Skip to content

Skip to table of contents

ਮੁੱਖ ਪੰਨੇ ਤੋਂ

ਕੀ ਗੰਦੀਆਂ ਤਸਵੀਰਾਂ ਜਾਂ ਵੀਡੀਓ ਦੇਖਣ ਵਿਚ ਕੋਈ ਬੁਰਾਈ ਹੈ?

ਕੀ ਗੰਦੀਆਂ ਤਸਵੀਰਾਂ ਜਾਂ ਵੀਡੀਓ ਦੇਖਣ ਵਿਚ ਕੋਈ ਬੁਰਾਈ ਹੈ?

ਅੱਜ ਦੁਨੀਆਂ ਵਿਚ ਪੋਰਨੋਗ੍ਰਾਫੀ a ਦੀ ਭਰਮਾਰ ਹੈ। ਇਹ ਮਸ਼ਹੂਰੀਆਂ, ਫ਼ੈਸ਼ਨ, ਫ਼ਿਲਮਾਂ, ਗੀਤ-ਸੰਗੀਤ, ਰਸਾਲਿਆਂ, ਟੈਲੀਵਿਯਨ, ਵੀਡੀਓ ਗੇਮਾਂ, ਫ਼ੋਨਾਂ, ਟੈਬਲੇਟਾਂ, ਵੈੱਬਸਾਈਟਾਂ ਅਤੇ ਆਨ-ਲਾਈਨ ਫੋਟੋਆਂ ਸ਼ੇਅਰ ਕਰਨ ਵਾਲੀਆਂ ਵੈੱਬਸਾਈਟਾਂ ʼਤੇ ਉਪਲਬਧ ਹੈ। ਲੱਗਦਾ ਹੈ ਕਿ ਅੱਜ ਪੋਰਨੋਗ੍ਰਾਫੀ ਆਮ ਹੋ ਗਈ ਹੈ। ਇਸ ਲਈ ਜ਼ਿਆਦਾ ਤੋਂ ਜ਼ਿਆਦਾ ਥਾਵਾਂ ਦੇ ਲੋਕ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਅਸ਼ਲੀਲ ਤਸਵੀਰਾਂ ਅਤੇ ਵੀਡੀਓ ਦੇਖਣ ਲੱਗ ਪਏ ਹਨ।​—“ ਪੋਰਨੋਗ੍ਰਾਫੀ ਬਾਰੇ ਸੱਚਾਈ” ਡੱਬੀ ਦੇਖੋ।

ਇਹ ਤਸਵੀਰਾਂ ਅਤੇ ਵੀਡੀਓ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਅਸ਼ਲੀਲ ਹੋ ਗਈਆਂ ਹਨ। ਇਸ ਬਾਰੇ ਪ੍ਰੋਫ਼ੈਸਰ ਗੇਲ ਡਾਈਨਸ ਲਿਖਦੀ ਹੈ: “ਕੁਝ ਸਮਾਂ ਪਹਿਲਾਂ ਜਿਨ੍ਹਾਂ ਤਸਵੀਰਾਂ ਨੂੰ ਦੇਖ ਕੇ ਲੋਕਾਂ ਨੂੰ ਝਟਕਾ ਲੱਗਦਾ ਸੀ, ਹੁਣ ਉਹੀ ਤਸਵੀਰਾਂ ਦੇਖਣੀਆਂ ਆਮ ਹੋ ਗਈਆਂ ਹਨ।”

ਤੁਸੀਂ ਇਸ ਬਦਲਦੇ ਰੁਝਾਨ ਬਾਰੇ ਕੀ ਸੋਚਦੇ ਹੋ? ਕੀ ਤੁਹਾਨੂੰ ਲੱਗਦਾ ਕਿ ਟਾਈਮ ਪਾਸ ਕਰਨ ਲਈ ਪੋਰਨੋਗ੍ਰਾਫੀ ਦੇਖਣ ਵਿਚ ਕੋਈ ਬੁਰਾਈ ਨਹੀਂ ਹੈ? ਜਾਂ ਕੀ ਇਹ ਜ਼ਹਿਰ ਵਾਂਗ ਨੁਕਸਾਨ ਪਹੁੰਚਾਉਂਦੀ ਹੈ? ਯਿਸੂ ਨੇ ਕਿਹਾ: “ਹਰ ਚੰਗਾ ਦਰਖ਼ਤ ਚੰਗਾ ਫਲ ਦਿੰਦਾ ਹੈ ਤੇ ਮਾੜਾ ਦਰਖ਼ਤ ਮਾੜਾ ਫਲ ਦਿੰਦਾ ਹੈ।” (ਮੱਤੀ 7:17) ਪੋਰਨੋਗ੍ਰਾਫੀ ਕਿਹੋ ਜਿਹਾ ਫਲ ਪੈਦਾ ਕਰਦੀ ਹੈ? ਜਵਾਬ ਜਾਣਨ ਲਈ ਆਓ ਆਪਾਂ ਕੁਝ ਸਵਾਲਾਂ ʼਤੇ ਸੋਚ-ਵਿਚਾਰ ਕਰੀਏ।

