Skip to content

Skip to table of contents

ਇਹ ਜਾਣ ਕੇ ਕੀ ਫ਼ਾਇਦਾ ਹੁੰਦਾ ਹੈ ਕਿ ਰੱਬ ਨੂੰ ਸਾਡਾ ਫ਼ਿਕਰ ਹੈ?

ਇਹ ਜਾਣ ਕੇ ਕੀ ਫ਼ਾਇਦਾ ਹੁੰਦਾ ਹੈ ਕਿ ਰੱਬ ਨੂੰ ਸਾਡਾ ਫ਼ਿਕਰ ਹੈ?

ਰੱਬ ਨੇ ਸਾਡੇ ਸਰੀਰਾਂ ਨੂੰ ਇਸ ਸ਼ਾਨਦਾਰ ਕਾਬਲੀਅਤ ਨਾਲ ਬਣਾਇਆ ਹੈ ਕਿ ਜ਼ਖ਼ਮ ਆਪਣੇ ਆਪ ਠੀਕ ਹੋ ਜਾਂਦੇ ਹਨ। ਜਦੋਂ ਸਾਡੇ ਸਰੀਰ ’ਤੇ ਕੱਟ ਲੱਗ ਜਾਂਦਾ, ਕੋਈ ਰਗੜ ਲੱਗ ਜਾਂਦੀ ਜਾਂ ਕੁਝ ਖੁੱਭ ਜਾਂਦਾ ਹੈ, ਤਾਂ “ਛੋਟੇ-ਵੱਡੇ ਜ਼ਖ਼ਮਾਂ ਨੂੰ ਭਰਨ ਲਈ ਸਾਡੇ ਸਰੀਰ ਵਿਚ ਗੁੰਝਲਦਾਰ ਪ੍ਰਕ੍ਰਿਆਵਾਂ ਸ਼ੁਰੂ ਹੋ ਜਾਂਦੀਆਂ ਹਨ।” ਖ਼ੂਨ ਵਹਿਣ ਤੋਂ ਰੋਕਣ ਲਈ, ਜ਼ਖ਼ਮ ਭਰਨ ਲਈ ਅਤੇ ਸੈੱਲਾਂ ਨੂੰ ਮਜ਼ਬੂਤ ਕਰਨ ਲਈ ਸਾਡਾ ਸਰੀਰ ਉਸੇ ਵੇਲੇ ਕੰਮ ਕਰਨਾ ਸ਼ੁਰੂ ਕਰ ਦਿੰਦਾ ਹੈ।

ਜ਼ਰਾ ਸੋਚੋ: ਜੇ ਸਾਡੇ ਸ੍ਰਿਸ਼ਟੀਕਰਤਾ ਨੇ ਸਾਡੇ ਸਰੀਰ ਨੂੰ ਇੰਨੇ ਵਧੀਆ ਢੰਗ ਨਾਲ ਬਣਾਇਆ ਹੈ ਕਿ ਇਸ ’ਤੇ ਲੱਗੀਆਂ ਸੱਟਾਂ ਆਪਣੇ ਆਪ ਠੀਕ ਹੋ ਜਾਂਦੀਆਂ ਹਨ, ਤਾਂ ਕੀ ਅਸੀਂ ਉਸ ਦੇ ਇਸ ਵਾਅਦੇ ’ਤੇ ਭਰੋਸਾ ਨਹੀਂ ਕਰ ਸਕਦੇ ਕਿ ਉਹ ਦਿਲ ’ਤੇ ਲੱਗੀਆਂ ਸੱਟਾਂ ਨੂੰ ਭਰਨ ਵਿਚ ਸਾਡੀ ਮਦਦ ਕਰੇਗਾ? ਜ਼ਬੂਰਾਂ ਦੇ ਲਿਖਾਰੀ ਨੇ ਲਿਖਿਆ, “ਉਹ ਟੁੱਟੇ ਦਿਲਾਂ ਨੂੰ ਚੰਗਾ ਕਰਦਾ ਹੈ, ਅਤੇ ਉਨ੍ਹਾਂ ਦੇ ਸੋਗਾਂ ਉੱਤੇ ਪੱਟੀ ਬੰਨ੍ਹਦਾ ਹੈ।” (ਜ਼ਬੂਰਾਂ ਦੀ ਪੋਥੀ 147:3) ਪਰ ਜੇ ਤੁਹਾਡੇ ਜਜ਼ਬਾਤਾਂ ਨੂੰ ਠੇਸ ਲੱਗੀ ਹੈ, ਤਾਂ ਤੁਸੀਂ ਕਿਵੇਂ ਪੱਕਾ ਕਰ ਸਕਦੇ ਹੋ ਕਿ ਯਹੋਵਾਹ ਹੁਣ ਤੇ ਭਵਿੱਖ ਵਿਚ ਤੁਹਾਡੇ ਦਿਲ ’ਤੇ ਮਲ੍ਹਮ ਪੱਟੀ ਬੰਨ੍ਹੇਗਾ।

ਅਸੀਂ ਬਾਈਬਲ ਤੋਂ ਰੱਬ ਦੇ ਪਿਆਰ ਬਾਰੇ ਕੀ ਸਿੱਖਦੇ ਹਾਂ?

