾ ਕੁਝ ਕਰਨ ਲਈ ਤਿਆਰ ਹੈ? ਜੇ ਹਾਂ, ਤਾਂ ਸਮੇਂ ਦੇ ਬੀਤਣ ਨਾਲ ਉਹ ਇਸ ਆਦਤ ਤੋਂ ਪੂਰੀ ਤਰ੍ਹਾਂ ਛੁਟਕਾਰਾ ਪਾ ਸਕਦਾ ਹੈ। e

ਯਹੋਵਾਹ ਨਾਲ ਆਪਣੇ ਰਿਸ਼ਤੇ ʼਤੇ ਧਿਆਨ ਲਾਓ

ਪਰ ਉਦੋਂ ਕੀ ਜੇ ਤੁਹਾਡਾ ਸਾਥੀ ਇਸ ਲਤ ਨੂੰ ਛੱਡਣਾ ਹੀ ਨਹੀਂ ਚਾਹੁੰਦਾ? ਸ਼ਾਇਦ ਸਮੇਂ-ਸਮੇਂ ʼਤੇ ਤੁਸੀਂ ਨਿਰਾਸ਼ ਹੋ ਜਾਓ, ਤੁਹਾਨੂੰ ਗੁੱਸਾ ਆਵੇ ਅਤੇ ਤੁਹਾਨੂੰ ਲੱਗੇ ਕਿ ਤੁਹਾਡੇ ਨਾਲ ਧੋਖਾ ਹੋਇਆ ਹੈ। ਮਨ ਦੀ ਸ਼ਾਂਤੀ ਪਾਉਣ ਲਈ ਮਾਮਲੇ ਨੂੰ ਯਹੋਵਾਹ ਦੇ ਹੱਥਾਂ ਵਿਚ ਛੱਡ ਦਿਓ। (1 ਪਤ. 5:7) ਲਗਾਤਾਰ ਯਹੋਵਾਹ ਦੇ ਨੇੜੇ ਜਾਣ ਲਈ ਅਧਿਐਨ ਕਰੋ, ਪ੍ਰਾਰਥਨਾ ਕਰੋ ਅਤੇ ਸੋਚ-ਵਿਚਾਰ ਕਰੋ। ਇਸ ਤਰ੍ਹਾਂ ਕਰਦਿਆਂ ਭਰੋਸਾ ਰੱਖੋ ਕਿ ਉਹ ਵੀ ਤੁਹਾਡੇ ਹੋਰ ਨੇੜੇ ਆਵੇਗਾ। ਜਿਵੇਂ ਯਸਾਯਾਹ 57:15 ਵਿਚ ਕਿਹਾ ਗਿਆ ਹੈ ਕਿ ਯਹੋਵਾਹ ਉਨ੍ਹਾਂ ਨਾਲ ਰਹਿੰਦਾ ਹੈ ਜੋ “ਕੁਚਲੇ ਹੋਏ ਅਤੇ ਮਨ ਦੇ ਹਲੀਮ ਹਨ।” ਨਾਲੇ ਉਹ ਉਨ੍ਹਾਂ ਵਿਚ ਫਿਰ ਤੋਂ ਜਾਨ ਪਾਉਂਦਾ ਹੈ। ਇਕ ਵਧੀਆ ਮਸੀਹੀ ਬਣਨ ਦੀ ਪੂਰੀ ਕੋਸ਼ਿਸ਼ ਕਰੋ। ਬਜ਼ੁਰਗਾਂ ਤੋਂ ਮਦਦ ਲਓ। ਨਾਲੇ ਉਮੀਦ ਰੱਖੋ ਕਿ ਆਉਣ ਵਾਲੇ ਸਮੇਂ ਵਿਚ ਸ਼ਾਇਦ ਤੁਹਾਡਾ ਪਤੀ ਦਿਲੋਂ ਆਪਣੇ ਆਪ ਨੂੰ ਬਦਲਣਾ ਚਾਹੇ।​—ਰੋਮੀ. 2:4; 2 ਪਤ. 3:9.