ਅਸ਼ਲੀਲ ਤਸਵੀਰਾਂ ਅਤੇ ਵੀਡੀਓ ਦੇਖਣ ਨਾਲ ਲੋਕਾਂ ʼਤੇ ਕੀ ਅਸਰ ਪੈਂਦਾ ਹੈ?

ਮਾਹਰਾਂ ਦਾ ਕਹਿਣਾ ਹੈ: ਕੁਝ ਖੋਜਕਾਰ ਅਤੇ ਡਾਕਟਰ ਪੋਰਨੋਗ੍ਰਾਫੀ ਦੀ ਤੁਲਨਾ ਨਸ਼ੇ ਨਾਲ ਕਰਦੇ ਹਨ ਜਿਸ ਦੀ ਇਕ ਵਿਅਕਤੀ ਨੂੰ ਬਹੁਤ ਜਲਦੀ ਆਦਤ ਲੱਗ ਜਾਂਦੀ ਹੈ।

ਬ੍ਰਾਈਅਨ, b ਜੋ ਇੰਟਰਨੈੱਟ ʼਤੇ ਪੋਰਨੋਗ੍ਰਾਫੀ ਦੇਖਦਾ ਹੁੰਦਾ ਸੀ, ਕਹਿੰਦਾ ਹੈ: “ਮੈਂ ਚਾਹੁੰਦੇ ਹੋਏ ਵੀ ਆਪਣੇ ਆਪ ਨੂੰ ਰੋਕ ਨਹੀਂ ਸੀ ਪਾਉਂਦਾ। ਮੈਨੂੰ ਇੱਦਾਂ ਲੱਗਦਾ ਸੀ ਜਿਵੇਂ ਮੈਂ ਨਸ਼ੇ ਵਿਚ ਹੋਵਾਂ। ਮੈਂ ਬੁਰੀ ਤਰ੍ਹਾਂ ਕੰਬਣ ਲੱਗ ਜਾਂਦਾ ਸੀ ਤੇ ਮੇਰਾ ਸਿਰ ਦੁਖਣ ਲੱਗ ਪੈਂਦਾ ਸੀ। ਇਸ ਆਦਤ ਨੂੰ ਛੱਡਣ ਦੀ ਮੈਂ ਬਹੁਤ ਕੋਸ਼ਿਸ਼ ਕੀਤੀ, ਪਰ ਸਾਲਾਂ ਬਾਅਦ ਵੀ ਮੈਂ ਇਸ ਆਦਤ ਨੂੰ ਨਹੀਂ ਛੱਡ ਸਕਿਆ।”

ਜ਼ਿਆਦਾਤਰ ਲੋਕ ਲੁਕ-ਛਿਪ ਕੇ ਅਸ਼ਲੀਲ ਤਸਵੀਰਾਂ ਅਤੇ ਵੀਡੀਓ ਦੇਖਦੇ ਹਨ ਕਿਉਂਕਿ ਉਹ ਨਹੀਂ ਚਾਹੁੰਦੇ ਕਿ ਕਿਸੇ ਨੂੰ ਇਸ ਬਾਰੇ ਪਤਾ ਲੱਗੇ। ਇਸ ਕਰਕੇ ਕਈ ਲੋਕ ਇਕੱਲੇਪਣ, ਸ਼ਰਮਿੰਦਗੀ, ਚਿੰਤਾ ਅਤੇ ਡਿਪਰੈਸ਼ਨ ਦੇ ਸ਼ਿਕਾਰ ਹੋ ਜਾਂਦੇ ਹਨ ਅਤੇ ਆਪਣੇ ਗੁੱਸੇ ʼਤੇ ਕਾਬੂ ਨਹੀਂ ਰੱਖ ਪਾਉਂਦੇ। ਕਦੇ-ਕਦੇ ਤਾਂ ਉਹ ਆਤਮ-ਹੱਤਿਆ ਕਰਨ ਦੀ ਵੀ ਕੋਸ਼ਿਸ਼ ਕਰਦੇ ਹਨ। ਸਰਗੇ, ਜੋ ਹਰ ਰੋਜ਼ ਆਪਣੇ ਫ਼ੋਨ ʼਤੇ ਪੋਰਨੋਗ੍ਰਾਫੀ ਡਾਊਨਲੋਡ ਕਰਦਾ ਸੀ, ਕਹਿੰਦਾ ਹੈ: “ਮੇਰੇ ਦਿਮਾਗ਼ ʼਤੇ ਹਰ ਸਮੇਂ ਪੋਰਨੋਗ੍ਰਾਫੀ ਦਾ ਭੂਤ ਸਵਾਰ ਰਹਿੰਦਾ ਸੀ ਅਤੇ ਮੈਂ ਇਸ ਨੂੰ ਦੇਖਣ ਲਈ ਬੇਤਾਬ ਰਹਿੰਦਾ ਸੀ। ਮੈਂ ਦੋਸ਼ੀ ਮਹਿਸੂਸ ਕਰਦਾ ਸੀ, ਮੈਨੂੰ ਲੱਗਦਾ ਸੀ ਕਿ ਮੈਂ ਬੇਕਾਰ ਤੇ ਇਕੱਲਾ ਹਾਂ ਅਤੇ ਕਿਸੇ ਫੰਦੇ ਵਿਚ ਫਸ ਗਿਆ ਹਾਂ। ਮੈਨੂੰ ਇੰਨੀ ਸ਼ਰਮ ਆਉਂਦੀ ਸੀ ਕਿ ਮੈਂ ਦੂਜਿਆਂ ਤੋਂ ਮਦਦ ਮੰਗਣ ਤੋਂ ਵੀ ਡਰਦਾ ਸੀ।”