ਰੱਬ ਵਾਅਦਾ ਕਰਦਾ ਹੈ: “ਨਾ ਡਰ, ਮੈਂ ਤੇਰੇ ਅੰਗ ਸੰਗ ਜੋ ਹਾਂ, ਨਾ ਘਾਬਰ, ਮੈਂ ਤੇਰਾ ਪਰਮੇਸ਼ੁਰ ਜੋ ਹਾਂ, ਮੈਂ ਤੈਨੂੰ ਜ਼ੋਰ ਬਖ਼ਸ਼ਾਂਗਾ, ਹਾਂ, ਮੈਂ ਤੇਰੀ ਸਹਾਇਤਾ ਕਰਾਂਗਾ।” (ਯਸਾਯਾਹ 41:10) ਜਿਸ ਇਨਸਾਨ ਨੂੰ ਪਤਾ ਹੁੰਦਾ ਹੈ ਕਿ ਯਹੋਵਾਹ ਉਸ ਦਾ ਫ਼ਿਕਰ ਕਰਦਾ ਹੈ, ਉਸ ਨੂੰ ਮਨ ਦੀ ਸ਼ਾਂਤੀ ਮਿਲਦੀ ਹੈ ਅਤੇ ਉਸ ਕੋਲ ਅਲੱਗ-ਅਲੱਗ ਮੁਸ਼ਕਲਾਂ ਨਾਲ ਲੜਨ ਦੀ ਤਾਕਤ ਹੁੰਦੀ ਹੈ। ਪੌਲੁਸ ਰਸੂਲ ਨੇ ਮਨ ਦੀ ਸ਼ਾਂਤੀ ਬਾਰੇ ਕਿਹਾ ਕਿ ਇਹ ‘ਪਰਮੇਸ਼ੁਰ ਦੀ ਸ਼ਾਂਤੀ ਹੈ ਜਿਹੜੀ ਸਾਰੀ ਇਨਸਾਨੀ ਸਮਝ ਤੋਂ ਬਾਹਰ ਹੈ।’ ਪੌਲੁਸ ਨੇ ਅੱਗੇ ਲਿਖਿਆ: “ਹਰ ਹਾਲਤ ਵਿਚ ਮੈਨੂੰ ਪਰਮੇਸ਼ੁਰ ਤੋਂ ਤਾਕਤ ਮਿਲਦੀ ਹੈ ਜਿਹੜਾ ਮੈਨੂੰ ਸ਼ਕਤੀ ਬਖ਼ਸ਼ਦਾ ਹੈ।”​—ਫ਼ਿਲਿੱਪੀਆਂ 4:4-7, 9, 13.

ਬਾਈਬਲ ਦੀਆਂ ਆਇਤਾਂ ਸਾਡੀ ਮਦਦ ਕਰਦੀਆਂ ਹਨ ਕਿ ਅਸੀਂ ਇਨਸਾਨਾਂ ਦੇ ਭਵਿੱਖ ਬਾਰੇ ਕੀਤੇ ਯਹੋਵਾਹ ਦੇ ਵਾਅਦਿਆਂ ’ਤੇ ਆਪਣੀ ਨਿਹਚਾ ਪੱਕੀ ਰੱਖੀਏ। ਮਿਸਾਲ ਲਈ, ਪ੍ਰਕਾਸ਼ ਦੀ ਕਿਤਾਬ 21:4, 5 ਕਹਿੰਦੀ ਹੈ ਕਿ ਉਹ ਕੀ ਕਰੇਗਾ ਅਤੇ ਅਸੀਂ ਉਸ ਦੀ ਗੱਲ ਉੱਤੇ ਭਰੋਸਾ ਕਿਉਂ ਰੱਖ ਸਕਦੇ ਹਾਂ:

  • ਉਹ ਲੋਕਾਂ ਦੀਆਂ “ਅੱਖਾਂ ਤੋਂ ਹਰ ਹੰਝੂ ਪੂੰਝ ਦੇਵੇਗਾ।” ਯਹੋਵਾਹ ਸਾਡੀਆਂ ਸਾਰੀਆਂ ਚਿੰਤਾਵਾਂ ਅਤੇ ਦੁੱਖ-ਤਕਲੀਫ਼ਾਂ ਦਾ ਨਾਮੋ-ਨਿਸ਼ਾਨ ਮਿਟਾ ਦੇਵੇਗਾ, ਚਾਹੇ ਦੂਜਿਆਂ ਨੂੰ ਸਾਡੇ ਦੁੱਖ ਮਾਮੂਲੀ ਜਿਹੇ ਹੀ ਕਿਉਂ ਨਾ ਲੱਗਣ।

  • ਸਵਰਗ ਵਿਚ “ਸਿੰਘਾਸਣ ਉੱਤੇ ਬੈਠਾ ਹੋਇਆ” ਸਰਬਸ਼ਕਤੀਮਾਨ ਰਾਜਾ ਪੂਰੀ ਦੁਨੀਆਂ ’ਤੇ ਆਪਣੀ ਤਾਕਤ ਅਤੇ ਅਧਿਕਾਰ ਵਰਤੇਗਾ ਤਾਂਕਿ ਸਾਨੂੰ ਮੁਸ਼ਕਲਾਂ ਤੋਂ ਬਚਾ ਸਕੇ ਅਤੇ ਲੋੜੀਂਦੀ ਤਾਕਤ ਦੇ ਸਕੇ।

  • ਯਹੋਵਾਹ ਭਰੋਸਾ ਦਿਵਾਉਂਦਾ ਹੈ ਕਿ ਉਸ ਦੇ ਵਾਅਦੇ ‘ਭਰੋਸੇ ਦੇ ਲਾਇਕ ਅਤੇ ਸੱਚੇ ਹਨ।’ ਉਹ ਆਪਣੇ ਨਾਂ ਦੀ ਖ਼ਾਤਰ ਆਪਣੇ ਵਾਅਦੇ ਜ਼ਰੂਰ ਪੂਰੇ ਕਰੇਗਾ।

“‘ਉਹ ਉਨ੍ਹਾਂ ਦੀਆਂ ਅੱਖਾਂ ਤੋਂ ਹਰ ਹੰਝੂ ਪੂੰਝ ਦੇਵੇਗਾ ਅਤੇ ਫਿਰ ਕੋਈ ਨਹੀਂ ਮਰੇਗਾ, ਨਾ ਹੀ ਸੋਗ ਮਨਾਇਆ ਜਾਵੇਗਾ ਅਤੇ ਨਾ ਹੀ ਕੋਈ ਰੋਵੇਗਾ ਅਤੇ ਕਿਸੇ ਨੂੰ ਕੋਈ ਦੁੱਖ-ਦਰਦ ਨਹੀਂ ਹੋਵੇਗਾ। ਪੁਰਾਣੀਆਂ ਗੱਲਾਂ ਖ਼ਤਮ ਹੋ ਚੁੱਕੀਆਂ ਹਨ।’ ਅਤੇ ਪਰਮੇਸ਼ੁਰ ਨੇ, ਜਿਹੜਾ ਸਿੰਘਾਸਣ ਉੱਤੇ ਬੈਠਾ ਹੋਇਆ ਸੀ, ਕਿਹਾ: ‘ਦੇਖ! ਮੈਂ ਸਭ ਕੁਝ ਨਵਾਂ ਬਣਾਉਂਦਾ ਹਾਂ।’ ਉਸ ਨੇ ਇਹ ਵੀ ਕਿਹਾ: ‘ਲਿਖ, ਕਿਉਂਕਿ ਇਹ ਗੱਲਾਂ ਭਰੋਸੇ ਦੇ ਲਾਇਕ ਅਤੇ ਸੱਚੀਆਂ ਹਨ।’”​—ਪ੍ਰਕਾਸ਼ ਦੀ ਕਿਤਾਬ 21:4, 5.