a ਇਸ ਲੇਖ ਵਿਚ ਪਤੀਆਂ ਦੁਆਰਾ ਪੋਰਨੋਗ੍ਰਾਫੀ ਦੇਖਣ ਬਾਰੇ ਗੱਲ ਕੀਤੀ ਗਈ ਹੈ। ਪਰ ਇਸ ਲੇਖ ਵਿਚ ਚਰਚਾ ਕੀਤੇ ਗਏ ਅਸੂਲ ਉਨ੍ਹਾਂ ਪਤੀਆਂ ਦੀ ਵੀ ਮਦਦ ਕਰ ਸਕਦੇ ਹਨ ਜਿਨ੍ਹਾਂ ਦੀਆਂ ਪਤਨੀਆਂ ਪੋਰਨੋਗ੍ਰਾਫੀ ਦੇਖਦੀਆਂ ਹਨ।

b ਜੇ ਕੋਈ ਪੋਰਨੋਗ੍ਰਾਫੀ ਦੇਖਦਾ ਹੈ, ਤਾਂ ਇਸ ਨਾਲ ਬੇਕਸੂਰ ਸਾਥੀ ਨੂੰ ਬਾਈਬਲ ਅਨੁਸਾਰ ਤਲਾਕ ਦੇਣ ਦਾ ਜਾਇਜ਼ ਕਾਰਨ ਨਹੀਂ ਮਿਲਦਾ।​—ਮੱਤੀ 19:9.

c ਕੁਝ ਨਾਂ ਬਦਲੇ ਗਏ ਹਨ।

d ਤੁਸੀਂ ਸਾਡੀ ਵੈੱਬਸਾਈਟ jw.org/pa ਅਤੇ ਸਾਡੇ ਪ੍ਰਕਾਸ਼ਨਾਂ ਵਿੱਚੋਂ ਹੋਰ ਫ਼ਾਇਦੇਮੰਦ ਜਾਣਕਾਰੀ ਲੈ ਸਕਦੇ ਹੋ। ਉਦਾਹਰਣ ਲਈ, jw.org/pa ʼਤੇ “ਪੋਰਨੋਗ੍ਰਾਫੀ ਕਰਕੇ ਤੁਹਾਡਾ ਵਿਆਹ ਟੁੱਟ ਸਕਦਾ ਹੈ”; 1 ਮਈ 2014 ਦੇ ਪਹਿਰਾਬੁਰਜ ਦੇ ਸਫ਼ੇ 10-12 ਉੱਤੇ “ਤੁਸੀਂ ਗ਼ਲਤ ਕੰਮ ਕਰਨ ਤੋਂ ਪਿੱਛੇ ਹਟ ਸਕਦੇ ਹੋ!”; 1 ਅਗਸਤ 2013 ਦੇ ਪਹਿਰਾਬੁਰਜ ਬਰੋਸ਼ਰ ਦੇ ਸਫ਼ੇ 3-7 ਉੱਤੇ “ਕੀ ਗੰਦੀਆਂ ਤਸਵੀਰਾਂ ਜਾਂ ਵੀਡੀਓ ਦੇਖਣ ਵਿਚ ਕੋਈ ਬੁਰਾਈ ਹੈ?” ਨਾਂ ਦੇ ਲੇਖ ਦੇਖੋ।

e ਪੋਰਨੋਗ੍ਰਾਫੀ ਦੀ ਲਤ ਤੋਂ ਛੁਟਕਾਰਾ ਪਾਉਣ ਲਈ ਕਈ ਜੋੜਿਆਂ ਨੇ ਮੰਡਲੀ ਦੇ ਬਜ਼ੁਰਗਾਂ ਤੋਂ ਮਦਦ ਲੈਣ ਦੇ ਨਾਲ-ਨਾਲ ਡਾਕਟਰੀ ਮਦਦ ਵੀ ਲਈ ਹੈ।