ਜੇ ਕੋਈ ਅਚਾਨਕ ਪੋਰਨੋਗ੍ਰਾਫੀ ਦੀ ਇਕ ਝਲਕ ਵੀ ਦੇਖ ਲੈਂਦਾ ਹੈ, ਤਾਂ ਇਸ ਦਾ ਉਸ ʼਤੇ ਬੁਰਾ ਅਸਰ ਪੈ ਸਕਦਾ ਹੈ। ਪੋਰਨੋਗ੍ਰਾਫੀ ਦੇ ਅਸਰਾਂ ਬਾਰੇ ਖੋਜ ਕਰਨ ਵਾਲੀ ਪ੍ਰੋਫ਼ੈਸਰ ਜੂਡਿਥ ਰਾਈਸਮਨ ਨੇ ਅਮਰੀਕੀ ਸੈਨਟ ਦੀ ਇਕ ਕਮੇਟੀ ਅੱਗੇ ਕਿਹਾ: “ਜਦੋਂ ਕੋਈ ਵਿਅਕਤੀ ਗੰਦੀਆਂ ਤਸਵੀਰਾਂ ਜਾਂ ਵੀਡੀਓ ਦੇਖਦਾ ਹੈ, ਤਾਂ ਇਹ ਉਸ ਦੇ ਦਿਮਾਗ਼ ʼਤੇ ਪੂਰੀ ਤਰ੍ਹਾਂ ਛਪ ਜਾਂਦੀਆਂ ਹਨ ਅਤੇ ਇਨ੍ਹਾਂ ਨੂੰ ਆਪਣੇ ਦਿਮਾਗ਼ ਵਿੱਚੋਂ ਕੱਢਣਾ ਬਹੁਤ ਔਖਾ ਜਾਂ ਨਾਮੁਮਕਿਨ ਹੁੰਦਾ ਹੈ।” 19 ਸਾਲਾਂ ਦੀ ਸੂਜ਼ਨ, ਜੋ ਪਹਿਲਾਂ ਅਸ਼ਲੀਲ ਵੈੱਬਸਾਈਟਾਂ ਦੇਖਦੀ ਹੁੰਦੀ ਸੀ, ਕਹਿੰਦੀ ਹੈ: “ਉਹ ਤਸਵੀਰਾਂ ਮੇਰੇ ਦਿਮਾਗ਼ ਵਿਚ ਘਰ ਕਰ ਚੁੱਕੀਆਂ ਹਨ। ਉਹ ਅਚਾਨਕ ਹੀ ਮੇਰੇ ਦਿਮਾਗ਼ ਵਿਚ ਘੁੰਮਣ ਲੱਗ ਪੈਂਦੀਆਂ ਹਨ। ਮੈਨੂੰ ਲੱਗਦਾ ਹੈ ਕਿ ਮੈਂ ਕਦੇ ਵੀ ਇਨ੍ਹਾਂ ਨੂੰ ਪੂਰੀ ਤਰ੍ਹਾਂ ਦਿਮਾਗ਼ ਵਿੱਚੋਂ ਨਹੀਂ ਕੱਢ ਪਾਵਾਂਗੀ।”

ਮੁੱਖ ਗੱਲ: ਲੋਕ ਪੋਰਨੋਗ੍ਰਾਫੀ ਦੇ ਗ਼ੁਲਾਮ ਬਣ ਜਾਂਦੇ ਹਨ ਅਤੇ ਇਸ ਦਾ ਉਨ੍ਹਾਂ ਦੀ ਜ਼ਿੰਦਗੀ ʼਤੇ ਮਾੜਾ ਅਸਰ ਪੈਂਦਾ ਹੈ।​—2 ਪਤਰਸ 2:19.