ਸ੍ਰਿਸ਼ਟੀ ਅਤੇ ਬਾਈਬਲ ਤੋਂ ਸਾਨੂੰ ਆਪਣੇ ਸਵਰਗੀ ਪਿਤਾ ਦੇ ਗੁਣਾਂ ਬਾਰੇ ਪਤਾ ਲੱਗਦਾ ਹੈ। ਸ੍ਰਿਸ਼ਟੀ ਸਾਨੂੰ ਰੱਬ ਦੇ ਦੋਸਤ ਬਣਨ ਲਈ ਪ੍ਰੇਰਦੀ ਹੈ, ਪਰ ਬਾਈਬਲ ਸਾਨੂੰ ਖੁੱਲ੍ਹਾ ਸੱਦਾ ਦਿੰਦੀ ਹੈ: “ਪਰਮੇਸ਼ੁਰ ਦੇ ਨੇੜੇ ਆਓ ਅਤੇ ਉਹ ਤੁਹਾਡੇ ਨੇੜੇ ਆਵੇਗਾ।” (ਯਾਕੂਬ 4:8) ਰਸੂਲਾਂ ਦੇ ਕੰਮ 17:27 ਕਹਿੰਦਾ ਹੈ: “ਉਹ ਸਾਡੇ ਵਿੱਚੋਂ ਕਿਸੇ ਤੋਂ ਵੀ ਦੂਰ ਨਹੀਂ ਹੈ।”

ਜਦੋਂ ਤੁਸੀਂ ਰੱਬ ਬਾਰੇ ਜਾਣਨ ਲਈ ਸਮਾਂ ਕੱਢੋਗੇ, ਤਾਂ ਤੁਹਾਡਾ ਭਰੋਸਾ ਹੋਰ ਵਧੇਗਾ ਕਿ “ਉਸ ਨੂੰ ਤੁਹਾਡਾ ਫ਼ਿਕਰ ਹੈ।” (1 ਪਤਰਸ 5:7) ਯਹੋਵਾਹ ’ਤੇ ਭਰੋਸਾ ਰੱਖਣ ਦੇ ਕੀ ਫ਼ਾਇਦੇ ਹਨ?

ਜ਼ਰਾ ਜਪਾਨ ਦੇ ਰਹਿਣ ਵਾਲੇ ਟੋਰੂ ਦੀ ਮਿਸਾਲ ’ਤੇ ਗੌਰ ਕਰੋ। ਉਸ ਦੀ ਪਰਵਰਿਸ਼ ਉਸ ਦੀ ਮਾਂ ਨੇ ਕੀਤੀ ਸੀ ਜੋ ਬਾਈਬਲ ਨੂੰ ਮੰਨਦੀ ਸੀ। ਪਰ ਉਹ ਉੱਥੋਂ ਦੇ ਮਾਫੀਆ ਵਿਚ ਸ਼ਾਮਲ ਹੋ ਗਿਆ। ਉਹ ਦੱਸਦਾ ਹੈ: “ਮੈਂ ਮੰਨਦਾ ਸੀ ਕਿ ਰੱਬ ਮੈਨੂੰ ਨਫ਼ਰਤ ਕਰਦਾ ਸੀ। ਮੈਨੂੰ ਲੱਗਾ ਮੇਰੇ ਆਲੇ-ਦੁਆਲੇ ਜੋ ਮੌਤਾਂ ਹੋ ਰਹੀਆਂ ਸਨ, ਖ਼ਾਸ ਕਰਕੇ ਮੇਰੇ ਆਪਣਿਆਂ ਦੀ, ਉਹ ਰੱਬ ਵੱਲੋਂ ਮੈਨੂੰ ਸਜ਼ਾ ਮਿਲ ਰਹੀ ਸੀ।” ਟੋਰੂ ਮੰਨਦਾ ਹੈ ਕਿ ਇਸ ਬੁਰੇ ਮਾਹੌਲ ਅਤੇ ਉਸ ਦੇ ਸੁਭਾਅ ਕਰਕੇ ਉਹ “ਜ਼ਾਲਮ ਤੇ ਕਰੂਰ ਵਿਅਕਤੀ” ਬਣ ਗਿਆ। ਉਹ ਆਪਣੀ ਇੱਛਾ ਬਾਰੇ ਦੱਸਦਾ ਹੈ: “ਮੈਂ ਆਪਣੇ ਤੋਂ ਮਸ਼ਹੂਰ ਵਿਅਕਤੀ ਨੂੰ ਮਾਰ ਕੇ ਜੁਆਨੀ ਵਿਚ ਹੀ ਮਰਨਾ ਚਾਹੁੰਦਾ ਸੀ ਅਤੇ ਆਪਣਾ ਨਾਂ ਕਮਾਉਣਾ ਚਾਹੁੰਦਾ ਸੀ।”