ਅਸ਼ਲੀਲ ਤਸਵੀਰਾਂ ਜਾਂ ਵੀਡੀਓ ਦੇਖਣ ਨਾਲ ਪਰਿਵਾਰਾਂ ʼਤੇ ਕੀ ਅਸਰ ਪੈਂਦਾ ਹੈ?

ਮਾਹਰਾਂ ਦਾ ਕਹਿਣਾ ਹੈ: “ਅਸ਼ਲੀਲ ਤਸਵੀਰਾਂ ਜਾਂ ਵੀਡੀਓ ਦੇਖਣ ਕਰਕੇ ਵਿਆਹੁਤਾ ਬੰਧਨ ਅਤੇ ਪਰਿਵਾਰ ਟੁੱਟ ਜਾਂਦੇ ਹਨ।”​—ਵੈਂਡੀ ਅਤੇ ਲੈਰੀ ਮਾਲਟਸ ਦੀ ਕਿਤਾਬ ਪੋਰਨੋਗ੍ਰਾਫੀ ਦਾ ਫੰਦਾ (ਅੰਗ੍ਰੇਜ਼ੀ)।

ਵਿਆਹੁਤਾ ਜੀਵਨ ਅਤੇ ਪਰਿਵਾਰਾਂ ਉੱਤੇ ਪੋਰਨੋਗ੍ਰਾਫੀ ਦਾ ਮਾੜਾ ਅਸਰ ਪੈਂਦਾ ਹੈ ਜਿਸ ਕਰਕੇ

  • ਪਤੀ-ਪਤਨੀ ਇਕ-ਦੂਜੇ ʼਤੇ ਭਰੋਸਾ ਨਹੀਂ ਕਰ ਪਾਉਂਦੇ, ਉਨ੍ਹਾਂ ਵਿਚ ਪਿਆਰ ਅਤੇ ਸਰੀਰਕ ਸੰਬੰਧ ਨਹੀਂ ਰਹਿੰਦੇ।​—ਕਹਾਉਤਾਂ 2:12-17.

  • ਇਕ ਵਿਅਕਤੀ ਸੁਆਰਥੀ ਬਣ ਜਾਂਦਾ ਹੈ, ਆਪਣੇ ਜੀਵਨ ਸਾਥੀ ਤੋਂ ਦੂਰ ਹੋ ਜਾਂਦਾ ਹੈ ਤੇ ਉਸ ਤੋਂ ਖ਼ੁਸ਼ ਨਹੀਂ ਹੁੰਦਾ।​—ਅਫ਼ਸੀਆਂ 5:28, 29.

  • ਉਹ ਸਰੀਰਕ ਸੰਬੰਧਾਂ ਬਾਰੇ ਹੀ ਸੋਚਦਾ ਰਹਿੰਦਾ ਹੈ ਅਤੇ ਉਸ ਦੀ ਹਵਸ ਵਧਦੀ ਜਾਂਦੀ ਹੈ।​—2 ਪਤਰਸ 2:14.

  • ਉਹ ਆਪਣੇ ਜੀਵਨ ਸਾਥੀ ਨੂੰ ਗ਼ਲਤ ਢੰਗ ਨਾਲ ਸੰਬੰਧ ਬਣਾਉਣ ਲਈ ਮਜਬੂਰ ਕਰਦਾ ਹੈ।​—ਅਫ਼ਸੀਆਂ 5:3, 4.

  • ਉਸ ਨੂੰ ਨਾ ਸਿਰਫ਼ ਮਨ ਵਿਚ, ਸਗੋਂ ਹਕੀਕਤ ਵਿਚ ਵੀ ਆਪਣੇ ਸਾਥੀ ਨਾਲ ਬੇਵਫ਼ਾਈ ਕਰਨ ਦੀ ਹੱਲਾਸ਼ੇਰੀ ਮਿਲਦੀ ਹੈ।​—ਮੱਤੀ 5:28.

ਬਾਈਬਲ ਵਿਚ ਲਿਖਿਆ ਹੈ ਕਿ ਵਿਆਹੇ ਲੋਕਾਂ ਨੂੰ ਇਕ-ਦੂਜੇ ਨਾਲ “ਧੋਖਾ” ਨਹੀਂ ਕਰਨਾ ਚਾਹੀਦਾ। (ਮਲਾਕੀ 2:16) ਬੇਵਫ਼ਾਈ ਵੀ ਇਕ ਧੋਖਾ ਹੈ ਜਿਸ ਕਰਕੇ ਵਿਆਹੁਤਾ ਜੀਵਨ ਤਬਾਹ ਹੋ ਸਕਦਾ ਹੈ, ਪਤੀ-ਪਤਨੀ ਇਕ-ਦੂਜੇ ਤੋਂ ਅਲੱਗ ਹੋ ਸਕਦੇ ਹਨ ਅਤੇ ਤਲਾਕ ਹੋਣ ਦੀ ਨੌਬਤ ਆ ਸਕਦੀ ਹੈ। ਨਤੀਜੇ ਵਜੋਂ, ਬੱਚਿਆਂ ਦਾ ਬਹੁਤ ਨੁਕਸਾਨ ਹੁੰਦਾ ਹੈ।

ਪੋਰਨੋਗ੍ਰਾਫੀ ਦਾ ਬੱਚਿਆਂ ʼਤੇ ਸਿੱਧਾ ਅਸਰ ਪੈਂਦਾ ਹੈ। ਬ੍ਰਾਈਅਨ, ਜਿਸ ਦਾ ਪਹਿਲਾਂ ਜ਼ਿਕਰ ਕੀਤਾ ਗਿਆ ਸੀ, ਕਹਿੰਦਾ ਹੈ: “ਜਦੋਂ ਮੈਂ ਤਕਰੀਬਨ ਦਸ ਸਾਲਾਂ ਦਾ ਸੀ, ਤਾਂ ਇਕ ਦਿਨ ਲੁਕਣ-ਮੀਟੀ ਖੇਡਦੇ ਵੇਲੇ ਅਚਾਨਕ ਮੇਰੇ ਹੱਥ ਗੰਦੀਆਂ ਤਸਵੀਰਾਂ ਵਾਲੇ ਰਸਾਲੇ ਲੱਗ ਗਏ ਜੋ ਮੇਰੇ ਡੈਡੀ ਦੇ ਸਨ। ਬਾਅਦ ਵਿਚ ਮੈਂ ਲੁਕ ਕੇ ਇਨ੍ਹਾਂ ਨੂੰ ਦੇਖਣਾ ਸ਼ੁਰੂ ਕਰ ਦਿੱਤਾ, ਹਾਲਾਂਕਿ ਮੈਨੂੰ ਪਤਾ ਨਹੀਂ ਸੀ ਕਿ ਮੈਂ ਇਨ੍ਹਾਂ ਤਸਵੀਰਾਂ ਵੱਲ ਕਿਉਂ ਖਿੱਚਿਆ ਗਿਆ। ਮੈਨੂੰ ਅਸ਼ਲੀਲ ਤਸਵੀਰਾਂ ਦੇਖਣ ਦੀ ਬੁਰੀ ਆਦਤ ਪੈ ਗਈ ਅਤੇ ਵੱਡਾ ਹੋਣ ਤੋਂ ਬਾਅਦ ਵੀ ਮੈਂ ਇਸ ਨੂੰ ਛੱਡ ਨਹੀਂ ਸਕਿਆ।” ਅਧਿਐਨਾਂ ਤੋਂ ਪਤਾ ਲੱਗਾ ਹੈ ਕਿ ਪੋਰਨੋਗ੍ਰਾਫੀ ਦੇਖਣ ਵਾਲੇ ਅੱਲੜ੍ਹ ਉਮਰ ਦੇ ਬੱਚੇ ਛੋਟੀ ਉਮਰ ਤੋਂ ਹੀ ਸੈਕਸ ਕਰਨਾ ਸ਼ੁਰੂ ਕਰ ਦਿੰਦੇ ਹਨ, ਇਕ ਤੋਂ ਜ਼ਿਆਦਾ ਲੋਕਾਂ ਨਾਲ ਸੈਕਸ ਕਰਦੇ ਹਨ ਅਤੇ ਸੈਕਸ ਦੌਰਾਨ ਹਿੰਸਕ ਹੋ ਜਾਂਦੇ ਹਨ। ਇੰਨਾ ਹੀ ਨਹੀਂ, ਉਹ ਆਪਣੀਆਂ ਭਾਵਨਾਵਾਂ ʼਤੇ ਕਾਬੂ ਨਹੀਂ ਰੱਖ ਪਾਉਂਦੇ ਅਤੇ ਉਨ੍ਹਾਂ ਦੀ ਸੋਚ ਅਤੇ ਪੇਸ਼ ਆਉਣ ਦਾ ਤਰੀਕਾ ਘਟੀਆ ਹੋ ਜਾਂਦਾ ਹੈ।