ਪਰ ਉਸ ਨੇ ਤੇ ਉਸ ਦੀ ਪਤਨੀ ਹੈਨਾ ਨੇ ਬਾਈਬਲ ਅਧਿਐਨ ਕਰਨਾ ਸ਼ੁਰੂ ਕੀਤਾ। ਅਧਿਐਨ ਕਰਨ ਤੋਂ ਬਾਅਦ ਟੋਰੂ ਨੇ ਆਪਣੀ ਜ਼ਿੰਦਗੀ ਵਿਚ ਵੱਡੀਆਂ-ਵੱਡੀਆਂ ਤਬਦੀਲੀਆਂ ਕੀਤੀਆਂ। ਹੈਨਾ ਦੱਸਦੀ ਹੈ: “ਮੈਂ ਆਪਣੀਆਂ ਅੱਖਾਂ ਸਾਮ੍ਹਣੇ ਆਪਣੇ ਪਤੀ ਨੂੰ ਤਬਦੀਲੀਆਂ ਕਰਦਿਆਂ ਦੇਖਿਆ।” ਹੁਣ ਟੋਰੂ ਪੂਰੇ ਭਰੋਸੇ ਨਾਲ ਕਹਿੰਦਾ ਹੈ: “ਇਕ ਰੱਬ ਹੈ ਜੋ ਸਾਡੇ ਸਾਰਿਆਂ ਦਾ ਫ਼ਿਕਰ ਕਰਦਾ ਹੈ। ਉਹ ਦਿਲੋਂ ਤੋਬਾ ਕਰਨ ਵਾਲਿਆਂ ਨੂੰ ਮਾਫ਼ ਕਰਨ ਲਈ ਤਿਆਰ ਹੈ। ਉਹ ਉਨ੍ਹਾਂ ਗੱਲਾਂ ਨੂੰ ਸੁਣਦਾ ਹੈ ਜਿਨ੍ਹਾਂ ਨੂੰ ਨਾ ਤਾਂ ਕੋਈ ਸਮਝ ਸਕਦਾ ਤੇ ਨਾ ਹੀ ਅਸੀਂ ਕਿਸੇ ਨੂੰ ਦੱਸ ਸਕਦੇ ਹਾਂ। ਆਉਣ ਵਾਲੇ ਸਮੇਂ ਵਿਚ ਯਹੋਵਾਹ ਸਾਡੀਆਂ ਸਾਰੀਆਂ ਮੁਸ਼ਕਲਾਂ, ਦੁੱਖ-ਤਕਲੀਫ਼ਾਂ ਅਤੇ ਪੀੜਾਂ ਨੂੰ ਖ਼ਤਮ ਕਰੇਗਾ। ਹੁਣ ਵੀ ਉਹ ਸਾਡੀ ਉਨ੍ਹਾਂ ਤਰੀਕਿਆਂ ਰਾਹੀਂ ਮਦਦ ਕਰਦਾ ਹੈ ਜਿਨ੍ਹਾਂ ਬਾਰੇ ਅਸੀਂ ਕਦੇ ਸੋਚਿਆ ਵੀ ਨਹੀਂ ਹੁੰਦਾ। ਨਿਰਾਸ਼ਾ ਦੇ ਸਮੇਂ ਵਿਚ ਉਹ ਸਾਡਾ ਫ਼ਿਕਰ ਕਰਦਾ ਹੈ ਅਤੇ ਮਦਦ ਕਰਦਾ ਹੈ।”​—ਜ਼ਬੂਰਾਂ ਦੀ ਪੋਥੀ 136:23.

ਟੋਰੂ ਦੀ ਮਿਸਾਲ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਰੱਬ ਸਾਡੀਆਂ ਸਾਰੀਆਂ ਮੁਸ਼ਕਲਾਂ ਨੂੰ ਹੱਲ ਕਰ ਸਕਦਾ ਤੇ ਸਾਡੇ ਹੰਝੂ ਪੂੰਝ ਸਕਦਾ। ਉਹ ਬਹੁਤ ਜਲਦ ਇੱਦਾਂ ਕਰੇਗਾ। ਇਸ ਤੋਂ ਸਾਨੂੰ ਸਿਰਫ਼ ਭਵਿੱਖ ਲਈ ਹੀ ਉਮੀਦ ਨਹੀਂ ਮਿਲਦੀ, ਸਗੋਂ ਹੁਣ ਵੀ ਸਾਨੂੰ ਵਧੀਆ ਜ਼ਿੰਦਗੀ ਜੀਉਣ ਵਿਚ ਮਦਦ ਮਿਲਦੀ ਹੈ। ਜੀ ਹਾਂ, ਇਸ ਮੁਸ਼ਕਲਾਂ ਭਰੀ ਦੁਨੀਆਂ ਵਿਚ ਤੁਸੀਂ ਰੱਬ ਦੇ ਪਿਆਰ ਤੋਂ ਫ਼ਾਇਦਾ ਲੈ ਸਕਦੇ ਹੋ।