ਮੁੱਖ ਗੱਲ: ਪੋਰਨੋਗ੍ਰਾਫੀ ਪਿਆਰ ਭਰੇ ਰਿਸ਼ਤਿਆਂ ਵਿਚ ਜ਼ਹਿਰ ਘੋਲ ਦਿੰਦੀ ਹੈ ਜਿਸ ਕਰਕੇ ਸਭ ਨੂੰ ਦੁੱਖ ਪਹੁੰਚਦਾ ਹੈ।​—ਕਹਾਉਤਾਂ 6:27.

ਬਾਈਬਲ ਪੋਰਨੋਗ੍ਰਾਫੀ ਬਾਰੇ ਕੀ ਦੱਸਦੀ ਹੈ?

ਪਰਮੇਸ਼ੁਰ ਦਾ ਬਚਨ ਕਹਿੰਦਾ ਹੈ: “ਇਸ ਲਈ . . . ਆਪਣੇ ਸਰੀਰ ਦੇ ਅੰਗਾਂ ਨੂੰ ਵੱਢ ਸੁੱਟੋ ਜਿਨ੍ਹਾਂ ਵਿਚ ਇਹ ਲਾਲਸਾਵਾਂ ਪੈਦਾ ਹੁੰਦੀਆਂ ਹਨ: ਹਰਾਮਕਾਰੀ, ਗੰਦ-ਮੰਦ, ਬੇਕਾਬੂ ਕਾਮ-ਵਾਸ਼ਨਾ, ਬੁਰੀ ਇੱਛਾ ਅਤੇ ਲੋਭ ਜੋ ਕਿ ਮੂਰਤੀ-ਪੂਜਾ ਹੈ।”​—ਕੁਲੁੱਸੀਆਂ 3:5.

ਯਹੋਵਾਹ c ਪਰਮੇਸ਼ੁਰ ਨੂੰ ਪੋਰਨੋਗ੍ਰਾਫੀ ਤੋਂ ਨਫ਼ਰਤ ਹੈ। ਇਸ ਦਾ ਮਤਲਬ ਇਹ ਨਹੀਂ ਹੈ ਕਿ ਯਹੋਵਾਹ ਸਰੀਰਕ ਸੰਬੰਧਾਂ ਨੂੰ ਨਫ਼ਰਤ ਕਰਦਾ ਹੈ। ਉਸ ਨੇ ਇਨਸਾਨਾਂ ਨੂੰ ਸਰੀਰਕ ਸੰਬੰਧ ਕਾਇਮ ਕਰਨ ਦੀ ਕਾਬਲੀਅਤ ਨਾਲ ਬਣਾਇਆ ਹੈ ਤਾਂਕਿ ਪਤੀ-ਪਤਨੀ ਇਸ ਤੋਂ ਖ਼ੁਸ਼ੀ ਪਾ ਸਕਣ, ਇਕ-ਦੂਜੇ ਦੇ ਨੇੜੇ ਆ ਸਕਣ ਅਤੇ ਬੱਚੇ ਪੈਦਾ ਕਰ ਸਕਣ।​—ਯਾਕੂਬ 1:17.

ਤਾਂ ਫਿਰ ਅਸੀਂ ਕਿਉਂ ਕਹਿ ਸਕਦੇ ਹਾਂ ਕਿ ਯਹੋਵਾਹ ਪੋਰਨੋਗ੍ਰਾਫੀ ਤੋਂ ਸਖ਼ਤ ਨਫ਼ਰਤ ਕਰਦਾ ਹੈ? ਆਓ ਕੁਝ ਕਾਰਨਾਂ ʼਤੇ ਗੌਰ ਕਰੀਏ।

  • ਉਹ ਜਾਣਦਾ ਹੈ ਕਿ ਪੋਰਨੋਗ੍ਰਾਫੀ ਜ਼ਿੰਦਗੀਆਂ ਤਬਾਹ ਕਰ ਸਕਦੀ ਹੈ।​—ਅਫ਼ਸੀਆਂ 4:17-19.

  • ਉਹ ਸਾਨੂੰ ਪਿਆਰ ਕਰਦਾ ਹੈ ਅਤੇ ਉਹ ਨਹੀਂ ਚਾਹੁੰਦਾ ਕਿ ਸਾਡਾ ਕੋਈ ਨੁਕਸਾਨ ਹੋਵੇ।​—ਯਸਾਯਾਹ 48:17, 18.

  • ਯਹੋਵਾਹ ਚਾਹੁੰਦਾ ਹੈ ਕਿ ਵਿਆਹੁਤਾ ਬੰਧਨ ਅਤੇ ਪਰਿਵਾਰ ਨਾ ਟੁੱਟਣ।​—ਮੱਤੀ 19:4-6.

  • ਉਹ ਚਾਹੁੰਦਾ ਹੈ ਕਿ ਅਸੀਂ ਆਪਣਾ ਚਾਲ-ਚਲਣ ਸ਼ੁੱਧ ਰੱਖੀਏ ਅਤੇ ਦੂਜਿਆਂ ਦੇ ਹੱਕਾਂ ਦਾ ਆਦਰ ਕਰੀਏ।​—1 ਥੱਸਲੁਨੀਕੀਆਂ 4:3-6.

  • ਉਹ ਚਾਹੁੰਦਾ ਹੈ ਕਿ ਅਸੀਂ ਗੁਪਤ ਅੰਗਾਂ ਦਾ ਗ਼ਲਤ ਇਸਤੇਮਾਲ ਨਾ ਕਰੀਏ।​—ਇਬਰਾਨੀਆਂ 13:4.

  • ਯਹੋਵਾਹ ਜਾਣਦਾ ਹੈ ਕਿ ਸ਼ੈਤਾਨ ਪੋਰਨੋਗ੍ਰਾਫੀ ਦੇ ਜ਼ਰੀਏ ਲੋਕਾਂ ਦੇ ਮਨਾਂ ਵਿਚ ਸਰੀਰਕ ਸੰਬੰਧਾਂ ਬਾਰੇ ਸੁਆਰਥੀ ਅਤੇ ਘਟੀਆ ਸੋਚ ਪੈਦਾ ਕਰਦਾ ਹੈ।​—ਉਤਪਤ 6:2; ਯਹੂਦਾਹ 6, 7.

ਮੁੱਖ ਗੱਲ: ਪੋਰਨੋਗ੍ਰਾਫੀ ਦੇਖਣ ਕਰਕੇ ਇਕ ਵਿਅਕਤੀ ਦੀ ਪਰਮੇਸ਼ੁਰ ਨਾਲੋਂ ਦੋਸਤੀ ਟੁੱਟ ਸਕਦੀ ਹੈ।​—ਰੋਮੀਆਂ 1:24.

ਪਰ ਯਹੋਵਾਹ ਉਨ੍ਹਾਂ ਲੋਕਾਂ ਦੀ ਸੱਚੀਂ ਮਦਦ ਕਰਨੀ ਚਾਹੁੰਦਾ ਹੈ ਜਿਹੜੇ ਪੋਰਨੋਗ੍ਰਾਫੀ ਦੇ ਚੁੰਗਲ ਵਿੱਚੋਂ ਨਿਕਲਣਾ ਚਾਹੁੰਦੇ ਹਨ। ਬਾਈਬਲ ਕਹਿੰਦੀ ਹੈ: “ਯਹੋਵਾਹ ਦਇਆਵਾਨ ਅਤੇ ਰਹਿਮਦਿਲ ਹੈ, ਉਹ ਛੇਤੀ ਗੁੱਸਾ ਨਹੀਂ ਕਰਦਾ ਅਤੇ ਉਹ ਅਟੱਲ ਪਿਆਰ ਨਾਲ ਭਰਪੂਰ ਹੈ। ਕਿਉਂਕਿ ਉਹ ਸਾਡੀ ਰਚਨਾ ਨੂੰ ਚੰਗੀ ਤਰ੍ਹਾਂ ਜਾਣਦਾ ਹੈ, ਉਸ ਨੂੰ ਯਾਦ ਹੈ ਕਿ ਅਸੀਂ ਮਿੱਟੀ ਹੀ ਹਾਂ।” (ਜ਼ਬੂਰ 103:8, 14) ਉਹ ਚਾਹੁੰਦਾ ਹੈ ਕਿ ਨਿਮਰ ਲੋਕ ਉਸ ਵੱਲ ਮੁੜਨ ਤਾਂਕਿ ‘ਉਹ ਲੋੜ ਵੇਲੇ ਉਨ੍ਹਾਂ ਦੀ ਮਦਦ ਕਰ ਕੇ ਉਨ੍ਹਾਂ ਉੱਤੇ ਦਇਆ ਅਤੇ ਅਪਾਰ ਕਿਰਪਾ ਕਰੇ।’​—ਇਬਰਾਨੀਆਂ 4:16; “ ਪੋਰਨੋਗ੍ਰਾਫੀ ਦੇ ਚੁੰਗਲ ਵਿੱਚੋਂ ਆਜ਼ਾਦ ਹੋਣਾ” ਡੱਬੀ ਦੇਖੋ।

ਬਹੁਤ ਸਾਰੇ ਲੋਕਾਂ ਨੇ ਪਰਮੇਸ਼ੁਰ ਦੀ ਮਦਦ ਕਬੂਲ ਕੀਤੀ ਹੈ। ਕੀ ਇਸ ਮਦਦ ਦਾ ਕੋਈ ਫ਼ਾਇਦਾ ਹੋਇਆ? ਧਿਆਨ ਦਿਓ ਕਿ ਬਾਈਬਲ ਉਨ੍ਹਾਂ ਕੁਝ ਲੋਕਾਂ ਬਾਰੇ ਕੀ ਕਹਿੰਦੀ ਹੈ ਜਿਨ੍ਹਾਂ ਨੇ ਬੁਰੀਆਂ ਆਦਤਾਂ ਛੱਡੀਆਂ: “ਤੁਹਾਨੂੰ ਧੋ ਕੇ ਸ਼ੁੱਧ ਅਤੇ ਪਵਿੱਤਰ ਕੀਤਾ ਗਿਆ ਹੈ। ਤੁਹਾਨੂੰ ਸਾਡੇ ਪਰਮੇਸ਼ੁਰ ਦੀ ਸ਼ਕਤੀ ਨਾਲ ਪ੍ਰਭੂ ਯਿਸੂ ਮਸੀਹ ਦੇ ਨਾਂ ʼਤੇ ਧਰਮੀ ਠਹਿਰਾਇਆ ਗਿਆ ਹੈ।” (1 ਕੁਰਿੰਥੀਆਂ 6:11) ਅਜਿਹੇ ਲੋਕ ਪਰਮੇਸ਼ੁਰ ਦੇ ਇਕ ਸੇਵਕ ਪੌਲੁਸ ਰਸੂਲ ਵਾਂਗ ਕਹਿ ਸਕਦੇ ਹਨ: “ਪਰਮੇਸ਼ੁਰ ਆਪਣੀ ਸ਼ਕਤੀ ਨਾਲ ਮੈਨੂੰ ਹਰ ਹਾਲਾਤ ਦਾ ਸਾਮ੍ਹਣਾ ਕਰਨ ਦੀ ਤਾਕਤ ਬਖ਼ਸ਼ਦਾ ਹੈ।”​—ਫ਼ਿਲਿੱਪੀਆਂ 4:13.

ਸੂਜ਼ਨ, ਜਿਸ ਨੇ ਪੋਰਨੋਗ੍ਰਾਫੀ ਦੇਖਣ ਦੀ ਆਦਤ ਤੋਂ ਛੁਟਕਾਰਾ ਪਾਇਆ, ਕਹਿੰਦੀ ਹੈ: “ਸਿਰਫ਼ ਯਹੋਵਾਹ ਪਰਮੇਸ਼ੁਰ ਹੀ ਪੋਰਨੋਗ੍ਰਾਫੀ ਦੇ ਜਾਲ਼ ਵਿੱਚੋਂ ਨਿਕਲਣ ਵਿਚ ਤੁਹਾਡੀ ਮਦਦ ਕਰ ਸਕਦਾ ਹੈ।” ਜੇ ਤੁਸੀਂ ਉਸ ਤੋਂ ਮਦਦ ਅਤੇ ਸੇਧ ਮੰਗੋਗੇ, ਤਾਂ ਤੁਸੀਂ ਉਸ ਦੀਆਂ ਨਜ਼ਰਾਂ ਵਿਚ ਸ਼ੁੱਧ ਹੋ ਸਕਦੇ ਹੋ। ਉਹ ਤੁਹਾਡਾ ਸਾਥ ਕਦੇ ਨਹੀਂ ਛੱਡੇਗਾ।”

a “ਪੋਰਨੋਗ੍ਰਾਫੀ” ਦਾ ਮਤਲਬ ਹੈ ਅਜਿਹੀਆਂ ਤਸਵੀਰਾਂ, ਵੀਡੀਓ, ਕਿਤਾਬਾਂ ਵਗੈਰਾ ਜੋ ਕਾਮੁਕ ਇੱਛਾਵਾਂ ਭੜਕਾਉਣ ਲਈ ਤਿਆਰ ਕੀਤੀਆਂ ਜਾਂਦੀਆਂ ਹਨ।

b ਇਸ ਲੇਖ ਵਿਚ ਕੁਝ ਨਾਂ ਬਦਲੇ ਗਏ ਹਨ।

c ਬਾਈਬਲ ਵਿਚ ਰੱਬ ਦਾ ਨਾਂ ਯਹੋਵਾਹ ਦੱਸਿਆ ਗਿਆ ਹੈ।